ਅੰਮ੍ਰਿਤਸਰ ਹਲਕੇ ਤੋਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਸਮਾਜ ਸੇਵੀ ਹੈ। ਉਹ ਸ਼੍ਰੀ ਹੇਮਕੁੰਟ ਐਜੂਕੇਸ਼ਨ ਸੋਸਾਇਟੀ ਦੀ ਸੰਸਥਾਪਕ ਹੈ ਤੇ ਇਸ ਸੰਸਥਾ ਅਧੀਨ ਲੋੜਵੰਦ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇੰਨਾ ਹੀ ਨਹੀਂ ਉਸ ਨੂੰ ਪੰਜਾਬ ਦੀ 'ਪੈਡ ਵੂਮੈਨ' ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਦਾ ਉਦੇਸ਼ ਪਲਾਸਟਿਕ ਸੈਨੇਟਰੀ ਪੈਡਾਂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਔਰਤਾਂ ਨੂੰ ਜਾਗਰੂਕ ਕਰਨਾ ਹੈ। ਜੀਵਨ ਜੋਤ ਕੌਰ ਨੇ ਸਵਿਸ ਕੰਪਨੀ ਨਾਲ ਵੀ ਸਮਝੌਤਾ ਕੀਤਾ ਹੋਇਆ ਹੈ। ਇਸ ਕੰਪਨੀ ਦੀ ਮਦਦ ਨਾਲ ਉਹ ਪੇਂਡੂ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਦਿੰਦੀ ਹੈ। ਉਹ ਐਜੂਕੇਸ਼ਨ ਸੁਸਾਇਟੀ ਅਧੀਨ ਲੋੜਵੰਦ ਬੱਚਿਆਂ ਦੀ ਭਲਾਈ ਲਈ ਵੀ ਕੰਮ ਕਰ ਰਹੀ ਹੈ। ਸੰਸਥਾ ਦਾ ਮੁੱਖ ਟੀਚਾ ਸਾਖਰਤਾ ਅਤੇ ਸਿੱਖਿਆ, ਸਿਹਤ, ਝੁੱਗੀ-ਝੌਂਪੜੀ-ਮੁੜ-ਵਸੇਬੇ, ਵੋਕੇਸ਼ਨਲ ਸਿੱਖਿਆ, ਮਹਿਲਾ ਸਸ਼ਕਤੀਕਰਨ ਅਤੇ ਹੋਰ ਬਹੁਤ ਸਾਰੇ ਸਮਾਜਿਕ ਕਾਰਨਾਂ ਦੇ ਖੇਤਰ ਵਿੱਚ ਵਿਆਪਕ ਤੌਰ 'ਤੇ ਕੰਮ ਕਰਨਾ ਹੈ।ਜੀਵਨ ਜੋਤ ਕੌਰ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਕੰਮ ਕਰ ਰਹੀ ਸੀ। 'ਆਪ' ਦੀ ਤਰਫੋਂ ਉਨ੍ਹਾਂ ਨੂੰ ਪੰਜਾਬ ਦਾ ਬੁਲਾਰਾ ਵੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ‘ਆਪ’ ਦੇ ਮਹਿਲਾ ਵਿੰਗ ਦੀ ਮੁਖੀ ਵੀ ਹੈ। ਉਸ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ ਹੈ।
ਅਮਨਜੀਤ ਸਿੰਘ ਖਹਿਰਾ