You are here

ਕਣਕ ਦੇ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਕੀਤੀ ਜਾ ਸਕਦੀ ਹੈ ਝੋਨੇ ਅਤੇ ਸੱਠੀ ਮੂੰਗੀ ਦੀ ਸਿੱਧੀ ਬਿਜਾਈ : ਡਿਪਟੀ ਕਮਿਸ਼ਨਰ

ਕਿਹਾ, ਕਣਕ ਦੇ ਨਾੜ ਦੀ ਤੂੜੀ ਬਣਾਉਣ ਉਪਰੰਤ ਜ਼ਮੀਨ ’ਚ ਹੀ ਗਲਣ ਦਿੱਤੇ ਜਾਣ ਮੁੱਢ
ਹੁਸ਼ਿਆਰਪੁਰ, 12 ਅਪ੍ਰੈਲ (ਰਣਜੀਤ ਸਿੱਧਵਾਂ)  : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਗੈਰ ਹੀ ਝੋਨੇ ਅਤੇ ਗਰਮੀ ਦੀ ਰੁੱਤ ਦੀ (ਸੱਠੀ) ਮੂੰਗੀ ਸਿੱਧੇ ਤੌਰ ’ਤੇ ਕਾਸ਼ਤ ਕੀਤੀ ਜਾ ਸਕਦੀ ਹੈ, ਇਸ ਲਈ ਕਿਸਾਨ ਕਣਕ ਦੇ ਨਾੜ/ਮੁੱਢਾਂ ਨੂੰ ਅੱਗ ਨਾ ਲਾਉਣ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ, ਉਥੇ ਜ਼ਮੀਨ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ।ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜਿਹੜੇ ਕਿਸਾਨ ਸੱਠੀ ਮੂੰਗੀ ਦੀ ਕਾਸ਼ਤ ਕਰਨਾ ਚਾਹੁੰਦੇ ਹਨ, ਉਹ ਕਣਕ ਦੇ ਨਾੜ ਦੀ ਰੀਪਰ ਨਾਲ ਤੂੜੀ ਬਣਾਉਣ ਉਪਰੰਤ ਜ਼ੀਰੋ ਡਰਿੱਲ ਰਾਹੀਂ ਬਿਨ੍ਹਾਂ ਮੁੱਢਾਂ ਨੂੰ ਅੱਗ ਲਗਾਏ ਸਿੱਧੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਜ਼ੀਰੋ ਡਰਿੱਲ ਮਸ਼ੀਨ ਆਪਣੇ ਨੇੜਲੇ ਕਸਟਮ ਹਾਇਰਿੰਗ ਸੈਂਟਰ, ਕਿਸਾਨਾਂ ਦੇ ਸਵੈ-ਸਹਾਇਤਾ ਗਰੁੱਪ ਅਤੇ ਕੋ-ਆਪਰੇਟਿਵ ਸੋਸਾਇਟੀ ਤੋਂ ਘੱਟ ਰੇਟ ’ਤੇ ਕਿਰਾਏ ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਨੇੜਲੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਕਿਸਾਨ ਝੋਨੇ ਦੀ ਬਿਜਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ ਕਣਕ ਦੀ ਵਾਢੀ ਅਤੇ ਝੋਨੇ ਦੀ ਪਨੀਰੀ ਦੀ ਖੇਤਾਂ ਵਿਚ ਲੁਆਈ ਦੌਰਾਨ ਕਰੀਬ ਸਵਾ ਤੋਂ ਡੇਢ ਮਹੀਨੇ ਦਾ ਸਮਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਕਣਕ ਦੇ ਨਾੜ ਦੀ ਤੂੜੀ ਬਣਾ ਕੇ ਜ਼ਮੀਨ ਵਿਚ ਪਾਣੀ ਛੱਡ ਕੇ ਮੁੱਢਾਂ ਨੂੰ ਜ਼ਮੀਨ ਵਿਚ ਹੀ ਗਲਣ ਦਿੱਤਾ ਜਾਵੇ। ਇਸ ਨਾਲ ਜਿਥੇ ਖੁਰਾਕੀ ਤੱਤ ਜ਼ਮੀਨ ਵਿਚ ਹੀ ਜਜ਼ਬ ਹੋ ਸਕਦੇ ਹਨ, ਉਥੇ ਸੂਖਮ ਜੀਵਾਣੂਆਂ ਦੀ ਤਾਦਾਦ ਵੀ ਬਰਕਰਾਰ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਰੀਪਰ ਰਾਹੀਂ ਇਕ ਏਕੜ ਵਿਚ ਕਣਕ ਦੇ ਨਾੜ ਦੀ ਕਰੀਬ 80 ਫੀਸਦੀ ਤੂੜੀ ਬਣਾਈ ਜਾ ਸਕਦੀ ਹੈ ਅਤੇ ਕਰੀਬ 20 ਫੀਸਦੀ ਕਣਕ ਦੇ ਰਹਿੰਦ-ਖੂੰਹਦ/ਮੁੱਢਾਂ ਨੂੰ ਜ਼ਮੀਨ ਵਿਚ ਹੀ ਦਬਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਤੂੜੀ ਨੂੰ ਪਸ਼ੂਆਂ ਦੇ ਸੁੱਕੇ ਚਾਰੇ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ।  ਸ੍ਰੀ ਸੰਦੀਪ ਹੰਸ ਨੇ ਸੁਚਾਰੂ ਢੰਗ ਨਾਲ ਕਣਕ ਦੀ ਖਰੀਦ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਥੇ ਕਿਸਾਨਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ (90410-72304) ਜਾਰੀ ਕੀਤਾ ਗਿਆ ਹੈ, ਉਥੇ ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਕਰਨ ਲਈ ਮੰਡੀਆਂ ਵੀ ਅਲਾਟ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਦੀ ਚੈਕਿੰਗ ਸਬੰਧੀ ਓਵਰ ਆਲ ਇੰਚਾਰਜ ਐਸ.ਡੀ.ਐਮਜ਼ ਨੂੰ ਬਣਾਇਆ ਗਿਆ ਹੈ ਅਤੇ ਰੋਜ਼ਾਨਾ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਚੈਕਿੰਗ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ।