You are here

ਸੰਪਾਦਕੀ

ਮਿੱਠਾ ਜ਼ਹਿਰ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਢਲੇ ਸੂਰਜ ਦੀ ਧੁੱਪ ਤੋਂ ਅਸੀਂ ਕੀ ਲੈਣਾ
ਅੱਧੀ ਲੰਘ ਗਈ
ਅੱਧੀ ਰਹਿ ਗਈ ਜੋ
ਅੱਧੀ ਖਿੱਚ ਧਰੂਹ ਕੇ ਜੀ ਲੈਣਾ
ਮੁੱਖੋਂ
ਕਦੇ ਤੂੰ ਆਖਣਾ ਨਹੀਂ
ਤੂੰ ਮੈਨੂੰ ਆਪਣਾ
ਅਸਾਂ ਜੀਭ ਨੂੰ ਬੁੱਲ੍ਹਾਂ ਨੂੰ ਸੀ ਲੈਣਾ
ਪਾਸੇ ਮਾਰਕੇ
ਉਮਰ ਦੀ ਰਾਤ ਲੰਘੂ
ਮਿੱਠਾ ਜ਼ਹਿਰ
ਜੁਦਾਈ ਦਾ ਪੀ ਲੈਣਾ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

"ਰਾਜਨੀਤੀ ਹੋਗੀ ਗੰਧਲੀ" ✍️ ਜਸਵੀਰ ਸ਼ਰਮਾਂ ਦੱਦਾਹੂਰ

ਰਾਜਨੀਤੀ ਗੰਧਲੀ ਹੋ ਗਈ ਭਾਰਤ ਦੇਸ਼ ਦੀ ਹੈ,

ਦੀਨ ਈਮਾਨ ਨਾ ਰਿਹਾ ਕੋਈ ਸਿਆਸੀਆਂ ਦਾ।

ਸਿਆਸਤ ਤੋਂ ਪਹਿਲਾਂ ਜਦੋਂ ਲੋਕਾਂ ਵਿੱਚ ਵਿਚਰਦੇ ਨੇ,

ਅਹਿਸਾਸ ਕਰਵਾ ਜਾਂਦੇ ਮਿੱਠੀਆਂ ਗੱਲਾਂ ਖਾਸੀਆਂ ਦਾ।

ਦਬਦਬਾ ਬਣਾ ਕੇ ਜ਼ਮੀਨਾਂ ਤੇ ਕਰਨ ਕਬਜ਼ੇ,

ਰੋਣਾ ਸੁਣਦਾ ਨਹੀਂ ਕੋਈ ਇਥੇ ਪ੍ਰਵਾਸੀਆਂ ਦਾ।

ਸਿਆਸੀ ਕੁਰਸੀ ਤੇ ਬੈਠ ਪਿਛੋਕੜ ਨੂੰ ਭੁੱਲ ਜਾਂਦੇ,

ਆਖਿਰ ਭੋਗਣਾ ਪੈਣਾ ਹੈ ਦੁੱਖ ਚੁਰਾਸੀਆਂ ਦਾ।

ਮਹਿਲ ਕੋਠੀਆਂ ਜ਼ਮੀਨਾਂ ਧੜਾਧੜ ਬਣਾਂਵਦੇ ਨੇ,

ਰੱਖਣ ਕਾਨੂੰਨ ਨੂੰ ਰਖੇਲ ਬਣਾ ਕੇ ਜੀ।

ਜਿਹੜੇ ਦੇਸ਼ ਚ ਫ਼ੈਸਲੇ ਦਹਾਕਿਆਂ ਤੋਂ ਪਏ ਪੈਂਡਿੰਗ,

ਕੀ ਕਰੂਗਾ ਕੋਈ ਰੌਲਾ ਓਥੇ ਫਿਰ ਪਾ ਕੇ ਜੀ?

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਕੌੜੀਆਂ ਯਾਦਾਂ, ਬਣੀਆਂ ਮਿੱਠੀਆਂ! ✍️ ਸਲੇਮਪੁਰੀ ਦੀ ਚੂੰਢੀ

 ਸੋਸ਼ਲ ਮੀਡੀਆ ਗਰੁੱਪ ਵਿਚ ਮੇਰੇ ਨਾਲ ਜੁੜੇ ਇਕ ਸੋਸ਼ਲ ਮੀਡੀਆ ਦੋਸਤ ਵਲੋਂ ਇਕ ਬੱਚੇ ਦੀ ਤਸਵੀਰ ਭੇਜੀ ਗਈ, ਜਿਸ ਨੂੰ ਵੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ।
ਮੈਂ ਪੰਜਵੀਂ ਜਮਾਤ ਪਾਸ ਕਰਨ ਪਿੱਛੋਂ ਜਿਲ੍ਹਾ ਲੁਧਿਆਣਾ ਦੇ ਮਸ਼ਹੂਰ ਪਿੰਡ ਹੰਬੜਾਂ ਵਿਚ ਸਥਾਪਿਤ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜੋ ਮੇਰੇ ਸਮੇਂ ਹਾਈ ਸਕੂਲ ਸੀ , ਦੇ ਵਿੱਚ ਛੇਵੀਂ ਜਮਾਤ ਵਿਚ ਪੜ੍ਹ ਰਿਹਾ ਸੀ । ਗਰਮੀਆਂ ਦੀ ਰੁੱਤ ਸੀ, ਮਈ ਮਹੀਨਾ ਸੀ, ਦੁਪਹਿਰ ਵੇਲੇ ਜਦੋਂ ਸਕੂਲ ਤੋਂ ਛੁੱਟੀ ਹੋਈ ਤਾਂ ਮੈਂ ਹੰਬੜਾਂ ਤੋਂ ਆਪਣੇ ਪਿੰਡ ਸਲੇਮਪੁਰ ਆਉਣ ਲਈ ਅੱਡੇ 'ਤੇ ਖੜ੍ਹਾ ਸੀ, ਮੇਰੇ ਪੈਰ ਨੰਗੇ ਸਨ, ਧਰਤੀ ਗਰਮੀ ਨਾਲ ਸੜ ਰਹੀ ਸੀ, ਮੈਂ ਆਪਣੇ ਪੈਰਾਂ ਨੂੰ ਸੜਨ ਤੋਂ ਬਚਾਉਣ ਲਈ ਕਦੀ ਸੱਜਾ ਪੈਰ ਖੱਬੇ ਪੈਰ ਉਪਰ ਤੇ ਕਦੀ ਖੱਬਾ ਪੈਰ, ਸੱਜੇ ਪੈਰ ਉਪਰ ਰੱਖ ਕੇ ਆਪਣੇ ਪੈਰਾਂ ਨੂੰ ਸੜਨ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਸੀ । ਬੱਸ ਦੀ ਉਡੀਕ ਕਰਦਿਆਂ ਮੈਨੂੰ ਉਥੇ ਅੱਧਾ ਘੰਟਾ ਹੋ ਗਿਆ ਸੀ, ਗਰਮੀ ਨਾਲ ਸੜ ਰਹੀ ਧਰਤੀ ਨੇ ਮੇਰੇ ਨੰਗੇ ਪੈਰਾਂ ਨੂੰ ਲੂਅ ਕੇ ਰੱਖ ਦਿੱਤਾ ਸੀ, ਪੈਰ ਅੱਗ ਵਾਂਗ ਲਾਲ ਹੋ ਚੁੱਕੇ ਸਨ। ਬੱਸ ਅੱਡੇ ਕੋਲ (ਜਿਥੇ  ਬੈਠਣ ਲਈ ਨਾ ਤਾਂ ਪਹਿਲਾਂ ਥਾਂ ਸੀ ਅਤੇ ਨਾ ਹੀ ਕੋਈ ਛੱਤ ਸੀ) ਇੱਕ ਚਾਹ ਦੀ ਦੁਕਾਨ ਸੀ, ਦੇ ਵਿੱਚ ਚਾਹ ਪੀ ਰਹੇ ਫਰਿਸ਼ਤਾ ਰੂਪੀ ਇੱਕ ਇਨਸਾਨ ਨੇ ਮੇਰੇ ਵਲ ਵੇਖਿਆ ਤੇ ਮੇਰੇ ਕੋਲ ਆ ਕੇ ਮੇਰੀ ਬਾਂਹ ਫੜੀ, ਪਰ ਮੈਂ ਡਰ ਗਿਆ, ਕਿਉਂਕਿ ਮੈਂ ਉਸ ਇਨਸਾਨ ਨੂੰ ਜਾਣਦਾ ਹੀ ਨਹੀਂ ਸੀ, ਪਰ ਉਹ ਮੈਨੂੰ ਖਿੱਚ ਕੇ ਆਪਣੇ ਨਾਲ ਲੈ ਕੇ ਇਕ ਦੁਕਾਨ ਵਿਚ ਵੜ ਗਿਆ ਅਤੇ ਦੁਕਾਨਦਾਰ ਨੂੰ ਆਖਣ ਲੱਗਾ ਕਿ 'ਇਸ ਮੁੰਡੇ ਦੇ ਮੇਚ ਦੀਆਂ ਚੱਪਲਾਂ ਕੱਢੋ ਅਤੇ ਪੈਰਾਂ ਵਿਚ ਪਾ ਦਿਓ! ਦੁਕਾਨਦਾਰ ਨੇ ਮੇਰੇ ਪੈਰਾਂ ਵਲ ਵੇਖਦਿਆਂ ਸਹੀ ਅੰਦਾਜ਼ੇ ਨਾਲ ਚੱਪਲਾਂ ਕੱਢੀਆਂ ਅਤੇ ਮੇਰੇ ਪੈਰਾਂ ਵਿਚ ਪਾ ਦਿੱਤੀਆਂ। ਚੱਪਲਾਂ ਪਾਉਣ ਤੋਂ ਬਾਅਦ ਮੈਂ ਉਥੇ ਹੀ ਖੜ੍ਹਾ ਰਿਹਾ, ਅਤੇ ਸੋਚ ਰਿਹਾ ਸਾਂ ਕਿ 'ਮੇਰੇ ਕੋਲ ਤਾਂ ਇੱਕ ਪੈਸਾ ਵੀ ਨਹੀਂ, ਮੈਂ ਚੱਪਲਾਂ ਦੀ ਕੀਮਤ ਕਿਵੇਂ ਅਦਾ ਕਰਾਂਗਾ, ਮੈਂ ਸੋਚਾਂ ਦੇ ਦਰਿਆ ਵਿਚ ਡੁੱਬ ਚੁੱਕਿਆ ਸੀ, ਮੇਰਾ ਸਰੀਰ ਕੰਬ ਰਿਹਾ ਸੀ', ਦੁਕਾਨ ਉਪਰ ਖੜ੍ਹਿਆਂ ਖੜ੍ਹਿਆਂ ਮੇਰੇ ਪਿੰਡ ਨੂੰ ਆਉਣ ਵਾਲੀ ਬੱਸ ਵੀ ਲੰਘ ਗਈ ਸੀ, ਹੁਣ ਮੈਂ ਕਿਵੇਂ ਜਾਵਾਂਗਾ, ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਹੁਣ ਕੀ ਕਰਾਂ?, ਬਾਹਰ ਸੂਰਜ ਮਘ ਰਿਹਾ ਸੀ, ਧਰਤੀ ਸੜ ਰਹੀ ਸੀ ?'
 ਮੇਰੇ ਹਾਵ-ਭਾਵ ਵੇਖਦਿਆਂ ਉਸ ਭੱਦਰ ਪੁਰਸ਼ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਿਹਾ,' ਕਾਕਾ ਆਪਣੇ ਘਰ ਨੂੰ ਜਾਹ, ਮੈਂ ਆਪੇ ਪੈਸੇ ਦੇ ਦੇਵਾਂਗਾ।'
ਉਸ ਫਰਿਸ਼ਤਿਆਂ ਵਰਗੇ ਇਨਸਾਨ ਨੇ ਜਿਉਂ ਹੀ ਮੈਨੂੰ ਦੁਕਾਨ ਤੋਂ ਘਰ ਜਾਣ ਲਈ ਕਿਹਾ, ਮੈਂ ਦੱਬੇ ਜਿਹੇ ਪੈਰੀਂ ਤਿੱਖੜ ਦੁਪਹਿਰ ਹੋਣ ਦੇ ਬਾਵਜੂਦ ਵੀ ਮੈਂ ਆਪਣੇ ਪਿੰਡ ਨੂੰ ਪੈਦਲ ਹੀ ਤੁਰ ਪਿਆ, ਬੱਸ ਲੰਘ ਚੁੱਕੀ ਸੀ, ਪਰ ਅੱਜ ਮੈਨੂੰ ਪਿੰਡ ਵਲ ਪੈਦਲ ਆਉਂਦਿਆਂ ਤੇ ਘਰ ਤੱਕ ਪਹੁੰਚਦਿਆਂ ਰਤਾ ਜਿੰਨੀ ਵੀ ਗਰਮੀ ਮਹਿਸੂਸ ਨਹੀਂ ਹੋਈ ਸੀ। ਦੂਸਰੇ ਦਿਨ ਜਦੋਂ ਮੈਂ ਸਕੂਲ ਗਿਆ ਤਾਂ ਮੇਰੇ ਇਕ ਜਮਾਤੀ ਨੇ ਦੱਸਿਆ ਕਿ 'ਤੈਨੂੰ ਜਿਸ ਇਨਸਾਨ ਨੇ ਚੱਪਲਾਂ ਲੈ ਕੇ ਦਿੱਤੀਆਂ ਸਨ, ਉਸ ਦਾ ਨਾਂ 'ਕਰਤਾਰ ਸਿੰਘ ਹੈ'। ਮੈਨੂੰ ਅੱਜ ਵੀ ਉਹ ਫਰਿਸ਼ਤਿਆਂ ਵਰਗਾ ਇਨਸਾਨ ਯਾਦ ਹੈ, ਜਿਸ ਨੂੰ ਭੁੱਲਾਂਗਾ ਵੀ ਨਹੀਂ!
ਗੱਲ ਸੋਸ਼ਲ ਮੀਡੀਆ ਗਰੁੱਪ  ਵਿਚ ਸ਼ਾਮਲ ਇਕ ਦੋਸਤ ਵਲੋਂ ਭੇਜੀ ਗਈ ਤਸਵੀਰ ਦੀ ਕਰ ਰਿਹਾ ਸਾਂ, ਉਸ ਤਸਵੀਰ ਨੂੰ ਵੇਖ ਕੇ ਜਿਥੇ ਮੈਨੂੰ ਮੇਰਾ ਬਚਪਨ ਯਾਦ ਆਇਆ ਤਾਂ ਮੈਨੂੰ ਮੇਰੇ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਦੇ ਦਿਨ ਵੀ ਯਾਦ ਆ ਗਏ ਹਨ, ਕਿ ਮੇਰੇ ਕੋਲ ਕੱਪੜੇ ਵੀ ਨਹੀਂ ਸਨ ਹੁੰਦੇ, ਐਤਵਾਰ ਨੂੰ ਘੰਟਾ ਘਰ ਕਬਾੜੀਏ ਪੁਰਾਣੇ ਕੱਪੜਿਆਂ ਦੀਆਂ ਫੜ੍ਹੀਆਂ ਲਗਾ ਕੇ ਕੱਪੜੇ ਵੇਚਦੇ ਸਨ , ਹੁਣ ਵੀ ਵੇਚਦੇ ਹਨ, ਘਰ ਵਿਚ ਅੱਤ ਦੀ ਗਰੀਬੀ ਹੋਣ ਕਰਕੇ ਉਥੋਂ  ਪੁਰਾਣੇ ਕੱਪੜੇ ਖ੍ਰੀਦ ਕੇ ਪਾਉਂਦਾ ਸੀ, ਫਿਰ ਪੜ੍ਹਨ ਲਈ ਆਉਂਦਾ ਸੀ!'
ਅੱਜ ਜਿਸ ਬੱਚੇ ਦੀ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਬਿਲਕੁਲ ਮੇਰੀ ਹੱਡੀ-ਬੀਤੀ ਨੂੰ ਦਰਸਾਉਂਦੀ, ਸੱਚ ਬੋਲਦੀ ਤਸਵੀਰ ਹੈ!
-ਸੁਖਦੇਵ ਸਲੇਮਪੁਰੀ (09780620233) 8 ਅਪ੍ਰੈਲ, 2022.

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਉੱਪਰ ਮੈਂ ਕੀ ਸੋਚਦਾ ਹਾਂ ✍️ ਅਮਨਜੀਤ ਸਿੰਘ ਖਹਿਰਾ

ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਬਿਆਨ ਨੁੰ ਅਸੀਂ ਕਿਸ ਨਜ਼ਰੀਏ ਨਾਲ ਦੇਖੀਏ ? ਇਹ ਜੋ ਅੱਜ ਸਾਡੇ ਪੰਜਾਬ ਵਾਸੀਆਂ ਦੇ ਜਾਂ ਦੁਨੀਆਂ ਵਿੱਚ ਵਸਣ ਵਾਲੇ ਸਿੱਖਾਂ ਦੇ ਮਨਾਂ ਦੇ ਸਵਾਲ ਹਨ । ਪਰ ਇਨ੍ਹਾਂ ਸੁਆਲਾਂ ਦਾ ਜਵਾਬ ਅਸੀਂ ਕਿਸ ਤੋਂ ਮੰਗੀਏ ਕੋਈ ਨਜ਼ਰ ਨਹੀਂ ਆਉਂਦਾ ਇਸ ਦਾ ਸਹੀ ਜਵਾਬ ਦੇਣ ਵਾਲ਼ਾ ! ਚਲੋ ਇਸ ਗੱਲ ਦੇ ਉੱਪਰ ਤਾਂ ਅੱਜ ਸਾਨੂੰ ਮਿੱਟੀ ਪਾਉਣ ਦਾ ਹੀ ਫ਼ਾਇਦਾ ਪਰ ਆਪਣੇ ਮਨ ਨੂੰ ਸਮਝਾਉਣਾ ਬੜਾ ਔਖਾ । 

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਫਰ ਕਰਨਾ ਮੈਂ ਸਮਝਦਾ ਹਾਂ ਕਿ ਇਕ ਬਹੁਤ ਹੀ ਵਧੀਆ ਕਿਸੇ ਵੀ ਦੁਨੀਆਂ ਵਿੱਚ ਵਸਣ ਵਾਲੇ ਅਤੇ ਸਿੱਖ ਧਰਮ ਨੂੰ ਮੰਨਣ ਵਾਲੇ ਗੁਰੂ ਸਾਹਿਬਾਨਾਂ ਵਿੱਚ ਆਸਥਾ ਰੱਖਣ ਵਾਲੇ ਉਸ ਵਿਅਕਤੀ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ । ਇਸ ਬਿਆਨ ਤੋਂ ਇੱਕ ਹੋਰ ਵੀ ਗੱਲ ਬੜੇ ਚੰਗੇ ਤਰੀਕੇ ਨਾਲ ਸਪਸ਼ਟ ਹੋ ਜਾਂਦੀ ਹੈ ਕਿ ਇਕ  ਗੁਰੂ ਸਾਹਿਬਾਨਾਂ ਵਿੱਚ ਆਸਥਾ ਰੱਖਣ ਵਾਲਾ ਵਿਅਕਤੀ  ਕਿੰਨਾ ਸਤਿਕਾਰ ਅਤੇ ਪਿਆਰ ਆਪਣੇ ਮਨ ਵਿੱਚ ਰੱਖਦਾ ਹੈ ਚਾਹੇ ਉਹ ਕਿਸੇ ਵੀ ਸੀਟ ਤੇ ਉੱਪਰ ਬਿਰਾਜਮਾਨ ਕਿਉਂ ਨਾ ਹੋਵੇ । 

 ਮੁੱਖ ਮੰਤਰੀ ਦੇ ਬਿਆਨ ਤੋਂ ਤੁਰੰਤ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਬਿਆਨ ਆਉਂਦਾ ਹੈ  । ਜੋ ਬਿਆਨ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦੇ ਪ੍ਰਬੰਧ ਚਲਾਉਂਦੀ ਹੈ ਤੇ ਸਿੱਖੀ ਦੀ ਤਰਜਮਾਨੀ ਕਰਦੀ ਹੈ  ਉਸ ਨੂੰ ਉਸ ਦੇ ਰੁਤਬੇ ਨੂੰ ਬਹੁਤ ਛੋਟਾ ਕਰਦਾ । ਮੈਂ ਕੀ ਸੋਚਦਾ ਹਾਂ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੰਗਾਂ ਹਨ ਜਿਨ੍ਹਾਂ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਕ ਬਣਦਾ ਹੈ ਕਿ ਉਹ ਸਰਕਾਰ ਦਾ ਉਨ੍ਹਾਂ ਮੰਗਾਂ ਵੱਲ ਧਿਆਨ ਦਿਵਾਏ ਅਤੇ ਉਨ੍ਹਾਂ ਮੰਗਾਂ ਦਾ ਹੱਲ ਕਰਵਾਵੇ । ਪਰ ਇਸ ਬਿਆਨ ਨੂੰ ਇਕ ਪੱਖ ਤੋਂ ਮੈ ਬਿਲਕੁਲ ਸਹੀ ਨਹੀਂ  ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਉਂ ਆਪਣੇ ਆਪ ਨੂੰ ਐਂਟੀ ਸਰਕਾਰ ਜਾਂ ਐਂਟੀ ਮੁੱਖ ਮੰਤਰੀ ਦੇ ਤੌਰ ਤੇ ਪੇਸ਼ਕਰ ਦਾ ਹੈ  । ਇਸ ਤੋਂ ਬਹੁਤ ਸਾਰੇ ਸੁਆਲ ਆਪ ਮੁਹਾਰੇ ਦੁਨੀਆਂ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮਲੇਵਾ ਲੋਕਾਂ ਦੇ ਮਨਾਂ ਤੇ ਉੱਠਣੇ ਸੁਭਾਵਿਕ ਹਨ । ਇਸ ਬਿਆਨ ਦਾ ਨਤੀਜਾ ਕੀ ਹੋਵੇਗਾ  ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅੱਜ ਲੋਕਾਂ ਨੂੰ ਇਸ ਬਿਆਨ ਪ੍ਰਤੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ  ਸੋਸ਼ਲ ਮੀਡੀਆ ਉੱਪਰ ਇਕ ਦੂਜੇ ਨੂੰ ਭੰਡਣ ਦਾ ਵਧੀਆ ਮੌਕਾ ਮਿਲ ਗਿਆ  ।

ਅਮਨਜੀਤ ਸਿੰਘ ਖਹਿਰਾ  (ਅਡੀਟਰ ਜਨ ਸ਼ਕਤੀ )      

ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਸਟਾਰਰ ਫਿਲਮ  'ਮੈਂ ਵਿਆਹ ਨੀ ਕਰੌਣਾ ਤੇਰੇ ਨਾਲ' ਦਾ ਪ੍ਰੀਮੀਅਰ ਜ਼ੀ 5 'ਤੇ 15 ਅਪ੍ਰੈਲ ਨੂੰ

ਭਾਰਤ ਦੇ ਸਭ ਤੋਂ ਵੱਡੇ ਘਰੇਲੂ ਓਟੀਟੀ ਪਲੇਟਫਾਰਮ, ਜ਼ੀ 5 ਨੇ ਹਾਲ ਹੀ ਵਿੱਚ ਪੰਜਾਬੀ-ਭਾਸ਼ਾ ਦੀ ਸਮੱਗਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ ਅਤੇ 'ਰੱਜ  ਕੇ ਵੇਖੋ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜੋ ਜ਼ੀ ਸਟੂਡੀਓਜ਼ ਤੋਂ ਸਿੱਧੇ ਥੀਏਟਰ ਦੇ ਸਿਰਲੇਖਾਂ ਦਾ ਪ੍ਰੀਮੀਅਰ ਕਰਨ ਦਾ ਵਾਅਦਾ ਕਰਦੀ ਹੈ। ਜ਼ੀ 5 'ਤੇ ਪੁਆੜਾ , ਜਿੰਨੇ ਜੰਮੇ   ਸਾਰੇ ਨਿਕੰਮੇ, ਅਤੇ ਕਿਸਮਤ 2 ਦੇ ਪ੍ਰੀਮੀਅਰ ਤੋਂ ਬਾਅਦ, ਓਟੀਟੀ ਪਲੇਟਫਾਰਮਾਂ ਦੇ ਦਰਸ਼ਕ ਇੱਕ ਟ੍ਰੀਟ ਲਈ ਤਿਆਰ ਹਨ ਕਿਉਂਕਿ ਬਹੁਤ ਸਫਲ 'ਮੈਂ ਵਿਆਹ ਨੀ ਕਰੌਣਾ ਤੇਰੇ ਨਾਲ' ਹੁਣ ਸਾਰਿਆਂ ਲਈ ਆਸਾਨੀ ਨਾਲ ਉਪਲਬਧ ਹੋਵੇਗਾ।

15 ਅਪ੍ਰੈਲ 2022 ਨੂੰ, ਵਿਸਾਖੀ ਦਾ ਜਸ਼ਨ ਮਨਾਓ ਤੇ ਤੁਹਾਡੀਆਂ ਟੈਲੀਵਿਜ਼ਨ ਸਕ੍ਰੀਨਾਂ 'ਤੇ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਨੂੰ 'ਮੈਂ ਵਿਆਹ ਨੀ ਕਰੌਣਾ ਤੇਰੇ ਨਾਲ' ਫਿਲਮ ਵਿਚ ਦੇਖੋ। ਇਹ ਸਿਰਫ਼ ਇੱਕ ਫ਼ਿਲਮ ਨਹੀਂ ਬਲਕਿ ਦੋ ਦਿਲਾਂ, ਮੰਨਤ ਅਤੇ ਪੂਰਨ ਮੀਤ ਦੀ ਮੁਲਾਕਾਤ ਦੀ ਪ੍ਰੇਮ ਕਹਾਣੀ ਹੈ। ਫਿਲਮ ਵਿੱਚ ਇੱਕ ਸ਼ਾਨਦਾਰ ਡਰਾਮੇ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹਨ, ਜਿਸ ਵਿੱਚ ਉੱਚ ਪੱਧਰ ਦਾ ਸੰਗੀਤ, ਭਾਵਨਾਵਾਂ, ਰੋਮਾਂਸ ਅਤੇ ਅਦਾਕਾਰੀ ਸ਼ਾਮਲ ਹੈ।
'ਮੈਂ ਵਿਆਹ ਨੀ ਕਰੌਣਾ ਤੇਰੇ ਨਾਲ' ਇੱਕ  ਦੇਸੀ ਕੁੜੀ ਸੋਨਮ ਬਾਜਵਾ ਉਰਫ ਮੰਨਤ ਅਤੇ ਸ਼ਹਿਰੀ ਪੇਂਡੂ NRI ਗੁਰਨਾਮ ਭੁੱਲਰ ਉਰਫ ਪੂਰਨ ਮੀਤ ਦੀ ਕਹਾਣੀ ਹੈ, ਜੋ ਜ਼ਿਆਦਾਤਰ ਪੰਜਾਬ ਦੀਆਂ ਖੂਬਸੂਰਤ ਥਾਵਾਂ 'ਤੇ ਸ਼ੂਟ ਕੀਤੀ ਗਈ  ਹੈ।

ਨਿਰਦੇਸ਼ਕ ਅਤੇ ਲੇਖਕ ਰੁਪਿੰਦਰ ਇੰਦਰਜੀਤ ਨੇ ਕਿਹਾ, “ਮੈਂ ਫਿਲਮ ਨੂੰ ਇੰਨਾ ਪਿਆਰ ਅਤੇ ਪ੍ਰਸ਼ੰਸਾ ਦੇਣ ਲਈ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮੰਨਤ ਅਤੇ ਪੂਰਨ ਦੀ ਪ੍ਰੇਮ ਕਹਾਣੀ ਨੇ ਸਾਰੇ ਦਰਸ਼ਕਾਂ ਵਿੱਚ ਪਿਆਰ ਦੀ ਖੁਸ਼ਬੂ ਫੈਲਾ ਦਿੱਤੀ ਹੈ, ਜਿਸ ਨੂੰ ਆਸਾਨੀ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ। ਅਸੀਂ ਇੱਕ ਯਾਦਗਾਰੀ ਫਿਲਮ ਬਣਾਉਣਾ ਚਾਹੁੰਦੇ ਸੀ ਜੋ ਲੋਕਾਂ ਦੇ ਨਾਲ ਰਹੇ। ਜੇਕਰ ਤੁਸੀਂ 'ਮੈ ਵਿਆਹ ਨੀ ਕਰਾਉਣਾ ਤੇਰੇ ਨਾਲ' ਨਹੀਂ ਦੇਖੀ ਤਾ ਹੁਣ ਤੁਸੀਂ ਇਸਨੂੰ ਵਿਸਾਖੀ ਤੇ ਦੇਖੋ ਜ਼ੀ 5 'ਤੇ।”
ਗੁਰਨਾਮ ਭੁੱਲਰ ਨੇ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, “ਮੈਂ ਇਸ ਫਿਲਮ ਨੂੰ ਲੈ ਕੇ ਉਤਸਾਹਿਤ ਸੀ ਜਦੋਂ ਤੋਂ ਮੈਂ ਸਕ੍ਰਿਪਟ ਪੜ੍ਹੀ ਸੀ ਅਤੇ ਅੱਜ ਵੀ, ਬਾਕਸ ਆਫਿਸ 'ਤੇ ਸਫਲ ਹੋਣ ਤੋਂ ਬਾਅਦ, ਮੈਂ ਇਸ ਪਰਿਵਾਰਕ ਮਨੋਰੰਜਨ ਲਈ ਓਨਾ ਹੀ ਉਤਸ਼ਾਹਿਤ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਮਿਲ ਕੇ ਇਸ ਫਿਲਮ ਨੂੰ ਦੇਖੋਗੇ ਅਤੇ ਇਸ ਨੂੰ ਸਫਲਤਾ ਤੋਂ ਅੱਗੇ ਵਧਾਓਗੇ।"
ਖੂਬਸੂਰਤ ਅਭਿਨੇਤਰੀ, ਸੋਨਮ ਬਾਜਵਾ ਨੇ ਕਿਹਾ, "ਬਾਕਸ ਆਫਿਸ 'ਤੇ ਸਾਨੂੰ ਮਿਲੇ ਪਿਆਰ ਨੇ ਸਾਨੂ ਬਹੁਤ ਖੁਸ਼ੀ ਦਿੱਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਜ਼ੀ 5 'ਤੇ ਇਸ ਦੇ ਪ੍ਰੀਮੀਅਰ ਤੋਂ ਬਾਅਦ ਪਿਆਰ ਜਾਰੀ ਰਹੇਗਾ।ਜ਼ੀ 5 'ਤੇ ‘ਮੈਂ ਵਿਆਹ ਨੀ ਕਰੌਣਾ ਤੇਰੇ ਨਾਲ’ ਦੇਖੋ!
ਹਰਜਿੰਦਰ ਸਿੰਘ

ਪੰਜਾਬੀ ਫ਼ਿਲਮ  'ਨੀਂ ਮੈਂ ਸੱਸ ਕੁੱਟਣੀ’ ਦੇ  ਟਾਈਟਲ ਟ੍ਰੈਕ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ  

ਇਸ ਮਹੀਨੇ 29 ਅਪ੍ਰੈਲ ਨੂੰ ਰਿਲੀਜ ਹੋ ਰਹੀ ਪੰਜਾਬੀ ਫ਼ਿਲਮ  ‘ਨੀਂ ਮੈਂ ਸੱਸ ਕੁੱਟਣੀ’ ਦੇ ਟਾਈਟਲ ਟ੍ਰੈਕ ਨੇ ਰਿਕਾਰਡ ਕਾਇਮ ਕੀਤਾ ਹੈ। ਇਸ ਗੀਤ ਨੂੰ 24 ਘੰਟਿਆਂ ਵਿੱਚ 1 ਕਰੋੜ ਤੋਂ ਵੱਧ ਦਰਸ਼ਕਾਂ ਨੇ ਦੇਖਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਗੀਤ ਲਗਾਤਾਰ ਸ਼ੇਅਰ ਅਤੇ ਟਰੈਂਡ ਹੋ ਰਿਹਾ ਹੈ। ਇਸ ਗੀਤ ਨੇ ਦਰਸ਼ਕਾਂ ਵਿੱਚ ਫ਼ਿਲਮ ਪ੍ਰਤੀ ਉਤਸੁਕਤਾ ਹੋਰ ਵਧਾ ਦਿੱਤੀ ਹੈ। 

   ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਇਸ ਟਾਈਟਲ ਟ੍ਰੈਕ ਨੂੰ ਬਾਲੀਵੁੱਡ ਦੀ ਨਾਮਵਰ ਗਾਇਕਾ ਸੁਨਿਧੀ ਚੌਹਾਨ ਨੇ ਗਾਇਆ ਹੈ। ਇਹ ਗੀਤ ਧਰਮਵੀਰ ਭੰਗੂ ਨੇ ਲਿਖਿਆਂ ਹੈ ਜਦਕਿ ਮਿਊਜ਼ਿਕ ਆਰ ਸ਼ਾਨ ਨੇ ਤਿਆਰ ਕੀਤਾ ਹੈ। 

ਨੂੰਹ-ਸੱਸ ਦੇ ਰਿਸ਼ਤੇ ਦੁਆਲੇ ਬਣੀ ਇਹ ਫ਼ਿਲਮ ਕਾਮੇਡੀ ਅਤੇ ਰੁਮਾਂਸ ਦਾ ਸੁਮੇਲ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਪ੍ਰਵੀਨ ਕੁਮਾਰ ਵੱਲੋਂ ਡਾਇਰੈਕਟਰ ਕੀਤੀ ਇਸ ਫ਼ਿਲਮ ਵਿੱਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ,ਤਰਸੇਮ ਪੌਲ,ਦਿਲਾਵਰ ਸਿੱਧੂ,ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫਿਲਮ ਦੇ ਬਾਕੀ ਗੀਤ ਵੀ ਇਸੇ ਤਰ੍ਹਾਂ ਦਰਸ਼ਕਾਂ ਦੀ ਪਸੰਦ ਬਣਨਗੇ। ਫਿਲਮ ਦਾ ਟੇਲਰ ਛੇਤੀ ਰਿਲੀਜ ਕੀਤਾ ਜਾ ਰਿਹਾ ਹੈ।

ਹਰਜਿੰਦਰ ਸਿੰਘ  

ਦਾਦੀ ਨੇ ਕਣਕ ਨੂੰ ਹੱਥੀ ਵੱਢ-ਵੱਢ ਕੇ ਰੱਖੀ ਜਾਣਾ ਤੇ ਮੈਂ ਚੁੱਕ-ਚੁੱਕ ਕੇ ਭਰੇ ਬਣਾਈ ਜਾਣੇ - ✍️ ਪ੍ਰੋ.ਗਗਨਦੀਪ ਕੌਰ ਧਾਲੀਵਾਲ

ਦੋਸਤੋਂ ਅੱਜ-ਕੱਲ ਹੱਥੀ ਕਣਕ ਵੱਢਣ ਦਾ ਰਿਵਾਜ ਅਲੋਪ ਹੋ ਚੁੱਕਾ ਹੈ।ਕਣਕ ਪੰਜਾਬ ਦੀ ਮੁੱਖ ਅਨਾਜ ਫ਼ਸਲ ਹੈ ।ਕਣਕ ਹਾੜ੍ਹੀ ਦੀ ਫ਼ਸਲ ਹੈ।ਨਵੰਬਰ ਦਾ ਪਹਿਲਾ ਪੰਦਰ੍ਹਵਾੜਾ ਕਣਕ ਲਈ ਬਹੁਤ ਢੁੱਕਵਾਂ ਮੰਨਿਆ ਜਾਂਦਾ ਹੈ।ਅਕਤੂਬਰ ਦੇ ਚੌਥੇ ਹਫਤੇ ਤੇ ਨਵੰਬਰ ਮਹੀਨੇ ਤੱਕ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।ਇਹ ਫ਼ਸਲ ਕਿਸਾਨ ਦੀ ਜਿੰਦ ਜਾਨ ਹੁੰਦੀ ਹੈ ।ਕਹਿੰਦੇ ਹਨ ਕਿ ਕਿਸਾਨ ਨੇ ਕਣਕ ਨੂੰ ਪੁੱਤਾਂ ਵਾਂਗ ਪਾਲਿਆ ਹੁੰਦਾ ਹੈ ਜੇ ਕਿਤੇ ਪੱਕੀ ਫ਼ਸਲ ਉੱਤੇ ਮੀਂਹ ਵਰ ਜਾਵੇ ਜਾਂ ਅੱਗ ਲੱਗ ਜਾਵੇ ਤਾਂ ਕਿਸਾਨ ਦਾ ਕਲ਼ੇਜਾ ਨਿਕਲ ਜਾਂਦਾ ਹੈ ਉਹ ਧਾਹਾਂ ਮਾਰ ਮਾਰ ਰੋਂਦਾ ਹੈ ।ਪੁੱਤਾਂ ਵਾਂਗ ਪਾਲ ਕੇ ਫ਼ਸਲ ਦਾ ਉੱਜੜ ਜਾਣਾ ਕਿਹੜਾ ਸੌਖੀ ਗੱਲ ਹੈ। ਕਣਕ ਅਨਾਜ ਆਟਾ ਬਣਾਉਣ ਲਈ ਵਰਤੀ ਜਾਂਦੀ ਹੈ।ਸਾਰਾ ਸੰਸਾਰ ਇਸ ਰਾਹੀਂ ਹੀ ਪੇਟ ਭਰਦਾ ਹੈ।ਕਣਕ ਅਪ੍ਰੈਲ ਦੇ ਮਹੀਨੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ।ਇਸ ਸਮੇਂ ਕਿਸਾਨ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਉਸਦੀ ਪਾਲੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ।ਵਿਸਾਖੀ ਦਾ ਤਿਉਹਾਰ ਹਾੜੀ ਦੀ ਫ਼ਸਲ (ਭਾਵ ਕਣਕ) ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ।
ਇਸ ਨੂੰ ਕਿਸਾਨਾਂ ਦਾ ਮੇਲਾ’ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਹਨ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਖੁਸ਼ ਹੁੰਦੇ ਹਨ ਅਤੇ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ।ਕਿਸਾਨ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਧਨੀ ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ :
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਵਿਸਾਖੀ ਦਾ ਤਿਉਹਾਰ ਆਉਣ ‘ਤੇ ਹੀ ਹਾੜ੍ਹੀ ਦੀ ਫਸਲ ਦੀ ਕਟਾਈ (ਵਾਢੀ)ਸ਼ੁਰੂ ਹੋ ਜਾਂਦੀ ਹੈ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ।
ਦੋਸਤੋ ਇਹ ਕਣਕ ਵੱਢਣ ਲਈ ਪਹਿਲਾ ਦਾਤਰੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਸਨ ਪਰ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ। ਦਾਤਰੀ ਦੀ ਵਰਤੋਂ ਕਣਕ ਵੰਡਣ ਲਈ ਵੀ ਕੀਤੀ ਜਾਂਦੀ ਹੈ।ਕਿਉਂਕਿ ਦਾਤਰੀ ਦਾ ਬਲੇਡ ਵਕਰਾਕਾਰ ਹੁੰਦਾ ਹੈ, ਜਿਸਦਾ ਦਾ ਅੰਦਰਲਾ ਭਾਗ ਤੇਜ਼ ਧਾਰ ਵਾਲਾ ਹੁੰਦਾ ਹੈ। ਇਸਨੂੰ ਚਲਾਉਣ ਨਾਲ ਫਸਲਾਂ ਕੱਟੀਆਂ ਜਾਂਦੀਆਂ ਹਨ।ਇਹਨਾਂ ਸੰਦਾਂ ਦੀ ਵਰਤੋਂ ਹੁਣ ਘੱਟ ਹੋ ਗਈ ਹੈ।ਹੁਣ ਦਾਤਰੀ ਨਾਲ ਕਣਕ ਬਹੁਤ ਘੱਟ ਵੱਢੀ ਜਾਂਦੀ ਹੈ।ਮਸ਼ੀਨਾਂ ਨੇ ਹੁਣ ਇੰਨਾਂ ਸੰਦਾਂ ਦੀ ਥਾਂ ਲੈ ਲਈ ਹੈ ।ਮੈਨੂੰ ਯਾਦ ਹੈ ਜਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀ ਤਾਂ ਪਹਿਲਾ ਸਾਰਾ -ਸਾਰਾ ਪਰਿਵਾਰ ਕਣਕ ਵੱਢਣ ਲਈ ਖੇਤ ਵੱਲ ਜਾਂਦਾ ਸੀ ।ਸੁਆਣੀਆਂ ਦੁਪਹਿਰ ਦੀ ਰੋਟੀ ਸਵੇਰੇ ਹੀ ਲਾਕੇ ਬੰਨ੍ਹ ਲੈਂਦੀਆਂ ਸਨ।ਮੇਰੀ ਦਾਦੀ ਮਾਂ ਗੁੜ ,ਅਚਾਰ ਤੇ ਚਟਨੀ ਨਾਲ ਰੋਟੀ ਬੰਨ੍ਹ ਦਿੰਦੀ ਸੀ।ਅਸੀਂ ਸਾਰੇ ਬੱਚੇ ਨਾਲ ਚਲੇ ਜਾਂਦੇ ਸੀ।ਦਾਦੀ ਸਾਨੂੰ ਸਾਰਿਆਂ ਨੂੰ ਰੋਟੀ ਉੱਪਰ ਅਚਾਰ ਗੁੜ ਧਰ ਕੇ ਲੱਸੀ ਨਾਲ ਰੋਟੀ ਦਿੰਦੀ ਸੀ।ਸੱਚ ਜਾਣਿਓ ਉਹ ਰੋਟੀ ਇੰਨੀ ਸੁਆਦ ਹੁੰਦੀ ਸੀ ਕਿ ਦਿਲ ਕਰਦਾ ਹੁੰਦਾ ਸੀ ਹੋਰ ਖਾਈ ਜਾਵਾ।ਉਹ ਰੋਟੀ ਅੱਜ ਥਾਲਾਂ ਵਿੱਚ ਪਰੋਸੀ ਰੋਟੀ ਤੋਂ ਕਿਤੇ ਜ਼ਿਆਦਾ ਵਧੀਆਂ ਹੁੰਦੀ ਸੀ।ਜਦੋਂ ਪਰਿਵਾਰ ਦੇ ਮੈਂਬਰ ਹੱਥੀ ਕਣਕ ਵੱਢਣੀ ਸ਼ੁਰੂ ਕਰ ਦਿੰਦੇ ਸੀ ਅਸੀਂ ਨਾਲ ਵੱਢਣ ਦੀ ਜਿੱਦ ਕਰਨਾ।ਯਾਦ ਹੈ ਮੇਰੇ ਪਾਪਾ ਨੇ ਮੈਨੂੰ ਇੱਕ ਛੋਟੀ-ਜਿਹੀ ਦਾਤਰੀ ਲਿਆ ਕੇ ਦਿੱਤੀ ਸੀ।ਮੈ ਹਰ ਰੋਜ ਉਹ ਨਾਲ ਲੈਕੇ ਜਾਣੀ ਹੁੰਦੀ ਸੀ।ਹਾੜੀ ਵੱਢਣ ਦਾ ਏਨਾ ਚਾਅ ਹੁੰਦਾ ਸੀ ਕਿ ਇੱਕ ਵਾਰ ਮੇਰੇ ਪੈਰ ਹੇਠਾ ਕਰਚਾ ਵੱਜਿਆ ਜੋ ਕਿ ਕਾਫ਼ੀ ਸਮਾਂ ਠੀਕ ਨਹੀ ਹੋਇਆ ਸੀ।ਕਰਚਾ ਉਹ ਹੁੰਦਾ ਹੈ ਜੋ ਫਸਲ ਵੱਢਣ (ਕਟਾਈ)ਤੋ ਬਾਅਦ ਮੁੱਢ ਬੱਚਦਾ ਹੈ।ਫਿਰ ਮੈਨੂੰ ਘਰ ਛੱਡ ਜਾਂਦੇ ਸੀ ਮੇਰਾ ਦਿਲ ਇਹੋ ਕਰੀ ਜਾਣਾ ਕਿ ਮੈਂ ਕਣਕ ਨੂੰ ਵੱਢਦਿਆਂ ਦੇਖਾਂ।ਪਰ ਦੋਸਤੋ ਹੁਣ ਕੰਬਾਇਨਾਂ ਨੇ ਹੱਥੀ ਵਾਢੀ ਦਾ ਰਿਵਾਜ ਅਲੋਪ ਕਰ ਦਿੱਤਾ ਹੈ।ਹੁਣ ਤਾਂ ਕੋਈ ਟਾਵਾਂ -ਟਾਵਾਂ ਘਰ ਹੀ ਹੱਥੀ ਕਣਕ ਵੱਢਦਾ ਹੈ।ਯਾਦ ਹੈ ਜਦੋਂ ਕਣਕ ਨੂੰ ਹੱਥੀ ਵੱਢਦੇ ਸਨ ਉਸਦੇ ਢੇਰ ਲਾਕੇ ਭਰੇ ਬਣਾਏ ਜਾਂਦੇ ਸੀ ਫਿਰ ਉਹਨਾਂ ਵਿੱਚੋਂ ਹਡੰਬਿਆਂ ਰਾਹੀ ਕਣਕ ਤੇ ਤੂੜੀ ਕੱਢੀ ਜਾਦੀ ਸੀ।ਮਸ਼ੀਨੀ ਯੁੱਗ ਕਰਕੇ ਅੱਜ ਕੱਲ ਖੇਤੀ ਵੀ ਮਸ਼ੀਨੀ ਹੋ ਗਈ ਹੈ। ਬਿਜਾਈ ਤੋਂ ਲੈਕੇ ਕਟਾਈ ਤੱਕ।ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ।ਸੱਚ ਜਾਣਿਓ ਉਸ ਸਮੇਂ ਜੋ ਨਜ਼ਾਰਾ (ਅਹਿਸਾਸ) ਹਾੜ੍ਹੀ ਦੀ ਫਸਲ ਨੂੰ
ਹੱਥੀ ਕਣਕ ਵੱਢ ਕੇ ਆਉਂਦਾ ਸੀ ਅੱਜ ਕੱਲ੍ਹ ਉਹ ਇਹਨਾਂ ਮਸ਼ੀਨੀ ਯੰਤਰਾਂ ਵਿੱਚ ਕਿੱਥੇ ਹੈ।

ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ ।
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ 

ਇੱਕ ਕਹਾਵਤ ਹੈ ਕਿ, "ਬਾਜ਼ ਦੇ ਬੱਚੇ ਬਨੇਰਿਆਂ ਤੇ ਉੱਡਣਾ ਨਹੀਂ ਸਿੱਖਦੇ" ✍️ ਹਰਨਰਾਇਣ ਸਿੰਘ ਮੱਲੇਆਣਾ

ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ। ਪੰਛੀਆਂ ਦੇ ਵਿਚ ਅਜਿਹੀ ਸਖ਼ਤ ਸਿਖਲਾਈ ਕਿਸੇ ਵਿੱਚ ਨਹੀਂ ਹੁੰਦੀ।
ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਅਪਣੇ ਪੰਜਿਆਂ ਵਿਚ ਜਕੜ ਕੇ ਲਗਭੱਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੀ ਹੈ। ਇੰਨੀ ਉਚਾਈ ਤੇ ਅਕਸਰ ਜਹਾਜ਼ ਉਡਿਆ ਕਰਦੇ ਹਨ ਅਤੇ ਇਹ ਦੂਰੀ ਤਹਿ ਕਰਨ ਵਿਚ ਮਾਦਾ ਬਾਜ਼ 7 --9 ਮਿੰਟ ਦਾ ਸਮਾਂ ਲੈਂਦੀ ਹੈ।
ਇਥੋਂ ਸ਼ੁਰੂ ਹੁੰਦੀ ਹੈ ਉਸ ਨੰਨ੍ਹੇ ਬੱਚੇ ਦੀ ਕਠਿਨ ਪ੍ਰੀਖਿਆ । ਉਸ ਨੂੰ ਇਹ ਦੱਸਿਆ ਜਾਵੇ ਗਾ ਕੇ ਤੂੰ ਕਿਸ ਲਈ ਪੈਦਾ ਹੋਇਆ ਹੈ ? ਤੇਰੀ ਦੁਨੀਆਂ ਕੀ ਹੈ ? ਤੇਰੀ ਉਚਾਈ ਕੀ ਹੈ ? ਤੇਰਾ ਧਰਮ ਬਹੁਤ ਉੱਚਾ ਹੈ ਅਤੇ ਫਿਰ ਮਾਦਾ ਬਾਜ਼ ਉਸਨੂੰ ਪੰਜਿਆਂ ਵਿਚੋਂ ਛੱਡ ਦਿੰਦੀ ਹੈ। ਉਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭੱਗ 2 ਕਿਲੋਮੀਟਰ ਤੱਕ ਉਸ ਨੰਨ੍ਹੇ ਬੱਚੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ।  7 ਕਿਲੋਮੀਟਰ ਦੇ ਅੰਦਰ ਆ ਜਾਣ ਤੋਂ ਬਾਅਦ ਉਸ ਨੰਨ੍ਹੇ ਬੱਚੇ ਦੇ ਖੰਭ ਜੋ ਕਜਾਇਨ ਨਾਲ ਚਿਪਕੇ ਹੁੰਦੇ ਹਨ ਖੁੱਲਣ ਲਗਦੇ ਹਨ ।ਲਗਭੱਗ 9 ਕਿਲੋਮੀਟਰ ਹੇਠਾਂ ਆਉਣ ਤੇ ਉਸਦੇ ਖੰਭ ਪੂਰੇ ਖੁੱਲ੍ਹ ਜਾਂਦੇ ਹਨ । ਇਹ ਜ਼ਿੰਦਗੀ ਦਾ ਪਹਿਲਾ ਸਮਾਂ ਹੁੰਦਾ ਹੈ ਜਦੋਂ ਬਾਜ਼ ਦਾ ਬੱਚਾ ਖੰਭ ਫੜ ਫੜਾਉਂਦਾ ਹੈ।
       ਇਸ ਸਮੇਂ ਇਹ ਧਰਤੀ ਤੋਂ ਤਕਰੀਬਨ  3000 ਮੀਟਰ ਦੂਰ ਹੈ ਪਰੰਤੂ ਇਹ ਉੱਡਣਾ ਨਹੀਂ ਸਿੱਖਿਆ । ਹੁਣ ਇਹ ਧਰਤੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ। ਹੁਣ ਉਸਦੀ ਧਰਤੀ ਤੋਂ ਦੂਰੀ ਸਿਰਫ  700--800 ਮੀਟਰ ਹੁੰਦੀ ਹੈ ਪਰੰਤੂ ਉਸਦੇ ਖੰਭ ਇਨੇ ਮਜ਼ਬੂਤ ਨਹੀਂ ਹੋਏ ਕਿ ਉਹ ਉੱਡ ਸਕੇ।ਧਰਤੀ ਤੋਂ ਤਕਰੀਬਨ  400_500 ਮੀਟਰ ਦੂਰੀ ਤੇ ਆ ਕੇ ਉਸ ਨੂੰ ਲਗਦਾ ਹੈ ਕਿ ਹੁਣ ਮੇਰਾ ਅੰਤਿਮ ਸਮਾਂ ਆ ਗਿਆ ਹੈ । ਫਿਰ ਅਚਾਨਕ ਇੱਕ ਪੰਜਾ ਆ ਕੇ ਅਪਣੀ ਪਕੜ ਵਿਚ ਲੈ ਲੈਂਦਾ ਹੈ ਅਤੇ ਆਪਣੇ ਖੰਭਾਂ ਦੇ ਵਿਚਕਾਰ ਸਮੋਂ ਲੈਂਦਾ ਹੈ। ਇਹ ਪੰਜਾ ਉਸਦੀ ਮਾਂ ਦਾ ਹੁੰਦਾ ਹੈ ਅਤੇ ਇਹ ਸਿਖਲਾਈ ਉਸਦੀ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤੱਕ ਇਹ ਉੱਡਣਾ ਸਿੱਖ ਨਹੀਂ ਲੈਂਦਾ। ਇਹ ਸਿਖਲਾਈ ਇੱਕ ਕਮਾਂਡੋ ਦੀ ਤਰ੍ਹਾਂ ਹੁੰਦੀ ਹੈ ਫਿਰ ਜਾ ਕੇ ਦੁਨੀਆਂ ਨੂੰ ਇੱਕ ਬਾਜ਼ ਮਿਲਦਾ ਹੈ। ਇਹ ਅਪਣੇ ਤੋਂ  10 ਗੁਣਾ ਭਾਰੇ ਦਾ ਸ਼ਿਕਾਰ ਕਰ ਲੈਂਦਾ ਹੈ ।
ਬੇਸ਼ੱਕ ਅਪਣੇ ਬੱਚਿਆਂ ਨੂੰ ਅਪਣੇ ਨਾਲ ਚਿਪਕਾ ਕੇ ਰੱਖੋ,ਪਰ ਉਸ ਨੂੰ ਦੁਨੀਆਂ ਦੀਆਂ ਮੁਸਕਲਾਂ ਦਾ ਸਾਹਮਣਾ ਕਰਨ ਦਿਓ। ਉਹਨਾਂ ਨਾਲ ਜੂਝਣਾ ਸਿਖਾਓ
...ਗਮਲੇ ਦੇ ਪੌਦੇ ਅਤੇ ਜੰਗਲ ਦੇ ਪੌਦੇ ਵਿੱਚ ਬਹੁਤ ਫਰਕ ਹੁੰਦਾ ਹੈ।

-ਹਰਨਰਾਇਣ ਸਿੰਘ ਮੱਲੇਆਣਾ

"ਮੁੱਖ ਮੰਤਰੀ ਪੰਜਾਬ ਦੇ ਧਿਆਨ ਹਿੱਤ" ✍️ ਜਸਵੀਰ ਸ਼ਰਮਾਂ ਦੱਦਾਹੂਰ

ਮਾਨ ਸਾਹਿਬ ਆਮ ਤੋਂ ਖ਼ਾਸ ਲੋਕਾਂ ਨੇ ਤੁਹਾਨੂੰ ਬਣਾ ਦਿੱਤਾ ਹੈ,ਮਸਲੇ ਹੱਲ ਕਰਨ ਦੇ ਨਾਲ ਨਾਲ ਦਾਮਨ ਵੀ ਬਚਾਇਓ

ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਸ੍ਰ ਭਗਵੰਤ ਮਾਨ ਜੀ ਕਿ ਤੁਹਾਡੀ ਹਲੀਮੀ ਤੁਹਾਡੇ ਜਜ਼ਬੇ, ਤੁਹਾਡੇ ਸਬਰ ਅਤੇ ਅੱਠ ਸਾਲ ਦੀ ਮਿਹਨਤ ਰੰਗ ਲਿਆਈ ਹੈ। ਤੁਸੀਂ ਜਿਵੇਂ ਆਪਣੀ ਗਾਇਕੀ ਅਤੇ ਕਮੇਡੀ ਦੇ ਦੌਰ ਵਿੱਚ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ਨਿਰਸੰਦੇਹ ਬਿਲਕੁਲ ਇਸੇ ਤਰ੍ਹਾਂ ਹੀ ਤੁਸੀਂ ਸਿਆਸਤ ਵਿੱਚ ਵੀ ਹਾਲੇ ਤੱਕ ਆਪਣੇ ਦਾਮਨ ਨੂੰ ਬਿਲਕੁਲ ਚਿੱਟੀ ਚਾਦਰ ਵਾਂਗ ਹੀ ਸੰਭਾਲ ਰੱਖਿਆ ਹੈ,ਜਿਸ ਨੂੰ ਲੁਕਾਈ ਅੱਛੀ ਤਰ੍ਹਾਂ ਜਾਣਦੀ ਹੈ, ਇਸੇ ਕਰਕੇ ਹੀ ਪੰਜਾਬੀ ਭਾਈਚਾਰੇ ਨੇ ਤੁਹਾਨੂੰ ਆਪਣੀਆਂ ਪਲਕਾਂ ਤੇ ਬਿਠਾਇਆ ਹੈ,ਉਸ ਦਾ ਨਤੀਜਾ ਸੱਭ ਦੇ ਸਾਹਮਣੇ ਹੈ। ਜੇਕਰ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਓਦੋਂ ਤੋਂ ਲੈਕੇ ਅੱਜ ਤੱਕ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਇਹ ਦਸ ਮਾਰਚ ਵੀਹ ਸੌ ਬਾਈ ਵਾਲਾ ਦਿਨ ਇਤਹਾਸਕ ਹੋ ਨਿਬੜਿਆ ਹੈ,ਜੇ ਮੈਂ ਗਲਤ ਨਾ ਹੋਵਾਂ ਤਾਂ ਸੰਨ ਸੰਤਾਲੀ ਤੋਂ ਲੈਕੇ ਬਾਈ ਤੱਕ ਐਨਾ ਵੱਡਾ ਬਹੁਮਤ ਕਿਸੇ ਵੀ ਰਵਾਇਤੀ ਜਾਂ ਖੇਤਰੀ ਪਾਰਟੀ ਦੇ ਹਿੱਸੇ ਅੱਜ ਤੱਕ ਨਹੀਂ ਆਇਆ ਜੋ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ ਹੈ।ਇਸ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਵੀ ਇਤਹਾਸਕ ਜਿੱਤ ਦਿੱਲੀ ਵਿੱਚ ਦਰਜ ਕੀਤੀ, ਜਦੋਂ ਇੱਕ ਵਾਰ ਅਸਤੀਫੇ ਤੋਂ ਬਾਅਦ ਵੀ ਸੱਤਰ ਚੋਂ ਸਤਾਹਠ ਸੀਟਾਂ ਲੈਕੇ ਦਿੱਲੀ ਫਤਿਹ ਕੀਤੀ।ਮਾਨ ਸਾਹਿਬ ਦੇਸ਼ ਦੀ ਸਿਆਸਤ ਬਹੁਤ ਗੰਧਲੀ ਹੋ ਚੁੱਕੀ ਹੈ ਜਿਸ ਦਾ ਤੁਹਾਨੂੰ ਭਲੀਭਾਂਤ ਪਤਾ ਹੈ।ਇਸ ਨੂੰ ਸਹੀ ਲਾਈਨ ਤੇ ਲਿਆਉਣ ਅਤੇ ਲੱਗੇ ਦਾਗਾਂ ਨੂੰ ਧੋਣ ਲਈ ਬਹੁਤ ਸਮਾਂ, ਬਹੁਤ ਦਲੇਰੀ ਹੌਸਲੇ ਅਤੇ ਹਿੰਮਤ ਦੇ ਨਾਲ ਨਾਲ ਸਹਿਣਸ਼ੀਲਤਾ ਦੀ ਬਹੁਤ ਲੋੜ ਹੈ, ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਮੁੱਚੀ ਪਾਰਟੀ ਨੂੰ ਇਹ ਬਲ ਬਖ਼ਸ਼ੇ।

          ਪੰਜਾਬ ਦੇ ਉਲਝੇ ਹੋਏ ਮਸਲੇ ਜਿਨ੍ਹਾਂ ਤੋਂ ਆਪ ਬਹੁਤ ਚੰਗੀ ਤਰ੍ਹਾਂ ਵਾਕਫ ਹੋਂ ਅਤੇ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਢੰਗ ਨਾਲ ਲੋਕ ਸਭਾ ਵਿੱਚ ਉਠਾਉਂਦੇ ਰਹੇ ਹੋਂ ਓਹ ਵੀ ਸਾਨੂੰ ਸਭਨਾਂ ਨੂੰ ਪਤਾ ਹੈ। ਹੁਣ ਇਹ ਜੋ ਸੇਜ ਆਪ ਜੀ ਨੂੰ ਕੁੱਲ ਆਵਾਮ ਨੇ ਸੌਂਪੀ ਹੈ ਇਹ ਮਖਮਲੀ ਨਹੀਂ ਇਹ ਕੰਡਿਆਂ ਵਾਲੀ ਸੇਜ ਹੈ। ਵਿਰੋਧੀਆਂ ਅਤੇ ਸ਼ਰੀਕਾਂ ਦੀਆਂ ਗੱਲਾਂ ਦਾ ਕਿਵੇਂ ਸਾਹਮਣਾ ਕਰਨਾ ਹੈ ਇਸ ਦੀ ਵੀ ਤੁਹਾਨੂੰ ਕੋਈ ਭੁੱਲ ਨਹੀਂ ਹੈ।ਕੋਹ ਨਾਂ ਚੱਲੀ ਬਾਬਾ ਤਿਹਾਈ ਵਾਲੀ ਗੱਲ ਬਾਤ ਤਾਂ ਸ਼ੁਰੂ ਵੀ ਹੋ ਚੁੱਕੀ ਹੈ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ,ਜਿਸ ਦੀ ਮੀਡੀਆ ਵਿੱਚ ਆਮ ਚਰਚਾ ਹੈ, ਕਿ ਕੇਜਰੀਵਾਲ ਸਾਹਿਬ ਦੇ ਪੈਰੀਂ ਹੱਥ ਕਿਉਂ ਲਾਏ ਦਿੱਲੀ ਪਹੁੰਚ ਕੇ ਭਗਵੰਤ ਮਾਨ ਨੇ,ਇਹ ਗੱਲ ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਵਿੱਚ ਕੀਤੀ ਹੈ ਜਦੋਂ ਕਿ ਈ ਡੀ ਦੇ ਛਾਪਿਆਂ ਤੋਂ ਬਚਣ ਲਈ ਓਹ ਖੁਦ ਮੋਦੀ ਸਾਹਿਬ ਦੀ ਛਤਰੀ ਹੇਠ ਲੁਕਿਆ ਹੋਇਆ ਹੈ,ਇਹ ਵੀ ਪਤਾ ਲੱਗਾ ਹੈ ਕਿ ਕੇਜਰੀਵਾਲ ਦੀਵਾਨ ਟੋਡਰ ਮੱਲ ਦੀ ਅੰਸ਼ ਚੋਂ ਨੇ ਜਿਨ੍ਹਾਂ ਨੇ ਗੁਰਸਿੱਖੀ ਲਈ ਕੀ ਕੁੱਝ ਕੀਤਾ ਹੈ ਜਿਸ ਨੂੰ ਕੁੱਲ ਲੁਕਾਈ ਕਦੇ ਵੀ ਨਹੀਂ ਭੁਲਾ ਸਕਦੀ, ਇੱਕ ਵੱਡੇ ਭਾਈ ਦੇ ਜੇ ਛੋਟਾ ਭਰਾ ਪੈਰੀਂ ਹੱਥ ਲਾਉਂਦਾ ਵੀ ਹੈ ਤਾਂ ਉਸ ਨੂੰ ਐਨੀ ਨਫ਼ਰਤ ਕਿਉਂ? ਜਦੋਂ ਕਿ ਇਹ ਸੱਭ ਸਾਡੇ ਪੁਰਖਿਆਂ ਦੀ ਸਾਨੂੰ ਦੇਣ ਹੈ,ਇਸ ਲਈ ਹੀ ਕਹਿਣਾ ਪਿਆ ਕਿ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ। ਖੈਰ ਕੁੱਝ ਵੀ ਹੋਵੇ ਕਹਿਣ ਦਾ ਭਾਵ ਕਿ ਇੱਕ ਉਦਾਹਰਣ ਹੈ" ਸ਼ਰੀਕ ਘਰ ਵਿੱਚ ਬੇਦੀ ਨਹੀਂ ਗੱਡਦੇ ਉਂਝ ਕਸਰ ਕੋਈ ਨੀ ਛੱਡਦੇ"ਬਿਲਕੁਲ ਵਿਰੋਧੀਆਂ ਦੇ ਝਾਂਸੇ ਵਿੱਚ ਅਤੇ ਗੱਲਾਂ ਵਿੱਚ ਨਹੀਂ ਆਉਣਾ ਬਲਕਿ ਹਾਥੀ ਵਾਲੀ ਚਾਲ ਚਲਦੇ ਰਹੋ, ਪੰਜਾਬੀਆਂ ਨਾਲ ਕੀਤੇ ਵਾਅਦੇ ਹੌਲੀ ਹੌਲੀ ਪੂਰੇ ਕਰਦੇ ਰਹੋ।ਤੁਹਾਡਾ ਹਰਾ ਪਿੰਨ ਬੇਰੁਜ਼ਗਾਰੀ, ਨਸ਼ਿਆਂ, ਪੁਲਿਸ ਪ੍ਰਸ਼ਾਸਨ ਦੇ ਖੁੱਲ੍ਹੇ ਲਗਾਮ,ਸਿਹਤ ਸਹੂਲਤਾਂ, ਮੁਲਾਜ਼ਮਾਂ, ਬੁਢਾਪੇ, ਵਿਦੇਸ਼ਾਂ ਵਿੱਚ ਜਾਂਦੀ ਜਵਾਨੀ ਨੂੰ ਬਚਾਉਣ ਅਤੇ ਬੇਘਰਿਆਂ ਦੇ ਸਿਰ ਢਕਣ ਲਈ ਸਦਾ ਚਲਦਾ ਰਹੇ। ਤੁਸੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਆਪਣੇ ਹੱਥ ਆਈ ਤਾਕਤ ਨੂੰ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਕਰਦੇ ਰਹੋਂ ਇਹੇ ਕਾਮਨਾ ਕਰਦੇ ਹਾਂ।

 ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਹੁੰਦੀ ਕਿ ਜਦੋਂ ਕੋਈ ਵੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਉਸ ਵਿੱਚ ਖੱਬਿਓਂ ਸੱਜਿਓਂ ਕੁੱਝ ਕੁ ਸ਼ਰਾਰਤੀ ਅਨਸਰ ਜਾਂ ਕਹਿ ਲਈਏ ਕਿ ਕਾਲੀਆਂ ਭੇਡਾਂ ਵੀ ਲੁੱਕ ਛੁੱਪ ਕੇ ਆ ਵੜਦੀਆਂ ਹਨ,ਸੋ ਓਨਾਂ ਤੋਂ ਵੀ ਬਹੁਤ ਸੁਚੇਤ ਰਹਿਣ ਦੀ ਅਤਿਅੰਤ ਲੋੜ ਹੈ। ਪਾਰਟੀ ਦੇ ਵਿੱਚ ਹੀ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਹਨ,ਇਸ ਲਈ ਫੂਕ ਫੂਕ ਕੇ ਪੈਰ ਰੱਖਣੇ। ਤੁਸੀਂ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਰਹੇ ਹੋਂ,ਉਸ ਤੇ ਖਰੇ ਉਤਰਨਾ। ਤੁਸੀਂ ਪੁਰਾਤਨ ਪੰਜਾਬ ਦੀ ਗੱਲ ਕਰਦੇ ਰਹੇ ਹੋਂ, ਚੇਤੇ ਰੱਖਣਾ, ਤੁਸੀਂ ਪਿੰਡਾਂ ਚੋਂ, ਵਾਰਡਾਂ ਚੋਂ ਸ਼ਹਿਰਾਂ ਚੋਂ ਪੰਜਾਬ ਦੀ ਸਿਆਸਤ ਚਲਾਉਣ ਦੀ ਗੱਲ ਸਟੇਜਾਂ ਤੋਂ ਸਾਂਝੀ ਕਰਦੇ ਰਹੇ ਹੋਂ, ਚੇਤਿਆਂ ਚ ਵਸਾ ਕੇ ਰੱਖਣਾ, ਤੁਸੀਂ ਹਰ ਵੱਡੀ ਉਮਰ ਵਾਲੀ ਬੀਬੀ ਨੂੰ ਮਾ ਕਿਹਾ ਹੈ,ਹਰ ਬਰਾਬਰ ਦੀ ਨੂੰ ਭੈਣ ਅਤੇ ਹਮ ਉਮਰ ਨੂੰ ਭਰਾ ਕਿਹਾ ਹੈ, ਬਜ਼ੁਰਗਾਂ ਨੂੰ ਬਾਪੂ ਕਿਹਾ ਹੈ, ਬੱਚਿਆਂ ਨੂੰ ਹਿੱਕ ਨਾਲ ਲਾਉਂਦੇ ਰਹੇ ਹੋਂ।ਇਹ ਸਾਰੀਆਂ ਗੱਲਾਂ ਲੋਕਾਂ ਦੇ ਚੇਤਿਆਂ ਚ ਵਸੀਆਂ ਹੋਈਆਂ ਹਨ ਕਿਤੇ ਭੁੱਲ ਨਾ ਜਾਣਾ।ਹਰ ਇਨਸਾਨ ਦੀ ਗੱਲ ਸੁਨਣਾ ਅਤੇ ਓਹਨਾਂ ਨੂੰ  ਹੱਲ ਕਰਨ ਦੀਆਂ ਗੱਲਾਂ ਤੁਹਾਡੇ ਮੈਨੀਫੈਸਟੋ ਦਾ ਹਿੱਸਾ ਹੈ, ਚੇਤਿਆਂ ਵਿੱਚ ਰੱਖਣ ਦੀ ਅਤਿਅੰਤ ਲੋੜ ਹੈ। ਆਪਦੇ ਵਾਂਗੂੰ ਆਪਣੇ ਮੰਤਰੀ ਮੰਡਲ ਵਿੱਚ ਕੋਸ਼ਿਸ਼ ਕਰਿਓ ਵਧੀਆ ਇਨਸਾਨ ਤੁਹਾਡੇ ਵਰਗੀ ਸੋਚ ਰੱਖਣ ਵਾਲੇ ਹੀ ਜੇ ਹੋਣਗੇ ਤਾਂ ਤੁਸੀਂ (ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ)ਵਾਲੀ ਤੁੱਕ ਜੋ ਤੁਸੀਂ ਅਕਸਰ ਸਟੇਜਾਂ ਤੋਂ ਸਾਂਝੀ ਕਰਦੇ ਰਹੇ ਹੋਂ ਓਸ ਤੇ ਖਰੇ ਉੱਤਰ ਸਕਦੇ ਹੋ।

             ਭਗਵੰਤ ਮਾਨ ਸਾਹਿਬ ਮੈਂ ਆਪ ਨੂੰ ਤੇ ਆਪਦੀ ਸਮੁੱਚੀ ਪਾਰਟੀ ਨੂੰ ਬਹੁਤ ਹੀ ਭਾਗਾਂ ਵਾਲੀ ਸਮਝਦਾ ਹਾਂ ਕਿਉਂਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਛੇ ਡਾਕਟਰ, ਗਿਆਰਾਂ ਵਕੀਲ,ਦੋ ਗਾਇਕ,ਦੋ ਗੀਤਕਾਰ, ਤਿੰਨ ਪ੍ਰਫੈਸਰ,ਦੋ ਪ੍ਰਿੰਸੀਪਲ,ਦੋ ਅਧਿਆਪਕ,ਸੱਤ ਮਜ਼ਦੂਰ,ਛੇ ਇੰਜਨੀਅਰ,ਇੱਕੀ ਕਿਸਾਨੀ ਕਿੱਤੇ ਨਾਲ ਸਬੰਧਤ, ਨੌਂ ਵਪਾਰੀ,ਪੰਜ ਖਿਡਾਰੀ,ਦੋ ਪੁਲਿਸ ਮਹਿਕਮੇ ਦੇ ਵੀਰ ਐਮ ਐਲ ਏ ਬਨਾਏ ਹਨ ਸਮੁੱਚੇ ਪੰਜਾਬੀ ਭਾਈਚਾਰੇ ਨੇ।ਇਸ ਤੋਂ ਵੱਧ ਖੁਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ, ਅਤੇ ਆਮ ਆਦਮੀ ਪਾਰਟੀ ਆਪਾਂ ਹੋਰ ਕਿਸ ਨੂੰ ਕਹਿ ਸਕਦੇ ਹਾਂ?

               ਸਾਰੇ ਪੰਜਾਬ ਦੀ ਤੰਦ ਨਹੀਂ ਤਾਣੀ ਉਲਝੀ ਹੋਈ ਹੈ ਇਸ ਨੂੰ ਸੁਲਝਾਉਣ ਲਈ ਬਹੁਤ ਮਿਹਨਤ ਦੀ ਲੋੜ ਹੈ,ਜੋ ਤੁਸੀਂ ਪਿਛਲੇ ਅੱਠ ਸਾਲਾਂ ਤੋਂ ਕਰ ਰਹੇ ਹੋਂ ਸ਼ੇਰ ਬਣਿਓਂ ਹੁਣ ਉਸ ਤੋਂ ਦੁੱਗਣੀ ਨਹੀਂ ਬਲਕਿ ਕਈ ਗੁਣਾਂ ਵੱਧ ਮਿਹਨਤ ਦੀ ਲੋੜ ਪੈਣੀ ਹੈ,ਡਰਿਓ ਨਾ ਘਬਰਾਇਓ ਨਾ ਚਲਦੇ ਰਹਿਣਾ ਏਂ, ਖੜਿਆ ਹੋਇਆ ਤਾਂ ਪਾਣੀ ਵੀ ਮੁਸ਼ਕ ਮਾਰਨ ਲੱਗ ਪੈਂਦਾ ਹੈ, ਵਾਹਿਗੁਰੂ ਤੁਹਾਨੂੰ ਬਲ ਬਖ਼ਸ਼ੇ, ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੋਂ, ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੋਂ, ਸੂਬੇ ਨੂੰ ਆਤਮਨਿਰਭਰਤਾ ਵੱਲ ਲੈ ਜਾਓਂ ਇਹੀ ਸੱਚੇ ਦਿਲੋਂ ਕਾਮਨਾ ਹੈ,ਪਰ ਸਹਿਣਸ਼ੀਲਤਾ ਅਤਿਅੰਤ ਜ਼ਰੂਰੀ ਹੈ।

ਜਸਵੀਰ ਸ਼ਰਮਾਂ ਦੱਦਾਹੂਰ,ਸ੍ਰੀ ਮੁਕਤਸਰ ਸਾਹਿਬ ,95691-49556

  ਇਤਿਹਾਸ ਬਾਰੇ ਜਾਣਕਾਰੀ (ਪੰਜਾਬ ਦੇ ਇਤਿਹਾਸਿਕ ਸੋਮੇ ) ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਪ੍ਰਸ਼ਨ-1.ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮੇ ਕਿਹੜੇ ਹਨ?
(ੳ) ਭੱਟ ਵਹੀਆਂ (ਅ) ਖਾਲਸਾ ਦਰਬਾਰ ਰਿਕਾਰਡ (ੲ)ਇਤਿਹਾਸਿਕ ਭਵਨ (ਸ) ਚਿੱਤਰ ,ਸਿੱਕੇ (ਹ) ਉਪਰੋਕਤ ਸਾਰੇ
ਪ੍ਰਸ਼ਨ-2.ਪੰਜਾਬ ਦੇ ਇਤਿਹਾਸ ਲਈ ਸਭ ਤੋਂ ਮਹੱਤਵਪੂਰਨ ਤੇ ਬਹੁਮੁੱਲਾ ਸੋਮਾ ਕਿਹੜਾ ਹੈ ?
(ੳ)ਗੁਰਸੋਭਾ (ਅ)ਗਿਆਨ ਰਤਨਾਵਲੀ (ੲ)ਭਾਈ ਗੁਰਦਾਸ ਦੀਆਂ ਵਾਰਾਂ (ਸ) ਆਦਿ ਗ੍ਰੰਥ ਸਾਹਿਬ ਜੀ
ਪ੍ਰਸ਼ਨ-3.ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਦੋਂ ਕੀਤਾ ਸੀ?
(ੳ)1600 ਅ) 1603 (ੲ) 1604 (ਸ)1605
ਪ੍ਰਸ਼ਨ -4. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸਨੇ ਕੀਤਾ ਸੀ?
(ੳ)ਭਾਈ ਮਨੀ ਸਿੰਘ (ਅ) ਭਾਈ ਗੁਰਦਿੱਤਾ (ੲ) ਭਾਈ ਗੁਰਦਾਸ (ਸ) ਸੈਨਾਪਤ
ਪ੍ਰਸ਼ਨ-5. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਕੀਤਾ ਗਿਆ ਸੀ?
ੳ)1665 (ਅ) 1675 (ੲ) 1721 (ਸ) 1725
ਪ੍ਰਸ਼ਨ -6.ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
(ੳ) 35 (ਅ) 39 (ੲ) 40 ( ਸ) 45
ਪ੍ਰਸ਼ਨ-7.ਦਸਮ ਗ੍ਰੰਥ ਸਾਹਿਬ ਜੀ ਕਿੰਨੇ ਗ੍ਰੰਥਾਂ ਦਾ ਸੰਗ੍ਰਹਿ ਹੈ?
(ੳ) 12 (ਅ)15 (ੲ)16 ( ਸ)18
ਪ੍ਰਸ਼ਨ-8.ਹੁਕਮਨਾਮੇ ਤੋਂ ਕੀ ਭਾਵ ਹੈ ?
(ੳ)ਅਭੁੱਲ ਪੱਤਰ (ਅ) ਆਗਿਆ ਪੱਤਰ (ੲ) ਦੋਨੋਂ ( ਸ) ਕੋਈ ਨਹੀਂ
ਪ੍ਰਸ਼ਨ -9.ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?
(ੳ) 23 (ਅ) 25 (ੲ) 95 (ਸ) 100
ਪ੍ਰਸ਼ਨ -10.ਸ੍ਰੀ ਗੁਰਸੋਭਾ ਦਾ ਰਚਨਾਕਾਰ ਕੌਣ ਹੈ ?
(ੳ) ਸੰਤੋਖ ਸਿੰਘ (ਅ) ਸੈਨਾਪਤ (ੲ) ਰਤਨ ਸਿੰਘ ਭੰਗੂ(ਸ)ਕੋਈ ਨਹੀਂ
ਪ੍ਰਸ਼ਨ-11.ਬੰਸਾਵਲੀ ਨਾਮਾ ਦੀ ਰਚਨਾ ਕਿਸਨੇ ਕੀਤੀ ਸੀ?
(ੳ) ਸੰਤੋਖ ਸਿੰਘ (ਅ) ਕੇਸਰ ਸਿੰਘ ਛਿੱਬੜ (ੲ) ਰਤਨ ਸਿੰਘ ਭੰਗੂ(ਸ)ਕੋਈ ਨਹੀਂ ਟਰ
ਪ੍ਰਸ਼ਨ-12.ਭੱਟ ਵਹੀਆਂ ਦੀ ਖੋਜ ਕਿਸਨੇ ਕੀਤੀ ?
ੳ) ਗਣੇਸ ਦਾਸ ਵਡੇਹਰਾ (ਅ) ਗਿਆਨੀ ਗਿਰਜਾ ਸਿੰਘ (ੲ) ਰਤਨ ਸਿੰਘ ਭੰਗੂ (ਸ)ਕੋਈ ਨਹੀਂ
ਪ੍ਰਸ਼ਨ -13.ਉਮਦਤ-ਉਤ -ਤਵਾਰੀਖ ਦਾ ਲੇਖਕ ਕੌਣ ਸੀ ?
ੳ) ਗਣੇਸ ਦਾਸ ਵਡੇਹਰਾ (ਅ) ਗਿਆਨੀ ਗਿਰਜਾ ਸਿੰਘ (ੲ)ਸੋਹਣ ਲਾਲ ਸੂਰੀ (ਸ)ਕੋਈ ਨਹੀਂ
ਪ੍ਰਸ਼ਨ-14.ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਿਸਨੇ ਕੀਤੀ ?
ੳ) ਗਣੇਸ ਦਾਸ ਵਡੇਹਰਾ (ਅ) ਰਤਨ ਸਿੰਘ ਭੰਗੂ(ੲ) ਗਿਆਨੀ ਗਿਰਜਾ ਸਿੰਘ (ਸ)ਕੋਈ ਨਹੀਂ
ਪ੍ਰਸ਼ਨ-15.ਸਿੱਖਾਂ ਦੀ ਭਗਤ ਮਾਲਾ ਪੁਸਤਕ ਦੀ ਰਚਨਾ ਕਿਸਨੇ ਕੀਤੀ?
ੳ) ਸੰਤੋਖ ਸਿੰਘ (ਅ) ਸੈਨਾਪਤ (ੲ) ਰਤਨ ਸਿੰਘ ਭੰਗੂ(ਸ)ਭਾਈ ਮਨੀ ਸਿੰਘ
ਪ੍ਰਸ਼ਨ-16. ਅਕਬਰਨਾਮਾ ਅਤੇ ਆਇਨ ਏ ਅਕਬਰ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ) ਮੈਲਕੋਮ (ੲ)ਅਬੁਲ ਫ਼ਜ਼ਲ(ਸ)ਭਾਈ ਮਨੀ ਸਿੰਘ
ਪ੍ਰਸ਼ਨ-17.ਜੰਗਨਾਮਾ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ) ਮੈਲਕੋਮ (ੲ)ਅਬੁਲ ਫ਼ਜ਼ਲ (ਸ)ਕਾਜੀ ਨੂਰ ਮੁਹੰਮਦ
ਪ੍ਰਸ਼ਨ -18.ਸਕੈਚ ਆਫ ਸਿੱਖਜ ਦਾ ਲੇਖਕ ਕੌਣ ਸੀ ?
ੳ) ਮੈਲਕੋਮ (ਅ) ਡਾ.ਮਰੇ (ੲ)ਅਬੁਲ ਫ਼ਜ਼ਲ (ਸ)ਕਾਜੀ ਨੂਰ ਮੁਹੰਮਦ
ਪ੍ਰਸ਼ਨ-19. ਤੁਜਕ ਏ ਬਾਬਰੀ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ)ਬਾਬਰ (ੲ)ਅਬੁਲ ਫ਼ਜ਼ਲ(ਸ)ਭਾਈ ਮਨੀ ਸਿੰਘ
ਪ੍ਰਸ਼ਨ-20.ਮੁੰਤਖਿਬ ਉਲ ਲੁਬਾਬ ਕਿਸ ਦਾ ਰਚਿਤ ਗ੍ਰੰਥ ਹੈ?
ੳ) ਖਾਫੀ ਖਾਂ (ਅ) ਰਤਨ ਸਿੰਘ ਭੰਗੂ (ੲ) ਗਿਆਨੀ ਗਿਰਜਾ ਸਿੰਘ (ਸ)ਕੋਈ ਨਹੀਂ

ਉੱਤਰ ਮਾਲਾ -1. ਹ 2. ਸ 3. ੲ 4. ੳ 5. ੲ 6. ਅ 7. ਸ 8.ਅ 9.ੳ 10.ਅ 11. ਅ 12. ਅ 13. ੲ 14.ਅ 15.ਸ 16.ੲ
17.ਸ 18.ੳ 19.ਅ 20.ੳ

ਤਿਆਰ ਕਰਤਾ -ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ, ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨ ਕਾਲਜ ਬਰੇਟਾ ।- 9988933161 

29 ਮਾਰਚ 1849 ਦਾ ਇਤਿਹਾਸ (ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ) ✍️.  ਅਮਨਜੀਤ ਸਿੰਘ ਖਹਿਰਾ

29 ਮਾਰਚ 1849 ਵਾਲਾ ਦਿਨ ਪੰਜਾਬ ਦੇ ਲੋਕ ਕਦੇ ਨਹੀਂ ਭੁੱਲ ਸਕਦੇ। ਇਸ ਦਿਨ ਲਾਰਡ ਡਲਹੌਜ਼ੀ ਨੇ ਪੰਜਾਬ ਉਪਰ ਕਬਜ਼ੇ ਦਾ ਐਲਾਨ ਜਾਰੀ ਕੀਤਾ ਸੀ। ਇਸ ਦਿਨ ਲਾਰਡ ਡਲਹੌਜ਼ੀ ਦਾ ਵਿਦੇਸ਼ ਸਕੱਤਰ, ਹੈਨਰੀ ਮੀਅਰਜ਼ ਇਲੀਅਟ, ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਦੇ ਇਕ ਦਸਤਾਵੇਜ਼ ਉੱਪਰ ਦਸਤਖਤ ਲੈਣ ਲਈ ਲਾਹੌਰ ਪਹੁੰਚਿਆ ਸੀ। ਇਸ ਮਕਸਦ ਲਈ ਲਾਹੌਰ ਦੇ ਕਿਲ੍ਹੇ ਵਿੱਚ ਇੱਕ ਵਿਸ਼ੇਸ਼ ਦਰਬਾਰ ਆਯੋਜਿਤ ਕੀਤਾ ਗਿਆ ਸੀ। ਬ੍ਰਿਟਿਸ਼ ਫੌਜਾਂ ਦੇ ਜਰਨੈਲ, ਬਾਲ ਮਹਾਰਾਜੇ ਦਲੀਪ ਸਿੰਘ ਦੇ ਸੱਜੇ ਪਾਸੇ ਅਤੇ ਉਸਦੇ ਬੇਸਹਾਰਾ ਅਤੇ ਬੇਬੱਸ ਸਰਦਾਰ ਖੱਬੇ ਪਾਸੇ ਖੜੇ ਸਨ। ਉਸਦੀ ਬੇਵੱਸ ਮਾਂ ਰਾਣੀ ਜਿਂੰਦਾਂ, ਗੈਰਕਾਨੂੰਨੀ ਅਤੇ ਗੈਰ ਇਖਲਾਕੀ ਨਜ਼ਰਬੰਦੀ ਅਧੀਨ ਸੀ ਅਤੇ ਗੈਰਹਾਜ਼ਰ ਸੀ।

ਖਿਡੌਣਿਆਂ ਨਾਲ ਖੇਡਣ ਦੀ ਉਮਰ ਵਾਲੇ ਮਹਾਰਾਜਾ ਦਲੀਪ ਸਿੰਘ ਨੇ ਸੌਖਿਆਂ ਹੀ, ਬਿਨਾ ਕਿਸੇ ਉਜ਼ਰ ਤੋਂ, ਹੈਨਰੀ ਮੀਅਰਜ਼ ਇਲੀਅਟ ਵਲੋਂ ਪੇਸ਼ ਕੀਤੇ ਦਸਤਾਵੇਜ਼ ਉੱਪਰ ਆਪਣੇ ਦਸਤਖਤ ਕਰ ਦਿੱਤੇ ਅਤੇ ਪੰਜਾਬ ਦੇ ਰਾਜ ਅਤੇ ਤਖਤ ਤੋਂ ਆਪਣਾ ਦਾਅਵਾ ਛੱਡ ਕੇ ਇੰਗਲੈਂਡ ਦੀ ਮਹਾਰਾਣੀ ਦੀ ਅਧੀਨਗੀ ਕਬੂਲ ਕਰ ਲਈ। ਹੈਨਰੀ ਮੀਅਰਜ਼ ਇਲੀਅਟ ਵੱਲੋਂ ਦਰਬਾਰ ਵਿੱਚ ਮਹਾਰਾਜੇ ਦੇ ਦਸਖਤਾਂ ਵਾਲਾ ਇਹ ਦਸਤਾਵੇਜ਼ ਉੱਚੀ ਅਵਾਜ਼ ਵਿੱਚ ਪੜ੍ਹ ਕੇ ਸੁਣਾਇਆ ਗਿਆ। ਇਸ ਦਸਤਾਵੇਜ਼ ਰਾਹੀਂ ਦੇਸ ਪੰਜਾਬ ਬ੍ਰਿਟਿਸ਼ ਰਾਜ ਦਾ ਹਿੱਸਾ ਬਣ ਗਿਆ ਸੀ। ਇਸਤੋਂ ਤੁਰੰਤ ਬਾਅਦ ਹੀ ਲਾਹੌਰ ਦੇ ਕਿਲ੍ਹੇ ਉੱਪਰੋਂ ਖਾਲਸਾਈ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਝੁਲਾ ਦਿੱਤਾ ਗਿਆ। ਅੰਗਰੇਜ਼ੀ ਮਿਲਟਰੀ ਬੈਂਡ ਵੱਲੋਂ ਜੇਤੂ ਅਤੇ ਜਸ਼ਨ ਵਾਲੀਆਂ ਧੁਨਾਂ ਵਜਾਈਆਂ ਗਈਆਂ ਅਤੇ ਕੁਝ ਦਿਨਾਂ ਬਾਅਦ ਹੀ ਬਾਲਕ ਮਹਾਰਾਜੇ ਨੂੰ ਇੰਗਲੈਂਡ ਭੇਜ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਧਰਮ ਨਿਰਪੱਖਤਾ ਦੀ ਮਿਸਾਲ ਸੀ। ਜਿਸ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ਤੇ ਉੱਚੀਆਂ ਪ੍ਰਸਾਸ਼ਨਕ ਪਦਵੀਆਂ ਹਾਸਲ ਸਨ।

ਅੰਗਰੇਜ਼ਾਂ ਦੇ ਅਧੀਨ ਆਉਂਦਿਆਂ ਹੀ, ਪੰਜਾਬੀ ਕੌਮ ਨੂੰ ਹਿੰਦੂਆਂ ਸਿੱਖਾਂ ਮੁਸਲਮਾਨਾਂ ਵਿਚ ਫਾੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹਰ ਘਰ ਵਿਚ ਪੰਜਾਬੀ ਦੇ ਕਾਇਦੇ ਦਿੱਤੇ ਜਾਂਦੇ ਸਨ ਤਾਂ ਜੋ ਲੋਕ ਪੜ੍ਹਨ ਲਿਖਣ ਦੇ ਸਮਰੱਥ ਹੋ ਸਕਣ। ਅੰਗਰੇਜ਼ ਸਰਕਾਰ ਵੱਲੋਂ ਇਹ ਕਾਇਦੇ ਇੱਕਠੇ ਕਰਵਾ ਕੇ ਸੜਵਾ ਦਿੱਤੇ ਗਏ। ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧ ਨੂੰ ਡਿਪਟੀ ਕਮਿਸ਼ਨਰਾਂ ਅਤੇ ਪਿੱਠੂ ਮਹੰਤਾਂ ਦੇ ਅਧੀਨ ਕਰ ਦਿੱਤਾ ਗਿਆ। ਗੁਰਦਵਾਰਿਆਂ ਵਿਚ ਜਾਤਪਾਤ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਕਰਕੇ ਗੁਰਧਾਮਾਂ ਵਿਚ ਅਨੇਕਾਂ ਕੁਰੀਤੀਆਂ ਆ ਗਈਆਂ ਅਤੇ ਇਨ੍ਹਾਂ ਵਿਚ ਸੁਧਾਰ ਲਿਆਉਣ ਦੀ ਮਨਸ਼ਾ ਅਧੀਨ, ਜਨਤਕ ਮੂਵਮੈਂਟ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਂਦ ਵਿਚ ਆਈ।

ਹੁਣ ਵੀ ਸਾਡੀ ਬੋਲੀ ਅਤੇ ਇਤਹਾਸ ਵਿਚ ਵਿਗਾੜ ਪੈਦਾ ਕਰਨ ਦੇ ਯਤਨ ਹੋ ਰਹੇ ਹਨ - ਸਾਨੂੰ ਸੁਚੇਤ ਅਤੇ ਇਕ-ਮੁੱਠ ਰਹਿਣ ਦੀ ਜ਼ਰੂਰਤ ਹੈ।

ਅਮਨਜੀਤ ਸਿੰਘ ਖਹਿਰਾ

 

ਪੰਜਾਬ ਬੋਲਦਾ ਹਾਂ ਜੀ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਪੰਜਾਬ ਬੋਲਦਾ ਹਾਂ ਜੀ, ਮੈਂ, *ਸਾਡੇ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਜੈ ਹਿੰਦ ਰਾਮ ਰਾਮ ਜੀ ਸਤਿ ਸ਼੍ਰੀ ਆਕਾਲ ਜੀ ਸਲਾਮਾਂ ਏਕਮ ਅੱਲਾ ਲੂਈਆ ਪੰਜਾਬ ਮੇਰੇ ਦੇ ਵਸਨੀਕਾਂ ਨੇ ਹੁਣੇ ਹੁਣੇ "ਆਪ ਪਾਰਟੀ" ਨੂੰ ਆਪਣਾ ਬਹੁਤ ਭਾਰੀ ਬਹੁਮਤ ਦੇ ਕੇ 92 ਐਮ ਐਲ ਏ ਬਨਾਕੇ ਬਾਕੀ ਸਾਰਿਆਂ ਪਾਰਟੀਆਂ ਨੂੰ 9ਨੌ 2ਦੋ 11ਗਿਆਰਾ ਕਰਕੇ "ਭਜਾ ਕੇ" ਅਪਣਾਂ ਨਮਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣਿਆ ਹੈ ਜੀ, ਮੈਂ ਪੰਜਾਬ ਨੇ ਮੇਰੇ ਅਪਣੇ ਸਾਰੇ ਦੇਸ਼ ਭਾਰਤ ਵਰਸ਼ ਦਾ ਢਿੱਡ ਭਰਿਆ ਹੈ ਅਨਾਜ ਪੈਦਾ ਕਰਕੇ, ਮੇਰੇ ਦੇਸ਼ ਭਾਰਤ ਵਰਸ਼ ਦੀਆਂ ਸਾਰੀਆਂ ਸਰਹਦਾਂ ਦੀ ਰਾਖੀ ਕਰਦਾ ਆ ਰਿਹਾ ਹਾਂ ਅਪਣੇ ਨੌਜਵਾਨ ਪੁੱਤਰਾਂ ਦੀਆਂ ਛਾਤੀਆਂ ਤੇ ਦੁਸ਼ਮਣ ਦੇਸ਼ਾਂ ਦੀਆਂ ਬੰਦੂਕਾਂ ਵਿੱਚੋਂ ਨਿਕਲਿਆ ਮੇਰੇ ਪੁਤਰਾਂ ਵੱਲ ਆਈਆਂ ਗੋਲੀਆਂ ਨੂੰ ਖ਼ਾਕੇ ਅਪਣੇ ਨੌਜਵਾਨ ਪੁੱਤਰਾਂ ਨੂੰ ਲਗਾਤਾਰ ਸ਼ਹੀਦ ਕਰਵਾਉਂਦਾ ਆ ਰਿਹਾ ਹਾਂ ਮੈਂ ਪੰਜਾਬ ਮੇਰਾ ਪੰਜਾਬ ਦਾ ਦੁੱਖ ਸਾਰਿਆਂ ਨਾਲੋਂ ਵੱਡਾ ਹੈ, ਸਨ 1947 ਵਿੱਚ ਅੰਗਰੇਜ਼ ਹਕੂਮਤ ਨੇ ਬੜੀ ਬੇਸ਼ਰਮੀ ਨਾਲ ਮੈਨੂੰ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ, ਇੱਕ ਪਾਕਿਸਤਾਨ ਬਣਾਕੇ, ਫਿਰ ਮੌਕ਼ਾ ਪ੍ਰਸਤ ਰਾਜਨੀਤੀਕ ਪਾਰਟੀਆਂ ਨੇ ਅਪਣੇ ਅਪਣੇ ਸਵਾਰਥਾਂ ਨੂੰ ਸਹੀ ਸਾਬਤ ਕਰਕੇ ਅਪਣਾਉਂਦੇ ਹੋਇਆ ਨੇ ਸਨ 1966 ਵਿੱਚ ਮੈਨੂੰ ਪੰਜਾਬ ਨੂੰ ਤਿੰਨ ਹੋਰ ਹਿੱਸਿਆਂ ਵਿੱਚ ਵੰਡਿਆਂ ਸੁਟਿਆ ਸੀ, ਇੱਕ ਹਰਿਆਣਾ ਪ੍ਰਦੇਸ਼, ਦੂਸਰਾ ਹਿਮਾਚਲ ਪ੍ਰਦੇਸ਼ ਬਨਾਕੇ, ਤੀਸਰਾ ਮੈਂ ਖੁਦ ਪੰਜਾਬ ਰਹਿ ਗਿਆ ਹਾਂ,  ਕਦੇ ਮੇਰੀਆਂ ਪੰਜਾਬ ਦੀਆਂ ਸਰਹੱਦ ਅਫ਼ਗ਼ਾਨਿਸਤਾਨ ਮੁਲਤਾਨ ਤੋਂ ਲੈਕੇ ਦਿੱਲੀ ਤੱਕ ਹੁੰਦੀਆਂ ਸੀ, ਮੈਂ ਦੇਖਦਾ ਰਿਹਾ ਅਪਣੇ ਜ਼ਖਮਾਂ ਨੂੰ, ਮੈਂ ਬਰਦਾਸ਼ਤ ਕਰਦਾ ਰਿਹਾ ਅਪਣੇ ਦੁੱਖ ਦਰਦਾਂ ਨੂੰ, ਲੇਕਿਨ, ਮੈਨੂੰ ਪੰਜਾਬ ਨੂੰ ਫ਼ਖ਼ਰ ਹੈ, ਇਸ ਗੱਲ ਉਪਰ ਕਿ, ਮੈਂ ਪੰਜਾਬ ਨੇ ਦੇਸ਼ ਭਗਤ ਸੂਰਮੇਂ ਸ਼ਹੀਦੇ ਆਜ਼ਮ ਰਾਜ ਗੁਰੂ ਭਗਤ ਸਿੰਘ ਸੁਖਦੇਵ, ਲਾਲਾ ਲਾਜਪਤ ਰਾਏ, ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਸਰਾਭਾ, ਵਰਗੇ ਅਨੇਕਾਂ ਬਹਾਦਰ ਸਪੁੱਤਰਾਂ ਨੂੰ ਜਨਮ ਦਿੱਤਾ ਹੈ, ਇਹਣਾ ਮੇਰੇ ਪੰਜਾਬੀ ਸਪੁਤਰਾਂ ਨੇ ਅਪਣੇ ਦੇਸ਼ ਭਾਰਤ ਵਰਸ਼ ਦੀ ਆਨ ਬਾਨ ਸ਼ਾਨ ਨੂੰ ਬਰਕਰਾਰ ਕਾਇਮ ਰੱਖਿਆ ਹੋਇਆ ਹੈ  ਫਿਰ ਮੈਨੂੰ ਪੰਜਾਬ ਨੂੰ ਸਨ1978 ਵਿੱਚ ਭੈੜੀਆਂ ਨਜ਼ਰਾਂ ਨੇ  ਖਾਣਾਂ ਸ਼ੁਰੂ ਕਰ ਦਿੱਤਾ ਸੀ, ਇਸ ਦੇ ਕਾਰਨ ਫਲਸਰੂਪ ਮੈਨੂੰ ਪੰਜਾਬ ਵਿੱਚ ਸਨ 80 ਦੇ ਦਹਾਕੇ ਦੇ ਸ਼ੁਰੂ ਤੋਂ ਲੈਕੇ ਸਨ 90 ਦੇ ਦਹਾਕੇ ਦੇ ਸਾਲ ਸਨ 1995 ਤੱਕ ਅੱਤਵਾਦ ਦਾ ਖ਼ਤਰ ਨਾਕ ਵਕਤ ਰਿਹਾ ਸੀ,  ਜਿਸਦਾ ਅਸਰ 19 96 ਤੱਕ ਰਿਹਾ ਸੀ, ਇਹ ਖੋਫ ਨਾਕ ਦਰਦ ਨਾਕ, ਕਤਲੇਆਮ ਦਾ ਵਕ਼ਤ ਮੈਨੂੰ ਪੰਜਾਬ ਨੂੰ ਬਰਦਾਸ਼ਤ ਕਰਨਾ ਪਿਆ ਸੀ, 80 ਦੇ ਦਹਾਕੇ ਤੋਂ 90 ਦੇ ਦਹਾਕੇ ਦੀ ਇਹ ਮੰਦਭਾਗੀ ਲੜਾਈ ਮੈਨੂੰ ਪੰਜਾਬ ਇਕਲੇ ਨੂੰ ਹੀ ਲੜਨੀ ਪਈ ਸੀ, ਜਿਸ ਕਾਰਨ ਮੈਂਨੂੰ ਪੰਜਾਬ ਨੂੰ ਕਰਜ਼ਾ ਲੈਣਾ ਪਿਆ ਸੀ, ਫਿਰ ਤੋਂ ਅਪਣੇ ਪੈਰਾਂ ਉਪਰ ਖੜਾ ਹੋਣ ਲਈ ਵੀ ਮੈਨੂੰ ਕਰਜ਼ਾ ਲੈਣਾ ਪਿਆ ਸੀ,  (ਇਹ ਲੜੀ ਮੇਰੀ ਪੰਜਾਬ ਦੀ ਇਕਲੇ ਦੀ ਨਹੀਂ ਸੀ, ਸਗੋਂ ਇਹ ਲੜਾਈ ਤਾਂ ਸਾਰੇ ਦੇਸ਼ ਭਾਰਤ ਵਰਸ਼ ਦੀ ਲਵਾਈ ਸੀ), ਫਿਰ "ਮੇਰੇ ਇਕੱਲੇ ਪੰਜਾਬ ਦੇ ਸਿਰ ਇਹ ਸਾਰਾ ਕਰਜ਼ਾ ਕਿਉਂ ਹੈ?" ਫਿਰ ਸਨ ਸਾਲ 1997 ਤੋਂ ਲੈਕੇ ਅੱਜ ਤੱਕ ਮੇਰੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਮਾਰ ਲਿਆ ਹੈ, ਮੇਰੀ ਪੰਜਾਬੀ ਜਵਾਨੀ ਵਿਦੇਸ਼ਾਂ ਨੂੰ ਜਾਣੀ ਸ਼ੁਰੂ ਹੋ ਗਈ ਹੈ, ਹੁਣ ਖੁਦ ਮੈਨੂੰ ਪੰਜਾਬ ਕੋਲ ਮੇਰੀ ਔਲਾਦ ਨੂੰ ਰੋਜ਼ਗਾਰ ਦੇਣ ਨੂੰ ਸਾਧਨ ਨਹੀਂ ਹਨ ! ਸਾਡੇ ਦੇਸ਼ ਭਾਰਤ ਵਰਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੁਣ ਆਪਜੀ ਨੂੰ ਖੁਦ ਆਪਣਾ ਫਰਜ਼ ਸਮਝਦੇ ਹੋਏ, ਮੇਰੀ ਪੰਜਾਬ ਦੀ ਮਾਲੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਜੀ, ਜਿਸ ਤਰ੍ਹਾਂ ਹੁਣੇ ਹੁਣੇ ਆਪਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਹੈ, ਮੈਨੂੰ ਪੰਜਾਬ ਨੂੰ 2ਲੱਖ ਕਰੋੜ ਰੁਪਏ ਦੀ ਮਾਲੀ ਸਹਾਇਤਾ ਪੈਕੇਜ ਦਿੱਤੀ ਜਾਵੇ ਜੀ, ਹਾਂ ਜੀ, ਇਹ ਹੁਣ ਮੈਂ ਪੰਜਾਬ ਨੇ ਅਪਣੇ ਦੇਸ਼ ਭਾਰਤ ਵਰਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਲਿਖਕੇ ਬੋਲਦਾ ਹਾਂ ਜੀ, ਮੈਂ ਹਾਂ ਪੰਜਾਬ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924

ਰੰਗਮੰਚ ਦਿਹਾੜੇ ’ਤੇ ਵਿਸ਼ੇਸ ✍️ ਸੁਖਚੈਨ ਸਿੰਘ ਕੁਰੜ ( ਪੰਜਾਬੀ ਅਧਿਆਪਕ)

 

27 ਮਾਰਚ ਵਿਸ਼ਵ ਰੰਗਮੰਚ ਦਿਹਾੜੇ ਉਤੇ ਦੁਨੀਆ ਭਰ ਦੇ ਰੰਗਕਰਮੀਆਂ ਨੂੰ ਯਾਦ ਕਰਦਿਆਂ ਵਿਸ਼ਵ ਰੰਗਮੰਚ ਦਿਹਾੜਾ ਮਨਾਇਆ ਜਾਂਦਾ ਹੈ। ਇਸ ਮੌਕੇ ਸਾਡਾ ਸਭ ਦਾ ਫ਼ਰਜ਼ ਵੀ ਬਣਦਾ ਹੈ ਕਿ ਇਸ ਦਿਹਾੜੇ ਅਸੀਂ ਨੌਰਾ ਰਿਚਰਡ, ਆਈ.ਸੀ. ਨੰਦਾ, ਬਲਵੰਤ ਗਾਰਗੀ, ਡਾ: ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ, ਸ਼ੀਲਾ ਭਾਟੀਆ, ਹਰਪਾਲ ਟਿਵਾਣਾ, ਭਾਗ ਸਿੰਘ, ਜੁਗਿੰਦਰ ਬਾਹਰਲਾ, ਗੁਰਦਿਆਲ ਸਿੰਘ ਫੁੱਲ ਤੇ ਤੇਰਾ ਸਿੰਘ ਚੰਨ ਜਿਹੇ ਮੋਢੀ ਨਾਟਕਕਾਰਾਂ, ਨਿਰਦੇਸ਼ਕਾਂ, ਰੰਗਕਰਮੀਆਂ ਨੂੰ ਯਾਦ ਕਰੀਏ,ਜਿਨ੍ਹਾਂ ਨੇ ਰੰਗਮੰਚ ਲਈ ਜ਼ਮੀਨ ਤਿਆਰ ਕੀਤੀ।
ਇੱਥੇ ਰੰਗਮੰਚ ਦਿਹਾੜੇ 'ਤੇ ਗੱਲ ਕਰਦਿਆਂ ਇਸਦਾ ਇਤਿਹਾਸਕ ਪਿਛੋਕੜ 'ਤੇ ਝਾਤ ਪਾਉਣੀ ਜ਼ਰੂਰੀ ਹੈ। ਜੂਨ 1961 ਵਿੱਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ ਦੀ ਵਿਆਨਾ ਵਿਖੇ ਹੋਈ ਨੌਂਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਪ੍ਰਧਾਨ ਐਰਵੀ ਕਿਵੀਨਾ ਨੇ ਇਸ ਦੇ ਫਿ਼ਨਿਸ਼ ਸੈਂਟਰ ਦੇ ਬੀਹਾਫ਼ `ਤੇ ਇੱਕ ‘ਵਿਸ਼ਵ ਰੰਗਮੰਚ ਦਿਵਸ’ ਮਿਥਣ ਦਾ ਮਤਾ ਰੱਖਿਆ ਜਿਸ ਦੀ ਤਾਈਦ ਸਕੈਂਡੀਨੈਵੀਆਨਾ ਸੈਂਟਰ ਨੇ ਕੀਤੀ ਜਿਸ ਨੂੰ ਰੰਗਮੰਚ ਖੇਤਰ ਵਿੱਚ ਕੰਮ ਕਰਦੇ ਸਭਨਾਂ ਲੋਕਾਂ ਨੇ ਪ੍ਰਵਾਨਗੀ ਦਿੱਤੀ। ਇਸ ਮਗਰੋਂ ਹਰ ਸਾਲ 27 ਮਾਰਚ ਨੂੰ ਮਨਾਇਆ ਜਾਣ ਲੱਗਾ।
ਅੰਤਰਰਾਸ਼ਟਰੀ ਪੱਧਰ ’ਤੇ ਰੰਗਮੰਚ ਦਿਵਸ ਪਹਿਲੀ ਵਾਰ 1962 ਵਿਚ ਪੈਰਿਸ ਵਿਖੇ ਮਨਾਇਆ ਗਿਆ। ਉਸਤੋਂ ਚਾਰ ਸਾਲ ਬਾਅਦ ਹੀ 1966 ਵਿਚ ਹਰਪਾਲ ਟਿਵਾਣਾ ਦੀ ਅਗਵਾਈ ਹੇਠ ਪਹਿਲੀ ਵਾਰ ਪੰਜਾਬ ਵਿਚ ਪਟਿਆਲਾ ਵਿਖੇ ਯੂਨਾਨੀ ਨਾਟਕਕਾਰ ਸਫੋਕਲੀਜ਼ ਦਾ ਨਾਟਕ ਖੇਡ ਕੇ ਮਨਾਇਆ ਗਿਆ। ਜੇ ਇਤਿਹਾਸ ਦੇ ਪੰਨੇ ਫਰੋਲੇ ਜਾਣ ਤਾਂ ਮਨੁੱਖਤਾ ਨੂੰ ਰੰਗਮੰਚ ਦੀਆਂ ਬਹੁਤ ਵੱਡੀਆਂ ਦੇਣਾਂ ਨਜ਼ਰੀਂ ਆਉਣਗੀਆਂ। ਸ਼ਾਇਦ ਇਹੋ ਕਾਰਨ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਰੰਗਮੰਚ ਦਿਵਸ ਮਨਾਉਣ ਹਿੱਤ ਯੂਨੈਸਕੋ ਇਸ ਸੰਸਥਾ ਦੇ ਸਦਾ ਅੰਗ ਸੰਗ ਰਿਹਾ ਹੈ। ਪੰਜਾਬੀ ਰੰਗਮੰਚ ਜਨਮ ਤੋਂ ਹੀ ਲੋਕ ਹਿਤੈਸ਼ੀ ਅਤੇ ਮਾਨਵੀ ਕਦਰਾਂ ਕੀਮਤਾਂ ਨੂੰ ਸੰਬੋਧਨ ਹੁੰਦਾ ਆਇਆ ਹੈ। ਪੰਜਾਬੀ ਰੰਗਮੰਚ ਨੂੰ ਸਦਾ ਹੀ ਇਹ ਮਾਣ ਰਿਹਾ ਹੈ ਕਿ ਅਤਿ ਸੰਕਟ ਦੇ ਸਮਿਆਂ ਵਿਚ ( ਕਿਸਾਨੀ ਸੰਘਰਸ਼) ਵੀ ਇਹ ਹਮੇਸ਼ਾਂ ਹੀ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ ਰਿਹਾ।
27 ਮਾਰਚ ਨੂੰ ਹਰੇਕ ਸਾਲ ਕਿਸੇ ਪ੍ਰਮੁੱਖ ਥੀਏਟਰ ਸ਼ਖ਼ਸੀਅਤ ਜਾਂ ਕਿਸੇ ਦੂਸਰੇ ਖੇਤਰ ਦੇ ਪ੍ਰਮੁੱਖ ਵਿਅਕਤੀ ਨੂੰ ਵਿਸ਼ਵ ਭਾਈਚਾਰੇ ਲਈ ਆਪਣੇ ਪ੍ਰਭਾਵ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਜਿਸ ਵੱਲੋਂ ਇੱਕ ਸੰਦੇਸ਼ ਜਾਰੀ ਕੀਤਾ ਜਾਂਦਾ ਹੈ। ਜਿਸ ਦਾ 20 ਭਾਸ਼ਾਵਾਂ ਵਿੱਚ ਤਰਜਮਾ ਕਰਕੇ ਵਿਸ਼ਵ ਭਰ ਵਿੱਚ ਲੱਖਾਂ ਕਰੋੜਾਂ ਨਾਟਕ ਪ੍ਰੇਮੀਆਂ ਸਾਹਮਣੇ ਨਾਟ-ਪੇਸ਼ਕਾਰੀਆਂ ਤੋਂ ਪਹਿਲਾਂ ਰੰਗਕਰਮੀਆਂ ਵੱਲੋਂ ਪੜ੍ਹਿਆ ਜਾਂਦਾ ਹੈ। ਇਹ ਸੰਦੇਸ਼ ਵੱਖ ਵੱਖ ਭਾਸ਼ਾਵਾਂ ਵਿੱਚ ਛਪਦੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਾਪਿਆ ਜਾਂਦਾ ਹੈ। ਇਸੇ ਸੰਦੇਸ਼ ਨੂੰ ਵਿਸ਼ਵ ਭਰ ਦੇ ਟੈਲੀਵਿਜ਼ਨ ਅਤੇ ਰੇਡੀਓ ਪ੍ਰੋਗਰਾਮਾਂ ਵਿੱਚ ਨਸ਼ਰ ਕੀਤਾ ਜਾਂਦਾ ਹੈ। ਸੰਨ 1962 ਵਿੱਚ ਪਹਿਲੇ ਵਿਸ਼ਵ ਰੰਗਮੰਚ ਦਿਵਸ ਮੌਕੇ ਜਾਰੀ ਕੀਤੇ ਸੰਦੇਸ਼ ਦਾ ਲੇਖਕ ਜੀਨ ਕੋਕਟੀਓ ਸੀ। ਸੰਨ 1993 ਵਿੱਚ ਵੇਨੇਯੂਇਲਨ ਦੇ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਸੈਂਟਰ ਨੇ 1962 ਤੋਂ ਲੈ ਕੇ 1993 ਤੱਕ ਜਾਰੀ ਕੀਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਸੰਦੇਸ਼ਾਂ ਨੂੰ ਛਾਪਣ ਦਾ ਉਪਰਾਲਾ ਕੀਤਾ ਸੀ। ਜਦ ਕਿ ਇਸ ਦਾ ਇੱਕ ਖਰੜਾ ਸਪੈਨਿਸ਼ ਭਾਸ਼ਾ ਵਿੱਚ ਛਾਪ ਕੇ ਵੰਡਿਆ ਗਿਆ ਸੀ।
ਆਓ ਗੱਲ ਅੱਗੇ ਕਰਦਿਆਂ, ਪੰਜਾਬੀ ਰੰਗਮੰਚ ਨਾਲ਼ ਸੰਬੰਧਿਤ ਕੁਝ ਹੋਰ ਤੱਥਾਂ ਨਾਲ਼ ਸਾਂਝ ਬਣਾਈਏ।
ਭਾਅਜੀ ਗੁਰਸ਼ਰਨ ਸਿੰਘ ਵੱਲੋਂ ਨਾਟਕ ਨੂੰ ਲੋਕਾਂ ਦੇ ਚੁੱਲ੍ਹਿਆਂ ਤੱਕ ਪਹੁੰਚਾ ਕੇ ਲਗਭਗ ਚਾਰ ਦਹਾਕਿਆਂ ਤੱਕ ਕੀਤੀ ਗਈ ਘਾਲਣਾ ਨੂੰ ਇੱਕ ਇਤਿਹਾਸਕ ਕਾਰਜ ਕਹਿਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ।
ਵਿਸ਼ਵ ਰੰਗਮੰਚ ਦਿਵਸ ਮਨਾਉਣ ਦੀ ਲੜੀ ਵਿੱਚ ਪੰਜਾਬ ਵਿੱਚ 'ਨਾਟਸ਼ਾਲਾ ਅੰਮ੍ਰਿਤਸਰ' ਵਰਗਾ ਅੰਤਰਰਾਸ਼ਟਰੀ ਸਹੂਲਤਾਂ ਵਾਲਾ ਅਤੀ ਅਧੁਨਿਕ ਥੀਏਟਰ ਜਿਸ ਨੂੰ ਉਦਯੋਗਪਤੀ ਨਾਟਕਕਾਰ 'ਜਤਿੰਦਰ ਬਰਾੜ' ਨੇ ਖੁਦ ਪੈਸੇ ਲਗਾ ਕੇ 1999 ਦੇ ਵਿਸ਼ਵ ਰੰਗਮੰਚ ਦਿਵਸ ਮੌਕੇ ਲੋਕ-ਪੱਖੀ ਨਾਟਕਕਾਰ ਅਜਮੇਰ ਔਲਖ ਹੱਥੋਂ ਉਦਘਾਟਨ ਕਰਵਾ ਕੇ ਰੰਗਮੰਚ ਨੂੰ ਸਮਰਪਿਤ ਕੀਤਾ ਸੀ। ਬਿਆਸ ਵਿਖੇ ਪੇਂਡੂ ਖੇਤਰ ਵਿੱਚ ਸੀਮਿਤ ਸਹੂਲਤਾਂ ਵਾਲੇ ਓਪਨ ਏਅਰ ਥੀਏਟਰ (ਜਿਸ ਨੂੰ ਰੰਗਮੰਚ ਦੇ ਪ੍ਰਤੀਬੱਧ ਰੰਗਕਰਮੀ ਹੰਸਾ ਸਿੰਘ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਲਾ ਕੇ ਤਿਆਰ ਕੀਤਾ) ਦਾ ਉਦਘਾਟਨ ਵੀ 2002 ਵਿੱਚ ਵਿਸ਼ਵ ਰੰਗਮੰਚ ਵਾਲੇ ਦਿਨ ਹੀ ਕੀਤਾ ਗਿਆ ਸੀ। ਇਸੇ ਤਰ੍ਹਾਂ 'ਲੋਕ ਕਲਾ ਮੰਚ ਮੰਡੀ ਮੁੱਲਾਂਪੁਰ' ਵੱਲੋਂ ਵੀ ਗੁਰਸ਼ਰਨ ਰੰਗਮੰਚ ਤਿਆਰ ਕੀਤਾ ਤੇ ਰੰਗਮੰਚ ਨੂੰ ਸਮਰਪਿਤ ਕੀਤਾ। ਪੰਜਾਬੀ ਰੰਗਮੰਚ ਇਸ ਵੇਲੇ ਆਪਣਾ ਇੱਕ ਨਵਾਂ ਇਤਿਹਾਸ ਸਿਰਜ ਰਿਹਾ ਹੈ। ਅੱਜ ਜਿੰਨੀ ਵਰਾਇਟੀ ਪੰਜਾਬੀ ਰੰਗਮੰਚ ਵਿੱਚ ਹੈ ਉਨੀ ਹੋਰ ਕਿਸੇ ਭਾਸ਼ਾ ਦੇ ਰੰਗਮੰਚ ਵਿੱਚ ਨਹੀਂ। ਅੱਜ ਪੰਜਾਬ ਵਿੱਚ ਯੂਨੀਵਰਸਿਟੀਆਂ ਦੇ ਮੁਕਾਬਲਿਆਂ ਦਾ ਰੰਗਮੰਚ, ਸ਼ਹਿਰਾਂ ਦਾ ਥੀਏਟਰਾਂ ਦਾ ਰੰਗਮੰਚ, ਇਤਿਹਾਸਿਕ ਨਾਟਕਾਂ ਦਾ ਰੰਗਮੰਚ, ਤਰਕਸ਼ੀਲ ਰੰਗਮੰਚ, ਖੱਬੇ ਪੱਖੀ ਰਾਜਨੀਤਕ ਪਾਰਟੀਆਂ ਦਾ ਰੰਗਮੰਚ, ਸਾਖਰਤਾ ਸੰਮਤੀਆਂ ਦਾ ਰੰਗਮੰਚ, ਪੇਂਡੂ ਥੜ੍ਹੇ ਦਾ ਰੰਗਮੰਚ, ਬਾਲ ਰੰਗਮੰਚ, ਨੁੱਕੜ ਨਾਟਕ ਆਦਿ ਸਮੇਤ ਬਹੁਤ ਸਾਰੀ ਵੰਨਗੀਆਂ ਹਨ।
ਰੰਗਮੰਚ ਮੌਕੇ ਚਰਚਾ ਕਰਦਿਆਂ ਰੰਗਮੰਚ ਦੀ ਦੁਨੀਆਂ ਵਿੱਚ ਔਰਤਾਂ ਦੇ ਯੋਗਦਾਨ ਦੀ ਗੱਲ ਕਰਨਾ ਪਹਿਲਾਂ ਜ਼ਰੂਰੀ ਹੈ।
ਜਿਨ੍ਹਾਂ ਵਿਚ ਉਮਾ ਗੁਰਬਖ਼ਸ਼ ਸਿੰਘ, ਸ੍ਰੀਮਤੀ ਧਰਮ ਕੌਰ, ਸ੍ਰੀਮਤੀ ਕੈਲਾਸ਼ ਕੌਰ, ਦਲਜੀਤ ਕੌਰ, ਜਤਿੰਦਰ ਕੌਰ, ਸਤਿੰਦਰ ਕੌਰ, ਮਨਜੀਤ ਔਲਖ, ਜਸਵੰਤ ਦਮਨ, ਨੀਨਾ ਟਿਵਾਣਾ, ਰਾਣੀ ਬਲਬੀਰ, ਨੀਲਮ ਮਾਨ ਸਿੰਘ, ਨਵਨਿੰਦਰਾ ਬਹਿਲ, ਸੁਨੀਤਾ ਧੀਰ, ਸੁਖਵਿੰਦਰ ਵਿਰਕ, ਮਨਦੀਪ ਕੌਰ, ਅਨੀਤਾ, ਕੁਲਵੰਤ ਭਾਟੀਆ, ਰੋਜ਼ੀ ਸਿੰਘ, ਨੀਤਾ ਮਹਿੰਦਰਾ, ਜਸਪਾਲ ਦਿਉਲ ਅਤੇ ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ ਆਦਿ ਜਿਹੀਆਂ ਬੇਸ਼ੁਮਾਰ ਰੰਗਮੰਚ ਅਭਿਨੇਤਰੀਆਂ ਨੂੰ ਸਲਾਮ ਕਰਨਾ ਬਣਦਾ ਹੈ।
ਰੰਗਮੰਚ ਦਿਹਾੜੇ 'ਤੇ ਆਓ ਹੁਣ ਆਪਾਂ ਪੀੜੀ ਦਰ ਪੀੜੀ ਨਾਟਕਕਾਰਾਂ ਦੇ ਸਫ਼ਰ 'ਤੇ ਵੀ ਇੱਕ ਝਾਤ ਮਾਰੀਏ।
ਪਹਿਲੀ ਪੀੜੀ ਦੇ ਨਾਟਕਕਾਰ:-ਈਸ਼ਵਰ ਚੰਦਰ ਨੰਦਾ,ਸੰਤ ਸਿੰਘ ਸੇਖੋ,ਬਲਵੰਤ ਗਾਰਗੀ,ਹਰਚਰਨ ਸਿੰਘ,ਗੁਰਦਿਆਲ ਸਿੰਘ ਖੋਸਲਾ,ਗੁਰਦਿਆਲ ਸਿੰਘ ਫੁੱਲ ਆਦਿ।
ਦੂਜੀ ਪੀੜੀ:-ਹਰਸਰਨ ਸਿੰਘ,ਸੁਰਜੀਤ ਸਿੰਘ ਸੇਠੀ,ਕਪੂਰ ਸਿੰਘ ਘੁੰਮਣ,ਅਮਰੀਕ ਸਿੰਘ,ਗੁਰਚਰਨ ਸਿੰਘ ਜਸੂਜਾ,ਪਰਿਤੋਸ਼ ਗਾਰਗੀ,ਤਰਸੇਮ ਸਿੰਘ ਨੀਲਗਿਰੀ,ਹਰਭਜਨ ਸਿੰਘ ਬਿਰਕ,ਬਲਬੀਰ ਮੋਮੀ ਆਦਿ।
ਤੀਜੀ ਪੀੜੀ :-ਅਜਮੇਰ ਸਿੰਘ ਔਲਖ,ਆਤਮਜੀਤ,ਚਰਨਦਾਸ ਸਿੱਧੂ,ਦਵਿੰਦਰ ਦਮਨ,ਗੁਰਸ਼ਰਨ ਸਿੰਘ,ਰਵਿੰਦਰ ਰਵੀ,ਦਰਸ਼ਨ ਮਿੱਤਲ,ਅਮਰਜੀਤ ਗਰੇਵਾਲ,ਲੱਖਾ ਸਿੰਘ ਜ਼ੌਹਰ,ਅਜ਼ਾਇਬ ਕਮਲ,ਅਜਮੇਰ ਰੋਡੇ,ਸਾਧੂ ਬਿਨਿੰਗ,ਸੁਖਵੰਤ ਹੁੰਦਲ,ਜਗਤਾਰ ਢਾਅ ਆਦਿ।
ਚੌਥੀ ਪੀੜੀ:-ਸਵਰਾਜਬੀਰ,ਮਨਜੀਤਪਾਲ ਕੌਰ,ਪਾਲੀ ਭੁਪਿੰਦਰ,ਸਤੀਸ਼ ਕੁਮਾਰ ਵਰਮਾ,ਦੇਵਿੰਦਰ ਕੁਮਾਰ,ਜਗਦੀਸ਼ ਸਚਦੇਵਾ,ਜਤਿੰਦਰ ਬਰਾੜ,ਸੋਮਪਾਲ ਹੀਰਾ,ਕੁਲਦੀਪ ਸਿੰਘ ਦੀਪ,ਸੁਰਜੀਤ ਕਲਸੀ,ਕੁਲਵਿੰਦਰ ਖਹਿਰਾ,ਇਕਬਾਲ ਰਾਮੂਵਾਲੀਆ,ਹਰਕੰਵਲਜੀਤ ਸਾਹਿਲ,ਰਾਜਵੰਤ ਕੌਰ ਮਾਨ,ਖੋਜ਼ੀ ਕਾਫ਼ਿਰ,ਉਂਕਾਰਪ੍ਰੀਤ,ਤ੍ਰਿਲੋਚਨ ਸਿੰਘ ਗਿੱਲ,ਪਰਮਿੰਦਰ ਕੌਰ ਸਵੈਚ ਆਦਿ।
ਪੰਜਵੀਂ ਪੀੜੀ:-ਤਰਸਪਾਲ ਕੌਰ,ਸੈਮੂਅਲ ਜੌਨ,ਰਤਨ ਰੀਹਲ,ਨਾਹਰ ਸਿੰਘ ਔਜਲਾ ਆਦਿ।
ਉਪਰੋਕਤ ਵੇਰਵਿਆਂ ਤੋਂ ਇਲਾਵਾ ਕੁਲਦੀਪ ਸਿੰਘ ਦੀਪ ਵੱਲੋਂ ਵਿਧਾ ਅਤੇ ਸ਼ੈਲੀ ਪੱਖੋ ਸਮੇਤ ਨਵੇਂ ਨਾਟਕੀ ਰੂਪਾਂ ਸੰਬੰਧਿਤ ਦਿੱਤੀ ਜਾਣਕਾਰੀ ਦਾ ਵੀ ਵੇਰਵਾ ਦੇਣਾ ਇੱਥੇ ਹੋਰ ਜ਼ਰੂਰੀ ਹੋ ਜਾਂਦਾ ਹੈ।
ਇਕ ਪਾਤਰੀ ਨਾਟਕ (ਕਰਤਾਰ ਸਿੰਘ ਦੁੱਗਲ, ਅਮਰਜੀਤ ਗਰੇਵਾਲ, ਸੈਮੁਅਲ ਜੌਨ, ਪਾਲੀ ਭੁਪਿੰਦਰ, ਸੋਮਪਾਲ ਹੀਰਾ ਆਦਿ)
ਕਾਵਿ ਨਾਟਕ (ਸੰਤ ਸਿੰਘ ਸੇਖੋਂ, ਦੀਦਾਰ ਸਿੰਘ, ਸੁਰਜੀਤ ਹਾਂਸ, ਅਜਾਇਬ ਕਮਲ, ਰਵਿੰਦਰ ਰਵੀ, ਹਰਿਭਜਨ ਸਿੰਘ ਆਦਿ)
ਸੰਗੀਤ ਨਾਟਕ (ਸ਼ੀਲਾ ਭਾਟੀਆ, ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਮੱਲ ਸਿੰਘ ਰਾਮਪੁਰੀ ਆਦਿ)
ਨ੍ਰਿਤ ਨਾਟਕ (ਹਰਨਾਮ ਸਿੰਘ ਨਾਜ਼, ਭਾਗ ਸਿੰਘ ਆਦਿ) 5. ਬਾਲ ਨਾਟਕ (ਸਾਧੂ ਸਿੰਘ, ਰਮਾ ਰਤਨ, ਜਗਦੀਸ਼, ਸਰਬਜੀਤ ਬੇਦੀ, ਕੇਵਲ ਧਾਲੀਵਾਲ, ਦਰਸ਼ਨ ਆਸ਼ਟ, ਤਰਲੋਚਨ, ਕੁਲਦੀਪ ਸਿੰਘ ਦੀਪ ਆਦਿ)
ਮੂਕ ਨਾਟਕ (ਸਤੀਸ਼ ਕੁਮਾਰ ਵਰਮਾ, ਆਦਿ)
ਰੇਡੀਓ ਨਾਟਕ (ਕਰਤਾਰ ਸਿੰਘ ਦੁੱਗਲ, ਸੁਖਚੈਨ ਭੰਡਾਰੀ ਆਦਿ)
ਬਹੁ ਵਿਧਾਈ ਨਾਟਕ (ਸਤੀਸ਼ ਕੁਮਾਰ ਵਰਮਾ, ਰਵਿੰਦਰ ਰਵੀ, ਪਾਲੀ ਭੁਪਿੰਦਰ ਆਦਿ)
ਕੋਰੀਓਗ੍ਰਾਫੀ (ਲਗਭਗ ਸਾਰੀਆਂ ਨਾਟ ਮੰਡਲੀਆਂ ਗਾਹੇ ਵਗਾਹੇ ਇਸ ਵਿਧਾ ਨੂੰ ਅਪਣਾਉਂਦੀਆਂ ਰਹੀਆਂ ਹਨ
ਕਵਿਤਾ ਅਤੇ ਕਹਾਣੀ ਦਾ ਨਾਟਕ (ਗੁਰਸ਼ਰਨ ਭਾਜੀ , ਪ੍ਰੌ ਅਜਮੇਰ ਔਲਖ ਅਤੇ ਕੇਵਲ ਧਾਲੀਵਾਲ ਆਦਿ)
ਡਾਇਰੈਕਟਰ ਦਾ ਨਾਟਕ (ਕੇਵਲ ਧਾਲੀਵਾਲ, ਕੀਰਤੀ ਕਿਰਪਾਲ, ਅਤੇ ਥੀਏਟਰ ਵਿਭਾਗਾਂ ‘ਚੋਂ ਆਏ ਕੁੱਝ ਹੋਰ ਆਰਟਿਸਟ)
ਨੁੱਕੜ ਨਾਟਕ (ਗੁਰਸ਼ਰਨ ਸਿੰਘ, ਰਜਿੰਦਰ ਭੋਗਲ, ਸ ਨ ਸੇਵਕ, ਸਤੀਸ ਕੁਮਾਰ ਵਰਮਾ, ਟੋਨੀ ਬਾਤਿਸ਼, ਅਸ਼ੋਕ ਪੁਰੀ, ਦਰਸ਼ਨ ਮਿਤਵਾ, ਸੈਮੂਅਲ ਜੌਨ ਆਦਿ)
ਲਘੂ ਨਾਟਕ (ਅਜਮੇਰ ਔਲ਼ਖ, ਆਤਮਜੀਤ, ਪਾਲੀ ਭੁਪਿੰਦਰ, ਡਾ. ਕੁਲਦੀਪ ਸਿੰਘ ਦੀਪ ਆਦਿ) ਇਹ ਸਾਰੇ ਨਾਟਕੀ ਰੂਪ ਆਧੁਨਿਕ ਸਥਿਤੀਆਂ ਦੀ ਲੋੜ ਵਿੱਚੋਂ ਆਪਮੁਹਾਰੇ ਪੈਦਾ ਹੋਏ।
ਰੰਗਮੰਚ ਬਾਰੇ ਗੱਲ ਕਰਦਿਆਂ ਜ਼ਿੰਦਗੀ ਦਾ ਹਰ ਪਲ ਲੇਖੇ ਲੱਗ ਸਕਦਾ। ਕਿਉਂਕਿ ਜ਼ਿੰਦਗੀ ਰੰਗਮੰਚ ਹੀ ਤਾਂ ਹੈ,ਆਖਰੀ ਦ੍ਰਿਸ ਦੀ ਪਰਵਾਹ ਕੀਤੇ ਬਿਨਾ ਅਸੀਂ ਆਪਣੇ ਹਿੱਸੇ ਦੀਆਂ ਜੁੰਮੇਵਾਰੀਆਂ ਨਿਭਾ ਰਹੇ ਹਾਂ ਤੇ ਨਿਭਾਉਂਦੇ ਰਹਿਣਾ ਹੀ ਜ਼ਿੰਦਗੀ ਜ਼ਿੰਦਾਬਾਦ ਲਈ ਜ਼ਰੂਰੀ ਹੈ। ਆਉਣ ਵਾਲ਼ੇ ਸਮੇਂ ਵਿੱਚ ਰੰਗਮੰਚ ਨੇ ਹਜੇ ਹੋਰ ਬੁਲੰਦੀਆਂ ਨੂੰ ਛੂਹਣਾ ਹੈ।
ਆਓ ਇਸ ਚਰਚਾ ਦੀ ਸਮਾਪਤੀ ਤੋਂ ਪਹਿਲਾਂ ਪੂਰੀ ਦੁਨੀਆਂ ਵਿੱਚ ਵੱਸਦੇ ਰੰਗਕਰਮੀਆਂ ਨੂੰ ਸਲਾਮ ਕਰਦਿਆਂ, ਰੰਗਮੰਚ ਦਿਹਾੜੇ ਦੀ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਕਹੀਏ।
ਸੁਖਚੈਨ ਸਿੰਘ ਕੁਰੜ ( ਪੰਜਾਬੀ ਅਧਿਆਪਕ)

ਦੇਸ਼ਾਂ-ਵਿਦੇਸ਼ਾਂ ਤੱਕ ਆਪਣੀ ਕਲਾ ਨਾਲ ਛਾ ਜਾਣ ਵਾਲਾ ਅਦਾਕਾਰ ਗੁਰਮੇਲ ਸਿੰਘ ✍️. ਸ਼ਿਵਨਾਥ ਦਰਦੀ

ਗੁਰਮੇਲ ਸਿੰਘ ਇੱਕ ਐਸਾ ਅਦਾਕਾਰ ਹੈ ਜੋ ਹਰ ਰੋਲ ਵਿਚ ਆਪਣੇ ਆਪ ਨੂੰ ਉਤਾਰ ਕੇ , ਹਰ ਰੋਲ ਨੂੰ ਬਾਖੂਬੀ ਨਿਭਾਉਂਦਾ ਹੈ। ਉਹ ਅਦਾਕਾਰੀ ਦੇ ਨਾਲ ਨਾਲ , ਮਾਡਲਿੰਗ ਦੇ ਖੇਤਰ ਵਿਚ ਆਪਣਾ ਨਿਵੇਕਲੀ ਪਛਾਣ ਸਥਾਪਤ ਕਰ ਰਿਹਾ ਹੈ । ਹੁਣੇ ਹੁਣੇ ਦੁਬਈ ਵਿਖੇ ਸਰਬਜੀਤ ਸਾਗਰ ਦੇ ਗੀਤ ਵਿੱਚ ਮਾਡਲਿੰਗ ਕਰਕੇ ਅਤੇ ਇੰਟਰਨੈਸ਼ਨਲ ਸਟੂਡੈਂਟ ਡਾਕੂਮੈਂਟਰੀ ਫਿਲਮ ਵਿਚ  ਵਧੀਆ ਰੋਲ ਅਦਾ ਕਰਕੇ ਆਪਣੇ ਆਪ ਨੂੰ ਬਹੁਤ ਵਧੀਆ ਐਕਟਰ ਸਾਬਤ ਕਰ ਚੁੱਕਾ ਹੈ। ਮਾਤਾ ਕੁਲਦੀਪ ਕੌਰ ਦੀ ਕੁੱਖੋਂ ਅਤੇ ਪਿਤਾ ਗੁਰਜੰਟ ਸਿੰਘ ਢਿੱਲੋਂ ਦੇ ਘਰ ਪਿੰਡ ਦਬੜੀਖਾਨਾ ਜਨਮਿਆ । ਗੁਰਮੇਲ ਸਿੰਘ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਵਿਦਿਆ ਪ੍ਰਾਪਤ ਕਰਕੇ , ਫਿਰ ਜਿੰਦਲ ਕੋਟਕਪੂਰਾ ਪਾਸੋਂ account ਦਾ ਕੋਰਸ ਕਰ ਚੁੱਕਾ ਹੈ। ਆਪਣੀ ਐਕਟਿੰਗ ਦੀ ਅੰਦਰਲੀ ਤੜਪ ਨੂੰ ਬਝਾਉਣ ਦੇ ਲਈ , ਉਸ ਨੇ ਸੰਨ 2010 ਤੋਂ ਛਿੰਦਾ ਸਿੰਘ ਛਿੰਦਾ ਨਾਲ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ। ਉਸ ਦਾ ਪਹਿਲਾ ਨਾਟਕ ਬਾਬਾ ਫਰੀਦ ਆਗਮਨ ਪੁਰਬ ਤੇ‌ ਕਾਲੇ ਮੈਂਡੇ ਕੱਪੜੇ ਸੀ। ਇਸ ਤੋਂ ਬਾਅਦ ਗੁਰਮੇਲ ਸਿੰਘ ਨੇ ਲਗਾਤਾਰ ਥਿਏਟਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਲੇਖਕ ਅਤੇ ਨਿਰਦੇਸ਼ਕ ਛਿੰਦਾ ਸਿੰਘ ਛਿੰਦਾ ਨਾਲ , ਕਈ ਨਾਟਕ ਖੇਡੇ ਜਿਨ੍ਹਾਂ ਵਿੱਚੋਂ ਵਾਲੀਵਾਰਸ, ਗੋਡ ਇਜ ਵੰਨ, ਸਭ ਮਹਿ ਸਚਾ ਏਕੋ ਸੋਈ, ਜਾਗਦੇ ਰਹੋ, ਹੀਰੇ ਹਿੰਦੋਸਤਾਨ ਦੇ, ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਆਦਿ ਵਿਚ ਬਾਖੂਬੀ ਰੋਲ ਅਦਾ ਕੀਤੇ। ਗੁਰਮੇਲ ਨੇ , ਕਈ ਲਘੂ ਫ਼ਿਲਮਾਂ ਵਿਚ ਜਿਵੇਂ -ਨੱਬੇ ਘੱਟ, ਅੰਡਿਆਂ ਦੀ ਟਰੇਅ, ਆਤਮਾ, ਜੈੱਕ ਅਤੇ ਫੈਵੀਕਵਿੱਕ ਵਿੱਚ ਕੰਮ ਕਰਕੇ ਫਿਲਮੀ ਕਲਾਕਾਰ ਹੋਣ ਦਾ ਮਾਣ ਹਾਸਲ ਕੀਤਾ। ਗੁਰਮੇਲ ਸਿੰਘ ਨੇ ਪਰਵੇਜ਼ ਅਖਤਰ ਦੇ ਸੋਹਲੋ ਗੀਤ "ਟਰਨਿੰਗ ਬੈਕ" ਵਿੱਚ ਸਾਈਡ ਹੀਰੋ ਦਾ ਰੋਲ ਕੀਤਾ। ਇਸ ਦੇ ਨਾਲ ਹੀ , ਉਸ ਨੇ ਛਿੰਦਾ ਸਿੰਘ ਛਿੰਦਾ ਵੱਲੋਂ ਗਾਏ ਗੀਤ "ਕੋਮ ਦਲੇਰਾਂ ਦੀ" ਵਿੱਚ ਕੋਤਵਾਲ ਦੀ ਭੂਮਿਕਾ ਨਿਭਾਈ ਅਤੇ ਵਧੀਆ ਡਾਇਲਾਗ ਬੋਲ ਕੇ ਵਧੀਆ ਅਦਾਕਾਰ ਹੋਣ ਦਾ ਸਬੂਤ ਦਿੱਤਾ। ਗੁਰਮੇਲ ਸਿੰਘ ਦਾ ਸੁਪਨਾ ਹੈ ਕਿ ਉਹ ਆਪਣੀ ਅਦਾਕਾਰੀ ਦੇ ਬਲਬੂਤੇ ਤੇ , ਆਪਣਾ ਨਾਮ ਦੇਸ਼ ਵਿਦੇਸ਼ ਵਿੱਚ ਚਮਕਾਏ। ਹੁਣੇ-ਹੁਣੇ "ਤਰਲੋਕ ਫ਼ਿਲਮ' ਦੇ ਬੈਨਰ ਹੇਠ 'ਦੁਬਈ' ਗਈ 'ਛਿੰਦਾ ਸਿੰਘ ਛਿੰਦਾ' ਦੀ ਟੀਮ ਵਿੱਚ 'ਦੁਬਈ' ਵਿਖੇ ਗੀਤ ਵਿੱਚ ਕੰਮ ਕਰਨ ਦੇ ਨਾਲ-ਨਾਲ ਪੰਜਾਬੀ ਲੋਕ ਨਾਚ ਅਕੈਡਮੀ ਵੱਲੋਂ ਕਰਵਾਏ ਗਏ ਨਾਟਕ ਸੋਅ 'ਸੁੰਦਰਾਂ' ਵਿੱਚ ਵੀ ਬਹੁਤ ਸ਼ਾਨਦਾਰ ਭੂਮਿਕਾ ਨਿਭਾ ਵਾਹ ਵਾਹ ਖੱਟੀ । ਸ਼ਾਲਾ , ਇਸ ਅਦਾਕਾਰ ਨੂੰ ਰੱਬ ਹੋਰ ਤਰੱਕੀਆਂ ਬਖ਼ਸ਼ੇ। ਸ਼ੁਭਕਾਮਨਾਵਾਂ , ਨਵੀਆਂ ਪੈੜਾਂ ਪੁੱਟਣ ਲਈ । ਬੁਲੰਦੀਆਂ ਦੀ ਚਾਹਤ ਲੈ ,  ਸੁਪਨਿਆਂ ਦਾ ਸੌਦਾਗਰ ਬਣ , ਅੱਗੇ ਵੱਲ ਵਧਦਾ ਰਹੇ । ਆਮੀਨ

                            ਸ਼ਿਵਨਾਥ ਦਰਦੀ 

                    ਸੰਪਰਕ :- 98551/55392

ਪੰਜਾਬ ਦੀ ਨਵੀਂ ਸਰਕਾਰ ਅਤੇ ਆਪ ਹੁਦਰੇ ਲੋਕ ✍️ ਪਰਮਿੰਦਰ ਸਿੰਘ ਬਲ

ਲੋਕ ਇਨਸਾਫ਼ ਦੀ ਜਦ ਗੱਲ ਕਰੀਏ ਤਾਂ ਉਸ ਪੱਖੋਂ ਕਈ ਤੱਤ ਵਿਚਾਰਨੇ ਜ਼ਰੂਰੀ ਹੋ ਜਾਂਦੇ ਹਨ । ਸਮਾਜਿਕ ਅਤੇ ਸੱਤਾ ਦੀਆਂ ਤਬਦੀਲੀਆਂ ਆਮ ਚੱਲਦੇ ਸੰਸਾਰ ਵਿੱਚ ਹੁੰਦੀਆਂ ਆਈਆਂ ਹਨ ।ਜਿਨਾਂ ਆਸਰੇ ਸਮਾਜਿਕ ਸੁਧਾਰ ਦਾ ਰੰਗ ਢੰਗ ਨਵੇਂ ਦੌਰ ਅਤੇ ਨਵੀਆਂ ਤਰੱਕੀਆਂ ਨੂੰ ਮਾਨਣਾ ਸ਼ੁਰੂ ਕਰਦਾ ਹੈ । ਪਰ ਇਹ ਤਾਹੀਓ ਸਫਲ ਹੈ ਜੇ ਲੋਕ ਨਵੀਂ ਤਬਦੀਲੀ ਨੂੰ ਨਵੇਂ ਤੌਰ ਤੇ ਗ੍ਰਹਿਣ ਕਰਨ ਅਤੇ ਹੱਕੀ ਹਾਸਲ ਕਬੂਲ ਕਰਨ । ਪੰਜਾਬ ਵਿੱਚ ਜੋ ਜਿੱਤ ਆਮ ਪਾਰਟੀ ਨੂੰ ਹਾਸਲ ਹੋਈ , ਉਸ ਤੋਂ ਇਕ ਨਵੇਂ ਸੁਚੱਜੇ ਪੰਜਾਬ ਸਿਰਜਣ ਦੀ ਆਸ ਦਿਸਦੀ ਹੈ । ਪਰ ਜੋ ਕੁਝ ਦੇਖਣ ਵਿੱਚ ਸ਼ੁਰੂ ਹੋ ਰਿਹਾ ਹੈ ਲੋਕਾਂ ਦੇ ਆਪਣੇ ਚਾਅ ਅਤੇ ਜਿੱਤ ਦਾ ਦਿਖਾਵਾ ਸਿਆਸੀ ਰਹੁ ਰੀਤ , ਪੁਰਾਣੀਆਂ ਰਵਾਇਤੀ ਪਾਰਟੀਆਂ ਵਰਗਾ ਹੀ ਹੈ । ਪੰਜਾਬ ਵਿਧਾਨ ਸਭਾ ਜਿਸ ਨੂੰ ਲੋਕ ਤੰਤਰ ਦਾ ਮੰਦਰ ਮਨ ਕੇ , ਵਿਧਾਨ ਸਭਾ ਲਈ ਚੁਣ ਕੇ ਇਸ ਮੰਦਰ ਵਿੱਚ ਬੈਠ ਕੇ ਇਨਸਾਫ਼ ਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਜੋ ਸਹੁੰ ਚੁੱਕ ਕੇ ਕਦਮ ਪੁੱਟਣੇ ਸਨ । ਉਸ ਕਲਮ ਬੰਦੀ ਸਹੁੰ ਨੂੰ ਬਦਲ ਕੇ “ ਖਟਕੜ” ਕਲਾਂ ਵਿਖੇ ਤਬਦੀਲ ਕਰਨਾ ਬਿਲਕੁਲ ਸਹੀ ਕਿਵੇਂ ਕਿਹਾ ਜਾ ਸਕਦਾ ਹੈ ? ਸ਼ਹੀਦ ਭਗਤ ਸ਼ਹੀਦ ਭਗਤ ਸਿੰਘ ਸਾਡਾ ਅਤੇ ਦੇਸ਼ ਦਾ ਮਹਾਨ ਸ਼ਹੀਦ ਹੈ । ਜਿਸ ਆਜ਼ਾਦੀ ਅਤੇ ਸੰਵਿਧਾਨ ਨੂੰ ਅਸੀਂ ਮਾਣ ਰਹੇ ਹਾਂ ਉਹ ਭਗਤ ਸਿੰਘ ਅਤੇ ਹੋਰ ਹਜ਼ਾਰਾਂ ਸ਼ਹੀਦਾਂ ਦੀ ਦੇਣ ਹੈ । ਸਟੇਟ ਅਸੈਬਲੀਆਂ , ਪਾਰਲੀਮੈਂਟ ( ਇਹ ਸਭ ਗਣ ਤੰਤਰ ਦੇ ਮੰਦਰ) ਕੁਰਬਾਨੀਆਂ ਸਦਕਾ ਹੀ ਹਨ। ਇੱਥੇ ਸਹੁੰ ਚੁੱਕਣ ਤੋਂ ਇਨਕਾਰੀ ਹੋਣਾ , ਕੁਰਬਾਨੀਆਂ ਨੂੰ ਪਿੱਠ ਦੇਣੀ ਹੈ। ਕੀ ਇਹ ਪੰਜਾਬ ਅਸੰਬਲੀ ,ਪਾਰਲੀਮੈਂਟ ਅਤੇ ਭਾਰਤੀ ਸੰਵਿਧਾਨ ਅੱਧੀਨ ਸਹੀ ਹੈ ਜਾਂ ਗਲਤ ? ਜਾਂ ਇਹ ਨਵੀਂ ਪਿਰਤ ਅਤੇ ਜਿੱਤ ਦਾ ਨਵਾਂ ਸ਼ੋਸ਼ਾ ਹੈ , ਜੋ ਲੋਕਾਂ ਨੂੰ ਆਪਣੇ ਇਨਸਾਫ਼ ਅਤੇ ਸੁਧਾਰ ਪੱਖੋਂ ਗੁਮਰਾਹ ਕਰੇਗਾ । ਸਾਡੀ ਪੰਜਾਬੀਆਂ ਤੇ ਸਿੱਖਾਂ ਦੀ ਕਾਫ਼ੀ ਜ਼ਿਆਦਾ ਆਬਾਦੀ ਪੱਛਮੀ ਮੁਲਕਾਂ ਵਿੱਚ ਵੱਸਦੀ ਹੈ । ਉਹਨਾਂ ਮੁਲਕਾਂ ਵਿੱਚ ਹਮੇਸ਼ਾ ਚੋਣਾਂ ਹੁੰਦੀਆਂ ਹਨ , ਪਰੰਤੂ ਕਿਸੇ ਪਾਰਟੀ ਦੀ ਜਿੱਤ ਤੋ ਬਾਅਦ ਇਸ ਤਰਾਂ ਦੀ ਆਪੋ-ਧਾਪੀ , ਜਸ਼ਨ ਨਹੀਂ ਕੀਤੇ ਜਾਂਦੇ । ਇਸ ਤਰਾਂ ਲੋਕਾਂ ਦਾ ਪੈਸਾ ਬਰਬਾਦ ਕਰਨ ਦਾ ਕਿਸੇ , ਵਿਧਾਇਕ ,ਐਮ ਪੀ ਜਾਂ ਸਮੁੱਚੀ ਪਾਰਟੀ ਨੂੰ ਕੋਈ ਅਧਿਕਾਰ ਨਹੀਂ ਹੈ । ਇਹ ਲੋਕ ਤੰਤਰ ਵਿੱਚ ਅਜਿਹਾ ਕਰਨਾ ਸਿਰਫ਼ ਗੈਰ ਵਿਧਾਨਕ ਜਾਂ ਗੈਰ ਕਾਨੂੰਨੀ ਹੀ ਨਹੀਂ ਸਗੋਂ ਉਹਨਾਂ ਲੋਕਾਂ ਨਾਲ ਧੋਖਾ ਗਿਣਿਆ ਜਾਂਦਾ ਹੈ , ਜਿਨਾਂ ਵੋਟ ਪਾ ਕੇ ਵਿਧਾਇਕ ਚੁਣ ਕੇ ਭੇਜੇ ਹਨ। ਉਹੀ ਪਿਛਾਂਹ ਖਿੱਚੂ ਪੁਰਾਣੀਆਂ ਸਮਾਜ ਮਾਰੂ ਆਦਤਾਂ । ਮੈਂ ਅੱਜ ਦੀ ਤਰਾਂ 2016 ਫ਼ਰਵਰੀ ਵਿੱਚ ਪੰਜਾਬ ਵਿੱਚ ਸਾਂ , ਜਦ ਕਾਂਗਰਸ ਆਗੂਆਂ ਨੇ ,ਮੋਗੇ ,ਵਿੱਚ ਰਾਹੁਲ ਗਾਂਧੀ ਦੀ ਕਾਨਫਰੰਸ ਰੈਲੀ ਨੂੰ ਕਾਮਯਾਬ ਬਣਾਉਣ ਹਿਤ , 150 ਏਕੜ ਬੀਜੀ ਹੋਈ ਕਣਕ ਦੇ ਖੇਤ , ਵਾਹ ਕੇ , ਖਾਲੀ ਕਰਵਾ ਕੇ , ਕਾਨਫਰੰਸ ਕੀਤੀ ਸੀ । ਅੱਜ ਆਮ ਪਾਰਟੀ ਉਹੀ ਕੁਝ ਦੁਹਰਾਇਆ ਹੈ , ਅੱਜ ਭੀ ਮੈਂ ਇੱਥੇ ਸਭ ਕੁਝ ਹੁੰਦਾ ਦੇਖ ਕੇ ਹੈਰਾਨ ਹੀ ਨਹੀਂ , ਦਿਲੋਂ ਦੁਖੀ ਹਾਂ । ਖਟਕੜ ਕਲਾਂ ਵਿੱਚ “145” ਏਕੜ ਸਿੱਟੇ ਤੇ ਆਈ ਕਣਕ ਨੂੰ ਵਾਹ , ਤਬਾਹ ਕਰਕੇ “ ਆਪ ਪਾਰਟੀ “ ਅਸੰਬਲੀ ਨੂੰ ਚੰਡੀਗੜ੍ਹੇ ਪਿੱਛੇ ਛੱਡ ਕੇ ਸਹੁੰ ਚੁੱਕ ਸਮਾਗਮ , ਰੈਲੀ ਕਰ ਰਹੀ ਹੈ । ਦੇਸ਼ ਵਿੱਚ ਅੰਤ ਦੀ ਗਰੀਬੀ , ਇਹੀ ਦਾਣੇ ਇਕ ਗਰੀਬ ਦੇ ਪੇਟ ਦੀ ਖੁਰਾਕ ਹੋਣ ਦਾ ਹੱਕ ਹੋ ਸਕਦਾ ਸੀ ! ਇਹ ਕਣਕ ਦੇ ਦਾਣੇ ਗੁਮਰਾਹ ਹੋਏ ਲੋਕਾਂ ਅਤੇ ਚੁਣੇ ਵਿਧਾਇਕਾਂ ਦੇ ਪੈਰਾਂ ਥੱਲੇ ਕੁਚਲੇ ਜਾਣ ਦੇ ਸਾਧਨ ਹੀ ਰਹਿ ਗਏ ਹਨ । “ਕੌਣ  ਆਖੇ  ਰਾਣੀਏ ਅਗਾ ਢੱਕ” , ਅੱਜ ਇਹ ਪੰਜਾਬ ਦੇ ਨਵੇਂ ਰਾਜੇ ਹਨ । ਸੱਤਾ ਅੱਗੇ ਕਿਸ ਦੀ ਓਕ ਟੋਕ ਹੋ ਸਕਦੀ ਹੈ ? ਇਕ ਸਵਾਲ ਹੈ ਚੋਣ ਤਾਂ  , ਫਿਰ ਤੋਂ ਅਦਿਤਿਆਨਾਥ ਯੋਗੀ ਯੂ ਪੀ ਵਿੱਚ ਪਹਿਲਾਂ ਨਾਲ਼ੋਂ ਵਧ ਬਹੁਮਤ ਨਾਲ ਜਿੱਤ ਚੁੱਕੇ ਹਨ , ਕੀ ਉਹ ਭੀ ਅਜਿਹਾ ਸੋਚ ਸਕਦੇ ਹਨ ਕਿ ਮੈਂ (ਯੋਗੀ) ਰਾਮ ਮੰਦਰ ਜਾ ਕਾ ਸਹੁੰ ਚੁੱਕ ਲਵਾਂ ! ਇਹ ਅਸੰਭਵ ਹੈ , ਲੋਕ ਤੰਤਰ ਦੇ ਸੰਵਿਧਾਨ ਦੇ ਵਿਰੁੱਧ ਹੈ । ਜਿੱਥੋਂ ਤੱਕ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਹੈ , ਇਹੀ ਕਣਕ ਦੇ ਖੇਤ ਬਚਾਏ ਜਾਂਦੇ ਅਤੇ ਕਰੋੜਾਂ ਰੁਪਏ ਦੀ  ਬਰਬਾਦੀ ਬੱਚਾ ਕੇ , ਭਗਤ ਸਿੰਘ ਦੇ ਦੇਸ਼ ਦੇ ਲੋਕਾਂ ਦੇ ਪੇਟੀਂ ਪੈਦਾ , ਇਕ  ਸ਼ਹੀਦ ਦੇ ਸੁਪਨਿਆਂ ਵੱਲ ਨੂੰ ਰਾਹ ਤੁਰਦਾ । ਪੰਜਾਬ ਦੇ ਲੋਕਾਂ ਨੇ ਬੜੇ ਸਿਆਸੀ ਤੇ ਭਰਿਸ਼ਟਾਚਾਰ ਦੀ ਦਹਾਕਿਆਂ ਦੀ ਤੰਗੀ ਤੋਂ ਬਾਅਦ ਇਕ ਨਵੀਂ  “ਆਮ ਪਾਰਟੀ” ਦੇ ਹੱਥ ਆਪਣੀ ਕਿਸਮਤ ਦਾ ਫੈਸਲਾ ਦਿੱਤਾ ਹੈ । ਇਸ ਨਵੇਂ ਦੌਰ ਵਿੱਚ ਹਰ ਚੰਗੇ ਪਰੀਵਰਤਨ ਲਈ ਉਹ ਤਾਂ ਆਸਵੰਦ ਹੀ ਰਹਿਣਗੇ । ਪਰੰਤੂ ਇਸ ਨਵੇਂ ਰਾਜ ਪ੍ਰਬੰਧ ਨੂੰ ਸ਼ੁਰੂ ਵਿੱਚ ਹੀ ਜੇ “ਪੀੜੀ ਥੱਲੇ ਸੋਟਾ ਫੇਰਨ “ ਵਾਲੀ ਗੱਲ ਕਹੀਏ ਤਾਂ ਸ਼ਾਇਦ ਰਾਜ ਪ੍ਰਬੰਧ ਤੇ ਬੇ- ਵਿਸ਼ਵਾਸੀ ਵਾਲੀ ਗੱਲ ਲੱਗਣ ਲੱਗ ਜਾਂਦੀ ਹੈ । —- ਪਰਮਿੰਦਰ ਸਿੰਘ ਬਲ , ਯੂ ਕੇ- psbal46@hotmail.com

ਹੋਲਿਕਾ ਬਨਾਮ ਮਨੀਸ਼ਾ ! ✍️ ਸਲੇਮਪੁਰੀ ਦੀ ਚੂੰਢੀ

ਅੱਜ ਦੇਸ਼ ਵਿਚ  ਹੋਲੀ ਮਨਾਈ ਜਾ ਰਹੀ ਹੈ। ਕਈ ਲੋਕ ਇੱਕ ਦੂਜੇ ਉਪਰ ਰੰਗ ਸੁੱਟ ਰਹੇ ਹਨ ਅਤੇ ਖੁਸ਼ੀ ਮਨਾ ਰਹੇ ਹਨ । ਮਿਥਿਹਾਸ ਮੁਤਾਬਿਕ ਹੋਲਿਕਾ ਨਾਂ ਦੀ ਇਕ ਲੜਕੀ ਨੂੰ ਹੋਲੀ ਤਿਉਹਾਰ ਦੀ ਮੁੱਖ ਨਾਇਕਾ ਮੰਨਿਆ ਜਾ ਰਿਹਾ ਹੈ, ਜਿਸ ਕਰਕੇ ਉਸ ਨੂੰ ਪੂਜਿਆ ਵੀ ਜਾ ਰਿਹਾ ਹੈ ਅਤੇ ਜਲਾਇਆ ਵੀ ਜਾ ਰਿਹਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਹੋਲਿਕਾ ਬੁਰੀ ਸੀ ਤਾਂ, ਫਿਰ ਉਸ ਨੂੰ ਪੂਜਿਆ ਕਿਉਂ ਜਾ ਰਿਹਾ ਹੈ ਅਤੇ ਜੇਕਰ ਉਹ ਚੰਗੀ ਸੀ ਤਾਂ, ਫਿਰ ਉਸ ਨੂੰ ਜਲਾਇਆ ਕਿਉਂ ਜਾ ਰਿਹਾ ਹੈ?
ਮਿਥਿਹਾਸ ਮੁਤਾਬਿਕ  ਹੋਲਿਕਾ ਨੂੰ ਜਿਉਂਦੀ ਨੂੰ ਹੀ ਅੱਗ ਲਗਾ ਕੇ ਜਲਾ ਦਿੱਤਾ ਗਿਆ ਸੀ। ਮਿਥਿਹਾਸ ਮੁਤਾਬਿਕ ਜਲਾਇਆ ਵੀ ਉਸ ਨੂੰ ਉਸ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਗਿਆ ਸੀ ਕਿਉਂ?
ਦੇਸ਼ ਦੇ ਉੱਤਰ ਪ੍ਰਦੇਸ਼ ਰਾਜ ਦੇ ਸ਼ਹਿਰ ਹਾਥਰਸ ਵਿਚ ਵੀ 20 ਸਤੰਬਰ, 2020 ਨੂੰ 19 ਸਾਲਾ ਮਨੀਸ਼ਾ ਨਾਂ ਦੀ  ਇਕ 'ਹੋਲਿਕਾ' ਨੂੰ ਜਿਊਂਦਿਆਂ ਜਲਾ ਦਿੱਤਾ ਗਿਆ ਸੀ!
ਮਿਥਿਹਾਸ ਮੁਤਾਬਿਕ ਹੋਲਿਕਾ ਵੀ ਭਾਰਤ ਦੀ ਮੂਲ-ਨਿਵਾਸੀ ਲੜਕੀ ਸੀ, ਜਿਵੇਂ ਮਨੀਸ਼ਾ ਮੂਲ-ਨਿਵਾਸੀ (ਦਲਿਤ) ਪਰਿਵਾਰ ਦੀ ਬੇਟੀ ਸੀ।
ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਨੇ 25 ਦਸੰਬਰ, 1927 ਨੂੰ ਇੱਕ ਅਜਿਹੇ ਗ੍ਰੰਥ ਨੂੰ ਜਲਾ ਕੇ ਰੋਸ ਪ੍ਰਗਟ ਕੀਤਾ ਸੀ, ਜਿਸ ਵਿਚ ਸਦੀਆਂ ਤੋਂ ਔਰਤਾਂ ਅਤੇ ਦਲਿਤਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਗੈਰ-ਮਨੁੱਖੀ ਕਾਨੂੰਨ ਦਰਜ ਹੈ।
ਜਾਪਦਾ ਹੈ ਕਿ ਹਾਥਰਸ ਦੀ ਬੇਟੀ ਮਨੀਸ਼ਾ ਦੀ ਤਰ੍ਹਾਂ ਹੀ ਹੋਲਿਕਾ ਜਲਾਈ ਹੋਵੇਗੀ?
ਇੱਕ ਹੋਰ ਮਿਥਿਹਾਸਿਕ ਜਾਣਕਾਰੀ ਮੁਤਾਬਿਕ ਹੋਲਿਕਾ ਪ੍ਰਹਿਲਾਦ ਨੂੰ ਆਪਣੀ ਗੋਦ ਵਿਚ ਲੈ ਕੇ ਅੱਗ ਵਿਚ ਬੈਠੀ ਸੀ, ਦੇ ਦੌਰਾਨ ਹੋਲਿਕਾ ਜਲ ਗਈ ਸੀ, ਜਦਕਿ ਪ੍ਰਹਿਲਾਦ ਬਚ ਗਿਆ ਸੀ!
ਦੋਸਤੋ! ਜੇ ਪ੍ਰਹਿਲਾਦ ਬਚ ਗਿਆ ਸੀ ਤਾਂ ਫਿਰ 'ਹੈਪੀ ਪ੍ਰਹਿਲਾਦ' ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ ਸੀ, 'ਹੈਪੀ ਹੋਲੀ' ਤਿਉਹਾਰ ਕਿਉਂ?
ਇਸ ਲਈ ਚਾਹੀਦਾ ਹੈ ਕਿ ਅਸੀਂ ਆਪਣੇ ਦਿਮਾਗ ਦੀ ਬੱਤੀ ਜਲਾ ਕੇ, ਸੱਚ ਦੀ ਖੋਜ ਕਰੀਏ।
 ਆਉ!  ਵਿਗਿਆਨ ਅਤੇ ਇਤਿਹਾਸ ਦੀ ਸਾਣ 'ਤੇ ਦਿਮਾਗ ਨੂੰ ਤਿੱਖਾ ਕਰਕੇ ਸੱਚ ਦੀ ਖੋਜ ਕਰੀਏ, ਇਸੇ ਵਿਚ ਸਮਾਜ ਦਾ ਭਲਾ ਹੈ।
ਦੋਸਤੋ! ਆਮ ਤੌਰ 'ਤੇ ਮਿਥਿਹਾਸਿਕ ਤਿਉਹਾਰ  ਪੁਜਾਰੀਆਂ, ਵਪਾਰੀਆਂ ਅਤੇ ਸਿਆਸਤਦਾਨਾਂ ਲਈ ਵਰਦਾਨ ਹੁੰਦੇ ਹਨ, ਜਦ ਕਿ ਆਮ ਲੋਕਾਂ ਲਈ ਖਰਚ ਦਾ ਖੌ ਅਤੇ ਲੜਾਈਆਂ ਦਾ ਕਾਰਨ ਬਣਦੇ ਹਨ!
ਦੋਸਤੋ! ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ, ਜਿਹੜੇ ਲੋਕ ਰਾਜ-ਸੱਤਾ 'ਤੇ ਕਾਬਜ ਹੁੰਦੇ ਹਨ, ਉਹ ਵਿਕਾਊ ਲੇਖਕਾਂ /ਪੱਤਰਕਾਰਾਂ / ਇਤਿਹਾਸਕਾਰਾਂ /ਕਹਾਣੀਕਾਰਾਂ /ਕਵੀਆਂ /ਨਾਵਲਕਾਰਾਂ/ਨਾਵਲਕਾਰਾਂ ਕੋਲੋਂ ਆਪਣੀ ਪ੍ਰਸੰਸਾ ਵਿਚ ਗ੍ਰੰਥ / ਕਿਤਾਬਾਂ ਲਿਖਵਾਉਂਦੇ ਹਨ। ਵਿਕਾਊ ਲੇਖਕ  ਸੱਚ ਨੂੰ ਝੂਠ, ਝੂਠ ਨੂੰ ਸੱਚ, ਇਤਿਹਾਸ ਨੂੰ ਮਿਥਿਹਾਸ, ਮਿਥਿਹਾਸ ਨੂੰ ਇਤਿਹਾਸ, ਵਿਗਿਆਨ ਨੂੰ ਅੰਧ-ਵਿਸ਼ਵਾਸ਼ ਅਤੇ ਅੰਧ-ਵਿਸ਼ਵਾਸ਼ ਨੂੰ ਵਿਗਿਆਨਕ ਲੀਹਾਂ 'ਤੇ ਤੋਰਕੇ ਲੋਕਾਂ ਦੀ ਮਾਨਸਿਕਤਾ ਬਦਲਾਉਣ ਲਈ ਰੁੱਝੇ ਰਹਿੰਦੇ ਹਨ। ਜਾਪਦਾ ਹੈ ਕਿ ਹੋਲਿਕਾ ਨਾਲ ਸਬੰਧਿਤ ਕਹਾਣੀ ਵੀ ਇਤਿਹਾਸਕ ਨਾ ਹੋ ਕੇ ਮਿਥਿਹਾਸਿਕ ਸਿਰਜਣਾ ਹੈ, ਜਿਸ ਨੂੰ ਉਸ ਸਮੇਂ ਦੇ ਰਾਜੇ ਨੇ ਲਿਖਵਾਇਆ ਹੋਵੇਗਾ, ਕਿਉਂਕਿ ਜਿਸ ਦੀ ਸੋਟੀ ਹੁੰਦੀ ਹੈ, ਉਸ ਦੀ ਮੱਝ ਹੁੰਦੀ ਹੈ!
ਦੇਸ਼ ਦੀ ਰਾਜ-ਸੱਤਾ 'ਤੇ ਲੰਬਾ ਸਮਾਂ ਕਾਬਜ ਰਹੀ ਕਾਂਗਰਸ ਨੇ ਆਪਣੀ ਮਰਜੀ /ਆਪਣੇ ਢੰਗ ਨਾਲ ਰਾਜ ਕੀਤਾ। ਕਾਂਗਰਸ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ, ਉਹ ਇਕ ਦਿਨ ਦੇਸ਼ ਦੀ ਰਾਜ-ਸੱਤਾ ਤੋਂ ਲਾਂਭੇ ਹੋ ਕੇ ਰਹਿ ਜਾਵੇਗੀ।  ਇਸੇ ਤਰ੍ਹਾਂ ਹੀ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਦਿਮਾਗ ਵਿਚ ਵੀ ਇਹ ਹੀ ਗੱਲ ਹੋਵੇਗੀ ਕਿ ਪੰਜਾਬ ਉਪਰ ਅਕਾਲੀ ਦਲ ਤੋਂ ਸਿਵਾਏ ਹੋਰ ਕਿਸੇ ਪਾਰਟੀ ਦਾ ਰਾਜ ਕਾਇਮ ਨਹੀਂ ਹੋਵੇਗਾ, ਇਸੇ ਲਈ ਅਕਾਲੀ ਦਲ ਨੇ 20 ਅਪ੍ਰੈਲ, 1979 ਵਿਚ  ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਮੌਜੂਦਾ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਮਹਾਤਮਾ ਗਾਂਧੀ ਦੀ ਤਸਵੀਰ   ਲਗਾਉਣ ਲਈ ਕਾਨੂੰਨ ਪਾਸ ਕਰ ਦਿੱਤਾ ਸੀ, ਜੋ ਹੁਣ ਤਕ ਚਲਦਾ ਆ ਰਿਹਾ ਸੀ।ਅਕਾਲੀ ਦਲ ਨੂੰ ਇਹ ਲੱਗ ਰਿਹਾ ਸੀ ਕਿ ਪੰਜਾਬ ਵਿਚ ਅਕਾਲੀ ਦਲ ਦਾ ਹੀ ਰਾਜ ਰਹੇਗਾ, ਜਿਸ ਕਰਕੇ ਦਫਤਰਾਂ ਵਿਚ ਉਸ ਨਾਲ ਸਬੰਧਿਤ ਮੁੱਖ ਮੰਤਰੀ ਦੀ ਤਸਵੀਰ ਹੀ ਦਿਖਾਈ ਦੇਵੇਗੀ। ਪਰ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਂਦਿਆਂ ਹੀ ,  ਸੂਬੇ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਸਾਹਿਬ ਅਤੇ ਸ਼ਹੀਦ-ਏ-ਆਜਮ ਭਗਤ ਸਿੰਘ ਦੀਆਂ ਤਸਵੀਰਾਂ ਲਗਾਉਣ ਲਈ ਹੁਕਮ ਜਾਰੀ ਕੀਤੇ ਹਨ। ਇਸੇ ਲਈ ਤਾਂ ਕਹਿੰਦੇ ਹਨ ਕਿ, ਜਿਸ ਦੀ ਸੋਟੀ, ਉਸ ਦੀ ਮੱਝ!

-ਸੁਖਦੇਵ ਸਲੇਮਪੁਰੀ
09780620233
18 ਮਾਰਚ, 2022.

ਵਿਸ਼ਵ ਜਲ ਦਿਵਸ ‘ਤੇ ਵਿਸ਼ੇਸ —ਮਨੁੱਖੀ ਜੀਵਨ ਦਾ ਅਧਾਰ ਹੈ -ਪਾਣੀ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਪਾਣੀ ਕੁਦਰਤ ਦਾ ਅਣਮੋਲ ਤੋਹਫ਼ਾ ਹੈ।,ਮਨੁੱਖੀ ਜੀਵਨ ਪਾਣੀ ‘ਤੇ ਨਿਰਭਰ ਹੈ। ਪਾਣੀ ਨੂੰ ਜੀਵਨ ਦਾ ਮੂਲ ਅਧਾਰ ਹੈ।
ਪਾਣੀ ਬਿਨਾ ਜੀਵਨ ਅਸੰਭਵ ਹੈ ।ਪਾਣੀ ਅਤੇ ਪ੍ਰਾਣੀ ਦਾ ਅਟੁੱਟ ਰਿਸ਼ਤਾ ਹੈ।ਅੱਜ ਵਰਤਮਾਨ ਸਮੇਂ ਪਾਣੀ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਰੋਜ਼ਾਨਾ ਭੱਜ ਦੌੜ ਦੀ ਜਿੰਦਗੀ ਵਿੱਚ ਮਨੁੱਖ ਇਹ ਵੀ ਭੁੱਲ ਚੁੱਕਾ ਹੈ ਕਿ ਦੁਨੀਆਂ ਦੀ ਸਭ ਤੋਂ ਜ਼ਰੂਰੀ ਚੀਜ਼ ਪਾਣੀ ਹੈ।ਇਸ ਤੋਂ ਬਗੈਰ ਜਿੰਦਗੀ ਦੀ ਕਲਪਨਾ ਵੀ ਨਹੀਂ ਹੋ ਸਕਦੀ ਤੇ ਅਸੀਂ ਇਸ ਵੱਡਮੁੱਲੀ ਚੀਜ਼ ਨੂੰ ਅੰਨ੍ਹੇਵਾਹ ਗਵਾਉਂਦੇ ਜਾ ਰਹੇ ਹਾਂ। ਪਾਣੀ ਦੀ ਕੁਵਰਤੋ ਕਰ ਰਹੇ ਹਾਂ।ਪਾਣੀ ਦੀ ਫ਼ਜ਼ੂਲ ਵਰਤੋਂ ਨੇ ਪਾਣੀ ਦੀ ਖਪਤ ਘਟਾ ਦਿੱਤੀ ਹੈ। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਗੁਰਬਾਣੀ ਦੀ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ।ਕਹਿੰਦੇ ਹਨ ਕਿ ਜੇਕਰ ਪਾਣੀ ਦੀ ਕੀਮਤ ਪੁੱਛਣੀ ਹੈ ਤਾਂ ਪਿਆਸੇ ਕੋਲੋ ਪੁੱਛੋ ਜੋ ਬੂੰਦ -ਬੂੰਦ ਨੂੰ ਤਰਸ ਰਿਹਾ ਹੈ ਉਸ ਪਿਆਸੀ ਫਸਲ ਨੂੰ ਪੁੱਛੋ ਜੋ ਜੇਠ ਹਾੜ ਦੀ ਧੁੱਪ ਵਿੱਚ ਕਮਲਾ ਚੁੱਕੀ ਹੈ।ਜਦੋ ਮਨੁੱਖ ਆਪਣੀ ਲਾਲਸਾ ਲਈ ਦਿਮਾਗ ਨੂੰ ਵਰਤਦਾ ਹੈ ਤਾਂਹੀਓ ਉਗ ਧਰਤੀ ਉੱਪਰਲੇ ਪਾਣੀ ਨੂੰ ਗੰਧਲ਼ਾ ਕਰ ਦਿੰਦਾ ਹੈ।
ਮਨੁੱਖ ਨਿੱਜੀ ਸਵਾਰਥਾਂ ਲਈ ਪਾਣੀ ਦੀ ਦੁਰਵਰਤੋਂ ਕਰ ਰਿਹਾ ਹੈ। ਵਰਤਮਾਨ ਸਮੇਂ ਵਿੱਚ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਤੇ ਪਾਣੀ ਪ੍ਰਦੂਸ਼ਿਤ ਵੀ ਹੋਇਆ ਹੈ। ਅੱਜ ਤਾਜ਼ੇ ਤੇ ਸ਼ੁੱਧ ਪਾਣੀ ਦੀ ਘਾਟ ਵੀ ਸਾਹਮਣੇ ਆ ਰਹੀ ਹੈ। ਦਰਿਆਵਾਂ, ਝੀਲਾਂ ਆਦਿ ਦਾ ਪਾਣੀ ਫੈਕਟਰੀਆਂ ਤੇ ਸੀਵਰੇਜਾਂ ਨਾਲ ਗੰਧਲਾ ਹੋ ਗਿਆ ਹੈ। ਝੋਨੇ ਦੀ ਫ਼ਸਲ ਤੇ ਪਾਪੂਲਰ ਦੀ ਖੇਤੀ ਕਾਰਨ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਹੁੰਦਾ ਜਾ ਰਿਹਾ ਹੈ। ਪਾਣੀ ਤੋਂ ਬਿਨਾਂ ਜੀਵ-ਜੰਤੂ ਅਤੇ ਪੌਦੇ ਜ਼ਿੰਦਾ ਨਹੀਂ ਰਹਿ ਸਕਦੇ।ਸੰਯੁਕਤ ਰਾਸ਼ਟਰ ਨੇ ਆਪਣੇ ਉਦੇਸ਼ ਵਿੱਚ ਕਿਹਾ ਹੈ ਕਿ ਸਿੱਖਿਆ, ਸਿਹਤ, ਭੋਜਨ, ਘਰੇਲੂ ਜ਼ਰੂਰਤਾਂ, ਆਰਥਿਕ ਗਤੀਵਿਧੀਆਂ, ਕੌਮਾਂਤਰੀ ਵਣਜ ਵਪਾਰ ਤੋਂ ਵੀ ਜ਼ਿਆਦਾ ਜ਼ਰੂਰੀ ਪਾਣੀ ਹੈ।ਧਰਤੀ ਦੀ ਸਤਿਹ ‘ਤੇ ਲਗਭਗ 71 ਪ੍ਰਤੀਸ਼ਤ ਭਾਗ ਪਾਣੀ ਹੈ ਧਰਤੀ ਉੱਤੇ ਮੌਜੂਦ ਪਾਣੀ ਦਾ 97.2% ਭਾਗ ਮਹਾਂਸਾਗਰਾਂ ਤੇ ਸਾਗਰਾਂ ਵਿੱਚ ਹੈ, ਤਾਜ਼ਾ ਪਾਣੀ ਸਿਰਫ 2.8% ਹੈ ਜਿਸ ਵਿੱਚੋਂ 2.2% ਜ਼ਮੀਨ ਦੇ ਉੱਪਰ ਤੇ 0.6% ਜ਼ਮੀਨ ਦੇ ਹੇਠਾਂ ਹੈ। ਧਰਤੀ ਉੱਤੇ ਮੌਜੂਦ ਕੁਲ ਪਾਣੀ ਦਾ ਸਿਰਫ 0.01% ਹੀ ਦਰਿਆਵਾਂ ਅਤੇ ਝੀਲਾਂ ਦੇ ਰੂਪ ਵਿੱਚ ਮਿਲਦਾ ਹੈ। ਧਰਤੀ ‘ਤੇ ਪਾਣੀ ਤਰਲ, ਵਾਸ਼ਪ ਤੇ ਬਰਫ਼ ਦੇ ਰੂਪ ਵਿੱਚ ਮਿਲਦਾ ਹੈ। ਇਹ ਪਾਣੀ ਸੂਰਜ ਦੀ ਗਰਮੀ ਕਾਰਨ ਚੱਕਰ ਵਿੱਚ ਰਹਿੰਦਾ ਹੈ। ਇਸ ਨੂੰ ਜਲੀ-ਚੱਕਰ ਕਿਹਾ ਜਾਂਦਾ ਹੈ।
ਪਾਣੀ ਤੇ ਸ੍ਰੋਤ ਦਰਿਆ, ਨਦੀਆਂ, ਨਹਿਰਾਂ, ਝੀਲਾਂ ਅਤੇ ਤਲਾਬ ਹਨ।ਜੋ ਕਿ ਅੱਜ ਦੇ ਸਮੇਂ ਵਿੱਚ ਗੰਧਲ਼ੇ ਹੋ ਚੁੱਕੇ ਹਨ। ਪਾਣੀ ਦੇ ਪ੍ਰਦੂਸ਼ਿਤ ਹੋਣ ਦੇ ਕਾਰਨ ਇਸ ਤਰ੍ਹਾਂ ਹਨ-ਘਰੇਲੂ ਪਾਣੀ (ਸੀਵਰੇਜ) ਕਿਸੇ ਦਰਿਆ, ਨਦੀ ਜਾਂ ਡਰੇਨ ਵਿੱਚ ਮਿਲਾ ਦਿੱਤਾ ਜਾਂਦਾ ਹੈ।ਕਈ ਵਾਰ ਪਾਣੀ ਟੂਟੀ ਵਿੱਚੋਂ ਵਰਤ ਕੇ ਟੂਟੀ ਖੁੱਲ੍ਹੀਂ ਛੱਡ ਦਿੱਤੀ ਜਾਂਦੀ ਹੈ ਕਈ ਵਾਰ ਟੂਟੀ ਵਿੱਚੋਂ ਤੁਪਕਾ —ਤੁਪਕਾ ਡੁੱਲ ਰਿਹਾ ਹੁੰਦਾ ਹੈ।ਜੋ ਅਜਾਈ ਜਾਂਦਾ ਹੈ। ਫਸਲਾਂ ਦੇ ਵੱਧ ਝਾੜ ਲੈਣ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੋਣ ਕਰਕੇ ਇਹ ਪਾਣੀ ਵਰਖਾ ਦੇ ਪਾਣੀ ਨਾਲ ਮਿਲ ਜਾਂਦਾ ਹੈ ।ਤੇਲ ਸੋਧਕ ਕਾਰਖਾਨਿਆਂ ਵਿੱਚੋਂ ਨਿਕਲਿਆ ਵਾਧੂ ਪਾਣੀ ਵੀ ਤੇਲ-ਗ੍ਰਸਤ ਹੁੰਦਾ ਹੈ ਜੋ ਕਿ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਦਰਿਆਵਾਂ ਦੇ ਵਿੱਚ ਮੁਰਦੇ ਜਾਂ ਅੱਧਸੜੇ ਮੁਰਦੇ ਪਾਣੀ ਵਿੱਚ ਰੋੜ੍ਹਨ ਨਾਲ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਪਾਣੀ ਦੇ ਪ੍ਰਦੂਸ਼ਣ ਕਰਕੇ ਹੀ ਹੈਜਾ, ਟਾਈਫਾਈਡ, ਮਲੇਰੀਆ, ਹੈਪੇਟਾਈਟਸ ਤੇ ਕੈਂਸਰ ਵਰਗੀਆਂ ਬਿਮਾਰੀਆਂ ਵਧ ਗਈਆਂ ਹਨ ਅਤੇ ਲਗਾਤਾਰ ਲੋਕ ਮੌਤ ਦੇ ਮੂੰਹ ਵਿਚ ਚਲੇ ਜਾ ਰਹੇ ਹਨ। ਅੰਤੜੀਆਂ ਤੇ ਪੇਟ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ।
ਹਰ ਸਾਲ ਵਿਸ਼ਵ ਜਲ ਦਿਵਸ, 22 ਮਾਰਚ ਨੂੰ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਸੰਯੁਕਤ ਰਾਸ਼ਟਰ ਨੇ ਵਾਤਾਵਰਣ ਤੇ ਵਿਕਾਸ ਸੰਬੰਧੀ ਹੋਈ ਕਾਨਫੰਰਸ ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ਼ ਕੀਤੀ ਗਈ ਸੀ ਤੇ ਇਸ ਉੱਪਰੰਤ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾਂ ਸੰਸਾਰ ਪਾਣੀ ਦਿਵਸ ਮਨਾਏ ਜਾਣ ਨੂੰ ਮਾਨਤਾ ਦਿੱਤੀ ਸੀ। ਪਾਣੀ ਤੋਂ ਬਗ਼ੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਇਸ ਦਾ ਮੰਤਵ ਲੋਕਾਂ ਵਿੱਚ ਪਾਣੀ ਨੂੰ ਬਚਾਉਣ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ।
ਦੋਸਤੋਂ ਏਸ਼ਿਆਈ ਵਿਕਾਸ ਬੈਂਕ (ADB )ਮੁਤਾਬਕ ਭਾਰਤ ’ਚ ਸਾਲ 2030 ਤੱਕ ਪਾਣੀ ਅੱਧਾ ਰਹਿ ਜਾਵੇਗਾ। ਯੂਐਸਏਡ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਸਾਲ 2020 ਵਿਚ ਭਾਰਤ ਅਜਿਹੇ ਦੇਸ਼ਾਂ ਦੀ ਲਿਸਟ ਵਿਚ ਸ਼ਾਮਿਲ ਹੋ ਜਾਵੇਗਾ, ਜੋ ਜਲ ਸੰਕਟ ਦੇ ਸ਼ਿਕਾਰ ਹਨ।ਪਾਣੀ ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਤਾ ਹੈ ਪਾਣੀ ਦੇ ਲਾਭ ਹਨ-ਹਾਰਮੋਨ ਬਣਾਉਣ ਲਈ ਦਿਮਾਗ ਨੂੰ ਪਾਣੀ ਦੀ ਲੋੜ ਹੁੰਦੀ ਹੈ।ਸਰੀਰ ਦਾ ਤਾਪਮਾਨ ਪਾਣੀ ਨਾਲ ਤੈਅ ਹੁੰਦਾ ਹੈ ਪਾਣੀ ਨਵੇਂ ਸੈਲ ਤਿਆਰ ਕਰਨ ਵਿੱਚ ਸਹਾਈ ਹੈ।ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਵਿੱਚ ਸਭ ਤੋਂ ਜ਼ਰੂਰੀ ਹੈ ।ਪਾਣੀ ਸਰੀਰ ਵਿੱਚ ਆਕਸੀਜਨ ਦੀ ਜ਼ਰੂਰੀ ਮਾਤਰਾ ਬਣਾਏ ਰੱਖਣ ਲਈ ਜ਼ਰੂਰੀ ਹੈ ।
ਹਰ ਇੱਕ ਨਾਗਰਿਕ ਨੂੰ ਇਸ ਵੱਲ  ਸੁਚੇਤ ਤੇ ਜਾਗਰੂਕ ਹੋਣ ਦੀ ਲੋੜ ਹੈ। ਪਾਣੀ ਦੀ ਸੰਭਾਲ਼ ਕਰਨੀ ਜ਼ਰੂਰੀ ਹੈ।ਵਰਖਾ ਦੇ ਪਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਇਕੱਠਾ ਕਰਨਾ ਚਾਹੀਦਾ ਹੈ। ਪਾਣੀ ਦੀ ਵਰਤੋਂ ਸਿਰਫ਼ ਲੋੜ ਅਨੁਸਾਰ ਹੀ ਕਰੋ, ਜਿਵੇਂ ਕੱਪੜੇ ਧੋਣ ਸਮੇਂ, ਨਹਾਉਣ ਸਮੇਂ, ਬੁਰਸ਼ ਆਦਿ ਕਰਨ ਸਮੇਂ ਬਿਨਾਂ ਮਤਲਬ ਤੋਂ ਟੂਟੀ ਨਾ ਖੋਲ੍ਹੋ।
ਪਾਣੀ ਦੀ ਸੰਭਾਲ਼ ਸੰਬੰਧੀ ਕੁੱਝ ਵਿਦਵਾਨਾਂ ਦੇ ਵਿਚਾਰ ਹਨ —
-ਭਾਈਚਾਰਿਆਂ ਨੂੰ ਪਾਣੀ ਸਾਫ਼ ਕਰਨ ਦਾ ਅਧਿਕਾਰ ਹੈ।ਜੌਨ ਸਲਾਜ਼ਾਰ।
-ਮੈਂ ਕਿਹਾ ਸਮੁੰਦਰ ਬਿਮਾਰ ਸਨ ਪਰ ਉਹ ਨਹੀਂ ਮਰਨਗੇ। ਸਮੁੰਦਰਾਂ ਵਿਚ ਮੌਤ ਦੀ ਕੋਈ ਸੰਭਾਵਨਾ ਨਹੀਂ ਹੈ - ਹਮੇਸ਼ਾਂ ਜ਼ਿੰਦਗੀ ਰਹੇਗੀ - ਪਰ ਉਹ ਹਰ ਸਾਲ ਬਿਮਾਰ ਹੁੰਦੇ ਜਾ ਰਹੇ ਹਨ. ਜੈਕ ਯੇਵਜ਼ ਕਸਟੀਓ.
-ਪਿਆਸੇ ਆਦਮੀ ਲਈ ਪਾਣੀ ਦੀ ਇਕ ਬੂੰਦ ਸੋਨੇ ਦੇ ਥੈਲੇ ਨਾਲੋਂ ਵੀ ਜ਼ਿਆਦਾ ਕੀਮਤ ਦਾ ਹੈ. - ਅਣਜਾਣ ਲੇਖਕ.
-ਸਭਿਆਚਾਰ ਦੇ ਬੱਚੇ ਪਾਣੀ ਨਾਲ ਭਰੇ ਵਾਤਾਵਰਣ ਵਿੱਚ ਪੈਦਾ ਹੁੰਦੇ ਹਨ. ਅਸੀਂ ਸੱਚਮੁੱਚ ਕਦੇ ਨਹੀਂ ਸਿੱਖਿਆ ਹੈ ਕਿ ਪਾਣੀ ਸਾਡੇ ਲਈ ਕਿੰਨਾ ਮਹੱਤਵਪੂਰਣ ਹੈ. ਅਸੀਂ ਇਸ ਨੂੰ ਸਮਝਦੇ ਹਾਂ, ਪਰ ਅਸੀਂ ਇਸਦਾ ਸਤਿਕਾਰ ਨਹੀਂ ਕਰਦੇ. - ਵਿਲੀਅਮ ਅਸ਼ਵਰਥ.
ਦੋਸਤੋਂ ਪਾਣੀ ਬਚਾਉਣ ਲਈ ਵਿਚਾਰ ਚਰਚਾ ਵਾਦ - ਵਿਵਾਦ ਕਰਨ ਨਾਲ਼ੋਂ ਬਿਹਤਰ ਹੈ ਅਸੀਂ ਸਾਰੇ ਪਾਣੀ ਬਚਾਉਣ ਦੀ ਵਿਅਕਤੀਗਤ ਜਿੰਮੇਦਾਰੀ ਲੈਣ ਲਈ ਤਿਆਰ ਹੋਈਏ ਇਕੱਠੇ ਹੋਕੇ ਹੰਭਲਾ ਮਾਰੀਏ।ਤਾਂ ਆਉਣ ਵਾਲ਼ੀਆਂ ਪੀੜੀਆਂ ਲਈ ਪਾਣੀ ਦੀ ਹੋਂਦ ਨੂੰ ਸੁਰੱਖਿਅਤ ਰੱਖਿਆ ਜਾਵੇ ।

ਪ੍ਰੋ.ਗਗਨਦੀਪ ਕੌਰ ਧਾਲੀਵਾਲ ।
ਮਾਤਾ ਗੁਰਦੇਵ ਕੌਰ ਮੈਮੋਰੀਅਲ ਇੰਸਚਟੀਚਿਊਟ ਬਰੇਟਾ (ਮਾਨਸਾ)।

ਉਲਟਾ-ਪੁਲਟਾ ✍️ ਸਲੇਮਪੁਰੀ ਦੀ ਚੂੰਢੀ

ਭਾਰਤੀ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਜਿਉਂ ਹੀ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਤਾਂ, ਉਸੇ ਦਿਨ ਤੋਂ ਹੀ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਸਮੇਤ ਸੰਯੁਕਤ ਸਮਾਜ ਮੋਰਚਾ ਦੇ ਵੱਡੇ ਵੱਡੇ ਸਿਆਸਤਦਾਨਾਂ ਅਤੇ ਵੱਡੇ ਵੱਡੇ ਪੱਤਰਕਾਰਾਂ ਵਲੋਂ ਆਮ ਆਦਮੀ ਪਾਰਟੀ ਦੇ ਮੁਕਾਬਲੇ ਆਪੋ-ਆਪਣੀਆਂ ਪਾਰਟੀਆਂ ਲਈ ਜਿੱਤ ਦੇ ਵੱਡੇ ਵੱਡੇ ਦਾਅਵੇ ਜਿਤਾਏ ਜਾ ਰਹੇ ਸਨ, ਪਰ 10 ਮਾਰਚ ਨੂੰ ਜਿਉਂ ਹੀ ਵੋਟਾਂ ਦੀ ਗਿਣਤੀ ਦੇ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਏ ਤਾਂ  ਆਏ ਤਾਂ  ਰਿਵਾਇਤੀ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਆਗੂਆਂ ਅਤੇ ਉਨ੍ਹਾਂ ਦੇ ਸਮਰਥੱਕ ਵੱਡੇ ਵੱਡੇ ਪੱਤਰਕਾਰਾਂ ਦੇ ਮੂੰਹ ਅੱਡੇ ਰਹਿ ਗਏ ਸਨ। ਹੁਣ ਜਦੋਂ ਮੁੱਖ ਮੰਤਰੀ  ਸ ਭਗਵੰਤ ਸਿੰਘ ਮਾਨ ਦੀ ਕੈਬਨਿਟ ਵਿੱਚ ਮੰਤਰੀ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ , ਤਾਂ ਮਹਾਂਰਥੀ ਪੱਤਰਕਾਰਾਂ ਵਲੋਂ ਜੋ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ , ਦੇ ਉਪਰ ਵੀ ਉਹ ਖਰੇ ਨਹੀਂ ਉਤਰਨ ਵਿਚ ਕਾਮਯਾਬ ਨਹੀਂ ਹੋ ਸਕੇ , ਕਿਉਂਕਿ ਚੋਣਾਂ ਦੇ ਨਤੀਜੇ ਨਿਕਲਦਿਆਂ ਹੀ ਕਈ ਮਹਾਂਰਥੀਆਂ ਵਲੋਂ ਸੂਚੀਆਂ ਬਣਾ ਬਣਾ ਕੇ ਸ਼ੋਸ਼ਲ ਮੀਡੀਆ ਉਪਰ ਪਾਈਆਂ ਜਾ ਰਹੀਆਂ ਸਨ ਕਿ ਫਲਾਣਾ ਵਿਧਾਇਕ ਕੈਬਨਿਟ ਵਿੱਚ ਮੰਤਰੀ ਵਿੱਚ ਸ਼ਾਮਲ ਹੋਵੇਗਾ। ਇਥੋਂ ਤਕ ਕਿ  ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਕੇ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਸੀ ਕਿ ਫਲਾਣੇ ਮੰਤਰੀ ਕੋਲ ਫਲਾਣਾ ਵਿਭਾਗ ਹੋਵੇਗਾ, ਪਰ ਅੱਜ ਸ਼ਾਮ ਵੇਲੇ ਜਦੋਂ ਉਨ੍ਹਾਂ ਵਿਧਾਇਕਾਂ ਜਿਨ੍ਹਾਂ ਨੂੰ 19 ਮਾਰਚ ਨੂੰ ਬਤੌਰ  ਕੈਬਨਿਟ ਮੰਤਰੀ ਸਹੁੰ ਚੁਕਵਾਈ ਜਾਣੀ ਹੈ ਦੇ ਸਬੰਧੀ ਸੂਚੀ ਜਾਰੀ ਕੀਤੀ ਗਈ ਤਾਂ ਫਿਰ ਮਹਾਂਰਥੀ ਸੂਚੀ  ਵੇਖ ਕੇ ਹੱਕੇ ਬੱਕੇ ਰਹਿ ਗਏ, ਕਿਉਂਕਿ ਇਸ ਵਾਰੀ ਵੀ  ਮਹਾਂਰਥੀ ਪੱਤਰਕਾਰ ਆਮ ਆਦਮੀ ਪਾਰਟੀ ਦੇ ਦਿਲ ਤੱਕ ਪਹੁੰਚਣ ਤੋਂ ਖੁੰਝ ਗਏ ਹਨ, ਕਿਉਂਕਿ ਹਰ ਰੋਜ ਸ਼ੋਸ਼ਲ ਮੀਡੀਆ ਉਪਰ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ , ਪ੍ਰੋ: ਬਲਜਿੰਦਰ ਕੌਰ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ, ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ, ਗੋਲਡੀ ਕੰਬੋਜ, ਜੀਵਨਜੋਤ ਕੌਰ, ਡਾ: ਅਮਨਦੀਪ ਕੌਰ ਅਰੋੜਾ, ਚਰਨਜੀਤ ਸਿੰਘ ਅਤੇ ਅਨਮੋਲ ਗਗਨ ਮਾਨ ਆਦਿ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੇ ਨਾਵਾਂ ਦੀ ਚਰਚਾ ਚੱਲ ਰਹੀ ਸੀ, ਪਰ ਉਨ੍ਹਾਂ ਨੂੰ ਇਸ  ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ, ਜਦ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵਲੋਂ ਆਪਣੀ ਕੈਬਨਿਟ ਵਿੱਚ ਵਿਧਾਇਕ ਹਰਪਾਲ ਸਿੰਘ ਚੀਮਾ (ਦਿੜ੍ਹਬਾ), ਡਾ: ਬਲਜੀਤ ਕੌਰ (ਮਲੋਟ), ਹਰਭਜਨ ਸਿੰਘ ਈ.ਟੀ.ਉ. (ਜੰਡਿਆਲਾ), ਡਾ: ਵਿਜੇ ਸਿੰਗਲਾ (ਮਾਨਸਾ), ਲਾਲ ਚੰਦ ਕਟਾਰੂਚੱਕ (ਭੋਆ), ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ), ਕੁਲਦੀਪ ਸਿੰਘ ਧਾਲੀਵਾਲ (ਅਜਨਾਲਾ), ਲਾਲਜੀਤ ਸਿਘੰ ਭੁੱਲਰ (ਪੱਟੀ), ਬ੍ਰਹਮ ਸ਼ੰਕਰ ਜਿੰਪਾ (ਹੁਸ਼ਿਆਰਪੁਰ) ਅਤੇ ਹਰਜੋਤ ਸਿੰਘ ਬੈਂਸ (ਅਨੰਦਪੁਰ ਸਾਹਿਬ) ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ  ਦਾ ਖੁਲਾਸਾ ਕੀਤਾ ਗਿਆ ਹੈ।
-ਸੁਖਦੇਵ ਸਲੇਮਪੁਰੀ
09780620233
18 ਮਾਰਚ, 2022.

ਸੌਖਾ ਕੰਮ ਨਹੀਂ ਤਸਵੀਰਾਂ ਲਗਵਾਉਣਾ ✍️ ਸਲੇਮਪੁਰੀ ਦੀ ਚੂੰਢੀ

ਪੰਜਾਬ ਦੇ ਲੋਕਾਂ ਦੀ ਵੋਟਾਂ ਲੈਣ ਲਈ ਭਾਵੇਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਚੋਣਾਂ ਵਿੱਚ ਬਹੁਮਤ ਹਾਸਿਲ ਕਰਨ ਤੋਂ ਬਾਅਦ ਪੰਜਾਬ ਦੀ ਵਾਗਡੋਰ ਸੰਭਾਲ ਚੁੱਕੇ ਮੁੱਖ ਮੰਤਰੀ  ਭਗਵੰਤ  ਮਾਨ ਇਹ ਐਲਾਨ ਕਰ ਰਹੇ ਹਨ ਕਿ, ਰਾਜ ਦੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਨਹੀਂ, ਬਲਕਿ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਅਤੇ ਦੇਸ਼ ਦੀ ਆਜਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ-ਏ-ਆਜਮ ਭਗਤ ਸਿੰਘ ਦੀਆਂ ਹੀ ਤਸਵੀਰਾਂ ਲਗਾਈਆਂ ਜਾਣਗੀਆਂ, ਪਰੰਤੁ ਮੌਜੂਦਾ ਸਰਕਾਰ ਦੇ ਇਸ ਐਲਾਨ ਨੂੰ ਪੂਰਾ ਕਰਨਾ ਸੌਖਾ ਨਹੀਂ ਹੈ, ਕਿਓੰਕਿ ਪੰਜਾਬ ਸਰਕਾਰ ਵੱਲੋਂ 24 ਅਪ੍ਰੈਲ 1979 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਰਕਾਰ ਰਾਜ ਦੇ ਸਰਕਾਰੀ ਦਫਤਰਾਂ ਵਿੱਚ ਕੇਵਲ ਰਾਸ਼ਟਰ ਪਿਤਾ ਦੇ ਤੌਰ ਤੇ ਮੋਹਨ ਦਾਸ ਕਰਮਚੰਦ ਗਾਂਧੀ, ਮੌਜੂਦਾ ਰਾਸ਼ਟਰਪਤੀ, ਮੌਜੂਦਾ ਪ੍ਰਧਾਨ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ ਦੀਆਂ ਤਸਵੀਰਾਂ ਦੀ ਲਗਾਉਣ ਦਾ ਉਪਬੰਧ ਕੀਤਾ ਗਿਆ ਹੈ। ਭਾਰਤੀ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਦੇ ਕੌਮੀ  ਸੰਯੁਕਤ ਸਕੱਤਰ ਰਾਜਕੁਮਾਰ ਸਾਥੀ ਵੱਲੋਂ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਸੰਵਿਧਾਨ ਦੇ ਰਚਨਹਾਰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਦੀ ਤਸਵੀਰ ਲਗਾਉਣ ਲਈ ਕੀਤੀ ਗਈ ਅਪੀਲ ਦੇ ਜਵਾਬ ਵਿੱਚ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਰਾਜਨੀਤੀ ਸ਼ਾਖਾ-1) ਵੱਲੋਂ ਕੁਝ ਅਜਿਹਾ ਹੀ ਦੱਸਿਆ ਗਿਆ ਹੈ। ਸਰਕਾਰ ਵੱਲੋਂ ਮਿਤੀ 27 ਜਨਵਰੀ 2020 ਨੂੰ ਭੇਜੇ ਗਏ ਪੱਤਰ ਨੰਬਰ ਜੀਏਡੀ-ਪੀਓਐਲਐਮਐਮ/4/2020-3 ਪੀਓਐਲ-1/92 ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਦਫਤਰਾਂ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਦੀ ਤਸਵੀਰ ਲਗਵਾਉਣ ਸੰਬੰਧੀ ਕੋਈ ਉਪਬੰਧ ਨਹੀਂ ਹੈ।
ਰਾਜਕੁਮਾਰ ਸਾਥੀ ਨੇ ਦੱਸਿਆ ਕਿ ਭਾਵੇਂ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਤੋ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਰਾਜ ਦੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਬਜਾਏ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਅਤੇ ਸ਼ਹੀਦੇ-ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਹੀ ਲੱਗਣਗੀਆਂ। ਚੋਣਾਂ ਜਿੱਤਣ ਤੋਂ ਬਾਦ ਅੱਜ ਬਤੌਰ ਮੁੱਖ ਮੰਤਰੀ ਸਹੁੰ ਚੁੱਕ ਚੁੱਕੇ ਸ ਭਗਵੰਤ ਮਾਨ ਵੱਲੋਂ ਵੀ ਅਜਿਹਾ ਹੀ ਐਲਾਨ ਕੀਤਾ ਜਾ ਰਿਹਾ ਹੈ, ਪਰੰਤੁ ਉਹਨਾਂ ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਜਦ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਵਿੱਚ ਹੀ ਚਾਰ ਤਸਵੀਰਾਂ (ਮੋਹਨ ਦਾਸ ਕਰਮਚੰਦ ਗਾਂਧੀ ਭਾਵ ਮਹਾਤਮਾ ਗਾਂਧੀ, ਮੌਜੂਦਾ ਰਾਸ਼ਟਰਪਤੀ, ਮੌਜੂਦਾ ਪ੍ਰਧਾਨਮੰਤਰੀ ਤੇ ਮੌਜੂਦਾ ਮੁੱਖ ਮੰਤਰੀ) ਲਗਾਉਣ ਦਾ ਹੀ ਆਦੇਸ਼ ਹੈ, ਤਾਂ ਬਾਬਾ ਸਾਹਿਬ ਅਤੇ ਸ਼ਹੀਦੇ ਆਜ਼ਮ ਦੀਆਂ ਤਸਵੀਰਾਂ ਕਿਵੇਂ ਲੱਗਣਗੀਆਂ। ਸਾਥੀ ਨੇ ਕਿਹਾ ਕਿ ਦੇਸ਼ ਨੂੰ ਆਜਾਦ ਕਰਵਾਉਣ ਅਤੇ ਦੇਸ਼ ਨੂੰ ਚਲਾਉਣ ਲਈ ਸੰਵਿਧਾਨ ਦੇਣ ਵਾਲੇ ਮਹਾਪੁਰਖਾਂ ਦੀਆਂ ਤਸਵੀਰਾਂ ਸਰਕਾਰੀ ਦਫਤਰਾਂ ਵਿੱਚ ਲੱਗਣ ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਜਿਥੇ ਖੁਸ਼ੀ ਹੋਵੇਗੀ ਉਥੇ ਦੇਸ਼ ਦੇ ਲੋਕਾਂ ਵਿਚ ਦੇਸ਼ ਪ੍ਰਤੀ ਪਿਆਰ ਅਤੇ ਸੇਵਾ ਭਾਵਨਾ ਵੀ ਪ੍ਰਚੰਡ ਹੋਵੇਗੀ, ਕਿਉਂਕਿ ਦੋਵੇਂ ਸ਼ਖਸੀਅਤਾਂ ਦੇਸ਼ ਲਈ ਇੱਕ ਰਾਹ ਦਿਸੇਰਾ ਅਤੇ ਚਾਨਣ ਮੁਨਾਰਾ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਦੂਜੇ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।

- ਸੁਖਦੇਵ ਸਲੇਮਪੁਰੀ
09780620233
9463128333
16 ਮਾਰਚ, 2022.

 

ਗੁਰਦੁਆਰਾ ਸਾਹਿਬਾਨ ਅੰਦਰ ਹੁੱਲੜਬਾਜ਼ੀ ਅਤੇ ਗੁੰਡਾਗਰਦੀ ਕੌਣ ਕਰਵਾ ਰਿਹਾ - ਪਰਮਿੰਦਰ ਸਿੰਘ ਬਲ

ਬਦੇਸ਼ਾਂ ਵਿੱਚ ਗੁਰਦੁਆਰਿਆ ,ਸੰਸਥਾਵਾਂ ਅਤੇ ਸਿੱਖ ਸੰਗਤਾਂ ਵਿੱਚ ਮੌਜੂਦਾ ਸਮੇਂ , ਹੁੱਲੜਬਾਜ਼ੀ ਅਤੇ ਗੁੰਡਾ-ਗਰਦੀ ਕੌਣ ਕਰਵਾ ਰਿਹਾ ਹੈ । ਨਿਰਸੰਦੇਹ ਇਹ ਕੰਮ ਇੰਦਰਾ ਭਗਤਾਂ ,ਕਾਂਗਰਸੀ ,ਕਾਮਰੇਡਾਂ ਅਤੇ ਕੇ ਪੀ ਗਿੱਲ ਦੇ ਟਾਊਟਾਂ ਦਾ ਹੈ । ਇਹ ਲੋਕ ਸਿੱਖੀ ਭੇਸ ਵਿੱਚ ਕੁਝ ਉਹ ਨੌਜਵਾਨੀ ਦੇ ਲੋਕ ਦਿਸ  ਰਹੇ ਹਨ ਜਿਨਾਂ ਦੇ ਵਡਿਆਂ ਨੇ ਸਿੱਖ ਕੌਮ ਨਾਲ ਮੁਖਬਰੀਆਂ ਕੀਤੀਆਂ । ਇਨ੍ਹਾਂ ਹੀ ਲੋਕ ਜ਼ੁਲਮ ਦੇ ਕੁਹਾੜੇ ਦਾ ਦਸਤਾ ਬਣੇ ਜਦੋਂ , ਇੰਦਰਾ , ਰਾਜੀਵ ਨੇ ਸਿੱਖ ਕੌਮ ਤੇ ਅੱਤਿਆਚਾਰ ਕੀਤੇ । ਯੂ ਕੇ ਵਿਚ ਸਿੱਖਾਂ ਦੀ ਪੁਲੀਸ ਵਿਚ ਭਰਤੀ ਰੋਕਣੀ । “ਸਰਬੱਤ ਦੇ ਭਲੇ ਦੀ ਅਰਦਾਸ “ਨੂੰ ਪਿੱਠ ਦੇ ਕੇ ਗੁਰਦੁਆਰੇ ਦੇ ਗ੍ਰੰਥੀ ਸਾਹਿਬਾਨ ਨੂੰ ਮੰਦਾ ਬੋਲਣਾ , ਮੁਆਫ਼ੀ ਮੰਗਣ ਲਈ ਧਮਕੀਆਂ ਦੇਣੀਆਂ । ਕੁਝ ਕੁ ਗੁੰਡਿਆਂ ਦਾ ਰੂਪ ਸੰਗਤ ਵਿਚ ਭੈ ਭੀਤ ਕਰੇ  , ਡਰਾਵੇ ਦੇਵੇ , ਮੰਦਭਾਗੀ ਨਿੰਦਣਯੋਗ ਵਾਰਤਾ ਹੈ ।84 ਸਮੇਂ ਤੋਂ ਪਹਿਲਾਂ ਇੰਦਰਾ ਭਗਤ ਜੋ “ਲਲਕਾਰ” ਅਖਬਾਰ ਕਡਦੇ ਸਿੱਖ , ਪੰਥ ਵਿਰੋਧੀ ਪੱਖ ਪੂਰਦੇ ਸਨ ਅੱਜ ਉਹਨਾਂ ਦੀ ਹੀ ਔਲਾਦ ਨਵੇਂ ਰੂਪ ਵਿੱਚ ਸਿੱਖ ਪੰਥ ਵਿੱਚ ਨਫ਼ਰਤ ਪੈਦਾ ਕਰਕੇ ਇੰਦਰਾ ਟੱਬਰ ਦੀ ਹੀ ਜੈ ਜੈ ਕਾਰ ਦਾ ਕੰਮ ਕਰ ਰਹੇ ਹਨ । ਇੰਦਰਾ ਟੱਬਰ ਦੀ ਸਿਆਸੀ ਸੱਤਾ ਖਤਮ ਹੋਣ ਉਪਰੰਤ ਜਦ ਤੋਂ ਮੋਦੀ ਸਰਕਾਰ ਨੇ ਰਾਜ-ਕਾਜ  ਸੰਭਾਲ਼ਿਆ , ਇਹਨਾਂ ਨੂੰ ਜਿਵੇਂ ਸੱਪ ਸੁੰਘ ਗਿਆ ਹੈ । ਮੋਦੀ ਸਰਕਾਰ ਜੇ ਕਾਂਗਰਸੀ ਕਾਤਲਾਂ ( ਜਿਨਾਂ 1984 ਵਿੱਚ ਸਿੱਖਾਂ ਨੂੰ ਸਾੜਿਆ ,ਮਾਰਿਆ) ਨੂੰ ਜੇਲ੍ਹਾਂ ਅੰਦਰ ਡਕਦੀ ਹੈ , ਤਾਂ ਇਹਨਾਂ ਸਿੱਖੀ ਭੇਖ ਵਿੱਚ ਭੇਖੀ ਟਾਊਟਾਂ ਦੀ ਔਲਾਦ ਨੂੰ ਤਕਲੀਫ਼ ਹੁੰਦੀ ਹੈ । ਭਾਰਤ ਸਰਕਾਰ ਨੇ 400 ਤੋਂ ਵੱਧ ਦਿੱਲੀ ਦੰਗਿਆਂ ਦੇ ਕੇਸ ਫਿਰ ਤੋਂ ਖੋਲੇ , ਉਹਨਾਂ ਵਿੱਚੋਂ ਕਈ ਦੋਸ਼ੀਆਂ ਨੂੰ ਜੇਲੀ ਭੇਜਿਆ , ਜ਼ਿਹਨਾਂ ਨੇ ਸਿੱਖਾਂ ਤੇ ਤਸ਼ਦੱਦ ਕੀਤਾ ਸੀ । ਬਦੇਸ਼ ਵੱਸਦੇ ਸਿੱਖਾਂ ਵਿੱਚ ਗਲਤ ਅੰਸ਼ ਨੂੰ ਜੋ ਉੱਪਰ ਦੱਸੇ ਅਨੁਸਾਰ ਜਨਮ ਦੇ ਰਹੇ ਹਨ । ਉਹ ਲੋਕ ਸਮੁੱਚੀ ਕੌਮ ਨਾਲ ਗਦਾਰੀ ਕਰ ਰਹੇ ਹਨ। ਪਿੱਛੇ ਜਿਹੇ ਇਕ ਟੈਲੀਵੀਜ਼ਨ ਪਰੇਜੈਟਰ ਨੇ ਯੂ ਕੇ ਵਿੱਚ ਕੁਝ ਅੱਖੌਤੀ ਖਾਲਿਸਤਾਨੀਆਂ ਦੇ ਮੂੰਹ ਤੋਂ ਜਿਉਂ ਹੀ ਮਖੌਟਾ ਉਤਾਰਿਆ , ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ।ਇਹ ਉਸ ਨੂੰ ਘੂਰਦੇ ਹੋਏ , ਮਿੰਨਤਾਂ ਕਰਦੇ ਹੋਇਆਂ ਨੇ , ਉੱਡਦੀ ਕਾਲਖ ਉੱਤੇ ਪਾਣੀ ਪਾਇਆ । ਪਰ ਕਰਤੂਤਾਂ ਤੇ ਸਿੱਖ ਸੰਗਤਾਂ ਨਾਲ ਕੀਤੇ ਧੋਖਿਆਂ ਦਾ ਸੱਚ ਤਾਂ ਬਾਹਰ ਆ ਚੁੱਕਾ ਸੀ । ਪਰ ਅੱਜ ਮਸਲਾ ਹੋਰ ਕਦਮ ਟੱਪ ਕੇ ਅੱਗੇ ਆ ਚੁੱਕਾ ਹੈ ਕਿ ਸਮਾਜ ਵਿੱਚ ਨਫ਼ਰਤ ਫੈਲਾਉਣ ਅਤੇ ਭੈ ਭੀਤ (hate and terrorism ) ਕਰਨ ਵਾਲਿਆਂ ਲਈ ਅਤੇ ਉਹਨਾਂ ਨੂੰ ਦਰੁਸਤ ਰਾਹ ਦੱਸਣ ਲਈ ਯੂ ਕੇ ਵਿੱਚ ਦੋ ਵੱਖਰੇ ਕਾਨੂੰਨ ਹਨ । ਇਹਨਾਂ ਕਾਨੂੰਨਾਂ ਰਾਹੀ ਕਿਸੇ ਵੀ ਉਪਰੋਕਤ ਗੁੰਡਾ -ਗਰਦੀ ਨੂੰ ਨੱਥ ਪਾਈ ਜਾ ਸਕਦੀ ਹੈ । ਇਹੀ ਕਾਨੂੰਨ ਅਸੀਂ ਬਦੇਸੀ ਵੱਸੋਂ ਨੇ ਖੁਦ ਹੀ ਮੰਗੇ , ਦਹਾਕਿਆਂ ਬਾਦ ਸਾਡੇ ਹੀ ਬਚਾਅ ਲਈ ਬਣਾਏ ਗਏ । ਅੱਜ ਭੇਖੀ ਬਹੁਰੂਪੀਏ ਜੇ ਇਸ ਤਰਾਂ ਸੁਸਾਇਟੀ ਲਈ ਨਫ਼ਰਤ ਅਤੇ ਭੈ ਭੀਤ ਦਾ ਮਾਹੌਲ ਪੈਦਾ ਕਰਨਗੇ ਤਾਂ ਉਸ ਦਾ ਉੱਤਰ ਕਾਨੂੰਨ ਹੀ ਦੇਵੇਗਾ । ਏਸ਼ੀਅਨ ਆਬਾਦੀ ਅਤੇ ਖਾਸਕਰਕੇ ਸਿੱਖਾਂ ਲਈ ਸੋਚਣਾ ਲਾਜ਼ਮੀ ਬਣ ਗਿਆ ਹੈ ਕਿ ਉਹ ਬਰਿਟਿਸ਼ ਸ਼ਹਿਰੀ ਹੁੰਦੇ ਹੋਏ , ਆਪਣੇ ਧਰਮ , ਵਿਰਾਸਤੀ ਸਵੈ-ਮਾਣ ਨੂੰ ਕਿਵੇਂ ਮਹਿਫੂਜ ਰੱਖ ਸਕਦੇ ਹਨ ? ਜਿਸ ਦੇਸ਼ ਵਿੱਚ ਜਨਮ ਭੂਮੀ ਹੋਵੇ , ਆਪਣੇ ਪਰਵਾਰਾਂ ਦਾ ਪਸਾਰਾ ਹੋਵੇ , ਕਾਰੋਬਾਰੀ ਖ਼ਿੱਤੇ ਹੋਣ , ਉਸ ਮੁਲਕ ਦੇ ਸਮਾਜ , ਜਾਨ ਮਾਲ ਦੀ ਰਾਖੀ ਕਰਨੀ ਦੁਨੀਆ ਵਿੱਚ ਰਹਿੰਦਿਆਂ ਇਕ ਮੁੱਖ ਕਰਤੱਵ ਹੁੰਦਾ ਹੈ । ਯੂ .ਕੇ .ਸਾਡਾ ਅਤੇ ਸਾਡੀਆਂ ਆਉਂਦੀਆਂ ਪੀੜੀਆਂ ਦਾ ਆਪਣਾ ਦੇਸ਼ ਹੈ । ਇਸ ਦੇਸ਼ ਦੀ ਪੁਲੀਸ , ਫ਼ੌਜ , ਏਅਰਫੋਰਸ, ਨੇਵੀ ਇਤਿਆਦਿਕ ਵਿੱਚ ਸੇਵਾ ਕਰਨਾ ਸਿੱਖਾਂ ਅਤੇ ਪਰਵਾਸੀ ਕਮਿਊਨਿਟੀਆ ਲਈ ਮਾਣ ਵਾਲੀ ਗੱਲ ਹੋਵੇਗੀ । ਜੋ ਲੋਕ ਇਸ ਵਿੱਚ ਅੜਿੱਕਾ ਬਣਦੇ ਹਨ , ਉਹ ਕੌਮ ਅਤੇ ਸਿੱਖ ਬਹਾਦਰ ਵਿਰਸੇ ਨਾਲ ਗਦਾਰੀ ਕਰ ਰਹੇ ਹਨ । ਅਜਿਹੇ ਧੋਖੇਬਾਜ਼ ਲੋਕ ਜਦ ਖੁਦ ਬਰਿਟਿਸ਼ ਸ਼ਹਿਰੀਅਤ ਲਈ ਲੇਲੜੀਆਂ ਕੱਢਦੇ ਹਨ , ਪਰੰਤੂ ਜਦੋਂ  ਸਮੇਂ ਦੀ ਲੋੜ  ਮੁਲਕ ਨੂੰ ਹੋਵੇ ਤਾਂ ਦੁੰਮ-ਦੁੰਬਾ ਕੇ ਖੁਦ ਨਿਪੁੰਸਕ ਚਿਹਰਾ ਦਿਖਾਲ ਕੇ ਸਮਾਜ ਨੂੰ ਪਿੱਠ ਦਿੰਦੇ ਹਨ । ਆਪਣਾ ਮੁੰਹ ਲੁਕਾਉਣ ਦੀ ਬਜਾਏ , ਸਿੱਖ ਕੌਮ ਨੂੰ ਹੀ ਗੁਮਰਾਹ ਕਰਦੇ ਹਨ ।ਜਿਹੜੀ ਸਿੱਖ ਕੌਮ ਬਹਾਦਰੀਆਂ , ਜਰਨੈਲੀਆਂ , ਕੁਰਬਾਨੀਆਂ ਲਈ ਸੰਸਾਰ ਪ੍ਰਸਿੱਧ ਰਹੀ ਹੈ । ਗੁਮਰਾਹ ਕਰਨ ਵਾਲੇ ਇਹ ਲੋਕ ਸਾਡੇ ਮਾਣਮੱਤੇ ਇਤਿਹਾਸ ਲਈ ਕਲੰਕ ਬਣ ਰਹੇ ਹਨ । ਇੰਦਰਾ ਤੇ ਉਸ ਦਾ ਪਰਵਾਰ ਇਸ ਪੱਖੋ ਹੀ ਸਿੱਖਾਂ ਨੂੰ ਖਤਮ ਕਰਨ ਤੇ ਤੁਲਿਆ ਰਿਹਾ , ਅੱਜ ਇਹੀ ਇੰਦਰਾ ਭਗਤ ਅਤੇ ਏਜੰਟ ਸਿੱਖੀ ਭੇਸ ਵਿੱਚ ਛੁਪ ਕੇ ਸਿੱਖਾਂ ਵਿਰੁੱਧ ਉਪਰੋਕਤ ਹਰਕਤਾਂ ਨਫ਼ਰਤ ਭਰੀਆਂ , ਭੈ ਭੀਤ ਕਰਨ( hate crime and terrorised) ਵਾਲੀਆਂ ਹਰਕਤਾਂ ਕਰ ਰਹੇ ਹਨ । ਸਿੱਖ ਅਤੇ ਹੋਰ ਪਰਵਾਸੀ ਲੋਕ ਇਹਨਾਂ ਧੋਖੇਬਾਜ਼ ਲੋਕਾਂ ਦੀ ਪਛਾਣ ਕਰੇ ਅਤੇ ਆਪਣੇ ਸ਼ਹਿਰੀ ਹੱਕਾਂ ਦੀ ਡਟ ਕੇ ਰਾਖੀ ਕਰੇ । —-ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ  ਯੂ ਕੇ । email: psbal46@gmail.com