ਸੋਸ਼ਲ ਮੀਡੀਆ ਗਰੁੱਪ ਵਿਚ ਮੇਰੇ ਨਾਲ ਜੁੜੇ ਇਕ ਸੋਸ਼ਲ ਮੀਡੀਆ ਦੋਸਤ ਵਲੋਂ ਇਕ ਬੱਚੇ ਦੀ ਤਸਵੀਰ ਭੇਜੀ ਗਈ, ਜਿਸ ਨੂੰ ਵੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ।
ਮੈਂ ਪੰਜਵੀਂ ਜਮਾਤ ਪਾਸ ਕਰਨ ਪਿੱਛੋਂ ਜਿਲ੍ਹਾ ਲੁਧਿਆਣਾ ਦੇ ਮਸ਼ਹੂਰ ਪਿੰਡ ਹੰਬੜਾਂ ਵਿਚ ਸਥਾਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜੋ ਮੇਰੇ ਸਮੇਂ ਹਾਈ ਸਕੂਲ ਸੀ , ਦੇ ਵਿੱਚ ਛੇਵੀਂ ਜਮਾਤ ਵਿਚ ਪੜ੍ਹ ਰਿਹਾ ਸੀ । ਗਰਮੀਆਂ ਦੀ ਰੁੱਤ ਸੀ, ਮਈ ਮਹੀਨਾ ਸੀ, ਦੁਪਹਿਰ ਵੇਲੇ ਜਦੋਂ ਸਕੂਲ ਤੋਂ ਛੁੱਟੀ ਹੋਈ ਤਾਂ ਮੈਂ ਹੰਬੜਾਂ ਤੋਂ ਆਪਣੇ ਪਿੰਡ ਸਲੇਮਪੁਰ ਆਉਣ ਲਈ ਅੱਡੇ 'ਤੇ ਖੜ੍ਹਾ ਸੀ, ਮੇਰੇ ਪੈਰ ਨੰਗੇ ਸਨ, ਧਰਤੀ ਗਰਮੀ ਨਾਲ ਸੜ ਰਹੀ ਸੀ, ਮੈਂ ਆਪਣੇ ਪੈਰਾਂ ਨੂੰ ਸੜਨ ਤੋਂ ਬਚਾਉਣ ਲਈ ਕਦੀ ਸੱਜਾ ਪੈਰ ਖੱਬੇ ਪੈਰ ਉਪਰ ਤੇ ਕਦੀ ਖੱਬਾ ਪੈਰ, ਸੱਜੇ ਪੈਰ ਉਪਰ ਰੱਖ ਕੇ ਆਪਣੇ ਪੈਰਾਂ ਨੂੰ ਸੜਨ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਸੀ । ਬੱਸ ਦੀ ਉਡੀਕ ਕਰਦਿਆਂ ਮੈਨੂੰ ਉਥੇ ਅੱਧਾ ਘੰਟਾ ਹੋ ਗਿਆ ਸੀ, ਗਰਮੀ ਨਾਲ ਸੜ ਰਹੀ ਧਰਤੀ ਨੇ ਮੇਰੇ ਨੰਗੇ ਪੈਰਾਂ ਨੂੰ ਲੂਅ ਕੇ ਰੱਖ ਦਿੱਤਾ ਸੀ, ਪੈਰ ਅੱਗ ਵਾਂਗ ਲਾਲ ਹੋ ਚੁੱਕੇ ਸਨ। ਬੱਸ ਅੱਡੇ ਕੋਲ (ਜਿਥੇ ਬੈਠਣ ਲਈ ਨਾ ਤਾਂ ਪਹਿਲਾਂ ਥਾਂ ਸੀ ਅਤੇ ਨਾ ਹੀ ਕੋਈ ਛੱਤ ਸੀ) ਇੱਕ ਚਾਹ ਦੀ ਦੁਕਾਨ ਸੀ, ਦੇ ਵਿੱਚ ਚਾਹ ਪੀ ਰਹੇ ਫਰਿਸ਼ਤਾ ਰੂਪੀ ਇੱਕ ਇਨਸਾਨ ਨੇ ਮੇਰੇ ਵਲ ਵੇਖਿਆ ਤੇ ਮੇਰੇ ਕੋਲ ਆ ਕੇ ਮੇਰੀ ਬਾਂਹ ਫੜੀ, ਪਰ ਮੈਂ ਡਰ ਗਿਆ, ਕਿਉਂਕਿ ਮੈਂ ਉਸ ਇਨਸਾਨ ਨੂੰ ਜਾਣਦਾ ਹੀ ਨਹੀਂ ਸੀ, ਪਰ ਉਹ ਮੈਨੂੰ ਖਿੱਚ ਕੇ ਆਪਣੇ ਨਾਲ ਲੈ ਕੇ ਇਕ ਦੁਕਾਨ ਵਿਚ ਵੜ ਗਿਆ ਅਤੇ ਦੁਕਾਨਦਾਰ ਨੂੰ ਆਖਣ ਲੱਗਾ ਕਿ 'ਇਸ ਮੁੰਡੇ ਦੇ ਮੇਚ ਦੀਆਂ ਚੱਪਲਾਂ ਕੱਢੋ ਅਤੇ ਪੈਰਾਂ ਵਿਚ ਪਾ ਦਿਓ! ਦੁਕਾਨਦਾਰ ਨੇ ਮੇਰੇ ਪੈਰਾਂ ਵਲ ਵੇਖਦਿਆਂ ਸਹੀ ਅੰਦਾਜ਼ੇ ਨਾਲ ਚੱਪਲਾਂ ਕੱਢੀਆਂ ਅਤੇ ਮੇਰੇ ਪੈਰਾਂ ਵਿਚ ਪਾ ਦਿੱਤੀਆਂ। ਚੱਪਲਾਂ ਪਾਉਣ ਤੋਂ ਬਾਅਦ ਮੈਂ ਉਥੇ ਹੀ ਖੜ੍ਹਾ ਰਿਹਾ, ਅਤੇ ਸੋਚ ਰਿਹਾ ਸਾਂ ਕਿ 'ਮੇਰੇ ਕੋਲ ਤਾਂ ਇੱਕ ਪੈਸਾ ਵੀ ਨਹੀਂ, ਮੈਂ ਚੱਪਲਾਂ ਦੀ ਕੀਮਤ ਕਿਵੇਂ ਅਦਾ ਕਰਾਂਗਾ, ਮੈਂ ਸੋਚਾਂ ਦੇ ਦਰਿਆ ਵਿਚ ਡੁੱਬ ਚੁੱਕਿਆ ਸੀ, ਮੇਰਾ ਸਰੀਰ ਕੰਬ ਰਿਹਾ ਸੀ', ਦੁਕਾਨ ਉਪਰ ਖੜ੍ਹਿਆਂ ਖੜ੍ਹਿਆਂ ਮੇਰੇ ਪਿੰਡ ਨੂੰ ਆਉਣ ਵਾਲੀ ਬੱਸ ਵੀ ਲੰਘ ਗਈ ਸੀ, ਹੁਣ ਮੈਂ ਕਿਵੇਂ ਜਾਵਾਂਗਾ, ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਹੁਣ ਕੀ ਕਰਾਂ?, ਬਾਹਰ ਸੂਰਜ ਮਘ ਰਿਹਾ ਸੀ, ਧਰਤੀ ਸੜ ਰਹੀ ਸੀ ?'
ਮੇਰੇ ਹਾਵ-ਭਾਵ ਵੇਖਦਿਆਂ ਉਸ ਭੱਦਰ ਪੁਰਸ਼ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਿਹਾ,' ਕਾਕਾ ਆਪਣੇ ਘਰ ਨੂੰ ਜਾਹ, ਮੈਂ ਆਪੇ ਪੈਸੇ ਦੇ ਦੇਵਾਂਗਾ।'
ਉਸ ਫਰਿਸ਼ਤਿਆਂ ਵਰਗੇ ਇਨਸਾਨ ਨੇ ਜਿਉਂ ਹੀ ਮੈਨੂੰ ਦੁਕਾਨ ਤੋਂ ਘਰ ਜਾਣ ਲਈ ਕਿਹਾ, ਮੈਂ ਦੱਬੇ ਜਿਹੇ ਪੈਰੀਂ ਤਿੱਖੜ ਦੁਪਹਿਰ ਹੋਣ ਦੇ ਬਾਵਜੂਦ ਵੀ ਮੈਂ ਆਪਣੇ ਪਿੰਡ ਨੂੰ ਪੈਦਲ ਹੀ ਤੁਰ ਪਿਆ, ਬੱਸ ਲੰਘ ਚੁੱਕੀ ਸੀ, ਪਰ ਅੱਜ ਮੈਨੂੰ ਪਿੰਡ ਵਲ ਪੈਦਲ ਆਉਂਦਿਆਂ ਤੇ ਘਰ ਤੱਕ ਪਹੁੰਚਦਿਆਂ ਰਤਾ ਜਿੰਨੀ ਵੀ ਗਰਮੀ ਮਹਿਸੂਸ ਨਹੀਂ ਹੋਈ ਸੀ। ਦੂਸਰੇ ਦਿਨ ਜਦੋਂ ਮੈਂ ਸਕੂਲ ਗਿਆ ਤਾਂ ਮੇਰੇ ਇਕ ਜਮਾਤੀ ਨੇ ਦੱਸਿਆ ਕਿ 'ਤੈਨੂੰ ਜਿਸ ਇਨਸਾਨ ਨੇ ਚੱਪਲਾਂ ਲੈ ਕੇ ਦਿੱਤੀਆਂ ਸਨ, ਉਸ ਦਾ ਨਾਂ 'ਕਰਤਾਰ ਸਿੰਘ ਹੈ'। ਮੈਨੂੰ ਅੱਜ ਵੀ ਉਹ ਫਰਿਸ਼ਤਿਆਂ ਵਰਗਾ ਇਨਸਾਨ ਯਾਦ ਹੈ, ਜਿਸ ਨੂੰ ਭੁੱਲਾਂਗਾ ਵੀ ਨਹੀਂ!
ਗੱਲ ਸੋਸ਼ਲ ਮੀਡੀਆ ਗਰੁੱਪ ਵਿਚ ਸ਼ਾਮਲ ਇਕ ਦੋਸਤ ਵਲੋਂ ਭੇਜੀ ਗਈ ਤਸਵੀਰ ਦੀ ਕਰ ਰਿਹਾ ਸਾਂ, ਉਸ ਤਸਵੀਰ ਨੂੰ ਵੇਖ ਕੇ ਜਿਥੇ ਮੈਨੂੰ ਮੇਰਾ ਬਚਪਨ ਯਾਦ ਆਇਆ ਤਾਂ ਮੈਨੂੰ ਮੇਰੇ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਦੇ ਦਿਨ ਵੀ ਯਾਦ ਆ ਗਏ ਹਨ, ਕਿ ਮੇਰੇ ਕੋਲ ਕੱਪੜੇ ਵੀ ਨਹੀਂ ਸਨ ਹੁੰਦੇ, ਐਤਵਾਰ ਨੂੰ ਘੰਟਾ ਘਰ ਕਬਾੜੀਏ ਪੁਰਾਣੇ ਕੱਪੜਿਆਂ ਦੀਆਂ ਫੜ੍ਹੀਆਂ ਲਗਾ ਕੇ ਕੱਪੜੇ ਵੇਚਦੇ ਸਨ , ਹੁਣ ਵੀ ਵੇਚਦੇ ਹਨ, ਘਰ ਵਿਚ ਅੱਤ ਦੀ ਗਰੀਬੀ ਹੋਣ ਕਰਕੇ ਉਥੋਂ ਪੁਰਾਣੇ ਕੱਪੜੇ ਖ੍ਰੀਦ ਕੇ ਪਾਉਂਦਾ ਸੀ, ਫਿਰ ਪੜ੍ਹਨ ਲਈ ਆਉਂਦਾ ਸੀ!'
ਅੱਜ ਜਿਸ ਬੱਚੇ ਦੀ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਬਿਲਕੁਲ ਮੇਰੀ ਹੱਡੀ-ਬੀਤੀ ਨੂੰ ਦਰਸਾਉਂਦੀ, ਸੱਚ ਬੋਲਦੀ ਤਸਵੀਰ ਹੈ!
-ਸੁਖਦੇਵ ਸਲੇਮਪੁਰੀ (09780620233) 8 ਅਪ੍ਰੈਲ, 2022.