“ਮਾਣ ਸਕਾ ਜ਼ਿੰਦਗੀ ਦੇ ਕੁੱਝ ਪਲ ਮੈਨੂੰ ਸਾਹ ਦੇ ਦਿਓ
ਬੱਸ ਰਹਿਣ ਜੋਗੀ ਰੁੱਖਾਂ ਉੱਤੇ ਥੋੜ੍ਹੀ ਜਿਹੀ ਥਾਂ ਦੇ ਦਿਓ “
ਦੋਸਤੋਂ ਪੰਛੀ ਵੀ ਕੁਦਰਤ ਦੀ ਦਿੱਤੀ ਅਨਮੋਲ ਦਾਤ ਹਨ।ਪੰਛੀਆਂ ਦਾ ਮਨੁੱਖ ਨਾਲ ਬਹੁਤ ਪੁਰਾਣਾ ਸੰਬੰਧ ਹੈ।ਸਵੇਰ ਹੋਣ ‘ਤੇ ਹੀ ਪੰਛੀ ਜਿਵੇ ਚਿੜੀਆਂ ਜਨੌਰ ਆਪਣੀਆਂ ਮਿੱਠੀਆਂ ਅਵਾਜ਼ਾਂ ਨਾਲ ਵਾਤਾਵਰਣ ਨੂੰ ਮਨਮੋਹਣਾ ਬਣਾ ਦਿੰਦੇ ਹਨ ।ਚਾਰੇ ਪਾਸੇ ਪੰਛੀਆਂ ਦੀਆਂ ਚਹਿਚਹਾਉਣ ਦੀਆਂ ਅਵਾਜਾਂ ਮਨੁੱਖ ਨੂੰ ਸਕੂਨ ਦਿੰਦੀਆਂ ਹਨ।ਵਾਤਾਵਰਣ ਨੂੰ ਮਹਿਕਾ ਦਿੰਦੀਆਂ ਹਨ।ਚਿੜੀਆਂ ਦਾ ਚੀਂ-ਚੀਂ ਕਰਨਾ ਤੇ ਕਿਸੇ ਰੁੱਖ ਉੱਤੇ ਬੈਠੀ ਘੁੱਗੀ ਦਾ ਘੁੱਗੂ ਘੂ ਕਰਨਾ ਅੱਜ ਵੀ ਬਚਪਨ ਦੀ ਯਾਦ ਦਵਾ ਦਿੰਦਾ ਹੈ।ਉਹ ਸਮਾਂ ਕਿੰਨ੍ਹਾਂ ਸੁਹਾਵਣਾ ਹੁੰਦਾ ਸੀ ਜਦੋਂ ਪੰਛੀਆਂ ਦੇ ਪਿੱਛੇ ਭੱਜਦੇ ਸੀ ਉਨ੍ਹਾਂ ਵਾਂਗ ਬਾਹਾਂ ਫੈਲਾ ਕੇ ਉੱਡਦੇ ਸੀ।ਉਨ੍ਹਾਂ ਵਾਂਗ ਖੰਭ ਲਾਕੇ ਅਜ਼ਾਦ ਉੱਡਦੇ ਸੀ ।ਅੱਜ ਨਾ ਹੀ ਪੰਛੀਆਂ ਦੀਆਂ ਉਡਾਰਾਂ ਹਨ ਤੇ ਨਾ ਹੀ ਉਹ ਅਜ਼ਾਦ ਬਚਪਨ।ਅੱਜ ਦੇ ਸਮੇਂ ਵਿੱਚ ਮਨੁੱਖ ਦੀਆਂ ਲਾਲਸਾਵਾਂ ਇੱਛਾਵਾਂ ਨੇ ਉਸਨੂੰ ਗੁਲਾਮ ਕਰ ਲਿਆ ਹੈ।ਉਹ ਪੰਛੀਆਂ ਵਰਗੇ ਅਜ਼ਾਦ ਖਿਆਲ ਖਤਮ ਹੋ ਗਏ ਹਨ।ਕਿਉਕਿ ਮਨੁੱਖ ਨੇ ਪੰਛੀਆਂ ਦਾ ਨਿਵਾਸ ਸਥਾਨ ਹੀ ਖੋਹ ਲਿਆ ਹੈ।ਹੁਣ ਕਿਤੇ ਵੀ ਪੰਛੀਆਂ ਦੀ ਅਜ਼ਾਦ ਉਡਾਰ ਨਹੀਂ ਘੁੰਮਦੀ।ਅੱਜ ਪੰਛੀ ਅਲੋਪ ਹੋ ਰਹੇ ਹਨ ਬਹੁਤ ਘੱਟ ਦਿਖਦੇ ਹਨ।ਮੈਨੂੰ ਯਾਦ ਹੈ ਕਦੇ ਸਮਾਂ ਹੋਇਆਂ ਕਰਦਾ ਸੀ ਮੇਰੀ ਦਾਦੀ ਤੇ ਮੇਰੀ ਮਾਂ
ਚਾਦਰਾਂ ’ਤੇ ਚਿੜੀਆਂ, ਫੁੱਲ-ਬੂਟੇ, ਪੰਛੀ ਜਨੌਰ ਦੀਆਂ ਕਢਾਈਆਂ ਕੱਢਦੀਆਂ ਸਨ।ਜਦੋਂ ਦਾਦੀ ਨੇ ਗੀਤ ਗਾਉਣੇ ਉਹਨਾਂ ਵਿੱਚ ਪੰਛੀਆਂ ਦਾ ਜ਼ਿਕਰ ਜ਼ਰੂਰ ਹੁੰਦਾ ਸੀ ਪਰ ਅਫ਼ਸੋਸ ਹੁਣ ਸਾਡੇ ਗੀਤਾਂ ਵਿੱਚ ਚਿੜੀਆਂ ਮੋਰ ਨਹੀਂ, ਸਾਡੀਆਂ ਚਾਦਰਾਂ ’ਤੇ ਕੋਈ ਪੰਛੀ ਨਹੀਂ। ਪਹਿਲਾ ਸਾਡੇ ਗੀਤਾਂ ਵਿੱਚ ਕੁਦਰਤ ਬੋਲਦੀ ਸੀ ਅਤੇ ਸਾਡੇ ਸਭਿਆਚਾਰ ਵਿਚ ਇਨਸਾਨ ਵੀ ਕੁਦਰਤੀ ਸਨ। ਹੁਣ ਸਾਡੇ ਗੀਤਾਂ ਵਿੱਚ ਨਸ਼ੇ ,ਹਥਿਆਰ ਬੋਲਦੇ ਹਨ । ਅੱਜ ਦਾ ਮਨੁੱਖ ਕੁਦਰਤ ਤੋ ਦੂਰ ਜਾ ਰਿਹਾ ਹੈ।ਉਸਨੂੰ ਕੁਦਰਤ ਦੇ ਮਾਇਨੇ ਹੀ ਨਹੀਂ। ਕੁਦਰਤ ਦਾ ਮਹੱਤਵ ਸੱਭਿਆਚਾਰ ਦੀਆਂ ਅਜਿਹੀਆਂ ਗੱਲਾਂ ਬਾਤਾਂ ਵਿਚੋਂ ਸਹਿਜੇ ਹੀ ਸਿੱਖਿਆ ਜਾਂਦਾ ਸੀ ਪਰ ਅੱਜਕੱਲ ਉਹ ਸੱਭਿਆਚਾਰਕ ਗੱਲਾ ਬਾਤਾਂ ਅਲੋਪ ਹੋ ਗਈਆਂ ਹਨ ਕਿਉਂਕਿ ਹੁਣ ਸਾਰੇ ਕੁਦਰਤ ਤੋਂ ਵੀ ਟੁੱਟ ਗਏ ਹਨ।ਆਪਣੀ ਐਸ਼ੋ ਅਰਾਮ ਦੇ ਲਈ ਆਪਣੇ ਆਪ ਲਈ ਜ਼ਿੰਦਗੀ ਜਿਊਂਦੇ ਹਨ ਇੱਥੋਂ ਤੱਕ ਕੀ ਕੁਦਰਤ ਦੇ ਹੋਰ ਅਨੇਕਾਂ ਜੀਵਾਂ ਵੱਲ ਧਿਆਨ ਨਹੀਂ ਦਿੰਦੇ ।ਕਿਸੇ ਨੇ ਸੱਚ ਕਿਹਾ ਹੈ ਕਿ ਜੋ ਲੋਕ ਪੰਛੀਆਂ ਨਾਲ ਪਿਆਰ ਕਰਦੇ ਹਨ, ਉਹ ਕਦੀ ਵੀ ਵਾਤਾਵਰਨ ਨੂੰ ਢਾਹ ਨਹੀਂ ਲਾਉਂਦੇ।ਪੰਛੀਆਂ ਦਾ ਘਰ ਇਹ ਦਰੱਖਤ ਹੁੰਦੇ ਹਨ।ਇਸ ਤੋਂ ਇਲਾਵਾ ਕੁਝ ਪੰਛੀ ਟਿੱਬਿਆਂ ਵਿੱਚ ਰਹਿੰਦੇ ਸਨ। ਕੁਝ ਪੰਛੀ ਘਰਾਂ ਦੇ ਗਾਡਰਾਂ ਅਤੇ ਆਲਿਆਂ ਵਿਚ ਆਪਣਾ ਘਰ ਬਣਾਉਂਦੇ ਹਨ।ਅਸੀਂ ਟਿੱਬਿਆਂ ਨੂੰ ਉਜਾੜ ਕੇ ਜ਼ਮੀਨਾਂ ਨੂੰ ਪੱਧਰਾ ਕਰ ਦਿੱਤਾ। ਅਸੀਂ ਆਪਣੇ ਘਰ ਨਵੇਂ ਢੰਗ ਨਾਲ ਬਣਾ ਲਏ ਹਨ। ਇਸਦੇ ਸਿੱਟੇ ਵਜੋਂ ਇਹ ਹੋਇਆ ਕਿ ਕੁਝ ਪੰਛੀਆਂ ਦੇ ਰਹਿਣ ਬਸੇਰੇ ਉਜੜ ਗਏ ਹਨ ।ਹੁਣ ਮਨੁੱਖ ਨੇ ਪੰਛੀਆਂ ਲਈ ਨਕਲੀ ਆਲ੍ਹਣੇ ਬਣਾਉਣੇ ਸ਼ੁਰੂ ਕੀਤੇ ਹਨ।ਕਿਉਕਿ ਦਰੱਖਤ ਬਹੁਤ ਮਾਤਰਾ ਵਿੱਚ ਕੱਟੇ ਜਾ ਰਹੇ ਹਨ।ਸਾਨੂੰ ਪੰਛੀਆਂ ਦੀ ਹੋਂਦ ਨੂੰ ਬਣਾਉਣ ਲਈ ਪੁਰਾਣੇ ਦਰਖ਼ਤਾਂ ਦੀ, ਛੱਪੜਾਂ, ਟੋਭਿਆਂ, ਨਦੀਆਂ ਨਾਲਿਆਂ ਦੀ ਵਿਸ਼ੇਸ਼ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਰਾਹੀਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੰਛੀਆਂ ਨੂੰ ਦੇਖ ਸਕਦੇ ਹਾਂ।ਇਹ ਕਿਹਾ ਗਿਆ ਹੈ ਕਿ ਹਰੇਕ ਦਰਖ਼ਤ ਆਪਣੇ ਆਪ ਵਿੱਚ ਇੱਕ ਸੰਪੂਰਨ ਈਕੋ-ਸਿਸਟਮ ਹੈ।ਦਾਦੀ ਦੱਸਿਆ ਕਰਦੀ ਸੀ ਕਿ ਪਹਿਲਾ ਲੋਕ ਆਪਣੇ ਖੇਤਾਂ ਦਾ ਕੁਝ ਹਿੱਸਾ ਪੰਛੀਆਂ ਲਈ ਛੱਡ ਦਿੰਦੇ ਸੀ ਪਰ ਹੁਣ ਲੋਕ ਇਕ ਫ਼ਸਲ ਵੱਢਣ ਤੋਂ ਬਾਅਦ ਤੁਰੰਤ ਦੂਜੀ ਫਸਲ ਬੀਜਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ।ਹੁਣ ਪੰਛੀਆਂ ਲਈ ਕੋਈ ਥਾਂ ਨਹੀਂ ਹੈ।ਗਰਮੀਆਂ ਵਿੱਚ ਧੁੱਪੇ ਪੰਛੀ ਮਰ ਰਹੇ ਹਨ ਪਾਣੀ ਨਹੀਂ ਮਿਲ ਰਿਹਾ ਨਾ ਹੀ ਬੈਠਣ ਲਈ ਰਹਿਣ ਲਈ ਕੋਈ ਰਹਿਣ ਬਸੈਰਾ ਹੈ।ਦੋਸਤੋਂ ਆਓ ਸਾਰੇ ਰਲ ਕੇ ਪੰਛੀਆਂ ਲਈ ਉਹਨਾਂ ਦੀ ਪਿਆਸ ਬੁਝਾਉਣ ਲਈ ਛੱਤਾਂ ਉੱਪਰ ਪਾਣੀ ਤੇ ਖਾਣ ਲਈ ਦਾਣਿਆਂ ਦਾ ਪ੍ਰਬੰਧ ਕਰੀਏ।
ਰਹਿਣ ਲਈ ਰੈਣ -ਬਸੇਰੇ ਬਣਾਈਏ।ਜੇਕਰ ਹਰ ਇੱਕ ਘਰ ਦਾ ਮੈਂਬਰ ਆਪਣੇ ਘਰ ਅੱਗੇ ਪੰਛੀਆਂ ਲਈ ਇੱਕ-ਇੱਕ ਰਹਿਣ ਬਸੈਰਾ ਬਣਾਵੇ ਤਾਂ ਲੱਖਾਂ ਹੀ ਪੰਛੀਆਂ ਦੀ ਜਾਨ ਬਚ ਸਕਦੀ ਹੈ।ਮੈਂ ਇਹੋ ਕਹਿਣਾ ਚਾਹਾਂਗੀ ਕਿ ਸਾਰੇ ਪੰਛੀਆਂ ਨਾਲ ਪਿਆਰ ਕਰੋ ।
ਆਓ ਸਾਰੇ ਰਲ ਕੇ ਕੁਦਰਤ ਨਾਲ ਸਾਂਝ ਪਾਈਏ
ਹਮੇਸ਼ਾ ਲਈ ਪੰਛੀਆਂ ਦਾ ਵਜੂਦ ਬਣਾਈਏ ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।