You are here

29 ਮਾਰਚ 1849 ਦਾ ਇਤਿਹਾਸ (ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ) ✍️.  ਅਮਨਜੀਤ ਸਿੰਘ ਖਹਿਰਾ

29 ਮਾਰਚ 1849 ਵਾਲਾ ਦਿਨ ਪੰਜਾਬ ਦੇ ਲੋਕ ਕਦੇ ਨਹੀਂ ਭੁੱਲ ਸਕਦੇ। ਇਸ ਦਿਨ ਲਾਰਡ ਡਲਹੌਜ਼ੀ ਨੇ ਪੰਜਾਬ ਉਪਰ ਕਬਜ਼ੇ ਦਾ ਐਲਾਨ ਜਾਰੀ ਕੀਤਾ ਸੀ। ਇਸ ਦਿਨ ਲਾਰਡ ਡਲਹੌਜ਼ੀ ਦਾ ਵਿਦੇਸ਼ ਸਕੱਤਰ, ਹੈਨਰੀ ਮੀਅਰਜ਼ ਇਲੀਅਟ, ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਦੇ ਇਕ ਦਸਤਾਵੇਜ਼ ਉੱਪਰ ਦਸਤਖਤ ਲੈਣ ਲਈ ਲਾਹੌਰ ਪਹੁੰਚਿਆ ਸੀ। ਇਸ ਮਕਸਦ ਲਈ ਲਾਹੌਰ ਦੇ ਕਿਲ੍ਹੇ ਵਿੱਚ ਇੱਕ ਵਿਸ਼ੇਸ਼ ਦਰਬਾਰ ਆਯੋਜਿਤ ਕੀਤਾ ਗਿਆ ਸੀ। ਬ੍ਰਿਟਿਸ਼ ਫੌਜਾਂ ਦੇ ਜਰਨੈਲ, ਬਾਲ ਮਹਾਰਾਜੇ ਦਲੀਪ ਸਿੰਘ ਦੇ ਸੱਜੇ ਪਾਸੇ ਅਤੇ ਉਸਦੇ ਬੇਸਹਾਰਾ ਅਤੇ ਬੇਬੱਸ ਸਰਦਾਰ ਖੱਬੇ ਪਾਸੇ ਖੜੇ ਸਨ। ਉਸਦੀ ਬੇਵੱਸ ਮਾਂ ਰਾਣੀ ਜਿਂੰਦਾਂ, ਗੈਰਕਾਨੂੰਨੀ ਅਤੇ ਗੈਰ ਇਖਲਾਕੀ ਨਜ਼ਰਬੰਦੀ ਅਧੀਨ ਸੀ ਅਤੇ ਗੈਰਹਾਜ਼ਰ ਸੀ।

ਖਿਡੌਣਿਆਂ ਨਾਲ ਖੇਡਣ ਦੀ ਉਮਰ ਵਾਲੇ ਮਹਾਰਾਜਾ ਦਲੀਪ ਸਿੰਘ ਨੇ ਸੌਖਿਆਂ ਹੀ, ਬਿਨਾ ਕਿਸੇ ਉਜ਼ਰ ਤੋਂ, ਹੈਨਰੀ ਮੀਅਰਜ਼ ਇਲੀਅਟ ਵਲੋਂ ਪੇਸ਼ ਕੀਤੇ ਦਸਤਾਵੇਜ਼ ਉੱਪਰ ਆਪਣੇ ਦਸਤਖਤ ਕਰ ਦਿੱਤੇ ਅਤੇ ਪੰਜਾਬ ਦੇ ਰਾਜ ਅਤੇ ਤਖਤ ਤੋਂ ਆਪਣਾ ਦਾਅਵਾ ਛੱਡ ਕੇ ਇੰਗਲੈਂਡ ਦੀ ਮਹਾਰਾਣੀ ਦੀ ਅਧੀਨਗੀ ਕਬੂਲ ਕਰ ਲਈ। ਹੈਨਰੀ ਮੀਅਰਜ਼ ਇਲੀਅਟ ਵੱਲੋਂ ਦਰਬਾਰ ਵਿੱਚ ਮਹਾਰਾਜੇ ਦੇ ਦਸਖਤਾਂ ਵਾਲਾ ਇਹ ਦਸਤਾਵੇਜ਼ ਉੱਚੀ ਅਵਾਜ਼ ਵਿੱਚ ਪੜ੍ਹ ਕੇ ਸੁਣਾਇਆ ਗਿਆ। ਇਸ ਦਸਤਾਵੇਜ਼ ਰਾਹੀਂ ਦੇਸ ਪੰਜਾਬ ਬ੍ਰਿਟਿਸ਼ ਰਾਜ ਦਾ ਹਿੱਸਾ ਬਣ ਗਿਆ ਸੀ। ਇਸਤੋਂ ਤੁਰੰਤ ਬਾਅਦ ਹੀ ਲਾਹੌਰ ਦੇ ਕਿਲ੍ਹੇ ਉੱਪਰੋਂ ਖਾਲਸਾਈ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਝੁਲਾ ਦਿੱਤਾ ਗਿਆ। ਅੰਗਰੇਜ਼ੀ ਮਿਲਟਰੀ ਬੈਂਡ ਵੱਲੋਂ ਜੇਤੂ ਅਤੇ ਜਸ਼ਨ ਵਾਲੀਆਂ ਧੁਨਾਂ ਵਜਾਈਆਂ ਗਈਆਂ ਅਤੇ ਕੁਝ ਦਿਨਾਂ ਬਾਅਦ ਹੀ ਬਾਲਕ ਮਹਾਰਾਜੇ ਨੂੰ ਇੰਗਲੈਂਡ ਭੇਜ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਧਰਮ ਨਿਰਪੱਖਤਾ ਦੀ ਮਿਸਾਲ ਸੀ। ਜਿਸ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ਤੇ ਉੱਚੀਆਂ ਪ੍ਰਸਾਸ਼ਨਕ ਪਦਵੀਆਂ ਹਾਸਲ ਸਨ।

ਅੰਗਰੇਜ਼ਾਂ ਦੇ ਅਧੀਨ ਆਉਂਦਿਆਂ ਹੀ, ਪੰਜਾਬੀ ਕੌਮ ਨੂੰ ਹਿੰਦੂਆਂ ਸਿੱਖਾਂ ਮੁਸਲਮਾਨਾਂ ਵਿਚ ਫਾੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹਰ ਘਰ ਵਿਚ ਪੰਜਾਬੀ ਦੇ ਕਾਇਦੇ ਦਿੱਤੇ ਜਾਂਦੇ ਸਨ ਤਾਂ ਜੋ ਲੋਕ ਪੜ੍ਹਨ ਲਿਖਣ ਦੇ ਸਮਰੱਥ ਹੋ ਸਕਣ। ਅੰਗਰੇਜ਼ ਸਰਕਾਰ ਵੱਲੋਂ ਇਹ ਕਾਇਦੇ ਇੱਕਠੇ ਕਰਵਾ ਕੇ ਸੜਵਾ ਦਿੱਤੇ ਗਏ। ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧ ਨੂੰ ਡਿਪਟੀ ਕਮਿਸ਼ਨਰਾਂ ਅਤੇ ਪਿੱਠੂ ਮਹੰਤਾਂ ਦੇ ਅਧੀਨ ਕਰ ਦਿੱਤਾ ਗਿਆ। ਗੁਰਦਵਾਰਿਆਂ ਵਿਚ ਜਾਤਪਾਤ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਕਰਕੇ ਗੁਰਧਾਮਾਂ ਵਿਚ ਅਨੇਕਾਂ ਕੁਰੀਤੀਆਂ ਆ ਗਈਆਂ ਅਤੇ ਇਨ੍ਹਾਂ ਵਿਚ ਸੁਧਾਰ ਲਿਆਉਣ ਦੀ ਮਨਸ਼ਾ ਅਧੀਨ, ਜਨਤਕ ਮੂਵਮੈਂਟ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਂਦ ਵਿਚ ਆਈ।

ਹੁਣ ਵੀ ਸਾਡੀ ਬੋਲੀ ਅਤੇ ਇਤਹਾਸ ਵਿਚ ਵਿਗਾੜ ਪੈਦਾ ਕਰਨ ਦੇ ਯਤਨ ਹੋ ਰਹੇ ਹਨ - ਸਾਨੂੰ ਸੁਚੇਤ ਅਤੇ ਇਕ-ਮੁੱਠ ਰਹਿਣ ਦੀ ਜ਼ਰੂਰਤ ਹੈ।

ਅਮਨਜੀਤ ਸਿੰਘ ਖਹਿਰਾ