ਲੁਧਿਆਣਾ, ਜੁਲਾਈ 2020( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) - ਲੁਧਿਆਣਾ ਵਿਚ ਅੱਜ ਕੋਰੋਨਾ ਵਾਇਰਸ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨੇ ਕੇਵਲ ਲੁਧਿਆਣਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਕਿਉਂਕਿ ਲੁਧਿਆਣਾ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉੱਥੇ ਇਸ ਦੇ ਨਾਲ ਨਾਲ 2 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ। ਜਿਲ੍ਹਾ ਸਿਹਤ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ 2 ਔਰਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੋਵੇਂ ਮ੍ਰਿਤਕ ਔਰਤਾਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਜੇਰੇ ਇਲਾਜ ਸਨ ।ਮ੍ਰਿਤਕਾਂ ਵਿਚ 70 ਸਾਲਾ ਇਕ ਔਰਤ ਲੁਧਿਆਣਾ ਦੇ ਇਲਾਕੇ ਗਾਂਧੀ ਨਗਰ ਨਾਲ ਜਦਕਿ ਦੂਜੀ ਮ੍ਰਿਤਕ ਔਰਤ ਮੁਕਤਸਰ ਨਾਲ ਸਬੰਧਿਤ ਸੀ। ਇਸ ਮ੍ਰਿਤਕ ਔਰਤ ਦੀ ਉਮਰ ਲਗਭਗ 65 ਸਾਲ ਦੇ ਕਰੀਬ ਸੀ ।ਦੋਵੇਂ ਮ੍ਰਿਤਕ ਔਰਤਾਂ ਕੋਰੋਨਾ ਦੀ ਲਪੇਟ ਚ ਆਉਣ ਤੋਂ ਪਹਿਲਾਂ ਸਾਹ ਸ਼ੂਗਰ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਜਿੱਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਅੱਜ 84 ਮਾਮਲੇ ਹੋਰ ਸਾਹਮਣੇ ਆਏ ਹਨ ਜਿਨ੍ਹਾਂ ਵਿਚ 7 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ ।