You are here

26 ਅਪਰੈਲ 'ਤੇ ਵਿਸ਼ੇਸ਼ ਸ਼ਬਦਾਂ ਦੇ ਜਾਦੂਗਰ ਨੂੰ ਯਾਦ ਕਰਦਿਆਂ ✍️ ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਆਓ ਅੱਜ ਤੁਹਾਡੀ ਪੰਜਾਬੀ ਸਾਹਿਤ ਦੀ ਦੁਨੀਆਂ ਦੇ ਸ਼ਬਦਾਂ ਦੇ ਜਾਦੂਗਰ ਨਾਲ਼ ਉਹਨਾਂ ਦੇ ਜਨਮ ਦਿਨ 'ਤੇ ਇੱਕ ਖ਼ਾਸ ਮੁਲਾਕਾਤ ਕਰਵਾਈਏ। ਜਿਸ ਨੇ 'ਪਿਆਰ ਕਬਜਾ ਨਹੀਂ ਪਹਿਚਾਣ'' ਜਿਹੇ ਸੰਕਲਪ ਨੂੰ ਪ੍ਰਵਾਨ ਚੜ੍ਹਾਇਆ। ਇਹ ਸ਼ਬਦਾਂ ਦਾ ਜਾਦੂਗਰ ਹੈ, 'ਗੁਰਬਖ਼ਸ਼ ਸਿੰਘ ਪ੍ਰੀਤਲੜੀ' ਜਿਸ ਨੇ ਪੰਜਾਬੀ ਗਲਪ ਦੇ ਸ਼ਾਹ ਅਸਵਾਰ ਦੇ ਤੌਰ 'ਤੇ ਵਿਚਰਦਿਆਂ ਸਾਹਿਤ ਰਚਦਿਆਂ,ਸਾਹਿਤਕ ਪੱਤਰਕਾਰੀ ਕਰਦਿਆਂ, ਮਾਂ-ਬੋਲੀ ਤੇ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਬਹੁਮੁੱਲਾ ਯੋਗਦਾਨ ਦਿੱਤਾ ਹੈ।

ਉਨ੍ਹਾਂ ਨੇ ਮਾਂ-ਬੋਲੀ ਨੂੰ ਆਪਣੀ ਹੀ ਮੌਜ 'ਚ ਰਹਿਕੇ ਸੰਵਾਰਿਆ, ਤਰਾਸਿਆ, ਮਾਂ-ਬੋਲੀ ਦੇ ਨੈਣ ਨਕਸ਼ਾਂ ਨੂੰ ਆਪਣੇ ਸ਼ਬਦੀ ਹੁਨਰ ਨਾਲ਼ ਸ਼ਿੰਗਾਰਿਆ,ਜਿਸ ਦੀ ਬਦੌਲਤ ਇਕ ਨਵੀਂ ਤੇ ਵੱਖਰੀ ਭਾਸ਼ਾ ਸ਼ੈਲੀ ਦਾ ਜਨਮ ਹੋਇਆ।

ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ 26 ਅਪ੍ਰੈਲ, 1895 ਨੂੰ ਪਸ਼ੌਰਾ ਸਿੰਘ ਦੇ ਘਰ ਮਾਤਾ ਮਾਲਣੀ ਦੀ ਕੁੱਖੋਂ ਹੋਇਆ। ਸੱਤ ਸਾਲਾਂ ਦੀ ਉਮਰੇ ਹੀ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਸੀ। ਆਪ ਦੇ ਮੋਢਿਆਂ 'ਤੇ ਮਾਂ ਤੇ ਦੋ ਭੈਣ ਭਰਾਵਾਂ ਦੀ ਜੁੰਮੇਵਾਰੀ ਆ ਪਈ।

ਬੜੀ ਹਿੰਮਤ ਅਤੇ ਮਿਹਨਤ ਨਾਲ ਸਿਆਲਕੋਟ ਤੋਂ ਦਸਵੀਂ ਪਾਸ ਕਰਕੇ ਐਫ.ਸੀ. ਕਾਲਜ ਲਾਹੌਰ ਵਿਚ ਉਚੇਰੀ ਸਿੱਖਿਆ ਲਈ ਦਾਖ਼ਲਾ ਲਿਆ। ਆਰਥਿਕ ਤੰਗੀ ਕਾਰਨ ਥੋੜ੍ਹੇ ਹੀ ਚਿਰ ਬਾਅਦ ਕਾਲਜ ਛੱਡ ਕੇ 15 ਰੁਪਏ ਮਹੀਨੇ ’ਤੇ ਕਲਰਕ ਦੀ ਨੌਕਰੀ ਕੀਤੀ। ਮਿਹਨਤ ਤੇ ਪੜ੍ਹਾਈ ਦੀ ਤਾਂਘ ਸਦਕਾ ਫਿਰ ਸਿਵਲ ਇੰਜੀਨਿਅਰਿੰਗ ਕਾਲਜ ਰੁੜਕੀ ਵਿਚ ਦਾਖ਼ਲਾ ਲਿਆ।

ਇੱਥੋਂ 1913 ਵਿਚ ਸਿਵਲ ਇੰਜੀਨਿਅਰਿੰਗ ਦਾ ਡਿਪਲੋਮਾ ਕੀਤਾ। ਫਿਰ ਆਪ ਫ਼ੌਜ ਵਿਚ ਭਰਤੀ ਹੋ ਕੇ ਇਰਾਕ ਤੇ ਇਰਾਨ ਚਲੇ ਗਏ। ਉਥੇ ਆਪ ਦੀ ਮੁਲਾਕਾਤ ਇਕ ਇਸਾਈ ਮਿਸ਼ਨਰੀ ਅਫ਼ਸਰ ਨਾਲ ਹੋਈ ਅਤੇ ਉਸੇ ਦੀ ਸਿਫ਼ਾਰਸ਼ ਨਾਲ ਅਮਰੀਕਾ ਦੀ ਨਾਮਵਰ ਮਿਸ਼ੀਗਨ ਯੂਨੀਵਰਸਿਟੀ ਵਿਚ ਇੰਜੀਨਿਅਰਿੰਗ ਦੀ ਉਚੇਰੀ ਸਿੱਖਿਆ ਲਈ ਦਾਖ਼ਲਾ ਲੈ ਲਿਆ। ਅਮਰੀਕਾ ਵਿਖੇ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤੀ ਸਮੇਂ ਗੁਰਬਖ਼ਸ ਸਿੰਘ ਨੇ ਅਮਰੀਕੀ ਸਮਾਜ ਤੇ ਸੱਭਿਆਚਾਰ ਨੂੰ ਬੜੇ ਨਜ਼ਦੀਕ ਹੋ ਕੇ ਵੇਖਿਆ ਹੀ ਨਹੀਂ ਬਲਕਿ ਸਮਝਿਆ ਵੀ ਸੀ। ਉਸ ਸਮੇਂ ਦੇ ਉੱਘੇ ਵਿਦਵਾਨਾਂ ਜਿਨ੍ਹਾਂ ਵਿਚੋਂ ਐਮਰਮਨ ਅਤੇ ਵਿਟਮੈਨ ਦਾ ਨਾਂਅ ਵਿਸ਼ੇਸ਼ ਤੌਰ ‘ਤੇ ਲਿਆ ਜਾ ਸਕਦਾ ਹੈ, ਨੇ ਗੁਰਬਖ਼ਸ ਸਿੰਘ ਦੀ ਸੋਚ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਕੀਤਾ। 

1922 ਵਿਚ ਉਥੋਂ ਬੀ.ਐਸ.ਸੀ. (ਇੰਜੀਨਿਅਰਿੰਗ) ਦੀ ਡਿਗਰੀ ਪ੍ਰਾਪਤ ਕੀਤੀ। ਉਥੋਂ ਦੇਸ਼ ਵਾਪਸ ਆਏ ਤਾਂ ਕਾਫ਼ੀ ਭੱਜ ਦੌੜ ਤੋਂ ਬਾਅਦ ਮਸਾਂ ਰੇਲਵੇ ਦੀ ਨੌਕਰੀ ਲੱਭੀ। 1925 ਵਿਚ ਇਹ ਨੌਕਰੀ ਮਿਲੀ ਅਤੇ 1932 ਵਿਚ ਉਸ ਤੋਂ ਮੁਕਤ ਹੋ ਕੇ ਨੌਸ਼ਹਿਰੇ ਦੇ ਸਥਾਨ ’ਤੇ ਜ਼ਮੀਨ ਠੇਕੇ ’ਤੇ ਲੈ ਕੇ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। 

ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਇਕ ਮਾਅਰਕੇ ਦਾ ਕੰਮ ਆਪ ਨੇ 1933 ਦੇ ਸਤੰਬਰ ਮਹੀਨੇ ਵਿੱਚ ਮਾਸਿਕ ਪੱਤਰ ਪ੍ਰੀਤਲੜੀ ਦੀ ਪ੍ਰਕਾਸ਼ਨਾ ਨਾਲ਼ ਕੀਤਾ। 1936 ਵਿੱਚ ਇਸ ਪਤ੍ਰਿਕਾ ਦਾ ਪ੍ਰਕਾਸ਼ਨ ਮਾਡਲ ਟਾਊਨ ਤੋਂ ਹੋਣ ਲੱਗਾ, ਪਰ 1938 ਵਿੱਚ ਇਸ ਦੀ ਛਾਪਣ ਦੀ ਵਿਵਸਥਾ ਪ੍ਰੀਤ ਨਗਰ ਤੋਂ ਹੀ ਕੀਤੀ ਜਾਣ ਲੱਗੀ। ਜੂਨ 1939 ਤੋਂ ਪ੍ਰੀਤਲੜੀ ਦਾ ਹਿੰਦੀ ਪ੍ਰਕਾਸ਼ਨ ਸ਼ੁਰੂ ਹੋਇਆ,ਪਰ ਪਾਠਕਾਂ ਦੀ ਘਾਟ ਬਹੁਤ ਚਿਰ ਚੱਲ ਨਾ ਸਕਿਆ। ਅਗਸਤ 1939 ਵਿੱਚ ਉਰਦੂ ਵਿਚ ਵੀ ਛਪਣ ਲੱਗਾ, ਜੋ ਕਿ ਦੇਸ਼ ਵੰਡ ਤੱਕ ਜਾਰੀ ਰਿਹਾ। ਅਗਸਤ 1947 ਤੋਂ ਲੈ ਕੇ ਅਪ੍ਰੈਲ 1948 ਪ੍ਰੀਤ ਲੜੀ ਦਾ ਕੋਈ ਅੰਕ ਨਹੀਂ ਛਪਿਆ। ਮਈ 1948 ਤੋਂ 49 ਤੱਕ ਇਸ ਦਾ ਪ੍ਰਕਾਸ਼ਨ ਮਹਿਰੌਲੀ (ਦਿੱਲੀ) ਤੋਂ ਹੋਣ ਲੱਗਾ। ਦਸੰਬਰ 1950 ਤੋਂ ਪ੍ਰੀਤ ਨਗਰ ਤੋਂ ਛਪਣ ਲੱਗਾ। ਇਹ ਮਾਸਿਕ ਪੱਤਰ ਹੁਣ ਤੱਕ ਸਾਹਿਤ ਨਾਲ਼ ਜੁੜੇ ਪਾਠਕਾਂ ਦਾ ਹਰਮਨ ਪਿਆਰਾ ਪੱਤਰ ਬਣਿਆ ਹੋਇਆ ਹੈ।

1938 ਵਿੱਚ ਆਪ ਨੇ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਕਾਰ ਪਿੰਡ ਲੋਪੋ ਦੀ 

376 ਵਿੱਘੇ ਬੰਜਰ ਜ਼ਮੀਨ, ਕਵੀ ਧਨੀਰਾਮ ਚਾਤ੍ਰਿਕ ਰਾਹੀਂ 40 ਹਜ਼ਾਰ ਦੀ ਖ਼ਰੀਦ ਕੇ ਪ੍ਰੀਤ ਨਗਰ ਦੀ ਸਥਾਪਨਾ ਕੀਤੀ। ਸੱਤ ਜੂਨ 1938 ਵਿਚ ਨੂੰ ਪਹਿਲਾ ਜਥਾ ਇੱਥੇ ਪ੍ਰੀਤਨਗਰ ਪੁੱਜਾ ਸੀ।

ਇੱਥੇ ਹੀ ਆਪ ਨੇ 1940 ਵਿਚ ਬਾਲ ਸੰਦੇਸ਼ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ। 1947 ਵਿਚ ਦੇਸ਼ ਦੀ ਵੰਡ ਸਮੇਂ ਪ੍ਰੀਤ ਨਗਰ ਉੱਜੜ ਗਿਆ ਅਤੇ ਗੁਰਬਖ਼ਸ਼ ਸਿੰਘ ਦਿੱਲੀ ਚਲੇ ਗਏ ਤੇ ਉਸ ਸਮੇਂ ਉਥੇ ਡਾ.ਮਹਿੰਦਰ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਸਨ, ਉਹਨਾਂ ਨੇ ਆਪ ਦੀ ਬਹੁਤ ਸਹਾਇਤਾ ਕੀਤੀ ਪਰ ਦਿੱਲੀ ਵਿੱਚ ਆਪ ਦਾ ਦਿਲ ਨਹੀਂ ਲੱਗਿਆ ਤੇ ਫਿਰ 1950 ਵਿਚ ਪ੍ਰੀਤਨਗਰ ਵਿਚ ਮੁੜ ਆਏ ਅਤੇ ਉਸ ਦੀ ਪੁਨਰ ਸਥਾਪਨਾ ਵਿਚ ਜੁਟ ਗਏ ਅਤੇ ਆਖ਼ਰੀ ਦਮ ਤੱਕ ਇੱਥੇ ਰਹੇ। 

ਪੰਜਾਬੀ ਸਾਹਿਤ ਦੀ ਝੋਲੀ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਜੋ ਵੀ ਲਿਖਿਆ,ਆਓ ਇੱਥੇ ਇੱਕ ਝਾਤ ਆਪਾਂ ਉਸ ਵੱਲ ਵੀ ਮਾਰੀਏ:-

ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਪਹਿਲੀ ਕਹਾਣੀ ਪ੍ਰਤਿਮਾ 1913 ਵਿਚ ਲਿਖੀ ਗਈ ਸੀ ਜਦੋਂ ਅਜੇ ਉਹ ਉਮਰ ਦੇ 18ਵੇਂ ਵਰ੍ਹੇ ਵਿਚ ਸਨ। 

ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ 12 ਕਹਾਣੀ ਸੰਗ੍ਰਹਿ ਦਿੱਤੇ ਹਨ; ਜਿਵੇਂ:-ਪ੍ਰੀਤ ਕਹਾਣੀਆਂ, ਅਨੋਖੇ ਤੇ ਇਕੱਲੇ, ਨਾਗ ਪ੍ਰੀਤ ਦਾ ਜਾਦੂ, ਅਸਮਾਨੀ ਮਹਾਂਨਦੀ, ਵੀਣਾ ਵਿਨੋਦ, ਪ੍ਰੀਤਾਂ ਦੀ ਪਹਿਰੇਦਾਰ, ਭਾਬੀ ਮੈਨਾ, ਆਖ਼ਰੀ ਸਬਕ, ਸ਼ਬਨਮ, ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਜ਼ਿੰਦਗੀ ਵਾਰਿਸ ਹੈ, ਰੰਗ ਸਹਿਕਦਾ ਦਿਲ।

ਆਪ ਦੇ ਪੰਜਾਬੀ ਸਾਹਿਤ ਹਿੱਸੇ 27 ਨਿਬੰਧ ਸੰਗ੍ਰਹਿ ਦਿੱਤੇ, ਜਿਵੇਂ ਪ੍ਰੀਤ ਮਾਰਗ, ਖੁੱਲ੍ਹਾ ਦਰ, ਫ਼ੈਸਲੇ ਦੀ ਘੜੀ, ਰੋਜ਼ਾਨਾ ਜ਼ਿੰਦਗੀ ਦੀ ਸਾਇੰਸ, ਸਾਵੀਂ ਪੱਧਰੀ ਜ਼ਿੰਦਗੀ, ਮਨੋਹਰ ਸਖ਼ਸ਼ੀਅਤ, ਪਰਮ ਮਨੁੱਖ, ਪ੍ਰਣ ਪੁਸਤਕ, ਮੇਰੇ ਝਰੋਖੇ ’ਚੋਂ, ਮੇਰੀਆਂ ਅਭੁੱਲ ਯਾਦਾਂ, ਪ੍ਰਸੰਨ ਲੰਬੀ ਉਮਰ, ਇਕ ਦੁਨੀਆ ਤੇ ਤੇਰਾਂ ਸੁਪਨੇ, ਸਵੈ ਪੂਰਨਤਾ ਦੀ ਲਗਨ, ਚੰਗੇਰੀ ਦੁਨੀਆਂ, ਸਾਡੇ ਵਾਰਿਸ, ਨਵਾਂ ਸ਼ਿਵਾਲਾ, ਤਾਜ਼ ਤੇ ਸਰੂ, ਕੁਦਰਤੀ ਮਜ਼੍ਹਬ, ਭਖਦੀ ਜੀਵਨ ਚੰਗਿਆੜੀ, ਨਵੀਂ ਤਕੜੀ ਦੁਨੀਆਂ, ਖ਼ੁਸ਼ਹਾਲ ਜੀਵਨ, ਰੀਝਾਂ ਦੀ ਖੱਡੀ, ਜ਼ਿੰਦਗੀ ਦੀ ਰਾਸ, ਜੁੱਗਾਂ ਪੁਰਾਣੀ ਗੱਲ, ਬੰਦੀ ਛੋੜ ਗੁਰੂ ਨਾਨਕ, ਸਰਬਪੱਖੀ ਨਾਇਕ, ਜ਼ਿੰਦਗੀ ਦੀ ਡਾਟ ਆਦਿ ਹਨ।

ਆਪ ਨੇ ਰਾਜ ਕੁਮਾਰੀ ਲਤਿਕਾ, ਪ੍ਰੀਤ ਮੁਕਟ, ਪ੍ਰੀਤ ਮਣੀ, ਪੂਰਬ-ਪੱਛਮ, ਸਾਡੀ ਹੋਣੀ ਦਾ ਲਿਸ਼ਕਾਰਾ, ਕੋਧਰੇ ਦੀ ਰੋਟੀ ਨਾਟਕ ਵੀ ਲਿਖੇ। 

ਆਪ ਨੇ ਅਣਵਿਆਹੀ ਮਾਂ, ਰੁੱਖਾਂ ਦੀ ਜਿਰਾਂਦ ਨਾਵਲ ਵੀ ਲਿਖੇ। 

ਆਪ ਨੇ ਆਪਣੀ ਸਵੈ-ਜੀਵਨੀ ਮੰਜ਼ਿਲ ਦਿਸ ਪਈ, ਮੇਰੀ ਜੀਵਨ ਕਹਾਣੀ ਭਾਗ-1, ਮੇਰੀ ਜੀਵਨ ਕਹਾਣੀ ਭਾਗ-2 ਲਿਖੀਆਂ। 

ਇਸ ਤੋਂ ਇਲਾਵਾ ਗੁਰਬਖ਼ਸ਼ ਸਿੰਘ ਅਨੁਵਾਦ ਵੀ ਕੀਤੇ ਜਿਵੇਂ ਮਾਂ, ਏਸ਼ੀਆ ਦਾ ਚਾਨਣ, ਸੁਪਨੇ, ਆਖ਼ਰੀ ਸ਼ਬਦ, ਮੌਲੀਘਰ ਦੇ ਨਾਟਕ, ਘਾਹ ਦੀਆਂ ਪੱਤੀਆਂ, ਜ਼ਿੰਦਗੀ ਦੇ ਰਾਹਾਂ ’ਤੇ ਆਦਿ।

ਆਪ ਨੇ ਰੀਝਾਂ ਦੀ ਖੱਡੀ, ਮੁਰਾਦਾਂ ਪੂਰੀਆਂ ਕਰਨ ਵਾਲਾ ਖੂਹ,ਪਰੀਆਂ ਦਾ ਮੋਚੀ, ਗੁਲਾਬੋ, ਜੁੱਗਾਂ ਪੁਰਾਣੀ ਗੱਲ, ਗੁਲਾਬੀ ਐਨਕਾਂ ਆਦਿ ਲਿਖਕੇ ਬਾਲ ਸਾਹਿਤ ਦੀ ਝੋਲੀ ਵਿੱਚ ਵੀ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਪੰਜਾਬੀ ਸਾਹਿਤ ਦਾ ਇਹ 'ਪ੍ਰੀਤਾਂ ਦਾ ਪਹਿਰੇਦਾਰ' ਸ਼ਬਦਾਂ ਦੀ ਜਾਦੂਗਰੀ ਨਾਲ਼ ਸਾਂਝ ਨਿਭਾਉਂਦਿਆਂ ਗੁਰਬਖਸ਼ ਸਿੰਘ ਪ੍ਰੀਤਲੜੀ ਅੰਤ 20 ਅਗਸਤ 1977 ਨੂੰ ਪੀ.ਜੀ.ਆਈ. ਸਵੇਰੇ ਛੇ ਵਜੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਿਆ। 

 

 ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)