ਦੇਸ਼ ਦੀਆਂ ਧੀਆਂ ਦੇ ਸਵਾਲਾਂ ਤੋਂ ਭੱਜ ਰਹੀ ਹੈ ਮੋਦੀ ਸਰਕਾਰ- ਸ਼ਾਹੀ ਇਮਾਮ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਅੱਜ ਵੱਖ-ਵੱਖ ਵਰਗਾਂ ਅਤੇ ਧਰਮਾਂ ਨਾਲ ਸਬੰਧਿਤ ਹਜ਼ਾਰਾਂ ਔਰਤਾਂ ਨੇ ਰੋਸ ਮੁਜ਼ਾਹਰਾ ਕਰ ਕੇ ਪੈਦਲ ਰੋਸ ਮਾਰਚ ਕੱਢਿਆ। ਔਰਤਾਂ ਨੇ ਹੱਥਾਂ ਵਿੱਚ ਸੀਏਏ ਅਤੇ ਐਨਆਰਸੀ ਖ਼ਿਲਾਫ਼ ਨਾਅਰੇ ਲਿਖੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਰੋਸ ਮਾਰਚ ਬਰਾਊਨ ਰੋਡ, ਸੁਭਾਨੀ ਬਿਲਡਿੰਗ, ਸ਼ਾਹਪੁਰ ਰੋਡ ਤੋਂ ਹੁੰਦਾ ਹੋਇਆ ਇਤਿਹਾਸਕ ਜਾਮਾ ਮਸਜਿਦ ਤੱਕ ਪੁੱਜਾ। ਉੱਥੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਾਵੀ ਨੂੰ ਆਪਣੇ ਖ਼ੂਨ ਨਾਲ ਲਿਖਿਆ ਅਹਿਦਨਾਮਾ (ਮੰਗ ਪੱਤਰ) ਪੇਸ਼ ਕੀਤਾ।
ਇਸ ਤੋਂ ਪਹਿਲਾਂ ਸਿਵਲ ਹਸਪਤਾਲ ਨੇੜੇ ਹੋਈ ਰੈਲੀ ਦੌਰਾਨ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਾਨੂੰਨ ਦੇ ਹਰ ਪੱਖ ਤੋਂ ਰੋਸ਼ਨੀ ਪਾਈ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਆਗੂ ਕਨੂੰ ਪ੍ਰਿਯਾ, ਫਤਹਿ ਚੈਨਲ ਦੀ ਨਵਦੀਪ ਕੌਰ ਸਣੇ ਹਿੰਦੂ, ਮੁਸਲਿਮ, ਸਿੱਖ ਈਸਾਈ ਅਤੇ ਦਲਿਤ ਸਮਾਜ ਦੀਆਂ ਔਰਤਾਂ ਰੈਲੀ ਵਿੱਚ ਸ਼ਾਮਲ ਸਨ। ਮੰਚ ’ਤੇ ਰਹਿਨੁਮਾ ਖਾਤੂਨ ਨੇ ਫ਼ੈਜ਼ ਅਹਿਮਦ ਫੈਜ਼ ਦੀ ਨਜ਼ਮ ‘ਹਮ ਦੇਖੇਂਗੇ’ ਪੜ੍ਹੀ। ਇਸ ਮੌਕੇ ਕਨੂੰ ਪ੍ਰਿਯਾ ਨੇ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਫ਼ਿਰਕਾਪ੍ਰਸਤ ਤਾਕਤਾਂ ਤੋੜਣਾ ਚਾਹੁੰਦੀਆਂ ਹਨ ਜਦਕਿ ਦੇਸ਼ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਮੋਦੀ ਸਰਕਾਰ ਦੇ ਇਹ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੀਆਂ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਉਹ ਸੰਵਿਧਾਨ ਨੂੰ ਤੋੜਨ ਦੀ ਸਾਜਿਸ਼ ਤਹਿਤ ਬਣਾਏ ਕਾਲੇ ਕਾਨੂੰਨ ਖ਼ਿਲਾਫ਼ ਦਾ ਵਿਰੋਧ ਕਰਦੀਆਂ ਰਹਿਣਗੇ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀਆਂ ਧੀਆਂ ਦੇ ਸਵਾਲਾਂ ਤੋਂ ਭੱਜ ਰਹੀ ਹੈ।
ਇਸੇ ਤਰ੍ਹਾਂ ਦਰਜਨਾਂ ਮਜ਼ਦੂਰ, ਕਿਸਾਨ, ਮੁਲਾਜ਼ਮ, ਨੌਜਵਾਨ, ਘੱਟ ਗਿਣਤੀ, ਜਮਹੂਰੀ ਜਥੇਬੰਦੀਆਂ ’ਤੇ ਆਧਾਰਿਤ ਫਾਸੀਵਾਦ ਵਿਰੋਧੀ ਤਾਲਮੇਲ ਕਮੇਟੀ ਜ਼ਿਲ੍ਹਾ ਲੁਧਿਆਣਾ ਦੇ ਫ਼ੈਸਲੇ ਅਤੇ ਸੱਦੇ ਅਨੁਸਾਰ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ (ਭਾਈਵਾਲਾ ਚੌਕ) ਲੁਧਿਆਣਾ ਵਿਚ ਸਾਂਝੀ ਰੈਲੀ ਕੀਤੀ ਗਈ। ਹਾਜ਼ਰੀਨਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਨਾਗਰਿਕਤਾ ਕਾਨੂੰਨਾਂ ਵਿਰੋਧੀ ਦੇਸ਼ ਵਿਆਪੀ ਲੋਕ ਲਹਿਰ ਦੇ 28 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਤਰਸੇਮ ਜੋਧਾਂ, ਰਘਵੀਰ ਬੈਨੀਪਾਲ, ਡੀਪੀ ਮੌੜ, ਕੁਲਦੀਪ ਸਿੰਘ ਐਡਵੋਕੇਟ, ਜਸਦੇਵ ਸਿੰਘ ਲਲਤੋਂ, ਵਿਧਾਇਕ ਸਰਬਜੀਤ ਕੌਰ ਮਾਣੂੰਕੇ ਆਦਿ ਨੇ ਆਖਿਆ ਕਿ ਕੇਂਦਰੀ ਹਕੂਮਤ ਵੱਲੋਂ ਠੋਸਿਆ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਭਾਰਤੀ ਸੰਵਿਧਾਨ ਦੇ ਧਰਮ ਨਿਰਪੱਖ ਅਤੇ ਬਰਾਬਰੀ ਵਾਲੇ ਮੂਲ ਤੱਤ ਦੀਆਂ ਧੱਜੀਆਂ ਉਡਾਈਆਂ ਹਨ। ਆਗੂਆਂ ਨੇ ਆਖਿਆ ਕਿ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਬਿਲਕੁਲ ਬੇਲੋੜਾ ਹੈ। ਰੈਲੀ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਗਏ।