You are here

 ਭਾਰਤ ਦੀ ਪਹਿਲੀ ਔਰਤ ਅਧਿਆਪਕਾ ਸਵਿੱਤਰੀ ਬਾਈ ਫੂਲੇ ਨੂੰ ਸਮਰਪਿਤ! ✍️  ਸਲੇਮਪੁਰੀ ਦੀ ਚੂੰਢੀ 

  ਦੇਸ਼ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।  ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦਾ ਧਾਰਨੀ ਬੁੱਧੀਜੀਵੀ ਵਰਗ ਹਮੇਸ਼ਾ ਕ੍ਰਾਂਤੀਕਾਰੀ ਜਿਓਤੀ ਸਵਿੱਤਰੀ ਬਾਈ ਫੂਲੇ ਨੂੰ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਦੇ ਤੌਰ ਤੇ ਪੇਸ਼ ਕਰਨ ਦੀ ਬਜਾਏ ਇਸ ਕਰਕੇ ਜਾਣਬੁੱਝ ਕੇ  ਅੱਖੋਂ-ਪਰੋਖੇ  ਕਰ ਰਿਹਾ ਹੈ, ਕਿਉਂਕਿ ਉਸ ਮਹਾਨ ਔਰਤ ਨੇ ਹੁਣ ਤੋਂ ਕੋਈ 172 ਸਾਲ ਪਹਿਲਾਂ ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਔਰਤਾਂ ਨੂੰ ਸਿੱਖਿਆ ਦੇਣ ਲਈ 1848 ਈਸਵੀ ਵਿਚ ਪੂਨੇ ਵਿਚ ਭਾਰਤ ਦਾ ਸਭ ਤੋਂ ਪਹਿਲਾ ਸਕੂਲ ਸਥਾਪਿਤ ਕੀਤਾ ਸੀ, ਜਦੋਂ ਕਿ ਕਈ ਸਦੀਆਂ ਤੋਂ ਮਨੂੰਵਾਦੀ ਕਾਨੂੰਨੀ  ਵਿਵਸਥਾ ਭਾਰੂ ਹੋਣ ਕਰਕੇ ਸਮਾਜ ਵਲੋਂ ਔਰਤਾਂ ਦੀ ਸਿੱਖਿਆ ਉਪਰ ਬਿਲਕੁਲ ਪਾਬੰਦੀ ਸੀ। ਸਵਿਤਰੀ ਬਾਈ ਫੂਲੇ ਨੇ ਪਹਿਲਾਂ ਆਪਣੇ ਪਤੀ ਮਹਾਨ ਕ੍ਰਾਂਤੀਕਾਰੀ  ਮਹਾਤਮਾ ਜੋਤੀਬਾ  ਫੂਲੇ ਤੋਂ ਸਿਖਿਆ ਪ੍ਰਾਪਤ ਕੀਤੀ ਅਤੇ ਸਿਖਿਆ ਪ੍ਰਾਪਤ ਕਰਨ ਪਿੱਛੋਂ ਫਿਰ ਲੜਕੀਆਂ ਲਈ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਖੋਲ੍ਹਣ ਲਈ ਉਸ ਸਮੇਂ ਦੇ ਹਾਲਾਤਾਂ ਨਾਲ ਨਜਿੱਠਦਿਆਂ ਪਹਿਲੇ ਸਾਲ ਸਫਲਤਾਪੂਰਵਕ 5 ਸਕੂਲ ਖੋਲ੍ਹ ਕੇ ਦੇਸ਼ ਵਿੱਚ ਵਿਲੱਖਣ ਕਿਸਮ ਦੀ ਮਿਸਾਲ ਪੈਦਾ ਕੀਤੀ।  ਉਨ੍ਹਾਂ ਨੇ ਆਪਣਾ ਸਕੂਲ ਵਿਚ ਪਹਿਲੇ ਸਾਲ 9 ਲੜਕੀਆਂ ਨੂੰ ਸਿੱਖਿਆ ਦਾ ਦਾਨ ਪ੍ਰਦਾਨ ਕੀਤਾ। ਸੱਚ ਤਾਂ ਇਹ ਹੈ ਕਿ ਉਹ ਭਾਰਤ ਦੀ ਪਹਿਲੀ ਮਹਾਨ ਔਰਤ ਅਧਿਆਪਕਾ ਸੀ, ਜਿਸ ਨੇ ਸਮਾਜ ਵਿਚ ਮਨੂੰਵਾਦੀ ਵਿਚਾਰਧਾਰਾ ਦੇ ਉਲਟ ਚੱਲਦਿਆਂ ਸਮਾਜ ਸੁਧਾਰ ਲਈ ਜਿਥੇ ਲੜਕੀਆਂ ਨੂੰ ਪੜ੍ਹਾਉਣ ਲਈ ਪਹਿਲ ਕਦਮੀ ਕੀਤੀ, ਉਥੇ ਸਮਾਜ ਵਿੱਚ ਫੈਲੇ ਜਾਤ ਪਾਤ ਦੇ ਕੋਹੜ ਸਮੇਤ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਆਪਣੇ ਪਤੀ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕੀਤਾ। ਇਥੇ ਹੀ ਬਸ ਨਹੀਂ, ਉਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਭਾਰਤੀ ਲੋਕਾਂ ਨੂੰ ਸਿੱਖਿਅਤ ਕਰਨ ਲਈ ਅੰਗਰੇਜ਼ਾਂ ਉਪਰ ਦਬਾਅ ਵੀ ਬਣਾਇਆ। ਉਨ੍ਹਾਂ ਨੇ 1853 ਵਿਚ ਵੱਡੀ ਉਮਰ ਦੇ ਭਾਰਤੀ ਲੋਕਾਂ ਲਈ ਰਾਤ ਦੇ ਸਮੇਂ ਚੱਲਣ ਵਾਲੇ ਸਕੂਲਾਂ ਦੀ ਸਥਾਪਨਾ ਵੀ ਕੀਤੀ।ਸ਼ਾਇਦ ਭਾਰਤ ਵਿਚ ਬਹੁ-ਗਿਣਤੀ ਵਿਚ ਲੋਕ ਸਵਿਤਰੀ ਬਾਈ ਫੂਲੇ ਦਾ ਨਾਂ ਵੀ ਨਾ ਜਾਣਦੇ ਹੋਣ, ਕਿ ਉਹ ਕੌਣ ਸੀ? ਸਵਿਤਰੀ ਬਾਈ ਫੂਲੇ ਨੂੰ ਅੱਖੋਂ ਪਰੋਖੇ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਮਰਦ/ ਔਰਤਾਂ ਨੇ ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਕੰਮ ਕਰਦਿਆਂ ਸਮਾਜਿਕ,ਧਾਰਮਿਕ, ਆਰਥਿਕ ਅਤੇ ਰਾਜਨੀਤਕ ਖੇਤਰ ਵਿੱਚ ਬਰਾਬਰਤਾ ਪੈਦਾ ਕਰਨ ਲਈ ਅਵਾਜ ਬੁਲੰਦ ਕੀਤੀ, ਉਸ ਨੂੰ ਦਬਾਉਣ ਲਈ ਹਰ ਹੱਥ ਕੰਡੇ ਵਰਤੇ, ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕਲਮ ਦੇ ਜੋਰ ਨਾਲ ਇਤਿਹਾਸ ਨੂੰ ਤਰੋੜ-ਮਰੋੜ ਕੇ ਜਾਂ ਫਿਰ ਇਤਿਹਾਸ ਨੂੰ ਮਿਥਿਹਾਸਿਕ  ਰੂਪ ਦੇਣ ਲਈ ਵਿਉਂਤਬੰਦੀਆਂ ਪੈਦਾ ਕੀਤੀਆਂ। ਇਤਿਹਾਸ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਸੱਚ ਤਾਂ ਸੱਚ ਰਹਿੰਦਾ ਹੈ। ਇਥੇ ਵਰਨਣਯੋਗ ਹੈ ਕਿ 3 ਜਨਵਰੀ, 1831 ਈਸਵੀ ਨੂੰ ਸਵਿੱਤਰੀ ਬਾਈ ਫੂਲੇ ਦਾ ਜਨਮ ਹੋਇਆ ਸੀ, ਇਸ ਲਈ ਅਸਲ ਅਧਿਆਪਕ ਦਿਵਸ ਇਸ ਦਿਨ ਮਨਾਇਆ ਜਾਣਾ ਚਾਹੀਦਾ ਹੈ। 

ਅੱਜ ਦੇ ਅਧਿਆਪਕ ਦਿਵਸ ਮੌਕੇ ਸਵਿਤਰੀ ਬਾਈ ਫੂਲੇ ਨੂੰ ਕੋਟਿਨ-ਕੋਟਿ ਪ੍ਰਣਾਮ! 

ਦੇਸ਼ ਦੀਆਂ ਔਰਤਾਂ ਅਤੇ ਦਲਿਤਾਂ ਜਿਨ੍ਹਾਂ ਲਈ ਸਿੱਖਿਅਤ ਬਣਨ ਲਈ ਪਾਬੰਦੀਆਂ ਲਗਾਈਆਂ ਗਈਆਂ ਸਨ, ਦੇ ਲਈ ਸਵਿੱਤਰੀ ਬਾਈ ਫੂਲੇ ਨੇ ਇੱਕ ਅਧਿਆਪਕਾ / ਸਕੂਲ ਮੁਖੀ ਬਣਕੇ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਦਾ, ਔਰਤ ਅਤੇ ਦਲਿਤ ਵਰਗ ਨੂੰ ਹਮੇਸ਼ਾ ਰਿਣੀ ਹੋਣਾ ਚਾਹੀਦਾ ਹੈ। ਦੇਸ਼ ਦੀ ਮਹਾਨ ਔਰਤ ਸਵਿੱਤਰੀ ਬਾਈ ਕਿਹਾ ਕਰਦੇ ਸਨ ਕਿ 'ਵਿੱਦਿਆ ਤੋਂ ਵੰਚਿਤ ਹੋਣ ਕਰਕੇ ਹੀ ਸਾਰੀਆਂ ਸਮੱਸਿਆਵਾਂ ਦਾ ਜਨਮ ਹੁੰਦਾ ਹੈ ਅਤੇ ਵਿੱਦਿਆ ਦੇ ਪ੍ਰਭਾਵ ਨਾਲ ਹੀ ਦੱਬੇ ਕੁਚਲੇ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ' 

ਸਵਿੱਤਰੀ ਬਾਈ ਫੂਲੇ ਨੂੰ ਕੋਟਿਨ ਕੋਟਿ ਪ੍ਰਣਾਮ ਕਿਉਂਕਿ ਉਹ -  "First female teacher of India and Mother of Indian feminism" ਹਨ।

-ਸੁਖਦੇਵ ਸਲੇਮਪੁਰੀ -   09780620233 - 5 ਸਤੰਬਰ , 2021