You are here

ਲੁਧਿਆਣਾ

ਸਰਕਾਰੀ ਕਾਲਜ (ਲੜਕੀਆਂ) ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ

ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ, ਜਾਗਰੂਕਤਾ ਅਤੇ ਫਰਜ਼ ਨੂੰ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਸਮਾਗਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਕੀਤੀ। ਇਸ ਮੌਕੇ ਉਹਨਾਂ ਨਾਲ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ), ਅਮਿਤ ਬੈਂਬੀ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਅਮਰਜੀਤ ਸਿੰਘ ਬੈਂਸ ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਚੋਣ ਪ੍ਰਕਿਰਿਆ ਦੌਰਾਨ ਆਪਣੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ। ਉਹਨਾਂ ਦੱਸਿਆ ਕਿ ਵੋਟ ਦੀ ਮਹੱਤਤਾ ਨੂੰ ਦੇਖਦਿਆ ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ, 2011 ਤੋਂ 'ਰਾਸ਼ਟਰੀ ਵੋਟਰ ਦਿਵਸ' ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਲੋਕਤੰਤਰ ਦੀ ਰੱਖਿਆ ਅਤੇ ਮਜਬੂਤੀ ਲਈ ਵੋਟ ਇੱਕ ਵੱਡਾ ਹਥਿਆਰ ਹੈ, ਜੋ ਕਿ ਸਾਡਾ ਸੰਵਿਧਾਨਕ ਅਧਿਕਾਰ ਹੈ। ਉਹਨਾਂ ਕਿਹਾ ਕਿ ਵੋਟ ਪਾਉਣਾ ਸਾਡਾ ਫਰਜ਼ ਬਣਦਾ ਹੈ, ਹਰ ਕਿਸੇ ਨੂੰ ਆਪਣੀ ਇਹ ਡਿਊਟੀ ਜਿੰਮੇਵਾਰੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਕਿ ਸਾਡੇ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ। ਉਹਨਾਂ ਕਿਹਾ ਕਿ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤੱਵਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਾਨ ਵੱਲੋਂ ਨਿਭਾਈ ਸ਼ਾਨਦਾਰ ਡਿਊਟੀ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਮੀਦ ਜਤਾਈ ਕਿ ਜ਼ਿਲ੍ਹਾ ਚੋਣ ਦਫ਼ਤਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਨੌ ਜਵਾਨਾਂ ਨੂੰ ਵੋਟਰ ਬਣਾਉਣ ਅਤੇ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਜਾਗਰੂਕ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਐਸ.ਡੀ.ਐਮ. ਲੁਧਿਆਣਾ (ਪੂਰਬੀ) ਸ੍ਰ. ਅਮਰਜੀਤ ਸਿੰਘ ਬੈਂਸ ਨੂੰ ਸਭ ਤੋਂ ਵਧੀਆ ਈ.ਆਰ.ਓ. ਵਜੋਂ, ਬੀ. ਐੱਲ. ਓ. ਵਜੋਂ ਬਲਜੀਤ ਸਿੰਘ ਅਤੇ ਜ਼ਿਲ੍ਹਾ ਪੱਧਰੀ ਸਵੀਪ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਸ਼ਨ, ਪੋਸਟਰ ਅਤੇ ਹੋਰ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਅਦਾਰਿਆਂ ਨਾਲ ਸੰਬੰਧਤ ਵਿਦਿਆਰਥੀਆਂ ਨੇ ਰੰਗਾਰੰਗ ਪੇਸ਼ਕਾਰੀਆਂ ਅਤੇ ਅਗਾਂਹਵਧੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਆਪਣੇ ਗੀਤ ਰਾਹੀਂ ਵੋਟਰ ਬਣਨ ਅਤੇ ਵੋਟ ਦਾ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖ਼ਤੀ ਕਾਰਡ ਵੰਡੇ ਗਏ। ਡਿਪਟੀ ਕਮਿਸ਼ਨਰ ਵੱਲੋਂ ਸਮੂਹ ਹਾਜ਼ਰੀਨ ਨੂੰ ਵੋਟਰ ਪ੍ਰਣ ਵੀ ਕਰਵਾਇਆ ਗਿਆ।

ਬੈਕਫਿੰਕੋ ਵੱਲੋਂ ਲੁਧਿਆਣਾ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ 27 ਨੂੰ

ਉਪ ਚੇਅਰਮੈਨ ਮੁਹੰਮਦ ਗੁਲਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ
ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੱਛੜੀਆਂ ਸ਼੍ਰੇਣੀਆਂ ਨਾਲ ਸੰਬੰਧਤ ਵਿਅਕਤੀਆਂ ਨੂੰ ਬੈਕਫਿੰਕੋ (ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ) ਵੱਲੋਂ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੈਕਫਿੰਕੋ ਦੇ ਡੀ. ਜੀ. ਐੱਮ. ਸ੍ਰ. ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਜਾਗਰੂਕਤਾ ਕੈਂਪ ਮਿਤੀ 27 ਜਨਵਰੀ, 2020 ਦਿਨ ਸੋਮਵਾਰ ਨੂੰ ਡਾ. ਅੰਬੇਦਕਰ ਭਵਨ, ਬੈਕਫਿੰਕੋ ਭਵਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬੈਕਫਿੰਕੋ ਦੇ ਉੱਪ ਚੇਅਰਮੈਨ ਮੁਹੰਮਦ ਗੁਲਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਕੈਂਪ ਦੌਰਾਨ ਬੇਰੁਜ਼ਗਾਰ ਵਿਅਕਤੀਆਂ ਦੇ ਕਰਜ਼ਾ ਫਾਰਮ ਵੀ ਭਰੇ ਜਾਣਗੇ।

ਪੰਜਾਬ ਵਿੱਚ ਟਿੱਡੀ ਦਲ ਰਾਜਸਥਾਨ ਵੱਲੋਂ ਮੌਜੂਦਾ ਹਮਲੇ ਦਾ ਖਦਸ਼ਾ ਘਟਿਆ, ਪਰ ਸੁਚਤੇ ਰਹਿਣ ਦੀ ਲੋੜ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਭਾਰਤ ਵਿੱਚ ਟਿੱਡੀ ਦਲ ਦੀ ਪਲੇਗ ਸਾਲ 1962-63 ਤੱਕ ਹੀ ਵੇਖੀ ਗਈ ਹੈ ਜਦ ਕਿ ਆਖਰੀ ਵਾਰ ਇਸ ਦੇ ਪੂਰਣ ਸਵਾਰਮ 1993 ਅਤੇ ਛੋਟੇ ਸਵਾਰਮ 2010 ਵਿੱਚ ਵੇਖਣ ਵਿੱਚ ਆਏ ਹਨ। ਟਿੱਡੀ ਦਲ ਚੇਤਾਵਨੀ ਸੰਗਠਨ (ਐਲ ਡਬਲਯੂ ਓ) ਭਾਰਤ ਵਿੱਚ ਰਾਜਸਥਾਨ ਅਤੇ ਗੁਜਰਾਤ ਦੇ ਨਿਰਧਾਰਤ ਰੇਗਿਸਤਾਨ ਖੇਤਰ ਵਿੱਚ ਇਸ ਦਾ ਨਿਯਮਿਤ ਸਰਵੇਖਣ ਕਰਦਾ ਹੈ ਤਾਂ ਜੋ ਟਿੱਡੀ ਦਲ ਦੀ ਮੌਜੂਦਗੀ ਦੀ ਨਿਗਰਾਨੀ ਕੀਤੀ ਜਾ ਸਕੇ। ਜੇ ਟਿੱਡੀਆਂ ਦੀ ਗਿਣਤੀ 10,000 ਬਾਲਗ ਟਿੱਡੀਆਂ ਪ੍ਰਤੀ ਹੈਕਟੇਅਰ ਜਾਂ 5 ਤੋਂ 6 ਟਿੱਡੀਆਂ ਪ੍ਰਤੀ ਝਾੜੀ (ਇਕਨਾਮਿਕ ਥਰੈਸ਼ਹੋਲਡ ਲੈਵਲ) ਹੋਵੇ ਤਾਂ ਇਸ ਨੂੰ ਨਿਯੰਤਰਣ ਦੀ ਲੋੜ ਹੁੰਦੀ ਹੈ। ਰਾਜਸਥਾਨ ਅਤੇ ਗੁਜਰਾਤ ਸੂਬੇ ਤੋਂ ਬੀਤੇ ਕੁੱਝ ਦਿਨਾਂ ਤੋਂ ਟਿੱਡੀ ਦਲ ਦੇ ਹਮਲੇ ਅਤੇ ਰੋਕਥਾਮ ਦੀਆਂ ਖਬਰਾਂ ਆ ਰਹੀਆਂ ਹਨ। ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਵਿੱਚ ਟਿੱਡੀ ਦਲ ਦੇ ਪੰਜਾਬ ਚ’ ਰਾਜਸਥਾਨ ਅਤੇ ਪਾਕਿਸਤਾਨ ਬਾਰਡਰ ਨਾਲ ਲਗਦੇ ਜ਼ਿਲਿਆਂ ਵਿਚ ਦਾਖਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਸਰਦੀਆਂ ਦੇ ਮੌਸਮ ਵਿੱਚ ਟਿੱਡੀ ਦਲ ਦੇ ਹਾਪਰਾਂ ਦਾ ਇਹ ਇੱਕ ਨਵਾਂ ਵਰਤਾਰਾ ਹੈ ਅਤੇ ਇਹ ਮੌਸਮ ਤਬਦੀਲੀਆਂ ਦੀਆਂ ਘਟਨਾਵਾਂ ਨਾਲ ਜੁੜਿਆ ਹੋ ਸਕਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ, ਪੰਜਾਬ ਪੂਰੀ ਸਤਰਕਤਾ ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਟਿੱਡੀ ਦਲ ਵਾਸਤੇ ਸਰਵੇਖਣ ਕਰ ਰਿਹਾ ਹੈ। ਅਜੇ ਤੱਕ ਪੰਜਾਬ ਵਿੱਚ ਕਿਸੇ ਵੀ ਥਾਂ ਉੱਤੇ ਟਿੱਡੀ ਦਲ ਦਾ ਨੁਕਸਾਨ ਵੇਖਣ ਵਿੱਚ ਨਹੀਂ ਆਇਆ ਹੈ। ਤਾਜ਼ਾ ਸਰਵੇਖਣਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਗੁੰਮਜਾਲ, ਡੰਗਰਖੇੜਾ, ਪੰਜਾਵਾ, ਪੰਨੀਵਾਲਾ ਮਾਹਲਾ, ਅਚੜਕੀ, ਭੰਗਰਖੇੜਾ, ਰੂਪਨਗਰ, ਬਾਰੇਕਾ, ਬਕੈਣਵਾਲਾ, ਹਰੀਪੁਰਾ, ਖੁਈਆਂ ਸਰਵਰ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਰਾਣੀਵਾਲਾ, ਮਿੱਡਾ, ਅਸਪਾਲ, ਵਿਰਕ ਖੇੜਾ, ਭਾਗਸਰ ਆਦਿ ਪਿੰਡਾਂ ਵਿੱਚ ਟਿੱਡੀ ਦਲ ਦੇ ਕੁੱਝ ਹਾਪਰ ਜਾਂ ਛੋਟੇ ਸਮੂਹ (5-20 ਟਿੱਡੇ) ਪਾਏ ਗਏ ਹਨ। ਇਹ ਘੱਟ ਗਿਣਤੀ ਟਿੱਡੇ ਫ਼ਸਲਾਂ ਆਦਿ ਨੂੰ ਆਮ ਟਿੱਡੀਆਂ ਵਾਂਗ ਹੀ ਨੁਕਸਾਨ ਕਰ ਸਕਦੇ ਹਨ। ਇਸ ਸਮੇਂ ਕਿਸਾਨ ਵੀਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਨਾ ਕਿ ਸੋਸ਼ਲ ਮੀਡੀਆ ਤੇ ਚਲ ਰਹੀਆਂ ਕੁੱਝ ਖਬਰਾਂ ਤੋਂ ਘਬਰਾ ਕੇ ਛਿੜਕਾਅ ਕਰਨ ਦੀ। ਟਿੱਡੀ ਦਲ ਦੇ ਬਾਲਗ ਕੀੜੇ ਦੀ ਪਹਿਚਾਣ ਇਸ ਦੇ ਪੀਲੇ ਰੰਗ ਦੇ ਸ਼ਰੀਰ ਉਪਰ ਕਾਲੇ ਰੰਗ ਦੇ ਨਿਸ਼ਾਨਾਂ ਅਤੇ ਜਬਾੜੇ ਗੂੜ੍ਹੇ ਜਾਮਣੀ ਤੋਂ ਕਾਲੇ ਰੰਗ ਤੋਂ ਹੁੰਦੀ ਹੈ। ਡਾ ਪਰਦੀਪ ਕੁਮਾਰ ਛੁਨੇਜਾ, ਮੁਖੀ, ਕੀਟ ਵਿਗਿਆਨ ਵਿਭਾਗ, ਪੀ ਏ ਯੂ, ਲੁਧਿਆਣਾ ਨੇ ਕਿਸਾਨ ਵੀਰਾਂ ਦੀ ਜਾਣਕਾਰੀ ਹਿੱਤ ਦੱਸਿਆ ਕਿ ਮੌਜੂਦਾ ਟਿੱਡੀ ਦਲ ਦੇ ਕੁੱਝ ਟਿੱਡੀਆਂ ਜਾਂ ਇਸ ਦੇ ਛੋਟੇ ਸਮੂਹ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਫ਼ਸਲਾਂ ਆਦਿ ਦਾ ਆਰਥਿਕ ਨੁਕਸਾਨ ਕਰਨ ਦੀ ਸਮਰੱਥਾ ਨਹੀਂ ਰੱਖਦੇ। ਉਨ੍ਹਾਂ ਦੱਸਿਆ ਕਿ ਰਾਜਸਥਾਨ ਵੱਲੋਂ ਕਿਸੇ ਵੱਡੇ ਸਮੂਹ ਦੇ ਆਉਣ ਦਾ ਖਤਰਾ ਨਹੀਂ ਹੈ ਕਿਉਂਕਿ ਸਥਿਤੀ ਤੇ ਕਾਬੁ ਪਾ ਲਿਆ ਗਿਆ ਹੈ। ਸਰਹੱਦ ਦੇ ਉਸ ਪਾਰੋਂ ਕਿਸੇ ਨਵੇਂ ਟਿੱਡੀ ਦਲ ਦੇ ਸਮੂਹ ਦੀ ਆਮਦ ਉੱਪਰ ਟਿੱਡੀ ਦਲ ਚੇਤਾਵਨੀ ਸੰਗਠਨ, ਖੇਤੀਬਾੜੀ ਵਿਭਾਗ, ਪੰਜਾਬ ਅਤੇ ਪੀ ਏ ਯੂ ਦੇ ਸਾਇੰਸਦਾਨਾਂ ਨੇ ਲਗਾਤਾਰ ਨਿਗਰਾਨੀ ਰੱਖੀ ਹੋਈ ਹੈ। ਕਿਸਾਨ ਵੀਰਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਕੀੜੇ ਦੇ ਹਮਲੇ ਸਬੰਧੀ ਚੌਕਸ ਰਹਿਣ ਅਤੇ ਜੇਕਰ ਟਿੱਡੀ ਦਲ ਦੇ ਸਮੂਹ ਦਾ ਹਮਲਾ ਖੇਤਾਂ ਵਿੱਚ ਦਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਜਲਦ ਤੋਂ ਜਲਦ ਪੀ ਏ ਯੂ ਜਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੂੰ ਦੇਣ ਤਾਂ ਜੋ ਇਸ ਕੀੜੇ ਦੀ ਸੁਚੱਜੀ ਰੋਕਥਾਮ ਕਰਕੇ ਫ਼ਸਲਾਂ ਅਤੇ ਹੋਰ ਬਨਸਪਤੀ ਨੂੰ ਬਚਾਇਆ ਜਾ ਸਕੇ।

ਗਣਤੰਤਰ ਦਿਵਸ ਦੀ ਤਿਆਰੀ ਸੰਬੰਧੀ ਫੁੱਲ ਡਰੈੱਸ ਰਿਹਰਸਲ

26 ਜਨਵਰੀ ਨੂੰ ਕੈਬਨਿਟ ਮੰਤਰੀ ਅਰੁਨਾ ਚੌਧਰੀ ਲੈਣਗੇ ਮਾਰਚ ਪਾਸਟ ਤੋਂ ਸਲਾਮੀ

ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

26 ਜਨਵਰੀ ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਮੁਕੰਮਲ (ਫੁੱਲ ਡਰੈੱਸ) ਰਿਹਰਸਲ ਅੱਜ ਸਟੇਡੀਅਮ ਵਿਖੇ ਕੀਤੀ ਗਈ। ਰਿਹਰਸਲ ਸਮੇਂ ਝੰਡਾ ਲਹਿਰਾਉਣ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣ ਦੀ ਰਸਮ ਡਿਪਟੀ ਕਮਿਸ਼ਨਰ, ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅਦਾ ਕੀਤੀ। ਅੱਜ ਪੰਜਾਬ ਪੁਲਿਸ ਤੇ ਵੱਖ-ਵੱਖ ਸਕੂਲਾਂ ਤੋਂ ਐਨ.ਸੀ.ਸੀ. ਦੀਆਂ ਟੁਕੜੀਆਂ ਨੇ ਮਾਰਚ ਪਾਸਟ ਵਿੱਚ ਭਾਗ ਲਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਸਮੁੱਚੀ ਮਾਰਚ ਪਾਸਟ ਦੀ ਅਗਵਾਈ ਪੁਲਿਸ ਅਧਿਕਾਰੀ ਸ੍ਰੀ ਮਨੋਜ ਗੋਰਸੀ ਨੇ ਕੀਤੀ। ਇਸ ਮੌਕੇ ਹੂ-ਬਹੂ ਪੇਸ਼ ਕੀਤੇ ਗਏ ਮਨੋਰੰਜਕ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਵਿੱਚ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਮੁੱਖ ਮਹਿਮਾਨ ਵਜੋਂ ਪਹੁੰਚਣਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਸਮਾਗਮ ਸਵੇਰੇ 9.58 ਵਜੇ ਸ਼ੁਰੂ ਹੋਵੇਗਾ। ਉਨਾਂ ਦੱਸਿਆ ਕਿ ਗਣਤੰਤਤਾ ਦਿਵਸ ਸਮਾਗਮ ਮੌਕੇ ਰਾਸ਼ਟਰੀ ਏਕਤਾ ਕੌਮੀ ਆਖ਼ੰਡਤਾ ਅਤੇ ਦੇਸ਼ ਭਗਤੀ ਉਜਾਗਰ ਕਰਨ ਵਾਲਾ ਅਤੇ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਦ੍ਰਿਸ਼ਟੀਮਾਨ ਕਰਨ ਵਾਲਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸਕੂਲੀ ਬੱਚਿਆਂ ਵੱਲੋ ਪੀ.ਟੀ. ਸ਼ੋਅ ਤੇ ਲੇਜ਼ੀਅਮ ਵੀ ਪੇਸ਼ ਕੀਤਾ ਜਾਵੇਗਾ। ਸ੍ਰੀ ਅਗਰਵਾਲ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਇਸ ਸਮਾਗਮ ਵਿੱਚ ਵਧ ਚੜ• ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਸ਼ਵਨੀ ਕਪੂਰ ਅਤੇ ਅਖਿਲ ਚੌਧਰੀ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।

ਅਕਾਲੀ ਦਲ (ਅ) ਦੇ ਆਗੂਆਂ ਨੇ ਅੱਜ ਦੇ ਪੰਜਾਬ ਬੰਦ ਦੇ ਸਹਿਯੋਗ ਲਈ ਕੀਤਾ ਮਾਰਚ।

ਕਾਉਕੇ ਕਲਾਂ, 24 ਜਨਵਰੀ (ਜਸਵੰਤ ਸਿੰਘ ਸਹੋਤਾ)-ਸ੍ਰੌਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਅੱਜ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਦੇ ਦਿਸਾ ਨਿਰਦੇਸਾ ਅਨੁਸਾਰ ਜਗਰਾਓ ਵਿਖੇ ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਪੈਦਲ ਮਾਰਚ ਕੀਤਾ ਤੇ ਲੋਕਾ ਨੂੰ ਘਰ ਘਰ ਤੇ ਦੁਕਾਨਾ ਤੇ ਜਾ ਕੇ ਬਣਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਪੈਦਲ ਮਾਰਚ ਦੀ ਅਗਵਾਈ ਕਰ ਰਹੇ ਪਾਰਟੀ ਦੇ ਸੀਨੀਅਰ ਟਕਸਾਲੀ ਆਗੂ ਗੁਰਦੀਪ ਸਿੰਘ ਮੱਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਹਕੂਮਤ ਵੱਲੋ ਸਮੱੁਚੇ ਦੇਸ ਨੂੰ ਹਿੰਦੂ ਰਸਾਟਰਵਾਦ ਬਨਾਉਣ ਦੇ ਲਏ ਸੁਪਨੇ ਦਾ ਮੂੰਹ ਤੋੜ ਜਵਾਬ ਦੇਣ ਲਈ ਸ੍ਰੋਮਣੀ ਅਕਾਲੀ ਦਲ (ਅ) ਤੇ ਦਲ ਖਾਲਸਾ ਵੱਲੋ ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਹਰ ਪੱਖੋ ਸਫਲ ਬਣਾ ਕੇ ਕੇਂਦਰ ਸਰਕਾਰ ਤੇ ਤਾਨਾਸਾਹੀ ਰਵੱਈਏ ਦਾ ਮੂੰਹ ਤੋੜ ਜਾਵਾਬ ਦਿੱਤਾ ਜਾਵੇਗਾ।ਉਨਾ ਕਿਹਾ ਕਿ ਜੰਮੂ ਕਸਮੀਰ ਸਿੰਘ ਧਾਰਾ 370 ਹਟਾਉਣ ਤੋ ਬਾਅਦ ਮੋਦੀ ਸਰਕਾਰ ਵੱਲੋ ਜੋ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਵਾਉਣ ਉਪਰੰਤ ਸਮੱੁਚੇ ਦੇਸ ਵਿੱਚ ਜੋ ਹਿੰਸਕ ਹਾਲਾਤ ਬਣੇ ਹੋਏ ਹਨ ਉਸ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਜਿੰਮੇਵਾਰ ਹੈ।ਉਨਾ ਕਿਹਾ ਕਿ ਨਾਗਰਕਿਤਾ ਸੋਧ ਕਾਨੂੰਨ ਪਾਸ ਕਰਨਾ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਸੋਚੀ ਸਮਝੀ ਸਾਜਿਸ ਹੈ ਜੋ ਕਿ ਹੁਣ 1947 ਦੇ ਭਾਰਤ ਪਾਕਿ ਵੰਡ ਦੇ ਦੁਖਾਂਤ ਦੀ ਯਾਦ ਕਰਵਾਉਂਦੀ ਹੈ।ਉਨਾ ਕਿਹਾ ਕਿ ਦੇਸ ਵਿੱਚ ਭੱੁਖਮਰੀ,ਬੇਰੁਜਗਾਰੀ,ਤੇ ਕਾਲਾ ਧਨ ਵਰਗੇ ਅਹਿਮ ਮੁੱਦਿਆਂ ਤੋ ਭਟਕਾਉਣ ਲਈ ਮੋਦੀ ਸਰਕਾਰ ਧਾਰਾ 370 ਨੂੰ ਹਟਾਉਣ ਤੇ ਨਾਗਰਿਕਤਾ ਸੋਧ ਕਾਨੂੰਨ ਜਬਰੀ ਦੇਸ ਵਿੱਚ ਥੋਪ ਰਹੀ ਹੈ।ਉਨਾ ਸੂਬੇ ਵਿੱਚ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਸੋਹਯੋਗ ਦੇਣ ਦੀ ਅਪੀਲ ਵੀ ਕੀਤੀ।ਇਸ ਮੌਕੇ ਉਨਾ ਨਾਲ ਸੁਰਜੀਤ ਸਿੰਘ ਤਲਵੰਡੀ,ਜਸਵੀਰ ਸਿੰਘ ਖੰਡੂਰ,ਜਗਦੇਵ ਸਿੰਘ,ਅਵਤਾਰ ਸਿੰਘ ਰਾਜੋਆਣਾ,ਸੁਖਵਿੰਦਰ ਸਿੰਘ ਅੱਬੂਪੁਰਾ,ਪਰਮਜੀਤ ਸਿੰਘ ਮੱਲਾ,ਬੰਤਾ ਸਿੰਘ ਡੱਲਾ,ਜਸਕਰਨਪ੍ਰੀਤ ਸਿੰਘ ਅੱਬੂਪੁਰਾ,ਗੁਰਮੋਹਰ ਸਿੰਘ ,ਮਹਿੰਦਰ ਸਿੰਘ ਭੰਮੀਪੁਰਾ ਆਦਿ ਵੀ ਹਾਜਿਰ ਸਨ।

ਆਸਟ੍ਰੇਲੀਆਂ ਦੇ ਕੈਨਬਰਾ ਵਿਖੇ ਸਿੱਖਾਂ ਨੂੰ ਮਿਲੀ ਹੈਲਮਟ ਤੋ ਛੋਟ ਦੇ ਫੈਸਲੇ ਦਾ ਸਵਾਗਤ ।

ਕਾਉਕੇ ਕਲਾਂ, 24 ਜਨਵਰੀ (ਜਸਵੰਤ ਸਿੰਘ ਸਹੋਤਾ)-ਆਸਟੇ੍ਰਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਸਿਖਾਂ ਨੂੰ ਹੈਲਮਟ ਤੋ ਰਾਹਤ ਮਿਲ ਗਈ ਹੈ ਜਿਸ ਸਬੰਧੀ ਸੜਕ ਸੁਰੱਖਿਆਂ ਵਿਭਾਗ ਨੇ ਰਸਮੀ ਐਲਾਨ ਕਰ ਦਿੱਤਾ ਹੈ।ਇਹ ਛੋਟ ਕੈਨਬਰਾ ਵਿਖੇ ਵਸੇ ਪੰਜਾਬੀ ਜਗਦੀਪ ਸਿੰਘ ਦੀ ਬਦੌਲਤ ਮਿਲੀ ਹੈ।ਸੜਕ ਸੁਰੱਖਿਆਂ ਮੰਤਰੀ ਸੈਨ ਰੈਟਨਬਰੀ ਨੇ ਨਿਯਮਾ ਵਿੱਚ ਤਬਦੀਲੀ ਕਰਦੇ ਹੋਏ ਕਿਹਾ ਕਿ ਕੈਨਬਰਾਂ ਵਿਖੇ ਵੱਖ ਵੱਖ ਧਰਮਾਂ ਦੇ ਲੋਕੀ ਵਸ ਰਹੇ ਹਨ ਜਿੰਨਾ ਦੀ ਸੁੱਰਖਿਆਂ ਯਕੀਨੀ ਤੇ ਭਰੋਸੇ ਲਈ ਇਹ ਫੈਸਲਾ ਕੀਤਾ ਗਿਆਂ ਹੈ।ਇਸ ਫੈਸਲੇ ਨਾਲ ਹੁਣ ਸਿੱਖ ਬਿਨਾ ਹੈਲਮਟ ਸੜਕਾ ਤੇ ਸਾਈਕਲ ਚਲਾ ਸਕਣਗੇ।ਜਗਦੀਪ ਸਿੰਘ ਖੁਦ ਸਾਈਕਲ ਚਲਾਉਣ ਦੇ ਆਦੀ ਹਨ ਜਿੰਨਾ ਨੇ ਇਸ ਫੈਸਲੇ ਲਈ ਸੰਘਰਸ ਕੀਤਾ ਹੈ।ਯੂ.ਐਸ.ਏ, ਤੋ ਗੁਰਪ੍ਰੀਤ ਸਿੰਘ ਸਿੱਧੂ ਜੋ ਕਿ ਪੰਜਾਬ ਤੋ ਯੂਥ ਵੈਲਫੇਅਰ ਕਲੱਬ ਦੌਧਰ ਦੇ ਪ੍ਰਧਾਨ ਵੀ ਹਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।ਉਨਾ ਕਿਹਾ ਕਿ ਇਹ ਫੈਸਲਾ ਸਿੱਖ ਕੌਮ ਲਈ ਰਾਹਤ ਭਰਿਆ ਤੇ ਮਾਣ ਸਨਮਾਨ ਵਾਲਾ ਹੈ

ਪੰਜਾਬੀ ਕਵੀ ਫਤਹਿਜੀਤ ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਮੀਨੀ ਹਕੀਕਤਾਂ ਨਾਲ ਜੁੜੀ ਹੋਈ ਕਵਿਤਾ ਲਿਖਣ ਵਾਲੇ ਕਵੀ ਫ਼ਤਿਹਜੀਤ ਨੂੰ ਅੱਜ ਪੰਜਾਬੀ ਬਾਗ ਜਲੰਧਰ ਵਿਖੇ ਸ: ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ ਨਾਲ ਕੌਮਾਂਤਰੀ ਲੇਖਕ ਮੰਚ(ਕਲਮ) ਵੱਲੋਂ ਸਨਮਾਨਿਤ ਕੀਤਾ ਗਿਆ। ਡਾ: ਉਮਿੰਦਰ ਜੌਹਲ ਨੇ ਫਤਹਿਜੀਤ ਦਾ ਸਨਮਾਨ ਪੱਤਰ ਪੜ੍ਹਿਆ। ਪੁਰਸਕਾਰ ਦੇਣ ਦੀ ਰਸਮ ਵਿੱਚ ਪ੍ਰੋ: ਗੁਰਭਜਨ ਗਿੱਲ, ਸੁਖਵਿੰਦਰ ਕੰਬੋਜ, ਡਾ: ਵਰਿਆਮ ਸਿੰਘ ਸੰਧੂ,ਪ੍ਰੋ: ਰਵਿੰਦਰ ਭੱਠਲ, ਸੁਰਜੀਤ ਜੱਜ ਤੇ ਡਾ: ਲਖਵਿੰਦਰ ਜੌਹਲ ਸ਼ਾਮਿਲ ਹੋਏ। ਪੁਰਸਕਾਰ ਵਿੱਚ ਇੱਕੀ ਹਜ਼ਾਰ ਰੁਪਏ ਦੀ ਧਨ ਰਾਸ਼ੀ,ਸਨਮਾਨ ਪੱਤਰ ਤੇ ਦੋਸ਼ਾਲਾ ਸ਼ਾਮਿਲ ਸੀ। ਤ੍ਰੈਲੋਚਨ ਲੋਚੀ ਨੇ ਦੋ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਅਮਰੀਕਾ ਵੱਸਦੇ ਪੰਜਾਬੀ ਕਵੀ ਸੁਖਵਿੰਦਰ ਕੰਬੋਜ ਨੇ ਆਪਣੇ ਸਤਿਕਾਰਯੋਗ ਸਵਰਗੀ ਪਿਤਾ ਜੀ ਦੀ ਯਾਦ ਚ ਇਹ ਪੁਰਸਕਾਰ ਪੰਦਰਾਂ ਸਾਲ ਪਹਿਲਾਂ ਸਥਾਪਿਤ ਕੀਤਾ ਸੀ। ਸਮਾਗਮ ਦੇ ਆਰੰਭਲੇ ਬੋਲ ਬੋਲਦਿਆਂ ਕਲਮ ਦੇ ਜਨਰਲ ਸਕੱਤਰ ਪ੍ਰੋ: ਸੁਰਜੀਤ ਜੱਜ ਨੇ ਫਤਹੀਜੀਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਤਹਿਜੀਤ ਸਮਾਜਿਕ ਸਰੋਕਾਰਾਂ ਨਾਲ ਲਬਰੇਜ ਕਵਿਤਾ ਲਿਖਕੇ ਪਿਛਲੇ 67 ਸਾਲਾਂ ਤੋਂ ਲਗਾਤਾਰ ਸਮਾਜ ਨੂੰ ਸੇਧ ਦੇਣ ਦੀ ਕੋਸਿਸ਼ ਵਿਚ ਜੁਟਿਆ ਰਿਹਾ ਹੈ। ਉਹ ਦੁਆਬੇ ਦੀ ਸਾਰਥਿਕ ਸਾਹਿਤਕ ਲਹਿਰ ਦਾ ਮੋਹਰੀ ਕਵੀ ਰਿਹਾ ਹੈ। ਹਰ ਸਾਹਿਤਕ ਮਹਿਫਲ ਦਾ ਉਹ ਸ਼ਿੰਗਾਰ ਹੁੰਦਾ ਸੀ। ਅੱਜ ਦੇ ਬਹੁਤ ਸਾਰੇ ਪੰਜਾਬੀ ਦੇ ਸਥਾਪਿਤ ਕਵੀਆਂ ਦਾ ਉਹ ਪ੍ਰੇਰਨਾ ਸਰੋਤ ਰਿਹਾ ਹੈ। ਸਮਾਗਮ ਵਿੱਚ ਸ਼ਾਮਲ ਲੇਖਕਾਂ ਨੂੰ ਸੰਬੋਧਨ ਕਰਦਿਆਂ ਸੁੰਖਵਿੰਦਰ ਕੰਬੋਜ ਨੇ ਕਿਹਾ ਕਿ ਫਤਹਿਜੀਤ ਸਾਡੇ ਲਈ ਚਾਨਣ ਮੁਨਾਰਾ ਰਿਹਾ ਹੈ। ਉਸਦੀ ਹਰ ਕਵਿਤਾ ਤਰਕ 'ਤੇ ਅਧਾਰਤ ਹੁੰਦੀ ਹੈ। ਉਸਨੇ ਜ਼ਜਬਾਤਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਭਾਰੂ ਨਹੀਂ ਹੋਣ ਦਿੱਤਾ। ਆਮ ਤੌਰ ਤੇ ਮਿਥ ਬਣੀ ਹੋਈ ਹੈ ਕਿ ਭਾਵਨਾਵਾਂ ਤੋਂ ਬਿਨਾ ਕਵਿਤਾ ਨਹੀਂ ਹੋ ਸਕਦੀ ਪ੍ਰੰਤੂ ਫਤਿਹਜੀਤ ਨੇ ਇਸ ਮਿਥ ਨੂੰ ਤੋੜਕੇ ਤਰਕਸ਼ੀਲ ਕਵਿਤਾਵਾਂ ਲਿਖਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਉਹ ਅਜਿਹਾ ਸਮਾਂ ਸੀ ਜਦੋਂ ਪ੍ਰਯੋਗਵਾਦੀ, ਪ੍ਰਗਤੀਵਾਦੀ ਅਤੇ ਜੁਝਾਰੂ ਲਹਿਰਾਂ ਦਾ ਜ਼ੋਰ ਰਿਹਾ ਪ੍ਰੰਤੂ ਫਤਿਹਜੀਤ ਦੀ ਖ਼ੂਬੀ ਇਹ ਰਹੀ ਕਿ ਉਸਨੇ ਕਿਸੇ ਵੀ ਲਹਿਰ ਅਧੀਨ ਅਜਿਹੀ ਕਵਿਤਾ ਨਹੀਂ ਲਿਖੀ ਜਿਹੜੀ ਸਮਾਜ ਦੀ ਅਗਵਾਈ ਨਾ ਕਰਦੀ ਹੋਵੇ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਫਤਹਿਜੀਤ ਸਾਡੇ ਤੋਂ ਪਹਿਲੀ ਪੀੜ੍ਹੀ ਦਾ ਕੱਦਾਵਰ ਸ਼ਾਇਰ ਹੈ ਜਿਸ ਨੇ ਏਕਮ, ਨਿੱਕੀ ਜੇਹੀ ਚਾਨਣੀ, ਕੱਚੀ ਮਿੱਟੀ ਦੇ ਬੌਨੇ ਤੇ ਰੇਸ਼ਮੀ ਧਾਗੇ ਨਾਮੀ ਕਾਵਿ ਸੰਗ੍ਰਿਹਾਂ ਰਾਹੀਂ ਆਾਪਣੀ ਕਲਾ ਕੌਸ਼ਲਤਾ ਦਾ ਲੋਹਾ ਮੰਨਵਾਇਆ ਹੈ। ਉਹ ਲੋਕ ਲਹਿਰਾਂ ਦਾ ਸਰਗਰਮ ਆਗੂ ਭਾਵੇਂ ਨਹੀਂ ਰਿਹਾ ਪਰ ਇਨ੍ਹਾਂ ਲਹਿਰਾਂ ਦਾ ਸੇਕ ਜ਼ਰੂਰ ਫਤਿਹਜੀਤ ਨੂੰ ਝੱਲਣਾ ਪਿਆ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਸਦੀਆਂ ਕਵਿਤਾਵਾਂ ਸਮਾਜ ਨੂੰ ਸੇਧ ਨਾ ਦਿੰਦੀਆਂ ਹੋਣ। ਫਤਹਿਜੀਤ ਨੇ ਪੁਰਾਤਨ ਪਰੰਪਰਾਵਾਂ ਅਨੁਸਾਰ ਕਵਿਤਾ ਨਹੀਂ ਲਿਖੀ ਸਗੋਂ ਨਵੀਂਆਂ ਪਗਡੰਡੀਆਂ ਪਾਈਆਂ ਹਨ ਕਿਉਂਕਿ ਉਹ ਪੁਰਾਣੀਆਂ ਲੀਹਾਂ ਤੇ ਚਲਣ ਵਾਲਾ ਕਵੀ ਨਹੀਂ ਹੈ। ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਫਤਹਿਜੀਜੀਤ ਦੀਆਂ ਕਵਿਤਾਵਾਂ ਦੀ ਕਮਾਲ ਇਹ ਹੈ ਕਿ ਉਹ ਚਿੰਤਨ ਵਾਲੀ ਖੁਲ੍ਹੀ ਕਵਿਤਾ ਰਾਹੀਂ ਸਰਲ ਸ਼ਬਦਾਵਲੀ ਵਿਚ ਡੂੰਘੀ ਗੱਲ ਕਹਿ ਦਿੰਦਾ ਹੈ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਫਤਹਿਜੀਤ ਰਾਹ ਦਿਸੇਰਾ ਸ਼ਾਇਰ ਹੈ ਅਤੇ ਸਹਿਜ ਤੋਰ ਤੁਰਦਿਆਂ ਉਸ ਨੇ ਕਵਿਤਾ ਵਿਚਲਾ ਸੁਹਜ ਕਦੇ ਨਹੀਂ ਗੁਆਚਣ ਦਿੱਤਾ। ਪੰਜਾਬ ਆਰਟਸ ਕੌਂਸਲ ਦੇ ਸਕੱਤਰ ਜਨਰਲ ਤੇ ਕਲਮ ਦੇ ਪ੍ਰਧਾਨ ਡਾ: ਲਖਵਿੰਦਰ ਜੌਹਲ ਨੇ ਕਿਹਾ ਕਿ ਉਸ ਦੀ ਪੁਸਤਕ ਨਿੱਕੀ ਜੇਹੀ ਚਾਨਣੀ ਬਾਰੇ ਮੈਂ 1983 ਚ ਖੋਜ ਪੱਤਰ ਲਿਖ ਕੇ ਉਸ ਦੀ ਰਚਨਾ ਵਿਧੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਪਰਮਜੀਤ ਸਿੰਘ ਏ ਈ ਟੀ ਸੀ ਤੇ ਫਤਹਿਜੀਤ ਦੀ ਬੇਟੀ ਬਲਜੀਤ ਕੌਰ ਨੇ ਪਰਿਵਾਰ ਵੱਲੋਂ ਆਏ ਲੇਖਕਾਂ ਤੇ ਪਰਿਵਾਰਕ ਸਨੇਹੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਲੇਖਕ ਰਜਨੀਸ਼ ਬਹਾਦਰ ਸਿੰਘ ,ਡਾ: ਹਰਜਿੰਦਰ ਸਿੰਘ ਅਟਵਾਲ,ਬਲਬੀਰ ਪਰਵਾਨਾ, ਸ਼ਰਮਾ ਜੀ ਲੋਹੀਆਂ ਵਾਲੇ , ਦੇਸ ਰਾਜ ਕਾਲੀ, ਭਗਵੰਤ ਰਸੂਲਪੁਰੀ, ਡਾ: ਕੁਲਵੰਤ ਸਿੰਘ ਸੰਧੂ, ਡਾ: ਗੋਪਾਲ ਸਿੰਘ ਬੁੱਟਰ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਗਿਆਨ ਸੈਦਪੁਰੀ, ਹਰਬੰਸ ਹੀਉਂ, ਭਜਨ ਆਦੀ, ਮੋਹਨ ਮਤਿਆਲਵੀ, ਜਾਗੀਰ ਜੋਸਨ, ਜਸਬੀਰ ਸਿੰਘ ਸ਼ਾਇਰ, ਡਾ: ਉਮਿੰਦਰ ਜੌਹਲ, ਸੁਖਰਾਜ ਮੰਡੀ ਕਲਾਂ, ਫਤਹਿਜੀਤ ਜੀ ਦਾ ਬੇਟੀ ਸੁਖਦੀਪ ਕੌਰ ਬਰਾੜ ਫ਼ਰੀਦਕੋਟ, ਲਖਵਿੰਦਰ ਸਿੰਘ, ਗਗਨਦੀਪ ਸਿੰਘ, ਲਵਿੰਦਰ ਸਿੰਘ, ਗੁਰਸਿਮਰਤ ਸਿੰਘ ਬੱਲ ਤੋਂ ਇਲਾਵਾ ਪਰਿਵਾਰਕ ਸਨੇਹੀ ਤੇ ਰਿਸ਼ਤੇਦਾਰ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਸਨਅਤੀ ਅਤੇ ਵਪਾਰ ਵਿਕਾਸ ਕਮੇਟੀ ਦੀ ਮੀਟਿੰਗ

ਲੁਧਿਆਣਾ, ਜਨਵਰੀ 2020-(/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਾਗੂ ਕੀਤੀ ਗਈ ਨਵੀਂ ਸਨਅਤੀ ਅਤੇ ਵਪਾਰਕ ਵਿਕਾਸ ਨੀਤੀ-2017 ਦੇ ਚੰਗੇ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨੀਤੀ ਤਹਿਤ ਸੂਬੇ ਦੇ ਸਨਅਤੀ ਖੇਤਰ ਵਿੱਚ 50 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦਾ ਨਿਵੇਸ਼ ਹੋ ਚੁੱਕਾ ਹੈ। ਇਸ ਨਾਲ ਜਿੱਥੇ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ, ਉਥੇ ਹੀ ਸੂਬਾ ਸਰਕਾਰ ਦੇ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਵਿੱਚ ਵੀ ਸਹਾਇਤਾ ਮਿਲੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਨੀਤੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਹੈ ਕਿ ਇਸ ਨਾਲ ਐੱਮ. ਐੱਸ. ਐੱਮ. ਈਜ਼ ਖੇਤਰ ਲਈ ਪ੍ਰਵਾਨਗੀਆਂ ਲੈਣ ਦੀਆਂ ਪ੍ਰਕਿਰਿਆ ਸੌਖੀ ਹੋ ਗਈ ਹੈ। ਹੁਣ ਨਵੇਂ ਅਤੇ ਮੌਜੂਦਾ ਪ੍ਰੋਜੈਕਟਾਂ ਨੂੰ ਵਧਾਉਣ ਅਤੇ ਪ੍ਰਫੁੱਲਿਤ ਕਰਨ ਲਈ ਬਿਜਨਸ ਫਸਟ ਪੋਰਟਲ ’ਤੇ ਸਿੱਧਾ ਅਪਲਾਈ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਸਾਰੇ ਇੰਸੈਟਿਵ ਤੈਅ ਸਮਾਂ ਸੀਮਾ ਵਿੱਚ ਆਨਲਾਈਨ ਵਿਧੀ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ। ਪੰਜਾਬ ਸਰਕਾਰ ਨੇ ਪਿੱਛੇ ਜਿਹੇ ਐਕਟ ਵਿੱਚ ਸੋਧ ਕਰਕੇ 10 ਕਰੋੜ ਰੁਪਏ ਤੱਕ ਦੀਆਂ ਪ੍ਰਵਾਨਗੀਆਂ ਦੀ ਤਾਕਤ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀਆਂ ਜ਼ਿਲ੍ਹਾ ਪੱਧਰੀ ਕਮੇਟੀਆਂ ਨੂੰ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਦੀ ਦੂਜੀ ਮੀਟਿੰਗ ਉਨ੍ਹਾਂ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਦੋ ਮਾਮਲੇ ਵਿਚਾਰੇ ਅਤੇ ਪ੍ਰਵਾਨ ਕੀਤੇ ਗਏ। ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਮਹੇਸ਼ ਖੰਨਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਫੋਕਲ ਪੁਆਇੰਟ ਲੁਧਿਆਣਾ ਸਥਿਤ ਮੈਸਰਜ਼ ਪਰਮਜੋਤ ਇੰਡਸਟ੍ਰੀਜ਼ ਦਾ ਪ੍ਰੋਜੈਕਟ ਵਿੱਚ ਵਾਧਾ ਕਰਨ ਦੇ ਮੰਤਵ ਨਾਲ 50.01 ਲੱਖ ਰੁਪਏ ਦਾ ਬਿਜਲੀ ਬਿੱਲ ਮੁਆਫੀ ਦਾ ਕੇਸ ਪ੍ਰਵਾਨ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਵਿੱਚ ਫੋਕਲ ਪੁਆਇੰਟ ਸਥਿਤ ਮੈਸਰਜ਼ ਸਪੇਸ ਫੈਸ਼ਨ ਪ੍ਰਾਈਵੇਟ ਲਿਮਿਟਡ ਦਾ ਫਿਕਸਡ ਕੈਪੀਟਲ ਇੰਨਵੈਸਟਮੈਂਟ ਅਤੇ ਉਤਪਾਦਨ ਮਿਤੀ ਨੂੰ ਪ੍ਰਵਾਨ ਕੀਤਾ ਗਿਆ। ਜ਼ਿਲ੍ਹਾ ਪੱਧਰੀ ਕਮੇਟੀ ਵਿੱਚ ਸਨਅਤੀ ਨੁਮਾਇੰਦੇ ਵਜੋਂ ਨਾਮਜ਼ਦ ਸੀਸੂ ਦੇ ਪ੍ਰਧਾਨ ਸ੍ਰ. ਉਪਕਾਰ ਸਿੰਘ ਅਹੂਜਾ ਅਤੇ ਹੋਰ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਸਨਅਤਾਂ ਨੂੰ ਸਹੀ ਦਿਸ਼ਾ ਵਿੱਚ ਵਧਣ ਫੁੱਲਣ ਦਾ ਮੌਕਾ ਮਿਲ ਰਿਹਾ ਹੈ। ਇਥੇ ਇਹ ਵਿਸ਼ੇਸ਼ ਤੌਰ ’ਤੇ ਦੱਸਣਯੋਗ ਹੈ ਕਿ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਵੀ ਮੈਸਰਜ਼ ਈਸ਼ਾਨ ਯਾਰਨਜ਼ ਦੀ 23 ਲੱਖ ਰੁਪਏ ਦੀ ਸਟੈਂਪ ਡਿੳੂਟੀ ਮੁਆਫ਼ ਕੀਤੀ ਗਈ ਸੀ। ਅਗਰਵਾਲ ਨੇ ਕਿਹਾ ਕਿ ਇਸ ਨੀਤੀ ਨਾਲ ਬਿਨਾ ਸ਼ੱਕ ਸਨਅਤਕਾਰਾਂ ਨੂੰ ਹੋਰ ਉਤਸ਼ਾਹ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਨਵੇਂ ਉਦਯੋਗ ਲਗਾਉਣ ਜਾਂ ਪੁਰਾਣੇ ਨੂੰ ਅਪਗ੍ਰੇਡ ਕਰਾਉਣ ਲਈ 215 ਅਰਜੀਆਂ ਆਨਲਾਈਨ ਪੋਰਟਲ ਰਾਹੀਂ ਪ੍ਰਾਪਤ ਹੋ ਚੁੱਕੀਆਂ ਹਨ। ਇਸ ਸੰਬੰਧੀ ਸਨਅਤਕਾਰਾਂ ਨੂੰ ਜ਼ਿਲ੍ਹਾ ਉਦਯੋਗ ਕੇਂਦਰ ਵਿਖੇ ਸਹਾਇਤਾ ਕਰਨ ਲਈ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਇਸ ਨੀਤੀ ਤਹਿਤ ਲਾਭ ਲੈਣ ਲਈ ਸਨਅਤਕਾਰ ਅਤੇ ਉੱਦਮੀ ਜ਼ਿਲ੍ਹਾ ਉਦਯੋਗ ਕੇਂਦਰ ਨਾਲ ਸਿੱਧੇ ਤੌਰ ’ਤੇ ਸੰਪਰਕ ਕਰ ਸਕਦੇ ਹਨ।

ਗਾਲਿਬ ਕਲਾਂ ਦੇ ਸਕੂਲ ਦੀ ਵਿਿਦਆਰਥਣ ਕਿਰਨਦੀਪ ਕੋਰ ਨੇ 'ਖੇਲੋ ਇੰਡੀਆ" ਦੀ ਖੇਡਕੇ ਪਿੰਡ ਦਾ ਨਾਮ ਕੀਤਾ ਰੋਸ਼ਨ,ਪਿੰਡ ਨੇ ਕੀਤਾ ਸਵਾਗਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਨਜ਼ਦੀਕ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਸਵੀ ਕਲਾਸ ਵਿੱਚ ਪੜਦੀ ਕਿਰਨਦੀਪ ਕੋਰ ਪੱੁਤਰੀ ਸਤਿਨਾਮ ਸਿੰਘ ਖੇਲੋ ਇੰਡੀਆ ਯੂਥ ਗੇਮਜ਼ 2020 ਵਿੱਚ ਪੰਜਾਬ ਦੀ ਅੰਡਰ 17 ਸਾਲ ਲੜਕੀਆਂ ਦੀ ਖੋਹ-ਖੋਹ ਟੀੰ ਵਿੱਚ ਖੇਡ ਕੇ ਤੀਜਾ ਸਥਾਨ ਪ੍ਰਪਾਤ ਕੀਤਾ ਕਿਰਨਦੀਪ ਕੌਰ ਦਾ ਪਿੰਡ ਗਾਲਿਬ ਕਲਾਂ ਵਿਖੇ ਪੱੁਜਣ ਤੇ ਸਰਪੰਚ ਸਿਕੰਦਰ ਸਿੰਘ ਤੇ ਸਮੂਹ ਪੰਚਾਇਤ,ਸ਼ੇਰੇ ਪੰਜਾਬ ਕਲੱਬ,ਸਮੂਹ ਸਕੁਲ ਸਟਾਫ ਅਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ।ਕਿਰਨਦੀਪ ਕੋਰ ਨੂੰ ੳਪਨ ਜਿਪਸੀ ਰਾਹੀ ਢੋਲ ਦੇ ਡੰਗੇ ਤੇ ਫੱੁਲਾਂ ਦੀ ਵਰਖਾ ਵਿੱਚ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਗਿਆ।ਇਸ ਸਮੇ ਸਕੂਲ ਦੇ ਪ੍ਰਿਸਪਿਲ ਰਾਕੇਸ ਕੁਮਾਰ,ਮੋਹਤਵਾਰ ਸੱਜਣ ਹਰਿੰਦਰ ਸਿੰਘ ਚਾਹਲ,ਗੁਰਚਰਨ ਸਿੰਘ ਨਿੱਕਾ,ਨੇ ਕਿਰਨਦੀਪ ਕੌਰ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਕਿ ਇਕ ਗਰੀਬ ਪਰਿਵਾਰ ਵਿੱਚੌ ਸਖਤ ਮਿਹਨਤ ਬਦਲੇ ਬੱਚੀ ਨੇ ਖੋਲੋ ਇੰਡੀਆ ਬਾਂਜੀ ਮਾਰੀ ਹੈ।ਇਸ ਤੋ ਇਲਾਵਾ ਕਿਰਨਦੀਪ ਕੋਰ ਪਹਿਲਾ ਵੀ ਖੋਹ-ਖੋਹ ਵਿੱਚ ਨੈਸ਼ਨਲ ਖੇਡਾਂ ਵਿਚ ਭਾਗ ਲੈ ਚੱੁਕੀ ਹੈ।ਹੁਣ ਕਿਰਨਦੀਪ ਕੌਰ ਤੀਜੀ ਵਾਰ ਫਿਰ 26 ਜਨਵਰੀ ਨੂੰ ਅੰਡਰ 19 ਸਾਲ ਖੋਹ-ਖੋਹ ਵਿੱਚ ਕਰਨਾਟਕ ਵਿੱਚ ਨੈਸ਼ਨਲ ਪੱਧਰ ਤੇ ਖੇਡਣ ਜਾ ਰਹੀ ਹੈ।ਇਸ ਸਮੇ ਕੋਚ ਦਵਿੰਦਰ ਸਿੰਘ ਭੁਲਰ, ਪੰਚ ਗੁਰਦਿਆਲ ਸਿੰਘ,ਪੰਚ ਹਰਦੀਪ ਸਿੰਘ,ਪੰਚ ਲਖਵੀਰ ਸਿੰਘ,ਪੰਚ ਪਰਮਜੀਤ ਸਿੰਘ,ਪੰਚ ਛਿੰਦਰਪਾਲ ਸਿੰਘ,ਚਮਕੋਰ ਸਿੰਘ,ਬਲਜੀਤ ਸਿੰਘ,ਅਮਰਪ੍ਰੀਤ ਸਿੰਘ,ਆਦਿ ਹਾਜ਼ਰ ਸਨ

ਸੈਂਟਰ ਗਾਲਿਬ ਕਲਾਂ ਦੇ ਮੁਖੀ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਕੱਢੀ-Watch Video

ਜਗਰਾਉਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ/ ਗੁਰਦੇਵ ਗਾਲਿਬ/ਮਨਜਿੰਦਰ ਗਿੱਲ)

ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸੈਂਟਰ ਗਾਲਿਬ ਕਲਾਂ ਦੇ ਮੁਖੀ ਮਾ. ਸੁਖਦੇਵ ਸਿੰਘ ਦੀ ਅਗਵਾਈ ਹੇਠ ਇਕ ਜਾਗਰੂਕਤਾ ਰੈਲੀ ਕੱਢਕੇ ਪਿੰਡ ਦੇ ਮਾਪਿਆਂ ਨੂੰ ਆਪਣੇ ਬੱਚੇ ਪ੍ਰੀ-ਪ੍ਰਾਇਮਰੀ ਸਕੂਲ ਵਿਚ ਦਾਖ਼ਲ ਕਰਵਾਉਣ ਦੀ ਅਪੀਲ ਕੀਤੀ | ਇਸ ਮੌਕੇ ਸੈਂਟਰ ਮੁਖੀ ਮਾ. ਸੁਖਦੇਵ ਸਿੰਘ ਨੇ ਆਖਿਆ ਕਿ ਹੁਣ ਸਰਕਾਰੀ ਸਕੂਲਾਂ ਵਿਚ ਬੱਚਿਆਂ ਲਈ ਹਰ ਸਹੂਲਤ ਪ੍ਰਧਾਨ ਹੋ ਰਹੀ ਹੈ ਤੇ ਹੋਣਹਾਰ ਅਧਿਆਪਕ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਮੁੱਢਲੀ ਸਿੱਖਿਆ ਗ੍ਰਹਿਣ ਕਰਵਾ ਰਹੇ ਹਨ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬਹੁਤ ਘੱਟ ਖਰਚੇ 'ਤੇ ਬੱਚਿਆਂ ਨੂੰ ਵਿੱਦਿਆ ਦਿਵਾਉਣ ਲਈ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖ਼ਲ ਕਰਵਾਉਣ | ਇਸ ਮੌਕੇ ਮੈਡਮ ਬਰਿੰਦਰ ਕੌਰ, ਗੁਰਜੀਤ ਕੌਰ, ਰਾਜਵੀਰ ਕੌਰ, ਊਸ਼ਾ ਰਾਣੀ, ਰਮਨਦੀਪ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਸੋਮਾ ਰਾਣੀ ਅਤੇ ਮਾ. ਗੁਰਦੀਪ ਸਿੰਘ ਆਦਿ ਵੀ ਮੌਜੂਦ ਸਨ |