ਮਿਊਸੀਪਲ ਮੁਲਾਜ਼ਮਾਂ ਦਾ ਬੁਰਾ ਹਾਲ, ਸਰਕਾਰ ਵੈਟ ਦੀ ਰਕਮ ਜਾਰੀ ਕਰੇ-ਸੂਬਾ ਆਗੂ

ਜਗਰਾਉਂ/ਲੁਧਿਆਣਾ, ਜਨਵਰੀ 2020- (ਮਨਜਿੰਦਰ ਗਿੱਲ )- ਸਰਕਾਰ ਵਲੋਂ ਅਜੇ ਤੱਕ ਵੈਟ ਦੀ ਰਕਮ ਜਾਰੀ ਨਾ ਕੀਤੇ ਜਾਣ ਕਰਕੇ ਬਹੁਤੀਆਂ ਨਗਰ ਕੌਸਲਾਂ/ਨਗਰ ਪੰਚਾਇਤਾਂ ਦੇ ਮੁਲਾਜ਼ਮਾਂ ਤੇ ਰਿਟਾਇਰਡ ਕਰਮਚਾਰੀਆਂ ਦਾ ਹਾਲ ਕਾਫ਼ੀ ਬੁਰਾ ਹੋ ਚੁੱਕਾ ਹੈ ਕਿਉਂਕਿ ਵੈਟ ਦੀ ਰਕਮ ਜਾਰੀ ਨਾ ਹੋਣ ਕਰਕੇ ਜਿੱਥੇ ਮੌਜੂਦਾ ਮੁਲਾਜ਼ਮਾਂ ਨੂੰ ਅਜੇ ਤੱਕ ਪਿਛਲੇ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ ਉੱਥੇ ਰਿਟਾਇਰਡ ਕਰਮਚਾਰੀਆਂ ਨੂੰ ਵੀ 2 ਮਹੀਨਿਆਂ ਤੋਂ ਪੈਨਸ਼ਨ ਪ੍ਰਾਪਤ ਨਹੀਂ ਹੋਈ ਜਿਸ ਕਰਕੇ ਮਿਊਸੀਪਲ ਮੁਲਾਜ਼ਮਾਂ ਤੇ ਮਿਊਸੀਪਲ ਰਿਟਾਇਰਡ ਕਰਮਚਾਰੀਆਂ ਦਾ ਆਰਥਿਕ ਬਜਟ ਡਾਵਾਂ ਡੋਲ ਹੋ ਚੁੱਕਾ ਹੈ ਇੱਥੋਂ ਤੱਕ ਦੁਕਾਨਦਾਰ ਵੀ ਰਾਸ਼ਨ ਪਾਣੀ ਦੇਣ ਤੋਂ ਕੰਨੀ ਕਤਰਾ ਰਹੇ ਹਨ | ਪੰਜਾਬ ਮਿਊਸੀਪਲ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਜਨਕ ਰਾਜ ਮਾਨਸਾ ਨੇ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਵੈਟ ਦੀਆਂ ਬਾਕੀ ਰਹਿੰਦੀਆਂ ਸਾਰੀਆਂ ਕਿਸ਼ਤਾਂ ਤੇ ਹੁਣ ਤੱਕ ਦੀ ਐਕਸਾਈਜ਼ ਦੀ ਬਣਦੀ ਰਕਮ ਤੁਰੰਤ ਜਾਰੀ ਕੀਤੀ ਜਾਵੇ | ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ੍ਰੀ ਭੋਲਾ ਸਿੰਘ ਬਠਿੰਡਾ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ 12 ਦਿਨਾਂ ਤੱਕ ਵੈਟ ਦੀ ਰਕਮ ਨਾ ਜਾਰੀ ਕੀਤੀ ਤਾਂ ਮਿਊਸਪਲ ਮੁਲਾਜ਼ਮਾਂ ਅਤੇ ਰਿਟਾਇਰਡ ਕਰਮਚਾਰੀਆਂ ਦਾ ਗੁੱਸਾ ਕਾਫ਼ੀ ਭੜਕ ਜਾਵੇਗਾ ਅਤੇ ਮਜਬੂਰ ਹੋ ਕੇ ਯੂਨੀਅਨ ਦੀ ਅਗਵਾਈ ਵਿਚ ਸਰਕਾਰ ਿਖ਼ਲਾਫ਼ ਐਕਸ਼ਨ ਕਰਨ ਲਈ ਫੈਸਲਾ ਕਰਨਗੇ | ਸ੍ਰੀ ਜਗਸੀਰ ਸਿੰਘ ਪ੍ਰਧਾਨ ਲੁਧਿਆਣਾ ਰੀਜ਼ਨ ਅਤੇ ਸ੍ਰੀ ਵਿਜੈ ਕੁਮਾਰ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਵਲੋਂ ਵੀ ਜਲਦ ਤੋਂ ਜਲਦ ਵੈੱਟ ਅਤੇ ਐਕਸਾਈਜ਼ ਦੀ ਰਕਮ ਜਾਰੀ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ ਗਈ |