ਲੰਡਨ, ਜੁਲਾਈ 2019 (ਮਨਜਿੰਦਰ ਗਿੱਲ )- ਜੇ. ਬੌਰਿਸ ਜੌਹਨਸਨ ਪ੍ਰਧਾਨ ਮੰਤਰੀ ਬਣੇ ਤਾਂ ਅਹੁਦਾ ਛੱਡ ਦੇਵਾਂਗਾ, ਇਸ ਗੱਲ ਦਾ ਪ੍ਰਗਟਾਵਾ ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਫਿਲਪ ਹੈਮੰਡ ਨੇ ਕੀਤਾ ਹੈ | ਉਨ੍ਹਾਂ ਕਿਹਾ ਕਿ ਬਿਨਾ ਸਮਝੌਤਾ ਯੂਰਪੀ ਸੰਘ ਤੋਂ ਵੱਖ ਹੋਣਾ ਠੀਕ ਨਹੀਂ | ਉਨ੍ਹਾਂ ਜੌਹਨਸਨ ਵਲੋਂ ਨੋ-ਡੀਲ ਵਿਕਲਪ ਦੇ ਰੂਪ 'ਚ ਖੁੱਲ੍ਹਾ ਛੱਡਣ ਨਾਲ ਅਸਿਹਮਤੀ ਪ੍ਰਗਟਾਈ | ਬੀ.ਬੀ.ਸੀ. ਵਲੋਂ ਇਹ ਪੁੱਛੇ ਜਾਣ 'ਤੇ ਕਿ, ਕੀ ਉਹ ਅਗਲੇ ਹਫ਼ਤੇ ਬਰਖਾਸਤ ਕੀਤੇ ਜਾਣਗੇ ਤਾਂ ਹੇਮੰਡ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਥੈਰੀਸਾ ਮੇਅ ਦੇ ਨਾਲ ਹੀ ਅਸਤੀਫਾ ਦੇ ਦੇਣਗੇ | ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਸਵਾਲ ਜਵਾਬ ਸੈਸ਼ਨ ਤੋਂ ਬਾਅਦ ਅਸਤੀਫਾ ਦੇਣਾ ਚਾਹੁੰਦੇ ਹਨ | ਜ਼ਿਕਰਯੋਗ ਹੈ ਕਿ ਬੌਰਿਸ ਜੌਹਨਸਨ ਜੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਬ੍ਰੈਗਜ਼ਿਟ ਹਰ ਹਾਲਤ 'ਚ ਤੈਅ ਕੀਤੀ ਮਿਤੀ 31 ਅਕਤੂਬਰ ਨੂੰ ਨੇਪਰੇ ਚਾੜ੍ਹਨਾ ਚਾਹੁੰਦੇ ਹਨ, ਭਾਵੇਂ ਇਸ ਲਈ ਨੋ-ਡੀਲ ਹੀ ਕਰਨੀ ਪਵੇ | ਜਦ ਕਿ ਨੋ-ਡੀਲ ਦੇ ਪ੍ਰਸਤਾਵ ਨੂੰ ਬਹੁ-ਗਿਣਤੀ ਸੰਸਦ ਮੈਂਬਰ ਠੁਕਰਾ ਚੁੱਕੇ ਹਨ |