You are here

ਲੁਧਿਆਣਾ

ਨੈਸ਼ਨਲ ਅਪਰੈਂਟੇਸ਼ਿਪ ਪ੍ਰੋਗਰਾਮ ਯੋਜਨਾ ਸੰਬੰਧੀ ਲੁਧਿਆਣਾ ਵਿੱਚ ਵਰਕਸ਼ਾਪ ਦਾ ਆਯੋਜਨ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਕਵਾਇਦ ਨੂੰ ਅੱਗੇ ਤੋਰਦਿਆਂ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਲੁਧਿਆਣਾ ਵਿੱਚ ਨੈਸ਼ਨਲ ਅਪਰੈਂਟੇਸ਼ਿਪ ਪ੍ਰੋਮੋਸ਼ਨ ਯੋਜਨਾ (ਨੈਪਸ) ਬਾਰੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਵਰਕਸ਼ਾਪ ਵਿੱਚ ਨੈਸ਼ਨਲ ਸਕਿੱਲ ਡਿਵੈੱਲਪਮੈਂਟ ਕਾਰਪੋਰੇਸ਼ਨ, ਸਨਅਤੀ ਭਾਈਵਾਲ, ਪ੍ਰਧਾਨ ਮੰਤਰੀ ਕੌਂਸ਼ਲ ਵਿਕਾਸ ਯੋਜਨਾ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ। ਵਰਕਸ਼ਾਪ ਦੌਰਾਨ ਸਨਅਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਨੈਪਸ ਨੂੰ ਸਹਿਯੋਗ ਕਰਨ ਅਤੇ ਇਸ ਯੋਜਨਾ ਦਾ ਭਰਪੂਰ ਲਾਭ ਲੈਣ। ਸਕਿੱਲ ਡਿਵੈੱਲਪਮੈਂਟ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਸਨਅਤੀ ਯੂਨਿਟਾਂ ਵਿੱਚ ਅਪਰੈਂਟੇਸ਼ਿਪ ਪ੍ਰੋਗਰਾਮ ਨੂੰ ਲਾਜ਼ਮੀ ਕਰਨ ਬਾਰੇ ਵੀ ਕਿਹਾ ਗਿਆ ਹੈ। ਇਸ ਮੌਕੇ ਹਾਜ਼ਰ ਸਾਰੇ ਨੁਮਾਇੰਦਿਆਂ ਨੂੰ ਇਸ ਯੋਜਨਾ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਤਾਂ ਜੋ ਇਸ ਯੋਜਨਾ ਨੂੰ ਲੋਕਾਂ ਤੱਕ ਲਿਜਾਇਆ ਜਾ ਸਕੇ ਅਤੇ ਇਸ ਦਾ ਲਾਭ ਉਨ੍ਹਾਂ ਨੂੰ ਦਿਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਅਗਰਵਾਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਹਮੇਸ਼ਾਂ ਹੀ ਸਨਅਤੀ ਇਕਾਈਆਂ ਲਈ ਪਹਿਲੀ ਪਸੰਦ ਰਿਹਾ ਹੈ। ਸਮੇਂ ਦੇ ਬਦਲਾਅ ਦੇ ਨਾਲ-ਨਾਲ ਕਈ ਨਵੀਂਆਂ ਸਨਅਤਾਂ ਵੀ ਸੂਬੇ ਵਿੱਚ ਆ ਰਹੀਆਂ ਹਨ। ਅਜਿਹੇ ਮੌਕੇ ਸਨਅਤੀ ਯੂਨਿਟਾਂ ਵਿੱਚ ਅਪਰੈਂਟੇਸ਼ਿਪ ਪ੍ਰੋਗਰਾਮ ਨੌਜਵਾਨਾਂ ਨੂੰ ਹੋਰ ਹੁਨਰਮੰਦ ਬਣਾ ਸਕਦੇ ਹਨ। ਵਰਕਸ਼ਾਪ ਦੌਰਾਨ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਨੈਪਸ ਨੂੰ ਆਪਣੀਆਂ ਇਕਾਈਆਂ ਵਿੱਚ ਲਾਗੂ ਕਰਨ ਅਤੇ ਸਿਖਾਂਦਰੂਆਂ ਨੂੰ ਭਰਤੀ ਕਰਨ। ਸਰਕਾਰ ਵੱਲੋਂ ਇਸ ਵਿੱਚ ਬਣਦੀ ਆਰਥਿਕ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਐੱਸ. ਡੀ. ਐੱਮ. ਜਗਰਾਂਉ ਬਲਜਿੰਦਰ ਸਿੰਘ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮਹੇਸ਼ ਖੰਨਾ, ਮਿਸ ਸਵਾਤੀ ਠਾਕੁਰ ਮਿਸ਼ਨ ਮੈਨੇਜਰ, ਮਿਸ ਗੀਤਾਂਜਲੀ ਅਗਰਵਾਲ ਰਿਸੋਰਸ ਪਰਸਨ, ਨਿਰਭੈਅ ਸ੍ਰੀਵਾਸਤਵਾ ਅਤੇ ਹੋਰ ਵੀ ਕਈ ਹਾਜ਼ਰ ਸਨ।

ਸੰਭਾਵੀ ਮਾਵਾਂ ਨੂੰ ਜਣੇਪੇ ਸੰਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ ਦਾ ਆਯੋਜਨ ਪਿੰਡ ਕਿਲਾ ਰਾਏਪੁਰ ਵਿਖੇ 23 ਜਨਵਰੀ ਨੂੰ

ਗਰਭਵਤੀ ਔਰਤਾਂ ਨੂੰ ਗਰਭ, ਗਰਭ ਨਿਰੋਧਕ ਅਤੇ ਮਾਂ ਹੋਣ ਦੇ ਪੱਖਾਂ ਬਾਰੇ ਕੀਤਾ ਜਾ ਰਿਹਾ ਜਾਗਰੂਕ-ਵਧੀਕ ਡਿਪਟੀ ਕਮਿਸ਼ਨਰ (ਵ)

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਿਲਾ ਪ੍ਰਸਾਸ਼ਨ ਨੇ ਵਿਲੱਖਣ ਉਪਰਾਲਾ ਕਰਦਿਆਂ ਸੰਭਾਵੀ ਮਾਵਾਂ ਨੂੰ ਗਰਭ ਅਵਸਥਾ ਅਤੇ ਜਣੇਪੇ ਸਮੇਤ ਹੋਰ ਕਈ ਪੱਖਾਂ ਤੋਂ ਜਾਗਰੂਕ ਕਰਨ ਲਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਸੁਯੋਗ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅਮ੍ਰਿਤ ਸਿੰਘ ਵੱਲੋਂ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਇਹ ਵਰਕਸ਼ਾਪਾਂ ਜ਼ਿਲਾ ਲੁਧਿਆਣਾ ਅਧੀਨ ਪੈਂਦੇ ਸਾਰੇ 13 ਬਲਾਕਾਂ ਵਿੱਚ ਰੋਟੇਸ਼ਨਵਾਰ ਲਗਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜ਼ਿਲਾ ਪ੍ਰਸਾਸ਼ਨ ਵੱਲੋਂ ਸ਼ਹਿਰ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨੀਲਮ ਸੋਢੀ ਅਤੇ ਉਨਾਂ ਦੀ ਟੀਮ ਨਾਲ ਰਾਬਤਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਗਰਭਵਤੀ ਔਰਤਾਂ, ਖਾਸ ਕਰਕੇ ਪਹਿਲੀ ਵਾਰ ਮਾਂ ਬਣਨ ਵਾਲੀਆਂ, ਲਈ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਪ੍ਰਸਥਿਤੀਆਂ ਸੰਬੰਧੀ ਕਈ ਤੌਖ਼ਲੇ ਹੁੰਦੇ ਹਨ। ਉਹ ਇਸ ਸੰਬੰਧੀ ਬਹੁਤਾ ਕਿਸੇ ਨਾਲ ਗੱਲ ਵੀ ਨਹੀਂ ਕਰ ਪਾਉਂਦੀਆਂ। ਅਜਿਹੀਆਂ ਔਰਤਾਂ ਦੇ ਹਰ ਤਰਾਂ ਦੀਆਂ ਸ਼ੰਕਾਵਾਂ ਦਾ ਇਨਾਂ ਵਰਕਸ਼ਾਪਾਂ ਵਿੱਚ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਵਰਕਸ਼ਾਪ ਮਿਤੀ 23 ਜਨਵਰੀ, 2020 ਨੂੰ ਸਵੇਰੇ 10.30 ਵਜੇ ਪਿੰਡ ਕਿਲਾ ਰਾਏਪੁਰ ਦੇ ਸੇਮਾ ਪੱਤੀ ਦੀ ਧਰਮਸ਼ਾਲਾ (ਆਂਗਣਵਾੜੀ) ਵਿਖੇ ਲਗਾਈ ਜਾਵੇਗੀ। ਇਨਾਂ ਵਰਕਸ਼ਾਪਾਂ ਦੌਰਾਨ ਔਰਤਾਂ ਨੂੰ ਗਰਭ ਧਾਰਨ ਤੋਂ ਲੈ ਕੇ ਗਰਭ ਨਿਰੋਧਕ, ਗਰਭ ਅਵਸਥਾ, ਜਣੇਪਾ, ਮਾਂ ਬਣਨਾ, ਬੱਚੇ ਨੂੰ ਜਨਮ ਤੋਂ ਬਾਅਦ ਦੀਆਂ ਟੀਕਾਕਰਨ ਸਮੇਤ ਸਾਰੀਆਂ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਇਹ ਜਾਣਕਾਰੀ ਦੇਣ ਵੇਲੇ ਔਰਤਾਂ ਦੀਆਂ ਸੱਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਕੋਲ ਸੱਦਿਆ ਜਾਂਦਾ ਹੈ।

ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

26 ਜਨਵਰੀ ਨੂੰ ਗਣਤੰਤਰ ਦਿਵਸ ਸੰਬੰਧੀ ਜ਼ਿਲਾ ਪੱਧਰੀ ਸਮਾਗਮ ਹਰ ਸਾਲ ਦੀ ਤਰਾਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਇਆ ਜਾਵੇਗਾ। ਇਸ ਦਿਹਾੜੇ ਨੂੰ ਵਧੀਆ ਤਰੀਕੇ ਨਾਲ ਮਨਾਉਣ ਲਈ ਤਿਆਰੀਆਂ ਸੰੰਬੰਧੀ ਮੀਟਿੰਗ ਦਾ ਆਯੋਜਨ ਅੱਜ ਸਟੇਡੀਅਮ ਵਿਖੇ ਕੀਤਾ ਗਿਆ, ਜਿਸ ਦੀ ਪ੍ਰ੍ਰਧਾਨਗੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤੀ। ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਅਨੁਸਾਰ ਹਰ ਵਾਰ ਦੀ ਤਰਾਂ ਇਸ ਸਮਾਗਮ ਨੂੰ ਵੀ ਜ਼ਿਲਾ ਪ੍ਰਸਾਸ਼ਨ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਜਾਵੇਗਾ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਰੰਗਾਰੰਗ ਪ੍ਰੋਗਰਾਮ, ਪੀ. ਟੀ. ਸ਼ੋਅ ਅਤੇ ਲੇਜ਼ੀਅਮ ਵਿੱਚ ਵੱਖ-ਵੱਖ ਸਕੂਲਾਂ ਦੇ 2000 ਤੋਂ ਵਧੇਰੇ ਵਿਦਿਆਰਥੀ ਭਾਗ ਲੈਣਗੇ। ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਏ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਸਮਾਗਮ ਸਵੇਰੇ 9.58 ਮਿੰਟ 'ਤੇ ਮੁੱਖ ਮਹਿਮਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਸ਼ੁਰੂ ਹੋਵੇਗਾ। ਇਸ ਸਮਾਗਮ ਲਈ ਅੱਜ ਸਟੇਡੀਅਮ ਵਿਖੇ ਰਿਹਰਸਲਾਂ ਸ਼ੁਰੂ ਹੋ ਗਈਆਂ, ਜੋ ਕਿ 22 ਅਤੇ 23 ਜਨਵਰੀ, 2019 ਨੂੰ ਵੀ ਕਰਵਾਈ ਜਾਵੇਗੀ, ਜਦਕਿ 24 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਕਰਵਾਈ ਜਾਵੇਗੀ। ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਉਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਕਿਹਾ ਕਿ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਸਮਾਗਮ ਦੋ ਰਾਸ਼ਟਰੀ ਸਮਾਗਮ ਹੁੰਦੇ ਹਨ, ਜਿਨਾਂ ਨੂੰ ਹਰੇਕ ਦੇਸ਼ ਵਾਸੀ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ। ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੀ ਪੂਰੀ ਤਰਾਂ ਸਫਾਈ ਕਰਵਾਈ ਜਾਵੇ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵਧ ਚੜ ਕੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਅੰਮ੍ਰਿਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਸਥਾਨਕ) ਦੀਪਕ ਪਾਰਿਕ ਅਤੇ ਹੋਰ ਸੀਨੀਅਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

ਦੇਸ਼ ਦੀਆਂ ਧੀਆਂ ਦੇ ਸਵਾਲਾਂ ਤੋਂ ਭੱਜ ਰਹੀ ਹੈ ਮੋਦੀ ਸਰਕਾਰ- ਸ਼ਾਹੀ ਇਮਾਮ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਅੱਜ ਵੱਖ-ਵੱਖ ਵਰਗਾਂ ਅਤੇ ਧਰਮਾਂ ਨਾਲ ਸਬੰਧਿਤ ਹਜ਼ਾਰਾਂ ਔਰਤਾਂ ਨੇ ਰੋਸ ਮੁਜ਼ਾਹਰਾ ਕਰ ਕੇ ਪੈਦਲ ਰੋਸ ਮਾਰਚ ਕੱਢਿਆ। ਔਰਤਾਂ ਨੇ ਹੱਥਾਂ ਵਿੱਚ ਸੀਏਏ ਅਤੇ ਐਨਆਰਸੀ ਖ਼ਿਲਾਫ਼ ਨਾਅਰੇ ਲਿਖੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਰੋਸ ਮਾਰਚ ਬਰਾਊਨ ਰੋਡ, ਸੁਭਾਨੀ ਬਿਲਡਿੰਗ, ਸ਼ਾਹਪੁਰ ਰੋਡ ਤੋਂ ਹੁੰਦਾ ਹੋਇਆ ਇਤਿਹਾਸਕ ਜਾਮਾ ਮਸਜਿਦ ਤੱਕ ਪੁੱਜਾ। ਉੱਥੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਾਵੀ ਨੂੰ ਆਪਣੇ ਖ਼ੂਨ ਨਾਲ ਲਿਖਿਆ ਅਹਿਦਨਾਮਾ (ਮੰਗ ਪੱਤਰ) ਪੇਸ਼ ਕੀਤਾ।
ਇਸ ਤੋਂ ਪਹਿਲਾਂ ਸਿਵਲ ਹਸਪਤਾਲ ਨੇੜੇ ਹੋਈ ਰੈਲੀ ਦੌਰਾਨ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਾਨੂੰਨ ਦੇ ਹਰ ਪੱਖ ਤੋਂ ਰੋਸ਼ਨੀ ਪਾਈ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਆਗੂ ਕਨੂੰ ਪ੍ਰਿਯਾ, ਫਤਹਿ ਚੈਨਲ ਦੀ ਨਵਦੀਪ ਕੌਰ ਸਣੇ ਹਿੰਦੂ, ਮੁਸਲਿਮ, ਸਿੱਖ ਈਸਾਈ ਅਤੇ ਦਲਿਤ ਸਮਾਜ ਦੀਆਂ ਔਰਤਾਂ ਰੈਲੀ ਵਿੱਚ ਸ਼ਾਮਲ ਸਨ। ਮੰਚ ’ਤੇ ਰਹਿਨੁਮਾ ਖਾਤੂਨ ਨੇ ਫ਼ੈਜ਼ ਅਹਿਮਦ ਫੈਜ਼ ਦੀ ਨਜ਼ਮ ‘ਹਮ ਦੇਖੇਂਗੇ’ ਪੜ੍ਹੀ। ਇਸ ਮੌਕੇ ਕਨੂੰ ਪ੍ਰਿਯਾ ਨੇ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਫ਼ਿਰਕਾਪ੍ਰਸਤ ਤਾਕਤਾਂ ਤੋੜਣਾ ਚਾਹੁੰਦੀਆਂ ਹਨ ਜਦਕਿ ਦੇਸ਼ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਮੋਦੀ ਸਰਕਾਰ ਦੇ ਇਹ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੀਆਂ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਉਹ ਸੰਵਿਧਾਨ ਨੂੰ ਤੋੜਨ ਦੀ ਸਾਜਿਸ਼ ਤਹਿਤ ਬਣਾਏ ਕਾਲੇ ਕਾਨੂੰਨ ਖ਼ਿਲਾਫ਼ ਦਾ ਵਿਰੋਧ ਕਰਦੀਆਂ ਰਹਿਣਗੇ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀਆਂ ਧੀਆਂ ਦੇ ਸਵਾਲਾਂ ਤੋਂ ਭੱਜ ਰਹੀ ਹੈ।
ਇਸੇ ਤਰ੍ਹਾਂ ਦਰਜਨਾਂ ਮਜ਼ਦੂਰ, ਕਿਸਾਨ, ਮੁਲਾਜ਼ਮ, ਨੌਜਵਾਨ, ਘੱਟ ਗਿਣਤੀ, ਜਮਹੂਰੀ ਜਥੇਬੰਦੀਆਂ ’ਤੇ ਆਧਾਰਿਤ ਫਾਸੀਵਾਦ ਵਿਰੋਧੀ ਤਾਲਮੇਲ ਕਮੇਟੀ ਜ਼ਿਲ੍ਹਾ ਲੁਧਿਆਣਾ ਦੇ ਫ਼ੈਸਲੇ ਅਤੇ ਸੱਦੇ ਅਨੁਸਾਰ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ (ਭਾਈਵਾਲਾ ਚੌਕ) ਲੁਧਿਆਣਾ ਵਿਚ ਸਾਂਝੀ ਰੈਲੀ ਕੀਤੀ ਗਈ। ਹਾਜ਼ਰੀਨਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਨਾਗਰਿਕਤਾ ਕਾਨੂੰਨਾਂ ਵਿਰੋਧੀ ਦੇਸ਼ ਵਿਆਪੀ ਲੋਕ ਲਹਿਰ ਦੇ 28 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਤਰਸੇਮ ਜੋਧਾਂ, ਰਘਵੀਰ ਬੈਨੀਪਾਲ, ਡੀਪੀ ਮੌੜ, ਕੁਲਦੀਪ ਸਿੰਘ ਐਡਵੋਕੇਟ, ਜਸਦੇਵ ਸਿੰਘ ਲਲਤੋਂ, ਵਿਧਾਇਕ ਸਰਬਜੀਤ ਕੌਰ ਮਾਣੂੰਕੇ ਆਦਿ ਨੇ ਆਖਿਆ ਕਿ ਕੇਂਦਰੀ ਹਕੂਮਤ ਵੱਲੋਂ ਠੋਸਿਆ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਭਾਰਤੀ ਸੰਵਿਧਾਨ ਦੇ ਧਰਮ ਨਿਰਪੱਖ ਅਤੇ ਬਰਾਬਰੀ ਵਾਲੇ ਮੂਲ ਤੱਤ ਦੀਆਂ ਧੱਜੀਆਂ ਉਡਾਈਆਂ ਹਨ। ਆਗੂਆਂ ਨੇ ਆਖਿਆ ਕਿ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਬਿਲਕੁਲ ਬੇਲੋੜਾ ਹੈ। ਰੈਲੀ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਗਏ।

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਿੰਡ ਗਾਲਿਬ ਖੁਰਦ 'ਚ ਨਗਰ ਕੀਰਤਨ ਸਜਾਇਆ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)-

ਸਾਹਿਬ-ਏ-ਕਮਾਲ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਸਬੰਧੀ ਪਿੰਡ ਗਾਲਿਬ ਖੁਰਦ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਜੀ ਤੋ ਸੁਰੂ ਹੋ ਕੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਜੀ ਪੱੁਜ ਕੇ ਸਮਾਪਤ ਹੋਇਆ।ਇਸ ਨਗਰ ਕੀਰਤਨ ਦੇ ਵੱਖ-ਵੱਖ-ਵੱਖ ਥਾਂਵਾ ਤੇ ਸਜੇ ਪੜਾਵਾਂ ਤੇ ਢਾਡੀ ਜੱਥਿਆਂ ਨੇ ਗੁਰੂ ਸਾਹਿਬ ਜੀ ਦਾ ਇਤਾਹਸ ਸੁਣਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇ ਵੱਖ-ਵੱਖ ਪੜਾਵਾਂ ਤੇ ਪੌਕਾੜਿਆਂ,ਲੱਡੂਆਂ,ਸੋਮਸੇ,ਚਾਹ ਦੇ ਲੰਗਰ ਲਗਾਵਾਏ ਗਏ।ਇਸ ਨਗਰ ਕੀਰਤਨ ਵਿੱਚ ਗੱਤਕੇ ਦੇ ਵੀ ਜੌਹਰ ਦਿਖਾਏ ਗਏ।ਨਗਰ ਕੀਰਤਨ 'ਚ ਪੰਚਾਇਤ,ਗੁਰਦੂਆਰਾ ਕਮੇਟੀ ਦੇ ਮੈਬਰ ਤੇ ਵੱਡੀ ਗਿਣਤੀ 'ਚ ਪਿੰਡ ਦੀਆਂ ਸਗੰਤਾਂ ਨੇ ਸਮੂਲੀਅਤ ਕੀਤੀ।ਇਸ ਸਮੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੀਪ ਸਿੰਘ,ਹਰਦੀਪ ਸਿੰਘ ਸੇਰੂ,ਅਵਤਾਰ ਸਿੰਘ ਡੇਅਰੀਵਾਲਾ,ਬਲਾਕ ਸੰਮਤੀ ਮੈਬਰ ਦਲਜੀਤ ਕੌਰ,ਸਰਪੰਚ ਗੁਰਪ੍ਰੀਤ ਸਿੰਘ ਪੀਤਾ,ਸਵੇਕ ਸਿੰਘ ਜੀਤਾ ਮੈਬਰ,ਕਰਮਜੀਤ ਕੋਰ ਮੈਬਰ,ਜਸਵਿੰਦਰ ਕੋਰ ਮੈਬਰ,ਕੁਲਵਿੰਦਰ ਕੋਰ ਮੈਬਰ,ਗੁਰਮੁੱੁਖ ਸਿੰਘ ਮੈਬਰ,ਰਜਿੰਦਰ ਸਿੰਘ ਮੈਬਰ,ਅਮਰਜੀਤ ਸਿੰਘ ਆਦਿ ਹਾਜ਼ਰ ਸਨ।

ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ "ਮਨ ਪਰਦੇਸੀ" ਪੰਜਾਬੀ ਭਵਨ ਲੁਧਿਆਣਾ ਵਿਖੇ ਡਾ: ਸ ਸ ਜੌਹਲ ਵੱਲੋਂ ਲੋਕ ਅਰਪਣ

 ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਕਵੀ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ "ਮਨ ਪਰਦੇਸੀ" ਪੰਜਾਬੀ ਭਵਨ ਲੁਧਿਆਣਾ ਵਿਖੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਡਾ: ਸ ਸ ਜੌਹਲ ਵੱਲੋਂ ਕੱਲ੍ਹ ਸ਼ਾਮੀਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ,ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਤੇ ਸਾਬਕਾ ਪ੍ਰਧਾਨ ਡਾ: ਸੁਖਦੇਵ ਸਿੰਘ ਸਿਰਸਾ ਨੇ ਵੀ ਡਾ: ਸ ਸ ਜੌਹਲ ਸਮੇਤ ਲੇਖਕ ਨੂੰ ਗ਼ਜ਼ਲ ਸੰਗ੍ਰਹਿ ਛਪਣ ਤੇ ਮੁਬਾਰਕ ਦਿੱਤੀ। ਇਸ ਮੌਕੇ ਗੁਰਭਜਨ ਗਿੱਲ ਨੇ ਦੱਸਿਆ ਕਿ ਇਹ ਉਨ੍ਹਾਂ ਦਾ 1985 ਚ ਛਪੇ ਪਹਿਲੇ ਗ਼ਜ਼ਲ ਸੰਗ੍ਰਹਿ ਹਰ ਧੁਖਦਾ ਪਿੰਡ ਮੇਰਾ ਹੈ, ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ,ਮੋਰ ਪੰਖ, ਤਾਰਿਆਂ ਦੇ ਨਾਲ ਗੱਲਾਂ ਕਰਦਿਆਂ, ਗੁਲਨਾਰ, ਮਿਰਗਾਵਲੀ ਤੇ ਰਾਵੀ ਤੋਂ ਬਾਦ ਨੌਵਾਂ ਗ਼ਜ਼ਲ ਸੰਗ੍ਰਹਿ ਹੈ। ਇਸ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਦੱਸਿਆ ਕਿ ਗੁਰਭਜਨ ਗਿੱਲ ਅਜਿਹੇ ਪੰਜਾਬੀ ਸਾਹਿਤਕਾਰ ਹਨ, ਜਿਨ੍ਹਾਂ ਨੇ ਆਪਣੀ ਨਵੀਨਤਮ ਅਤੇ ਵੱਖਰੀ ਸ਼ੈਲੀ ਰਾਹੀਂ ਪੰਜਾਬੀ ਸਾਹਿਤ ਦੇ ਕਾਵਿ ਖੇਤਰ ਵਿੱਚ ਆਪਣੀ ਅਲੱਗ ਪਹਿਚਾਣ ਕਾਇਮ ਕੀਤੀ ਹੈ । 1976 ਤੋਂ ਅਧਿਆਪਨ ਕਾਰਜ ਸ਼ੁਰੂ ਕਰਕੇ ਸੱਤ ਸਾਲ ਕਾਲਜਾਂ ਚ ਪੜ੍ਹਾਉਣ ਮਗਰੋਂ 1983 ਤੋਂ 2013 ਤੀਕ ਤੀਹ ਸਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਸੀਨੀਅਰ ਸੰਪਾਦਕ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਮਈ 2013 ਵਿੱਚ ਸੇਵਾ ਮੁਕਤ ਹੋ ਚੁੱਕੇ ਹਨ । ਪ੍ਰੋ: ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ 2010 ਤੋਂ 2014 ਤੀਕ ਚਾਰ ਸਾਲ ਪ੍ਰਧਾਨ ਰਹੇ ਅਤੇ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਥਾਪਨਾ ਤੋਂ ਲੈ ਕੇ 2014 ਤੀਕ ਲਗ ਪਗ ਪੈਂਤੀ ਸਾਲ ਪ੍ਰਮੁੱਖ ਅਹੁਦੇਦਾਰ ਰਹੇ ਹਨ। ਇਸ ਵਕਤ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ, ਬੱਸੀਆਂ ਕੋਠੀ (ਰਾਏਕੋਟ)ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਵੀ ਚੇਅਰਮੈਨ ਵੀ ਹਨ। ਸੱਰੀ(ਕੈਨੇਡਾ) ਚ ਸਥਾਪਤ ਪੰਜਾਬ ਭਵਨ ਦੀ ਸਥਾਪਨਾ ਕਰਵਾਉਣ ਲਈ ਆਪ ਜੀ ਦਾ ਯੋਗਦਾਨ ਇਤਿਹਾਸਕ ਮੀਲ ਪੱਥਰ ਹੈ।

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਸਫ਼ਲਤਾਪੂਰਵਕ ਸੰਪੰਨ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਿੱਖਿਆ ਵਿਭਾਗ, ਪੰਜਾਬ ਵੱਲੋਂ ਕੀਤੇ ਪੁਖ਼ਤਾ ਪ੍ਰਬੰਧਾਂ ਦੇ ਚੱਲਦਿਆਂ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਅੱਜ ਸਫ਼ਲਤਾਪੂਰਵਕ ਸੰਪੰਨ ਹੋਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਸ੍ਰੀਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ 29 ਪ੍ਰੀਖਿਆ ਕੇਂਦਰਾਂ ਵਿੱਚ ਇਹ ਪ੍ਰੀਖਿਆ ਕਰਵਾਈ ਗਈ, ਜਿਸ ਵਿੱਚ ਸਵੇਰ ਦੀ ਸ਼ਿਫ਼ਟ ਵਿੱਚ ਕੁੱਲ 23 ਪ੍ਰੀਖਿਆ ਕੇਂਦਰਾਂ ਵਿੱਚ 9171 ਉਮੀਦਵਾਰਾਂ ਵਿੱਚੋਂ 7260 (79.16 ਫੀਸਦੀ) ਉਮੀਦਵਾਰ ਅਤੇ ਸ਼ਾਮ ਦੀ ਸ਼ਿਫ਼ਟ ਵਿੱਚ 29 ਕੇਂਦਰਾਂ ਵਿੱਚ 11624 ਉਮੀਦਵਾਰਾਂ ਵਿੱਚੋਂ 9273 (79.46 ਫੀਸਦੀ) ਉਮੀਦਵਾਰ ਹਾਜ਼ਰ ਹੋਏ। ਇਹ ਪ੍ਰੀਖਿਆ ਪੂਰਨ ਸ਼ਾਂਤੀ ਨਾਲ ਸੰਪੰਨ ਹੋਈ। ਦੱਸਣਯੋਗ ਹੈ ਕਿ ਇਸ ਪ੍ਰੀਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਇਨ੍ਹਾਂ ਪ੍ਰੀਖਿਆ ਕੇਂਦਰਾਂ ਦੇ ਬਾਹਰ ਧਾਰਾ 144 ਤਹਿਤ 5 ਜਾਂ ਇਸ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਦੀ ਪਾਬੰਦੀ ਲਗਾਈ ਗਈ ਸੀ। ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਅੱਜ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ। ਇਸ ਮੌਕੇ ਅੰਡਰ ਟ੍ਰੇਨੀ ਆਈ. ਏ. ਐੱਸ. ਅਧਿਕਾਰੀ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਏ. ਡੀ. ਪੀ. ਆਈ.-ਕਮ-ਨੋਡਲ ਅਧਿਕਾਰੀ ਸ੍ਰੀਮਤੀ ਕਰਮਜੀਤ ਕੌਰ ਬਾਠ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।

ਦਰਤੀ ਸਰੋਤਾਂ ਦੀ ਸੰਭਾਲ ਲਈ ਪੇਂਡੂ ਜਲ ਸਰੋਤਾਂ ਦੀ ਰਵਾਇਤ ਬਚਾਉਣੀ ਜਰੂਰੀ-ਸ਼੍ਰੀ ਸੁਰੇਸ਼ ਕੁਮਾਰ

ਲੁਧਿਆਣਾ, ਜਨਵਰੀ 2020-( /ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੀ.ਏ.ਯੂ. ਵਿਚ ਅੱਜ ਸਿੰਚਾਈ ਲਈ ਪੰਜਾਬ ਦੇ ਰਿਵਾਇਤੀ ਜਲ ਸਰੋਤਾਂ ਜਿਵੇਂ ਪੇਂਡੂ ਛੱਪੜਾਂ ਦੀ ਵਰਤੋਂ ਬਾਰੇ ਇਕ ਵਰਕਸ਼ਾਪ ਕਰਵਾਈ ਗਈ।ਇਹ ਕੈਂਬਰਿਜ ਯੂਨੀਵਰਸਿਟੀ ਅਤੇ ਪੀ ਏ ਯੂ ਦੇ ਸਾਂਝੇ ਅੰਤਰਾਸ਼ਟਰੀ ਪ੍ਰਾਜੈਕਟ ਟ੍ਰਸਟ ਅਤੇ ਅੰਤਰਾਸ਼ਟਰੀ ਫ਼ਸਲ ਖੋਜ ਸੰਸਥਾਨ ਵਲੋਂ ਸਾਂਝੇ ਤੌਰ ਤੇ ਕਰਵਾਈ ਗਈ। ਇਹ ਸਾਰਾ ਆਯੋਜਨ ਵਿਸ਼ੇਸ਼ ਪ੍ਰਾਜੈਕਟ ਟਾਈਗਰੈੱਸ ਅਧੀਨ ਆਯੋਜਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਟਾਈਗਰੈੱਸ ਪ੍ਰਾਜੈਕਟ ਅਧੀਨ ਭਾਰਤ ਦੇ ਹੋਰ ਪ੍ਰਾਂਤਾਂ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ। ਹੁਣ ਇਹ ਪ੍ਰਾਜੈਕਟ ਪੰਜਾਬ ਦੇ ਪੁਰਾਤਨ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਕੇ ਕੁਦਰਤੀ ਸਰੋਤਾਂ ਦੀ ਸੰਭਾਲ ਵਿਚ ਯੋਗਦਾਨ ਪਵੇਗਾ। ਇਸ ਵਿਚ ਪੰਜਾਬ ਦੇ ਵੱਖ-ਵੱਖ ਅਦਾਰੇ ਆਪਣਾ ਯੋਗਦਾਨ ਪਾਉਣਗੇ। ਇਸ ਵਰਕਸ਼ਾਪ ਦਾ ਉਦੇਸ਼ ਪੰਜਾਬ ਦੇ ਪੁਰਾਤਨ ਜਲ ਸਰੋਤਾਂ ਦੀ ਵਰਤਮਾਨ ਵਿਚ ਵਰਤੋਂ ਸੰਬੰਧੀ ਰਣਨੀਤੀ ਬਾਰੇ ਵਿਚਾਰ ਕਰਨਾ ਸੀ। ਇਸ ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਸ਼੍ਰੀ ਸੁਰੇਸ਼ ਕੁਮਾਰ ਆਈ ਏ ਐਸ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਵਰਕਸ਼ਾਪ ਦਾ ਏਜੰਡਾ ਨਿਰਧਾਰਿਤ ਕਰਦਿਆਂ ਸ਼੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਪੇਂਡੂ ਜਲ ਸਰੋਤਾਂ ਦੀ ਸੰਭਾਲ ਦਾ ਪੰਜਾਬ ਵਿਚ ਹੋਣਾ ਅਜੇ ਬਾਕੀ ਹੈ। ਇਹ ਵਰਕਸ਼ਾਪ ਇਸ ਦਿਸ਼ਾ ਵਿਚ ਇਤਿਹਾਸਿਕ ਪਹਿਲ ਕਦਮੀ ਕਰੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਜਲ ਸਰੋਤਾਂ, ਛੱਪੜਾਂ ਦੀ ਨਿਸ਼ਾਨਦੇਹੀ, ਉਨ੍ਹਾਂ ਨੂੰ ਨਵਿਆਉਣ ਦੀ ਯੋਜਨਾ ਅਤੇ ਸਿੰਚਾਈ ਲਈ ਮੁੜ ਵਰਤੋਂ ਦੇ ਯੋਗ ਬਣਾਉਣਾ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਪੱਖ ਤੋਂ ਬੇਹੱਦ ਲਾਜ਼ਮੀ ਹੈ। ਸੁਰੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੋਰ ਵਿਭਾਗਾਂ ਨਾਲ ਮਿਲ ਕੇ ਪੀ ਏ ਯੂ ਇਸ ਦਿਸ਼ਾ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਜ ਹਿਤ ਅੱਜ ਦੀ ਵਰਕਸ਼ਾਪ ਲਈ ਇਕੱਤਰ ਹੋਏ ਹਾਂ। ਇਸ ਮੌਕੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ, ਪਦਮ ਸ਼੍ਰੀ ਐਵਾਰਡੀ ਨੇ ਕਿਹਾ ਕਿ ਸੰਸਾਰ ਭਰ ਵਿਚ ਸੱਭਿਆਤਾਵਾਂ ਦਾ ਜਨਮ ਦਰਿਆਵਾਂ ਕੰਢੇ ਹੋਇਆ ਹੈ।ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਜਲ ਸਰੋਤ ਪੰਜਾਬ ਲਈ ਬੇਹੱਦ ਅਹਿਮ ਹਨ। ਵੱਧਦੀ ਜਨਸੰਖਿਆ ਨੇ ਸਾਨੂੰ ਫਸਲੀ ਘਣਤਾ ਵਲ ਤੋਰਿਆ ਹੈ ਪਰ ਕੁਦਰਤੀ ਸਰੋਤਾਂ ਅਤੇ ਜਲਵਾਯੂ ਦੀ ਖਲਬਲੀ ਨੇ ਇਸ ਦਿਸ਼ਾ ਵਿਚ ਮੁੜ ਸੋਚਣ ਲਈ ਮਜਬੂਰ ਕੀਤਾ ਹੈ। ਸਮਾਜ ਦੀਆਂ ਰੋਜ਼ਾਨਾ ਲੋੜ੍ਹਾਂ ਧਿਆਨ ਚ ਰੱਖਦਿਆਂ ਖੇਤੀ ਵਰਤੋਂ ਦੇ ਨੁਕਤੇ ਤੋਂ ਪੀ. ਏ. ਯੂ. ਪੇਂਡੂ ਛੱਪੜਾਂ ਦੀ ਮੁੜ ਸੁਰਜੀਤੀ ਵਿਚ ਆਪਣਾ ਯੋਗਦਾਨ ਪਾਵੇਗੀ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਸ਼੍ਰੀਮਤੀ ਸੀਮਾ ਜੈਨ ਆਈ ਏ ਐੱਸ, ਸ੍ਰੀ ਰਾਕੇਸ਼ ਕੁਮਾਰ ਵਰਮਾ ਅਤੇ ਕੁਮਾਰੀ ਜੇ ਤਲਵਾਰ ਨੇ ਕਿਹਾ ਇਹ ਵਿਚਾਰ ਚਰਚਾ ਚਲ ਰਹੇ ਸਰਕਾਰੀ ਕਾਰਜਾਂ ਲਈ ਬਹੁਤ ਲਾਭਕਾਰੀ ਸਾਬਿਤ ਹੋਵੇਗੀ। ਇਸ ਮੌਕੇ ਕੈਂਬਰਿਜ ਯੂਨੀਵਰਸਿਟੀ ਬਰਤਾਨੀਆ ਤੋਂ ਡਾ ਐਡਮ ਗ੍ਰੀਨ ਅਤੇ ਡਾ ਕੈਮਰੋਨ ਪੈਟਰੀ ਅਤੇ ਰਾਜੇਸ਼ ਵਸ਼ਿਸ਼ਟ ਵਿਸ਼ੇਸ ਤੌਰ ਤੇ ਹਾਜ਼ਰ ਸਨ। ਇਸ ਵਰਕਸ਼ਾਪ ਦੌਰਾਨ ਵਿਸ਼ੇ ਸੰਬੰਧੀ ਕੁਝ ਵਿਸ਼ੇਸ਼ ਪੇਸ਼ਕਾਰੀਆਂ ਹੋਈਆਂ। ਪਹਿਲੀ ਪੇਸ਼ਕਾਰੀ ਸਾਂਝੇ ਤੌਰ ਤੇ ਡਾ ਐਡਮ ਗ੍ਰੀਨ ਅਤੇ ਡਾ ਕੈਮਰੂਨ ਪੈਟਰੀ ਨੇ ਕੀਤੀ। ਉਨ੍ਹਾਂ ਨੇ ਉੱਤਰੀ ਭਾਰਤ ਦੀ ਪੁਰਾਤਨ ਦੀ ਖੇਤੀ ਬਾਰੇ ਗੱਲ ਕੀਤੀ ਜਿਸ ਵਿਚ ਪੁਰਾਤਨ, ਮੱਧਕਾਲ ਅਤੇ ਅਜੋਕੇ ਦੌਰ ਵਿਚ ਖੇਤੀ ਨੂੰ ਮੌਸਮ ਅਤੇ ਜਲਵਾਯੂ ਦੇ ਨੁਕਤੇ ਤੋਂ ਵਿਚਾਰਿਆ ਗਿਆ। ਦੂਜੀ ਪੇਸ਼ਕਾਰੀ ਪੀ. ਏ.ਯੂ.ਦੇ ਏ ਐੱਸ ਤੂਰ ਅਤੇ ਕੇ ਜੀ ਸਿੰਘ ਨੇ ਕੀਤੀ ਜਿਸ ਵਿਚ ਉਨ੍ਹਾਂ ਨੇ ਲੁਧਿਆਣਾ ਜ਼ਿਲ੍ਹੇ ਦੇ 78 ਛੱਪੜਾਂ ਵਿਚੋਂ 51 ਫੀਸਦੀ ਛੱਪੜਾਂਦੇ ਪਾਣੀ ਨੂੰ ਅਸ਼ੁੱਧ ਕਿਹਾ। ਤੀਜੀ ਪੇਸ਼ਕਾਰੀ ਪੰਜਾਬ ਸਰਕਾਰ ਦੇ ਜਲ ਸਪਲਾਈ ਮਹਿਕਮੇ ਵਲੋਂ ਦਿੱਤੀ ਗਈ ਜਿਸ ਵਿਚ ਪਾਣੀ ਦੀ ਸ਼ੁੱਧਤਾ ਲਈ ਕੀਤੇ ਜਾ ਰਹੇ ਕਾਰਜਾਂ ਦਾ ਉਲੇਖ ਸੀ। ਇਸੇ ਤਰਾਂ ਦੋ ਹੋਰ ਪੇਸ਼ਕਾਰੀਆਂ ਪੰਜਾਬ ਦੇ ਪੇਂਡੂ ਛੱਪੜਾਂ ਦੀ ਸੰਭਾਲ ਬਾਰੇ ਕੀਤੀਆਂ ਗਈਆਂ। ਇਹਨਾਂ ਪੇਸ਼ਕਾਰੀਆਂ ਉੱਪਰ ਵਿਚਾਰ ਚਰਚਾ ਹੋਈ ਜਿਸ ਵਿਚ ਮਾਹਿਰਾਂ ਨੇ ਇਸ ਮੁੱਦੇ ਤੇ ਆਪਣੇ ਵਿਚਾਰ ਦਿੱਤੇ ਕਿ ਪੇਂਡੂ ਛੱਪੜਾਂ ਦੀ ਵਰਤੋਂ ਸਿੰਚਾਈ ਸਹੂਲਤਾਂ ਵਜੋਂ ਕਿਵੇਂ ਕੀਤੀ ਜਾ ਸਕਦੀ ਹੈ। ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ ਨਵਤੇਜ ਬੈਂਸ ਨੇ ਸਵਾਗਤੀ ਸ਼ਬਦ ਕਿਹੇ ਜਦਕਿ ਸਮੁੱਚੇ ਸਮਾਗਮ ਦਾ ਸੰਚਾਲਨ ਪੀ ਏ ਯੂ ਦੇ ਰਜਿਸਟਰਾਰ ਡਾ ਰਜਿੰਦਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਦਾ ਗੁਰਿੰਦਰ ਕੌਰ ਸਾਂਘਾ, ਡਾ ਐੱਸ ਐੱਸ ਕੁੱਕਲ, ਡਾ ਸ਼ੰਮੀ ਕਪੂਰ ਅਤੇ ਪੰਜਾਬ ਰਿਮੋਟ ਸੈਂਸਿੰਗ ਤੋਂ ਸੰਦੀਪ ਦੀਕਸ਼ਿਤ ਸਮੇਤ ਪੰਜਾਬ ਦੇ ਵੱਖ ਵੱਖ ਵਿਭਾਗਾਂ ਤੋਂ ਮਾਹਿਰ ਹਾਜ਼ਿਰ ਸਨ।

ਬੱੁਤ ਤੋੜਨ ਵਾਲਿਆਂ ਸਿੰਘਾਂ ਦੇ ਕੇਸ ਰੱਦ ਕਰਕੇ ਜੇਲ੍ਹ ਵਿੱਚੋ ਤੁਰੰਤ ਰਿਹਾਅ ਕਰੇ ਸਰਕਾਰ:ਪ੍ਰਧਾਨ ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੀ ਦਰਬਾਰ ਸਾਹਿਬ ਅੰੰ੍ਰਿਤਸਰ ਸਾਹਿਬ ਇਕ ਰੂਹਾਨੀਅਤ ਦਾ ਪ੍ਰਤੀਕ ਹੈ ਜਿੱਥੇ ਸਾਰੇ ਧਰਮ ਦੇ ਲੋਕਾਂ ਦਾ ਸਤਿਕਾਰ ਕੀਤਾ ਜਾਦਾ ਹੈ ਅਤੇ ਮਨੱੁਖਤਾ ਨੂੰ ਰੂਹਾਨੀ ਸ਼ਕਤੀ ਦੇ ਨਾਲ-ਨਾਲ ਅੰਮ੍ਰਿਤ ਸਰੋਵਰ ਅਤੇ ਚਾਹ-ਪਾਣੀ ਦਾ ਲੰਗਰ ਬਿਨਾਂ ਕਿਸੇ ਭੇਦ-ਭਾਵ ਵਰਤਾਇਆ ਜਾਦਾ ਹੈ।ਸ੍ਰੀ ਦਰਬਾਰ ਸਾਹਿਬ ਰੋੜ ਤੇ ਬਣਾਏ ਗਏ ਚੋਕ ਵਿਚਾਲੇ ਲਗਾਏ ਗਏ ਨਚਾਰਾਂ ਦੇ ਬੱੁਤ ਤਾਂ ਰਹਿਣੇ ਹੀ ਨਹੀ ਜਾਣ ਚਾਹੀਦੇ।ਇੰਨਾਂ ਸਬਦਾਂ ਦਾ ਪ੍ਰਗਟਾਵਾ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਂਨੇ ਗੱਲਬਾਤ ਦੌਰਾਨ ਕੀਤੇ।ਉਨ੍ਹਾ ਕਿਹਾ ਕਿ ਸਿੰਘਾਂ ਦੀਆਂ ਵਾਰ ਵਾਰ ਕੀਤੀਆਂ ਬੇਨਤੀਆਂ ਨੂੰ ਪ੍ਰਸ਼ਾਸਨ ਨੇ ਉਕਾ ਹੀ ਅਣਗੋਲਿਆ ਕਰ ਦਿੱਤਾ ਤਾਂ ਉਨ੍ਹਾਂ ਬੱੁਤਾਂ ਨੂੰ ਹਟਾਉਣ ਲਈ ਜਿੰਨਾਂ ਸਿੰਘਾਂ ਨੇ ਕਾਰਵਾਈ ਕੀਤੀ ਉਹ ਬਿਲਕੁਲ ਜ਼ਾਇਜ਼ ਹੈ।ਪਾਰਸ ਨੇ ਕਿਹਾ ਕਿ ਪੰਜਾਬੀ ਸਭਿਆਚਾਰਕ ਦੇ ਪ੍ਰਤੀਕ ਗਿੱਧੇ,ਭੰਗੜੇ ਦੇ ਬੱੁਤ ਲਗਾ ਕੇ ਸਿੱਖਾਂ ਦੀ ਧਾਰਮਿਕ ਭਾਵਨਾ ਠੇਸ ਪਹੰੁਚਾਈ ਹੈ।ਭਾਈ ਪਾਰਸ ਨੇ ਕਿਹਾ ਕਿ ਸਭਿਆਚਾਰਕ ਬੱੁਤਾਂ ਨੂੰ ਤੋੜਕੇ ਹਟਾਉਣ ਦੀ ਕਰਵਾਈ ਕਰਨ ਵਾਲੇ ਸਿੰਘਾਂ ਤੇ ਪੁਲਿਸ ਪ੍ਰਸ਼ਾਸਨ ਵੱਲੋ ਦਰਜ ਕੀਤੇ ਕੇਸ ਰੱਦ ਕਰਕੇ ਜੇਲ ਵਿੱਚੋ ਪੰਜਾਬ ਸਰਕਾਰ ਤਰੰੁਤ ਰਿਆਹ ਕਰੇ।

ਮਿਊਸੀਪਲ ਮੁਲਾਜ਼ਮਾਂ ਦਾ ਬੁਰਾ ਹਾਲ, ਸਰਕਾਰ ਵੈਟ ਦੀ ਰਕਮ ਜਾਰੀ ਕਰੇ-ਸੂਬਾ ਆਗੂ

ਜਗਰਾਉਂ/ਲੁਧਿਆਣਾ, ਜਨਵਰੀ 2020- (ਮਨਜਿੰਦਰ ਗਿੱਲ )- ਸਰਕਾਰ ਵਲੋਂ ਅਜੇ ਤੱਕ ਵੈਟ ਦੀ ਰਕਮ ਜਾਰੀ ਨਾ ਕੀਤੇ ਜਾਣ ਕਰਕੇ ਬਹੁਤੀਆਂ ਨਗਰ ਕੌਸਲਾਂ/ਨਗਰ ਪੰਚਾਇਤਾਂ ਦੇ ਮੁਲਾਜ਼ਮਾਂ ਤੇ ਰਿਟਾਇਰਡ ਕਰਮਚਾਰੀਆਂ ਦਾ ਹਾਲ ਕਾਫ਼ੀ ਬੁਰਾ ਹੋ ਚੁੱਕਾ ਹੈ ਕਿਉਂਕਿ ਵੈਟ ਦੀ ਰਕਮ ਜਾਰੀ ਨਾ ਹੋਣ ਕਰਕੇ ਜਿੱਥੇ ਮੌਜੂਦਾ ਮੁਲਾਜ਼ਮਾਂ ਨੂੰ ਅਜੇ ਤੱਕ ਪਿਛਲੇ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ ਉੱਥੇ ਰਿਟਾਇਰਡ ਕਰਮਚਾਰੀਆਂ ਨੂੰ ਵੀ 2 ਮਹੀਨਿਆਂ ਤੋਂ ਪੈਨਸ਼ਨ ਪ੍ਰਾਪਤ ਨਹੀਂ ਹੋਈ ਜਿਸ ਕਰਕੇ ਮਿਊਸੀਪਲ ਮੁਲਾਜ਼ਮਾਂ ਤੇ ਮਿਊਸੀਪਲ ਰਿਟਾਇਰਡ ਕਰਮਚਾਰੀਆਂ ਦਾ ਆਰਥਿਕ ਬਜਟ ਡਾਵਾਂ ਡੋਲ ਹੋ ਚੁੱਕਾ ਹੈ ਇੱਥੋਂ ਤੱਕ ਦੁਕਾਨਦਾਰ ਵੀ ਰਾਸ਼ਨ ਪਾਣੀ ਦੇਣ ਤੋਂ ਕੰਨੀ ਕਤਰਾ ਰਹੇ ਹਨ | ਪੰਜਾਬ ਮਿਊਸੀਪਲ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਜਨਕ ਰਾਜ ਮਾਨਸਾ ਨੇ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਵੈਟ ਦੀਆਂ ਬਾਕੀ ਰਹਿੰਦੀਆਂ ਸਾਰੀਆਂ ਕਿਸ਼ਤਾਂ ਤੇ ਹੁਣ ਤੱਕ ਦੀ ਐਕਸਾਈਜ਼ ਦੀ ਬਣਦੀ ਰਕਮ ਤੁਰੰਤ ਜਾਰੀ ਕੀਤੀ ਜਾਵੇ | ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ੍ਰੀ ਭੋਲਾ ਸਿੰਘ ਬਠਿੰਡਾ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ 12 ਦਿਨਾਂ ਤੱਕ ਵੈਟ ਦੀ ਰਕਮ ਨਾ ਜਾਰੀ ਕੀਤੀ ਤਾਂ ਮਿਊਸਪਲ ਮੁਲਾਜ਼ਮਾਂ ਅਤੇ ਰਿਟਾਇਰਡ ਕਰਮਚਾਰੀਆਂ ਦਾ ਗੁੱਸਾ ਕਾਫ਼ੀ ਭੜਕ ਜਾਵੇਗਾ ਅਤੇ ਮਜਬੂਰ ਹੋ ਕੇ ਯੂਨੀਅਨ ਦੀ ਅਗਵਾਈ ਵਿਚ ਸਰਕਾਰ ਿਖ਼ਲਾਫ਼ ਐਕਸ਼ਨ ਕਰਨ ਲਈ ਫੈਸਲਾ ਕਰਨਗੇ | ਸ੍ਰੀ ਜਗਸੀਰ ਸਿੰਘ ਪ੍ਰਧਾਨ ਲੁਧਿਆਣਾ ਰੀਜ਼ਨ ਅਤੇ ਸ੍ਰੀ ਵਿਜੈ ਕੁਮਾਰ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਵਲੋਂ ਵੀ ਜਲਦ ਤੋਂ ਜਲਦ ਵੈੱਟ ਅਤੇ ਐਕਸਾਈਜ਼ ਦੀ ਰਕਮ ਜਾਰੀ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ ਗਈ |