You are here

ਸੰਪਾਦਕੀ

ਵਿਸ਼ਵ ਮਲੇਰੀਆ ਦਿਵਸ ‘ਤੇ ਵਿਸ਼ੇਸ਼ ✍️ ਪ੍ਰੋ.ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ

ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ, ਜੋ ਕਿ ਮੌਸਮੀ ਬਦਲਾਅ, ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਸੰਬੰਧੀ ਜਨ ਜਾਗਰੂਕਤਾ ਲਈ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ।
ਵਿਸ਼ਵ ਮਲੇਰੀਆ ਦਿਵਸ ਦੀ ਸਥਾਪਨਾ-
ਮਲੇਰੀਆ ਦਿਵਸ ਦੀ ਸਥਾਪਨਾ ਮਈ 2007 ਵਿੱਚ 60ਵੇਂ ਵਿਸ਼ਵ ਸਿਹਤ ਸਭਾ ਦੇ ਸੈਸ਼ਨ ਦੌਰਾਨ ਕੀਤੀ ਗਈ। ਮਲੇਰੀਆ ਦਿਵਸ ਪਹਿਲੀ ਵਾਰ 25 ਅਪ੍ਰੈਲ 2008 ਨੂੰ ਮਨਾਇਆ ਗਿਆ। ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ਼) ਦੁਆਰਾ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਮਲੇਰੀਆ ਵਰਗੇ ਰੋਗ ਤੇ ਜਨਤਾ ਦਾ ਧਿਆਨ ਦਿਵਾਉਣਾ ਅਤੇ ਜਾਗਰੂਕ ਕਰਨਾ ਹੈ ਜਿਸਦੀ ਵਜ੍ਹਾ ਕਰਕੇ ਹਰ ਸਾਲ ਲੱਖਾਂ ਲੋਕ ਮਰਦੇ ਹਨ।
ਮਲੇਰੀਆ ਪ੍ਰਤੀ ਜਾਗਰੂਕਤਾ ਕਾਰਜ-
ਹਰ ਸਾਲ 25 ਅਪ੍ਰੈਲ ਵਾਲੇ ਦਿਨ ਸੰਸਾਰ ਵਿਚ ਵਿਸ਼ਵ ਮਲੇਰੀਆ ਦਿਵਸ ਨੂੰ ਵਿਸ਼ੇਸ਼ ਦਿਨ ਨੂੰ ਸਮਰਪਿਤ ਇਕ ਨਾਅਰਾ ਦਿੱਤਾ ਜਾਂਦਾ ਹੈ।ਵਿਸ਼ਵ ਸਿਹਤ ਸੰਸਥਾ ਦੇ ਨਿਰਦੇਸ਼ਾਂ 'ਤੇ ਹਰ ਦੇਸ਼ ਦੇ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ, ਸਰਕਾਰੀ, ਅਰਧ-ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ, ਪ੍ਰਾਈਵੇਟ ਅਦਾਰਿਆਂ, ਸਕੂਲਾਂ, ਕਾਲਜਾਂ ਤੇ ਪਿੰਡ ਪੱਧਰ 'ਤੇ ਇਸ ਦਿਨ ਵਿਸ਼ੇਸ਼ ਗੋਸ਼ਟੀਆਂ, ਸੈਮੀਨਾਰ, ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਲੈਕਚਰ, ਸਿਹਤ ਸਿੱਖਿਆ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਕਿਉਂ ਜੋ ਵਿਸ਼ਵ ਪੱਧਰ 'ਤੇ ਅਫਰੀਕਾ ਮਲੇਰੀਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਹੈ। ਅਫਰੀਕਾ ਵਿਚ ਮਲੇਰੀਆ ਦਿਵਸ ਨੂੰ ਮਈ 2007 ਵਿਚ ਵਿਸ਼ਵ ਮਲੇਰੀਆ ਦਿਵਸ ਦਾ ਨਾਂ ਦਿੱਤਾ ਗਿਆ। ਇਸ ਦਿਨ ਨੂੰ ਉਚਿਤ ਤਰੀਕੇ ਨਾਲ਼ ਮਨਾਉਣ ਲਈ ਵਿਸ਼ਵ ਸਿਹਤ ਸੰਸਥਾ ਵੱਲੋਂ ਸਬੰਧਤ ਦੇਸ਼ਾਂ ਨੂੰ ਵਿਸ਼ੇਸ਼ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਅਫਰੀਕਾ ਵਿਚ 2012 ਵਿਚ ਮਲੇਰੀਏ ਨਾਲ ਕਰੀਬ 6 ਲੱਖ 27 ਹਜ਼ਾਰ ਮੌਤਾਂ ਹੋਈਆਂ ਸਨ।
ਮਲੇਰੀਆ ਕੀ ਹੈ -ਮਲੇਰੀਆ ਇਕ ਪ੍ਰਕਾਰ ਦੇ ਪਰਜੀਵੀ ਜਿਸ ਨੂੰ ‘ਪਲਾਜ਼ਮੋਡੀਅਮ’ ਦੇ ਰੂਪ ਵਿਚ ਜਾਣਿਆ ਜਾਂਦਾ ਹੈ| ਇਹ ਮੱਛਰ ਦੇ ਕੱਟਣ ਨਾਲ ਸ਼ੁਰੂ ਹੁੰਦਾ ਹੈ, ਜਿਸ ਨੂੰ ਆਮ ਤੌਰ ’ਤੇ ਐਨੋਫਲੀਜ਼ ਨਾਂ ਤੋਂ ਜਾਣਿਆ ਜਾਂਦਾ ਹੈ, ਇਹ ਮਾਦਾ ਮੱਛਰ ਹੀ ਉਸ ਪਰਜੀਵੀ ਨੂੰ ਸੰਚਾਰਿਤ ਕਰਦੀ ਹੈ| ਇਸ ਸੰਕ੍ਰਮਿਤ ਮੱਛਰ ਦੁਆਰਾ ਇਕ ਵਾਰ ਕੱਟੇ ਜਾਣ ਤੋਂ ਬਾਅਦ ਇਹ ਪਰਜੀਵੀ ਤੁਹਾਡੇ ਖ਼ੂਨ ਵਿਚ ਦਾਖ਼ਲ ਹੋ ਜਾਂਦਾ ਹੈ|ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ ਹਰ ਸਾਲ ਤਕਰੀਬਨ 50 ਕਰੋੜ ਲੋਕ ਮਲੇਰੀਆ ਤੋਂ ਪੀੜਤ ਹੁੰਦੇ ਹਨ, ਜਿਹਨਾਂ ਵਿੱਚੋਂ ਤਕਰੀਬਨ 27 ਲੱਖ ਰੋਗੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਮਰਨ ਵਾਲਿਆਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਵਾਲਿਆਂ ਬੱਚਿਆਂ ਦੀ ਗਿਣਤੀ ਜਿਆਦਾ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਦੀ ਤੀਜੀ ਸਭ ਤੋਂ ਵੱਧ ਮਲੇਰੀਆ ਦਰ ਭਾਰਤ ਵਿੱਚ ਹੈ ਅਤੇ ਹਰ ਸਾਲ ਤਕਰੀਬਨ 1 ਕਰੋੜ 80 ਲੱਖ ਲੋਕਾਂ ਨੂੰ ਮਲੇਰੀਆ ਰੋਗ ਨਾਲ ਲੜਨਾ ਪੈਂਦਾ ਹੈ।

ਮਲੇਰੀਆ ਦੀਆਂ ਕਿਸਮਾਂ-
ਮਲੇਰੀਆ ਨੂੰ ਪਲਾਜ਼ਮੋਡੀਅਮ ਫੈਲਸੀਫੈਰਮ, ਪਲਾਜ਼ਮੋਡੀਅਮ ਵਾਈਵੈਕਸ, ਪਲਾਜ਼ਮੋਡੀਅ ਓਵੇਲ, ਪਲਾਜ਼ਮੋਡੀਅ ਮਲੇਰੀਆਈ ਨਾਮਕ ਚਾਰ ਕਿਸਮਾਂ 'ਚ ਵੰਡਿਆ ਗਿਆ ਹੈ।ਇਨ੍ਹਾਂ ਵਿੱਚੋਂ ਪੀ.ਵਾਈਵੈਕਸ ਸਾਰੇ ਵਿਸ਼ਵ ’ਚ ਫੈਲਿਆ ਹੋਇਆ ਹੈ ਅਤੇ ਪੀ.ਫੈਲਸੀਪੈਰਮ ਸਭ ਤੋਂ ਵਧ ਘਾਤਕ ਹੈ। ਭਾਰਤ ਅਤੇ ਪੰਜਾਬ ਅੰਦਰ ਮਲੇਰੀਆ ਦੇ ਜ਼ਿਆਦਾਤਰ ਕੇਸ ਪਲਾਜ਼ਮੋਡੀਅ ਵਾਈਵੈਕਸ ਦੇ ਪਾਏ ਜਾਂਦੇ ਹਨ ਅਤੇ ਪਲਾਜ਼ਮੋਡੀਅ ਫੈਲਸੀਫੈਰਮ ਦੇ ਕੇਸ ਬਹੁਤ ਘੱਟ ਹਨ।ਮਲੇਰੀਆ ਦਾ ਸੰਕ੍ਰਮਣ ਹੋਣ ਅਤੇ ਬਿਮਾਰੀ ਫੈਲਣ ਵਿੱਚ ਰੋਗਾਣੂ ਦੀ ਕਿਸਮ ਦੇ ਆਧਾਰ ਤੇ ਸੱਤ ਤੋ ਚਾਲੀ ਦਿਨਾਂ ਦਾ ਸਮਾਂ ਲੱਗ ਸਕਦਾ ਹੈ।
ਮਲੇਰੀਆ ਦੇ ਲੱਛਣ -ਮਲੇਰੀਆਂ ਦੇ ਸ਼ੁਰੂਆਤੀ ਦੌਰ ਵਿੱਚ ਸਰਦੀ-ਜ਼ੁਕਾਮ ਜਾਂ ਪੇਟ ਦੀ ਗੜਬੜੀ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸਦੇ ਬਾਅਦ ਸਿਰ, ਸਰੀਰ ਅਤੇ ਜੋੜਾਂ ਵਿੱਚ ਦਰਦ, ਠੰਡ ਲੱਗ ਕੇ ਬੁਖਾਰ ਹੋਣਾ, ਨਬਜ਼ ਤੇਜ਼ ਹੋ ਜਾਣਾ, ਉਲਟੀ ਜਾਂ ਪਤਲੇ ਦਸਤ ਲੱਗਣਾ ਆਦਿ ਲੱਛਣ ਹਨ ਪਰੰਤੂ ਜਦ ਬੁਖਾਰ ਅਚਾਨਕ ਚੜ੍ਹ ਕੇ 3-4 ਘੰਟੇ ਰਹਿੰਦਾ ਹੈ। ਬਹੁਤ ਤੇਜ਼ ਤਾਪਮਾਨ (104-106 ਡਿਗਰੀ ਫਾਰਨਹੀਟ), ਗਰਮ ਪੜਾਓ 1-4 ਘੰਟੇ ਦਾ ਹੁੰਦਾ ਹੈ ਅਤੇ ਇਸ ਤੋਂ ਬਾਅਦ ਪਸੀਨਾ ਆਉਣ ਦਾ ਪੜਾਓ 2-4 ਘੰਟੇ ਦਾ ਹੁੰਦਾ ਹੈ ਜਿਸ ਵਿੱਚ ਰੋਗੀ ਨੂੰ ਚੋਖਾ ਪਸੀਨਾ ਆਉਂਦਾ ਹੈ। ਮਲੇਰੀਆ ਰੋਗ ਦੇ ਆਵੇਗ ਜਾਂ ਇਸ ਦੇ ਦੌਰੇ ਤਿੰਨ ਦਿਨ ਤਕ ਚੱਲਦੇ ਹਨ ਅਤੇ ਅਚਾਨਕ ਉੱਤਰ ਜਾਂਦਾ ਹੈ ਇਸਨੂੰ ਮਲੇਰੀਆ ਦੀ ਸਭ ਤੋਂ ਖ਼ਤਰਨਾਕ ਸਥਿਤੀ ਮੰਨ੍ਹਿਆ ਜਾਂਦਾ ਹੈ। ਮਲੇਰੀਆ ਬੁਖ਼ਾਰ ਮਾਦਾ ਮੱਛਰ 'ਐਨਾਫਲੀਜ' ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜ੍ਹੇ ਸਾਫ਼ ਪਾਣੀ 'ਚ ਪੈਦਾ ਹੁੰਦਾ ਹੈ। ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ। ਇਸ ਦੇ ਲੱਛਣ ਠੰਢ ਅਤੇ ਕਾਂਬੇ ਨਾਲ ਬੁਖ਼ਾਰ, ਤੇਜ਼ ਬੁਖ਼ਾਰ ਤੇ ਸਿਰਦਰਦ, ਬੁਖ਼ਾਰ ਉਤਰਨ ਤੋਂ ਬਾਅਦ ਥਕਾਵਟ ਕਮਜ਼ੋਰੀ ਤੇ ਪਸੀਨਾ ਆਉਣਾ ਆਦਿ ਹੁੰਦੇ ਹਨ।

ਮਲੇਰੀਆ ਤੋਂ ਬਚਾਅ-
ਮਲੇਰੀਆ ਤੋਂ ਬਚਾਅ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਸਾਵਧਾਨੀ ਵਜੋਂ ਵਰਤੋਂ ਵਿੱਚ ਆਉਣ ਵਾਲੇ ਕੂਲਰ ਦਾ ਪਾਣੀ ਸਮੇਂ ਸਮੇਂ ਦੇ ਬਦਲਦੇ ਰਹਿਣਾ, ਟੈਂਕੀਆਂ ਨੂੰ ਢੱਕ ਕੇ ਰੱਖਣਾ, ਕਬਾੜ ਵਿੱਚ ਪਾਣੀ ਇਕੱਠਾ ਨਾ ਹੋਣ ਦੇਣਾ, ਘਰਾਂ ਦੇ ਆਲੇ ਦੁਆਲੇ ਤੇ ਛੱਤਾਂ ਤੇ ਪਾਣੀ ਇੱਕਠਾ ਨਾ ਹੋਣ ਦੇਣਾ, ਮੱਛਰਦਾਨੀ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ
ਕੱਪੜਿਆਂ ਦੀ ਵਰਤੋਂ, ਮੱਛਰ ਸੰਬੰਧੀ ਕੀਟਨਾਸ਼ਕਾਂ ਆਦਿ ਦੀ ਯੋਗ ਵਰਤੋਂ ਸਦਕਾ ਮਲੇਰੀਆ ਤੋਂ ਬਚਾਅ ਕੀਤਾ ਜਾ ਸਕਦਾ ਹੈ।ਇੱਥੇ ਇਹ ਵਰਣਨਯੋਗ ਹੈ ਕਿ ਮਲੇਰੀਆ ਤੋਂ ਪੀੜਤ ਰੋਗੀ ਨੇੜੇ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਸਕਦੇ ਹਨ।।
ਭਾਰਤ ਵਿਚ ਮਲੇਰੀਆ ਸੰਚਾਰ ਦੇ ਉੱਚ ਜੋਖਮ ਖੇਤਰ:
ਭਾਰਤ ਵਿਚ ਮਲੇਰੀਆ ਇੱਕ ਜਨਤਕ ਸਿਹਤ ਸਮੱਸਿਆ ਹੈ| ਮਲੇਰੀਏ ਦੇ ਬਹੁਤੇ ਕੇਸ ਦੇਸ਼ ਦੇ ਪੂਰਬੀ ਅਤੇ ਮੱਧ ਹਿੱਸੇ ਤੋਂ, ਜੰਗਲਾਂ, ਪਹਾੜੀ ਅਤੇ ਕਬਾਇਲੀ ਖੇਤਰਾਂ ਵਾਲੇ ਰਾਜਾਂ ਤੋਂ ਰਿਪੋਰਟ ਕੀਤੇ ਜਾਂਦੇ ਹਨ|  ਇਨ੍ਹਾਂ ਰਾਜਾਂ ਵਿੱਚ ਓਡੀਸ਼ਾ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਕੁਝ ਉੱਤਰ-ਪੂਰਬੀ ਰਾਜ ਜਿਵੇਂ ਤ੍ਰਿਪੁਰਾ, ਮੇਘਾਲਿਆ ਅਤੇ ਮਿਜ਼ੋਰਮ ਸ਼ਾਮਲ ਹਨ| ਭਾਰਤ ਵਿਚ ਮਲੇਰੀਆ ਦੇ ਕੇਸ 2001 ਵਿਚ 2.08 ਮਿਲੀਅਨ ਤੋਂ ਘਟ ਕੇ 2017 ਵਿਚ 8.4 ਲੱਖ ਹੋ ਗਏ ਹਨ|
ਜਾਗਰੂਕਤਾ ਹੀ ਬਚਾਓ
- ਘਰਾਂ ਦੇ ਆਲੇ-ਦੁਆਲੇ ਛੋਟੇ ਟੋਇਆਂ ਵਿਚ ਪਾਣੀ ਇਕੱਠਾ ਨਾ ਹੋਣ ਦਿਓ।
- ਛੱਪੜਾਂ 'ਚ ਖੜ੍ਹੇ ਪਾਣੀ 'ਤੇ ਕਾਲੇ ਤੇਲ ਦਾ ਛਿੜਕਾਅ ਕਰੋ।

- ਅਜਿਹੇ ਕੱਪੜੇ ਪਹਿਨੋ, ਜਿਸ ਨਾਲ ਪੂਰਾ ਸਰੀਰ ਢਕਿਆ ਰਹੇ ਤਾਂ ਜੋ ਮੱਛਰ ਨਾ ਕੱਟ ਸਕਣ।
- ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ।
- ਹਰ ਹਫ਼ਤੇ ਕੂਲਰ, ਟੈਂਕੀ, ਗਮਲਿਆਂ 'ਚ ਪਾਣੀ ਬਦਲਿਆ ਜਾਵੇ।
- ਛੱਤ 'ਤੇ ਪਏ ਕਬਾੜ, ਟੁੱਟੇ ਬਰਤਨਾਂ ਵਿਚਲਾ ਪਾਣੀ ਨਸ਼ਟ ਕਰ ਦੇਵੋ।
ਮਲੇਰੀਆ ਦੇ ਮਰੀਜ਼ਾਂ ਦਾ ਟੈਸਟ ਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ 'ਚ ਮੁਫ਼ਤ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੇ 'ਪੰਜਾਬ ਮਲੇਰੀਆ ਖ਼ਾਤਮਾ ਮੁਹਿੰਮ' ਅਧੀਨ ਸੂਬੇ ਦੇ ਸਮੁੱਚੇ 22 ਜ਼ਿਲ੍ਹਿਆਂ 'ਚ 2021 ਤਕ ਮਲੇਰੀਆ ਦੇ ਖ਼ਾਤਮੇ ਦਾ ਟੀਚਾ ਮਿੱਥਿਆ ਹੈ। ਮਲੇਰੀਆ ਦਾ ਇਲਾਜ ਸੰਭਵ ਹੈ ਬੱਸ ਜ਼ਰੂਰਤ ਹੈ ਸਹੀ ਸਮੇਂ ਤੇ ਇਲਾਜ ਕਰਨ ਦੀ। ਮਲੇਰੀਆ ਤੋਂ ਬਚਾਓ ਲਈ ਸਰਕਾਰ ਵਲੋਂ ਅਪਣੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸਾਡਾ ਸਭ ਦਾ ਵੀ ਫਰਜ਼ ਹੈ ਕਿ ਅਸੀਂ ਵਿਸ਼ਵ ਪੱਧਰ ਤੇ ਚੱਲ ਰਹੀ ਮਲੇਰੀਆ ਤੋਂ ਲੋਕਾਂ ਨੂੰ ਬਚਾਉਣ ਦੀ ਇਸ ਮੁਹਿੰਮ ਵਿੱਚ ਸਾਥ ਦੇਈਏ ਅਤੇ ਲੋਕਾਂ ਨੂੰ ਜਾਗਰੂਕ ਕਰੀਏ।  
ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ।
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨ ਕਾਲਜ ਬਰੇਟਾ ।

ਮਾਂ ਬੋਲੀ ਦਾ ਸਤਿਕਾਰ ਤੇ ਰੁਜ਼ਗਾਰ ✍️ ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

'ਮਾਂ' ਸ਼ਬਦ ਦੁਨੀਆਂ ਦਾ ਸਭ ਤੋਂ ਖ਼ੂਬਸੂਰਤ ਅਹਿਸਾਸ ਹੈ। ਮਾਂ ਕੋਲ਼ੋਂ ਸਿੱਖੀ ਬੋਲੀ ਸਾਡੀ ਮਾਂ-ਬੋਲੀ ਹੁੰਦੀ ਹੈ। ਮਾਂ-ਬੋਲੀ ਵਿੱਚ ਕਿੰਨੇ ਖ਼ੂਬਸੂਰਤ ਹੋਰ ਅਹਿਸਾਸ ਹੋ ਸਕਦੇ ਹਨ,ਇੱਥੋਂ ਇਹ ਸਮਝ ਸਾਨੂੰ ਸੁਤੇ-ਸੁਭਾਅ ਆਪਣੇ ਮਨ 'ਤੇ ਉੱਕਰ ਲੈਣੀ ਚਾਹੀਦੀ ਹੈ। ਮਾਂ ਤੋਂ ਬਾਅਦ ਮਹਿਸੂਸ ਕਰੀਏ ਤਾਂ ਮਾਂ-ਬੋਲੀ ਹੀ ਸਤਿਕਾਰ ਦੀ ਪਾਤਰ ਹੈ। ਅਸੀਂ ਇੱਥੇ ਸਤਿਕਾਰ ਦੇ ਨਾਲ਼ ਅੱਗੇ ਰੁਜ਼ਗਾਰ ਦੀ ਗੱਲ ਵੀ ਕਰਾਂਗੇ। 

ਇਸ ਤੋਂ ਪਹਿਲਾਂ ਮਨੋਵਿਗਿਆਨਕ ਤੌਰ 'ਤੇ ਇਹ ਤੱਥ ਨੂੰ ਸਮਝਣਾ ਜ਼ਰੂਰੀ ਹੈ ਕਿ ਬੱਚਾ ਮਾਂ-ਬੋਲੀ ਵਿਚ ਛੇਤੀ ਗਿਆਨ ਪ੍ਰਾਪਤ ਕਰ ਸਕਦਾ ਹੈ। ਅਜੋਕੇ ਸਮੇਂ ਵਿੱਚ ਵਿਦੇਸ਼ਾਂ 'ਚ ਜਾਣ ਦੀ ਦੌੜ ਨੇ ਸਾਡੇ ਸਮਾਜ ਵਿੱਚ ਬੱਚਿਆਂ ਸਮੇਤ ਮਾਪਿਆਂ ਦੇ ਮਨਾਂ ਵਿੱਚ ਇੱਕ ਬਹੁਤ ਵੱਡਾ ਭਰਮ ਤੇ ਡਰ ਪੈਦਾ ਕਰ ਦਿੱਤਾ ਹੈ ਕਿ ਵਿਦੇਸ਼ੀ ਭਾਸ਼ਾਵਾਂ ਸਿੱਖੇ ਬਿਨਾਂ ਰੁਜ਼ਗਾਰ ਨਹੀਂ। ਆਪਾਂ ਇੱਥੇ ਤੁਹਾਡੇ ਨਾਲ਼ ਕੁਝ ਦਿਲਚਸਪ ਤੱਥਾਂ ਦੀ ਸਾਂਝ ਬਣਾਉਂਦੇ ਹਾਂ ਜੋ ਇਹ ਭਰਮ ਤੇ ਇਹ ਡਰ ਨੂੰ ਦੂਰ ਕਰਨ ਲਈ ਕਾਫੀ ਸਹਾਈ ਹੋਣਗੇ।

ਜਦ ਗੱਲ ਰੁਜ਼ਗਾਰ ਦੀ ਤੁਰਦੀ ਹੈ ਤਾਂ ਸਾਡੇ ਦੇਸ਼ ਵਿਚ ਵਿਗਿਆਨ ਦੇ ਵਿਸ਼ੇ 'ਤੇ ਸਭ ਤੋਂ ਪਹਿਲਾਂ ਚਰਚਾ ਕਰਨੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।

ਇੱਥੇ ਅਸੀਂ ਵੱਖੋ-ਵੱਖ ਦੇਸ਼ਾਂ ਦੇ ਸੰਦਰਭ ਵਿੱਚ ਇਸ ਸਭ ਕੁਝ ਨੂੰ ਸਮਝਣਾ ਹੈ। ਜੇ ਪਹਿਲੀ ਗੱਲ ਵਿਗਿਆਨ ਦੇ ਵਿਸ਼ਿਆਂ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲਿਆਂ ਦੀ ਕਰੀਏ ਤਾਂ ਇਹਨਾਂ ਵਿੱਚੋਂ ਬਹੁਗਿਣਤੀ ਅੰਗਰੇਜ਼ਾਂ ਦੀ ਨਹੀਂ ਹੈ; ਕੋਈ ਜਰਮਨ ਹੈ ਕੋਈ ਫਰੈਂਚ ਹੈ ਜਾਂ ਯੂਰਪ ਦੀਆਂ ਹੋਰ ਬੋਲੀਆਂ ਬੋਲਣ ਵਾਲੇ ਹਨ। ਇਹਨਾਂ ਦੇ ਜਿਹੜੇ ਖੋਜ-ਪੱਤਰਾਂ ਲਈ ਨੋਬਲ ਪੁਰਸਕਾਰ ਮਿਲ਼ੇ, ਉਹ ਇਹਨਾਂ ਦੀਆਂ ਆਪਣੀਆਂ ਬੋਲੀਆਂ ਵਿੱਚ ਹਨ। ਹੁਣ ਲੱਗਦੇ ਹੱਥ ਸਾਡੇ ਦੇਸ਼ ਦੇ ਭੌਤਿਕ ਵਿਗਿਆਨੀ ਚੰਦਰ ਸ਼ੇਖਰ ਦੀ ਹੀ ਗੱਲ ਕਰੀਏ ਤਾਂ ਉਸ ਨੂੰ ਉਸ ਦੇ ਜਿਸ ਖੋਜ-ਪੱਤਰ ਲਈ ਨੋਬਲ ਇਨਾਮ ਮਿਲਿਆ ਉਹ ਉਹਦੀ ਮਾਂ-ਬੋਲੀ 'ਤਾਮਿਲ' ਵਿੱਚ ਹੀ ਹੈ।

ਮੌਜੂਦਾ ਸਮੇਂ ਭਾਰਤ ਦੇ ਉਪ-ਰਾਸ਼ਟਰਪਤੀ  ਸ਼੍ਰੀ ਐੱਮ ਵੈਂਕੱਈਆ ਨਾਇਡੂ ਨੇ

ਹੈਦਰਾਬਾਦ ਯੂਨੀਵਰਸਿਟੀ ਅਤੇ ਤੇਲਗੂ ਅਕੈਡਮੀ ਦੁਆਰਾ ਆਯੋਜਿਤ “ਗਿਆਨ ਰਚਨਾ:ਮਾਂ ਬੋਲੀ” ’ਤੇ ਔਨਲਾਈਨ ਵੈਬੀਨਾਰ ਦੌਰਾਨ ਇਸ ਗੱਲ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਲਗਭਗ 90 ਫ਼ੀਸਦੀ ਉਹ ਲੋਕ ਸਨ ਜਿਨ੍ਹਾਂ ਨੇ ਆਪਣੀ ਮਾਂ-ਬੋਲੀ ਵਿੱਚ ਆਪਣੀ ਸਿੱਖਿਆ ਪੂਰੀ ਕੀਤੀ ਸੀ।

ਦੂਜਾ ਤੱਥ ਇਲੈਕਟਰੀਕਲ ਇੰਜਨੀਅਰਿੰਗ ਦੀਆਂ ਬੁਨਿਆਦੀ ਇਕਾਈਆਂ ਵੋਲਟ, ਐਮਪੀਅਰ, ਵਾਟ ਅਤੇ ਓਹਮ ਨਾਲ਼ ਜੁੜਿਆ ਹੋਇਆ ਹੈ। ਇਹ ਬੁਨਿਆਦੀ ਇਕਾਈਆਂ ਦੇ ਇਹ ਨਾਂ ਵੱਖ-ਵੱਖ ਵਿਗਿਆਨੀਆਂ ਦੇ ਨਾਵਾਂ ‘ਤੇ ਹੀ ਰੱਖੇ ਹੋਏ ਹਨ। ਧਿਆਨਯੋਗ ਗੱਲ ਇੱਥੇ ਇਹ ਹੈ ਕਿ ਇਹਨਾਂ ਵਿਗਿਆਨੀਆਂ ਵਿੱਚੋਂ ਕੋਈ ਵੀ ਇੰਗਲੈਂਡ ਦਾ ਨਹੀਂ ਸੀ।  ਜੇਮਜ਼ ਵਾਟ ਤੋਂ ਬਿਨਾਂ ਕਿਸੇ ਦੀ ਮਾਂ-ਬੋਲੀ ਵੀ ਅੰਗਰੇਜ਼ੀ ਨਹੀਂ ਸੀ। 

ਐਲੇਸੰਦਰੋ ਵੋਲਟ ਇਟਾਲੀਅਨ ਸਨ,ਆਂਦਰੇ ਮੈਰੀ ਐਮਪੀਅਰ ਫਰਾਂਸੀਸੀ ਸਨ,ਜੇਮਜ਼ ਵਾਟ ਸਕਾਟਲੈਂਡ ਦੇ ਸਨ ਅਤੇ ਜਾਰਜ ਓਹਮ ਜਰਮਨ ਦੇ ਸਨ।  

ਵਿਸ਼ਵ ਪੱਧਰ ਤੱਥਾਂ ਤੇ ਆਧਾਰਿਤ ਜਾਣੀਏ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਸਾਇੰਸ ਦੀ ਸਾਰੀ ਖੋਜ ਅਤੇ ਵਿਕਾਸ ਯੂਰਪ ਦੇ ਵੱਖ-ਵੱਖ ਖਿੱਤਿਆਂ ਅਤੇ ਬੋਲੀਆਂ ਵਿੱਚ ਨਾਲ-ਨਾਲ ਹੋਇਆ ਹੈ। 

ਇਸੇ ਤਰ੍ਹਾਂ, ਵਿਸ਼ਵੀਕਰਨ ਦੁਆਰਾ ਬਹੁਤ ਪ੍ਰਭਾਵਿਤ ਦੇਸ਼ਾਂ ਦੇ ਇੱਕ ਹੋਰ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਮਾਂ-ਬੋਲੀ ਨੂੰ ਮਹੱਤਵ ਦੇਣ ਵਾਲੇ ਮੁਲਕ ਪਹਿਲੇ 50 ਮੁਲਕਾਂ ਵਿੱਚ ਸ਼ਾਮਲ ਹਨ।

ਇਹ ਇਹ ਤੱਥ ਵੀ ਸਮਝਣਾ ਜ਼ਰੂਰੀ ਹੈ ਕਿ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਚੋਟੀ ਦੇ 40-50 ਦੇਸ਼ਾਂ ਵਿੱਚੋਂ 90 ਫ਼ੀਸਦੀ ਉਹ ਦੇਸ਼ ਹਨ ਜਿਨ੍ਹਾਂ ਵਿੱਚ ਸਿੱਖਿਆ ਮਾਂ-ਬੋਲੀ ਰਾਹੀਂ ਦਿੱਤੀ ਗਈ ਸੀ।

ਅੱਜ ਦੀ ਇਸ ਵਿਚਾਰ ਚਰਚਾ ਦੀ ਸਮਾਪਤੀ 'ਤੇ ਸਾਇੰਸ ਤੋਂ ਬਾਅਦ ਸਾਹਿਤ ਦੀ ਦੁਨੀਆਂ ਨਾਲ਼ ਸਾਂਝ ਬਣਾਉਂਦੇ ਹੋਏ ਆਪਾਂ ਇੱਥੇ ਰਬਿੰਦਰ ਨਾਥ ਟੈਗੋਰ ਦੇ ਮਾਂ-ਬੋਲੀ ਸੰਬੰਧਿਤ ਵਿਚਾਰ ਨੂੰ ਸਮਝੀਏ ਤੇ ਮਹਿਸੂਸ ਕਰੀਏ। ਉਹਨਾਂ ਨੇ ਕਿਹਾ ਸੀ ਕਿ ਜੋ ਸਕੂਨ ਮੈਨੂੰ ਆਪਣੀ ਮਾਂ-ਬੋਲੀ ਵਿੱਚ ਲਿਖ ਕੇ ਮਿਲ਼ਦਾ ਹੈ, ਉਹ ਕਿਸੇ ਹੋਰ ਭਾਸ਼ਾ ਵਿੱਚ ਲਿਖ ਕੇ ਨਹੀਂ ਮਿਲ਼ਦਾ। ਇਹ ਵਿਚਾਰ ਦੀ ਸਾਂਝ ਬਣਾਉਣ ਦਾ ਕਾਰਨ ਵੀ ਇੱਥੇ ਇਹ ਹੀ ਹੈ ਕਿ ਟੈਗੋਰ ਦੀ ਰਚਨਾ ‘ਗੀਤਾਂਜਲੀ’ ਜਿਸ ਨੂੰ ਨੋਬਲ ਪੁਰਸਕਾਰ ਮਿਲ਼ਿਆ ਹੈ, ਉਹ ਉਨ੍ਹਾਂ ਦੀ ਮਾਂ-ਬੋਲੀ  ‘ਬੰਗਾਲੀ’ ਵਿੱਚ ਹੀ ਲਿਖੀ ਹੋਈ ਸੀ।

 

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਮਹਿਲਾ ਕਮਿਸ਼ਨ ਨੇ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦਾ ਪ੍ਰੀਮੀਅਰ ਦੇਖਣ ਤੋਂ ਬਾਅਦ ਦਿੱਤੀ ਹਰੀ ਝੰਡੀ

ਸਮਾਜ ਨੂੰ ਚੰਗੀ ਸੇਧ ਦਿੰਦੀਆਂ ਫਿਲਮਾਂ ਦਰਸ਼ਕ ਜਰੂਰ ਦੇਖਣ- ਮਨੀਸ਼ਾ ਗੁਲਾਟੀ

ਪੰਜਾਬ ਦੀ ਫ਼ਿਲਮ ਇੰਡਸਟਰੀ ਪੰਜਾਬੀ ਸਿਨੇਮਾ ਲਈ ਹਰ ਦਿਨ ਨਿੱਤ ਨਵੇਂ ਪ੍ਰੋਜੈਕਟਾਂ ‘ਤੇ ਕੰਮ ਕਰ ਰਹੀ ਹੈ ਜੋ ਕਿ ਸਮੇਂ-ਸਮੇਂ ‘ਤੇ ਕਈ ਵਾਰ ਵਿਵਾਦਾਂ ਤੇ ਚਰਚਾਵਾਂ ‘ਚ ਵੀ ਘਿਰ ਜਾਂਦੀ ਹੈ।ਕੁਝ ਦਿਨ ਪਹਿਲਾਂ ਅਜਿਹੀ ਹੀ ਇਕ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਜੋ ਕਿ ਆਪਣੇ ਟਾਈਟਲ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਈ।ਪੰਜਾਬ ਰਾਜ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਵੱਲੋਂ ਇਸ ਫ਼ਿਲਮ ਦੇ ਟਾਈਟਲ ‘ਨੀ ਮੈਂ ਸੱਸ ਕੁੱਟਣੀ’ ‘ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਇਸ ਫ਼ਿਲਮ ਦੇ ਟਾਈਟਲ ਨਾਲ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ ਅਤੇ ਇਸ ਨਾਲ ਸਮਾਜ ਨੂੰ ਕੋਈ ਚੰਗਾ ਸੁਨੇਹਾ ਨਹੀਂ ਜਾਵੇਗਾ ਅਤੇ ਉਨਾਂ ਵਲੋਂ ਫ਼ਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।ਜਿਸ ਉਪਰੰਤ ਫਿਲਮ ਟੀਮ ਵਲੋਂ ਅੱਜ ਕਮਿਸ਼ਨ ਅੱਗੇ ਪੇਸ਼ ਹੋ ਕੇ ਫਿਲਮ ਦਾ ਪ੍ਰੀਮੀਅਰ ਦਿਖਾਇਆ ਗਿਆ ਅਤੇ ਫਿਲਮ ਦੇਖਣ ਉਪਰੰਤ ਮਨੀਸ਼ਾ ਗੁਲਾਟੀ ਨੇ ਕਿਹਾ ਕਿ ‘ਮੈਂ ਅੱਜ 'ਨੀ ਮੈਂ ਸੱਸ ਕੁੱਟਣੀ' ਫਿਲਮ ਦਾ ਪ੍ਰੀਮੀਅਰ ਦੇਖਿਆ ਅਤੇ ਇੱਕ ਕਮਿਸ਼ਨ ਦਾ ਫਰਜ਼ ਸਮਝਦੇ ਹੋਏ ਅਸੀਂ ਹਰ ਗੱਲ ਦੀ ਪੂਰੀ ਤਹਿ ਤੱਕ ਜਾਣਾ ਚਾਹੁੰਦੇ ਸੀ। ਇਸ ਲਈ ਪ੍ਰੀਮੀਅਰ ਦੇਖਣ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਫਿਲਮ 'ਚ ਇੱਕ ਬਹੁਤ ਚੰਗਾ ਮੈਸੇਜ ਦਿੱਤਾ ਗਿਆ ਹੈ ਅਤੇ ਇਸ ਮੈਸੇਜ ਦੀ ਸਾਡੇ ਸਮਾਜ ਨੂੰ ਬਹੁਤ ਜਰੂਰਤ ਹੈ ਅਤੇ ਉਨਾਂ ਦਰਸ਼ਕਾਂ ਨੂੰ  ਇਸ ਤਰਾਂ ਦੀਆਂ ਫਿਲਮਾਂ ਦੇਖਣ ਦੀ ਅਪੀਲ ਕੀਤੀ। ਉਨਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਜੇਕਰ ਕਿਸੇ ਨੇ ਵੀ ਕਮਿਸ਼ਨ ਦਾ ਨਾਂਅ ਲੈ ਕੇ ਯੂਟਿਊਬ  ਤੋਂ ਇਨ੍ਹਾਂ ਦੀ ਫਿਲਮ ਦਾ ਟ੍ਰੇਲਰ ਹਟਾਇਆ ਹੈ, ਉਨ੍ਹਾਂ ਤੇ ਸਖਤ ਕਾਰਵਾਈ ਹੋਵੇਗੀ। ਮੈਂ ਮਾਨਯੋਗ ਮੁੱਖਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕੀਤੀ ਹੈ ਪੰਜਾਬ ਦਾ ਇੱਥੇ ਇੱਕ ਵੱਖਰਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀਆਂ ਫਿਲਮਾਂ ਓਥੋਂ ਪਾਸ ਹੋਣ। ਮੇਰਾ ਹਮੇਸ਼ਾ ਤੋਂ ਹੀ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਬੱਚੀਆਂ ਨਾਲ ਦਿਲੋਂ ਰਿਸ਼ਤਾ ਹੈ ਕਿ ਅਸੀਂ ਸਭ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਅੱਗੇ ਵੱਧਣਾ ਹੈ। 

ਹਰਜਿੰਦਰ ਸਿੰਘ ਜਵੰਦਾ

26 ਅਪਰੈਲ 'ਤੇ ਵਿਸ਼ੇਸ਼ ਸ਼ਬਦਾਂ ਦੇ ਜਾਦੂਗਰ ਨੂੰ ਯਾਦ ਕਰਦਿਆਂ ✍️ ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਆਓ ਅੱਜ ਤੁਹਾਡੀ ਪੰਜਾਬੀ ਸਾਹਿਤ ਦੀ ਦੁਨੀਆਂ ਦੇ ਸ਼ਬਦਾਂ ਦੇ ਜਾਦੂਗਰ ਨਾਲ਼ ਉਹਨਾਂ ਦੇ ਜਨਮ ਦਿਨ 'ਤੇ ਇੱਕ ਖ਼ਾਸ ਮੁਲਾਕਾਤ ਕਰਵਾਈਏ। ਜਿਸ ਨੇ 'ਪਿਆਰ ਕਬਜਾ ਨਹੀਂ ਪਹਿਚਾਣ'' ਜਿਹੇ ਸੰਕਲਪ ਨੂੰ ਪ੍ਰਵਾਨ ਚੜ੍ਹਾਇਆ। ਇਹ ਸ਼ਬਦਾਂ ਦਾ ਜਾਦੂਗਰ ਹੈ, 'ਗੁਰਬਖ਼ਸ਼ ਸਿੰਘ ਪ੍ਰੀਤਲੜੀ' ਜਿਸ ਨੇ ਪੰਜਾਬੀ ਗਲਪ ਦੇ ਸ਼ਾਹ ਅਸਵਾਰ ਦੇ ਤੌਰ 'ਤੇ ਵਿਚਰਦਿਆਂ ਸਾਹਿਤ ਰਚਦਿਆਂ,ਸਾਹਿਤਕ ਪੱਤਰਕਾਰੀ ਕਰਦਿਆਂ, ਮਾਂ-ਬੋਲੀ ਤੇ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਬਹੁਮੁੱਲਾ ਯੋਗਦਾਨ ਦਿੱਤਾ ਹੈ।

ਉਨ੍ਹਾਂ ਨੇ ਮਾਂ-ਬੋਲੀ ਨੂੰ ਆਪਣੀ ਹੀ ਮੌਜ 'ਚ ਰਹਿਕੇ ਸੰਵਾਰਿਆ, ਤਰਾਸਿਆ, ਮਾਂ-ਬੋਲੀ ਦੇ ਨੈਣ ਨਕਸ਼ਾਂ ਨੂੰ ਆਪਣੇ ਸ਼ਬਦੀ ਹੁਨਰ ਨਾਲ਼ ਸ਼ਿੰਗਾਰਿਆ,ਜਿਸ ਦੀ ਬਦੌਲਤ ਇਕ ਨਵੀਂ ਤੇ ਵੱਖਰੀ ਭਾਸ਼ਾ ਸ਼ੈਲੀ ਦਾ ਜਨਮ ਹੋਇਆ।

ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ 26 ਅਪ੍ਰੈਲ, 1895 ਨੂੰ ਪਸ਼ੌਰਾ ਸਿੰਘ ਦੇ ਘਰ ਮਾਤਾ ਮਾਲਣੀ ਦੀ ਕੁੱਖੋਂ ਹੋਇਆ। ਸੱਤ ਸਾਲਾਂ ਦੀ ਉਮਰੇ ਹੀ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਸੀ। ਆਪ ਦੇ ਮੋਢਿਆਂ 'ਤੇ ਮਾਂ ਤੇ ਦੋ ਭੈਣ ਭਰਾਵਾਂ ਦੀ ਜੁੰਮੇਵਾਰੀ ਆ ਪਈ।

ਬੜੀ ਹਿੰਮਤ ਅਤੇ ਮਿਹਨਤ ਨਾਲ ਸਿਆਲਕੋਟ ਤੋਂ ਦਸਵੀਂ ਪਾਸ ਕਰਕੇ ਐਫ.ਸੀ. ਕਾਲਜ ਲਾਹੌਰ ਵਿਚ ਉਚੇਰੀ ਸਿੱਖਿਆ ਲਈ ਦਾਖ਼ਲਾ ਲਿਆ। ਆਰਥਿਕ ਤੰਗੀ ਕਾਰਨ ਥੋੜ੍ਹੇ ਹੀ ਚਿਰ ਬਾਅਦ ਕਾਲਜ ਛੱਡ ਕੇ 15 ਰੁਪਏ ਮਹੀਨੇ ’ਤੇ ਕਲਰਕ ਦੀ ਨੌਕਰੀ ਕੀਤੀ। ਮਿਹਨਤ ਤੇ ਪੜ੍ਹਾਈ ਦੀ ਤਾਂਘ ਸਦਕਾ ਫਿਰ ਸਿਵਲ ਇੰਜੀਨਿਅਰਿੰਗ ਕਾਲਜ ਰੁੜਕੀ ਵਿਚ ਦਾਖ਼ਲਾ ਲਿਆ।

ਇੱਥੋਂ 1913 ਵਿਚ ਸਿਵਲ ਇੰਜੀਨਿਅਰਿੰਗ ਦਾ ਡਿਪਲੋਮਾ ਕੀਤਾ। ਫਿਰ ਆਪ ਫ਼ੌਜ ਵਿਚ ਭਰਤੀ ਹੋ ਕੇ ਇਰਾਕ ਤੇ ਇਰਾਨ ਚਲੇ ਗਏ। ਉਥੇ ਆਪ ਦੀ ਮੁਲਾਕਾਤ ਇਕ ਇਸਾਈ ਮਿਸ਼ਨਰੀ ਅਫ਼ਸਰ ਨਾਲ ਹੋਈ ਅਤੇ ਉਸੇ ਦੀ ਸਿਫ਼ਾਰਸ਼ ਨਾਲ ਅਮਰੀਕਾ ਦੀ ਨਾਮਵਰ ਮਿਸ਼ੀਗਨ ਯੂਨੀਵਰਸਿਟੀ ਵਿਚ ਇੰਜੀਨਿਅਰਿੰਗ ਦੀ ਉਚੇਰੀ ਸਿੱਖਿਆ ਲਈ ਦਾਖ਼ਲਾ ਲੈ ਲਿਆ। ਅਮਰੀਕਾ ਵਿਖੇ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤੀ ਸਮੇਂ ਗੁਰਬਖ਼ਸ ਸਿੰਘ ਨੇ ਅਮਰੀਕੀ ਸਮਾਜ ਤੇ ਸੱਭਿਆਚਾਰ ਨੂੰ ਬੜੇ ਨਜ਼ਦੀਕ ਹੋ ਕੇ ਵੇਖਿਆ ਹੀ ਨਹੀਂ ਬਲਕਿ ਸਮਝਿਆ ਵੀ ਸੀ। ਉਸ ਸਮੇਂ ਦੇ ਉੱਘੇ ਵਿਦਵਾਨਾਂ ਜਿਨ੍ਹਾਂ ਵਿਚੋਂ ਐਮਰਮਨ ਅਤੇ ਵਿਟਮੈਨ ਦਾ ਨਾਂਅ ਵਿਸ਼ੇਸ਼ ਤੌਰ ‘ਤੇ ਲਿਆ ਜਾ ਸਕਦਾ ਹੈ, ਨੇ ਗੁਰਬਖ਼ਸ ਸਿੰਘ ਦੀ ਸੋਚ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਕੀਤਾ। 

1922 ਵਿਚ ਉਥੋਂ ਬੀ.ਐਸ.ਸੀ. (ਇੰਜੀਨਿਅਰਿੰਗ) ਦੀ ਡਿਗਰੀ ਪ੍ਰਾਪਤ ਕੀਤੀ। ਉਥੋਂ ਦੇਸ਼ ਵਾਪਸ ਆਏ ਤਾਂ ਕਾਫ਼ੀ ਭੱਜ ਦੌੜ ਤੋਂ ਬਾਅਦ ਮਸਾਂ ਰੇਲਵੇ ਦੀ ਨੌਕਰੀ ਲੱਭੀ। 1925 ਵਿਚ ਇਹ ਨੌਕਰੀ ਮਿਲੀ ਅਤੇ 1932 ਵਿਚ ਉਸ ਤੋਂ ਮੁਕਤ ਹੋ ਕੇ ਨੌਸ਼ਹਿਰੇ ਦੇ ਸਥਾਨ ’ਤੇ ਜ਼ਮੀਨ ਠੇਕੇ ’ਤੇ ਲੈ ਕੇ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। 

ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਇਕ ਮਾਅਰਕੇ ਦਾ ਕੰਮ ਆਪ ਨੇ 1933 ਦੇ ਸਤੰਬਰ ਮਹੀਨੇ ਵਿੱਚ ਮਾਸਿਕ ਪੱਤਰ ਪ੍ਰੀਤਲੜੀ ਦੀ ਪ੍ਰਕਾਸ਼ਨਾ ਨਾਲ਼ ਕੀਤਾ। 1936 ਵਿੱਚ ਇਸ ਪਤ੍ਰਿਕਾ ਦਾ ਪ੍ਰਕਾਸ਼ਨ ਮਾਡਲ ਟਾਊਨ ਤੋਂ ਹੋਣ ਲੱਗਾ, ਪਰ 1938 ਵਿੱਚ ਇਸ ਦੀ ਛਾਪਣ ਦੀ ਵਿਵਸਥਾ ਪ੍ਰੀਤ ਨਗਰ ਤੋਂ ਹੀ ਕੀਤੀ ਜਾਣ ਲੱਗੀ। ਜੂਨ 1939 ਤੋਂ ਪ੍ਰੀਤਲੜੀ ਦਾ ਹਿੰਦੀ ਪ੍ਰਕਾਸ਼ਨ ਸ਼ੁਰੂ ਹੋਇਆ,ਪਰ ਪਾਠਕਾਂ ਦੀ ਘਾਟ ਬਹੁਤ ਚਿਰ ਚੱਲ ਨਾ ਸਕਿਆ। ਅਗਸਤ 1939 ਵਿੱਚ ਉਰਦੂ ਵਿਚ ਵੀ ਛਪਣ ਲੱਗਾ, ਜੋ ਕਿ ਦੇਸ਼ ਵੰਡ ਤੱਕ ਜਾਰੀ ਰਿਹਾ। ਅਗਸਤ 1947 ਤੋਂ ਲੈ ਕੇ ਅਪ੍ਰੈਲ 1948 ਪ੍ਰੀਤ ਲੜੀ ਦਾ ਕੋਈ ਅੰਕ ਨਹੀਂ ਛਪਿਆ। ਮਈ 1948 ਤੋਂ 49 ਤੱਕ ਇਸ ਦਾ ਪ੍ਰਕਾਸ਼ਨ ਮਹਿਰੌਲੀ (ਦਿੱਲੀ) ਤੋਂ ਹੋਣ ਲੱਗਾ। ਦਸੰਬਰ 1950 ਤੋਂ ਪ੍ਰੀਤ ਨਗਰ ਤੋਂ ਛਪਣ ਲੱਗਾ। ਇਹ ਮਾਸਿਕ ਪੱਤਰ ਹੁਣ ਤੱਕ ਸਾਹਿਤ ਨਾਲ਼ ਜੁੜੇ ਪਾਠਕਾਂ ਦਾ ਹਰਮਨ ਪਿਆਰਾ ਪੱਤਰ ਬਣਿਆ ਹੋਇਆ ਹੈ।

1938 ਵਿੱਚ ਆਪ ਨੇ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਕਾਰ ਪਿੰਡ ਲੋਪੋ ਦੀ 

376 ਵਿੱਘੇ ਬੰਜਰ ਜ਼ਮੀਨ, ਕਵੀ ਧਨੀਰਾਮ ਚਾਤ੍ਰਿਕ ਰਾਹੀਂ 40 ਹਜ਼ਾਰ ਦੀ ਖ਼ਰੀਦ ਕੇ ਪ੍ਰੀਤ ਨਗਰ ਦੀ ਸਥਾਪਨਾ ਕੀਤੀ। ਸੱਤ ਜੂਨ 1938 ਵਿਚ ਨੂੰ ਪਹਿਲਾ ਜਥਾ ਇੱਥੇ ਪ੍ਰੀਤਨਗਰ ਪੁੱਜਾ ਸੀ।

ਇੱਥੇ ਹੀ ਆਪ ਨੇ 1940 ਵਿਚ ਬਾਲ ਸੰਦੇਸ਼ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ। 1947 ਵਿਚ ਦੇਸ਼ ਦੀ ਵੰਡ ਸਮੇਂ ਪ੍ਰੀਤ ਨਗਰ ਉੱਜੜ ਗਿਆ ਅਤੇ ਗੁਰਬਖ਼ਸ਼ ਸਿੰਘ ਦਿੱਲੀ ਚਲੇ ਗਏ ਤੇ ਉਸ ਸਮੇਂ ਉਥੇ ਡਾ.ਮਹਿੰਦਰ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਸਨ, ਉਹਨਾਂ ਨੇ ਆਪ ਦੀ ਬਹੁਤ ਸਹਾਇਤਾ ਕੀਤੀ ਪਰ ਦਿੱਲੀ ਵਿੱਚ ਆਪ ਦਾ ਦਿਲ ਨਹੀਂ ਲੱਗਿਆ ਤੇ ਫਿਰ 1950 ਵਿਚ ਪ੍ਰੀਤਨਗਰ ਵਿਚ ਮੁੜ ਆਏ ਅਤੇ ਉਸ ਦੀ ਪੁਨਰ ਸਥਾਪਨਾ ਵਿਚ ਜੁਟ ਗਏ ਅਤੇ ਆਖ਼ਰੀ ਦਮ ਤੱਕ ਇੱਥੇ ਰਹੇ। 

ਪੰਜਾਬੀ ਸਾਹਿਤ ਦੀ ਝੋਲੀ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਜੋ ਵੀ ਲਿਖਿਆ,ਆਓ ਇੱਥੇ ਇੱਕ ਝਾਤ ਆਪਾਂ ਉਸ ਵੱਲ ਵੀ ਮਾਰੀਏ:-

ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਪਹਿਲੀ ਕਹਾਣੀ ਪ੍ਰਤਿਮਾ 1913 ਵਿਚ ਲਿਖੀ ਗਈ ਸੀ ਜਦੋਂ ਅਜੇ ਉਹ ਉਮਰ ਦੇ 18ਵੇਂ ਵਰ੍ਹੇ ਵਿਚ ਸਨ। 

ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ 12 ਕਹਾਣੀ ਸੰਗ੍ਰਹਿ ਦਿੱਤੇ ਹਨ; ਜਿਵੇਂ:-ਪ੍ਰੀਤ ਕਹਾਣੀਆਂ, ਅਨੋਖੇ ਤੇ ਇਕੱਲੇ, ਨਾਗ ਪ੍ਰੀਤ ਦਾ ਜਾਦੂ, ਅਸਮਾਨੀ ਮਹਾਂਨਦੀ, ਵੀਣਾ ਵਿਨੋਦ, ਪ੍ਰੀਤਾਂ ਦੀ ਪਹਿਰੇਦਾਰ, ਭਾਬੀ ਮੈਨਾ, ਆਖ਼ਰੀ ਸਬਕ, ਸ਼ਬਨਮ, ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਜ਼ਿੰਦਗੀ ਵਾਰਿਸ ਹੈ, ਰੰਗ ਸਹਿਕਦਾ ਦਿਲ।

ਆਪ ਦੇ ਪੰਜਾਬੀ ਸਾਹਿਤ ਹਿੱਸੇ 27 ਨਿਬੰਧ ਸੰਗ੍ਰਹਿ ਦਿੱਤੇ, ਜਿਵੇਂ ਪ੍ਰੀਤ ਮਾਰਗ, ਖੁੱਲ੍ਹਾ ਦਰ, ਫ਼ੈਸਲੇ ਦੀ ਘੜੀ, ਰੋਜ਼ਾਨਾ ਜ਼ਿੰਦਗੀ ਦੀ ਸਾਇੰਸ, ਸਾਵੀਂ ਪੱਧਰੀ ਜ਼ਿੰਦਗੀ, ਮਨੋਹਰ ਸਖ਼ਸ਼ੀਅਤ, ਪਰਮ ਮਨੁੱਖ, ਪ੍ਰਣ ਪੁਸਤਕ, ਮੇਰੇ ਝਰੋਖੇ ’ਚੋਂ, ਮੇਰੀਆਂ ਅਭੁੱਲ ਯਾਦਾਂ, ਪ੍ਰਸੰਨ ਲੰਬੀ ਉਮਰ, ਇਕ ਦੁਨੀਆ ਤੇ ਤੇਰਾਂ ਸੁਪਨੇ, ਸਵੈ ਪੂਰਨਤਾ ਦੀ ਲਗਨ, ਚੰਗੇਰੀ ਦੁਨੀਆਂ, ਸਾਡੇ ਵਾਰਿਸ, ਨਵਾਂ ਸ਼ਿਵਾਲਾ, ਤਾਜ਼ ਤੇ ਸਰੂ, ਕੁਦਰਤੀ ਮਜ਼੍ਹਬ, ਭਖਦੀ ਜੀਵਨ ਚੰਗਿਆੜੀ, ਨਵੀਂ ਤਕੜੀ ਦੁਨੀਆਂ, ਖ਼ੁਸ਼ਹਾਲ ਜੀਵਨ, ਰੀਝਾਂ ਦੀ ਖੱਡੀ, ਜ਼ਿੰਦਗੀ ਦੀ ਰਾਸ, ਜੁੱਗਾਂ ਪੁਰਾਣੀ ਗੱਲ, ਬੰਦੀ ਛੋੜ ਗੁਰੂ ਨਾਨਕ, ਸਰਬਪੱਖੀ ਨਾਇਕ, ਜ਼ਿੰਦਗੀ ਦੀ ਡਾਟ ਆਦਿ ਹਨ।

ਆਪ ਨੇ ਰਾਜ ਕੁਮਾਰੀ ਲਤਿਕਾ, ਪ੍ਰੀਤ ਮੁਕਟ, ਪ੍ਰੀਤ ਮਣੀ, ਪੂਰਬ-ਪੱਛਮ, ਸਾਡੀ ਹੋਣੀ ਦਾ ਲਿਸ਼ਕਾਰਾ, ਕੋਧਰੇ ਦੀ ਰੋਟੀ ਨਾਟਕ ਵੀ ਲਿਖੇ। 

ਆਪ ਨੇ ਅਣਵਿਆਹੀ ਮਾਂ, ਰੁੱਖਾਂ ਦੀ ਜਿਰਾਂਦ ਨਾਵਲ ਵੀ ਲਿਖੇ। 

ਆਪ ਨੇ ਆਪਣੀ ਸਵੈ-ਜੀਵਨੀ ਮੰਜ਼ਿਲ ਦਿਸ ਪਈ, ਮੇਰੀ ਜੀਵਨ ਕਹਾਣੀ ਭਾਗ-1, ਮੇਰੀ ਜੀਵਨ ਕਹਾਣੀ ਭਾਗ-2 ਲਿਖੀਆਂ। 

ਇਸ ਤੋਂ ਇਲਾਵਾ ਗੁਰਬਖ਼ਸ਼ ਸਿੰਘ ਅਨੁਵਾਦ ਵੀ ਕੀਤੇ ਜਿਵੇਂ ਮਾਂ, ਏਸ਼ੀਆ ਦਾ ਚਾਨਣ, ਸੁਪਨੇ, ਆਖ਼ਰੀ ਸ਼ਬਦ, ਮੌਲੀਘਰ ਦੇ ਨਾਟਕ, ਘਾਹ ਦੀਆਂ ਪੱਤੀਆਂ, ਜ਼ਿੰਦਗੀ ਦੇ ਰਾਹਾਂ ’ਤੇ ਆਦਿ।

ਆਪ ਨੇ ਰੀਝਾਂ ਦੀ ਖੱਡੀ, ਮੁਰਾਦਾਂ ਪੂਰੀਆਂ ਕਰਨ ਵਾਲਾ ਖੂਹ,ਪਰੀਆਂ ਦਾ ਮੋਚੀ, ਗੁਲਾਬੋ, ਜੁੱਗਾਂ ਪੁਰਾਣੀ ਗੱਲ, ਗੁਲਾਬੀ ਐਨਕਾਂ ਆਦਿ ਲਿਖਕੇ ਬਾਲ ਸਾਹਿਤ ਦੀ ਝੋਲੀ ਵਿੱਚ ਵੀ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਪੰਜਾਬੀ ਸਾਹਿਤ ਦਾ ਇਹ 'ਪ੍ਰੀਤਾਂ ਦਾ ਪਹਿਰੇਦਾਰ' ਸ਼ਬਦਾਂ ਦੀ ਜਾਦੂਗਰੀ ਨਾਲ਼ ਸਾਂਝ ਨਿਭਾਉਂਦਿਆਂ ਗੁਰਬਖਸ਼ ਸਿੰਘ ਪ੍ਰੀਤਲੜੀ ਅੰਤ 20 ਅਗਸਤ 1977 ਨੂੰ ਪੀ.ਜੀ.ਆਈ. ਸਵੇਰੇ ਛੇ ਵਜੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਿਆ। 

 

 ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

 

ਨਵੰਬਰ 1984 ਦੀ “ਸਿੱਖ ਨਸਲਕੁਸ਼ੀ”ਤੇ “ਦੇਹਲ਼ੀ ਫ਼ਾਈਲ” ਫਿਲਮ ✍️ ਪਰਮਿੰਦਰ ਸਿੰਘ ਬਲ 

ਨਵੰਬਰ 1984 ਦੀ “ਸਿੱਖ ਨਸਲਕੁਸ਼ੀ”ਤੇ “ਦੇਹਲ਼ੀ ਫ਼ਾਈਲ” ਫਿਲਮ——- ਭਾਰਤੀ ਡੈਮੋਕਰੇਸੀ ਤੇ ਇੰਦਰਾ ਗਾਂਧੀ ਖ਼ਾਨਦਾਨ ਦੇ ਰਾਜ ਦੇ ਸਮੇਂ ਦਾ ਜੋ ਇਤਿਹਾਸਕ ਕਲੰਕ ਲੱਗਾ , ਉਸ ਦਾ ਭੁੱਲਣਾ ਅਸੰਭਵ ਹੈ । ਸਿੱਖਾਂ ਦੀ ਹੋਈ ਇਸ ਨਸਲਕੁਸ਼ੀ ਨੂੰ ਫ਼ਿਲਮੀ ਪਰਦੇ ਦੇ ਰੂਪ ਵਿੱਚ ਪੇਸ਼ ਕਰਨ ਲਈ , ਭਾਰਤ ਦੇ ਪ੍ਰਸਿੱਧ ਫਿਲਮ ਨਿਰਮਾਤਾ “ਸ਼੍ਰੀ ਵਿਵੇਕ ਅਗਨੀਹੋਤਰੀ “ ਨੇ ਫੈਸਲਾ ਲਿਆ ਹੈ । ਉਹ ਇਸ ਤੋਂ ਪਹਿਲਾਂ ਅਜਿਹੇ ਹੀ ਮੁੱਦਿਆਂ ਤੇ “ਤਾਸ਼ਕੰਤ ਫਾਇਲ” ਅਤੇ ਹਾਲ ਹੀ ਵਿੱਚ  “ਕਸ਼ਮੀਰ ਫਾਇਲ “ ਫਿਲਮਾਂ ਬਣਾ ਚੁੱਕੇ ਹਨ । ਉਹਨਾਂ ਦੀ ਪੇਸ਼ਗਨੋਈ ਨੇ ਹਮੇਸ਼ਾ ਸਚਾਈ ਦੇ ਤੱਤ ਸਾਹਮਣੇ ਲਿਆਂਦੇ ਹਨ ।ਸਿੱਖਾਂ ਤੇ ਹੋਏ ਜ਼ੁਲਮ ਬਾਰੇ ਭੀ ਉਹਨਾਂ ਨੇ ਸਚਾਈ ਨੂੰ ਸਾਹਮਣੇ ਰੱਖਣ ਦਾ ਟੀਚਾ ਮਿਥਿਆ ਹੈ । ਗਾਂਧੀ ਪਰਵਾਰ ਦੇ ਰਾਜ-ਸੱਤਾ ਦੁਆਰਾ ਨਵੰਬਰ 1984 ਵਿੱਚ ਜੋ ਸਿੱਖਾਂ ਦਾ ਨਰ-ਸੰਘਾਰ ਕੀਤਾ ਗਿਆ , ਇਸ ਸ਼ਰੇਆਮ ਕਾਲੋਗਾਰਤ ਨੂੰ ਦੇਸ਼ ਦੇ ਲੋਕ ਕਦੇ ਭੀ ਨਾ ਭੁੱਲ ਸਕਣਗੇ ,ਨਾ ਹੀ ਕਾਂਗਰਸ ਦੀ ਦਰਿੰਦਗੀ ਦੇ ਜ਼ੁਲਮ ਨੂੰ ਕਦੇ ਮੁਆਫ਼ ਹੀ ਕਰਨਗੇ ।31 ਅਕਤੂਬਰ ਵਾਲੇ ਦਿਨ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ , ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ , ਕੋਹ ਕੋਹ ਕੇ ਮਾਰਿਆ ਗਿਆ। ਗਾਂਧੀ ਪਰਵਾਰ ਦੇ ਚਹੇਤੇ ਕਾਂਗਰਸੀਆਂ ਦੀ ਭੀੜ ਨੇ ਸਿੱਖਾਂ ਨੂੰ ਗੱਲਾਂ ਵਿੱਚ ਟਾਇਰ ਪਾ ਕੇ ਜਿਓਦੇ ਸਾੜਿਆ । ਪੂਰੇ ਤਿੰਨ ਦਿਨ ਤਿੰਨ ਰਾਤਾਂ ਸਿੱਖਾਂ ਦੇ ਖ਼ੂੰਨ ਦੀ ਹੋਲੀ ਖੇਡੀ ਗਈ । ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਸਿੱਧੇ ਤੌਰ ਇਸ ਨਸਲਕੁਸ਼ੀ  ਨੂੰ ਦੇਖਦੇ ਰਹੇ ।ਭਾਰਤੀ ਡੈਮੋਕਰੇਸੀ ਉੱਪਰ ਲੱਗੇ ਇਸ ਕਲੰਕ ਨੂੰ ਉਹਨਾਂ ਬਾਅਦ ਵਿੱਚ ਸਿੱਖਾਂ ਦੀ ਨਸਲਕੁਸ਼ੀ ਬਾਰੇ ਸਗੋਂ ਇੰਜ ਕਿਹਾ , ਕਿ ਜਦੋਂ ਕੋਈ ਵੱਡਾ ਦਰਖ਼ਤ ਗਿਰਤਾ ਹੈ ਤੋਂ ਕੀੜੇ ਮਕੌੜੇ ਅਕਸਰ ਮਰਤੇ ਹੈ । ਉਹ ਸ਼ਾਇਦ ਵੱਡਾ ਦਰਖ਼ਤ ਇੰਦਰਾ ਨੂੰ ਦਰਸਾਂ ਕੇ ਸਿੱਖਾਂ ਨੂੰ ਕੀੜੇ ਮਕੌੜੇ ਦਰਸਾ ਰਿਹਾ ਸੀ । ਦਿੱਲੀ ਨੇ ਨਾਦਰ ਸ਼ਾਹ ਤੇ ਔਰੰਗਜੇਬ ਦੇ ਸਮਿਆਂ ਦਾ ਕਤਲਾਮ , ਜ਼ੁਲਮ ਤਾਂ ਕਈ ਵੇਰਾਂ ਹੰਢਾਇਆ ਸੀ , ਪਰ ਗਾਂਧੀ ਪਰਵਾਰ ਦਾ ਇਹ ਜ਼ੁਲਮ ਉਹਨਾਂ ਤੋਂ ਭੀ ਅੱਗੇ ਟੱਪ ਕੇ , ਖੁਦ ਹੀ ਭਾਰਤੀਆ ਡੈਮੋਕਰੇਸੀ ਲਈ ਇਕ ਕਾਲਾ ਸਮਾਂ ਸਾਬਤ ਹੋ ਨਿਕਲਿਆ । ਸਮੇਂ ਦੇ ਉਗੇ ਭਾਰਤੀ ਜੱਜ , ਜਸਟਿਸ ਤਾਰਕੁੰਡੇ ਨੇ ਸਿੱਖਾਂ ਤੇ ਹੋਏ ਅੱਤਿਆਚਾਰ ਬਾਰੇ ਇਕ “ਹੂ ਆਰ ਗਿਲਟੀ”(Who Are Guilty) ਸਿਰਲੇਖ ਹੇਠਾਂ ਰਿਪੋਰਟ ਪ੍ਰਕਾਸ਼ਤ ਕੀਤੀ , ਉਹਨਾਂ ਇਸ ਰੀਪੋਰਟ ਵਿੱਚ ਕੋਈ ਇਕ ਸੌ ਇਕੱਤੀ ਉਹ ਲੀਡਰਾਂ ਦੇ ਨਾਮ ਸ਼ਾਮਲ ਦੱਸੇ , ਜਿਨਾਂ ਵਿੱਚੋਂ ਜ਼ਿਆਦਾ ਤੌਰ ਤੇ ਗਾਂਧੀ ਕਾਂਗਰਸ ਦੇ ਉੱਘੇ ਸੀਨੀਅਰ ਆਗੂ ਅਤੇ ਉਨ੍ਹਾਂ ਦੇ ਨੇੜਲੇ ਜੋਟੀਦਾਰ ਦੱਸੇ ਗਏ ਸਨ । “ਦੇਹਲ਼ੀ ਫ਼ਾਇਲ”
ਸਾਰਾ ਸੱਚ ਸਾਹਮਣੇ ਲਿਆਵੇਗੀ , ਇਸ ਦੀ ਪੂਰੀ ਆਸ ਹੈ । ਵਰਨਣ ਯੋਗ ਹੈ ਕਿ ਰਾਜੀਵ ਗਾਂਧੀ ਤੋਂ ਬਾਅਦ ਸ੍ਰ ਮਨਮੋਹਨ ਸਿੰਘ ਤੱਕ ਕਾਂਗਰਸ ਦੀਆਂ ਸਰਕਾਰਾਂ ਹੋ ਗੁਜਰੀਆਂ , ਪਰੰਤੂ ਕਿਸੇ ਵੀ ਕਾਂਗਰਸੀ ਸਰਕਾਰ ਨੇ ਸਿੱਖਾਂ ਪ੍ਰਤੀ ਇਨਸਾਫ਼ ਦਾ ਕੋਈ ਕਦਮ ਨਹੀਂ ਪੁੱਟਿਆ , ਸਗੋਂ ਸਿੱਖਾਂ ਦੇ ਕਾਤਲ ਆਗੂਆਂ ਨੂੰ ਕੁਰਸੀਆਂ ਦਿੰਦੇ ਰਹੇ ਹਨ । ਮੌਜੂਦਾ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਪਣੀ ਪਿਛਲੀ ਟਰਮ ਸਮੇਂ ਹੀ ਸਿੱਖਾਂ ਦੇ ਹਿਤ ਵਿੱਚ “ਨਵੰਬਰ 1984” ਬਾਰੇ ਇਨਸਾਫ਼ ਪਸੰਦ ਸਟੈਂਡ ਲਿਆ । ਉਸ ਸਮੇਂ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਪਾਰਲੀਮੈਂਟ ਵਿੱਚ ਮਤੇ ਦੇ ਤੌਰ ਤੇ “ਸਿੱਖ ਦੁਖਾਂਤ” ਨੂੰ  “ਸਿੱਖ ਨਸਲਕੁਸ਼ੀ “ ਦਰਜ ਕਰਵਾਇਆ । ਇਸ ਸਾਲ ਫ਼ਰਵਰੀ ਦੇ ਸ਼ੁਰੂ ਵਿੱਚ ਜਲੰਧਰ ਵਿਖੇ ਇਕ ਵੱਡੀ ਰੈਲੀ ਦੇ ਇਕੱਠ ਵਿੱਚ , ਕਾਂਗਰਸ ਸੱਤਾ ਦੇ ਕਾਲੇ ਦੌਰ ਦੇ ਸਮੇਂ ਤੇ ਬੋਲਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ “ਕਾਂਗਰਸ  ਦੇ ਪਾਪ ਦਾ ਘੜਾ ਭਰ ਕੇ ਟੁੱਟ ਚੁੱਕਾ ਹੈ “। ਇਹ ਜਿਕਰਯੋਗ ਹੈ ਕਿ ਸਿਖਾਂ ਤੇ ਤਸ਼ਦੱਦ ਕਰਨ ਵਾਲਿਆਂ ਦੀਆਂ ਜੋ ਫ਼ਾਈਲਾਂ ਨੂੰ ਕਾਂਗਰਸ ਸਰਕਾਰਾਂ ‘ਠਪ’ ਕਰਦੀਆਂ ਰਹੀਆਂ ਸਨ , ਉਨ੍ਹਾਂ ਨੂੰ  ਭਾਰਤੀ ਜਨਤਾ ਪਾਰਟੀ ਨੇ ਇਨਸਾਫ਼ ਦੇ ਤਰਾਜੂ ਤੇ ਲਿਆਂਦਾ । ਸਿੱਟੇ ਵਜੋਂ ਸੱਜਣ ਕੁਮਾਰ ਜਿਹੇ ਕਾਤਲ ਅੱਜ ਜੇਹਲ ਦੀ ਕਾਲ ਕੋਠੜੀ ਵਿੱਚ ਬੰਦ ਹਨ । ਅਜੇ ਹੋਰ ਭੀ ਬਾਕੀ ਹੈ । ਆਸ ਹੈ “ਦੇਹਲ਼ੀ ਫ਼ਾਈਲ” ਫਿਲਮ ਜਿੱਥੇ ਸੱਚ ਅੱਗੇ ਲਿਆਵੇਗੀ , ਉੱਥੇ ਨਾਲ ਨਾਲ ਭਾਰਤੀ ਡੈਮੋਕਰੇਸੀ ਨਾਲ ਕਾਂਗਰਸ ਲੀਡਰਾਂ ਵੱਲੋਂ ਕੀਤੀ ਗਈ ਖਿਲਵਾੜ ਤੋਂ ਭੀ ਪੂਰਾ ਪਰਦਾ ਉੱਠੇਗਾ। ਦੇਸ਼ ਬਦੇਸ਼ ਦੇ ਸਿੱਖਾਂ ਨੂੰ  “ਦੇਹਲ਼ੀ ਫ਼ਾਇਲ” ਫਿਲਮ ਦੀ ਪੂਰਤੀ ਲਈ ਖੁੱਲ੍ਹਦਿਲੀ ਨਾਲ ਉਡੀਕ ਕਰਨੀ ਚਾਹੀਦੀ ਹੈ । ਅੱਜ ਭੀ ਉਹ ਪਰਵਾਰਾਂ ਦੇ ਜੀਅ ਅਤੇ ਸਿੱਖ ਵਿਦਵਾਵਾਂ ਔਰਤਾਂ ਇਨਸਾਫ਼ ਦੀ ਉਡੀਕ ਵਿੱਚ ਤਰਸ ਰਹੀਆਂ ਹਨ , ਜਿਨ੍ਹਾਂ ਸਾਹਮਣੇ ਉਹਨਾਂ ਦੇ ਪਰਵਾਰਾਂ ਨੂੰ ਜਿਉਂਦਿਆਂ ਅੱਗ ਵਿੱਚ ਜਾਲਿਆ ਗਿਆ । ਸਮਾਂ ਇਹ ਭੀ ਮੰਗ ਕਰਦਾ ਹੈ ਕਿ ਦੇਸ਼ ਪੱਧਰ ਤੇ ਗਾਂਧੀ ਸੱਤਾ ਧਾਰੀਆਂ ਵੱਲੋਂ ਇਤਨਾ ਜ਼ੁਲਮ ਢਾਇਆ ਗਿਆ ,ਪਰ ਆਮ ਕਾਂਗਰਸੀ ਨੇ ਇਸ ਖ਼ਾਨਦਾਨ ਨਾਲ਼ੋਂ ਨਾਤਾ ਕਿਉਂ ਨਹੀਂ ਤੋੜਿਆ । ਇਹਨਾਂ ਲੋਕਾਂ ਦੀ ਕਿਸ ਤਰਾਂ ਦੀ ਮਾਨਸਿਕਤਾ ਹੈ । ਅੱਜ ਦੇਸ਼ ਵਿੱਚ ਇਕ ਆਮ ਰਾਏ ਬਣ ਚੁੱਕੀ ਹੈ ਕਿ ਜੇਕਰ ਭਾਰਤ ਵਿੱਚ ਕਾਂਗਰਸ , ਖਾਸਕਰਕੇ ਇੰਦਰਾ , ਦਾ ਕਾਂਗਰਸੀ ਰਾਜ ਨਾ ਹੁੰਦਾ ਤਾਂ 1975 ਦੀ ਐਮਰਜੈਸੀ ਨਾ ਲੱਗਦੀ । ਇਹ ਭੀ ਸੱਚ ਹੈ ਕਿ ਇਹ ਜੇ ਇਨ੍ਹਾਂ ਮਾਂ ਪੁੱਤਾਂ ,ਇੰਦਰਾ - ਰਾਜੀਵ ਗਾਂਧੀ ਦਾ ਰਾਜ ਨਾ ਹੁੰਦਾ ਤਾਂ ਜੂਨ 1984 ਅਤੇ ਅਕਤੂਬਰ 1984 ਦੇ ਘੱਲੂਘਾਰੇ ਕਦੇ ਨਾ ਵਾਪਰਦੇ ।
ਪਰਮਿੰਦਰ ਸਿੰਘ ਬਲ  ,ਪ੍ਰਧਾਨ ,ਸਿੱਖ ਫੈਡਰੇਸ਼ਨ ਯੂ . ਕੇ . Email: psbal46@gmail.com

ਅੱਖਰੀ ਫਸਲ ✍️ ਕਮਲਜੀਤ ਕੌਰ ਧਾਲੀਵਾਲ

ਸਮੇਂ ਨੂੰ ਵੀ ਕਾਹਲੀ ਬੇਹਿਸਾਬ ਏ,
ਮੈਂ ਹਾਲੇ ਕੀਤੀ ਸ਼ੁਰੂ ਕਿਤਾਬ ਏ।
ਜੋ ਸੋਚ ਦਾ ਬੂਟਾ ਲਾਇਆ ਮੈਂ,
ਉਸਨੂੰ ਪਾਣੀ ਵੀ ਤਾਂ ਲਾਉਣ ਦੇ।
ਸ਼ਬਦਾਂ ਦੀ ਫ਼ਸਲ ਬੜੀ ਤਿਆਰ ਪਈ,
ਵਿੱਚ ਖੜਕੇ ਮੈਨੂੰ ਲੈ ਮੁਸ਼ਕਰਾਉਣ ਦੇ।
ਹਜੇ ਮੈਂ ਲਿੱਖਣੀ ਕਲਮ ਮੁਹੱਬਤਾਂ ਦੀ,

ਬੁੱਲੇ ਸ਼ਾਹ ਦੀ ਗੱਲ ਕੋਈ ਸੁਨਾਉਣ ਦੇ।

ਦੋਹਾਂ ਦੇਸ਼ਾਂ ਚ ਵੰਡੀਆਂ ਪਾਈਆਂ ਨੇ,
ਕੇਰਾਂ ਦੋਹੇਂ ਕੋਲੋ ਕੋਲੀ ਲਿਆਉਣ ਦੇ।
ਗੁਰ ਕੁਰਬਾਨੀਆਂ ਲੋਕ ਭੁੱਲ ਗਏ ਨੇ,
ਸੁੱਤੀਆਂ ਕੌਮਾਂ ਨੂੰ ਵੀ ਜਗਾਉਣ ਦੇ।
ਦੇਸ਼ ਨੂੰ ਖਾ ਗਈ ਭਿ੍ਸਟਾਚਾਰੀ ਏ,
ਕਾਲੇ ਕਾਨੂੰਨੋਂ ਪ੍ਦਾ ਤਾਂ ਹਟਾਉਣ ਦੇ।
ਜੋ ਸ਼ਹਾਦਤਾਂ ਪਾਈਆਂ ਵੀਰ ਯੋਧਿਆਂ ਨੇ,
ਬੰਦੇ ਗਿੱਣਤੀ ਚ ਵੀ ਗਿੱਣਾਉਣ ਦੇ।
ਸਾਹਿਬਾ ਨੇ ਮਿਰਜ਼ਾ ਮਰਾਇਆ ਝੰਢ ਥੱਲੇ,
ਮਾਰੂਥਲਾਂ ਚੋਂ ਸੱਸੀ ਲੱਭ ਲਿਆਉਣ ਦੇ।
ਦੁੱਖਆਰੇ ਕੰਧੀਂ ਲੱਗ ਲੱਗ ਰੋਂਦੇ ਨੇ,
ਹਾਸ ਰਸ ਰਾਹੀਂ ਰੋਂਦੇ ਵੀ ਹੱਸਾਉਣ ਦੇ।
ਸਕਿਆਂ ਦੇ ਹੀ ਸਕੇ ਵੈਰੀ ਨੇ,
ਘਰੇਲੂ ਮਸ਼ਲੇ ਵੀ ਜਰਾ ਦਿੱਖਾਉਣ ਦੇ।
ਜ਼ਿੰਦਗੀ ਦੇ ਪੈਂਡੇ ਬੜੇ ਹੀ ਲੰਮੇ,
ਮੈਨੂੰ ਤੁਰਕੇ ਪੈਰੀਂ ਛਾਲੇ ਕਰਾਉਣ ਦੇ ।
ਜਿਸ ਰਾਹੀਂ ਕਮਲਜੀਤ ਤੁਰ ਪਈ ਆ,
ਇਸੇ ਰਾਹੇਂ ਸੁਪਨੇ ਪੂਰ ਚੜਾਉਣ ਦੇ।
ਲੇਖਿਕਾ ਕਮਲਜੀਤ ਕੌਰ ਧਾਲੀਵਾਲ

ਧਰਤੀ ਮਾਂ ਦਾ ਵਿਨਾਸ਼ਕ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਮਿੱਟੀ ਦੇ ਵਿੱਚ ਮਿੱਟੀ ਹੋਇਆ
ਮਿੱਟੀ ਦੇ ਵਿੱਚ ਮਿਲ ਜਾਣਾ
ਧਰਤ ਮਾਂ ਦਾ ਜਾਇਆ ਜੋ ਅਖਵਾਉਂਦਾ ਹਾਂ
ਮੈਂ ਹੀ ਧਰਤੀ ਮਾਂ ਦਾ ਵਿਨਾਸ਼ਕ ਕਹਾਉਂਦਾ ਹਾਂ

ਅੱਗ ਵਿੱਚ ਸੜਨ ਜੋ ਉਹ ਜੀਵ-ਜੰਤੂ ਕੁਰਲਾਉਣ
ਗਡੋਆ,ਚੂਹਾ,ਸੱਪ ਬਚਾਓ-੨ ਦੀ ਅਵਾਜ ਲਗਾਉਣ
ਆਪਣੀ ਖ਼ਾਤਰ ਧਰਤ ਮਾਂ ਦੀ ਹਿੱਕ ਜਲਾਉਂਦਾ ਹਾਂ
ਮੈਂ ਹੀ ਧਰਤੀ ਮਾਂ ਦਾ ਵਿਨਾਸ਼ਕ ਕਹਾਉਂਦਾ ਹਾਂ

ਧਰਤੀ ਦੀ ਹਿੱਕ ਉੱਤੇ ਨਿੱਤ ਨਵੇਂ ਸਿਵੇ ਬਲਦੇ ਨੇ
ਤੂਫਾਨ,ਝੱਖੜ ਬੇ-ਮੌਸਮੇ ਢਲਦੇ ਨੇ
ਕੁਦਰਤ ਤੇ ਕਹਿਰ ਹੱਥੀ ਢਾਉਦਾ ਹਾਂ
ਧਰਤੀ ਮਾਂ ਦਾ ਵਿਨਾਸ਼ਕ ਕਹਾਉਂਦਾ ਹਾਂ

ਕੀਟ-ਨਾਸ਼ਕਾਂ ਨੇ ਜ਼ਹਿਰ ਧਰਤ ਮਾਂ ਦੇ
ਖੂਨ ਵਿੱਚ ਰਲਾ ਦਿੱਤਾ
ਇਸਦੀ ਉਪਜਾਊ ਸ਼ਕਤੀ
ਤੇ ਮਿੱਤਰ ਜੀਵਾਂ ਨੂੰ ਮੁਕਾ ਦਿੱਤਾ
ਨਿੱਤ ਨਵੇਂ ਉਦਯੋਗ ਲਗਾ ਧਰਤੀ ਮਾਂ ਦੀ
ਹਿੱਕ ਰਗੜਾਉਂਦਾ ਹਾਂ
ਗਗਨ ਮੈਂ ਹੀ ਧਰਤੀ ਮਾਂ ਦਾ ਵਿਨਾਸ਼ਕ ਕਹਾਉਂਦਾ ਹਾਂ
ਗਗਨਦੀਪ ਕੌਰ ਧਾਲੀਵਾਲ।

23 ਅਪਰੈਲ 'ਤੇ ਵਿਸ਼ੇਸ਼ ਵਿਸ਼ਵ ਪੁਸਤਕ ਦਿਹਾੜੇ ਨੂੰ ਸਮਰਪਿਤ ✍️ ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਵਿਸ਼ਵ ਪੱਧਰ 'ਤੇ ਅਲੱਗ-ਅਲੱਗ ਦਿਹਾੜੇ ਮਨਾਉਣ ਦੀ ਰਵਾਇਤ ਵਿੱਚ ਸਭ ਤੋਂ ਖ਼ੂਬਸੂਰਤ ਦਿਹਾੜਿਆਂ ਦੀ ਜਦੋਂ ਗੱਲ ਕੀਤੀ ਜਾਵੇਗੀ ਤਾਂ ਪਹਿਲ ਦੇ ਆਧਾਰ 'ਤੇ ਵਿਸ਼ਵ ਕਿਤਾਬ ਦਿਹਾੜੇ ਦਾ ਜ਼ਿਕਰ ਕਰਨਾ ਬਣਦਾ ਹੀ ਹੈ।

ਵਿਸ਼ਵ ਪੁਸਤਕ ਦਿਹਾੜਾ ਹਰ ਸਾਲ 23 ਅਪ੍ਰੈਲ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ ਪਹਿਲਾ ਪੁਸਤਕ ਦਿਹਾੜਾ ਸਾਲ 1995 ਨੂੰ ਮਨਾਇਆ ਗਿਆ ਸੀ। ਇਸ ਦਿਹਾੜੇ ਦੀ ਤਰੀਕ ਬੜੀ ਹੀ ਸੋਚ ਸਮਝ ਕੇ ਰੱਖੀ ਗਈ ਹੈ। ਇਹ ਵਿਚਾਰ ਇਕ ਲੇਖਕ ਵੀ.ਸੀ. ਐਂਡਰਸ ਨੇ ਦਿੱਤਾ ਸੀ ਕਿ ਇਸ ਦਿਹਾੜੇ ਨੂੰ ਮਿਗੈਲ ਦੀ ਸਰਵਾਂਤੇਸ (23 ਅਪ੍ਰੈਲ, 1616) ਦੀ ਬਰਸੀ ਦੇ ਤੌਰ 'ਤੇ ਮਨਾਇਆ ਜਾਵੇ। ਕਿਉਂਕਿ ਇਸ ਮਹਾਨ ਲੇਖਕ ਦੀ ਮੌਤ 23 ਅਪ੍ਰੈਲ ਦੇ ਦਿਨ ਹੋਈ ਸੀ। ਇਹ ਇਕ ਮਹਾਨ ਸਪੇਨੀ ਲੇਖਕ ਅਤੇ ਨਾਵਲਕਾਰ ਸੀ। ਉਸ ਨੂੰ 'ਹਾਜ਼ਰ ਜਵਾਬੀ ਦਾ ਸ਼ਹਿਜ਼ਾਦਾ' ਵੀ ਆਖਿਆ ਜਾਂਦਾ ਸੀ। ਇਸ ਤਰ੍ਹਾਂ ਇਸ ਦਿਨ ਵਿਸ਼ਵ ਪੱਧਰ ਦੇ ਬਹੁਤ ਬਾਰੇ ਲੇਖਕਾਂ ਅਤੇ ਵਿਦਵਾਨਾਂ ਦੇ ਜਨਮ ਦਿਨ ਅਤੇ ਬਰਸੀ ਵੀ ਹੁੰਦੀ ਹੈ। ਇਸ ਤਰ੍ਹਾਂ ਇਨ੍ਹਾਂ ਮਹਾਨ ਵਿਅਕਤੀਆਂ ਦੁਆਰਾ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆਂ ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਮਹਾਨ ਲੇਖਕ ਵਿਲੀਅਮ ਸ਼ੈਕਸਪੀਅਰ ਦਾ ਜਨਮ ਅਤੇ ਮੌਤ ਅਪ੍ਰੈਲ ਮਹੀਨੇ (26 ਅਪ੍ਰੈਲ, 1564-23 ਅਪ੍ਰੈਲ, 1616) ਹੋਈ ਸੀ। ਇੰਕਾ ਗਾਰਸੀਲਾਸੋ ਡੇਲਾ ਵੇਗਾ (12 ਅਪ੍ਰੈਲ, 1539- 23 ਅਪ੍ਰੈਲ, 1616) ਇਹ ਵੀ ਇਕ ਮਹਾਨ ਲੇਖਕ ਅਤੇ ਇਤਿਹਾਸਕਾਰ ਸੀ। ਇਸ ਦਾ ਜਨਮ ਪੇਰੂ ਵਿਚ ਅਤੇ ਮੌਤ ਸਪੇਨ ਵਿਚ ਹੋਈ ਸੀ। ਜ਼ੌਸੇਪ ਪਲਾ ਇਕ ਮਸ਼ਹੂਰ ਲੇਖਕ ਅਤੇ ਸਪੇਨੀ ਪੱਤਰਕਾਰ ਸੀ ਜਿਸ ਦਾ ਜਨਮ 8 ਮਾਰਚ, 1897 ਅਤੇ ਮੌਤ 23 ਅਪ੍ਰੈਲ, 1981 ਨੂੰ ਸਪੇਨ ਵਿਖੇ ਹੀ ਹੋਈ ਸੀ। ਉਸ ਨੇ ਫ਼ਰਾਂਸ, ਇਟਲੀ, ਇੰਗਲੈਂਡ, ਜਰਮਨ ਅਤੇ ਰੂਸ ਵਿਚ ਪੱਤਰਕਾਰੀ ਕੀਤੀ।

ਯੂਨੈਸਕੋ ਦੀ ਆਮ ਸਭਾ ਵਲੋਂ ਪੁਸਤਕ ਅਤੇ ਲੇਖਕਾਂ ਨੂੰ ਇਸ ਦਿਨ ਯਾਦ ਕਰਨ ਅਤੇ ਆਮ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਵਿਚ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਨ ਦਾ ਉਦੇਸ਼ ਵੀ ਇਸ ਦਿਵਸ ਨੂੰ ਪੁਸਤਕ ਦਿਹਾੜੇ ਦੇ ਰੂਪ ਵਿਚ ਮਨਾਉਣ ਦਾ ਕਾਰਨ ਬਣਿਆ। 

ਇਸ ਵਿਸ਼ੇਸ਼ ਮੌਕੇ 'ਤੇ ਸੰਸਥਾ ਯੂਨੈਸਕੋ ਹਰ ਸਾਲ ਵਿਸ਼ਵ ਦੇ ਕਿਸੇ ਇਕ ਦੇਸ਼ ਦੇ ਸ਼ਹਿਰ ਨੂੰ 'ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ' ਦਾ ਦਰਜਾ ਪ੍ਰਧਾਨ ਕਰਦੀ ਹੈ। ਉਹ ਸ਼ਹਿਰ ਉਸ ਵਿਸ਼ੇਸ਼ ਸਾਲ ਜੋ 23 ਅਪ੍ਰੈਲ ਤੋਂ ਅਗਲੇ ਸਾਲ 22 ਅਪ੍ਰੈਲ ਤੱਕ ਹੁੰਦਾ ਹੈ। 

ਪੁਸਤਕਾਂ ਪੜ੍ਹਨ ਵਿੱਚ ਰੁਚੀ ਪੈਦਾ ਕਰਨ ਲਈ, ਪੁਸਤਕਾਂ ਦੀ ਮਹੱਤਤਾ ਬਾਰੇ ਸਮਝਣ ਲਈ ਕੁਝ ਮਹਾਨ ਸ਼ਖ਼ਸੀਅਤਾਂ ਦੇ ਵਿਚਾਰ ਵੀ ਇੱਥੇ ਤੁਹਾਡੇ ਨਾਲ਼ ਸਾਂਝੇ ਕਰਨੇ ਜ਼ਰੂਰੀ ਹਨ।

ਗੁਰਬਖ਼ਸ਼ ਸਿੰਘ ਪ੍ਰੀਤਲੜੀ ਕਹਿੰਦੇ ਹਨ ਕਿ ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ ਆਦਿ ਮਨੁੱਖ ਦੀ ਜਹਾਲਤ ਅਤੇ ਮੂਰਖਤਾ ਵਿਚੋਂ ਉਪਜੀਆਂ ਸੰਸਥਾਵਾਂ ਹਨ। ਸਹੀ ਅਰਥਾਂ ਵਿਚ ਸਮਾਜ ਉਦੋਂ ਉੱਨਤੀ ਕਰੇਗਾ ਜਦੋਂ ਅਦਾਲਤਾਂ, ਥਾਣਿਆਂ ਅਤੇ ਜੇਲ੍ਹਾਂ ਨਾਲੋਂ ਸਾਡੀਆਂ ਲਾਇਬ੍ਰੇਰੀਆਂ ਵੱਡੀਆਂ ਅਤੇ ਵਧੇਰੇ ਹੋਣਗੀਆਂ।

ਗੰਗਾਧਰ ਤਿਲਕ ਕਹਿੰਦੇ ਹਨ ਕਿ ਮੈਂ ਨਰਕ ਵਿਚ ਵੀ ਚੰਗੀਆਂ ਪੁਸਤਕਾਂ ਦਾ ਸਵਾਗਤ ਕਰਾਂਗਾ, ਕਿਉਂਕਿ ਪੁਸਤਕਾਂ ਵਿੱਚ ਇਹ ਸ਼ਕਤੀ ਹੈ ਕਿ ਜਿੱਥੇ ਵੀ ਉਹ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਏਗਾ।

ਗੁਰਦਿਆਲ ਸਿੰਘ ਕਹਿੰਦੇ ਹਨ ਕਿ ਜੇਕਰ ਪੁਸਤਕਾਂ ਨਾ ਹੁੰਦੀਆਂ ਤਾਂ ਸੰਸਾਰ ਵਿਚ ਪਾਗਲਾਂ ਦੀ ਗਿਣਤੀ ਵੱਧ ਹੁੰਦੀ।

ਰਸੂਲ ਹਮਜ਼ਾਤੋਵ ਕਹਿੰਦੇ ਹਨ ਕਿ ਕਿਤਾਬਾਂ ਤੋਂ ਬਿਨਾਂ ਕੋਈ ਜਾਤੀ ਉਸ ਆਦਮੀ ਵਰਗੀ ਹੈ, ਜਿਸਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਵੇ।

ਥਾਮਸ ਕਾਰਲਾਇਲ ਕਹਿੰਦੇ ਹਨ ਕਿ ਮਨੁੱਖਤਾ ਨੇ ਜੋ ਕੁਝ ਸੋਚਿਆ ਅਤੇ ਹਾਸਿਲ ਕੀਤਾ, ਇਹ ਜਾਦੂ ਕਿਤਾਬਾਂ ਵਿੱਚ ਬੰਦ ਹੈ।

ਸਿਸਰੋ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੇ ਘਰ 'ਚ ਚੰਗੀਆਂ ਕਿਤਾਬਾਂ ਦੀ ਲਾਇਬ੍ਰੇਰੀ ਬਣਾ ਲੈਂਦੇ ਹੋ ਤਾਂ ਸਮਝੋ ਤੁਹਾਡੇ ਘਰ ਵਿੱਚ ਆਤਮਾ ਧੜਕਣ ਲੱਗ ਪਈ ਹੈ। 

ਅਜਿਹੇ ਹੋਰ ਮਹਾਨ ਵਿਚਾਰ ਵੱਖੋ-ਵੱਖ ਮਹਾਨ ਸ਼ਖ਼ਸੀਅਤਾਂ ਦੇ ਤਜ਼ੁਰਬੇ ਵਿੱਚੋਂ ਨਿਕਲੇ ਤੁਹਾਨੂੰ ਪੜ੍ਹਨ ਤੇ ਸਮਝਣ ਲਈ ਮਿਲ਼ ਜਾਣਗੇ।ਪੜ੍ਹਦਿਆਂ-ਪੜ੍ਹਦਿਆਂ ਤੁਸੀਂ ਖ਼ੁਦ ਅਜਿਹੇ ਵਿਚਾਰ ਦੇਣ ਦੇ ਯੋਗ ਹੋ ਜਾਵੋਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਵਿਚਾਰਾਂ ਤੋਂ ਪ੍ਰਭਾਵਿਤ ਹੋਕੇ ਪ੍ਰੇਰਿਤ ਮਹਿਸੂਸ ਕਰਨਗੀਆਂ। ਇਹ ਸਭ ਕੁਝ ਤਾਂ ਹੀ ਸੰਭਵ ਹੋਵੇਗਾ ਜੇ ਤੁਹਾਡੀ ਪੜ੍ਹਨ ਦੀ ਰੁਚੀ,ਪੜ੍ਹਨ ਦੇ ਜਨੂੰਨ ਤੱਕ ਦਾ ਸਫ਼ਰ ਤੈਅ ਕਰੇਗੀ। ਤੁਸੀਂ ਇਹ ਸਫ਼ਰ ਆਪਣੇ ਘਰ ਤੋਂ ਮਾਂ-ਪਿਓ ਦੇ ਸਹਿਯੋਗ ਨਾਲ਼ ਸਕੂਲ/ਕਾਲਜ ਅਧਿਆਪਕ ਸਾਹਿਬਾਨ ਦੀ ਯੋਗ ਅਗਵਾਈ ਸਦਕਾ ਸੋਹਣਾ ਤੈਅ ਕਰੋਂਗੇ। ਅਧਿਆਪਨ ਕਿੱਤੇ ਨਾਲ਼ ਜੁੜੇ ਹਰ ਇਨਸਾਨ ਦਾ ਇਹ ਨੈਤਿਕ ਫ਼ਰਜ਼ ਵੀ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਵੀ ਵੱਧ ਤੋਂ ਵੱਧ ਪੁਸਤਕਾਂ ਨਾਲ਼ ਜੋੜੇ। ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਮਾਪੇ ਤੇ ਅਧਿਆਪਕ ਦੋਵਾਂ ਨੂੰ ਹੀ ਪਹਿਲਾਂ ਖ਼ੁਦ ਕਿਤਾਬਾਂ ਪੜ੍ਹਨ ਦਾ ਮੋਹ ਪਾਲਣਾ ਲਾਜ਼ਮੀ ਹੈ। ਇਸ ਲਈ ਸਭ ਤੋਂ ਪਹਿਲਾਂ ਇਹ ਹੈ ਕਿ ਸਾਡੇ ਸਭ ਦੇ ਘਰ ਵਿੱਚ ਘੱਟੋ-ਘੱਟ ਇੱਕ ਇੱਕ ਪੁਸਤਕਾਲਿਆ (ਕਿਤਾਬ ਘਰ) ਜ਼ਰੂਰ ਹੋਣਾ ਚਾਹੀਦਾ। ਸਭ ਤੋਂ ਸੋਹਣੀ ਗੱਲ ਸਾਡੇ ਪਰਿਵਾਰਾਂ ਵਿੱਚ ਮਾਂਵਾਂ, ਧੀਆਂ, ਪਤਨੀਆਂ ਦੇ ਵੀ ਵੱਖੋ-ਵੱਖ ਕਮਰਿਆਂ ਵਿੱਚ ਨਿੱਕੇ-ਨਿੱਕੇ ਕਿਤਾਬ ਘਰ ਹੋਣ ਤਾਂ ਸੱਚੀਂ ਸੋਨੇ ਤੇ ਸੁਹਾਗਾ ਹੋ ਨਿਬੜੇਗਾ। ਇੱਥੇ ਨਾਲ਼ ਹੀ ਇਹ ਕੋਸ਼ਸ਼ ਵੀ ਬਹੁਤ ਚੰਗੀ ਰਹੇਗੀ ਕਿ ਜਨਮ-ਦਿਨ 'ਤੇ ਕਿਤਾਬਾਂ ਦੇ ਤੋਹਫ਼ੇ ਦਿੱਤੇ ਜਾਣ, ਵਿਆਹ ਸਮਾਗਮਾਂ ਦੌਰਾਨ( ਕੋਸ਼ਸ਼ ਰਹੇ ਹਰ ਖ਼ੁਸ਼ੀ ਗਮੀ ਮੌਕੇ) ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਜ਼ਰੂਰ ਲਗਵਾਈਆਂ ਜਾਣ, ਹੋ ਸਕਦਾ ਇਸੇ ਬਹਾਨੇ ਬੰਦ ਕਮਰਿਆਂ ਵਿੱਚ ਪਈਆਂ ਕਿਤਾਬਾਂ ਕਿਸੇ ਦੀ ਜ਼ਿੰਦਗੀ ਦੇ ਨਵੇਂ ਰਾਹ ਖੋਲ੍ਹ ਦੇਣ। ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ ਲਈ ਉਹਨਾਂ ਅੱਗੇ ਚੰਗੀਆਂ-ਚੰਗੀਆਂ ਪੁਸਤਕਾਂ ਦੀ ਸਮੇਂ-ਸਮੇਂ ਸਿਫ਼ਤ ਕਰਦੇ ਰਹੋ,ਪੜ੍ਹਨ ਦਾ ਸਬੱਬ ਬੱਚੇ ਯਕੀਕਨ ਆਪਣੇ-ਆਪ ਬਣਾਉਣਗੇ। ਅਖ਼ੀਰ ਤੇ ਮੇਰੀ ਕਲਮ ਤੇ ਮੇਰੇ ਇਲਮ ਹਿੱਸੇ ਜੋ ਕਿਤਾਬ ਦੇ ਅਰਥ ਆਏ ਇਹਨਾਂ ਨੂੰ ਸਮਝਣ ਦੀ ਕੋਸ਼ਸ਼ ਜ਼ਰੂਰ ਕਰਨਾ। 

ਕਿ-ਕੱਕੇ ਸਿਹਾਰੀ ਨੇ ਦੇਣਾ 'ਕਿਰਦਾਰ' ਤੈਨੂੰ 

ਤਾ-ਤੱਤਾ ਕੰਨਾ ਰੱਖੇਗਾ 'ਤਾਲੀਮ' ਕੋਲ਼ ਤੇਰੇ।

ਬ-ਬੱਬਾ ਬਖ਼ਸ਼ੇਗਾ ਕੋਈ 'ਬਖ਼ਸ਼ੀਸ਼' ਐਸੀ,  

ਸਦਾ ਜਿਉਂਦੇ ਰਹਿਣਗੇ ਜੱਗ ਤੇ 'ਬੋਲ' ਤੇਰੇ।

 

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

 

ਵਿਸ਼ਵ ਕਿਤਾਬ ਦਿਵਸ ‘ਤੇ ਵਿਸ਼ੇਸ਼

ਕਿਤਾਬਾਂ ਸਾਡਾ ਅਮੀਰ ਤੇ ਮਾਣ-ਮੱਤਾ ਵਿਰਸਾ ਹਨ ✍️ ਪ੍ਰੋ. ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ

ਆਧੁਨਿਕਤਾ ਨੇ ਮਨੁੱਖ ਨੂੰ ਕਿਤਾਬਾਂ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਭਾਵੇਂ ਮੋਬਾਈਲ ਕ੍ਰਾਂਤੀ ਨੇ ਮਨੁੱਖ ਦੇ ਗਿਆਨ ਵਿੱਚ ਅਥਾਹ ਵਾਧਾ ਕੀਤਾ ਹੈ, ਪਰ ਕਿਤਾਬਾਂ ਦਾ ਆਪਣਾ ਵੱਖਰਾ ਹੀ ਮੁਕਾਮ ਹੈ। ਚੰਗੀਆਂ ਕਿਤਾਬਾਂ ਤਾਂ ਇਨਸਾਨ ਦੀ ਤਕਦੀਰ ਪਲਟ ਦਿੰਦੀਆਂ ਹਨ। ਕਿਸੇ ਕਿਤਾਬ ਵਿੱਚ ਲਿਖੀਆਂ ਕੁਝ ਸਤਰਾਂ ਤੁਹਾਡੀ ਕਾਇਆ ਕਲਪ ਕਰ ਸਕਦੀਆਂ ਹਨ, ਤੁਹਾਡਾ ਆਚਾਰ, ਵਿਹਾਰ ਅਤੇ ਦ੍ਰਿਸ਼ਟੀਕੋਣ ਬਦਲ ਸਕਦੀਆਂ ਹਨ। ਇੱਕ ਚੰਗੀ ਕਿਤਾਬ ਮਨੁੱਖ ਦੀ ਸੱਚੀ ਦੋਸਤ ਹੁੰਦੀ ਹੈ।ਲਾਰਡ ਬਾਇਰਨ ਦਾ ਕਥਨ ਹੈ ਕਿ ‘‘ਸਿਆਹੀ ਦਾ ਇੱਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿੱਚ ਹਿਲਜੁਲ ਮਚਾ ਦਿੰਦਾ ਹੈ।’’ ਹਜ਼ਰਤ ਮੁਹੰਮਦ ਸਾਹਿਬ ਨੇ ਤਾਂ ਲਿਖਾਰੀ ਦਾ ਬਹੁਤ ਉੱਚਾ ਮੁੱਲ ਪਾਇਆ ਹੈ। ਫ਼ਰਮਾਨ ਹੈ: ‘‘ਲੇਖਕਾਂ ਦੀ ਸਿਆਹੀ ਸ਼ਹੀਦਾਂ ਦੇ ਲਹੂ ਦੇ ਕਤਰਿਆਂ ਤੋਂ ਵਧੇਰੇ ਪਾਕ ਹੈ। ਚੇਤੇ ਰਹੇ! ਘਟੀਆ ਕਿਸਮ ਦਾ ਸਾਹਿਤ ਪੜ੍ਹਨ ਨਾਲ ਮਨੁੱਖ ਗਿਰਾਵਟ ਵਾਲੇ ਪਾਸੇ ਜਾ ਡਿੱਗਦਾ ਹੈ ਭਾਵ ਉਹ ਅਗਿਆਨਤਾ ਦੀ ਅਜਿਹੀ ਹਨੇਰੀ ਰਾਤ ਵੱਲ ਧੱਕਿਆ ਜਾਂਦਾ ਹੈ ਜਿਸ ਵਿੱਚ ਨਾ ਚੰਦ ਹੈ ਤੇ ਨਾ ਤਾਰੇ। ਪ੍ਰੋ. ਮੋਹਨ ਸਿੰਘ ਦੀਆਂ ਨਿਮਨ ਦਰਜ ਸਤਰਾਂ ਅਜਿਹੀ ਹਨੇਰੀ ਰਾਤ ਵੱਲ ਹੀ ਸੰਕੇਤ ਕਰਦੀਆਂ ਹਨ: ਪੜ੍ਹ-ਪੜ੍ਹ ਕਿਤਾਬਾਂ ਢੇਰ ਕੁੜੇ, ਮੇਰਾ ਵਧਦਾ ਜਾਏ ਹਨੇਰ ਕੁੜੇ। ਸੱਚਮੁੱਚ! ਕਈ ਕਿਤਾਬਾਂ ਤਾਂ ਉੱਕਾ ਹੀ ਪੜ੍ਹਨਯੋਗ ਨਹੀਂ ਹੁੰਦੀਆਂ। ਜਿਨ੍ਹਾਂ ਕੋਲ ਕਹਿਣ ਲਈ ਕੁਝ ਨਾ ਹੋਵੇ, ਉਨ੍ਹਾਂ ਨੂੰ ਕਿਤਾਬਾਂ ਲਿਖਣ ਦੀ ਬਜਾਇ ਕੋਈ ਹੋਰ ਸ਼ੌਕ ਪਾਲਣਾ ਚਾਹੀਦਾ ਹੈ। ਅਜਿਹੇ ਅਖੌਤੀ ਲਿਖਾਰੀਆਂ ਨੂੰ ਮੁਹੰਮਦ ਬਖ਼ਸ਼ ਸਲਾਹ ਦਿੰਦਾ ਹੈ ਕਿ ‘‘ਬਿਹਤਰ ਚੁੱਪ ਮੁਹੰਮਦ ਬਖਸ਼ਾ ਸੁਖਨ ਅਜਿਹੇ ਨਾਲੋਂ।’’ ਲਿਖਾਰੀ ਦਾ ਰੁਤਬਾ ਤਾਂ ਬਹੁਤ ਉੱਚਾ ਹੈ-ਜਣਾ-ਖਣਾ ਲਿਖਾਰੀ ਦੀ ਪਦਵੀ ਪ੍ਰਾਪਤ ਨਹੀਂ ਕਰ ਸਕਦਾ। ਬਾਬਾ ਨਾਨਕ ਦੇ ਇਸ ਫ਼ਰਮਾਨ-‘‘ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ।।’’ ’ਤੇ ਕੋਈ ਕਰਮਾਂ ਵਾਲਾ ਹੀ ਖਰਾ ਉੱਤਰਦਾ ਹੈ। ਅਜੋਕੀ ਨੌਜਵਾਨ ਪੀੜ੍ਹੀ ਤਾਂ ਬਿਲਕੁਲ ਹੀ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ।ਇਹ ਕਿਤਾਬਾਂ ਹੀ ਹਨ ਜਿਹਨਾਂ ਨੂੰ ਮੈਂ ਆਪਣੇ ਅੰਦਰਲੀ ਹਰ ਚੰਗਿਆਈ ਦਾ ਸਿਹਰਾ ਦਿੰਦੀ ਹਾਂ। ਮੈਂ ਆਪਣੇ ਸਾਹਿਤਕ ਸਫਰ ਦੇ ਦਿਨਾਂ ਵਿੱਚ ਹੀ ਇਹ ਮਹਿਸੂਸ ਕਰ ਲਿਆ ਸੀ ਕਿ ਕਲਾ ਲੋਕਾਂ ਨਾਲੋਂ ਜ਼ਿਆਦਾ ਖੁੱਲਦਿਲੀ ਹੁੰਦੀ ਹੈ। ਮੈਂ ਕਿਤਾਬ -ਪ੍ਰੇਮੀ ਹਾਂ; ਹਰ ਕਿਤਾਬ ਮੈਨੂੰ ਇੱਕ ਚਮਤਕਾਰ ਜਾਪਦੀ ਹੈ, ਅਤੇ ਲੇਖਕ ਇੱਕ ਜਾਦੂਗਰ ।ਕਿਤਾਬਾਂ ਜ਼ਿੰਦਗੀ ਵਿੱਚ ਮੇਰੀ ਰਹਿਨੁਮਾਈ ਕਰਦੀਆਂ ਹਨ।ਕਿਤਾਬਾਂ ਅਜਿਹਾ ਸ਼ਾਹੀ ਖ਼ਜ਼ਾਨਾ ਹਨ, ਜਿਨ੍ਹਾਂ ਵਿੱਚ ਅਮੁੱਲ ਗਿਆਨ, ਵਿਚਾਰ ਤੇ ਭਾਵਨਾਵਾਂ ਦਾ ਸੰਗ੍ਰਹਿ ਹੁੰਦਾ ਹੈ। ਮੌਜੂਦਾ ਸਮੇਂ ਵਿੱਚ ਜਿੱਥੇ ਟੀ.ਵੀ ਤੇ ਕੰਪਿਊਟਰ ਆਦਿ ਸਾਧਨਾਂ ਨੇ ਮਨੁੱਖ ਦੀ ਜ਼ਿੰਦਗੀ ਵਿੱਚ ਤੇਜ਼ੀ ਨਾਲ ਸਥਾਨ ਬਣਾ ਲਿਆ ਹੈ, ਉਥੇ ਕਿਤਾਬਾਂ ਨੂੰ ਪਿੱਛੇ ਨਹੀਂ ਛੱਡਿਆ ਜਾ ਸਕਦਾ। ਅੱਜ ਦੀ ਨਵੀਂ ਪੀੜ੍ਹੀ ਤਾਂ ਆਪਣਾ ਜ਼ਿਆਦਾ ਸਮਾਂ ਫੇਸਬੁੱਕ, ਵ੍ਹਟਸਐਪ, ਇੰਸਟਾਗ੍ਰਾਮ ਆਦਿ ਸੋਸ਼ਲ ਸਾਈਟਾਂ 'ਤੇ ਹੀ ਬਤੀਤ ਕਰਦੀ ਹੈ। ਉਹ ਸਮਾਂ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ, ਜਦੋਂ ਹਰ ਪੜ੍ਹਿਆ-ਲਿਖਿਆ ਮਨੁੱਖ ਘਰ 'ਚ ਕਿਤਾਬਾਂ ਲਈ ਵੱਖਰੇ ਤੌਰ 'ਤੇ ਲਾਇਬ੍ਰੇਰੀ ਬਣਾ ਕੇ ਰੱਖਦਾ ਸੀ। ਆਧੁਨਿਕ ਯੁੱਗ ਤਕਨੀਕ ਦਾ ਯੁੱਗ ਹੈ। ਅੱਜ ਅਸੀਂ ਕਿਸੇ ਵੀ ਖੇਤਰ 'ਚ ਕੰਮ ਕਰ ਹਾਂ ਪਰ ਬਿਨਾ ਕਿਸੇ ਤਕਨੀਕੀ ਉਪਕਰਨ ਦੇ ਕੋਈ ਵੀ ਕੰਮ ਸਹੀ ਤੇ ਸਮੇਂ ਸਿਰ ਮੁਕੰਮਲ ਨਹੀਂ ਕਰ ਸਕਦੇ।
ਕਿਤਾਬਾਂ ਗਿਆਨ ਨੂੰ ਸੰਜੋਅ ਕੇ ਰੱਖਣ ਦਾ ਬਹੁਤ ਵਧੀਆ ਸਾਧਨ ਹਨ। ਜਿਹੜੀ ਗੱਲ ਕਿਸੇ ਕਿਤਾਬ 'ਚੋਂ ਅਸੀਂ ਪੜ੍ਹ ਲਈ, ਉਹ ਜ਼ਿੰਦਗੀ ਭਰ ਸਾਨੂੰ ਯਾਦ ਰਹਿੰਦੀ ਹੈ। ਜੇ ਕਿਤੇ ਭੁੱਲ ਵੀ ਜਾਈਏ ਤਾਂ ਝੱਟ ਉਹ ਕਿਤਾਬ ਖੋਲ੍ਹੀ ਤੇ ਦੁਬਾਰਾ ਪੜ੍ਹ ਕੇ ਫਿਰ ਯਾਦ ਕਰ ਲਿਆ। ਇੱਕ ਵਿਦਵਾਨ ਦਾ ਕਥਨ ਹੈ ਕਿ ਕਿਤਾਬਾਂ ਪੜ੍ਹਨਾ ਸਮਾਂ ਬਰਬਾਦ ਕਰਨਾ ਨਹੀਂ ਹੈ। ਇੱਕ ਚੰਗੀ ਕਿਤਾਬ ਸੁਹਿਰਦ ਦੋਸਤ ਵਰਗੀ ਹੁੰਦੀ ਹੈ। ਕਿਤਾਬ ਪੜ੍ਹਨ ਨਾਲ ਮਨੁੱਖ ਦਾ ਗਿਆਨ ਤਾਂ ਵਧਦਾ ਹੀ ਹੈ, ਸਗੋਂ ਉਸ ਦਾ ਨਜ਼ਰੀਆ ਵੀ ਵਿਸ਼ਾਲ ਹੋ ਜਾਂਦਾ ਹੈ। ਉਹ ਤੰਗ-ਖਿਆਲੀ ਦੇ ਘੇਰੇ ’ਚੋਂ ਨਿਕਲ ਕੇ ਮਾਨਵਵਾਦੀ ਵਿਚਾਰਾਂ ਦਾ ਧਾਰਨੀ ਹੋ ਜਾਂਦਾ ਹੈ। ਸਾਡੇ ਸਮਾਜ ਵਿੱਚ ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ ਬਣੀਆਂ ਹੋਈਆਂ ਹਨ। ਕਿਤਾਬਾਂ ਪੜ੍ਹਨ ਦੇ ਚਾਹਵਾਨਾਂ ਲਈ ਲਾਇਬ੍ਰੇਰੀਆਂ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ।
ਕਿਤਾਬਾਂ ਤੁਹਾਡੇ ਅੰਦਰਲੇ ਨੂੰ ਰੋਸ਼ਨ ਕਰਦੀਆਂ ਹਨ ਅਤੇ ਜੀਵਨ ’ਤੇ ਤੁਹਾਡੀ ਪਕੜ ਨੂੰ ਪੀਡਾ ਕਰਦੀਆਂ ਹਨ।
ਸੈਮੂਅਲ ਜਾਹਨਸਨ ਮੁਤਾਬਕ,‘‘ਤੁਸੀਂ ਤਦ ਤਕ ਸਿਆਣੇ ਨਹੀਂ ਬਣ ਸਕਦੇ, ਜਦ ਤਕ ਤੁਸੀਂ ਪੜ੍ਹਨਾ ਪਸੰਦ ਨਹੀਂ ਕਰਦੇ।’’ ਮਤਲਬ ਇਹ ਕਿ ਚੰਗੀਆਂ ਕਿਤਾਬਾਂ ਪੜ੍ਹਨ ਨਾਲ ਬੌਧਿਕ ਤੇ ਮਾਨਸਿਕ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਦਰਅਸਲ, ਪੁਸਤਕਾਂ ਰਾਹੀਂ ਤੁਸੀਂ ਮਹਾਨ ਵਿਅਕਤੀਆਂ ਦੇ ਸੰਪਰਕ ਵਿੱਚ ਆਉਂਦੇ ਹੋ।
ਇਸ ਸਬੰਧ ਵਿੱਚ ਆਰ. ਡੇਸਕਰਟੇਜ਼ ਦਾ ਕਥਨ ਹੈ,‘‘ਚੰਗੀਆਂ ਕਿਤਾਬਾਂ ਪੜ੍ਹਨੀਆਂ ਕਿਸੇ ਮਹਾਨ ਵਿਅਕਤੀ ਨਾਲ ਗੱਲ ਕਰਨ ਦੇ ਬਰਾਬਰ ਹੈ।’’ ਇਸ ਲਈ ਚੰਗਾ ਸਾਹਿਤ ਪੜ੍ਹਨਾ ਬੁੱਧੀਮਾਨ ਬਣਨ ਦਾ ਮੁੱਖ ਓਪਾਅ ਹੈ। ਚੰਗੀ ਬੋਲ-ਚਾਲ ਤੇ ਉੱਠਣ-ਬੈਠਣ ਦਾ ਸਲੀਕਾ, ਢੁਕਵੇਂ ਸ਼ਬਦਾਂ ਦੇ ਗਿਆਨ ਦੀ ਮੰਗ ਕਰਦਾ ਹੈ। ਕਿਤਾਬਾਂ ਤੁਹਾਨੂੰ ਲੋੜੀਂਦੇ ਸ਼ਬਦਾਂ ਨਾਲ ਭਰਪੂਰ ਕਰਦੀਆਂ ਹਨ ਅਤੇ ਜ਼ਿੰਦਗੀ ਦੇ ਨਵੇਂ ਭੇਦ ਖੋਲ੍ਹਦੀਆਂ ਹਨ। ਇਹ ਸ਼ਬਦ ਹੀ ਹੁੰਦੇ ਹਨ ਜੋ ਤੁਹਾਡੀ ਸੂਰਤ ਨੂੰ ਸੀਰਤ ਪ੍ਰਦਾਨ ਕਰਦੇ ਹਨ।
ਬਰਨਾਰਡ ਸ਼ਾਅ ਨੇ ਠੀਕ ਹੀ ਕਿਹਾ ਹੈ ਕਿ ‘‘ਪੜ੍ਹਨਾ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਕੀ ਪੜ੍ਹਨਾ ਚਾਹੀਦਾ ਹੈ, ਕੋਈ ਹੀ ਜਾਣਦਾ ਹੈ।’’ ਇਸ ਲਈ ਕੀ ਪੜ੍ਹਨਾ ਤੇ ਕੀ ਨਹੀਂ ਪੜ੍ਹਨਾ, ਦੀ ਸੂਚੀ ਕੰਠ ਹੋਣੀ ਚਾਹੀਦੀ ਹੈ ਅਤੇ ਇਸ ’ਤੇ ਇਮਾਨਦਾਰੀ ਨਾਲ ਅਮਲ ਹੋਣਾ ਚਾਹੀਦਾ ਹੈ। ਸ਼ੈਕਸਪੀਅਰ ਕਹਿੰਦਾ ਹੈ ਕਿ ‘‘ਗਿਆਨ ਉਹ ਖੰਭ ਹੈ ਜਿਸ ਰਾਹੀਂ ਅਸੀਂ ਸਵਰਗ ਵੱਲ ਉੱਡ ਸਕਦੇ ਹਾਂ।’’ ਇਸ ਲਈ ਜੇ ਤੁਸੀਂ ਉੱਚੀਆਂ ਉਡਾਰੀਆਂ ਭਰਨਾ ਚਾਹੁੰਦੇ ਹੋ ਤਾਂ ਚੰਗੀਆਂ ਕਿਤਾਬਾਂ ਰਾਹੀਂ ਗਿਆਨ ਪ੍ਰਾਪਤ ਕਰੋ। ਕਿਤਾਬਾਂ ਸਾਡੇ ਦਿਮਾਗ ਨੂੰ ’ਸਾਣ ’ਤੇ ਲਾਉਂਦੀਆਂ ਹਨ ਅਤੇ ਸੱਤ ਸਮੁੰਦਰੋਂ ਪਾਰ ਦੀ ਖ਼ਬਰਸਾਰ ਦਿੰਦੀਆਂ ਹਨ। ਇਸੇ ਭਾਵਨਾ ਨੂੰ ਪ੍ਰਗਟਾਉਂਦਾ ਐਮਿਲੀ ਡਿਕਨਸਨ ਦਾ ਇੱਕ ਕਥਨ ਹੈ- ‘‘ਕਿਤਾਬ ਵਰਗਾ ਕੋਈ ਜਹਾਜ਼ ਨਹੀਂ, ਜੋ ਸਾਨੂੰ ਦੇਸ਼ਾਂ-ਦੇਸ਼ਾਂਤਰਾਂ ਤੋਂ ਪਾਰ ਲੈ ਜਾਂਦਾ ਹੈ।
ਅੱਜ ਦੇ ਯੁੱਗ ਵਿੱਚ ਲੇਖਕ ਨਵੇਂ-ਨਵੇਂ ਵਿਸ਼ਿਆਂ ’ਤੇ ਕਿਤਾਬਾਂ ਲਿਖ ਰਹੇ ਹਨ, ਜੋ ਸਾਡੇ ਗਿਆਨ ਵਿੱਚ ਵਾਧਾ ਤਾਂ ਕਰਦੇ ਹੀ ਹਨ, ਸਗੋਂ ਜੀਵਨ ਨੂੰ ਸਹੀ ਸੇਧ ਵੀ ਦਿੰਦੇ ਹਨ। ਮਾਪਿਆਂ ਨੂੰ ਛੋਟੀ ਉਮਰ ਦੇ ਬੱਚਿਆਂ ਅਤੇ ਸਕੂਲ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਕਿਤਾਬ ਸਾਡੇ ਗਿਆਨ ਦਾ ਘੇਰਾ ਵਧਾਉਂਦੀ ਹੈ। ਬੱਸ ਲੋੜ ਇਸ ਗੱਲ ਦੀ ਹੈ ਕਿ ਇਹ ਗਿਆਨ ਕਦੋਂ ਤੇ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ?ਕਿਤਾਬਾਂ ਸਾਨੂੰ ਬੀਤੇ ਸਮੇਂ ਬਾਰੇ ਵੀ ਚਾਨਣਾ ਪਾਉਂਦੀਆਂ ਹਨ, ਜਿਵੇਂ ਪੁਰਾਣੇ ਸਮੇਂ ਦੀਆਂ ਜੰਗਾਂ, ਯੁੱਧਾਂ, ਰਾਜਿਆਂ-ਮਹਾਰਾਜਿਆਂ, ਸ਼ਹੀਦਾਂ, ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਆਦਿ ਬਾਰੇ। ਜਿਨ੍ਹਾਂ ਵਿਸ਼ਿਆਂ ਬਾਰੇ ਅਸੀਂ ਨਹੀਂ ਜਾਣਦੇ, ਉਨ੍ਹਾਂ ਬਾਰੇ ਕਿਤਾਬਾਂ ਸਾਨੂੰ ਦੱਸਦੀਆਂ ਹਨ। ਕਿਤਾਬਾਂ ਬਾਰੇ ਕਿਸੇ ਲੇਖਕ ਨੇ ਸੱਚ ਕਿਹਾ ਹੈ, ‘‘ਚੁੱਪ ਰਹਿ ਕੇ ਵੀ ਬੋਲਦੀਆਂ ਕਿਤਾਬਾਂ, ਵਰਕੇ ਜ਼ਿੰਦਗੀ ਦੇ ਖੋਲ੍ਹਦੀਆਂ ਕਿਤਾਬਾਂ।’’
ਕਿਤਾਬਾਂ ਪੜ੍ਹਨ ਤੋਂ ਬਿਨਾਂ ਮਨੁੱਖ ਗਿਆਨਵਾਨ ਨਹੀਂ ਬਣ ਸਕਦਾ। ਚੰਗੀਆਂ ਕਿਤਾਬਾਂ ਪੜ੍ਹਨਾ, ਗਿਆਨ ਪ੍ਰਾਪਤੀ ਤੋਂ ਇਲਾਵਾ ਇੱਕ ਆਨੰਦਦਾਇਕ ਸਰਗਰਮੀ ਵੀ ਹੈ। ਤਾਹੀਓਂ, ਕਿਤਾਬਾਂ ਪੜ੍ਹਨ ਦਾ ਸ਼ੌਕੀਨ ਵਿਅਕਤੀ ਕਦੇ ਬੋਰੀਅਤ ਦੀ ਸ਼ਿਕਾਇਤ ਨਹੀਂ ਕਰਦਾ। ਉਹ ਤਾਂ ਲਾਗਨ ਪੀਅਰਸਨ ਸਮਿਥ ਵਾਂਗ ਕਹਿੰਦਾ ਹੈ ਕਿ ‘‘ਮੈਨੂੰ ਇੱਕ ਬਿਸਤਰਾ ਅਤੇ ਇੱਕ ਕਿਤਾਬ ਦੇ ਦਿਓ। ਬਸ, ਮੈਂ ਖ਼ੁਸ਼ ਹਾਂ।’’ ਚੰਗੀ ਕਿਤਾਬ ਤਾਂ ਰੂਹ ਨੂੰ ਸਰਸ਼ਾਰ ਕਰ ਦਿੰਦੀ ਹੈ। ਜੇ ਯਕੀਨ ਨਹੀਂ ਆਉਂਦਾ ਤਾਂ ‘ਹੀਰ ਵਾਰਿਸ’ ਪੜ੍ਹ ਕੇ ਵੇਖੋ, ਜਿਸ ਬਾਰੇ ਕਿਸੇ ਸ਼ਾਇਰ ਨੇ ਬਾਖੂਬੀ ਕਿਹਾ ਹੈ: ਵਾਰਿਸ ਸ਼ਾਹ ਦਾ ਪਾਕ ਕਲਾਮ ਪੜ੍ਹਨਾ, ਬੂਰੀ ਮੱਝ ਦੀ ਚੁੰਘਣੀ ਧਾਰ ਹੈ ਜੀ। ਗੱਲ ਕੀ, ਚੰਗੀ ਕਿਤਾਬ ਰੂਹ ਦੀ ਖੁਰਾਕ ਹੋ ਨਿੱਬੜਦੀ ਹੈ। ਸੱਚ ਤਾਂ ਇਹ ਹੈ ਕਿ ਚੰਗੀ ਕਿਤਾਬ ਵਰਗਾ ਹੋਈ ਦੋਸਤ ਨਹੀਂ। ਤੁਹਾਡਾ ਇਹ ਬੇਗਰਜ਼ ਦੋਸਤ, ਤੁਹਾਥੋਂ ਕਿਸੇ ਚੀਜ਼ ਦੀ ਮੰਗ ਨਾ ਕਰਦਾ ਹੋਇਆ, ਤੁਹਾਡੇ ਗਿਆਨ ਵਿੱਚ ਨਿੱਗਰ ਵਾਧਾ ਕਰਦਾ ਹੈ। ਕਿਤਾਬਾਂ ਸਾਡਾ ਅਮੀਰ ਤੇ ਮਾਣ-ਮੱਤਾ ਵਿਰਸਾ ਹਨ। ਯੂਨਾਨ ਦੇ ਸਮਰਾਟ ਸਿਕੰਦਰ ਨੂੰ ਦੁਨੀਆਂ ਸਿਕੰਦਰ ਮਹਾਨ ਜਾਂ 'ਅਲੈਗਜ਼ੈਂਡਰ ਦਿ ਗਰੇਟ' ਕਹਿੰਦੀ ਹੈ। ਸਿਕੰਦਰ ਦੇ ਮਹਾਨ ਬਣਨ ਅਤੇ ਐਨੀ ਕਾਮਯਾਬੀ ਹਾਸਲ ਕਰਨ ਵਿੱਚ ਸਭ ਤੋਂ ਵੱਡਾ ਰੋਲ ਉਸਦੇ ਉਸਤਾਦ ਅਰਸਤੂ ਦੀ ਦਿੱਤੀ ਹੋਈ ਸਿੱਖਿਆ ਮੰਨੀ ਜਾਂਦੀ ਹੈ। ਕਹਾਣੀ ਸੀ ਟ੍ਰਾਇ ਦੇ ਯੁੱਧ ਦੀ, ਜਿਸ ਨੂੰ ਯੂਨਾਨੀ ਕਵੀ ਹੋਮਰ ਨੇ ਆਪਣੇ ਮਹਾਕਾਵਿ 'ਇਲੀਅਡ' ਵਿੱਚ ਵਿਸਤਾਰ ਨਾਲ ਬਿਆਨ ਕੀਤਾ ਹੈ। ਅਸਲ ਵਿੱਚ ਅਰਸਤੂ ਨੇ ਸਿਕੰਦਰ ਨੂੰ ਇੱਕ ਕਹਾਣੀ ਸੁਣਾਈ ਸੀ, ਇਹ ਕਹਾਣੀ ਕੁਝ ਕਲਪਨਾ ਅਤੇ ਕੁਝ ਹਕੀਕਤ ਦੇ ਸੁਮੇਲ ਨਾਲ ਬਣੀ ਸੀ। ਇਲੀਅਡ ਇੱਕ ਅਜਿਹਾ ਮਹਾਕਾਵਿ ਹੈ, ਜਿਸ ਨੇ ਸਿਕੰਦਰ ਨੂੰ ਜਿੱਤ ਦੇ ਜਜ਼ਬੇ ਨਾਲ ਭਰ ਦਿੱਤਾ। ਉਸ ਨੇ ਟ੍ਰਾਇ ਦੀ ਲੜਾਈ ਨਾਲ ਗਰੀਕ ਰਾਜਿਆਂ ਦੀ ਇੱਕਜੁਟਤਾ ਅਤੇ ਯੁੱਧ ਦੀ ਰਣਨੀਤੀ ਦਾ ਸਬਕ ਸਿੱਖਿਆ ਅਤੇ ਫਿਰ ਦੁਨੀਆਂ ਜਿੱਤ ਲਈ। ਇਸ ਤਰਾਂ ਇਹ ਕਿਤਾਬ ਵਿੱਚ ਲਿਖੀ ਕਹਾਣੀ ਨੇ ਸਿਕੰਦਰ ਦੀ ਦੁਨੀਆਂ ਬਦਲ ਦਿੱਤੀ।ਕਹਾਣੀਆਂ ਦੀ ਕਦਰ ਸਿਰਫ਼ ਕਿਤਾਬਾਂ ਦੇ ਪੰਨਿਆਂ ਤੱਕ ਹੀ ਨਹੀਂ ਹੈ ਬਲਕਿ ਇਨਸਾਨੀ ਜ਼ਿੰਦਗੀ ਵਿੱਚ ਵੀ ਉਨ੍ਹਾਂ ਦੀ ਕੀਮਤ ਹੈ।ਇੱਕ ਪੂਰੀ ਕਿਤਾਬ ਵਿੱਚੋਂ ਹੋ ਸਕਦਾ ਹੈ ਕਿ ਤੁਹਾਨੂੰ ਇੱਕ ਦਿਲ ਟੁੰਬਵੇਂ ਫ਼ਿਕਰੇ ਤੋਂ ਬਿਨਾਂ ਹੋਰ ਕੁਝ ਵੀ ਨਾ ਮਿਲੇ, ਪਰ ਇਹੀ ਉਹ ਫ਼ਿਕਰਾ ਹੁੰਦਾ ਹੈ ਜੋ ਤੁਹਾਨੂੰ ਮਨੁੱਖ ਦੇ ਹੋਰ ਨਜ਼ਦੀਕ ਲੈ ਜਾਂਦਾ ਹੈ ਅਤੇ ਇੱਕ ਨਵੀਂ ਮੁਸਕਾਨ ਜਾਂ ਦਰਦ ਦਾ ਭੇਦ ਖੋਲ ਦਿੰਦਾ ਹੈ।ਇੱਕ ਹੋਰ ਸ਼ੇਅਰ ਵਿੱਚ ਕਿਤਾਬਾਂ ਬਾਰੇ ਕਿਹਾ ਹੈ ਕਿਸੇ ਨੇ ਕਿ-
ਸਦੀਆਂ ਦੇ ਇਤਿਹਾਸ, ਵਿਚ ਮਹਿਫੂਜ਼ ਕਿਤਾਬਾਂ ਦੇ,
ਸਮੁੱਚੀ ਜ਼ਿੰਦਗੀ ਵਿਚ ਮੌਜੂਦ ਕਿਤਾਬਾਂ ਦੇ।
ਕਿਤਾਬਾਂ ਸਾਡੇ ਜੀਵਨ ਵਿੱਚ ਉਸਾਰੂ ਅਤੇ ਚਰਿੱਤਰ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਸਾਨੂੰ ਇਨ੍ਹਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਸੱਚਾ ਦੋਸਤ ਜੀਵਨ ਵਿੱਚ ਸਹੀ ਮਾਰਗ ਦਰਸ਼ਕ ਹੁੰਦਾ ਹੈ ਤੇ ਕਿਤਾਬਾਂ ਸਾਡੇ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨ। ਕਿਤਾਬਾਂ ਪੜ੍ਹਨਾ ਕੋਈ ਵਾਧੂ ਕੰਮ ਨਹੀਂ ਹੈ। ਇਸ ਲਈ ਸਾਨੂੰ ਆਪਣੀ ਜ਼ਿੰਦਗੀ ਵਿੱਚ ਇਨ੍ਹਾਂ ਦਾ ਮਹੱਤਵ ਸਮਝਦੇ ਹੋਏ ਕਿਤਾਬਾਂ ਪੜ੍ਹਨ ਦੀ ਰੁਚੀ ਪਾਲਣ ਦੀ ਲੋੜ ਹੈ।  ਗੂੜ੍ਹ ਗਿਆਨ ਵਾਸਤੇ ਚੰਗੇ ਅਧਿਆਪਕਾਂ ਤੋਂ ਚੰਗੀਆਂ ਕਿਤਾਬਾਂ ਬਾਰੇ ਜਾਣਕਾਰੀ ਲਈ ਜਾਵੇ ਤੇ ਉਹੀ ਪੁਸਤਕਾਂ ਪੜ੍ਹੀਆਂ ਜਾਣ। ਅਖ਼ੀਰ ਵਿੱਚ ਕਹਾਂਗੀ, ‘‘ਕੋਈ ਮਹਿਬੂਬ ਨੀ ਸੋਹਣਾ ਕਿਤਾਬ ਵਰਗਾ, ਰੰਗ, ਫੁੱਲ ਨੀ ਮਨਮੋਹਣਾ ਕਿਤਾਬ ਵਰਗਾ, ਕਿਤਾਬਾਂ ਹਰ ਵੇਲੇ ਸਾਥ ਦਿੰਦੀਆਂ, ਕੋਈ ਦੋਸਤ ਨੀ ਹੋਣਾ ਕਿਤਾਬ ਵਰਗਾ।’’
ਮਨੁੱਖ ਤੋਂ ਸਿਵਾ ਹੋਰ ਕਿਸੇ ਚੀਜ਼ ਬਾਰੇ ਜਾਨਣ ਦੀ ਮੇਰੀ ਕੋਈ ਇੱਛਾ ਨਹੀਂ ਹੈ, ਉਸ ਤੱਕ ਪਹੁੰਚਣ ਲਈ ਕਿਤਾਬਾਂ ਹੀ ਸਾਡੀਆਂ ਸੱਚੀਆਂ ਦੋਸਤ ਅਤੇ ਦਿਆਲੂ ਰਹਿਨੁਮਾ ਹਨ। ਅਲੈਗਜ਼ਾਂਦਰ ਐੱਸ. ਦੇ ਸ਼ਬਦਾਂ ਵਿੱਚ ‘‘ਕਿਤਾਬਾਂ ਅੰਦਰ ਕਿਸੇ ਕੌਮ ਦੀਆਂ ਅਮਰ ਯਾਦਾਂ ਸਾਂਭੀਆਂ ਹੁੰਦੀਆਂ ਹਨ।’’ ਇਹ ਅਮਰ ਯਾਦਾਂ, ਸਾਡੇ ਅੰਦਰ ਉਸਾਰੂ ਸ਼ਕਤੀ ਅਤੇ ਭਰਪੂਰ ਉਤਸ਼ਾਹ ਦੀ ਸ਼ਮਾਂ ਰੋਸ਼ਨ ਕਰੀ ਰੱਖਦੀਆਂ ਹਨ। ਗੰਗਾਧਰ ਤਿਲਕ ਕਿਹਾ ਕਰਦੇ ਸਨ,‘‘ਮੈਂ ਨਰਕ ਵਿੱਚ ਵੀ ਚੰਗੀਆਂ ਕਿਤਾਬਾਂ ਦਾ ਸੁਆਗਤ ਕਰਾਂਗਾ ਕਿਉਂਕਿ ਉਨ੍ਹਾਂ ਵਿੱਚ ਇਹ ਸ਼ਕਤੀ ਹੈ ਕਿ ਜਿੱਥੇ ਵੀ ਉਹ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਏਗਾ।’’
ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ ।

     ਸਦਕੇ ਜਾਵਾਂ! ✍️ ਸਲੇਮਪੁਰੀ ਦੀ ਚੂੰਢੀ -

ਭਾਰਤ ਦੇ ਜਗਾੜੂਆਂ ਨੂੰ ਇਸ ਗੱਲ ਦੀ ਦਾਤ ਦੇਣੀ ਬਣਦੀ ਹੈ ਕਿ ਉਹ ਆਪਣੇ ਦਾਲ-ਫੁਲਕੇ ਦਾ ਕੋਈ ਨਾ ਜੁਗਾੜ ਲੱਭ ਹੀ ਲੈਂਦੇ ਹਨ।
ਪਿਛਲੇ ਕਈ ਸਾਲਾਂ ਤੋਂ ਭੈੜੀ ਨਜ਼ਰ ਉਤਾਰਨ ਲਈ ਅਤੇ ਵਿਗੜੀ ਕਿਸਮਤ ਸਿੱਧੀ ਕਰਨ ਲਈ ਲੋਕਾਂ ਦੇ ਘਰਾਂ /ਦੁਕਾਨਾਂ ਅਤੇ ਫੈਕਟਰੀਆਂ ਦੇ ਦਰਵਾਜ਼ਿਆਂ ਅੱਗੇ ਮਿਰਚਾਂ ਅਤੇ ਨਿੰਬੂ ਧਾਗੇ ਵਿਚ ਪਰੋ ਕੇ ਬੰਨ੍ਹਣ ਦੀ ਰੀਤ ਚਲੀ ਆ ਰਹੀ ਹੈ, ਜਦਕਿ ਹੁਣ ਜਦੋਂ ਨਿੰਬੂਆਂ ਦਾ ਭਾਅ ਅਸਮਾਨੀ ਚੜ੍ਹ ਗਿਆ ਹੈ ਤਾਂ ਜਗਾੜੂਆਂ ਨੇ ਵੇਖਿਆ ਕਿ ਜੇਕਰ ਉਹ ਦਰਵਾਜ਼ਿਆਂ ਅੱਗੇ ਮਿਰਚਾਂ ਨਾਲ ਮਹਿੰਗੇ ਭਾਅ ਦੇ ਨਿੰਬੂ ਪਰੋ ਕੇ ਬੰਨ੍ਹਣਗੇ ਤਾਂ ਉਨ੍ਹਾਂ ਨੂੰ ਕੁਝ ਵੀ ਨਹੀਂ ਬਚੇਗਾ। ਜਗਾੜੂਆਂ ਨੇ ਆਪਣਾ ਦਾਲ - ਫੁਲਕਾ ਚਲਾਉਣ ਲਈ ਨਿੰਬੂ ਦੀ ਥਾਂ ਲਸਣ ਅਤੇ ਮਿਰਚਾਂ ਧਾਗੇ ਵਿਚ ਪਰੋ ਕੇ ਜੁਗਾੜ ਸਿੱਧਾ ਕਰ ਲਿਆ। ਇਸੇ ਤਰ੍ਹਾਂ ਹੀ ਲੋਕਾਂ ਦੀ ਕਿਸਮਤ ਦੀ ਰਫਤਾਰ ਜੋ ਮੱਧਮ ਪੈ ਚੁੱਕੀ ਹੈ, ਨੂੰ ਰੈਅਲੀ ਕਰਕੇ ਤੇਜ ਕਰਨ ਲਈ ਸ਼ਹਿਰਾਂ ਦੇ ਚੌਕਾਂ ਅਤੇ ਬੱਸ-ਅੱਡਿਆਂ ਵਿਚ ਹਰੇਕ ਸ਼ਨੀਵਾਰ ਨੂੰ ਜੁਗਾੜੂ ਇੰਜੀਨੀਅਰ ਡੋਲੂ ਵਿਚ ਸਰੋਂ ਦਾ ਤੇਲ ਪਾ ਕੇ ਖੜ੍ਹੇ ਹੁੰਦੇ ਹਨ।
ਸਦਕੇ ਜਾਈਏ ਸਮਾਜ ਦੇ ਜੁਗਾੜੂ ਬਾਬਿਆਂ ਅਤੇ ਇੰਜੀਨੀਅਰਾਂ ਦੇ ਜਿਹੜੇ ਆਪਣਾ ਢਿੱਡ ਭਰਨ ਲਈ ਲੋਕਾਂ ਦੀਆਂ ਕਿਸਮਤਾਂ ਨੂੰ ਚਮਕਦੇ ਸਿਤਾਰਿਆਂ ਵਿਚ ਤਬਦੀਲ ਕਰਨ ਦੇ ਜੁਗਾੜ ਹੇਠ ਆਪਣਾ ਢਿੱਡ ਭਰਨ ਦਾ ਵਧੀਆ ਜੁਗਾੜ ਫਿੱਟ ਕਰ ਲੈਂਦੇ ਹਨ।
-ਸੁਖਦੇਵ ਸਲੇਮਪੁਰੀ
09780620233
21 ਅਪ੍ਰੈਲ 2022

ਆਓ ਪਾਈਏ ਪੰਛੀਆਂ ਨਾਲ ਪਿਆਰ ✍️ ਪ੍ਰੋ. ਗਗਨਦੀਪ ਕੌਰ ਧਾਲੀਵਾਲ

“ਮਾਣ ਸਕਾ ਜ਼ਿੰਦਗੀ ਦੇ ਕੁੱਝ ਪਲ ਮੈਨੂੰ ਸਾਹ ਦੇ ਦਿਓ
ਬੱਸ ਰਹਿਣ ਜੋਗੀ ਰੁੱਖਾਂ ਉੱਤੇ ਥੋੜ੍ਹੀ ਜਿਹੀ ਥਾਂ ਦੇ ਦਿਓ “

ਦੋਸਤੋਂ ਪੰਛੀ ਵੀ ਕੁਦਰਤ ਦੀ ਦਿੱਤੀ ਅਨਮੋਲ ਦਾਤ ਹਨ।ਪੰਛੀਆਂ ਦਾ ਮਨੁੱਖ ਨਾਲ ਬਹੁਤ ਪੁਰਾਣਾ ਸੰਬੰਧ ਹੈ।ਸਵੇਰ ਹੋਣ ‘ਤੇ ਹੀ ਪੰਛੀ ਜਿਵੇ ਚਿੜੀਆਂ ਜਨੌਰ ਆਪਣੀਆਂ ਮਿੱਠੀਆਂ ਅਵਾਜ਼ਾਂ ਨਾਲ ਵਾਤਾਵਰਣ ਨੂੰ ਮਨਮੋਹਣਾ ਬਣਾ ਦਿੰਦੇ ਹਨ ।ਚਾਰੇ ਪਾਸੇ ਪੰਛੀਆਂ ਦੀਆਂ ਚਹਿਚਹਾਉਣ ਦੀਆਂ ਅਵਾਜਾਂ ਮਨੁੱਖ ਨੂੰ ਸਕੂਨ ਦਿੰਦੀਆਂ ਹਨ।ਵਾਤਾਵਰਣ ਨੂੰ ਮਹਿਕਾ ਦਿੰਦੀਆਂ ਹਨ।ਚਿੜੀਆਂ ਦਾ ਚੀਂ-ਚੀਂ ਕਰਨਾ ਤੇ ਕਿਸੇ ਰੁੱਖ ਉੱਤੇ ਬੈਠੀ ਘੁੱਗੀ ਦਾ ਘੁੱਗੂ ਘੂ ਕਰਨਾ ਅੱਜ ਵੀ ਬਚਪਨ ਦੀ ਯਾਦ ਦਵਾ ਦਿੰਦਾ ਹੈ।ਉਹ ਸਮਾਂ ਕਿੰਨ੍ਹਾਂ ਸੁਹਾਵਣਾ ਹੁੰਦਾ ਸੀ ਜਦੋਂ ਪੰਛੀਆਂ ਦੇ ਪਿੱਛੇ ਭੱਜਦੇ ਸੀ ਉਨ੍ਹਾਂ ਵਾਂਗ ਬਾਹਾਂ ਫੈਲਾ ਕੇ ਉੱਡਦੇ ਸੀ।ਉਨ੍ਹਾਂ ਵਾਂਗ ਖੰਭ ਲਾਕੇ ਅਜ਼ਾਦ ਉੱਡਦੇ ਸੀ ।ਅੱਜ ਨਾ ਹੀ ਪੰਛੀਆਂ ਦੀਆਂ ਉਡਾਰਾਂ ਹਨ ਤੇ ਨਾ ਹੀ ਉਹ ਅਜ਼ਾਦ ਬਚਪਨ।ਅੱਜ ਦੇ ਸਮੇਂ ਵਿੱਚ ਮਨੁੱਖ ਦੀਆਂ ਲਾਲਸਾਵਾਂ ਇੱਛਾਵਾਂ ਨੇ ਉਸਨੂੰ ਗੁਲਾਮ ਕਰ ਲਿਆ ਹੈ।ਉਹ ਪੰਛੀਆਂ ਵਰਗੇ ਅਜ਼ਾਦ ਖਿਆਲ ਖਤਮ ਹੋ ਗਏ ਹਨ।ਕਿਉਕਿ ਮਨੁੱਖ ਨੇ ਪੰਛੀਆਂ ਦਾ ਨਿਵਾਸ ਸਥਾਨ ਹੀ ਖੋਹ ਲਿਆ ਹੈ।ਹੁਣ ਕਿਤੇ ਵੀ ਪੰਛੀਆਂ ਦੀ ਅਜ਼ਾਦ ਉਡਾਰ ਨਹੀਂ ਘੁੰਮਦੀ।ਅੱਜ ਪੰਛੀ ਅਲੋਪ ਹੋ ਰਹੇ ਹਨ ਬਹੁਤ ਘੱਟ ਦਿਖਦੇ ਹਨ।ਮੈਨੂੰ ਯਾਦ ਹੈ ਕਦੇ ਸਮਾਂ ਹੋਇਆਂ ਕਰਦਾ ਸੀ ਮੇਰੀ ਦਾਦੀ ਤੇ ਮੇਰੀ ਮਾਂ
ਚਾਦਰਾਂ ’ਤੇ ਚਿੜੀਆਂ, ਫੁੱਲ-ਬੂਟੇ, ਪੰਛੀ ਜਨੌਰ ਦੀਆਂ ਕਢਾਈਆਂ ਕੱਢਦੀਆਂ ਸਨ।ਜਦੋਂ ਦਾਦੀ ਨੇ ਗੀਤ ਗਾਉਣੇ ਉਹਨਾਂ ਵਿੱਚ ਪੰਛੀਆਂ ਦਾ ਜ਼ਿਕਰ ਜ਼ਰੂਰ ਹੁੰਦਾ ਸੀ ਪਰ ਅਫ਼ਸੋਸ ਹੁਣ ਸਾਡੇ ਗੀਤਾਂ ਵਿੱਚ ਚਿੜੀਆਂ ਮੋਰ ਨਹੀਂ, ਸਾਡੀਆਂ ਚਾਦਰਾਂ ’ਤੇ ਕੋਈ ਪੰਛੀ ਨਹੀਂ। ਪਹਿਲਾ ਸਾਡੇ ਗੀਤਾਂ ਵਿੱਚ ਕੁਦਰਤ ਬੋਲਦੀ ਸੀ ਅਤੇ ਸਾਡੇ ਸਭਿਆਚਾਰ ਵਿਚ ਇਨਸਾਨ ਵੀ ਕੁਦਰਤੀ ਸਨ। ਹੁਣ ਸਾਡੇ ਗੀਤਾਂ ਵਿੱਚ ਨਸ਼ੇ ,ਹਥਿਆਰ ਬੋਲਦੇ ਹਨ । ਅੱਜ ਦਾ ਮਨੁੱਖ ਕੁਦਰਤ ਤੋ ਦੂਰ ਜਾ ਰਿਹਾ ਹੈ।ਉਸਨੂੰ ਕੁਦਰਤ ਦੇ ਮਾਇਨੇ ਹੀ ਨਹੀਂ। ਕੁਦਰਤ ਦਾ ਮਹੱਤਵ ਸੱਭਿਆਚਾਰ ਦੀਆਂ ਅਜਿਹੀਆਂ ਗੱਲਾਂ ਬਾਤਾਂ ਵਿਚੋਂ ਸਹਿਜੇ ਹੀ ਸਿੱਖਿਆ ਜਾਂਦਾ ਸੀ ਪਰ ਅੱਜਕੱਲ ਉਹ ਸੱਭਿਆਚਾਰਕ ਗੱਲਾ ਬਾਤਾਂ ਅਲੋਪ ਹੋ ਗਈਆਂ ਹਨ ਕਿਉਂਕਿ ਹੁਣ ਸਾਰੇ ਕੁਦਰਤ ਤੋਂ ਵੀ ਟੁੱਟ ਗਏ ਹਨ।ਆਪਣੀ ਐਸ਼ੋ ਅਰਾਮ ਦੇ ਲਈ ਆਪਣੇ ਆਪ ਲਈ ਜ਼ਿੰਦਗੀ ਜਿਊਂਦੇ ਹਨ ਇੱਥੋਂ ਤੱਕ ਕੀ ਕੁਦਰਤ ਦੇ ਹੋਰ ਅਨੇਕਾਂ ਜੀਵਾਂ ਵੱਲ ਧਿਆਨ ਨਹੀਂ ਦਿੰਦੇ ।ਕਿਸੇ ਨੇ ਸੱਚ ਕਿਹਾ ਹੈ ਕਿ ਜੋ ਲੋਕ ਪੰਛੀਆਂ ਨਾਲ ਪਿਆਰ ਕਰਦੇ ਹਨ, ਉਹ ਕਦੀ ਵੀ ਵਾਤਾਵਰਨ ਨੂੰ ਢਾਹ ਨਹੀਂ ਲਾਉਂਦੇ।ਪੰਛੀਆਂ ਦਾ ਘਰ ਇਹ ਦਰੱਖਤ ਹੁੰਦੇ ਹਨ।ਇਸ ਤੋਂ ਇਲਾਵਾ ਕੁਝ ਪੰਛੀ ਟਿੱਬਿਆਂ ਵਿੱਚ ਰਹਿੰਦੇ ਸਨ। ਕੁਝ ਪੰਛੀ ਘਰਾਂ ਦੇ ਗਾਡਰਾਂ ਅਤੇ ਆਲਿਆਂ ਵਿਚ ਆਪਣਾ ਘਰ ਬਣਾਉਂਦੇ ਹਨ।ਅਸੀਂ ਟਿੱਬਿਆਂ ਨੂੰ ਉਜਾੜ ਕੇ ਜ਼ਮੀਨਾਂ ਨੂੰ ਪੱਧਰਾ ਕਰ ਦਿੱਤਾ। ਅਸੀਂ ਆਪਣੇ ਘਰ ਨਵੇਂ ਢੰਗ ਨਾਲ ਬਣਾ ਲਏ ਹਨ। ਇਸਦੇ ਸਿੱਟੇ ਵਜੋਂ ਇਹ ਹੋਇਆ ਕਿ ਕੁਝ ਪੰਛੀਆਂ ਦੇ ਰਹਿਣ ਬਸੇਰੇ ਉਜੜ ਗਏ ਹਨ ।ਹੁਣ ਮਨੁੱਖ ਨੇ ਪੰਛੀਆਂ ਲਈ ਨਕਲੀ ਆਲ੍ਹਣੇ ਬਣਾਉਣੇ ਸ਼ੁਰੂ ਕੀਤੇ ਹਨ।ਕਿਉਕਿ ਦਰੱਖਤ ਬਹੁਤ ਮਾਤਰਾ ਵਿੱਚ ਕੱਟੇ ਜਾ ਰਹੇ ਹਨ।ਸਾਨੂੰ ਪੰਛੀਆਂ ਦੀ ਹੋਂਦ ਨੂੰ ਬਣਾਉਣ ਲਈ ਪੁਰਾਣੇ ਦਰਖ਼ਤਾਂ ਦੀ, ਛੱਪੜਾਂ, ਟੋਭਿਆਂ, ਨਦੀਆਂ ਨਾਲਿਆਂ ਦੀ ਵਿਸ਼ੇਸ਼ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਰਾਹੀਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੰਛੀਆਂ ਨੂੰ ਦੇਖ ਸਕਦੇ ਹਾਂ।ਇਹ ਕਿਹਾ ਗਿਆ ਹੈ ਕਿ ਹਰੇਕ ਦਰਖ਼ਤ ਆਪਣੇ ਆਪ ਵਿੱਚ ਇੱਕ ਸੰਪੂਰਨ ਈਕੋ-ਸਿਸਟਮ ਹੈ।ਦਾਦੀ ਦੱਸਿਆ ਕਰਦੀ ਸੀ ਕਿ ਪਹਿਲਾ ਲੋਕ ਆਪਣੇ ਖੇਤਾਂ ਦਾ ਕੁਝ ਹਿੱਸਾ ਪੰਛੀਆਂ ਲਈ ਛੱਡ ਦਿੰਦੇ ਸੀ ਪਰ ਹੁਣ ਲੋਕ ਇਕ ਫ਼ਸਲ ਵੱਢਣ ਤੋਂ ਬਾਅਦ ਤੁਰੰਤ ਦੂਜੀ ਫਸਲ ਬੀਜਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ।ਹੁਣ ਪੰਛੀਆਂ ਲਈ ਕੋਈ ਥਾਂ ਨਹੀਂ ਹੈ।ਗਰਮੀਆਂ ਵਿੱਚ ਧੁੱਪੇ ਪੰਛੀ ਮਰ ਰਹੇ ਹਨ ਪਾਣੀ ਨਹੀਂ ਮਿਲ ਰਿਹਾ ਨਾ ਹੀ ਬੈਠਣ ਲਈ ਰਹਿਣ ਲਈ ਕੋਈ ਰਹਿਣ ਬਸੈਰਾ ਹੈ।ਦੋਸਤੋਂ ਆਓ ਸਾਰੇ ਰਲ ਕੇ ਪੰਛੀਆਂ ਲਈ ਉਹਨਾਂ ਦੀ ਪਿਆਸ ਬੁਝਾਉਣ ਲਈ ਛੱਤਾਂ ਉੱਪਰ ਪਾਣੀ ਤੇ ਖਾਣ ਲਈ ਦਾਣਿਆਂ ਦਾ ਪ੍ਰਬੰਧ ਕਰੀਏ।
ਰਹਿਣ ਲਈ ਰੈਣ -ਬਸੇਰੇ ਬਣਾਈਏ।ਜੇਕਰ ਹਰ ਇੱਕ ਘਰ ਦਾ ਮੈਂਬਰ ਆਪਣੇ ਘਰ ਅੱਗੇ ਪੰਛੀਆਂ ਲਈ ਇੱਕ-ਇੱਕ ਰਹਿਣ ਬਸੈਰਾ ਬਣਾਵੇ ਤਾਂ ਲੱਖਾਂ ਹੀ ਪੰਛੀਆਂ ਦੀ ਜਾਨ ਬਚ ਸਕਦੀ ਹੈ।ਮੈਂ ਇਹੋ ਕਹਿਣਾ ਚਾਹਾਂਗੀ ਕਿ ਸਾਰੇ ਪੰਛੀਆਂ ਨਾਲ ਪਿਆਰ ਕਰੋ ।
ਆਓ ਸਾਰੇ ਰਲ ਕੇ ਕੁਦਰਤ ਨਾਲ ਸਾਂਝ ਪਾਈਏ
ਹਮੇਸ਼ਾ ਲਈ ਪੰਛੀਆਂ ਦਾ ਵਜੂਦ ਬਣਾਈਏ ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।

" ਵਿਰਸੇ ਦੀਆਂ ਗੱਲਾਂ"✍️ ਜਸਵੀਰ ਸ਼ਰਮਾਂ ਦੱਦਾਹੂਰ  

ਕੱਚੇ ਘਰ ਸੀ ਤੇ ਪੱਕੇ ਵਿਸ਼ਵਾਸ ਸੀ।

ਭਾਵੇਂ ਪੈਸੇ ਦੀ ਵੀ ਓਸ ਸਮੇਂ ਘਾਟ ਸੀ।

ਨਾ ਲੱਗੇ ਮੇਨ ਗੇਟ ਹੁੰਦੇ ਸੀ----

ਇੱਕੋ ਮੁਖੀ ਸੀਘਾ ਸਾਰੇ ਪਰਿਵਾਰ ਦਾ, ਨਾਂ ਘਰਾਂ ਚ ਕਲੇਸ਼ ਹੁੰਦੇ ਸੀ ----ਇੱਕੋ---

 

ਗੱਲ ਕਰਕੇ ਨਹੀਂ ਸੀ ਕੋਈ ਮੁੱਕਰਦਾ।

ਪੂਰਾ ਖਰਾ  ਸੀ  ਜ਼ੁਬਾਨ ਤੇ  ਉੱਤਰਦਾ।

ਧੀਆਂ ਭੈਣਾਂ ਦੀਆਂ ਇੱਜ਼ਤਾਂ ਵੀ ਸੇਫ ਸੀ, ਓਹ ਬੰਦੇ ਕਿੰਨੇ ਨੇਕ ਹੁੰਦੇ ਸੀ ----

ਇੱਕੋ ਮੁਖੀ ਸੀਘਾ ----

 

ਕਵਾਰੀ ਕੁੜੀ ਨਾ ਸ਼ੁਕੀਨੀ ਦੀ ਸ਼ਕੀਨ ਸੀ

ਸਾਦੀ ਜ਼ਿੰਦਗੀ ਚ ਲੱਗਦੀ ਹਸੀਨ ਸੀ।

ਮੇਕਅੱਪ ਦੀ ਜ਼ਰੂਰਤ ਨਾਂ ਪੈਂਦੀ,ਚਮਕਦੇ ਫੇਸ ਹੁੰਦੇ ਸੀ------

ਇੱਕੋ ਮੁਖੀ ਸੀਘਾ -----

 

ਭਾਵੇਂ ਅੱਜ ਬੰਦਾ ਕਰ ਗਿਆ ਤਰੱਕੀਆਂ।

ਪਰ ਅੱਖਾਂ  ਉੱਤੇ  ਬੰਨ੍ਹੀ  ਬੈਠਾ  ਪੱਟੀਆਂ।

ਦੁੱਖ ਦਿੰਦਾ ਨਹੀ ਸੀ ਓਦੋਂ ਕੋਈ ਆਪਣਾ,ਨਾ ਦਿਲਾਂ ਵਿੱਚ ਸ਼ੇਕ ਹੁੰਦੇ ਸੀ--

 ਇੱਕੋ ਮੁਖੀ ਸੀਘਾ ----

 

ਦੱਦਾਹੂਰੀਆ ਜ਼ਮਾਨਾ ਅੱਖੀਂ ਵੇਖਿਆ।

ਪੈਸੇ ਖ਼ਾਤਰ ਜ਼ਮੀਰ ਨਹੀਂ ਸੀ ਵੇਚਿਆ।

ਅੱਜ ਵਾਂਗ ਨਹੀਂ ਸੀ ਸਾਧੂਆਂ ਦੇ ਰੂਪਾਂ ਵਿੱਚ, ਚੋਰਾਂ ਵਾਲੇ ਭੇਸ ਹੁੰਦੇ ਸੀ ---

ਇੱਕੋ ਮੁਖੀ ਸੀਘਾ ਸਾਰੇ ਪਰਿਵਾਰ ਦਾ,

ਨਾ ਘਰਾਂ ਚ ਕਲੇਸ਼ ਹੁੰਦੇ ਸੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਨੇ ਸ਼ਾਨਦਾਰ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ  

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਸ਼ਾਨਦਾਰ ਉਪਰਾਲਾ ਕਰਦੇ ਹੋਏ ‘ਵਿਸਾਖੀ ਦੇ ਤਿਉਹਾਰ’ ਅਤੇ ‘ਡਾ. ਬੀ. ਆਰ. ਅੰਬੇਦਕਰ ਜੀ‘ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਮਿਤੀ 14 ਅਪ੍ਰੈਲ 2022 (ਵੀਰਵਾਰ) ਨੂੰ ਇੱਕ ਅੰਤਰਰਾਸ਼ਟਰੀ ਆਨਲਾਈਨ ਕਵੀ ਦਰਬਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਹ ਅੰਤਰਰਾਸ਼ਟਰੀ ਕਵੀ ਦਰਬਾਰ ਪ੍ਰੋਗਰਾਮ ਸਭਾ ਦੇ ਸਰਪ੍ਰਸਤ/ਡਾਇਰੈਕਟਰ ਡਾ. ਨਿਰਮਲ ਕੌਸ਼ਿਕ, ਚੇਅਰਮੈਨ/ਮੁੱਖ ਪ੍ਰਬੰਧਕ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ/ਪ੍ਰਬੰਧਕ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ । ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੁੰਦਰਪਾਲ ਰਾਜਾਸਾਂਸੀ ਅਤੇ ਵਿਸ਼ੇਸ਼ ਮਹਿਮਾਨ ਸ਼ਾਇਰ ਭੱਟੀ ਤੇ ਆਸ਼ਾ ਸ਼ਰਮਾ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਰਪ੍ਰਸਤ ਡਾ. ਨਿਰਮਲ ਕੌਸ਼ਿਕ ਅਤੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹਾਜ਼ਰ ਸਾਰੇ ਕਵੀ ਸਹਿਬਾਨ ਨੂੰ 'ਜੀਓ ਆਇਆਂ' ਆਖਿਆ ।
ਇਸ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕਵੀ ਸਾਹਿਬਾਨ ਨੇ ਭਾਗ ਲਿਆ ਬਾਕਮਾਲ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਗਈ । ਮੁੱਖ ਮਹਿਮਾਨ ਸੁੰਦਰਪਾਲ ਰਾਜਾਸਾਂਸੀ ਅਤੇ ਵਿਸ਼ੇਸ਼ ਮਹਿਮਾਨ ਸ਼ਾਇਰ ਭੱਟੀ ਤੇ ਆਸ਼ਾ ਸ਼ਰਮਾ, ਡਾ. ਨਿਰਮਲ ਕੌਸ਼ਿਕ, ਪ੍ਰੋ. ਬੀਰ ਇੰਦਰ ਸਰਾਂ, ਸ਼ਿਵਨਾਥ ਦਰਦੀ, ਰਜਨੀਸ਼ ਭੱਟੀ, ਪ੍ਰੀਤਮਾ ਦਿੱਲੀ, ਨਰਾਇਣ ਸਿੰਘ ਮੰਘੇੜਾ, ਰਮਾ ਰਾਮੇਸ਼ਵਰੀ, ਗੁਰਬਚਨ ਸਿੰਘ, ਜਗਦੀਸ਼ ਕੌਰ ਇਲਾਹਾਬਾਦ, ਰਣਧੀਰ ਸਿੰਘ ਮਾਹਲਾ, ਗੁਰਸਾਹਿਬ ਸਿੰਘ ਤੇਜੀ, ਹੀਰਾ ਸਿੰਘ ਤੂਤ, ਸਿਕੰਦਰ ਚੰਦਭਾਨ, ਜਸਵੀਰ ਫ਼ੀਰਾ, ਕੁਲਵਿੰਦਰ ਵਿਰਕ, ਮਾਸਟਰ ਲਖਵਿੰਦਰ ਸਿੰਘ, ਗਗਨ ਫੂਲ, ਸੁਖਜਿੰਦਰ ਮੁਹਾਰ, ਸਤਪਾਲ ਕੌਰ ਮੋਗਾ, ਜਸਵਿੰਦਰ ਸਿੰਘ ਫਰੀਦਕੋਟੀਆ, ਵਤਨਵੀਰ ਵਤਨ, ਹਰਫ਼ ਰਾਜਨ, ਕਿਰਨਜੀਤ ਕੌਰ, ਮਨਜਿੰਦਰ ਸਿੰਘ ਹਠੂਰ, ਮਾਹੀ ਸਿੱਧੂ ਤੋਂ ਇਲਾਵਾ ਵਿਦਿਆਰਥੀਆਂ ਕਵੀਆਂ  ਜਸਵਿੰਦਰ ਸਿੰਘ ਮਾਨ, ਪਰਵਿੰਦਰ ਸਿੰਘ , ਸਾਗਰ ਸ਼ਰਮਾ ਆਦਿ ਨੇ ਆਪਣੀਆਂ ਰਚਨਾਵਾਂ ਦੀ ਖੂਬਸੂਰਤ ਪੇਸ਼ਕਾਰੀ ਕਰਕੇ ਵਾਹ ਵਾਹ ਖੱਟੀ । ਇਸ ਪ੍ਰੋਗਰਾਮ ਦੇ ਸੰਚਾਲਕ ਦੀ ਭੂਮਿਕਾ ਪ੍ਰੋ. ਬੀਰ ਇੰਦਰ ਸਰਾਂ ਨੇ ਖੂਬਸੂਰਤ ਅੰਦਾਜ਼ ਨਾਲ ਨਿਭਾਈ ਜੋ ਕਿ ਕਾਬਿਲ-ਏ-ਤਾਰੀਫ਼ ਸੀ । ਅੰਤ ਵਿੱਚ ਪ੍ਰਧਾਨ ਸ਼ਿਵਨਾਥ ਦਰਦੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਤੇ ਸ਼ਾਮਿਲ ਹੋਏ ਸਾਰੇ ਕਵੀ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਸਭਾ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ, ਉਹਨਾਂ ਦੱਸਿਆ ਕਿ ਏਸੇ ਮਹੀਨੇ ਦੇ ਅੰਤ ਵਿੱਚ ਸਭਾ ਵੱਲੋਂ ਸਾਂਝਾ ਕਾਵਿ-ਸੰਗ੍ਰਹਿ ‘ ਕਲਮਾਂ ਦੇ ਰੰਗ’ ਲੋਕ-ਅਰਪਣ ਕੀਤਾ ਜਾਂ ਰਿਹਾ ਹੈ । ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਕਵੀ ਸਾਹਿਬਾਨ ਨੂੰ ਸ਼ਾਨਦਾਰ ਸਨਮਾਨ ਪੱਤਰ ਵੀ ਜਾਰੀ ਕੀਤੇ ਗਏ ।    
      ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਕਰਵਾਏ ਗਏ ਇਸ ਅੰਤਰਰਾਸ਼ਟਰੀ ਕਵੀ ਦਰਬਾਰ ਪ੍ਰੋਗਰਾਮ ਦੀ ਸਾਹਿਤਕ ਖੇਤਰ ਵਿੱਚ ਕਾਫ਼ੀ ਪ੍ਰਸੰਸਾ ਹੋ ਰਹੀ ਹੈ ।

 

ਸਮਰਪਿਤ ਡਾ: ਅੰਬੇਦਕਰ ਨੂੰ - ਅੰਬੇਦਕਰ ਅਤੇ ਸਾਈਮਨ ਕਮਿਸ਼ਨ ✍️ ਸੁਖਦੇਵ ਸਲੇਮਪੁਰੀ

3 ਫਰਵਰੀ,1928 ਵਿਚ ਜਦੋਂ ਸਰ ਜੌਹਨ ਸਾਈਮਨ ਦੀ ਅਗਵਾਈ ਹੇਠ 7 ਮੈਂਬਰੀ ਇਕ ਕਮਿਸ਼ਨ ਜਿਸ ਵਿਚ ਮੈਂਬਰ ਪਾਰਲੀਮੈਂਟ ਸ਼ਾਮਲ ਸਨ, ਭਾਰਤ ਆਇਆ  ਤਾਂ ਉਸ ਦਾ ਥਾਂ-ਥਾਂ 'ਤੇ ਕਾਂਗਰਸ ਦੀ ਅਗਵਾਈ ਹੇਠ   ਡੱਟਕੇ ਵਿਰੋਧ ਕੀਤਾ ਗਿਆ ਅਤੇ 'ਸਾਈਮਨ ਕਮਿਸ਼ਨ ਵਾਪਸ ਜਾਓ' ਦੇ ਨਾਅਰੇ ਲਗਾਏ ਗਏ। ਪਰ ਇਹ ਕਮਿਸ਼ਨ ਭਾਰਤ ਕਿਉਂ ਆਇਆ ਸੀ? , ਕੀ ਵੇਖਣ ਆਇਆ ਸੀ? , ਕੀ ਕਰਨ ਆਇਆ ਸੀ? ਦੇ ਬਾਰੇ ਵਿੱਚ ਸਾਡੇ ਇਤਿਹਾਸ ਪੜ੍ਹਾਉਣ ਦੀ ਬਜਾਏ ਲੁਕੋ ਕੇ ਰੱਖਿਆ ਗਿਆ ਹੈ।
ਡਾ ਭੀਮ ਰਾਓ ਅੰਬੇਦਕਰ ਜਦੋਂ ਵਿਦੇਸ਼ ਤੋਂ ਪੜ੍ਹ ਕੇ ਭਾਰਤ ਆਏ ਤਾਂ ਉਹ ਬੜੌਦਾ ਵਿਖੇ ਨੌਕਰੀ ਕਰਨ ਲੱਗ ਪਏ, ਜਿਥੇ ਉਨ੍ਹਾਂ ਨਾਲ ਕੰਮ ਕਰ ਰਹੇ ਉੱੱਚ ਜਾਤੀ ਦੇ ਬ੍ਰਾਹਮਣਵਾਦੀ ਲੋਕਾਂ ਵਲੋਂ ਜਾਤੀਗਤ ਭੇਦ ਭਾਵ ਸ਼ੁਰੂ ਕਰ ਦਿੱਤਾ ਗਿਆ, ਜਿਸ ਤੋਂ ਤੰਗ ਆ ਕੇ ਉਹ 11 ਦਿਨ ਬਾਅਦ ਹੀ ਨੌਕਰੀ ਛੱਡ ਕੇ ਮੁੰਬਈ ਆ ਗਏ ਅਤੇ ਉਨ੍ਹਾਂ ਨੇ ਹਜਾਰਾਂ ਸਾਲਾਂ ਤੋਂ ਮਨੂੰਵਾਦੀਆਂ ਦੇ ਜੁਲਮ ਦਾ ਸ਼ਿਕਾਰ ਹੋ ਰਹੇ ਦੱਬੇ ਕੁਚਲੇ ਮੂਲ-ਨਿਵਾਸੀਆਂ ਜਿਨ੍ਹਾਂ ਨੂੰ ਮਨੂੰਵਾਦੀਆਂ ਵਲੋਂ ਸ਼ੂਦਰ ਦਾ ਨਾਂ ਦਿੱਤਾ ਗਿਆ ਹੈ, ਨੂੰ ਜੀਣ ਲਈ ਅਧਿਕਾਰ ਦਿਵਾਉਣ ਦੀ ਠਾਣ ਲਈ। ਉਨ੍ਹਾਂ ਨੇ ਅੰਗਰੇਜ ਸਰਕਾਰ ਨੂੰ ਵਾਰ ਵਾਰ ਪੱਤਰ ਲਿਖ ਕੇ ਦੱਸਿਆ ਕਿ ਭਾਰਤ ਵਿਚ ਮਨੂੰਵਾਦੀ ਲੋਕਾਂ ਵਲੋਂ ਸ਼ੂਦਰਾਂ  ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ, ਜਿਸ ਕਰਕੇ ਉਹ ਲੋਕ ਪਸ਼ੂਆਂ ਨਾਲੋਂ ਵੀ ਘਟੀਆ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਕਿਉਂਕਿ ਛੱਪੜਾਂ ਵਿਚ ਕੁੱਤੇ  ਵੜ ਸਕਦੇ ਹਨ, ਨਹਾ ਸਕਦੇ ਹਨ , ਪਰ ਨਫਰਤ ਦੇ ਚੱਲਦਿਆਂ ਸ਼ੂਦਰਾਂ ਨੂੰ ਪਾਣੀ ਪੀਣ ਤੋਂ ਵੀ ਮਨਾਹੀ । ਡਾ ਅੰਬੇਦਕਰ ਵਲੋਂ ਭੇਜੇ ਗਏ ਸ਼ੂਦਰਾਂ ਦੀ ਜਿੰਦਗੀ ਨਾਲ ਦਰਦ ਭਰੇ ਪੱਤਰਾਂ ਨੂੰ ਵੇਖ ਕੇ ਅੰਗਰੇਜ ਹਕੂਮਤ ਦੰਗ ਰਹਿ ਗਈ , ਜਿਸ ਪਿੱਛੋਂ ਸੱਚ ਜਾਣਨ ਲਈ ਅੰਗਰੇਜ ਹਕੂਮਤ ਵਲੋਂ 8 ਨਵੰਬਰ, 1927 ਨੂੰ  ਸਰ ਜੌਹਨ ਸਾਈਮਨ ਦੀ ਅਗਵਾਈ ਹੇਠ ਸਾਈਮਨ ਕਮਿਸ਼ਨ ਦਾ ਗਠਨ ਕੀਤਾ ਗਿਆ ਅਤੇ ਫਿਰ ਕਮਿਸ਼ਨ ਨੂੰ 3 ਫਰਵਰੀ, 1928 ਨੂੰ ਭਾਰਤ ਦੌਰੇ 'ਤੇ ਭੇਜਿਆ ਗਿਆ। ਕਮਿਸ਼ਨ ਦੇ ਦੌਰੇ ਨੂੰ ਰੱਦ ਕਰਵਾਉਣ ਲਈ  ਕਾਂਗਰਸ ਦੇ ਆਗੂਆਂ ਵਲੋਂ ਸਾਈਮਨ ਕਮਿਸ਼ਨ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਗਿਆ, ਕਿਉਂਕਿ  ਕਾਂਗਰਸ ਨੂੰ ਜਦੋਂ ਇਹ ਪਤਾ ਲੱਗਾ ਕਿ ਇਹ ਕਮਿਸ਼ਨ ਭਾਰਤ ਦੇ ਹਜਾਰਾਂ ਸਾਲ ਤੋਂ ਲਤਾੜੇ ਮੂਲ-ਨਿਵਾਸੀਆਂ ਦੀ ਜਿੰਦਗੀ ਦੀ ਸਹੀ ਤਸਵੀਰ ਅੰਗਰੇਜ਼ ਹਕੂਮਤ ਅੱਗੇ ਪੇਸ਼ ਕਰੇਗਾ, ਦੇ ਪਿੱਛੋਂ ਅੰਗਰੇਜ਼ ਹਕੂਮਤ ਉਨ੍ਹਾਂ ਦੇ ਜੀਵਨ ਵਿਚ ਬਦਲਾਅ ਲਿਆਉਣ ਲਈ ਅਧਿਕਾਰ ਦੇ ਦੇਵੇਗੀ। ਮੂਲ-ਨਿਵਾਸੀਆਂ ਨੂੰ ਅਧਿਕਾਰ ਦੇਣ ਤੋਂ ਰੋਕਣ ਲਈ 1927 ਵਿਚ ਕਾਂਗਰਸ  ਵਲੋਂ ਮਦਰਾਸ ਵਿਚ ਵਿਸ਼ੇਸ਼ ਇਜਲਾਸ ਬੁਲਾ ਕੇ ਫੈਸਲਾ ਕੀਤਾ ਗਿਆ ਕਿ ਜਦੋਂ ਵੀ ਸਾਈਮਨ ਕਮਿਸ਼ਨ ਭਾਰਤ ਆਵੇਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਕਾਂਗਰਸ ਵਲੋਂ ਲਏ ਗਏ ਫੈਸਲੇ ਅਨੁਸਾਰ ਜਦੋਂ ਸਾਈਮਨ ਕਮਿਸ਼ਨ ਭਾਰਤ ਪੁੱਜਿਆ ਤਾਂ ਕੋਲਕਾਤਾ, ਲਾਹੌਰ, ਲਖਨਊ, ਵਿਜੇਵਾੜਾ ਅਤੇ ਪੂਨਾ ਸਮੇਤ ਦੇਸ਼ ਦੇ ਵੱਖ ਵੱਖ ਥਾਵਾਂ 'ਤੇ ਜਿਥੇ ਜਿਥੇ ਕਮਿਸ਼ਨ ਗਿਆ, ਦਾ  ਉਥੇ ਉਥੇ ਜਾ ਕੇ ਕਾਂਗਰਸੀਆਂ ਅਤੇ ਹਿੰਦੂ ਮਹਾ ਸਭਾ /ਆਰ ਐਸ ਐਸ ਦੇ ਕਾਰਕੁੰਨਾਂ ਵਲੋਂ ਕਾਲੇ ਝੰਡੇ ਦਿਖਾ ਕੇ  ਵਿਰੋਧ ਕਰਦਿਆਂ 'ਗੋ ਬੈਕ' ਦੇ ਨਾਅਰੇ ਲਗਾਏ ਗਏ। ਇਸੇ ਦੌਰਾਨ ਜਦੋਂ ਸਾਈਮਨ ਕਮਿਸ਼ਨ ਲਾਹੌਰ ਪਹੁੰਚਿਆ ਤਾਂ ਮਨੂੰਵਾਦੀਆਂ ਵਲੋਂ ਕਮਿਸ਼ਨ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਇਕ ਨਾਟਕ ਖੇਡਿਆ ਗਿਆ। ਇਸ ਨਾਟਕ ਅਧੀਨ  ਮਨੂੰਵਾਦੀਆਂ ਵਲੋਂ ਕਮਿਸ਼ਨ ਅੱਗੇ ਇਸ ਗੱਲ ਦੀ ਪੇਸ਼ਕਾਰੀ ਕੀਤੀ ਗਈ ਕਿ ਮਨੂੰਵਾਦੀਆਂ ਵਲੋਂ ਸ਼ੂਦਰਾਂ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਂਦਾ। ਖੇਡੇ ਗਏ ਨਾਟਕ ਅਧੀਨ ਮਨੂੰਵਾਦੀ ਲੋਕਾਂ ਨੇ ਸ਼ੂਦਰਾਂ ਨੂੰ ਆਪਣੇ ਨਾਲ  ਬਿਠਾ ਕੇ ਖਾਣਾ ਖੁਆਇਆ ਗਿਆ, ਪਰ ਬਾਅਦ ਵਿਚ ਆਪਣੀ ਸ਼ੁੱਧਤਾ ਲਈ ਘਰਾਂ ਵਿਚ ਜਾ ਕੇ ਗਾਂ ਦੇ ਪਿਸ਼ਾਬ ਨਾਲ ਇਸ਼ਨਾਨ ਕੀਤਾ ਗਿਆ ।  ਮਨੂੰਵਾਦੀਆਂ ਦੇ ਪਾਖੰਡ ਭਰੇ ਨਾਟਕ ਦਾ ਪਰਦਾਫਾਸ਼ ਕਰਨ ਡਾ: ਅੰਬੇਦਕਰ  ਸਾਈਮਨ ਕਮਿਸ਼ਨ ਨੂੰ ਆਪਣੇ ਸਾਥੀਆਂ ਸਮੇਤ ਇਕ ਪਿੰਡ ਵਿਚ ਲੈ ਗਏ , ਜਿੱਥੇ ਇਕ ਛੱਪੜ ਵਿਚ  ਕੁੱਤੇ ਆਪਣੇ ਸੁਭਾਅ ਅਨੁਸਾਰ ਤਾਂ ਨਹਾ ਰਹੇ ਸਨ, ਪਰ ਜਦੋਂ ਇੱਕ ਅਖੌਤੀ ਸ਼ੂਦਰ ਨੂੰ ਛੱਪੜ ਵਿਚ ਪਾਣੀ ਪੀਣ ਲਈ ਭੇਜਿਆ ਗਿਆ ਤਾਂ ਉਥੇ ਖੜ੍ਹੇ ਮਨੂੰਵਾਦੀਆਂ ਦੇ ਹਜੂਮ ਨੇ ਸ਼ੂਦਰ ਸਮੇਤ ਕਮਿਸ਼ਨ ਦੇ ਮੈਂਬਰਾਂ ਅਤੇ ਡਾ: ਅੰਬੇਦਕਰ ਉਪਰ ਜਾਨਲੇਵਾ ਹਮਲਾ ਕਰ ਦਿੱਤਾ, ਅਤੇ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਲਈ  ਭੱਜ ਕੇ ਮੁਸਲਿਮ ਬਸਤੀ ਵਿਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ।
ਮਨੂੰਵਾਦੀਆਂ ਦੇ ਸਖਤ ਵਿਰੋਧ ਦੇ ਬਾਵਜੂਦ ਵੀ ਡਾ: ਅੰਬੇਦਕਰ ਨੇ ਲਾਹੌਰ ਵਿਚ ਕਮਿਸ਼ਨ ਨੂੰ ਸ਼ੂਦਰਾਂ ਦੀ ਤਰਸਯੋਗ ਹਾਲਤ ਬਾਰੇ 400 ਸਫਿਆਂ ਦਾ ਇਕ ਮੰਗ ਪੱਤਰ ਦਿੱਤਾ ਗਿਆ ਕਿ ਭਾਰਤ ਵਿਚ ਮਨੁੱਖ ਮਨੁੱਖ ਤੋਂ ਛੂਆ-ਛੂਤ ਕਰਕੇ ਨਫਰਤ ਕਰਦਾ। ਜਿਸ ਉਪਰ ਅੰਗਰੇਜ ਸਰਕਾਰ ਵਲੋਂ ਸਮੀਖਿਆ ਕਰਨ ਉਪਰੰਤ ਸ਼ੂਦਰਾਂ ਨੂੰ ਜਿਉਣ ਲਈ ਕੁਝ ਹੱਕ ਦੇਣ ਲਈ 1930 ਵਿਚ ਕਮਿਊਨਿਲ ਅਵਾਰਡ ਪਾਸ ਕੀਤਾ ਗਿਆ।
ਸਾਡੇ ਇਤਿਹਾਸ ਵਿਚ ਸਾਈਮਨ ਕਮਿਸ਼ਨ ਦਾ  ਵਿਰੋਧ ਕਰਨ ਬਾਰੇ ਤਾਂ ਪੜ੍ਹਾਇਆ ਜਾ ਰਿਹਾ ਹੈ ਪਰ, ਇਹ ਕਿਤੇ ਵੀ ਪੜ੍ਹਾਇਆ ਨਹੀਂ ਜਾਂਦਾ ਕਿ  ਸਾਈਮਨ ਕਮਿਸ਼ਨ ਸ਼ੂਦਰਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦੀ ਸਮੀਖਿਆ ਕਰਨ ਲਈ ਆਇਆ ਸੀ, ਪਰ ਦੇਸ਼ ਦੇ ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕ ਉਨ੍ਹਾਂ ਨੂੰ ਅਧਿਕਾਰ ਦੇਣ ਦੇ ਹੱਕ ਵਿਚ ਨਹੀਂ ਸਨ, ਜਿਸ ਕਰਕੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਗਿਆ ਸੀ। ਇਤਿਹਾਸ ਵਿਚ ਇਹ ਵੀ ਨਹੀਂ ਪੜ੍ਹਾਇਆ ਜਾਂਦਾ ਕਿ ਚੌਧਰੀ ਸਰ ਛੋਟੂਰਾਮ  ਓ.ਬੀ.ਸੀ. ਪੰਜਾਬ ਦੇ ਜਾਟ, ਮੂਲਨਿਵਾਸੀਆਂ ਵਲੋਂ ਡਾ: ਅੰਬੇਦਕਰ ਅਤੇ ਪੱਛੜੀਆਂ ਸ਼੍ਰੇਣੀਆਂ ਵਲੋਂ ਸ਼ਿਵ ਦਿਆਲ ਚੌਰਸੀਆ (ਉੱਤਰ ਪ੍ਰਦੇਸ਼) ਸਮੇਤ ਅਨੇਕਾਂ ਮੂਲਨਿਵਾਸੀਆਂ ਦੀਆਂ ਸੰਸਥਾਵਾਂ ਦੇ ਆਗੂਆਂ
ਵਲੋਂ ਕਮਿਸ਼ਨ ਦਾ ਸੁਆਗਤ ਕੀਤਾ ਗਿਆ ਸੀ।  
ਜਾਣਕਾਰੀ ਅਨੁਸਾਰ 1917 ਵਿੱਚ ਅੰਗਰੇਜ਼ ਹਕੂਮਤ ਦੁਆਰਾ ਸਾਊਥ ਬਰੋ ਕਮਿਸ਼ਨ ਨਾਮਕ ਇੱਕ ਕਮੇਟੀ ਬਣਾਈ ਗਈ ਸੀ, ਜਿਸ ਨੇ ਭਾਰਤ ਦੇ ਸ਼ੂਦਰ ਅਤੇ ਅਤਿ ਸ਼ੂਦਰ ਦੇ ਲੋਕਾਂ ਦੀ ਪਛਾਣ ਕਰਕੇ ਜਿਨ੍ਹਾਂ ਨੂੰ ਹੁਣ ਅਨੁਸੂਚਿਤ ਜਾਤੀਆਂ, ਜਨ-ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ (ਮੂਲ-ਨਿਵਾਸੀ) ਕਿਹਾ ਜਾਂਦਾ ਹੈ, ਦੇ ਬਾਰੇ ਅੰਗਰੇਜ ਹਕੂਮਤ ਨੂੰ ਰਿਪੋਰਟ  ਦਿੱਤੀ ਸੀ ਕਿ ਉਕਤ ਵਰਗ ਹਰ ਖੇਤਰ ਵਿੱਚ ਹਿੰਦੂਆਂ ਨਾਲੋਂ ਵੱਖਰੇ ਹਨ, ਉਨ੍ਹਾਂ ਦਾ ਜੀਵਨ ਪਸ਼ੂਆਂ ਨਾਲੋਂ ਵੀ ਮਾੜਾ ਹੈ ਅਤੇ ਉਨ੍ਹਾਂ ਨੂੰ ਮਨੂੰਵਾਦੀਆਂ ਵਲੋਂ ਸਦੀਆਂ ਤੋਂ ਮਨੁੱਖੀ ਅਧਿਕਾਰਾਂ ਤੋਂ ਵੰਚਿਤ ਕਰਕੇ ਰੱਖਿਆ ਹੋਇਆ ਹੈ।
 ਅੰਗਰੇਜ ਹਕੂਮਤ ਸਮਝ ਚੁੱਕੀ ਸੀ ਕਿ ਭਾਰਤ ਦੇ ਬਹੁਗਿਣਤੀ ਲੋਕਾਂ ਜਿਨ੍ਹਾਂ ਵਿਚ ਸ਼ੂਦਰ ਅਤੇ ਅਤਿ ਸ਼ੂਦਰ ਸ਼ਾਮਲ ਸਨ, ਦੇ ਪ੍ਰਤੀ ਮਨੂੰਵਾਦੀ ਲੋਕਾਂ ਦਾ ਨਿਆਂਇਕ ਚਰਿੱਤਰ ਸ਼ੁੱਧ ਨਹੀਂ ਹੈ। ਸ਼ੂਦਰਾਂ ਪ੍ਰਤੀ ਮਨੂੰਵਾਦੀਆਂ ਦੇ ਘਿਰਣਾਵਾਦੀ ਚਰਿੱਤਰ
 ਨੂੰ ਭਾਪਦਿਆਂ 10 ਸਾਲਾਂ ਬਾਅਦ 1927 ਵਿਚ ਸਾਈਮਨ ਕਮਿਸ਼ਨ ਦਾ ਗਠਨ ਕੀਤਾ ਗਿਆ ਅਤੇ ਉਹ ਕਮਿਸ਼ਨ ਫਿਰ 1928 ਵਿਚ  ਭਾਰਤ ਵਿੱਚ  ਆਇਆ ਤਾਂ ਜੋ ਸ਼ੂਦਰਾਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਉਨ੍ਹਾਂ ਦੀ ਅਬਾਦੀ ਅਨੁਸਾਰ ਵੱਖ-ਵੱਖ ਖੇਤਰਾਂ ਵਿੱਚ ਨੁਮਾਇੰਦਗੀ ਦਿੱਤੀ ਜਾ ਸਕੇ । ਸਾਈਮਨ ਕਮਿਸ਼ਨ ਦਾ ਗਠਨ  ਵੇਖ ਕੇ ਦੇਸ਼ ਦੇ ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ , ਕਿਉਂਕਿ ਇਸ ਵਿਚ ਕਿਸੇ ਵੀ ਮਨੂੰਵਾਦੀ ਨੂੰ ਸ਼ਾਮਲ ਨਹੀਂ  ਸੀ ਕੀਤਾ ਗਿਆ , ਜਿਸ ਕਰਕੇ ਕਮਿਸ਼ਨ ਦਾ ਡੱਟਕੇ ਵਿਰੋਧ ਕੀਤਾ ਗਿਆ। ਜਦਕਿ ਡਾ. ਅੰਬੇਦਕਰ ਵੱਖ-ਵੱਖ ਥਾਵਾਂ 'ਤੇ ਕਮਿਸ਼ਨ ਨਾਲ  ਦੌਰੇ 'ਤੇ ਨਾਲ ਗਏ। ਇਸ ਦੌਰਾਨ ਸਾਈਮਨ ਕਮਿਸ਼ਨ ਨੂੰ ਭਾਰਤ ਵਿੱਚ ਜਾਤੀ ਪ੍ਰਣਾਲੀ ਦੇ ਜ਼ਮੀਨੀ ਪੱਧਰ ਬਾਰੇ ਸਹੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਲੰਡਨ ਸ਼ਹਿਰ ਵਿੱਚ ਗੋਲਮੇਜ਼ ਕਾਨਫਰੰਸਾਂ ਹੋਈਆਂ ਜਿਥੇ ਡਾ: ਅੰਬੇਦਕਰ ਨੇ ਸ਼ੂਦਰਾਂ ਦੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ  ਸਦੀਆਂ ਤੋਂ  ਉਨ੍ਹਾਂ ਨੂੰ ਪੜ੍ਹਨ ਅਤੇ ਲਿਖਣ ਸਮੇਤ ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ/ਹੱਕਾਂ ਤੋਂ ਵਾਂਝੇ ਰੱਖਿਆ ਗਿਆ ਹੈ। ਡਾ ਅੰਬੇਦਕਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ  ਦਲਿਤ ਵਰਗ ਨੂੰ ਦੂਸਰੇ ਲੋਕਾਂ ਦੇ ਬਰਾਬਰ ਵੋਟ ਦਾ ਅਧਿਕਾਰ ਮਿਲਿਆ, ਪਰ ਕਾਂਗਰਸ ਸ਼ੂਦਰਾਂ ਨੂੰ ਅਧਿਕਾਰ ਦੇਣ ਦੇ ਹੱਕ ਵਿਚ ਨਹੀਂ ਸੀ , ਜਿਸ ਕਰਕੇ ਮਹਾਤਮਾ ਗਾਂਧੀ ਨੇ ਅਧਿਕਾਰਾਂ ਦੇ ਵਿਰੋਧ ਵਿੱਚ ਮਰਨ ਵਰਤ ਰੱਖ ਲਿਆ , ਜਿਸ ਕਰਕੇ ਦਲਿਤਾਂ ਨੂੰ ਮਿਲੇ ਦੋ ਵੋਟਾਂ ਦੇ ਅਧਿਕਾਰਾਂ ਵਿੱਚੋਂ ਇੱਕ ਵੋਟ ਦਾ ਅਧਿਕਾਰ ਖਤਮ ਹੋ ਗਿਆ।
ਡਾ ਅੰਬੇਦਕਰ ਸੰਸਾਰ ਦੇ ਗਿਣੇ ਚੁਣੇ ਵਿਦਵਾਨਾਂ ਵਿਚੋਂ ਇਕ ਸਨ, ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਦਿਆਂ ਭਾਰਤ ਨੂੰ ਵੱਖ ਵੱਖ ਫੁੱਲਾਂ ਦਾ ਇਕ ਖੂਬਸੂਰਤ ਗੁਲਦਸਤਾ ਬਣਾ ਕੇ ਰੱਖ ਦਿੱਤਾ। ਇਹ ਭਾਰਤੀ ਸੰਵਿਧਾਨ ਦੀ ਦੇਣ ਹੀ ਹੈ ਕਿ ਅਜਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਭਾਰਤ ਇੱਕ ਮੁੱਠੀ ਵਿੱਚ ਬੰਦ ਹੈ।
ਦੇਸ਼ ਦੇ ਮਨੂੰਵਾਦੀ ਲੋਕਾਂ ਵਲੋਂ ਅਕਸਰ ਇਹ ਗੱਲ ਪ੍ਰਚਾਰੀ ਜਾਂਦੀ ਹੈ ਕਿ ਡਾ ਅੰਬੇਦਕਰ ਕੇਵਲ ਦਲਿਤਾਂ ਦੇ ਆਗੂ ਹਨ, ਜੋ ਬਿਲਕੁਲ ਗਲਤ ਹੈ। ਡਾ ਅੰਬੇਦਕਰ ਦੇਸ਼ ਦੇ ਸਮੂਹ ਵਰਗਾਂ ਦੇ ਨੇਤਾ ਸਨ। ਉਨ੍ਹਾਂ ਨੇ ਮਨੂਸਿਮਰਤੀ ਨੂੰ ਸਾੜਦਿਆਂ ਆਖਿਆ ਸੀ ਕਿ ਇਹ ਸਮਾਜ ਵਿਚ ਵੰਡੀਆਂ ਪਾ ਰਹੀ ਹੈ, ਜਿਸ ਕਰਕੇ ਕਰੋੜਾਂ ਮੂਲਨਿਵਾਸੀਆਂ ਅਤੇ ਔਰਤਾਂ ਦੀ ਜਿੰਦਗੀ ਨਰਕ ਬਣੀ ਹੋਈ ਹੈ। ਉਨ੍ਹਾਂ ਨੇ ਜਿਥੇ ਸ਼ੂਦਰਾਂ ਨੂੰ ਪੜ੍ਹਨ - ਲਿਖਣ ਸਮੇਤ ਮਨੁੱਖੀ ਜੀਵਨ ਜਿਊਣ ਦੇ ਅਧਿਕਾਰ ਲੈ ਕੇ ਦਿੱਤੇ ਉਥੇ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ, ਜਿਸ ਕਰਕੇ ਅੱਜ ਦੇਸ਼ ਦੀਆਂ ਔਰਤਾਂ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਦੇ ਅਹੁਦਿਆਂ ਤੱਕ ਪਹੁੰਚ ਗਈਆਂ ਹਨ। ਰਿਜਰਵ ਬੈਂਕ ਆਫ ਇੰਡੀਆ ਡਾ ਅੰਬੇਦਕਰ ਦੀ ਦੇਣ ਹੈ। ਉਹ ਕੇਵਲ ਭਾਰਤੀ ਸੰਵਿਧਾਨ ਦੇ ਹੀ ਨਿਰਮਾਤਾ ਨਹੀਂ ਹਨ, ਬਲਕਿ  ਉਨ੍ਹਾਂ ਨੂੰ 'ਨਵ-ਭਾਰਤ ਦੇ ਨਿਰਮਾਤਾ' ਵੀ ਕਿਹਾ ਜਾਂਦਾ ਹੈ। ਉਹ ਸੰਸਾਰ ਭਰ ਵਿੱਚ 'ਗਿਆਨ ਦਾ ਪ੍ਰਤੀਕ' ਹਨ। ਉਹ ਦੇਸ਼ ਦੇ ਕਰੋੜਾਂ ਮੂਲਨਿਵਾਸੀਆਂ ਅਤੇ ਭਾਰਤੀ ਔਰਤਾਂ ਦੇ 'ਮੁਕਤੀ ਦਾਤਾ' ਹਨ।
ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੀ ਤਸਵੀਰ ਪੰਜਾਬ ਸਰਕਾਰ ਦੇ ਹਰੇਕ ਦਫਤਰ ਵਿਚ ਲਗਵਾਉਣ ਲਈ ਜੋ ਪਹਿਲ ਕਦਮੀ ਕੀਤੀ ਹੈ, ਦੇ ਸਦਕਾ ਸੁੱਤੇ ਲੋਕਾਂ ਨੂੰ ਜਾਗ ਆਵੇਗੀ ਅਤੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ 'ਡਾ ਅੰਬੇਦਕਰ ਸੰਸਾਰ ਵਿੱਚ ਗਿਆਨ ਦਾ ਪ੍ਰਤੀਕ ਹਨ।'
ਕੰਲੋਬੀਆ ਸਰਕਾਰ ਵੀ ਵਧਾਈ ਦੀ ਪਾਤਰ ਹੈ, ਜਿਸ ਨੇ ਡਾ:ਅੰਬੇਦਕਰ ਦਾ ਜਨਮ ਦਿਹਾੜਾ ਮਨਾਉਣ ਲਈ ਅਪ੍ਰੈਲ ਮਹੀਨਾ ਨੂੰ ' ਦਲਿਤ ਮਹੀਨਾ' ਦੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਹੈ।
ਸੁਖਦੇਵ ਸਲੇਮਪੁਰੀ
09780620233
14 ਅਪ੍ਰੈਲ, 2022

"ਸਤਿਕਾਰਿਤ ਪੰਜਾਬੀਓ ਬਹੁਤ ਦੇਰ ਲੱਗੇਗੀ ਪੰਜਾਬ ਨੂੰ ਸੁਧਾਰਨ ਲਈ" ✍️  ਜਸਵੀਰ ਸ਼ਰਮਾਂ ਦੱਦਾਹੂਰ

"ਸਤਿਕਾਰਿਤ ਪੰਜਾਬੀਓ ਬਹੁਤ ਦੇਰ ਲੱਗੇਗੀ ਪੰਜਾਬ ਨੂੰ ਸੁਧਾਰਨ ਲਈ"

ਆਮ ਆਦਮੀ ਪਾਰਟੀ ਵੱਲੋਂ ਖੋਲੀਆਂ ਜਾ ਰਹੀਆਂ ਨੇ ਹੌਲੀ ਹੌਲੀ ਪਰਤਾਂ

 

ਜੇਕਰ ਪਿਛਲੇ ਸੱਤਰ ਪਝੱਤਰ ਸਾਲਾਂ ਦੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਓਨਾਂ ਦੇ ਕਾਰਜ ਕਾਲ ਦੌਰਾਨ ਜੇਕਰ ਕੁੱਝ ਨਾ ਕੁੱਝ ਸੂਬਿਆਂ ਅਤੇ ਦੇਸ਼ ਵਿੱਚ ਵਧੀਆ ਕਾਰਜ ਹੋਏ ਹੋਣਗੇ,ਪਰ ਇਸ ਦੇ ਇਵਜ਼ ਵਿੱਚ ਦੇਸ਼ ਸੂਬਿਆਂ ਅਤੇ ਖਾਸ ਕਰਕੇ ਆਮ ਲੋਕਾਂ ਲਈ ਅਤਿਅੰਤ ਘਿਨਾਉਣੇ ਕਾਰਜਾਂ ਦੀ ਸੂਚੀ ਵੀ ਬਹੁਤ ਲੰਬੀ ਹੈ।ਕਿਸ ਤਰ੍ਹਾਂ ਪੰਜਾਬ ਸੂਬੇ ਦੀਆਂ ਸਾਰੀਆਂ ਹੀ ਹੁਣ ਤੱਕ ਆਈਆਂ ਸਰਕਾਰਾਂ ਨੇ ਆਮ ਪਬਲਿਕ ਨੂੰ ਬਹੁਤ ਹੀ ਬੁਰੀ ਤਰ੍ਹਾਂ ਲੁੱਟਿਆ ਕੁੱਟਿਆ ਅਤੇ ਜਲੀਲ ਕੀਤਾ ਹੈ। ਸਰਕਾਰੀ ਹਰ ਅਦਾਰੇ ਵਿੱਚ ਲੁੱਟ ਘਸੁੱਟ, ਰਿਸ਼ਵਤਖੋਰੀ ਬੇਈਮਾਨੀ ਚਹੇਤਿਆਂ ਨੂੰ ਪਹਿਲ ਦੇਣੀ, ਧਾਂਦਲੀਆਂ ਦਾ ਜੋਰ ਹੁਣ ਤੱਕ ਪੂਰੀ ਚਰਮ ਸੀਮਾ ਤੇ ਰਿਹਾ ਹੈ,ਜਿਸ ਨੂੰ ਹਰ ਪੰਜਾਬੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਆਪਣੇ ਹੱਡਾਂ ਤੇ ਹੰਢਾ ਰਿਹਾ ਹੈ। ਜਿਥੇ ਨਸ਼ਿਆਂ ਨੇ ਜਵਾਨੀ ਦਾ ਘਾਣ ਕੀਤਾ ਹੈ, ਓਥੇ ਜਵਾਨੀ ਦਾ ਬਾਹਰ ਜਾਣ ਦੇ ਰੁਝਾਨ ਵਿਚ ਵੀ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਹੀ ਜ਼ਿੰਮੇਵਾਰ ਹਨ।ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਨਸ਼ਿਆਂ ਦੀ ਤਸੱਕਰੀ ਵੀ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੀ ਸੰਭਵ ਹੁੰਦੀ ਹੈ,ਜਿਸ ਦੇ ਸਮੇਂ ਸਮੇਂ ਤੇ ਠੋਸ ਸਬੂਤ ਵੀ ਮਿਲਦੇ ਰਹੇ ਹਨ,ਓਹ ਗੱਲ ਅਲੈਹਿਦਾ ਹੈ ਕਿ ਸਿਆਸਤ ਭਾਰੂ ਕਰਕੇ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਜੇਕਰ ਆਪਾਂ ਪੰਜਾਬ ਸੂਬੇ ਦੀ ਹੀ ਗੱਲ ਕਰੀਏ ਤਾਂ ਇਥੇ ਖਾਸ ਕਰਕੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ, ਅਮੀਰਾਂ ਲਈ ਕਾਨੂੰਨ ਕੁੱਝ ਹੋਰ ਤੇ ਗਰੀਬਾਂ ਲਈ ਕੁੱਝ ਹੋਰ।ਇਸ ਦਾ ਸੰਤਾਪ ਦਾਸ ਵੀ ਹੰਢਾ ਚੁੱਕਾ ਹੈ।ਆਮ ਜਨਤਾ ਇਨ੍ਹਾਂ ਉਪਰੋਕਤ ਗੱਲਾਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੀ ਕਰਕੇ ਹੀ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਇਸ ਵਾਰ ਭਾਵ ਵਿਧਾਨ ਸਭਾ ਦੀਆਂ ਦੋ ਹਜ਼ਾਰ ਬਾਈ ਦੀਆਂ ਚੋਣਾਂ ਵਿੱਚ ਬਾਹਰ ਦਾ ਰਸਤਾ ਵਿਖਾਇਆ ਹੈ।ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ ਅਤੇ ਆਈ ਵੀ ਬੜੇ ਧੜੱਲੇ ਨਾਲ ਹੈ, ਇਤਹਾਸਕ ਜਿੱਤ ਦਰਜ ਕਰਵਾਈ ਹੈ ਲੋਕਾਂ ਨੇ ਇਸ ਨਵੀਂ ਪਾਰਟੀ ਨੂੰ ਤੇ ਇਸ ਤੋਂ ਲੋਕਾ ਨੂੰ ਬਹੁਤ ਆਸਾਂ ਵੀ ਹਨ ਤੇ ਇਨ੍ਹਾਂ ਨੇ ਲੋਕ ਭਲਾਈ ਦੇ ਕਾਰਜ ਕਰਨੇ ਸ਼ੁਰੂ ਕੀਤੇ ਕਰਕੇ ਹੀ ਰਵਾਇਤੀ ਪਾਰਟੀਆਂ ਨੂੰ ਢਿੱਡ ਪੀੜਾਂ ਕੁੱਝ ਜ਼ਿਆਦਾ ਹੀ ਲੱਗ ਗਈਆਂ ਹਨ। ਜਿਹੜੇ ਮੁੱਦੇ ਇਨਾਂ ਰਵਾਇਤੀ ਪਾਰਟੀਆਂ ਦੇ ਆਪਦੇ ਰਾਜ ਦੌਰਾਨ ਜਿਉਂ ਦੇ ਤਿਉਂ ਖੜ੍ਹੇ ਸਨ ਹੁਣ ਇਨ੍ਹਾਂ ਨੂੰ ਕੁੱਝ ਜ਼ਿਆਦਾ ਹੀ ਦਿੱਸਣ ਲੱਗ ਪਏ ਹਨ।

       ਕਿਤੇ ਪੱਗ ਦੀ ਗੱਲ ਹੁੰਦੀ ਹੈ, ਕਿਤੇ ਪੈਂਸਨਾਂ ਕਰਕੇ ਟੈਂਸ਼ਨ ਹੋਈ ਪਈ ਐ ਕਿਤੇ ਐਸ ਵਾਈ ਐਲ ਨਹਿਰ ਦੇ ਮੁੱਦੇ ਦੀ ਗੱਲ ਕਰਦੇ ਨੇ, ਕਿਧਰੇ ਅਮਨ ਅਮਾਨ ਦੀ ਸਥਿਤੀ ਤੇ ਸਵਾਲ ਉਠਾਏ ਜਾਂਦੇ ਹਨ, ਕਿਤੇ ਨਸ਼ਿਆਂ ਦੀ ਗੱਲ ਹੁੰਦੀ ਹੈ, ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਹੋਵੇ,ਕਿ ਇਹ ਮੁੱਦੇ ਤੁਸੀਂ ਆਪੋ ਆਪਣੇ ਰਾਜ ਸਮੇਂ ਕਿਉਂ ਨਹੀਂ ਸੁਧਾਰਨ ਦੀ ਕੋਸ਼ਿਸ਼ ਕੀਤੀ? ਹੁਣ ਜੇਕਰ ਲੋਕਾਂ ਨੂੰ ਇਸ ਆਮ ਆਦਮੀ ਪਾਰਟੀ ਸਰਕਾਰ ਤੋਂ ਕੁੱਝ ਆਸਾਂ ਉਮੀਦਾਂ ਹਨ ਤਾਂ ਢੁੱਚਾਂ ਡਾਹ ਰਹੇ ਹਨ,ਕੰਮ ਹੀ ਨਹੀਂ ਕਰਨ ਦਿੱਤਾ ਜਾਂਦਾ। ਆਖਿਰ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਲਈ ਸਮਾਂ ਤਾਂ ਲੱਗੇਗਾ ਹੀ।

         ਪੰਜਾਬ ਦੇ ਮਸਲਿਆਂ ਦੀ ਗੱਲ ਕਰੀਏ ਤਾਂ ਤਾਣਾ ਪੇਟਾ ਹੀ ਉਲਝਿਆ ਹੋਇਆ ਹੈ, ਗੈਂਗਸਟਰ ਮਾਮਲੇ,ਹਰ ਮਹਿਕਮੇ ਵਿੱਚ ਹੇਰਾਫੇਰੀਆਂ,ਸਰਕਾਰੀ ਕੋਠੀਆਂ ਖਾਲੀ ਕਰਨ ਵਾਲੇ ਸਾਬਕਾ ਮੰਤਰੀਆਂ ਵੱਲੋਂ ਸਮਾਨ ਪੂਰਾ ਨਾ ਦੇਣਾ, ਸਕੂਲਾਂ ਵੱਲੋਂ ਲੁੱਟ ਘਸੁੱਟ, ਅੱਜ ਕੱਲ੍ਹ ਪੀ ਟੀ ਸੀ ਚੈਨਲ ਦਾ ਮਾਮਲਾ ਪੂਰਾ ਸੁਰਖੀਆਂ ਵਿੱਚ ਹੈ, ਹੋਰ ਤਾਂ ਹੋਰ ਮੰਤਰੀਆਂ ਦੇ ਸਰਕਾਰੀ ਡਰਾਈਵਰ ਹੀ ਅੱਡਿਆਂ ਚੋਂ ਆ ਕੇ ਉਗਰਾਹੀ ਕਰ ਜਾਂਦੇ ਹਨ,ਕੀ ਬਣੂੰ ਦੋਸਤੋ ਪੰਜਾਬ ਦਾ, ਜੇਕਰ ਸੱਭ ਕੁੱਝ ਗਿਨਣ ਲੱਗੀਏ ਤਾਂ ਬਹੁਤ ਵੱਡੀ ਲਿਸਟ ਨਾਲ ਲੇਖ ਵੀ ਬਹੁਤ ਵੱਡਾ ਬਣਦਾ ਜਾਵੇਗਾ, ਵੈਸੇ ਜਿਥੇ ਜਿਹੜੇ ਸੂਬੇ ਵਿੱਚ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੋਈ ਕਾਨੂੰਨ ਨਹੀਂ ਇਥੋਂ ਤੱਕ ਕਿ ਜੱਜ ਸਾਹਿਬ ਵੀ ਵਿਕ ਜਾਂਦੇ ਹੋਣ ਓਥੇ ਜਨਤਾ ਨੂੰ ਕਿਵੇਂ ਨਿਆਂ ਮਿਲਣ ਦੀ ਉਮੀਦ ਰੱਖੀ ਜਾ ਸਕਦੀ ਹੈ?

            ਅੱਜ ਅੱਠ ਅਪ੍ਰੈਲ ਨੂੰ  ਦੈਨਿਕ ਭਾਸਕਰ ਹਿੰਦੀ ਅਖ਼ਬਾਰ ਦੀ ਸੁਰਖੀ ਵੇਖ ਕੇ ਤਾਂ ਜਿਵੇਂ ਪੈਰਾਂ ਹੇਠੋਂ ਮਿੱਟੀ ਹੀ ਨਿਕਲ ਗਈ। ਮਾਨਯੋਗ ਜਗਵਿੰਦਰ ਜੀਤ ਸਿੰਘ ਡਵੀਜ਼ਨਲ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਦਫ਼ਤਰ ਜਲੰਧਰ ਵੱਲੋਂ ਪੰਜਾਬ ਦੇ ਸਿਰਫ਼ ਅੱਠ ਜ਼ਿਲ੍ਹਿਆਂ ਦਾ ਖੁੱਲ੍ਹਾ ਚਿੱਠਾ ਧਾਂਦਲੀਆਂ ਦਾ ਛਾਪਿਆ ਹੈ ਜਿਨ੍ਹਾਂ ਵਿੱਚ ਦਸ ਹਜ਼ਾਰ ਪੰਜ ਸੌ ਛਿੱਤਰ ਏਕੜ ਪੰਚਾਇਤੀ ਜ਼ਮੀਨ ਤੇ ਵਿਭਾਗ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਇਸ ਮੇਨ ਪੇਜ ਦੀ ਮੋਟੀ ਸੁਰਖੀ ਤੇ ਕਿਥੇ ਕਿਥੇ ਅਤੇ ਕੀਹਦੀ ਕੀਹਦੀ ਮਿਲੀ ਭੁਗਤ ਨਾਲ ਅਤੇ ਕੀਹਦਾ ਕੀਹਦਾ ਕਬਜ਼ਾ ਹੈ ਬਕਾਇਦਾ ਜਨਤਕ ਤੌਰ ਤੇ ਨੰਗਾ ਕੀਤਾ ਗਿਆ ਹੈ। ਸੋਲਾਂ ਮਹੀਨਿਆਂ ਵਿਚ ਹਰ ਮਹਿਕਮੇ ਨੂੰ ਚੌਵੀ ਪੱਤਰ ਲਿਖੇ ਹੋਏ ਹਨ ਪਰ ਕਾਰਵਾਈ ਕਿਸੇ ਇੱਕ ਤੇ ਵੀ ਨਹੀਂ ਹੋਈ।ਚਾਰ ਮਾਮਲਿਆਂ ਵਿੱਚ ਵੱਡੇ ਵੱਡਿਆਂ ਦੇ ਨਾਮ ਜਿਥੇ ਜਨਤਕ ਕੀਤੇ ਗਏ ਹਨ ਓਥੇ ਕਿਹੜੇ ਸ਼ਹਿਰ ਵਿੱਚ ਕਿੰਨੀ ਜ਼ਮੀਨ ਸਿਆਸੀ ਦਬਾਅ ਕਾਰਨ ਦੱਬੀ ਹੋਈ ਹੈ ਪੂਰਾ ਵੇਰਵਾ ਲਿਖਿਆ ਹੋਇਆ ਹੈ। ਮਾਨਯੋਗ ਡਿਪਟੀ ਡਾਇਰੈਕਟਰ ਸਾਹਿਬ ਨੇ ਅਫ਼ਸਰਸ਼ਾਹੀ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਅਫਸਰਾਂ ਨੂੰ ਜਵਾਬ ਦੇਣਾ ਹੋਵੇਗਾ। ਸ਼ਾਬਾਸ਼ ਦੇਣੀ ਬਣਦੀ ਹੈ ਸਤਿਕਾਰ ਯੋਗ ਡਿਪਟੀ ਡਾਇਰੈਕਟਰ ਸਾਹਿਬ ਜੀ ਨੂੰ।ਕੀ ਪਿਛਲੀਆਂ ਸਰਕਾਰਾਂ ਵੇਲੇ ਓਨਾਂ ਦੀਆਂ ਅੱਖਾਂ ਮੀਚੀਆਂ ਹੋਈਆਂ ਸਨ?ਉਂਝ ਆਪਾਂ ਸਾਰੇ ਕਹਿੰਦੇ ਹਾਂ ਕਿ ਚੰਗੇ ਦਿਨ ਆਉਣ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਚੰਗੇ ਦਿਨ ਆਉਣ ਦੀ ਘੱਟ ਹੀ ਉਮੀਦ ਹੈ, ਹਾਂ ਇਸ ਤੋਂ ਮਾੜੇ ਬੇਸ਼ੱਕ ਆ ਜਾਣ।

            ਵੈਸੇ ਹੀ ਮਹਿੰਗਾਈ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਚੱਲੋ ਓਹ ਤਾਂ ਸੈਂਟਰ ਸਰਕਾਰ ਦੀਆਂ ਪਾਲਸੀਆਂ ਹੋਣਗੀਆਂ,ਪਰ ਜਿਹੜੇ ਪੰਜਾਬ ਵਿੱਚ ਕੁੰਡਲੀਏ ਸੱਪਾਂ ਨੇ ਇਸ ਮਾਇਆ ਰਾਣੀ ਨੂੰ ਆਧਾਰ ਬਣਾ ਕੇ ਉੱਪਰ ਕੁੰਡਲੀ ਮਾਰੀ ਹੋਈ ਹੈ,ਇਸ ਤੋਂ ਨਿਜਾਤ ਦਿਵਾਓ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ।ਤੁਹਾਡੇ ਤੋਂ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡੀਆਂ ਆਸਾਂ ਹਨ।ਇਹ ਸਭਨਾਂ ਨੂੰ ਭਲੀਭਾਂਤ ਪਤਾ ਹੈ ਕਿ ਕੋਈ ਵੀ ਚੀਜ਼ ਦੁਨੀਆਂ ਵਿੱਚ ਸਥਿਰਿ ਰਹਿਣ ਵਾਲੀ ਨਹੀਂ ਹੈ, ਇਸੇ ਤਰ੍ਹਾਂ ਸਰਕਾਰਾਂ ਵੀ ਕਦੇ ਸਥਿਰ ਨਹੀਂ ਰਹਿੰਦੀਆਂ ਇਤਿਹਾਸ ਗਵਾਹ ਹੈ।ਪਰ ਜੋ ਇਨਸਾਨ ਦੁਨੀਆਂ ਵਿੱਚ ਚੰਗੇ ਕਾਰਜ,ਭਾਵ ਲੋਕਾਈ ਦੀ ਭਲਾਈ ਲਈ ਕਰ ਜਾਂਦੇ ਨੇ ਓਨਾਂ ਦੀਆਂ ਯਾਦਾਂ ਹਰ ਸਮੇਂ ਲੋਕਾਂ ਦੇ ਦਿਲਾਂ ਵਿੱਚ ਰਹਿੰਦੀਆਂ ਹਨ।ਇੱਕੋ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਵੇਂ ਕੋਈ ਕਰੋੜ ਪਤੀ ਹੈ, ਭਾਵੇਂ ਅਰਬ ਚਾਹੇ ਖਰਬ ਪਤੀ ਹੋਣ ਇੱਕ ਵਾਰ ਸਭਨਾਂ ਨੂੰ ਟੰਗ ਦਿਓ,ਇਹੀ ਸਮੁੱਚੇ ਪੰਜਾਬੀ ਭਾਈਚਾਰੇ ਦੀ ਤੁਹਾਥੋਂ ਮੰਗ ਹੈ। ਇਨ੍ਹਾਂ ਲੋਕਾਂ ਨੂੰ ਇਹ ਜ਼ਰੂਰ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਲੋਕ ਸੁੱਤੇ ਨਹੀਂ ਜਾਗ ਉੱਠੇ ਹਨ ਅਤੇ ਤੁਹਾਡੀਆਂ ਚੌਧਰਾਂ ਨੂੰ ਮਿੱਟੀ ਵਿੱਚ ਮਿਲਾ ਕੇ ਹੀ ਦਮ ਲੈਣਗੇ। ਤਾਂ ਹੀ ਕਿਤੇ ਪੰਜਾਬ ਵਾਸੀ ਰੱਜਵੀਂ ਰੋਟੀ ਖਾ ਸਕਣਗੇ।ਮਾਨ ਸਾਹਿਬ ਰਮਤੇ ਰਮਤੇ ਚਲੋ ਪਰ ਚਲਦੇ ਜਾਓ,ਬੜੇ ਰੋੜੇ ਆਉਣਗੇ ਅਤੇ ਸਿਆਸੀ ਵਿਰੋਧੀ ਧਿਰਾਂ ਰੋੜੇ ਖਿਲਾਰਨਗੀਆਂ ਵੀ ਬਹੁਤ,ਪਰ ਪਰਵਾਹ ਨਾ ਕਰਿਓ ਇਸ ਸਮੇਂ ਸਾਰਾ ਪੰਜਾਬ ਇੱਕ ਪਰਿਵਾਰ ਦੀ ਤਰ੍ਹਾਂ ਤੁਹਾਡੇ ਨਾਲ ਖੜਾ ਹੈ, ਹਾਂ ਇੱਕ ਗੱਲ ਕਿਤੇ ਕੋਈ ਨਜਾਇਜ਼ ਹੀ ਨਾ ਰਗੜਿਆ ਜਾਵੇ, ਵੈਸੇ ਤੁਸੀਂ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਹੋਂ, ਵਾਹਿਗੁਰੂ ਤੁਹਾਨੂੰ ਬਲ ਬਖ਼ਸ਼ੇ, ਤੁਸੀਂ ਆਪਣੇ ਕੀਤੇ ਵਾਅਦਿਆਂ ਨੂੰ ਬਾਖੂਬੀ ਪੂਰੇ ਕਰ ਸਕੋਂ, ਚੱਲਣਾ ਠਰੰਮ੍ਹੇ ਸੰਜਮ ਸਹਿਣਸ਼ੀਲਤਾ ਨਾਲ ਹੀ, ਵਿਰੋਧੀਆਂ ਨੂੰ ਭਰੋਸੇ ਵਿੱਚ ਲੈਣ ਲਈ ਵੀ ਪੂਰਾ ਤਾਣ ਲਾਉਣਾ ਹੈ,ਇਸ ਵਿੱਚ ਜਿਥੇ ਆਮ ਆਦਮੀ ਪਾਰਟੀ ਦੀ ਭਲਾਈ ਹੈ ਓਥੇ ਸਮੁੱਚੇ ਪੰਜਾਬ ਵਾਸੀਆਂ ਦਾ ਵੀ ਭਲਾ ਹੀ ਹੋਵੇਗਾ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

“ਭਾਰਤ ਰਤਨ ਬਾਬਾ ਸਾਹਿਬ” ਡਾਕਟਰ ਭੀਮ ਰਾਓ ਅੰਬੇਦਕਰ ✍️  ਪ੍ਰੋ.ਗਗਨਦੀਪ ਕੌਰ ਧਾਲੀਵਾਲ ਕੁਰੜ ਬਰਨਾਲਾ

“ਭਾਰਤ ਰਤਨ ਬਾਬਾ ਸਾਹਿਬ” ਭਾਰਤੀ ਸੰਵਿਧਾਨ ਦੇ ਪਿਤਾ ਦਲਿਤ ਨੇਤਾ,ਕਾਨੂੰਨ ਮੰਤਰੀ ——ਡਾਕਟਰ ਭੀਮ ਰਾਓ ਅੰਬੇਦਕਰ (14 ਅਪ੍ਰੈਲ 1891 - 6 ਦਸੰਬਰ 1956)
ਡਾ. ਭੀਮ ਰਾਓ ਅੰਬੇਦਕਰ ਭਾਰਤ ਰਤਨ ਬਾਬਾ ਸਾਹਿਬ ਇਕ ਸਮਾਜ ਸੁਧਾਰਕ, ਦਲਿਤ ਰਾਜ ਨੇਤਾ ਹੋਣ ਦੇ ਨਾਲ ਵਿਸ਼ਵ ਪੱਧਰੀ ਕਾਨੂੰਨੀ ਮਾਹਿਰ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ। ਇਸ ਤੋਂ ਇਲਾਵਾ ਅਰਥ-ਸ਼ਾਸ਼ਤਰੀ,ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸੀ ਜਿਸ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ ( ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਪਿੰਡ 'ਚ ਇਕ ਗਰੀਬ ਪਰਿਵਾਰ 'ਚ ਹੋਇਆ ਸੀ। ਉਹ ਆਪਣੇ ਮਾਂ-ਬਾਪ ਦੀ 14ਵੀਂ ਸੰਤਾਨ ਸਨ। ਉਨ੍ਹਾਂ ਦਾ ਪਰਿਵਾਰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ 'ਚ ਸਥਿਤ ਅੰਬਾਵਡੇ ਨਗਰ ਨਾਲ ਸਬੰਧਿਤ ਸੀ। ਉਨ੍ਹਾਂ ਦੇ ਬਚਪਨ ਦਾ ਨਾਂ ਰਾਮਜੀ ਸਕਪਾਲ ਸੀ। ਉਹ ਹਿੰਦੂ ਮਹਾਰ ਜਾਤੀ ਦੇ ਸਨ ਜੋ 'ਅਛੂਤ' ਕਹੇ ਜਾਂਦੇ ਸਨ। ਉਨ੍ਹਾਂ ਦੀ ਜਾਤੀ ਨਾਲ ਸਮਾਜਿਕ ਅਤੇ ਆਰਥਿਕ ਰੂਪ ਤੋਂ ਡੂੰਘਾ ਭੇਦਭਾਵ ਕੀਤਾ ਜਾਂਦਾ ਸੀ। ਇਕ ਅਛੂਤ ਪਰਿਵਾਰ 'ਚ ਜਨਮ ਲੈਣ ਕਾਰਨ ਉਨ੍ਹਾਂ ਨੂੰ ਬਚਪਨ 'ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਿਆ। ਉਹ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਅਤੇ ਨਿਆਂ ਮੰਤਰੀ ਭਾਰਤੀ ਸੰਵਿਧਾਨ ਦਾ ਨਿਰਮਾਤਾ ਅਤੇ ਭਾਰਤ ਗਣਤੰਤਰ ਦਾ ਮੋਢੀ ਪਿਤਾ ਸੀ। ਭਾਰਤ ਅਤੇ ਹੋਰ ਕਿਤੇ, ਉਸਨੁੰ ਅਕਸਰ ਬਾਬਾ ਸਾਹਿਬ ਮਰਾਠੀ ਅਤੇ ਹਿੰਦੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ। ਸੰਨ 1906 'ਚ ਜਦੋਂ ਉਹ 15 ਸਾਲਾਂ ਦੇ ਸਨ, ਉਨ੍ਹਾਂ ਦਾ ਵਿਆਹ ਰਮਾਬਾਈ ਨਾਲ ਕਰ ਦਿੱਤਾ ਗਿਆ, ਜਿੰਨਾਂ ਦੀ ਉਮਰ ਉਦੋ 9 ਸਾਲਾਂ ਦੀ ਸੀ ।
1907 ਵਿਚ, ਉਸਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ । 1912 ਤੱਕ, ਉਸਨੇ ਬੰਬਈ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਆਪਣੀ ਡਿਗਰੀ ਪ੍ਰਾਪਤ ਕੀਤੀ। 1915 'ਚ ਉਨ੍ਹਾਂ ਨੇ ਇਕਨਾਮਿਕਸ, ਸਮਾਜ ਸ਼ਾਸਤਰ, ਫਿਲਾਸਫੀ ਅਤੇ ਮਾਨਵ ਸ਼ਾਸਤਰ ਦੀ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਆਪਣਾ ਪਹਿਲਾਂ ਥੀਸਸ Ancient Indian Commerce ਪੂਰਾ ਕੀਤਾ। 1916 'ਚ ਦੂਜਾ ਥੀਸਸ National Dividend of India ਪੂਰਾ ਕੀਤਾ ਅਤੇ ਇਕਨਾਮਿਕਸ 'ਚ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ। ਉਹਨਾ ਨੇ 1920 ਵਿਚ, ਉਹਨਾ ਨੇ ਕੋਲਹਪੁਰ ਦੇ ਸ਼ਾਹੂ ,ਸ਼ਾਹੂ ਚੌਥੇ , ਦੀ ਸਹਾਇਤਾ ਨਾਲ ਮੁੰਬਈ ਵਿਚ ਹਫ਼ਤਾਵਾਰੀ ਮੂਕਨਾਇਕ ਦਾ ਪ੍ਰਕਾਸ਼ਨ ਸ਼ੁਰੂ ਕੀਤਾ। 1921 'ਚ ਉਨ੍ਹਾਂ ਨੇ ਐੱਮ. ਐੱਸ. ਸੀ. ਅਤੇ 1922 'ਚ ਬੈਰਿਸਟਰ-ਐਟ-ਲਾਅ ਦੀ ਡਿਗਰੀ ਹਾਸਲ ਕੀਤੀ। 1923 'ਚ ਉਨ੍ਹਾਂ ਨੇ ਥੀਸਸ The Problem of the Rupee : its origin and its solution ਪੂਰਾ ਕੀਤਾ ਅਗਲੇ ਸਾਲ ਉਹ ਐੱਲਫਿੰਸਟਨ ਕਾਲਜ ਵਿਚ ਦਾਖਲ ਹੋ ਗਿਆ।ਆਪਣੀ ਪੁਸਤਕ 'ਦਿ ਬੁੱਧਾ ਐਂਡ ਹਿਸ ਧਾਮਾ' ਵਿੱਚ, ਜਦੋਂ ਉਸਨੇ ਆਪਣੀ ਅੰਗਰੇਜ਼ੀ ਚੌਥੀ ਮਿਆਦ ਦੀ ਪ੍ਰੀਖਿਆ ਪਾਸ ਕੀਤੀ, ਤਾਂ ਉਸ ਦੇ ਭਾਈਚਾਰੇ ਦੇ ਲੋਕ ਜਸ਼ਨ ਮਨਾਉਣ ਚਾਹੁੰਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਉਹ "ਮਹਾਨ ਉਚਾਈਆਂ" ਤੇ ਪਹੁੰਚ ਚੁੱਕੇ ਹਨ । ਬੰਬਈ ਹਾਈ ਕੋਰਟ ਵਿਚ ਕਾਨੂੰਨ ਦਾ ਅਭਿਆਸ ਕਰਦੇ ਸਮੇਂ, ਉਹਨਾਂ ਨੇ ਅਛੂਤਾਂ ਨੂੰ ਸਿੱਖਿਆ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ। ਉਹਨਾ ਦਾ ਪਹਿਲਾ ਸੰਗਠਿਤ ਯਤਨ ਕੇਂਦਰੀ ਸੰਸਥਾ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦੀ ਸਥਾਪਨਾ ਕਰਨਾ ਸੀ, ਜਿਸਦਾ ਮਕਸਦ ਸਿੱਖਿਆ ਅਤੇ ਸਮਾਜਿਕ-ਆਰਥਿਕ ਸੁਧਾਰ ਨੂੰ ਉਤਸ਼ਾਹਿਤ ਕਰਨਾ ਸੀ, ਅਤੇ ਨਾਲ ਹੀ "ਦਲਿਤਾਂ ਦੀ ਭਲਾਈ" ਕਰਨਾ ਸੀ।ਦਲਿਤ ਹੱਕਾਂ ਦੀ ਰੱਖਿਆ ਲਈ ਉਹਨਾਂ ਨੇ ਪੰਜ ਅਖਬਾਰਾਂ- ਮੂਕਨਾਕ (1920), ਬਹਿਸ਼ੀਕ੍ਰਿਤ ਭਾਰਤ (1924), ਸਮਤਾ (1928), ਜਨਤਾ (1930) ਅਤੇ ਪ੍ਰਬੁੱਧਾ ਭਾਰਤ (1956) ਦੀ ਸ਼ੁਰੂਆਤ ਕੀਤੀ।1927 ਦੇ ਅਖੀਰ ਵਿੱਚ ਇੱਕ ਸੰਮੇਲਨ ਵਿੱਚ ਅੰਬੇਦਕਰ ਨੇ ਜਾਤੀਗਤ ਭੇਦਭਾਵ ਅਤੇ "ਛੂਤ-ਛਾਤ" ਲਈ ਵਿਚਾਰਧਾਰਾ ਨੂੰ ਸਹੀ ਠਹਿਰਾਉਣ ਲਈ, ਕਲਾਸਿਕ ਹਿੰਦੂ ਪਾਠ, (ਮੰਨੂੰ ਸਮ੍ਰਿਤੀ -ਮਨੂ ਦੇ ਨਿਯਮ) ਨੂੰ ਜਨਤਕ ਤੌਰ ਤੇ ਨਿੰਦਾ ਕੀਤੀ, ਅਤੇ ਉਸਨੇ ਰਸਮੀ ਰੂਪ ਵਿੱਚ ਪ੍ਰਾਚੀਨ ਲਿਖਤ ਦੀਆਂ ਕਾਪੀਆਂ ਸਾੜ ਦਿੱਤੀਆਂ। 25 ਦਸੰਬਰ 1927 ਨੂੰ, ਉਸਨੇ ਮੰਨੂੰ ਸਮ੍ਰਿਤੀ ਦੀਆਂ ਕਾਪੀਆਂ ਸਾੜਨ ਲਈ ਹਜ਼ਾਰਾਂ ਪੈਰੋਕਾਰਾਂ ਦੀ ਅਗਵਾਈ ਕੀਤੀ।ਇਸ ਤਰ੍ਹਾਂ ਹਰ ਸਾਲ 25 ਦਸੰਬਰ ਨੂੰ ਮੰਨੂੰ ਸਿਮ੍ਰਤੀ ਦਹਿਨ ਦਿਵਸ (ਮਨੂਸਮ੍ਰਿਤੀ ਬਰਨਿੰਗ ਡੇ) ਦੇ ਤੌਰ ਤੇ ਅੰਬੇਦਕਰਿਤਾਂ ਅਤੇ ਦਲਿਤਾਂ ਦੁਆਰਾ ਮਨਾਇਆ ਜਾਂਦਾ ਹੈ।
1930 ਵਿਚ ਅੰਬੇਦਕਰ ਨੇ ਤਿੰਨ ਮਹੀਨਿਆਂ ਦੀ ਤਿਆਰੀ ਪਿੱਛੋਂ ਕਾਲਰਾਮ ਮੰਦਿਰ ਅੰਦੋਲਨ ਸ਼ੁਰੂ ਕੀਤਾ।1932 ਵਿੱਚ ਕਮਿਊਨਲ ਐਵਾਰਡ ਵਿਚ "ਦਬੇ ਵਰਗਾਂ" ਲਈ ਇਕ ਵੱਖਰੇ ਚੋਣ ਹਲਕੇ ਦੀ ਸਥਾਪਨਾ ਦਾ ਐਲਾਨ ਕੀਤਾ। ਜਲਦ ਹੀ, ਕਾਂਗਰਸ ਦੇ ਸਿਆਸਤਦਾਨਾਂ ਜਿਵੇਂ ਕਿ ਮਦਨ ਮੋਹਨ ਮਾਲਵੀਆ,ਪਾਲਵਣਕਰ ਬਾਲੂ ਨੇ ਯਰਵਾੜਾ ਵਿਖੇ ਅੰਬੇਦਕਰ ਅਤੇ ਉਸਦੇ ਸਮਰਥਕਾਂ ਨਾਲ ਸਾਂਝੀ ਮੀਟਿੰਗ ਕੀਤੀ।25 ਸਤੰਬਰ 1932 ਨੂੰ, ਪੂਨਾ ਪੈਕਟ ਨਾਮ ਦੇ ਸਮਝੌਤੇ ਤੇ ਅੰਬੇਦਕਰ (ਹਿੰਦੂਆਂ ਵਿੱਚ ਦੱਬੇ ਕੁਚਲੇ ਲੋਕਾਂ ਵੱਲੋਂ) ਅਤੇ ਮਦਨ ਮੋਹਨ ਮਾਲਵੀਆ (ਦੂਜੇ ਹਿੰਦੂਆਂ ਵੱਲੋਂ) ਵਿਚਕਾਰ ਹਸਤਾਖਰ ਕੀਤੇ ਗਏ ਸਨ। 29 ਅਗਸਤ ਨੂੰ, ਉਹਨਾਂ ਨੂੰ ਸੰਵਿਧਾਨ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਭਾਰਤ ਦਾ ਨਵਾਂ ਸੰਵਿਧਾਨ ਲਿਖਣ ਲਈ ਸੰਵਿਧਾਨ ਸਭਾ ਦੁਆਰਾ ਨਿਯੁਕਤ ਕੀਤਾ ਗਿਆ।
ਅੰਬੇਡਕਰ ਇੱਕ ਬੁੱਧੀਮਾਨ ਸੰਵਿਧਾਨਕ ਮਾਹਰ ਸੀ, ਜਿਸ ਨੇ 60 ਦੇਸ਼ਾਂ ਦੇ ਸੰਵਿਧਾਨ ਦੀ ਪੜ੍ਹਾਈ ਕੀਤੀ ਸੀ। ਅੰਬੇਦਕਰ ਨੂੰ "ਭਾਰਤ ਦੇ ਸੰਵਿਧਾਨ ਦਾ ਪਿਤਾ" ਮੰਨਿਆ ਗਿਆ ਹੈ।ਸੰਵਿਧਾਨ ਸਭਾ ਵਿੱਚ, ਡਰਾਫਟ ਕਮੇਟੀ ਦੇ ਇੱਕ ਮੈਂਬਰ, ਟੀ.ਟੀ. ਕ੍ਰਿਸ਼ਮਾਚਾਰੀ ਨੇ ਕਿਹਾ,"ਅੰਤ ਵਿੱਚ ਸੰਵਿਧਾਨ ਖਰੜੇ ਦਾ ਭਾਰ ਡਾ. ਅੰਬੇਦਕਰ ਉੱਤੇ ਆ ਗਿਆ ਅਤੇ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸਨੇ ਇਸ ਕਾਰਜ ਨੂੰ ਅਜਿਹੇ ਤਰੀਕੇ ਨਾਲ ਪੂਰਾ ਕੀਤਾ ਜੋ ਕਿ ਬਿਨਾਂ ਸ਼ੱਕ ਸ਼ਲਾਘਾਯੋਗ ਹੈ ਅਸੀਂ ਉਸ ਲਈ ਧੰਨਵਾਦੀ ਹਾਂ। ਨਾਸਿਕ ਵਿਖੇ 13 ਅਕਤੂਬਰ 1935 ਨੂੰ ਰੈਲੀ ਨੂੰ ਸੰਬੋਧਨ ਕੀਤਾ।
1936 ਵਿੱਚ ਅਜ਼ਾਦ ਲੇਬਰ ਪਾਰਟੀ ਦਾ ਨਿਰਮਾਣ ਹੋਇਆ। ਉਨਾਂ ਲੇਬਰ ਮਨਿਸਟਰ ਦੇ ਤੌਰ ਤੇ ਕੰਮ ਵੀ ਕੀਤਾ। ਫਿਰ 1939 ਈ. ਤੋਂ 1945 ਈ. ਦੇ ਕਾਰਜਕਾਲ ਦੌਰਾਨ ਕਈ ਕਿਤਾਬਾਂ ਦਾ ਪ੍ਰਕਾਸ਼ਨ ਵੀ ਕੀਤਾ। 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ। ਸਰਕਾਰ ਵਿੱਚ ਆਪ ਨੇ ਲਾਅ ਮਨਿਸਟਰ ਦਾ ਆਹੁਦਾ ਸੰਭਾਲਿਆ। 29 ਅਗਸਤ ਨੂੰ ਬਾਬਾ ਸਾਹਿਬ ਨੂੰ ਸੰਵਿਧਾਨਿਕ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਭਾਰਤੀ ਸੰਵਿਧਾਨ ਦਾ ਨਿਰਮਾਣ ਵੀ ਬਾਬਾ ਸਾਹਿਬ ਨੇ ਹੀ ਕੀਤਾ।
ਡਾ. ਅੰਬੇਡਕਰ ਨੇ ਕਿਹਾ, ''ਮੈਂ ਮਹਿਸੂਸ ਕਰਦਾ ਹਾਂ ਕਿ ਸੰਵਿਧਾਨ ਆਦਰਸ਼, ਲਚਕੀਲਾ ਹੈ ਪਰ ਨਾਲ ਹੀ ਇਹ ਇੰਨਾ ਮਜ਼ਬੂਤ ਹੈ ਕਿ ਦੇਸ਼ ਨੂੰ ਸ਼ਾਂਤੀ ਅਤੇ ਜੰਗ ਦੋਹਾਂ ਸਮੇਂ ਜੋੜ ਕੇ ਰੱਖ ਸਕੇ। ਅਸਲ 'ਚ ਮੈਂ ਕਹਿ ਸਕਦਾ ਹਾਂ ਕਿ ਜੇਕਰ ਕਦੇ ਕੁਝ ਗਲਤ ਹੋਇਆ ਤਾਂ ਇਸ ਦਾ ਕਾਰਨ ਇਹ ਨਹੀਂ ਹੋਵੇਗਾ ਕਿ ਸਾਡਾ ਸੰਵਿਧਾਨ ਖਰਾਬ ਸੀ ਬਲਕਿ ਇਸ ਦਾ ਇਸਤੇਮਾਲ ਕਰਨ ਵਾਲਾ ਮਨੁੱਖ ਵੀ ਗਲਤ ਸੀ।''
ਫਿਰ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਵਿਧਾਨ ਸਭਾ ਵਲੋਂ ਅਪਣਾ ਲਿਆ ਗਿਆ।ਬਾਬਾ ਸਾਹਿਬ ਅੰਬੇਦਕਰ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਵਿੱਚੋਂ ਅਰਥ ਸ਼ਾਸਤਰ ਵਿਚ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿਚ ਖੋਜ ਲਈ ਇਕ ਵਿਦਵਾਨ ਦੇ ਰੂਪ ਵਿਚ ਪ੍ਰਸਿੱਧੀ ਹਾਸਲ ਕੀਤੀ ਸੀ। ਆਪਣੇ ਸ਼ੁਰੂਆਤੀ ਕਰੀਅਰ ਵਿੱਚ, ਉਹ ਇੱਕ ਅਰਥ-ਸ਼ਾਸਤਰੀ, ਪ੍ਰੋਫੈਸਰ ਅਤੇ ਵਕੀਲ ਸਨ। 1955 'ਚ ਉਨ੍ਹਾਂ ਨੇ ਭਾਰਤੀ ਬੋਧ ਮਹਾਸਭਾ ਦੀ ਸਥਾਪਨਾ ਕੀਤੀ। 14 ਅਕਤੂਬਰ, 1956 ਨੂੰ ਨਾਗਪੁਰ 'ਚ ਅੰਬੇਡਕਰ ਨੇ ਆਪਣੇ ਲੱਖਾਂ ਪੈਰੋਕਾਰਾਂ ਨਾਲ ਜਨਤਕ ਸਮਾਰੋਹ 'ਚ ਇਕ ਬੋਧ ਭਿਕਸ਼ੂ ਤੋਂ ਬੁੱਧ ਧਰਮ ਦੀ ਦੀਕਸ਼ਾ ਲਈ।
1956 ਵਿਚ, ਓਹਨਾਂ ਨੇ ਧੱਮਾ ਕ੍ਰਾਂਤੀ ਦੀ ਸ਼ੁਰੂਆਤ ਕਰਦੇ ਹੋਏ ਬੁੱਧ ਧਰਮ ਧਾਰਨ ਕਰ ਲਿਆ। ਓਹਨਾਂ ਦੇ ਨਾਲ ਲੱਖਾਂ ਦੀ ਤਾਦਾਦ ਵਿੱਚ ਬਹੁਜਨ ਨੇ ਬੁੱਧ ਧਰਮ ਸਵੀਕਾਰ ਕੀਤਾ।
ਉਸ ਸਮੇਂ ਅੰਬੇਦਕਰ ਨੇ 22 ਚੁੱਕੀਆਂ ਸਨ, ਜਿਹੜੀਆਂ ਉਨ੍ਹਾਂ ਨੇ ਬੁੱਧ ਧਰਮ ਧਾਰਣ ਕਰਨ ਸਮੇਂ 15 ਅਕਤੂਬਰ 1956 ਨੂੰ ਆਪਣੇ ਮੰਨਣ ਵਾਲਿਆਂ ਲਈ ਨਿਰਧਾਰਿਤ ਕੀਤੀਆਂ ਸਨ । ਡਾ.ਜੀ ਡਾਇਬਟੀਜ਼ ਦੇ ਰੋਗ ਤੋਂ ਪੀੜਤ ਸਨ। ਫਿਰ 6 ਦਸੰਬਰ 1956 ਨੂੰ ਆਪਣੇ ਦਿੱਲੀ ਵਾਲੇ ਨਿਵਾਸ ਸਥਾਨ ਤੇ ਉਨਾਂ ਦਾ ਸਵਰਗਵਾਸ ਹੋ ਗਿਆ। ਉਨਾਂ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ ਉਹ ਨਾ-ਭੁੱਲਣਯੋਗ ਹਨ। ਉਨਾਂ ਨੇ ਆਪਣਾ ਸਾਰਾ ਜੀਵਨ ਸਮਾਜ ਭਲਾਈ ਦੇ ਲੇਖੇ ਲਾ ਦਿੱਤਾ। ਅੱਜ ਵੀ 14 ਅਪ੍ਰੈਲ ਦਾ ਹਰ ਸਾਲ ਦਾ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ।
1990 ਵਿਚ ਬਾਬਾ ਸਾਹਿਬ ਅੰਬੇਦਕਰ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ‘ਭਾਰਤ ਰਤਨ’ ਦਿੱਤਾ ਗਿਆ। ਜਾਣਕਾਰਾਂ ਦਾ ਮੰਨਣਾ ਹੈ ਕਿ ਡਾ. ਭੀਮ ਰਾਓ ਅੰਬੇਦਕਰ ਕਰੀਬ 9 ਭਾਸ਼ਾਵਾਂ ਦੇ ਮਾਹਿਰ ਅਤੇ 32 ਡਿਗਰੀਆਂ ਹਾਸਲ ਕਰ ਚੁੱਕੇ ਸਨ। ਨੋਬਲ ਪੁਰਸਕਾਰ ਜਿੱਤਣ ਵਾਲੇ ਅਮਿਤ੍ਰਯ ਸੇਨ ਅਰਥ-ਸ਼ਾਸਤਰ 'ਚ ਬਾਬਾ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸਨ। ਬਾਬਾ ਸਾਹਿਬ ਪੇਸ਼ੇ ਤੋਂ ਵਕੀਲ ਤਾਂ ਸਨ ਅਤੇ ਨਾਲ ਹੀ ਉਹ 2 ਸਾਲ ਲਈ ਮੁੰਬਈ ਦੇ ਲਾਅ ਕਾਲਜ ਦੇ ਪ੍ਰਿੰਸੀਪਲ ਅਹੁਦੇ 'ਤੇ ਵੀ ਨਿਯੁਕਤ ਕੀਤੇ ਗਏ ਸਨ। ਅਮਰੀਕਾ ਵਰਗੇ ਦੇਸ਼ 'ਚ ਉਨ੍ਹਾਂ ਬਾਰੇ ਸਕੂਲਾਂ, ਕਾਲਜਾਂ 'ਚ ਜਾਣਕਾਰੀ ਦਿੱਤੀ ਜਾਂਦੀ ਹੈ। ਅੰਬੇਦਕਰ ਦੀ ਵਿਰਾਸਤ ਵਿੱਚ ਪ੍ਰਸਿੱਧ ਸਭਿਆਚਾਰ ਵਿੱਚ ਕਈ ਯਾਦਗਾਰਾਂ ਅਤੇ ਸਮਾਰਕ ਸ਼ਾਮਲ ਹਨ।
ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ ਕੁਰੜ ਬਰਨਾਲਾ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨ ਕਾਲਜ ਬਰੇਟਾ।

ਆਓ ਜਾਣੀਏ ਵਿਸਾਖੀ ਦੇ ਤਿਉਹਾਰ ਦੀ ਬਹੁਪੱਖੀ ਮਹਾਨਤਾ✍️ ਪ੍ਰੋ. ਗਗਨਦੀਪ ਕੌਰ ਧਾਲੀਵਾਲ ਬਰਨਾਲਾ

ਪੰਜਾਬ ਵਿਚ ਬਹੁਤ ਸਾਰੇ ਤਿਉਹਾਰ, ਮੇਲੇ ਮਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿਚੋਂ ਇਕ ਹੈ। ਇਹ 13 ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸਦਾ ਸੰਬੰਧ ਇਤਿਹਾਸਿਕ,ਧਾਰਮਿਕ ,ਸੱਭਿਆਚਾਰਕ ਆਰਥਿਕ ਪੱਖ ਨਾਲ ਹੈ। ਇਸ ਦੀ ਮਹਾਨਤਾ ਬਹੁਪੱਖੀ ਹੈ । ਜੇਕਰ ਪੰਜਾਬੀ ਵਿਰਸੇ ਦੇ ਤਿਉਹਾਰ ਤੇ ਝਾਤ ਮਾਰੀਏ ਤਾਂ ਪੰਜਾਬੀ ਵਿਰਸੇ ਵਿਚ ਵਿਸਾਖੀ ਦਾ ਤਿਉਹਾਰ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਵਿਸਾਖੀ ਦੇਸਾਂ ਵਿਦੇਸ਼ਾਂ ਵਿਚ, ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਅਤੇ ਸਾਰੇ ਪੰਜਾਬ ਵਿਚ ਬਹੁਤ ਲੋਕਪ੍ਰਿਆ ਹੈ। ਬੇਸ਼ੱਕ ਹੋਰ ਕਈ ਤਿਉਹਾਰ ਹਨ ਪਰ ਵਿਸਾਖੀ ਦੀ ਆਪਣੀ ਵੱਖਰੀ ਹੀ ਪਛਾਣ ਹੈ। ਤਿਉਹਾਰ ਕਿਸੇ ਦੇਸ਼ ਜਾਂ ਕੌਮ ਦਾ ਧਾਰਮਿਕ ਜਾਂ ਇਤਿਹਾਸਕ ਵਿਰਸਾ ਹੁੰਦਾ ਹੈ।

ਵਿਸਾਖੀ ਨਾਮ ਵਸਾਖ ਤੋਂ ਬਣਿਆ ਹੈ— ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ।ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ।

ਤਿਉਹਾਰ ਦੇ ਵੱਖ—ਵੱਖ ਨਾਂ-ਕੇਰਲ ਵਿੱਚ ਇਹ ਤਿਉਹਾਰ ਵਿਸ਼ੁ ਕਹਾਂਦਾ ਹੈ। ਇਸ ਦਿਨ ਨਵੇਂ, ਕੱਪੜੇ ਖਰੀਦੇ ਜਾਂਦੇ ਹਨ, ਆਤਿਸ਼ਬਾਜੀ ਹੁੰਦੀ ਹੈ ਅਤੇ ਵਿਸ਼ੁ ਕਾਨੀ ਸਜਾਈ ਜਾਂਦੀ ਹੈ। ਇਸ ਵਿੱਚ ਫੁੱਲ, ਫਲ, ਅਨਾਜ, ਬਸਤਰ, ਸੋਨਾ ਆਦਿ ਸਜਾਏ ਜਾਂਦੇ ਹਨ ਅਤੇ ਸੁਬ੍ਹਾ ਜਲਦੀ ਇਸ ਦੇ ਦਰਸ਼ਨ ਕੀਤੇ ਜਾਂਦੇ ਹੈ। ਇਸ ਦਰਸ਼ਨ ਨਾਲ ਨਵੇਂ ਸਾਲ ਵਿੱਚ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ ਜਾਂਦੀ ਹੈ। ਬੰਗਾਲ ਵਿੱਚ ਇਹ ਤਿਉਹਾਰ ਨਭ ਬਰਸ਼ ਦੇ ਨਾਮ ਨਾਲ ਮਨਾਂਦੇ ਹਨ।

ਸਭਿਆਚਾਰਕ ਮਹੱਤਤਾ —ਇਹ ਤਿਉਹਾਰ ਹਾੜੀ ਦੀ ਫਸਲ (ਭਾਵ ਕਣਕ) ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ’ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਤੇ ਮੇਲੇ ਮਨਾਉਂਦੇ ਹਨ।
ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ।

ਆਰਥਿਕ ਮਹੱਤਤਾ —ਆਰਥਿਕ ਮਹੱਤਤਾ ਆਰਥਿਕ ਪੱਖ ਵਿਚਾਰਿਏ ਤਾਂ ਸਾਡੇ ਜਿਹਨ ਵਿਚ ਸ਼ਰਬਤੀ ਦਾਣਿਆਂ ਨਾਲ ਲੱਦੀਆਂ ਕਣਕਾਂ ਝੂਮਦੀਆਂ ਦਿਸਦੀਆਂ ਹਨ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ। ਮਸ਼ੀਨੀ ਯੁੱਗ ਕਰਕੇ ਕਣਕਾਂ ਦੀ ਕਟਾਈ-ਗਹਾਈ ਸਿਰਫ ਕੁਝ ਦਿਨਾਂ ਵਿਚ ਹੀ ਪੂਰੀ ਹੋ ਜਾਂਦੀ ਹੈ। ਕਈ ਵਾਰ ਕਿਸਾਨ ਆੜ੍ਹਤੀਆਂ ਨਾਲ ਹਿਸਾਬ ਕਰਕੇ ਖਾਲੀ ਪੱਲਾ ਝਾੜਦਾ ਘਰ ਆ ਜਾਂਦਾ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਆਪਣੇ ਬੱਚਿਆਂ ਦਾ ਢਿੱਡ ਵੀ ਨਹੀਂ ਭਰ ਸਕਦਾ। ਕਰਜਾਈ ਹੁੰਦੇ ਦੇ ਵੀ ਪੈਰ ਢੋਲ ਦੇ ਡਗੇ ਤੇ ਥਿਰਕਣ ਲੱਗਦੇ ਹਨ ਅਤੇ ਹਾਣੀਆਂ ਨਾਲ ਭੰਗੜੇ ਅਤੇ ਬੋਲੀਆਂ ਪਾ ਕੇ ਗ਼ਮਾਂ ਨੂੰ ਭੁਲਾਕੇ ਖੁਸ਼ੀਆਂ ਮਨਾਉਣ ਦੀ ਕੋਸ਼ਿਸ਼ ਕਰਦਾ ਹੈ।
ਇਸ ਦਿਨ ਹੀ ਪੰਜਾਬ ਵਿਚ ਰਸਮੀ ਤੌਰ ‘ਤੇ ਕਣਕ ਦੀ ਵਾਢੀ ਸ਼ੁਰੂ ਹੁੰਦੀ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ।
“ਆਈ ਵਿਸਾਖੀ ਆਈ ਵਿਸਾਖੀ,
ਖੁਸ਼ੀਆਂ ਨਾਲ ਲਿਆਈ ਵਿਸਾਖੀ”
ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਨੇ ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਪੰਜਾਬ ਦੀਆਂ ਫ਼ਸਲਾਂ ਅਤੇ ਸੱਭਿਆਚਾਰ ਦੇ ਰੰਗ ਨੂੰ ਇੰਝ ਬਿਆਨ ਕੀਤਾ ਹੈ।
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਸੰਮਾਂ ਵਾਲੀ ਡਾਗਾਂ ਉੱਤੇ ਤੇਲ ਲਾਇਕੇ,
ਕੱਛੇਮਾਰ ਵੰਝਲੀ ਅਨੰਦ ਛਾ ਗਿਆ, …।
ਵਿਸਾਖੀ ਦਾ ਤਿਉਹਾਰ ਕੇਵਲ ਪੰਜਾਬ ‘ਚ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ‘ਚ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ।ਇਸ ਦਿਨ ਪੰਜਾਬ ਦੇ ਵੱਖ-ਵੱਖ ਇਲਾਕਿਆ ‘ਚ ਮੇਲੇ ਲੱਗਦੇ ਹਨ ਅਤੇ ਅਤੇ ਲੋਕ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਸਮੇਤ ਇਹਨਾਂ ਮੇਲਿਆਂ ਦਾ ਅਨੰਦ ਮਾਣਦੇ ਹਨ।ਇਸ ਦਿਨ ਪੰਜਾਬ ਦਾ ਪਰੰਪਰਾਗਤ ਨਾਚ ਭੰਗੜਾ ਅਤੇ ਗਿੱਧਾ ਕੀਤਾ ਜਾਂਦਾ ਹੈ।

ਧਾਰਮਿਕ ਮਹੱਤਤਾ —-ਇਸ ਦਿਨ 13 ਅਪ੍ਰੈਲ 1699 ਈ. ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ।1699 ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਇਕ ਮਹਾਨ ਸਭਾ ਬੁਲਾਈ ਸੀ, ਇਸ ਸਭਾ ਵਿਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ ਵਾਰੋ ਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ।
ਗੁਰੂ ਸਾਹਿਬ ਨੇ ਉਹਨਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿਚ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ। ਇਸ ਦਿਨ ਇਸ ਦਿਨ ਲੋਕ ਗੁਰੂ ਘਰਾਂ ‘ਚ ਮੱਥਾ ਟੇਕਦੇ ਹਨ ਅਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ‘ਚ ਧਾਰਮਿਕ ਸਮਾਗਮ ਅਤੇ ਨਗਰ ਕੀਰਤਨ ਵੀ ਸਜਾਏ ਜਾਂਦੇ ਹਨ। ਜਿਸ ‘ਚ ਵੱਡੀ ਗਿਣਤੀ ‘ਚ ਸੰਗਤਾਂ ਸ਼ਿਰਕਤ ਕਰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਦਸਤਾਰ ਦਿਵਸ ਵੀ ਮਨਾਇਆ ਜਾਂਦਾ ਹੈ।

ਇਤਿਹਾਸਕ ਮਹੱਤਤਾ—13 ਅਪ੍ਰੈਲ 1919 ਦੀ ਵਿਸਾਖੀ ਨੂੰ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਸਾਕੇ ਵਿਚ ਲਗਭਗ 20,000 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਬੱਚੇ, ਔਰਤਾਂ, ਬਜ਼ੁਰਗ ਆਦਿ ਸ਼ਾਮਿਲ ਸਨ।

ਇਸ ਦਿਨ ਮੁੱਖ ਕੰਮ-

ਇਸ ਦਿਨ ਪੰਜਾਬ ਦਾ ਪਰੰਪਰਾਗਤ ਨਾਚ ਭੰਗੜਾ ਅਤੇ ਗਿੱਧਾ ਪਾਇਆ ਜਾਂਦਾ ਹੈ।
ਸ਼ਾਮ ਨੂੰ ਅੱਗ ਦੇ ਆਸ-ਪਾਸ ਇੱਕਠੇ ਹੋਕੇ ਲੋਕ ਨਵੀਂ ਫਸਲ ਦੀਆਂ ਖੁਸ਼ੀਆਂ ਮਨਾਉਂਦੇ ਹਨ।

ਹਿੰਦੂਆਂ ਲਈ ਇਹ ਤਿਉਹਾਰ ਨਵਵਰਸ਼ ਦੀ ਸ਼ੁਰੁਆਤ ਹੈ—ਹਿੰਦੂ ਇਸਨੂੰ ਇਸਨਾਨ, ਭੋਗ ਲਗਾਕੇ ਅਤੇ ਪੂਜਾ ਕਰ ਕੇ ਮਨਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਹਜਾਰਾਂ ਸਾਲ ਪਹਿਲਾ ਦੇਵੀ ਗੰਗਾ ਇਸ ਦਿਨ ਧਰਤੀ ਉੱਤੇ ਉਤਰੀ ਸਨ। ਉਨ੍ਹਾਂ ਦੇ ਸਨਮਾਨ ਵਿੱਚ ਹਿੰਦੂ ਧਰਮਾਵਲੰਬੀ ਪਾਰੰਪਰਕ ਪਵਿੱਤਰ ਇਸਨਾਨ ਲਈ ਗੰਗਾ ਕੰਡੇ ਇਕੱਠੇ ਹੁੰਦੇ ਹਨ।

ਮੇਲੇ ਦੀਆਂ ਰੌਣਕਾਂ : ਇਸ ਦਿਨ ਥਾਂ-ਥਾਂ ‘ਤੇ ਮੇਲੇ ਲਗਦੇ ਹਨ। ਮੇਲੇ ਵਿਚ ਬਹੁਤ ਭੀੜ ਹੁੰਦੀ ਹੈ। ਕਈ ਤਰਾਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਖ਼ਾਸ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਬਹੁਤ ਜ਼ਿਆਦਾ ਹੁੰਦੀਆਂ ਹਨ।ਇਸ ਦਿਨ ਲੋਕ ਮਠਿਆਈਆਂ ਵੀ ਖਰੀਦਦੇ ਹਨ।

ਦੀਵਾਨ ਲੱਗਣੇ : ਇਸ ਦਿਨ ਗੁਰਦੁਆਰਿਆਂ ਵਿਚ ਭਾਰੀ ਦੀਵਾਨ ਲਗਦੇ ਹਨ। ਢਾਡੀ ਸਿੰਘ ਯੋਧਿਆਂ ਦੀਆਂ ਵਾਰਾਂ ਗਾਉਂਦੇ ਹਨ। ਇਸ ਮੌਕੇ ‘ਤੇ ਨੇਤਾ ਵੀ ਆਪਣੀਆਂ ਰਾਜਨੀਤਕ ਕਾਨਫ਼ਰੰਸਾਂ ਕਰਦੇ ਹਨ, ਭਾਸ਼ਣ ਦਿੰਦੇ ਹਨ। ਅੱਜ-ਕੱਲ੍ਹ ਦੇ ਮੇਲੇ, ਤਿਉਹਾਰ ਤਾਂ ਸਿਆਸਤ ਦੀ ਭੇਟ ਚੜ੍ਹੇ ਹੋਏ ਹਨ।

ਬਿਕਰਮੀ ਸੰਮਤ ਦੀ ਸ਼ੁਰੂਆਤ : ਇਸ ਦਿਨ ਦੀ ਖ਼ਾਸ ਤੇ ਮਹੱਤਵਪੂਰਨ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਦਿਨ ਬਿਕਰਮੀ ਸੰਮਤ ਸ਼ੁਰੂ ਹੁੰਦਾ ਹੈ। ਖ਼ਾਲਸਾ ਸੰਮਤ ਵਿਚ ਇਸ ਨੂੰ ਸਾਲ ਦਾ ਪਹਿਲਾ ਮਹੀਨਾ ਗਿਣਿਆ ਗਿਆ ਹੈ। ਇਸ ਦੇ ਨਾਲ ਗਰਮੀ ਦੀ ਰੁੱਤ ਅਰੰਭ ਹੋ ਜਾਂਦੀ ਹੈ।
ਆਓ ਅਸੀਂ ਪ੍ਰਣ ਕਰੀਏ ਕਿ ਰਲ ਮਿਲਕੇ ਪਿਆਰ ਨਾਲ ਦੁੱਖ-ਸੁੱਖ ਸਾਂਝੇ ਕਰੀਏ ਤਾਂ ਜੋ ਤਿਉਹਾਰ ਦੀ ਖੁਸ਼ੀ ਆਪਣਿਆਂ ਦੇ ਸੰਗ ਦੂਣੀ ਚੌਣੀ ਹੋ ਜਾਵੇ। ਵਿਸਾਖੀ ਦਾ ਤਿਉਹਾਰ ਗਿੱਧੇ ਅਤੇ ਭੰਗੜੇ ਤੋਂ ਬਿਨਾਂ ਅਧੂਰਾ ਮੰਨਿਆਂ ਜਾਂਦਾ ਹੈ। ਇਹ ਤਿਉਹਾਰ ਸਾਨੂੰ ਯਾਦ ਕਰਵਾਈ ਰੱਖਦੇ ਹਨ ਕਿ ਸਾਡਾ ਪੁਰਾਤਣ ਵਿਰਸਾ ਕਿਹੋ ਜਿਹਾ ਸੀ ਅਸੀਂ ਉਨਾਂ ਸਮਿਆਂ ਨੂੰ ਯਾਦ ਰੱਖੀਏ ਕਿਤੇ ਅਸੀਂ ਤੇਜ਼ ਰਫਤਾਰ ਜ਼ਿੰਦਗੀ ਵਿਚ ਆਪਸੀ ਭਾਈਚਾਰਾ, ਮਿਲਵਰਤਨ ਤੇ ਅਪਨਤ ਨੂੰ ਭੁਲਾ ਨਾ ਦੇਈਏ।ਰੱਬ ਅੱਗੇ ਇਹੋ ਅਰਦਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰਾਂ ਵਿਸਾਖੀ ਦੇ ਮੇਲੇ ਲੱਗਦੇ ਰਹਿਣ ਤੇ ਗਿੱਧੇ ਤੇ ਭੰਗੜੇ ਪੈਂਦੇ ਰਹਿਣ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ ਕੁਰੜ ਬਰਨਾਲਾ 
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸਨਲ ਕਾਲਜ ਬਰੇਟਾ 

ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ  

ਫਲਾਂਇੰਗ ਅਫ਼ਸਰ ਸ. ਦਲਜੀਤ ਸਿੰਘ ਜਗਪਾਲ ਅਤੇ ਸ੍ਰੀਮਤੀ ਕੁਲਦੀਪ ਕੌਰ ਜਗਪਾਲ ਵਾਸੀ ਨਵੀਂ ਆਬਾਦੀ ਅਕਾਲਗੜ੍ਹ, ਜ਼ਿਲਾ ਲੁਧਿਆਣਾ ਨੇ ਆਪਣੇ ਵਿਆਹ ਦੀ 54ਵੀਂ ਵਰੇਗੰਢ ਮਨਾਈ ।

 

ਪੱਤਰਕਾਰ ਜਗਰੂਪ ਸਿੰਘ ਸੁਧਾਰ  

ਆਖਿਰ ਕਿਉਂ ✍️ ਜਸਵਿੰਦਰ ਸ਼ਾਇਰ "ਪਪਰਾਲਾ,"

ਰੱਬ ਦਾ ਦਿੱਤਾ ਮੇਰੇ ਕੋਲ ਸਭ ਕੁੱਝ ਏ
ਧੰਨ ਦੌਲਤ ਐਸ਼ ਇੱਜਤ ਮੁਹੱਬਤ ਪਿਆਰ
ਫੇਰ ਵੀ ਪਤਾ ਨਹੀਂ ਕਿਉਂ
ਮੈਨੂੰ ਇਕੱਲਾਪਨ ਜਾਪਦਾ ਹੈ
 ਕਈ ਵਾਰ ਤਾਂ ਮੈਨੂੰ ਲੱਗਦਾ ਏ
ਕੀ ਮੈਂ ਬਿਲਕੁਲ ਅਧੂਰਾ ਹਾਂ
ਤੇ ਕਈ ਵਾਰ ਮੈਂ ਸੋਚਦਾ ਹਾਂ
ਕਿ ਮੈਂ ਟੁੱਟ ਚੁੱਕਿਆ ਹਾਂ
ਪਤਾ ਨਹੀਂ ਕਿਉਂ ਸਾਰਾ ਜੱਗ
ੳਪਰਾ ੳਪਰਾ ਜਾਪਦਾ ਏ
ਮੇਰੀ ਤਾਂ ਬਿਲਕੁਲ ਸਮਝ ਨਹੀਂ ਆਉਂਦਾ
ਮੈਂ ਬਣਿਆ ਰਹਿੰਦਾ ਹਰ ਵੇਲੇ
ਜਮਾਂ ਪਾਗਲਾ ਦੀ ਤਰ੍ਹਾਂ
ਕੋਈ ਮੈਨੂੰ "ਸ਼ਾਇਰ "ਆਖਦਾ
ਕੋਈ ਮੈਨੂੰ ਪਾਗਲ ਕਹਿ ਬੁਲਾਉਂਦਾ
ਕਈ ਵਾਰ ਦਿਲ ਨੇ ਪੁੱਛਿਆ ਮੈਥੋਂ
ਆਖਿਰ ਇਹ ਸਭ  ।ਕਿਉਂ ਕਹਿੰਦੇ ਨੇ ।

ਜਸਵਿੰਦਰ ਸ਼ਾਇਰ "ਪਪਰਾਲਾ,"
9996568220

ਵਿਰਸਾ {ਗੱਲਾਂ ਦਾ ਕੜਾਹ} ✍️ ਰਮੇਸ਼ ਕੁਮਾਰ ਜਾਨੂੰ

ਵਿਰਸਾ ਵਿਰਸਾ ਕਰਦਾ ਪਿਆ ਏਂ
     ਵਿਰਸੇ ਨੂੰ ਅਪਣਾ ਕੇ ਵੇਖ
ਵਿਰਸੇ ਦੀ ਇਸ ਬਾਜੀ ਦੇ ਵਿੱਚ
     ਖੁਦ ਨੂੰ ਵੀ ਅਜ਼ਮਾ ਕੇ ਵੇਖ।।
 
ਏ-ਸੀ ਲਾ ਕੇ ਬਹਿਣ ਵਾਲਿਆ
     ਛਾਵੇਂ ਮੰਜਾ ਡਾਹ ਕੇ ਵੇਖ
ਸਾਰੀ ਰਾਤ ਹੀ ਬੱਚਿਆਂ ਖਾਤਿਰ
     ਪੱਖੀ ਜਰਾ ਘੁਮਾ ਕੇ ਵੇਖ।।

ਸਵਾਦਾਂ ਦੀ ਇਸ ਦੁਨੀਆਂ ਦੇ ਵਿੱਚ
     ਮਿੱਸੀ ਰੋਟੀ ਖਾ ਕੇ ਵੇਖ
ਗੈਸ ਸਿਲੰਡਰ ਛੱਡ ਕੇ ਰੋਟੀ
     ਚੁੱਲੇ ਉੱਤੇ ਪਕਾ ਕੇ ਵੇਖ।।

ਰੇਸ਼ਮੀ ਸੂਟ ਤੂੰ ਚੁਣ-ਚੁਣ ਪਾਵੇਂ
     ਚਰਖੇ ਤੇ ਤੰਦ ਪਾ ਕੇ ਵੇਖ
ਗੱਡੀਆਂ ਦੇ ਵਿੱਚ ਘੁੰਮਦਾ ਫਿਰਦੈਂ
     ਟਾਂਗਾ ਜਰਾ ਚਲਾ ਕੇ ਵੇਖ।।
 
ਟਰੈਕਟਰ ਉੱਤੇ ਟੌਹਰ ਵਿਖਾਵੇਂ
     ਹੱਲ ਬਲਦਾਂ ਨਾਲ ਵਾਹ ਕੇ ਵੇਖ
ਮੋਟਰ ਚਲਾ ਕੇ ਸੌਂ ਜਾਨਾਂ ਏਂ
     ਖੂਹ ਦੀ ਗੇੜੀ ਲਾ ਕੇ ਵੇਖ।।

ਦਸ ਵਜੇ ਤੂੰ ਦਫਤਰ ਜਾਵੇਂ
     ਸੂਰਜ ਜਰਾ ਜਗਾ ਕੇ ਵੇਖ
ਆਇਲਟ ਛੱਡ ਕੇ ਦਾਤੀ ਫੜ ਲੋ
     ਬੱਚਿਆਂ ਨੂੰ ਸਮਝਾ ਕੇ ਵੇਖ।।

ਵੀਡੀਓ ਕਾਲਾਂ ਫੋਨ ਤੇ ਕਰਦੈਂ
     ਹੁਣ ਵੀ ਚਿੱਠੀ ਪਾ ਕੇ ਵੇਖ
ਸਬਮਰਸੀਬਲ ਦੀ ਮੋਟਰ ਪੁੱਟ ਕੇ
     ਨਲਕਾ ਜਰਾ ਲਵਾ ਕੇ ਵੇਖ।।

ਘਰ ਵਿੱਚ ਪੋਟੀ ਅੱਜਕਲ ਕਰਦੈਂ
     ਪੈਲੀ ਬੰਨੇ ਜਾ ਕੇ ਵੇਖ
 ਰੁੱਖ ਲਗਾਉਣ ਦੀ ਰੌਲੀ ਪਾਵੇਂ
     ਆਪ ਵੀ ਇੱਕ ਉੱਘਾ ਕੇ ਵੇਖ।।

ਫੁੱਲ ਤੂੰ ਲਾ ਕੇ ਫੁੱਲਿਆ ਫਿਰਦੈਂ
     ਬੋਹੜ ਤੇ ਪਿੱਪਲ ਦਿੱਤੇ ਵੇਚ
ਰੁੱਖ ਤੂੰ ਵੱਡ ਕੇ ਕੋਠੀ ਪਾ ਲਈ
     ਕਿੰਨੇ ਛੱਡੇ ਗਿਣਾ ਕੇ ਵੇਖ।।

ਚਾਰ ਕੁ ਜੀਅ ਤੇ ਦਸ ਕਮਰੇ ਨੇ
     ਇੱਕੋ ਕਮਰਾ ਪਾ ਕੇ ਵੇਖ
ਸਾਰੇ ਘਰ ਵਿੱਚ ਜਗ-ਮਗ ਕੀਤੀ
     ਦੀਵਾ ਫੇਰ ਜਗਾ ਕੇ ਵੇਖ।।
 
ਮਿੱਟੀ ਦੇ ਘਰ ਕਿੰਨੇ ਚੰਗੇ
     ਪੱਕਿਆਂ ਨੂੰ ਤੂੰ ਢਾਹ ਕੇ ਵੇਖ
ਮੀਂਹ ਨਾਲ ਕੋਠੇ ਚੋਂਦੇ ਜਿੱਥੇ
     ਜਿੰਦਗੀ ਉੱਥੇ ਬਿਤਾ ਕੇ ਵੇਖ।।

ਵਿਰਸਾ ਜਿੱਥੇ ਅੱਜ ਵੀ ਰਹਿੰਦਾ
     ਵਿਰਸਾ ਉੱਥੇ ਜਾ ਕੇ ਵੇਖ
ਰੱਬ ਤੈਨੂੰ ਵੀ ਵਿਰਸਾ ਦੇਵੇ
     ਵਿਰਸਾ ਫੇਰ ਹੰਢਾ ਕੇ ਵੇਖ।।
 
'ਰਮੇਸ਼' ਵੇ ਵਿਰਸਾ ਮਾੜਾ ਨਹੀਂ ਸੀ
     ਅੱਜ ਦੇ ਗੀਤ ਵੀ ਗਾ ਕੇ ਵੇਖ
'ਜਾਨੂੰ' ਅੱਜ ਹੈ ਤੇਰਾ ਵਿਰਸਾ
     ਇਹਨੂੰ ਵੀ ਗਲ ਲਾਕੇ ਵੇਖ।।
      
      ਲੇਖਕ-ਰਮੇਸ਼ ਕੁਮਾਰ ਜਾਨੂੰ
     ਫੋਨ ਨੰ:-98153-20080