You are here

ਸੌਖਾ ਕੰਮ ਨਹੀਂ ਤਸਵੀਰਾਂ ਲਗਵਾਉਣਾ ✍️ ਸਲੇਮਪੁਰੀ ਦੀ ਚੂੰਢੀ

ਪੰਜਾਬ ਦੇ ਲੋਕਾਂ ਦੀ ਵੋਟਾਂ ਲੈਣ ਲਈ ਭਾਵੇਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਚੋਣਾਂ ਵਿੱਚ ਬਹੁਮਤ ਹਾਸਿਲ ਕਰਨ ਤੋਂ ਬਾਅਦ ਪੰਜਾਬ ਦੀ ਵਾਗਡੋਰ ਸੰਭਾਲ ਚੁੱਕੇ ਮੁੱਖ ਮੰਤਰੀ  ਭਗਵੰਤ  ਮਾਨ ਇਹ ਐਲਾਨ ਕਰ ਰਹੇ ਹਨ ਕਿ, ਰਾਜ ਦੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਨਹੀਂ, ਬਲਕਿ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਅਤੇ ਦੇਸ਼ ਦੀ ਆਜਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ-ਏ-ਆਜਮ ਭਗਤ ਸਿੰਘ ਦੀਆਂ ਹੀ ਤਸਵੀਰਾਂ ਲਗਾਈਆਂ ਜਾਣਗੀਆਂ, ਪਰੰਤੁ ਮੌਜੂਦਾ ਸਰਕਾਰ ਦੇ ਇਸ ਐਲਾਨ ਨੂੰ ਪੂਰਾ ਕਰਨਾ ਸੌਖਾ ਨਹੀਂ ਹੈ, ਕਿਓੰਕਿ ਪੰਜਾਬ ਸਰਕਾਰ ਵੱਲੋਂ 24 ਅਪ੍ਰੈਲ 1979 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਰਕਾਰ ਰਾਜ ਦੇ ਸਰਕਾਰੀ ਦਫਤਰਾਂ ਵਿੱਚ ਕੇਵਲ ਰਾਸ਼ਟਰ ਪਿਤਾ ਦੇ ਤੌਰ ਤੇ ਮੋਹਨ ਦਾਸ ਕਰਮਚੰਦ ਗਾਂਧੀ, ਮੌਜੂਦਾ ਰਾਸ਼ਟਰਪਤੀ, ਮੌਜੂਦਾ ਪ੍ਰਧਾਨ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ ਦੀਆਂ ਤਸਵੀਰਾਂ ਦੀ ਲਗਾਉਣ ਦਾ ਉਪਬੰਧ ਕੀਤਾ ਗਿਆ ਹੈ। ਭਾਰਤੀ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਦੇ ਕੌਮੀ  ਸੰਯੁਕਤ ਸਕੱਤਰ ਰਾਜਕੁਮਾਰ ਸਾਥੀ ਵੱਲੋਂ ਪੰਜਾਬ ਦੇ ਸਰਕਾਰੀ ਦਫਤਰਾਂ ਵਿੱਚ ਸੰਵਿਧਾਨ ਦੇ ਰਚਨਹਾਰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਦੀ ਤਸਵੀਰ ਲਗਾਉਣ ਲਈ ਕੀਤੀ ਗਈ ਅਪੀਲ ਦੇ ਜਵਾਬ ਵਿੱਚ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਰਾਜਨੀਤੀ ਸ਼ਾਖਾ-1) ਵੱਲੋਂ ਕੁਝ ਅਜਿਹਾ ਹੀ ਦੱਸਿਆ ਗਿਆ ਹੈ। ਸਰਕਾਰ ਵੱਲੋਂ ਮਿਤੀ 27 ਜਨਵਰੀ 2020 ਨੂੰ ਭੇਜੇ ਗਏ ਪੱਤਰ ਨੰਬਰ ਜੀਏਡੀ-ਪੀਓਐਲਐਮਐਮ/4/2020-3 ਪੀਓਐਲ-1/92 ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਦਫਤਰਾਂ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਦੀ ਤਸਵੀਰ ਲਗਵਾਉਣ ਸੰਬੰਧੀ ਕੋਈ ਉਪਬੰਧ ਨਹੀਂ ਹੈ।
ਰਾਜਕੁਮਾਰ ਸਾਥੀ ਨੇ ਦੱਸਿਆ ਕਿ ਭਾਵੇਂ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਹੋਈਆਂ ਵਿਧਾਨਸਭਾ ਚੋਣਾਂ ਤੋ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਰਾਜ ਦੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਬਜਾਏ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਅਤੇ ਸ਼ਹੀਦੇ-ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਹੀ ਲੱਗਣਗੀਆਂ। ਚੋਣਾਂ ਜਿੱਤਣ ਤੋਂ ਬਾਦ ਅੱਜ ਬਤੌਰ ਮੁੱਖ ਮੰਤਰੀ ਸਹੁੰ ਚੁੱਕ ਚੁੱਕੇ ਸ ਭਗਵੰਤ ਮਾਨ ਵੱਲੋਂ ਵੀ ਅਜਿਹਾ ਹੀ ਐਲਾਨ ਕੀਤਾ ਜਾ ਰਿਹਾ ਹੈ, ਪਰੰਤੁ ਉਹਨਾਂ ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਜਦ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਵਿੱਚ ਹੀ ਚਾਰ ਤਸਵੀਰਾਂ (ਮੋਹਨ ਦਾਸ ਕਰਮਚੰਦ ਗਾਂਧੀ ਭਾਵ ਮਹਾਤਮਾ ਗਾਂਧੀ, ਮੌਜੂਦਾ ਰਾਸ਼ਟਰਪਤੀ, ਮੌਜੂਦਾ ਪ੍ਰਧਾਨਮੰਤਰੀ ਤੇ ਮੌਜੂਦਾ ਮੁੱਖ ਮੰਤਰੀ) ਲਗਾਉਣ ਦਾ ਹੀ ਆਦੇਸ਼ ਹੈ, ਤਾਂ ਬਾਬਾ ਸਾਹਿਬ ਅਤੇ ਸ਼ਹੀਦੇ ਆਜ਼ਮ ਦੀਆਂ ਤਸਵੀਰਾਂ ਕਿਵੇਂ ਲੱਗਣਗੀਆਂ। ਸਾਥੀ ਨੇ ਕਿਹਾ ਕਿ ਦੇਸ਼ ਨੂੰ ਆਜਾਦ ਕਰਵਾਉਣ ਅਤੇ ਦੇਸ਼ ਨੂੰ ਚਲਾਉਣ ਲਈ ਸੰਵਿਧਾਨ ਦੇਣ ਵਾਲੇ ਮਹਾਪੁਰਖਾਂ ਦੀਆਂ ਤਸਵੀਰਾਂ ਸਰਕਾਰੀ ਦਫਤਰਾਂ ਵਿੱਚ ਲੱਗਣ ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਜਿਥੇ ਖੁਸ਼ੀ ਹੋਵੇਗੀ ਉਥੇ ਦੇਸ਼ ਦੇ ਲੋਕਾਂ ਵਿਚ ਦੇਸ਼ ਪ੍ਰਤੀ ਪਿਆਰ ਅਤੇ ਸੇਵਾ ਭਾਵਨਾ ਵੀ ਪ੍ਰਚੰਡ ਹੋਵੇਗੀ, ਕਿਉਂਕਿ ਦੋਵੇਂ ਸ਼ਖਸੀਅਤਾਂ ਦੇਸ਼ ਲਈ ਇੱਕ ਰਾਹ ਦਿਸੇਰਾ ਅਤੇ ਚਾਨਣ ਮੁਨਾਰਾ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਦੂਜੇ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।

- ਸੁਖਦੇਵ ਸਲੇਮਪੁਰੀ
09780620233
9463128333
16 ਮਾਰਚ, 2022.