ਕਿਤਾਬਾਂ ਸਾਡਾ ਅਮੀਰ ਤੇ ਮਾਣ-ਮੱਤਾ ਵਿਰਸਾ ਹਨ ✍️ ਪ੍ਰੋ. ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ
ਆਧੁਨਿਕਤਾ ਨੇ ਮਨੁੱਖ ਨੂੰ ਕਿਤਾਬਾਂ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਭਾਵੇਂ ਮੋਬਾਈਲ ਕ੍ਰਾਂਤੀ ਨੇ ਮਨੁੱਖ ਦੇ ਗਿਆਨ ਵਿੱਚ ਅਥਾਹ ਵਾਧਾ ਕੀਤਾ ਹੈ, ਪਰ ਕਿਤਾਬਾਂ ਦਾ ਆਪਣਾ ਵੱਖਰਾ ਹੀ ਮੁਕਾਮ ਹੈ। ਚੰਗੀਆਂ ਕਿਤਾਬਾਂ ਤਾਂ ਇਨਸਾਨ ਦੀ ਤਕਦੀਰ ਪਲਟ ਦਿੰਦੀਆਂ ਹਨ। ਕਿਸੇ ਕਿਤਾਬ ਵਿੱਚ ਲਿਖੀਆਂ ਕੁਝ ਸਤਰਾਂ ਤੁਹਾਡੀ ਕਾਇਆ ਕਲਪ ਕਰ ਸਕਦੀਆਂ ਹਨ, ਤੁਹਾਡਾ ਆਚਾਰ, ਵਿਹਾਰ ਅਤੇ ਦ੍ਰਿਸ਼ਟੀਕੋਣ ਬਦਲ ਸਕਦੀਆਂ ਹਨ। ਇੱਕ ਚੰਗੀ ਕਿਤਾਬ ਮਨੁੱਖ ਦੀ ਸੱਚੀ ਦੋਸਤ ਹੁੰਦੀ ਹੈ।ਲਾਰਡ ਬਾਇਰਨ ਦਾ ਕਥਨ ਹੈ ਕਿ ‘‘ਸਿਆਹੀ ਦਾ ਇੱਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿੱਚ ਹਿਲਜੁਲ ਮਚਾ ਦਿੰਦਾ ਹੈ।’’ ਹਜ਼ਰਤ ਮੁਹੰਮਦ ਸਾਹਿਬ ਨੇ ਤਾਂ ਲਿਖਾਰੀ ਦਾ ਬਹੁਤ ਉੱਚਾ ਮੁੱਲ ਪਾਇਆ ਹੈ। ਫ਼ਰਮਾਨ ਹੈ: ‘‘ਲੇਖਕਾਂ ਦੀ ਸਿਆਹੀ ਸ਼ਹੀਦਾਂ ਦੇ ਲਹੂ ਦੇ ਕਤਰਿਆਂ ਤੋਂ ਵਧੇਰੇ ਪਾਕ ਹੈ। ਚੇਤੇ ਰਹੇ! ਘਟੀਆ ਕਿਸਮ ਦਾ ਸਾਹਿਤ ਪੜ੍ਹਨ ਨਾਲ ਮਨੁੱਖ ਗਿਰਾਵਟ ਵਾਲੇ ਪਾਸੇ ਜਾ ਡਿੱਗਦਾ ਹੈ ਭਾਵ ਉਹ ਅਗਿਆਨਤਾ ਦੀ ਅਜਿਹੀ ਹਨੇਰੀ ਰਾਤ ਵੱਲ ਧੱਕਿਆ ਜਾਂਦਾ ਹੈ ਜਿਸ ਵਿੱਚ ਨਾ ਚੰਦ ਹੈ ਤੇ ਨਾ ਤਾਰੇ। ਪ੍ਰੋ. ਮੋਹਨ ਸਿੰਘ ਦੀਆਂ ਨਿਮਨ ਦਰਜ ਸਤਰਾਂ ਅਜਿਹੀ ਹਨੇਰੀ ਰਾਤ ਵੱਲ ਹੀ ਸੰਕੇਤ ਕਰਦੀਆਂ ਹਨ: ਪੜ੍ਹ-ਪੜ੍ਹ ਕਿਤਾਬਾਂ ਢੇਰ ਕੁੜੇ, ਮੇਰਾ ਵਧਦਾ ਜਾਏ ਹਨੇਰ ਕੁੜੇ। ਸੱਚਮੁੱਚ! ਕਈ ਕਿਤਾਬਾਂ ਤਾਂ ਉੱਕਾ ਹੀ ਪੜ੍ਹਨਯੋਗ ਨਹੀਂ ਹੁੰਦੀਆਂ। ਜਿਨ੍ਹਾਂ ਕੋਲ ਕਹਿਣ ਲਈ ਕੁਝ ਨਾ ਹੋਵੇ, ਉਨ੍ਹਾਂ ਨੂੰ ਕਿਤਾਬਾਂ ਲਿਖਣ ਦੀ ਬਜਾਇ ਕੋਈ ਹੋਰ ਸ਼ੌਕ ਪਾਲਣਾ ਚਾਹੀਦਾ ਹੈ। ਅਜਿਹੇ ਅਖੌਤੀ ਲਿਖਾਰੀਆਂ ਨੂੰ ਮੁਹੰਮਦ ਬਖ਼ਸ਼ ਸਲਾਹ ਦਿੰਦਾ ਹੈ ਕਿ ‘‘ਬਿਹਤਰ ਚੁੱਪ ਮੁਹੰਮਦ ਬਖਸ਼ਾ ਸੁਖਨ ਅਜਿਹੇ ਨਾਲੋਂ।’’ ਲਿਖਾਰੀ ਦਾ ਰੁਤਬਾ ਤਾਂ ਬਹੁਤ ਉੱਚਾ ਹੈ-ਜਣਾ-ਖਣਾ ਲਿਖਾਰੀ ਦੀ ਪਦਵੀ ਪ੍ਰਾਪਤ ਨਹੀਂ ਕਰ ਸਕਦਾ। ਬਾਬਾ ਨਾਨਕ ਦੇ ਇਸ ਫ਼ਰਮਾਨ-‘‘ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ।।’’ ’ਤੇ ਕੋਈ ਕਰਮਾਂ ਵਾਲਾ ਹੀ ਖਰਾ ਉੱਤਰਦਾ ਹੈ। ਅਜੋਕੀ ਨੌਜਵਾਨ ਪੀੜ੍ਹੀ ਤਾਂ ਬਿਲਕੁਲ ਹੀ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ।ਇਹ ਕਿਤਾਬਾਂ ਹੀ ਹਨ ਜਿਹਨਾਂ ਨੂੰ ਮੈਂ ਆਪਣੇ ਅੰਦਰਲੀ ਹਰ ਚੰਗਿਆਈ ਦਾ ਸਿਹਰਾ ਦਿੰਦੀ ਹਾਂ। ਮੈਂ ਆਪਣੇ ਸਾਹਿਤਕ ਸਫਰ ਦੇ ਦਿਨਾਂ ਵਿੱਚ ਹੀ ਇਹ ਮਹਿਸੂਸ ਕਰ ਲਿਆ ਸੀ ਕਿ ਕਲਾ ਲੋਕਾਂ ਨਾਲੋਂ ਜ਼ਿਆਦਾ ਖੁੱਲਦਿਲੀ ਹੁੰਦੀ ਹੈ। ਮੈਂ ਕਿਤਾਬ -ਪ੍ਰੇਮੀ ਹਾਂ; ਹਰ ਕਿਤਾਬ ਮੈਨੂੰ ਇੱਕ ਚਮਤਕਾਰ ਜਾਪਦੀ ਹੈ, ਅਤੇ ਲੇਖਕ ਇੱਕ ਜਾਦੂਗਰ ।ਕਿਤਾਬਾਂ ਜ਼ਿੰਦਗੀ ਵਿੱਚ ਮੇਰੀ ਰਹਿਨੁਮਾਈ ਕਰਦੀਆਂ ਹਨ।ਕਿਤਾਬਾਂ ਅਜਿਹਾ ਸ਼ਾਹੀ ਖ਼ਜ਼ਾਨਾ ਹਨ, ਜਿਨ੍ਹਾਂ ਵਿੱਚ ਅਮੁੱਲ ਗਿਆਨ, ਵਿਚਾਰ ਤੇ ਭਾਵਨਾਵਾਂ ਦਾ ਸੰਗ੍ਰਹਿ ਹੁੰਦਾ ਹੈ। ਮੌਜੂਦਾ ਸਮੇਂ ਵਿੱਚ ਜਿੱਥੇ ਟੀ.ਵੀ ਤੇ ਕੰਪਿਊਟਰ ਆਦਿ ਸਾਧਨਾਂ ਨੇ ਮਨੁੱਖ ਦੀ ਜ਼ਿੰਦਗੀ ਵਿੱਚ ਤੇਜ਼ੀ ਨਾਲ ਸਥਾਨ ਬਣਾ ਲਿਆ ਹੈ, ਉਥੇ ਕਿਤਾਬਾਂ ਨੂੰ ਪਿੱਛੇ ਨਹੀਂ ਛੱਡਿਆ ਜਾ ਸਕਦਾ। ਅੱਜ ਦੀ ਨਵੀਂ ਪੀੜ੍ਹੀ ਤਾਂ ਆਪਣਾ ਜ਼ਿਆਦਾ ਸਮਾਂ ਫੇਸਬੁੱਕ, ਵ੍ਹਟਸਐਪ, ਇੰਸਟਾਗ੍ਰਾਮ ਆਦਿ ਸੋਸ਼ਲ ਸਾਈਟਾਂ 'ਤੇ ਹੀ ਬਤੀਤ ਕਰਦੀ ਹੈ। ਉਹ ਸਮਾਂ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ, ਜਦੋਂ ਹਰ ਪੜ੍ਹਿਆ-ਲਿਖਿਆ ਮਨੁੱਖ ਘਰ 'ਚ ਕਿਤਾਬਾਂ ਲਈ ਵੱਖਰੇ ਤੌਰ 'ਤੇ ਲਾਇਬ੍ਰੇਰੀ ਬਣਾ ਕੇ ਰੱਖਦਾ ਸੀ। ਆਧੁਨਿਕ ਯੁੱਗ ਤਕਨੀਕ ਦਾ ਯੁੱਗ ਹੈ। ਅੱਜ ਅਸੀਂ ਕਿਸੇ ਵੀ ਖੇਤਰ 'ਚ ਕੰਮ ਕਰ ਹਾਂ ਪਰ ਬਿਨਾ ਕਿਸੇ ਤਕਨੀਕੀ ਉਪਕਰਨ ਦੇ ਕੋਈ ਵੀ ਕੰਮ ਸਹੀ ਤੇ ਸਮੇਂ ਸਿਰ ਮੁਕੰਮਲ ਨਹੀਂ ਕਰ ਸਕਦੇ।
ਕਿਤਾਬਾਂ ਗਿਆਨ ਨੂੰ ਸੰਜੋਅ ਕੇ ਰੱਖਣ ਦਾ ਬਹੁਤ ਵਧੀਆ ਸਾਧਨ ਹਨ। ਜਿਹੜੀ ਗੱਲ ਕਿਸੇ ਕਿਤਾਬ 'ਚੋਂ ਅਸੀਂ ਪੜ੍ਹ ਲਈ, ਉਹ ਜ਼ਿੰਦਗੀ ਭਰ ਸਾਨੂੰ ਯਾਦ ਰਹਿੰਦੀ ਹੈ। ਜੇ ਕਿਤੇ ਭੁੱਲ ਵੀ ਜਾਈਏ ਤਾਂ ਝੱਟ ਉਹ ਕਿਤਾਬ ਖੋਲ੍ਹੀ ਤੇ ਦੁਬਾਰਾ ਪੜ੍ਹ ਕੇ ਫਿਰ ਯਾਦ ਕਰ ਲਿਆ। ਇੱਕ ਵਿਦਵਾਨ ਦਾ ਕਥਨ ਹੈ ਕਿ ਕਿਤਾਬਾਂ ਪੜ੍ਹਨਾ ਸਮਾਂ ਬਰਬਾਦ ਕਰਨਾ ਨਹੀਂ ਹੈ। ਇੱਕ ਚੰਗੀ ਕਿਤਾਬ ਸੁਹਿਰਦ ਦੋਸਤ ਵਰਗੀ ਹੁੰਦੀ ਹੈ। ਕਿਤਾਬ ਪੜ੍ਹਨ ਨਾਲ ਮਨੁੱਖ ਦਾ ਗਿਆਨ ਤਾਂ ਵਧਦਾ ਹੀ ਹੈ, ਸਗੋਂ ਉਸ ਦਾ ਨਜ਼ਰੀਆ ਵੀ ਵਿਸ਼ਾਲ ਹੋ ਜਾਂਦਾ ਹੈ। ਉਹ ਤੰਗ-ਖਿਆਲੀ ਦੇ ਘੇਰੇ ’ਚੋਂ ਨਿਕਲ ਕੇ ਮਾਨਵਵਾਦੀ ਵਿਚਾਰਾਂ ਦਾ ਧਾਰਨੀ ਹੋ ਜਾਂਦਾ ਹੈ। ਸਾਡੇ ਸਮਾਜ ਵਿੱਚ ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ ਬਣੀਆਂ ਹੋਈਆਂ ਹਨ। ਕਿਤਾਬਾਂ ਪੜ੍ਹਨ ਦੇ ਚਾਹਵਾਨਾਂ ਲਈ ਲਾਇਬ੍ਰੇਰੀਆਂ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ।
ਕਿਤਾਬਾਂ ਤੁਹਾਡੇ ਅੰਦਰਲੇ ਨੂੰ ਰੋਸ਼ਨ ਕਰਦੀਆਂ ਹਨ ਅਤੇ ਜੀਵਨ ’ਤੇ ਤੁਹਾਡੀ ਪਕੜ ਨੂੰ ਪੀਡਾ ਕਰਦੀਆਂ ਹਨ।
ਸੈਮੂਅਲ ਜਾਹਨਸਨ ਮੁਤਾਬਕ,‘‘ਤੁਸੀਂ ਤਦ ਤਕ ਸਿਆਣੇ ਨਹੀਂ ਬਣ ਸਕਦੇ, ਜਦ ਤਕ ਤੁਸੀਂ ਪੜ੍ਹਨਾ ਪਸੰਦ ਨਹੀਂ ਕਰਦੇ।’’ ਮਤਲਬ ਇਹ ਕਿ ਚੰਗੀਆਂ ਕਿਤਾਬਾਂ ਪੜ੍ਹਨ ਨਾਲ ਬੌਧਿਕ ਤੇ ਮਾਨਸਿਕ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਦਰਅਸਲ, ਪੁਸਤਕਾਂ ਰਾਹੀਂ ਤੁਸੀਂ ਮਹਾਨ ਵਿਅਕਤੀਆਂ ਦੇ ਸੰਪਰਕ ਵਿੱਚ ਆਉਂਦੇ ਹੋ।
ਇਸ ਸਬੰਧ ਵਿੱਚ ਆਰ. ਡੇਸਕਰਟੇਜ਼ ਦਾ ਕਥਨ ਹੈ,‘‘ਚੰਗੀਆਂ ਕਿਤਾਬਾਂ ਪੜ੍ਹਨੀਆਂ ਕਿਸੇ ਮਹਾਨ ਵਿਅਕਤੀ ਨਾਲ ਗੱਲ ਕਰਨ ਦੇ ਬਰਾਬਰ ਹੈ।’’ ਇਸ ਲਈ ਚੰਗਾ ਸਾਹਿਤ ਪੜ੍ਹਨਾ ਬੁੱਧੀਮਾਨ ਬਣਨ ਦਾ ਮੁੱਖ ਓਪਾਅ ਹੈ। ਚੰਗੀ ਬੋਲ-ਚਾਲ ਤੇ ਉੱਠਣ-ਬੈਠਣ ਦਾ ਸਲੀਕਾ, ਢੁਕਵੇਂ ਸ਼ਬਦਾਂ ਦੇ ਗਿਆਨ ਦੀ ਮੰਗ ਕਰਦਾ ਹੈ। ਕਿਤਾਬਾਂ ਤੁਹਾਨੂੰ ਲੋੜੀਂਦੇ ਸ਼ਬਦਾਂ ਨਾਲ ਭਰਪੂਰ ਕਰਦੀਆਂ ਹਨ ਅਤੇ ਜ਼ਿੰਦਗੀ ਦੇ ਨਵੇਂ ਭੇਦ ਖੋਲ੍ਹਦੀਆਂ ਹਨ। ਇਹ ਸ਼ਬਦ ਹੀ ਹੁੰਦੇ ਹਨ ਜੋ ਤੁਹਾਡੀ ਸੂਰਤ ਨੂੰ ਸੀਰਤ ਪ੍ਰਦਾਨ ਕਰਦੇ ਹਨ।
ਬਰਨਾਰਡ ਸ਼ਾਅ ਨੇ ਠੀਕ ਹੀ ਕਿਹਾ ਹੈ ਕਿ ‘‘ਪੜ੍ਹਨਾ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਕੀ ਪੜ੍ਹਨਾ ਚਾਹੀਦਾ ਹੈ, ਕੋਈ ਹੀ ਜਾਣਦਾ ਹੈ।’’ ਇਸ ਲਈ ਕੀ ਪੜ੍ਹਨਾ ਤੇ ਕੀ ਨਹੀਂ ਪੜ੍ਹਨਾ, ਦੀ ਸੂਚੀ ਕੰਠ ਹੋਣੀ ਚਾਹੀਦੀ ਹੈ ਅਤੇ ਇਸ ’ਤੇ ਇਮਾਨਦਾਰੀ ਨਾਲ ਅਮਲ ਹੋਣਾ ਚਾਹੀਦਾ ਹੈ। ਸ਼ੈਕਸਪੀਅਰ ਕਹਿੰਦਾ ਹੈ ਕਿ ‘‘ਗਿਆਨ ਉਹ ਖੰਭ ਹੈ ਜਿਸ ਰਾਹੀਂ ਅਸੀਂ ਸਵਰਗ ਵੱਲ ਉੱਡ ਸਕਦੇ ਹਾਂ।’’ ਇਸ ਲਈ ਜੇ ਤੁਸੀਂ ਉੱਚੀਆਂ ਉਡਾਰੀਆਂ ਭਰਨਾ ਚਾਹੁੰਦੇ ਹੋ ਤਾਂ ਚੰਗੀਆਂ ਕਿਤਾਬਾਂ ਰਾਹੀਂ ਗਿਆਨ ਪ੍ਰਾਪਤ ਕਰੋ। ਕਿਤਾਬਾਂ ਸਾਡੇ ਦਿਮਾਗ ਨੂੰ ’ਸਾਣ ’ਤੇ ਲਾਉਂਦੀਆਂ ਹਨ ਅਤੇ ਸੱਤ ਸਮੁੰਦਰੋਂ ਪਾਰ ਦੀ ਖ਼ਬਰਸਾਰ ਦਿੰਦੀਆਂ ਹਨ। ਇਸੇ ਭਾਵਨਾ ਨੂੰ ਪ੍ਰਗਟਾਉਂਦਾ ਐਮਿਲੀ ਡਿਕਨਸਨ ਦਾ ਇੱਕ ਕਥਨ ਹੈ- ‘‘ਕਿਤਾਬ ਵਰਗਾ ਕੋਈ ਜਹਾਜ਼ ਨਹੀਂ, ਜੋ ਸਾਨੂੰ ਦੇਸ਼ਾਂ-ਦੇਸ਼ਾਂਤਰਾਂ ਤੋਂ ਪਾਰ ਲੈ ਜਾਂਦਾ ਹੈ।
ਅੱਜ ਦੇ ਯੁੱਗ ਵਿੱਚ ਲੇਖਕ ਨਵੇਂ-ਨਵੇਂ ਵਿਸ਼ਿਆਂ ’ਤੇ ਕਿਤਾਬਾਂ ਲਿਖ ਰਹੇ ਹਨ, ਜੋ ਸਾਡੇ ਗਿਆਨ ਵਿੱਚ ਵਾਧਾ ਤਾਂ ਕਰਦੇ ਹੀ ਹਨ, ਸਗੋਂ ਜੀਵਨ ਨੂੰ ਸਹੀ ਸੇਧ ਵੀ ਦਿੰਦੇ ਹਨ। ਮਾਪਿਆਂ ਨੂੰ ਛੋਟੀ ਉਮਰ ਦੇ ਬੱਚਿਆਂ ਅਤੇ ਸਕੂਲ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਕਿਤਾਬ ਸਾਡੇ ਗਿਆਨ ਦਾ ਘੇਰਾ ਵਧਾਉਂਦੀ ਹੈ। ਬੱਸ ਲੋੜ ਇਸ ਗੱਲ ਦੀ ਹੈ ਕਿ ਇਹ ਗਿਆਨ ਕਦੋਂ ਤੇ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ?ਕਿਤਾਬਾਂ ਸਾਨੂੰ ਬੀਤੇ ਸਮੇਂ ਬਾਰੇ ਵੀ ਚਾਨਣਾ ਪਾਉਂਦੀਆਂ ਹਨ, ਜਿਵੇਂ ਪੁਰਾਣੇ ਸਮੇਂ ਦੀਆਂ ਜੰਗਾਂ, ਯੁੱਧਾਂ, ਰਾਜਿਆਂ-ਮਹਾਰਾਜਿਆਂ, ਸ਼ਹੀਦਾਂ, ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਆਦਿ ਬਾਰੇ। ਜਿਨ੍ਹਾਂ ਵਿਸ਼ਿਆਂ ਬਾਰੇ ਅਸੀਂ ਨਹੀਂ ਜਾਣਦੇ, ਉਨ੍ਹਾਂ ਬਾਰੇ ਕਿਤਾਬਾਂ ਸਾਨੂੰ ਦੱਸਦੀਆਂ ਹਨ। ਕਿਤਾਬਾਂ ਬਾਰੇ ਕਿਸੇ ਲੇਖਕ ਨੇ ਸੱਚ ਕਿਹਾ ਹੈ, ‘‘ਚੁੱਪ ਰਹਿ ਕੇ ਵੀ ਬੋਲਦੀਆਂ ਕਿਤਾਬਾਂ, ਵਰਕੇ ਜ਼ਿੰਦਗੀ ਦੇ ਖੋਲ੍ਹਦੀਆਂ ਕਿਤਾਬਾਂ।’’
ਕਿਤਾਬਾਂ ਪੜ੍ਹਨ ਤੋਂ ਬਿਨਾਂ ਮਨੁੱਖ ਗਿਆਨਵਾਨ ਨਹੀਂ ਬਣ ਸਕਦਾ। ਚੰਗੀਆਂ ਕਿਤਾਬਾਂ ਪੜ੍ਹਨਾ, ਗਿਆਨ ਪ੍ਰਾਪਤੀ ਤੋਂ ਇਲਾਵਾ ਇੱਕ ਆਨੰਦਦਾਇਕ ਸਰਗਰਮੀ ਵੀ ਹੈ। ਤਾਹੀਓਂ, ਕਿਤਾਬਾਂ ਪੜ੍ਹਨ ਦਾ ਸ਼ੌਕੀਨ ਵਿਅਕਤੀ ਕਦੇ ਬੋਰੀਅਤ ਦੀ ਸ਼ਿਕਾਇਤ ਨਹੀਂ ਕਰਦਾ। ਉਹ ਤਾਂ ਲਾਗਨ ਪੀਅਰਸਨ ਸਮਿਥ ਵਾਂਗ ਕਹਿੰਦਾ ਹੈ ਕਿ ‘‘ਮੈਨੂੰ ਇੱਕ ਬਿਸਤਰਾ ਅਤੇ ਇੱਕ ਕਿਤਾਬ ਦੇ ਦਿਓ। ਬਸ, ਮੈਂ ਖ਼ੁਸ਼ ਹਾਂ।’’ ਚੰਗੀ ਕਿਤਾਬ ਤਾਂ ਰੂਹ ਨੂੰ ਸਰਸ਼ਾਰ ਕਰ ਦਿੰਦੀ ਹੈ। ਜੇ ਯਕੀਨ ਨਹੀਂ ਆਉਂਦਾ ਤਾਂ ‘ਹੀਰ ਵਾਰਿਸ’ ਪੜ੍ਹ ਕੇ ਵੇਖੋ, ਜਿਸ ਬਾਰੇ ਕਿਸੇ ਸ਼ਾਇਰ ਨੇ ਬਾਖੂਬੀ ਕਿਹਾ ਹੈ: ਵਾਰਿਸ ਸ਼ਾਹ ਦਾ ਪਾਕ ਕਲਾਮ ਪੜ੍ਹਨਾ, ਬੂਰੀ ਮੱਝ ਦੀ ਚੁੰਘਣੀ ਧਾਰ ਹੈ ਜੀ। ਗੱਲ ਕੀ, ਚੰਗੀ ਕਿਤਾਬ ਰੂਹ ਦੀ ਖੁਰਾਕ ਹੋ ਨਿੱਬੜਦੀ ਹੈ। ਸੱਚ ਤਾਂ ਇਹ ਹੈ ਕਿ ਚੰਗੀ ਕਿਤਾਬ ਵਰਗਾ ਹੋਈ ਦੋਸਤ ਨਹੀਂ। ਤੁਹਾਡਾ ਇਹ ਬੇਗਰਜ਼ ਦੋਸਤ, ਤੁਹਾਥੋਂ ਕਿਸੇ ਚੀਜ਼ ਦੀ ਮੰਗ ਨਾ ਕਰਦਾ ਹੋਇਆ, ਤੁਹਾਡੇ ਗਿਆਨ ਵਿੱਚ ਨਿੱਗਰ ਵਾਧਾ ਕਰਦਾ ਹੈ। ਕਿਤਾਬਾਂ ਸਾਡਾ ਅਮੀਰ ਤੇ ਮਾਣ-ਮੱਤਾ ਵਿਰਸਾ ਹਨ। ਯੂਨਾਨ ਦੇ ਸਮਰਾਟ ਸਿਕੰਦਰ ਨੂੰ ਦੁਨੀਆਂ ਸਿਕੰਦਰ ਮਹਾਨ ਜਾਂ 'ਅਲੈਗਜ਼ੈਂਡਰ ਦਿ ਗਰੇਟ' ਕਹਿੰਦੀ ਹੈ। ਸਿਕੰਦਰ ਦੇ ਮਹਾਨ ਬਣਨ ਅਤੇ ਐਨੀ ਕਾਮਯਾਬੀ ਹਾਸਲ ਕਰਨ ਵਿੱਚ ਸਭ ਤੋਂ ਵੱਡਾ ਰੋਲ ਉਸਦੇ ਉਸਤਾਦ ਅਰਸਤੂ ਦੀ ਦਿੱਤੀ ਹੋਈ ਸਿੱਖਿਆ ਮੰਨੀ ਜਾਂਦੀ ਹੈ। ਕਹਾਣੀ ਸੀ ਟ੍ਰਾਇ ਦੇ ਯੁੱਧ ਦੀ, ਜਿਸ ਨੂੰ ਯੂਨਾਨੀ ਕਵੀ ਹੋਮਰ ਨੇ ਆਪਣੇ ਮਹਾਕਾਵਿ 'ਇਲੀਅਡ' ਵਿੱਚ ਵਿਸਤਾਰ ਨਾਲ ਬਿਆਨ ਕੀਤਾ ਹੈ। ਅਸਲ ਵਿੱਚ ਅਰਸਤੂ ਨੇ ਸਿਕੰਦਰ ਨੂੰ ਇੱਕ ਕਹਾਣੀ ਸੁਣਾਈ ਸੀ, ਇਹ ਕਹਾਣੀ ਕੁਝ ਕਲਪਨਾ ਅਤੇ ਕੁਝ ਹਕੀਕਤ ਦੇ ਸੁਮੇਲ ਨਾਲ ਬਣੀ ਸੀ। ਇਲੀਅਡ ਇੱਕ ਅਜਿਹਾ ਮਹਾਕਾਵਿ ਹੈ, ਜਿਸ ਨੇ ਸਿਕੰਦਰ ਨੂੰ ਜਿੱਤ ਦੇ ਜਜ਼ਬੇ ਨਾਲ ਭਰ ਦਿੱਤਾ। ਉਸ ਨੇ ਟ੍ਰਾਇ ਦੀ ਲੜਾਈ ਨਾਲ ਗਰੀਕ ਰਾਜਿਆਂ ਦੀ ਇੱਕਜੁਟਤਾ ਅਤੇ ਯੁੱਧ ਦੀ ਰਣਨੀਤੀ ਦਾ ਸਬਕ ਸਿੱਖਿਆ ਅਤੇ ਫਿਰ ਦੁਨੀਆਂ ਜਿੱਤ ਲਈ। ਇਸ ਤਰਾਂ ਇਹ ਕਿਤਾਬ ਵਿੱਚ ਲਿਖੀ ਕਹਾਣੀ ਨੇ ਸਿਕੰਦਰ ਦੀ ਦੁਨੀਆਂ ਬਦਲ ਦਿੱਤੀ।ਕਹਾਣੀਆਂ ਦੀ ਕਦਰ ਸਿਰਫ਼ ਕਿਤਾਬਾਂ ਦੇ ਪੰਨਿਆਂ ਤੱਕ ਹੀ ਨਹੀਂ ਹੈ ਬਲਕਿ ਇਨਸਾਨੀ ਜ਼ਿੰਦਗੀ ਵਿੱਚ ਵੀ ਉਨ੍ਹਾਂ ਦੀ ਕੀਮਤ ਹੈ।ਇੱਕ ਪੂਰੀ ਕਿਤਾਬ ਵਿੱਚੋਂ ਹੋ ਸਕਦਾ ਹੈ ਕਿ ਤੁਹਾਨੂੰ ਇੱਕ ਦਿਲ ਟੁੰਬਵੇਂ ਫ਼ਿਕਰੇ ਤੋਂ ਬਿਨਾਂ ਹੋਰ ਕੁਝ ਵੀ ਨਾ ਮਿਲੇ, ਪਰ ਇਹੀ ਉਹ ਫ਼ਿਕਰਾ ਹੁੰਦਾ ਹੈ ਜੋ ਤੁਹਾਨੂੰ ਮਨੁੱਖ ਦੇ ਹੋਰ ਨਜ਼ਦੀਕ ਲੈ ਜਾਂਦਾ ਹੈ ਅਤੇ ਇੱਕ ਨਵੀਂ ਮੁਸਕਾਨ ਜਾਂ ਦਰਦ ਦਾ ਭੇਦ ਖੋਲ ਦਿੰਦਾ ਹੈ।ਇੱਕ ਹੋਰ ਸ਼ੇਅਰ ਵਿੱਚ ਕਿਤਾਬਾਂ ਬਾਰੇ ਕਿਹਾ ਹੈ ਕਿਸੇ ਨੇ ਕਿ-
ਸਦੀਆਂ ਦੇ ਇਤਿਹਾਸ, ਵਿਚ ਮਹਿਫੂਜ਼ ਕਿਤਾਬਾਂ ਦੇ,
ਸਮੁੱਚੀ ਜ਼ਿੰਦਗੀ ਵਿਚ ਮੌਜੂਦ ਕਿਤਾਬਾਂ ਦੇ।
ਕਿਤਾਬਾਂ ਸਾਡੇ ਜੀਵਨ ਵਿੱਚ ਉਸਾਰੂ ਅਤੇ ਚਰਿੱਤਰ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਸਾਨੂੰ ਇਨ੍ਹਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਸੱਚਾ ਦੋਸਤ ਜੀਵਨ ਵਿੱਚ ਸਹੀ ਮਾਰਗ ਦਰਸ਼ਕ ਹੁੰਦਾ ਹੈ ਤੇ ਕਿਤਾਬਾਂ ਸਾਡੇ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨ। ਕਿਤਾਬਾਂ ਪੜ੍ਹਨਾ ਕੋਈ ਵਾਧੂ ਕੰਮ ਨਹੀਂ ਹੈ। ਇਸ ਲਈ ਸਾਨੂੰ ਆਪਣੀ ਜ਼ਿੰਦਗੀ ਵਿੱਚ ਇਨ੍ਹਾਂ ਦਾ ਮਹੱਤਵ ਸਮਝਦੇ ਹੋਏ ਕਿਤਾਬਾਂ ਪੜ੍ਹਨ ਦੀ ਰੁਚੀ ਪਾਲਣ ਦੀ ਲੋੜ ਹੈ। ਗੂੜ੍ਹ ਗਿਆਨ ਵਾਸਤੇ ਚੰਗੇ ਅਧਿਆਪਕਾਂ ਤੋਂ ਚੰਗੀਆਂ ਕਿਤਾਬਾਂ ਬਾਰੇ ਜਾਣਕਾਰੀ ਲਈ ਜਾਵੇ ਤੇ ਉਹੀ ਪੁਸਤਕਾਂ ਪੜ੍ਹੀਆਂ ਜਾਣ। ਅਖ਼ੀਰ ਵਿੱਚ ਕਹਾਂਗੀ, ‘‘ਕੋਈ ਮਹਿਬੂਬ ਨੀ ਸੋਹਣਾ ਕਿਤਾਬ ਵਰਗਾ, ਰੰਗ, ਫੁੱਲ ਨੀ ਮਨਮੋਹਣਾ ਕਿਤਾਬ ਵਰਗਾ, ਕਿਤਾਬਾਂ ਹਰ ਵੇਲੇ ਸਾਥ ਦਿੰਦੀਆਂ, ਕੋਈ ਦੋਸਤ ਨੀ ਹੋਣਾ ਕਿਤਾਬ ਵਰਗਾ।’’
ਮਨੁੱਖ ਤੋਂ ਸਿਵਾ ਹੋਰ ਕਿਸੇ ਚੀਜ਼ ਬਾਰੇ ਜਾਨਣ ਦੀ ਮੇਰੀ ਕੋਈ ਇੱਛਾ ਨਹੀਂ ਹੈ, ਉਸ ਤੱਕ ਪਹੁੰਚਣ ਲਈ ਕਿਤਾਬਾਂ ਹੀ ਸਾਡੀਆਂ ਸੱਚੀਆਂ ਦੋਸਤ ਅਤੇ ਦਿਆਲੂ ਰਹਿਨੁਮਾ ਹਨ। ਅਲੈਗਜ਼ਾਂਦਰ ਐੱਸ. ਦੇ ਸ਼ਬਦਾਂ ਵਿੱਚ ‘‘ਕਿਤਾਬਾਂ ਅੰਦਰ ਕਿਸੇ ਕੌਮ ਦੀਆਂ ਅਮਰ ਯਾਦਾਂ ਸਾਂਭੀਆਂ ਹੁੰਦੀਆਂ ਹਨ।’’ ਇਹ ਅਮਰ ਯਾਦਾਂ, ਸਾਡੇ ਅੰਦਰ ਉਸਾਰੂ ਸ਼ਕਤੀ ਅਤੇ ਭਰਪੂਰ ਉਤਸ਼ਾਹ ਦੀ ਸ਼ਮਾਂ ਰੋਸ਼ਨ ਕਰੀ ਰੱਖਦੀਆਂ ਹਨ। ਗੰਗਾਧਰ ਤਿਲਕ ਕਿਹਾ ਕਰਦੇ ਸਨ,‘‘ਮੈਂ ਨਰਕ ਵਿੱਚ ਵੀ ਚੰਗੀਆਂ ਕਿਤਾਬਾਂ ਦਾ ਸੁਆਗਤ ਕਰਾਂਗਾ ਕਿਉਂਕਿ ਉਨ੍ਹਾਂ ਵਿੱਚ ਇਹ ਸ਼ਕਤੀ ਹੈ ਕਿ ਜਿੱਥੇ ਵੀ ਉਹ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਏਗਾ।’’
ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ ।