ਪੰਜਾਬ ਵਿਚ ਬਹੁਤ ਸਾਰੇ ਤਿਉਹਾਰ, ਮੇਲੇ ਮਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿਚੋਂ ਇਕ ਹੈ। ਇਹ 13 ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸਦਾ ਸੰਬੰਧ ਇਤਿਹਾਸਿਕ,ਧਾਰਮਿਕ ,ਸੱਭਿਆਚਾਰਕ ਆਰਥਿਕ ਪੱਖ ਨਾਲ ਹੈ। ਇਸ ਦੀ ਮਹਾਨਤਾ ਬਹੁਪੱਖੀ ਹੈ । ਜੇਕਰ ਪੰਜਾਬੀ ਵਿਰਸੇ ਦੇ ਤਿਉਹਾਰ ਤੇ ਝਾਤ ਮਾਰੀਏ ਤਾਂ ਪੰਜਾਬੀ ਵਿਰਸੇ ਵਿਚ ਵਿਸਾਖੀ ਦਾ ਤਿਉਹਾਰ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਵਿਸਾਖੀ ਦੇਸਾਂ ਵਿਦੇਸ਼ਾਂ ਵਿਚ, ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਅਤੇ ਸਾਰੇ ਪੰਜਾਬ ਵਿਚ ਬਹੁਤ ਲੋਕਪ੍ਰਿਆ ਹੈ। ਬੇਸ਼ੱਕ ਹੋਰ ਕਈ ਤਿਉਹਾਰ ਹਨ ਪਰ ਵਿਸਾਖੀ ਦੀ ਆਪਣੀ ਵੱਖਰੀ ਹੀ ਪਛਾਣ ਹੈ। ਤਿਉਹਾਰ ਕਿਸੇ ਦੇਸ਼ ਜਾਂ ਕੌਮ ਦਾ ਧਾਰਮਿਕ ਜਾਂ ਇਤਿਹਾਸਕ ਵਿਰਸਾ ਹੁੰਦਾ ਹੈ।
ਵਿਸਾਖੀ ਨਾਮ ਵਸਾਖ ਤੋਂ ਬਣਿਆ ਹੈ— ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ।ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ।
ਤਿਉਹਾਰ ਦੇ ਵੱਖ—ਵੱਖ ਨਾਂ-ਕੇਰਲ ਵਿੱਚ ਇਹ ਤਿਉਹਾਰ ਵਿਸ਼ੁ ਕਹਾਂਦਾ ਹੈ। ਇਸ ਦਿਨ ਨਵੇਂ, ਕੱਪੜੇ ਖਰੀਦੇ ਜਾਂਦੇ ਹਨ, ਆਤਿਸ਼ਬਾਜੀ ਹੁੰਦੀ ਹੈ ਅਤੇ ਵਿਸ਼ੁ ਕਾਨੀ ਸਜਾਈ ਜਾਂਦੀ ਹੈ। ਇਸ ਵਿੱਚ ਫੁੱਲ, ਫਲ, ਅਨਾਜ, ਬਸਤਰ, ਸੋਨਾ ਆਦਿ ਸਜਾਏ ਜਾਂਦੇ ਹਨ ਅਤੇ ਸੁਬ੍ਹਾ ਜਲਦੀ ਇਸ ਦੇ ਦਰਸ਼ਨ ਕੀਤੇ ਜਾਂਦੇ ਹੈ। ਇਸ ਦਰਸ਼ਨ ਨਾਲ ਨਵੇਂ ਸਾਲ ਵਿੱਚ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ ਜਾਂਦੀ ਹੈ। ਬੰਗਾਲ ਵਿੱਚ ਇਹ ਤਿਉਹਾਰ ਨਭ ਬਰਸ਼ ਦੇ ਨਾਮ ਨਾਲ ਮਨਾਂਦੇ ਹਨ।
ਸਭਿਆਚਾਰਕ ਮਹੱਤਤਾ —ਇਹ ਤਿਉਹਾਰ ਹਾੜੀ ਦੀ ਫਸਲ (ਭਾਵ ਕਣਕ) ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ’ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਤੇ ਮੇਲੇ ਮਨਾਉਂਦੇ ਹਨ।
ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ।
ਆਰਥਿਕ ਮਹੱਤਤਾ —ਆਰਥਿਕ ਮਹੱਤਤਾ ਆਰਥਿਕ ਪੱਖ ਵਿਚਾਰਿਏ ਤਾਂ ਸਾਡੇ ਜਿਹਨ ਵਿਚ ਸ਼ਰਬਤੀ ਦਾਣਿਆਂ ਨਾਲ ਲੱਦੀਆਂ ਕਣਕਾਂ ਝੂਮਦੀਆਂ ਦਿਸਦੀਆਂ ਹਨ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ। ਮਸ਼ੀਨੀ ਯੁੱਗ ਕਰਕੇ ਕਣਕਾਂ ਦੀ ਕਟਾਈ-ਗਹਾਈ ਸਿਰਫ ਕੁਝ ਦਿਨਾਂ ਵਿਚ ਹੀ ਪੂਰੀ ਹੋ ਜਾਂਦੀ ਹੈ। ਕਈ ਵਾਰ ਕਿਸਾਨ ਆੜ੍ਹਤੀਆਂ ਨਾਲ ਹਿਸਾਬ ਕਰਕੇ ਖਾਲੀ ਪੱਲਾ ਝਾੜਦਾ ਘਰ ਆ ਜਾਂਦਾ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਆਪਣੇ ਬੱਚਿਆਂ ਦਾ ਢਿੱਡ ਵੀ ਨਹੀਂ ਭਰ ਸਕਦਾ। ਕਰਜਾਈ ਹੁੰਦੇ ਦੇ ਵੀ ਪੈਰ ਢੋਲ ਦੇ ਡਗੇ ਤੇ ਥਿਰਕਣ ਲੱਗਦੇ ਹਨ ਅਤੇ ਹਾਣੀਆਂ ਨਾਲ ਭੰਗੜੇ ਅਤੇ ਬੋਲੀਆਂ ਪਾ ਕੇ ਗ਼ਮਾਂ ਨੂੰ ਭੁਲਾਕੇ ਖੁਸ਼ੀਆਂ ਮਨਾਉਣ ਦੀ ਕੋਸ਼ਿਸ਼ ਕਰਦਾ ਹੈ।
ਇਸ ਦਿਨ ਹੀ ਪੰਜਾਬ ਵਿਚ ਰਸਮੀ ਤੌਰ ‘ਤੇ ਕਣਕ ਦੀ ਵਾਢੀ ਸ਼ੁਰੂ ਹੁੰਦੀ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ।
“ਆਈ ਵਿਸਾਖੀ ਆਈ ਵਿਸਾਖੀ,
ਖੁਸ਼ੀਆਂ ਨਾਲ ਲਿਆਈ ਵਿਸਾਖੀ”
ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਨੇ ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਪੰਜਾਬ ਦੀਆਂ ਫ਼ਸਲਾਂ ਅਤੇ ਸੱਭਿਆਚਾਰ ਦੇ ਰੰਗ ਨੂੰ ਇੰਝ ਬਿਆਨ ਕੀਤਾ ਹੈ।
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਸੰਮਾਂ ਵਾਲੀ ਡਾਗਾਂ ਉੱਤੇ ਤੇਲ ਲਾਇਕੇ,
ਕੱਛੇਮਾਰ ਵੰਝਲੀ ਅਨੰਦ ਛਾ ਗਿਆ, …।
ਵਿਸਾਖੀ ਦਾ ਤਿਉਹਾਰ ਕੇਵਲ ਪੰਜਾਬ ‘ਚ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ‘ਚ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ।ਇਸ ਦਿਨ ਪੰਜਾਬ ਦੇ ਵੱਖ-ਵੱਖ ਇਲਾਕਿਆ ‘ਚ ਮੇਲੇ ਲੱਗਦੇ ਹਨ ਅਤੇ ਅਤੇ ਲੋਕ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਸਮੇਤ ਇਹਨਾਂ ਮੇਲਿਆਂ ਦਾ ਅਨੰਦ ਮਾਣਦੇ ਹਨ।ਇਸ ਦਿਨ ਪੰਜਾਬ ਦਾ ਪਰੰਪਰਾਗਤ ਨਾਚ ਭੰਗੜਾ ਅਤੇ ਗਿੱਧਾ ਕੀਤਾ ਜਾਂਦਾ ਹੈ।
ਧਾਰਮਿਕ ਮਹੱਤਤਾ —-ਇਸ ਦਿਨ 13 ਅਪ੍ਰੈਲ 1699 ਈ. ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ।1699 ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਇਕ ਮਹਾਨ ਸਭਾ ਬੁਲਾਈ ਸੀ, ਇਸ ਸਭਾ ਵਿਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ ਵਾਰੋ ਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ।
ਗੁਰੂ ਸਾਹਿਬ ਨੇ ਉਹਨਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿਚ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ। ਇਸ ਦਿਨ ਇਸ ਦਿਨ ਲੋਕ ਗੁਰੂ ਘਰਾਂ ‘ਚ ਮੱਥਾ ਟੇਕਦੇ ਹਨ ਅਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ‘ਚ ਧਾਰਮਿਕ ਸਮਾਗਮ ਅਤੇ ਨਗਰ ਕੀਰਤਨ ਵੀ ਸਜਾਏ ਜਾਂਦੇ ਹਨ। ਜਿਸ ‘ਚ ਵੱਡੀ ਗਿਣਤੀ ‘ਚ ਸੰਗਤਾਂ ਸ਼ਿਰਕਤ ਕਰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਦਸਤਾਰ ਦਿਵਸ ਵੀ ਮਨਾਇਆ ਜਾਂਦਾ ਹੈ।
ਇਤਿਹਾਸਕ ਮਹੱਤਤਾ—13 ਅਪ੍ਰੈਲ 1919 ਦੀ ਵਿਸਾਖੀ ਨੂੰ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਸਾਕੇ ਵਿਚ ਲਗਭਗ 20,000 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਬੱਚੇ, ਔਰਤਾਂ, ਬਜ਼ੁਰਗ ਆਦਿ ਸ਼ਾਮਿਲ ਸਨ।
ਇਸ ਦਿਨ ਮੁੱਖ ਕੰਮ-
ਇਸ ਦਿਨ ਪੰਜਾਬ ਦਾ ਪਰੰਪਰਾਗਤ ਨਾਚ ਭੰਗੜਾ ਅਤੇ ਗਿੱਧਾ ਪਾਇਆ ਜਾਂਦਾ ਹੈ।
ਸ਼ਾਮ ਨੂੰ ਅੱਗ ਦੇ ਆਸ-ਪਾਸ ਇੱਕਠੇ ਹੋਕੇ ਲੋਕ ਨਵੀਂ ਫਸਲ ਦੀਆਂ ਖੁਸ਼ੀਆਂ ਮਨਾਉਂਦੇ ਹਨ।
ਹਿੰਦੂਆਂ ਲਈ ਇਹ ਤਿਉਹਾਰ ਨਵਵਰਸ਼ ਦੀ ਸ਼ੁਰੁਆਤ ਹੈ—ਹਿੰਦੂ ਇਸਨੂੰ ਇਸਨਾਨ, ਭੋਗ ਲਗਾਕੇ ਅਤੇ ਪੂਜਾ ਕਰ ਕੇ ਮਨਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਹਜਾਰਾਂ ਸਾਲ ਪਹਿਲਾ ਦੇਵੀ ਗੰਗਾ ਇਸ ਦਿਨ ਧਰਤੀ ਉੱਤੇ ਉਤਰੀ ਸਨ। ਉਨ੍ਹਾਂ ਦੇ ਸਨਮਾਨ ਵਿੱਚ ਹਿੰਦੂ ਧਰਮਾਵਲੰਬੀ ਪਾਰੰਪਰਕ ਪਵਿੱਤਰ ਇਸਨਾਨ ਲਈ ਗੰਗਾ ਕੰਡੇ ਇਕੱਠੇ ਹੁੰਦੇ ਹਨ।
ਮੇਲੇ ਦੀਆਂ ਰੌਣਕਾਂ : ਇਸ ਦਿਨ ਥਾਂ-ਥਾਂ ‘ਤੇ ਮੇਲੇ ਲਗਦੇ ਹਨ। ਮੇਲੇ ਵਿਚ ਬਹੁਤ ਭੀੜ ਹੁੰਦੀ ਹੈ। ਕਈ ਤਰਾਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਖ਼ਾਸ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਬਹੁਤ ਜ਼ਿਆਦਾ ਹੁੰਦੀਆਂ ਹਨ।ਇਸ ਦਿਨ ਲੋਕ ਮਠਿਆਈਆਂ ਵੀ ਖਰੀਦਦੇ ਹਨ।
ਦੀਵਾਨ ਲੱਗਣੇ : ਇਸ ਦਿਨ ਗੁਰਦੁਆਰਿਆਂ ਵਿਚ ਭਾਰੀ ਦੀਵਾਨ ਲਗਦੇ ਹਨ। ਢਾਡੀ ਸਿੰਘ ਯੋਧਿਆਂ ਦੀਆਂ ਵਾਰਾਂ ਗਾਉਂਦੇ ਹਨ। ਇਸ ਮੌਕੇ ‘ਤੇ ਨੇਤਾ ਵੀ ਆਪਣੀਆਂ ਰਾਜਨੀਤਕ ਕਾਨਫ਼ਰੰਸਾਂ ਕਰਦੇ ਹਨ, ਭਾਸ਼ਣ ਦਿੰਦੇ ਹਨ। ਅੱਜ-ਕੱਲ੍ਹ ਦੇ ਮੇਲੇ, ਤਿਉਹਾਰ ਤਾਂ ਸਿਆਸਤ ਦੀ ਭੇਟ ਚੜ੍ਹੇ ਹੋਏ ਹਨ।
ਬਿਕਰਮੀ ਸੰਮਤ ਦੀ ਸ਼ੁਰੂਆਤ : ਇਸ ਦਿਨ ਦੀ ਖ਼ਾਸ ਤੇ ਮਹੱਤਵਪੂਰਨ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਦਿਨ ਬਿਕਰਮੀ ਸੰਮਤ ਸ਼ੁਰੂ ਹੁੰਦਾ ਹੈ। ਖ਼ਾਲਸਾ ਸੰਮਤ ਵਿਚ ਇਸ ਨੂੰ ਸਾਲ ਦਾ ਪਹਿਲਾ ਮਹੀਨਾ ਗਿਣਿਆ ਗਿਆ ਹੈ। ਇਸ ਦੇ ਨਾਲ ਗਰਮੀ ਦੀ ਰੁੱਤ ਅਰੰਭ ਹੋ ਜਾਂਦੀ ਹੈ।
ਆਓ ਅਸੀਂ ਪ੍ਰਣ ਕਰੀਏ ਕਿ ਰਲ ਮਿਲਕੇ ਪਿਆਰ ਨਾਲ ਦੁੱਖ-ਸੁੱਖ ਸਾਂਝੇ ਕਰੀਏ ਤਾਂ ਜੋ ਤਿਉਹਾਰ ਦੀ ਖੁਸ਼ੀ ਆਪਣਿਆਂ ਦੇ ਸੰਗ ਦੂਣੀ ਚੌਣੀ ਹੋ ਜਾਵੇ। ਵਿਸਾਖੀ ਦਾ ਤਿਉਹਾਰ ਗਿੱਧੇ ਅਤੇ ਭੰਗੜੇ ਤੋਂ ਬਿਨਾਂ ਅਧੂਰਾ ਮੰਨਿਆਂ ਜਾਂਦਾ ਹੈ। ਇਹ ਤਿਉਹਾਰ ਸਾਨੂੰ ਯਾਦ ਕਰਵਾਈ ਰੱਖਦੇ ਹਨ ਕਿ ਸਾਡਾ ਪੁਰਾਤਣ ਵਿਰਸਾ ਕਿਹੋ ਜਿਹਾ ਸੀ ਅਸੀਂ ਉਨਾਂ ਸਮਿਆਂ ਨੂੰ ਯਾਦ ਰੱਖੀਏ ਕਿਤੇ ਅਸੀਂ ਤੇਜ਼ ਰਫਤਾਰ ਜ਼ਿੰਦਗੀ ਵਿਚ ਆਪਸੀ ਭਾਈਚਾਰਾ, ਮਿਲਵਰਤਨ ਤੇ ਅਪਨਤ ਨੂੰ ਭੁਲਾ ਨਾ ਦੇਈਏ।ਰੱਬ ਅੱਗੇ ਇਹੋ ਅਰਦਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰਾਂ ਵਿਸਾਖੀ ਦੇ ਮੇਲੇ ਲੱਗਦੇ ਰਹਿਣ ਤੇ ਗਿੱਧੇ ਤੇ ਭੰਗੜੇ ਪੈਂਦੇ ਰਹਿਣ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ ਕੁਰੜ ਬਰਨਾਲਾ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸਨਲ ਕਾਲਜ ਬਰੇਟਾ