You are here

ਲੁਧਿਆਣਾ

ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਹਰੇਕ ਜ਼ਿਲਾ ਪੱਧਰ 'ਤੇ ਲਗਾਏ ਜਾਣਗੇ ਯੂਥ ਕੋਆਰਡੀਨੇਟਰ-ਚੇਅਰਮੈਨ ਬਿੰਦਰਾ

ਨਿਤਿਨ ਟੰਡਨ ਨੂੰ ਲਗਾਇਆ ਜ਼ਿਲਾ ਲੁਧਿਆਣਾ ਦਾ ਕੋਆਰਡੀਨੇਟਰ

ਲੁਧਿਆਣਾ, ਜਨਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਿਹਤਰ ਤਰੀਕੇ ਨਾਲ ਲੋਕਾਂ ਵਿੱਚ ਲਿਜਾਣ ਲਈ ਬੋਰਡ ਵੱਲੋਂ ਹਰੇਕ ਜ਼ਿਲਾ ਪੱਧਰ 'ਤੇ ਯੂਥ ਕੋਆਰਡੀਨੇਟਰ (ਆਨਰੇਰੀ ਅਹੁਦਾ) ਲਗਾਏ ਜਾ ਰਹੇ ਹਨ। ਇਹ ਯੂਥ ਕੋਆਰਡੀਨੇਟਰ ਜ਼ਿਲਾ ਪੱਧਰ 'ਤੇ ਤਾਇਨਾਤ ਸਹਾਇਕ ਡਾਇਰੈਕਟਰਾਂ ਦੇ ਤਾਲਮੇਲ ਨਾਲ ਸੂਬੇ ਦੇ ਨੌਜਵਾਨਾਂ ਨੂੰ ਲਾਮਬੰਦ ਕਰਨ ਦਾ ਕੰਮ ਕਰਨਗੇ। ਇਸ ਮੌਕੇ ਜ਼ਿਲਾ ਕਾਂਗਰਸ ਪ੍ਰਧਾਨ (ਸ਼ਹਿਰੀ) ਅਸ਼ਵਨੀ ਕੁਮਾਰ ਸ਼ਰਮਾ, ਪਰਮਜੀਤ ਸਿੰਘ ਪੰਮਾ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਹਾਜ਼ਰ ਸਨ। ਅੱਜ ਸਥਾਨਕ ਸਰਕਟ ਹਾਊਸ ਵਿਖੇ ਨੌਜਵਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਬਿੰਦਰਾ ਨੇ ਸ਼ਹਿਰ ਦੇ ਯੂਥ ਆਗੂ ਨਿਤਿਨ ਟੰਡਨ ਨੂੰ ਜ਼ਿਲਾ ਲੁਧਿਆਣਾ ਦਾ ਕੋਆਰਡੀਨੇਟਰ ਨਿਯੁਕਤ ਕਰਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਜ਼ਿਲਾ ਪੱਧਰ ਦੀਆਂ ਨਿਯੁਕਤੀਆਂ ਕਰਨ ਉਪਰੰਤ ਸਟੇਟ ਅਤੇ ਹਲਕਾ ਪੱਧਰ 'ਤੇ ਵੀ ਅਜਿਹੇ ਕੋਆਰਡੀਨੇਟਰ ਨਿਯੁਕਤ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸੇ ਤਰਾਂ ਜੋ ਨੌਜਵਾਨ ਜਾਂ ਸੰਸਥਾਵਾਂ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਲਿਜਾਣ ਅਤੇ ਹਾਂ-ਪੱਖੀ ਬਦਲਾਅ ਲਈ ਸ਼ਲਾਘਾਯੋਗ ਕੰਮ ਕਰਨਗੇ, ਉਨਾਂ ਨੂੰ ਪੰਜਾਬ ਸਰਕਾਰ ਵੱਲੋਂ 'ਪ੍ਰਸ਼ੰਸ਼ਾ ਪੱਤਰ' ਵੀ ਦਿੱਤੇ ਜਾਇਆ ਕਰਨਗੇ। ਇਨਾਂ ਸਰਟੀਫਿਕੇਟਾਂ ਨੂੰ ਹਰ ਪੱਧਰ 'ਤੇ ਸਰਕਾਰੀ ਮਾਨਤਾ ਮਿਲੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਉਸਾਰੂ ਗਤੀਵਿਧੀਆਂ ਵੱਲ ਲਗਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਨੂੰ ਮੁੜ ਤੋਂ ਗਤੀਸ਼ੀਲ ਕੀਤਾ ਗਿਆ ਹੈ। ਬੋਰਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨਾਲ ਸੰਬੰਧਤ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾ ਕੇ ਨੌਜਵਾਨਾਂ ਦਾ ਸਹਿਯੋਗ ਸੂਬੇ ਦੇ ਵਿਕਾਸ ਲਈ ਲਿਆ ਜਾਵੇ। ਬਿੰਦਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਮੁਸ਼ਕਿਲਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਅਤੇ ਉਨਾਂ ਦਾ ਉਚਿਤ ਹੱਲ ਕਢਵਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਦਾ ਸਹਿਯੋਗ ਲੈਣ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਹਰ ਕਦਮ ਉਠਾਉਣ ਲਈ ਦ੍ਰਿੜ ਸੰਕਲਪ ਹੈ।

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲਾ ਪੱਧਰੀ ਕੈਂਪ 20 ਨੂੰ

ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਲੋਕ ਕੈਂਪ ਵਿੱਚ ਸ਼ਮੂਲੀਅਤ ਕਰਨ-ਡਿਪਟੀ ਕਮਿਸ਼ਨਰ
ਡੇਹਲੋਂ/ਲੁਧਿਆਣਾ, ਜਨਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਤਹਿਤ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਯੋਗ ਲਾਭਪਾਤੀਆਂ ਦੀ ਸ਼ਨਾਖ਼ਤ ਵੱਡੇ ਪੱਧਰ 'ਤੇ ਲਗਾਤਾਰ ਜਾਰੀ ਹੈ। ਇਸੇ ਸੰਬੰਧੀ ਜ਼ਿਲਾ ਪੱਧਰੀ ਕੈਂਪ ਦਾ ਆਯੋਜਨ ਮਿਤੀ 20 ਜਨਵਰੀ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਡੇਹਲੋਂ ਵਿਖੇ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਭਲਾਈ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ, ਕਿਰਤ ਵਿਭਾਗ, ਸਨਅਤਾਂ ਵਿਭਾਗ, ਲੀਡ ਬੈਂਕ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਰੋਜ਼ਗਾਰ ਉਤਪਤੀ ਅਤੇ ਸਿਖ਼ਲਾਈ ਵਿਭਾਗ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਕੂਲ ਸਿੱਖਿਆ ਵਿਭਾਗ, ਕਾਨੂੰਨ ਅਤੇ ਵਿਧਾਨਕ ਮਾਮਲੇ ਵਿਭਾਗਾਂ ਸਮੇਤ ਹੋਰ ਕਈ ਵਿਭਾਗਾਂ ਵੱਲੋਂ ਯੋਗ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਕੇ ਮੌਕੇ 'ਤੇ ਫਾਰਮ ਆਦਿ ਭਰਵਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਵੱਖ-ਵੱਖ ਯੋਜਨਾਵਾਂ ਦਾ ਲਾਭ ਦਿਵਾਇਆ ਜਾ ਸਕੇ। ਅਗਰਵਾਲ ਨੇ ਸਮੂਹ ਯੋਗ ਲਾਭਪਾਤਰੀਆਂ ਨੂੰ ਇਸ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।
ਕੀ ਹੈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ?
ਇਸ ਯੋਜਨਾ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਉਹਨਾਂ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਜੋ ਯੋਗਤਾ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਕਾਰਨ ਦੇ ਚੱਲਦਿਆਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਹਨ। ਯੋਗ ਵਿਅਕਤੀਆਂ ਨੂੰ ਯੋਜਨਾਵਾਂ ਦਾ ਬਣਦਾ ਲਾਭ ਦਿਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਜਿੱਥੇ ਪੰਜਾਬ ਸਰਕਾਰ ਅਜਿਹੇ ਅਣਗੌਲੇ ਯੋਗ ਵਿਅਕਤੀਆਂ/ਪਰਿਵਾਰਾਂ ਦੀ ਖੁਦ ਭਾਲ ਕਰਦੀ ਹੈ, ਉਥੇ 30 ਦਿਨਾਂ ਦੇ ਅੰਦਰ-ਅੰਦਰ ਉਨਾਂ ਨੂੰ ਸੰਬੰਧਤ ਯੋਜਨਾ ਅਧੀਨ ਬਣਦਾ ਲਾਭ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ।
ਯੋਜਨਾ ਤਹਿਤ ਪਿੰਡ ਪੱਧਰ 'ਤੇ ਗਠਿਤ ਕੀਤੀਆਂ ਕਮੇਟੀਆਂ ਪਿੰਡ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ/ਪਰਿਵਾਰ ਦਾ ਸਰਵੇ ਕਰਦੀਆਂ ਹਨ, ਜਿਸ ਦੌਰਾਨ ਦੇਖਿਆ ਜਾਂਦਾ ਹੈ ਕਿ ਪੰਜਾਬ ਜਾਂ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਹਿੱਤ ਯੋਜਨਾਵਾਂ ਤੋਂ ਕੋਈ ਵੀ ਵਾਂਝਾ ਤਾਂ ਨਹੀਂ ਹੈ।
ਹੇਠ ਲਿਖੇ ਵਿਅਕਤੀ/ਪਰਿਵਾਰ ਬਣ ਸਕਦੇ ਹਨ ਯੋਗ ਲਾਭਪਾਤਰੀ
ਅਗਰਵਾਲ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਉਹ ਵਿਅਕਤੀ ਜਾਂ ਪਰਿਵਾਰ ਲੈ ਸਕਦੇ ਹਨ ਜਿਹੜੇ ਕਿਸੇ ਨਾ ਕਿਸੇ ਯੋਜਨਾ ਦੇ ਯੋਗ ਹੋਣ ਦੇ ਬਾਵਜੂਦ ਹਾਲੇ ਤੱਕ ਇਨ•ਾਂ ਯੋਜਨਾਵਾਂ ਦੇ ਲਾਭ ਤੋਂ ਵਾਂਝੇ ਹਨ। ਇਨਾਂ ਵਿੱਚ ਸ਼ਾਮਿਲ ਹਨ:-
1. ਉਹ ਕਿਸਾਨ ਦਾ ਪਰਿਵਾਰ, ਜਿਸਨੇ ਕਰਜ਼ੇ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ।
2. ਉਹ ਪਰਿਵਾਰ ਜਿਸਦੇ ਇੱਕੋ ਇੱਕ ਕਮਾਈ ਵਾਲੇ ਵਿਅਕਤੀ ਦੀ ਮੌਤ ਹੋ ਗਈ ਅਤੇ ਔਰਤ ਘਰ ਦਾ ਖਰਚ ਚਲਾ ਰਹੀ ਹੈ।
3. ਉਹ ਪਰਿਵਾਰ ਜਿਸਦਾ ਕੋਈ ਮੈਂਬਰ ਭਿਆਨਕ ਬਿਮਾਰੀਆਂ ਜਿਵੇਂ ਏਡਜ, ਕੈਂਸਰ ਆਦਿ ਨਾਲ ਜੂਝ ਰਿਹਾ ਹੈ।
4. ਉਸ ਸਿਪਾਹੀ ਦਾ ਪਰਿਵਾਰ ਜਿਸ ਦੀ ਮੌਤ ਕਿਸੇ ਜੰਗ ਵਿੱਚ ਹੋਈ ਹੋਵੇ।
5. ਅਜ਼ਾਦੀ ਘੁਲਾਟੀਏ ਦਾ ਪਰਿਵਾਰ।
6. ਉਹ ਪਰਿਵਾਰ ਜਿਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ।
7. ਬੇਘਰੇ ਪਰਿਵਾਰ।
8. ਜਿਸ ਪਰਿਵਾਰ ਦਾ ਕੋਈ ਮੈਂਬਰ ਮੰਦਬੁੱਧੀ ਜਾਂ ਅਪਾਹਜ ਹੈ।
9. ਉਹ ਬਜ਼ੁਰਗ ਜਿਸਦਾ ਪਰਿਵਾਰ ਨਹੀਂ ਅਤੇ ਉਸ ਕੋਲ ਸਮਾਜਿਕ ਸਹਾਰਾ ਨਹੀਂ ਹੈ।
10. ਨਸ਼ਾ ਪੀੜਤ ਵਿਅਕਤੀ।
11. ਕਿਸੇ ਦੁਰਘਟਨਾ ਜਾਂ ਕੁਦਰਤੀ ਆਫ਼ਤ ਤੋਂ ਪੀੜਤ ਪਰਿਵਾਰ।
12. 18 ਸਾਲ ਉਮਰ ਤੋਂ ਉੱਪਰ ਦੇ ਬੇਰੁਜ਼ਗਾਰ ਨੌਜਵਾਨ।
13. ਕੁਪੋਸ਼ਣ ਦੇ ਸ਼ਿਕਾਰ ਬੱਚੇ।
14. ਸਿਰ 'ਤੇ ਮੈਲਾ ਢੋਹਣ ਵਾਲੇ ਜਾਂ ਸਫਾਈ ਕਰਮੀ।
15. ਅਨਾਥ, ਖੁਸਰੇ (ਥਰਡ ਜ਼ੈਂਡਰ) ਅਤੇ ਭਿਖ਼ਾਰੀ ਆਦਿ।
16. ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਪਰਿਵਾਰ।
17. ਦੁਰਕਾਰੇ ਮਾਪੇ ਅਤੇ ਔਰਤਾਂ।
18. ਤੇਜ਼ਾਬ ਪੀੜਤ।

ਰੋਸ਼ਨੀ ਦੇ ਮੇਲੇ ਦੀਆਂ ਤਿਆਰੀਆ ਜ਼ੋਰਾ ਤੇ 25 ਫਰਵਰੀ ਤੋਂ ਸ਼ੁਰੂ

ਜਗਰਾਉਂ (ਜਨ ਸ਼ਕਤੀ ਬਿਓੁਰੋ) ਜਗਰਾਉਂ ਦਾ ਪ੍ਰਸਿੱਧ ਬਾਬਾ ਮੋਕਮ ਦੀਨ ਦੀ ਦਰਗਾਹ ਤੇ ਲੱਗਣ ਵਾਲਾ ਰੋਸ਼ਨੀ ਦੇ ਮੇਲੇ ਦੀਆ ਤਿਆਰੀਆ ਗੱਦੀ ਨਸ਼ੀਨ ਨੂਰਦੀਨ ਦੀ ਅਗਵਾਈ ਹੇਠ ਸ਼ੁਰੂ ਹੋ ਗਿਆ ਹਨ। ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲੇ ਦੀ ਪਹਿਲੀ ਚੌਕੀ 25 ਫਰਵਰੀ ਤੋਂ ਸ਼ੁਰੂ ਹੋ ਕੇ 27 ਫਰਵਰੀ ਤੱਕ ਮਨਾਈ ਜਾਵੇਗੀ। ਜਿਸ ਵਿੱਚ ਲੋਕ ਦੁਰ ਦੂਰ ਤੋ ਆਪਣੀ ਮੰਨਤਾ ਲੈ ਕੇ ਆਉਦੇ ਹਨ।25 ਤਰੀਕ ਨੂੰ ਸਵੇਰੇ ਚਾਂਦਰ ਦੀ ਰਸਮ ਫਿਰ ਉਸ ਤੋਂ ਬਾਅਦ ਝੰਡੇ  ਦੀ ਰਸਮ ਕੀਤੀ ਜਾਵੇਗੀ। ਤਿੰਨ ਦਿਨ ਲੰਗਰ ਵੀ ਚਲਾਇਆ ਜਾਦਾ ਹੈ।ਸਮੂਹ ਸੰਗਤਾ ਨੂੰ ਬੇਨਤੀ ਹੈ ਕਿ ਮੇਲੇ ਵਿੱਚ ਆ ਕੇ ਮੇਲੇ ਦੀ ਰੋਣਕ ਨੂੰ ਵਧਾਇਆ ਜਾਵੇ। ਇਸ ਮੌਕੇ ਹਾਜ਼ਰ ਸਪੁੁਰਤਦਾਰ ਫਜ਼ਲਦੀਨ ਸੁਰਜੀਤ ਸਿੰਘ ਮੀਤ ਪ੍ਰਧਾਨ, ਮੱਖਣ ਸ਼ਾਹ, ਗੁਰਮੇਲ ਸਿੰਘ, ਬੂਟਾ ਸਿੰਘ, ਕਰਮਜੀਤ ਸਿੰਘ, ਰਾਮ ਸਿੰਘ, ਨਿੱਕਾ, ਹਰਪ੍ਰੀਤ ਸਿੰਘ, ਬਿੰਦਰ ਸਿੰਘ, ਬਿੰਦਰ ਆਲੀ ਕੇ, ਰਾਜ ਆਲੀ ਕੇ, ਬਲਦੇਵ ਮੂੰਨੀ, ਤਰਸੇਮ ਸਿੰਘ, ਡੀ.ਸੀ ਸਿੰਘ ਆਦਿ ਹਾਜ਼ਰ ਸਨ। 
 

ਸ਼ੇਰਪੁਰ ਕਲਾਂ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਹੋਈ,ਡਾ.ਹਰਚੰਦ ਸਿੰਘ ਤੂਰ ਨੂੰ ਪ੍ਰਧਾਨ ਚੁਣਿਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਸ਼ੇਰਪੁਰ ਕਲਾਂ ਭਾਈਚਾਰਕ ਤੇ ਸਾਂਝ ਏਕਤਾ ਦਾ ਸਬੂਤ ਦਿੰਦਿਆਂ ਕੋ-ਆਪੇ੍ਰਟਿਵ ਐਗਰੀਕਲਚਰ ਬਹੰੁਮਤਵੀ ਸੁਸਾਇਟੀ ਦੀ ਚੋਣ ਸਰਸਮੰਤੀ ਨਾਲ ਹੋਈ।ਇਹ ਚੋਣ ਸੈਕਟਰੀ ਗੁਰਜੀਤ ਸਿੰਘ ਧਾਲੀਵਾਲ ਲੀਲਾਂ ਮੇਘ ਸਿੰਘ,ਸੈਕਟਰੀ ਬੇਅੰਤ ਸਿੰਘ ਤੂਰ,ਕੈਸੀਅਰ ਦਰਸਨ ਸਿੰਘ ਤੇ ਸਰਪੰਚ ਸਰਬਜੀਤ ਸਿੰਘ ਖਹਿਰਾ ਦੀ ਅਗਵਾਈ ਵਿੱਚ ਡਾਕਟਰ ਹਰਚੰਦ ਸਿੰਘ ਤੂਰ ਨੂੰ ਪ੍ਰਧਾਨ,ਗੁਰਸੇਵਕ ਸਿੰਘ ਕਲੇਰ ਨੂੰ ਸੀਨੀਅਰ ਮੀਤ ਪ੍ਰਧਾਨ,ਸੁਦਗਾਰ ਸਿੰਘ ਤੂਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਜਦਕਿ ਗੁਰਦੀਪ ਸਿੰਘ ਤੂਰ,ਬਲਵਿੰਦਰ ਸਿੰਘ ਤੂਰ,ਭੂਪਿੰਦਰ ਸਿੰਘ ਸੰਧੂ,ਸੁਖਦੇਵ ਸਿੰਘ ਤੂਰ,ਜੋਰਾ ਸਿੰਘ ਸੋਹੀ, ਹਰਦਿਆਂਲ ਸਿੰਘ ਬੋਰੀਆ ਸਿੱਖ,ਬੀਬੀ ਬੀਨਾ ਰਾਣੀ ਪਤਨੀ ਪੰਡਿਤ ਜਗਜਵੀਨ ਕੁਮਾਰ ਅਤੇ ਬੀਬੀ ਜਸਵਿੰਦਰ ਕੋਰ ਪਤਨੀ ਅਵਤਾਰ ਸਿੰਘ ਧਾਲੀਵਾਲ ਨੂੰ ਸੁਸਾਇਟੀ ਦੇ ਮੈਂਬਰ ਚੁਣਿਆ ਗਿਆ ਹੈ।ਸੁਸਾਇਟੀ ਦੇ 11 ਆਹੁਦੇਦਾਰਾਂ ਨੂੰ ਸਰਬਸੰਮਤੀ ਨਾਲ ਚੁਣਨ ਤੇ ਸਾਰੇ ਪਿੰਡ ਵਾਸੀਆਂ ਦੇ ਪੂਰਨ ਸਹਿਮਤੀ ਨਾਲ ਪ੍ਰਵਾਨਗੀ ਦਿੱਤੀ।ਨਵੇ ਚੁਣੇ ਪ੍ਰਧਾਨ ਡਾਕਟਰ ਹਰਚੰਦ ਸਿੰਘ ਤੂਰ ਨੇ ਕਿਹਾ ਕਿ ਉਹ ਸਾਰੇ ਮੈਬਰਾਂ ਦੀ ਸਹਿਮਤੀ ਨਾਲ ਸਭਾ ਦੀ ਤਰੱਕੀ ਤੇ ਕਿਸਾਨਾਂ ਦੀਆ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਯਤਨਸ਼ੀਲ ਰਹਣਗੇ।ਇਸ ਸਮੇ ਸਰਪੰਚ ਸਰਬਜੀਤ ਸਿੰਘ ਖਹਿਰਾ,ਪੰਚ ਜਗਦੇਵ ਸਿੰਘ,ਪੰਚ ਮਹਿੰਦਰ ਸਿੰਘ,ਨੰਬਰਦਾਰ ਹਰਚਰਨ ਸਿੰਘ ਤੂਰ,ਸਾਬਕਾ ਸਰਪੰਚ ਗੁਰਦੇਵ ਸਿੰਘ ਖੇਲਾ,ਪੰਚ ਸੁਖਦੇਵ ਸ਼ਿੰਘ,ਲਕਵੀਰ ਸਿੰਘ ਆਦਿ ਹਾਜ਼ਰ ਸਨ।

ਗਾਲਿਬ ਦੇ ਨਜ਼ਦੀਕ ਸਾਥੀ ਸਾਬਕਾ ਸਰਪੰਚ ਚਰਨਜੀਤ ਸਿੰਘ ਕਾਉਂਕੇ ਦਾ ਦਿਹਾਂਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਕਾਉਂਕੇ ਕਲਾਂ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਦਾ ਅਚਨਚੇਤ ਦਿਹਾਂਤ ਹੋ ਗਿਆ।ਸਾਬਕਾ ਸਰਪੰਚ ਚਰਨਜੀਤ ਸਿੰਘ ਇਸ ਇਲਾਕੇ 'ਚ ਦੂਰਅੰਦੇਸੀ ਤੇ ਸੂਝਵਾਨ ਨੇਤਾ ਵਜੋ ਜਾਣੇ ਜਾਂਦੇ ਸਨ ਤੇ ਉਹ ਲੰਬਾ ਸਮਾਂ ਰਾਜਨੀਤਕ ਖੇਤਰ 'ਚ ਵਿਚਰਦਿਆਂ ਜਿਥੇ ਸਾਬਕਾ ਲੋਕ ਸਭਾ ਮੈਬਰ ਸ.ਗੁਰਚਰਨ ਸਿੰਘ ਗਾਲਿਬ ਨਾਲ ਰਹੇ ਉਥੇ ਅੱਜ -ਕੱਲ ਉਹ ਜ਼ਿਲ੍ਹਾਂ ਕਾਂਗਰਸ ਦੇ ਪ੍ਰਧਾਨ ਸ.ਗਾਲਿਬ ਦੇ ਸਪੱੁਤਰ ਕਿਰਨਜੀਤ ਸਿੰਘ ਸੋਨੀ ਗਾਲਿਬ ਨਾਲ ਵਿਚਰਦੇ ਸਨ।ਕੁਝ ਸਮਾਂ ਹੀ ਸਾਬਕਾ ਸਰਪੰਚ ਚਰਨਜੀਤ ਸਿੰਘ ਕੈਨੇਡਾ ਤੋ ਆਪਣੇ ਭਤੀਜੇ ਤੇ ਪ੍ਰਸਿੱਧ ਖਿਡਾਰੀ ਬਾਜ ਸਿੰਘ ਕਾਉਂਕੇ ਕੋਲ ਵਾਪਸ ਆਏ ਹਨ।ਜਿਨ੍ਹਾਂ ਦੀ ਇਥੇ ੳਾ ਕੇ ਬਿਮਾਰੀ ਤੋ ਬਾਅਦ ਮੌਤ ਹੋ ਗਈ।ਉਨ੍ਹਾਂ ਦੀ ਮੌਤ ਤੇ ਪੰਜਾਬ ਸੂਗਰਫੈਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ,ਜਿਲ੍ਹਾਂ ਕਾਂਗਰਸ ਦੇ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗਾਲਿਬ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਸਾਬਕਾ ਵਿਧਾਇਕ ਐਸ.ਆਰ.ਕਲੇਰ,ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਕਾਂਗਰਸੀ ਆਗੂ ਬਚਿੱਤਰ ਸਿੰਘ ਚਿੱਤਾ,ਪ੍ਰਧਾਂਨ ਜਗਜੀਤ ਸਿੰਘ ਕਾਉਂਕੇ,ਸਮੇ ਹੋਰ ਪੰਚਾਂ,ਸਰਪੰਚਾਂ ਨੇ ਦੱੁਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।

ਟੈੱਟ ਪ੍ਰੀਖਿਆ ਕੇਂਦਰਾਂ ਦੇ ਬਾਹਰ ਪੰਜ ਜਾਂ ਵਧੇਰੇ ਵਿਅਕਤੀਆਂ ਦੇ ਇਕੱਠ 'ਤੇ ਪਾਬੰਦੀ

100 ਮੀਟਰ ਦੇ ਘੇਰੇ ਅੰਦਰ ਸਵੇਰੇ 8 ਵਜੇ ਤੋਂ 3 ਵਜੇ ਤੱਕ ਲਾਊਡ ਸਪੀਕਰ ਵੀ ਨਹੀਂ ਲਗਾਇਆ ਜਾ ਸਕੇਗਾ-ਜ਼ਿਲ੍ਹਾ ਮੈਜਿਸਟ੍ਰੇਟ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਸਟੇਟ ਟੈੱਟ-2018 ਪ੍ਰੀਖਿਆ 19 ਜਨਵਰੀ ਨੂੰ ਲਈ ਜਾ ਰਹੀ ਹੈ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸੰਬੰਧਤ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਦੇ ਅੰਦਰ-ਅੰਦਰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਧਿਆਨ ਵਿੱਚ ਆਇਆ ਹੈ ਕਿ ਪ੍ਰੀਖਿਆ ਵਾਲੇ ਦਿਨ ਪ੍ਰੀਖਿਆ ਕੇਂਦਰਾਂ ਦੇ ਬਾਹਰ ਕਈ ਵਾਰ ਬਹੁਤ ਜਿਆਦਾ ਭੀੜ ਹੋ ਜਾਂਦੀ ਹੈ, ਜਿਸ ਕਾਰਨ ਆਵਾਜਾਈ ਦੀ ਸਮੱਸਿਆ ਤਾਂ ਬਣਦੀ ਹੀ ਹੈ, ਕਈ ਵਾਰ ਕਾਨੂੰਨ ਵਿਵਸਥਾ ਵੀ ਵਿਗੜਨ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਪ੍ਰੀਖਿਆ ਕੇਂਦਰਾਂ ਦੇ ਬਾਹਰ ਕਈ ਵਾਰ ਪ੍ਰੋਗਰਾਮ ਦੌਰਾਨ ਸਾਊਂਡ ਸਿਸਟਮ ਲਗਾਇਆ ਜਾਂਦਾ ਹੈ। ਆਵਾਜ਼ ਬਹੁਤ ਉੱਚੀ ਹੋਣ ਕਾਰਨ ਬੱਚਿਆਂ ਨੂੰ ਪ੍ਰੀਖਿਆ ਦੇਣ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਉਕਤ ਕਾਰਨਾਂ ਕਰਕੇ ਇਹ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ, ਜੋ ਕਿ 19 ਜਨਵਰੀ, 2020 ਨੂੰ ਲਾਗੂ ਰਹਿਣਗੇ।

ਭੂਮੀ ਤੇ ਜਲ ਸੰਭਾਲ ਵਿਭਾਗ ਦੇ 50 ਸਾਲ ਪੂਰੇ ਹੋਣ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਵੱਲੋਂ ਕਿਤਾਬਚਾ ਜਾਰੀ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਸੂਬੇ ਵਿੱਚ ਭੂਮੀ ਅਤੇ ਜਲ ਸੰਭਾਲ ਦੇ ਵੱਖ-ਵੱਖ ਵਿਕਾਸ ਕਾਰਜ ਕਰਦੇ ਹੋਏ ਭੂਮੀ ਅਤੇ ਜਲ ਸੰਭਾਲ ਵਿਭਾਗ ਨੇ ਸਫ਼ਲਤਾ ਪੂਰਵਕ 50 ਸਾਲ ਪੂਰੇ ਕੀਤੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ੍ਰੀਮਤੀ ਅੰਮ੍ਰਿਤ ਸਿੰਘ ਵੱਲੋਂ ਇੱਕ ਕਿਤਾਬਚਾ ਜਾਰੀ ਕੀਤਾ ਗਿਆ। ਇਸ ਮੌਕੇ 'ਤੇ ਮੰਡਲ ਭੂਮੀ ਰੱਖਿਆ ਅਫ਼ਸਰ ਜਗਦੀਸ਼ ਸਿੰਘ ਗਿੱਲ ਵੱਲੋਂ ਦੱਸਿਆ ਗਿਆ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ 15 ਦਸੰਬਰ 1969 ਵਿੱਚ ਖੇਤੀਬਾੜੀ ਵਿਭਾਗ ਤੋਂ ਵੱਖ ਹੋ ਕੇ ਇੱਕ ਵੱਖਰਾ ਮਹਿਕਮਾ ਬਣਿਆ। ਉਨ੍ਹਾਂ ਦੱਸਿਆ ਕਿ ਵਿਭਾਗ ਦਾ ਮੁੱਖ ਮੰਤਵ ਸਰਕਾਰ ਦੀਆਂ ਵੱਖੌ-ਵੱਖ ਸਕੀਮਾਂ ਰਾਹੀਂ ਮਿੱਟੀ ਅਤੇ ਪਾਣੀ ਦੀ ਸੰਭਾਲ ਕਰਨਾ ਹੈ। ਪਿਛਲੇ 50 ਸਾਲਾਂ ਵਿੱਚ ਵਿਭਾਗ ਵੱਲੋਂ ਬੈਂਚ ਟੇਰੇਸਿੰਗ, ਲੈਂਡ ਰੈਕਲੇਮੇਸ਼ਨ, ਲੈਂਡ ਲੈਵਲਿੰਗ, ਖਾਲੇ ਬਣਾਉਣ ਦਾ ਕੰਮ, ਵਾਟਰ ਹਾਰਵੈਸਟਿੰਗ ਸਟੱਰਕਚਰ, ਮਸ਼ੀਨਰੀ ਦੇ ਕੰਮ, ਸਾਇਲ ਸਰਵੇ ਦੇ ਕੰਮ, ਫੁਵਾਰਾ ਅਤੇ ਤੁਪਕਾ ਸਿੰਚਾਈ ਅਤੇ ਜਮੀਨ ਦੋਜ਼ ਪਾਈਪ ਲਾਈਨ ਦੇ ਕੰਮ ਕਰਵਾਏ ਗਏ। ਉਨ੍ਹਾਂ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਦੱਸਿਆ। ਜਿਵੇਂ ਕਿ ਜ਼ਮੀਨ ਦੋਜ਼ ਨਾਲੀਆਂ ਤੇ 50% ਸਬਸਿਡੀ ਜਾਂ 22000 ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਦਿੱਤੀ ਜਾਂਦੀ ਹੈ। ਫੁਵਾਰਾ ਅਤੇ ਤੁਪਕਾ ਸਿੰਚਾਈ ਅਧੀਨ 80-90% ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਵਿਭਾਗ ਵੱਲੋਂ ਐਸ.ਟੀ.ਪੀ. ਦਾ ਟਰੀਟਡ ਪਾਣੀ ਅਤੇ ਵੱਖ-ਵੱਖ ਪਿੰਡਾਂ ਦੇ ਸਾਫ਼ ਪਾਣੀ ਨੂੰ ਜ਼ਮੀਨ ਦੋਜ਼ ਪਾਈਪਾਂ ਰਾਹੀਂ ਜ਼ਿਮੀਦਾਰ ਦੇ ਖੇਤਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ, ਬਾਗਬਾਨੀ ਅਫ਼ਸਰ ਹਰਮੇਲ ਸਿੰਘ, ਟੈਕਨੀਕਲ ਐਕਸਪਰਟ ਬਲਦੇਵ ਸਿੰਘ, ਏ.ਪੀ.ਓ (ਐਮ) ਅਵਤਾਰ ਸਿੰਘ, ਡੀ.ਡੀ.ਪੀ.ਓ. ਪੀਯੂਸ਼ ਚੰਦਰ, ਸੀ.ਈ.ਓ. (ਫਿਸ਼ ਫਾਰਮਰਸ ਡਿਵੈਲਪਮੈਂਟ ਏਜੰਸੀ) ਸੁਖਵਿੰਦਰ ਸਿੰਘ ਵਾਲੀਆ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਨਿਧੀ ਬੱਤਾ ਅਤੇ ਭੂਮੀ ਰੱਖਿਆ ਅਫ਼ਸਰ ਜਸਰਿਤੂ ਕੌਰ ਅਤੇ ਹੋਰ ਮਹਿਕਮਿਆਂ ਦੇ ਅਫ਼ਸਰ ਸਾਹਿਬਾਨ ਮੌਜੂਦ ਸਨ।

ਬਿਹਾਰੀ ਮਜਦੂਰ ਦਾ ਪੈਸਿਆਂ ਦੇ ਦੇਣ ਲੈਣ 'ਚ ਬੇ-ਰਹਿਮੀ ਨਾਲ ਕਤਲ

ਲਾਸ਼ ਨੂੰ ਕੁੱਤਿਆਂ ਨੇ ਨੋਚਿਆ, ਇਕ ਵਿਅਕਤੀ ਖਿਲਾਫ ਥਾਣਾ ਸਿਟੀ 'ਚ ਮਾਮਲਾ ਦਰਜ
ਜਗਰਾਓਂ/ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 

ਸਿਰਫ 9 ਹਜਾਰ ਰੁਪਿਏ ਦੇ ਲੈਣ ਦੇਣ ਦੀ ਰੰਜਿਸ਼ ਕਾਰਨ ਬਿਹਾਰੀ ਮਜਦੂਰ ਦਾ ਬੇਰਹਿਮੀ ਨਾਲ ਕਤਲ ਕਰਕੇ ਉਸਦੀ ਲਾਸ਼ ਨੂੰ ਜਗਰਾਓਂ ਨੇੜੇ ਪਿੰਡ ਬਾਰਦੇਕੇ ਸੇਮ ਪੁਲ ਦੇ ਨਜਦੀਕ ਸੁੱਟ ਦਿਤਾ। ਜਿਥੋਂ ਉਸਨੂੰ ਕੁੱਤੇ ਘੜੀਸ ਕੇ ਖੇਤ ਵਿਚ ਲੈ ਗਏ ਅਤੇ ਕੱਤਿਆਂ ਨੇ ਲਾਸ਼ ਨੂੰ ਬੁਰੀ ਤਰ੍ਹਾਂ ਨਾਲ ਨੋਚ ਦਿਤਾ। ਕਿਸੇ ਰਾਹਗੀਰ ਵਲੋਂ ਥਾਣਾ ਸਦਰ ਵਿਖੇ ਇਸ ਲਾਸ਼ ਸੰਬਧੀ ਸੂਚਨਾ ਦਿਤੀ ਤਾਂ ਥਾਣਾ ਸਦਰ ਦੀ ਪੁਲਿਸ ਨੇ ਬਾਰਦੇਕੇ ਸੇਮ ਪੁਲ ਨਜਦੀਕ ਖੇਤ ਵਿਚੋਂ ਲਾਸ਼ ਬਰਾਮਦ ਕਰਕੇ ਸਿਵਲ ਹਸਪਤਾਲ ਪਹੁੰਚਾਈ। ਥਾਣਾ ਸਿਟੀ ਤੋਂ ਅਡੀਸ਼ਨਲ ਐਸ. ਐਚ. ਓ ਬਲਜਿੰਦਰ ਕੁਮਾਰ ਨੇ ਦੱਸਿਆ ਕਿ 15 ਜਨਵਰੀ ਨੂੰ ਵਿਪਨ ਕੁਮਾਰ ਪੁੱਤਰ ਸ਼ਵੀਨਾਥ ਨਿਵਾਸੀ ਪਿੰਡ ਅੰਚਲਪੁਰ, ਥਾਣਾ ਕਹਲਗਾਂਵ ਜਿਲਾ ਭਾਗਲਪੁਰ ਬਿਹਾਰ ਜੋ ਕਿ ਡਿਸਪੋਜਲ ਰੋਡ ਤੇ ਕ੍ਰਿਸ਼ਨਾ ਗਊਸ਼ਾਲਾ ਦੇ ਨਜ਼ਦੀਕ ਕਿਰਾਏਓ ਦੇ ਮਕਾਨ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਇਲਾਕੇ ਵਿਚ ਰੰਗ ਰੋਗਨ ਦਾ ਕੰਮ ਕਰਦਾ ਸੀ। ਇਸਦੀ ਗੁੰਮਸ਼ੁਦਗੀ ਸੰਬਧੀ ਰਪਟ ਉਸਦੇ ਪਰਿਵਾਰ ਵਲੋਂ 15 ਜਨਵਰੀ ਨੂੰ ਥਾਣਾ ਸਿਟੀ 'ਚ ਦਰਜ ਕਰਵਾਈ ਸੀ। ਬਾਰਦੇਕੇ ਸੇਮ ਪੁਲ ਤੋਂ ਮਿਲੀ ਲਾਸ਼ ਦੀ ਪਹਿਚਾਣ ਉਕਤ ਗੁੰਮਸ਼ੁਦਗੀ ਵਿਚ ਲਿਖਾਏ ਹੁਲਿਏ ਅਨੁਸਾਰ ਲੰਗਣ ਤੇ ਥਾਣਾ ਸਿਟੀ ਪੁਲਿਸ ਨੇ ਵਿਪਨ ਕੁਮਾਰ ਦੇ ਪਰਿਵਾਰ ਨੂੰ ਸ਼ਨਾਖਤ ਲਈ ਬੁਲਾਇਆ ਤਾਂ ਉਨ੍ਹਾਂ ਉਸਦੇ ਕਪੜਿਆਂ ਅਤੇ ਉਸਦੀ ਬਾਂਹ ਤੇ ਟਾਂਕੇ ਲੱਗਿਆਂ ਦਾ ਨਿਸ਼ਾਨ ਦੇਖ ਕੇ ਕੀਤੀ ਕਿਉਂਕਿ ਲਾਸ਼ ਦਾ ਮੂੰਹ ਅਤੇ ਇਕ ਹੱਥ ਕੁੱਤਿਆਂ ਵਲੋਂ ਬੁਰੀ ਤਰ੍ਹਾਂ ਨਾਲ ਨੋਚਿਆ ਹੋਇਆ ਸੀ। ਏ. ਐਸ. ਆਈ ਬਲਜਿੰਦਰ ਕੁਮਾਰ ਅਨੁਸਾਰ ਵਿਪਨ ਕੁਮਾਰ ਦੀ ਪਤਨੀ ਰੀਨਾ ਨੇ ਦੱਸਿਆ ਕਿ ਉਸਦੇ ਪਤੀ ਨੂੰ 15 ਜਨਵਰੀ ਨੂੰ ਸਵੇਰੇ ਕਿਸੇ ਦਾ ਫੋਨ ਆਇਆ ਸੀ ਕਿ ਕਿਧਰੇ ਕੰਮ ਦੇਖਣ ਲਈ ਜਾਣਾ ਹੈ। ਉਸ ਫੋਨ ਤੇ ਉਹ ਮੋਟਰਸਾਇਕਿਲ ਲੈ ਕੇ ਚਲਿਆ ਗਿਆ ਅਤੇ ਵਾਪਿਸ ਨਹੀਂ ਆਇਆ। ਘਰੋਂ ਜਾਣ ਤੋਂ ਬਾਅਦ ਉਸਦਾ ਫੋਨ ਬੰਦ ਆਉਣ ਲੱਗ ਪਿਆ। ਪੁਲਿਸ ਵਲੋਂ ਮ੍ਰਿਤਕ ਦੀ ਕਾਲ ਡਿਟੇਲ ਕਢਵਾ ਕੇ ਜਾਂਚ ਕੀਤੀ ਗਈ ਤਾਂ ਉਸਦੇ ਫੋਨ ਤੇ ਆਖਰੀ ਕਾਲ ਹਰਿੰਦਰ ਸਿੰਘ ਨਿਵਾਸੀ ਪਿੰਡ ਤਲਵੰਡੀ ਰਾਏ ਦੀ ਪਾਈ ਗਈ ਅਤੇ ਉਸੇ ਕਾਲ ਤੋਂ ਬਾਅਦ ਉਹ ਘਰੋਂ ਗਿਆ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਕ ਵਿਪਨ ਕੁਮਾਰ ਅਤੇ ਹਰਿੰਦਰ ਸਿੰਘ ਇਕੱਠੇ ਕੰਮ ਕਰਦੇ ਸਨ ਅਤੇ ਹਰਿੰਦਰ ਨੇ ਵਿਪਨ ਕੁਮਾਰ ਤੋਂ 9 ਹਜਾਰ ਰੁਪਏ ਲੈਣੇ ਸਨ। ਜਿਸ ਕਾਰਨ ਉਹ ਰੰਜਿਸ਼ ਰੱਖਦਾ ਸੀ। ਮ੍ਰਿਤਕ ਦੀ ਪਤਨੀ ਰੀਨਾ ਦੇ ਬਿਆਨਾ ਤੇ ਹਰਿੰਦਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਫੌਜ ਭਰਤੀ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ 19 ਜਨਵਰੀ ਨੂੰ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਿਲਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ• (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਮਿਲਟਰੀ ਕੰਪਲੈਕਸ, ਲੁਧਿਆਣਾ ਵੱਲੋਂ 27 ਨਵੰਬਰ ਤੋਂ 6 ਦਸੰਬਰ, 2019 ਤੱਕ ਭਰਤੀ ਰੈਲੀ ਕਰਵਾਈ ਗਈ ਸੀ। ਜਿਸ ਦੌਰਾਨ ਸਰੀਰਕ ਜਾਂਚ, ਕੁਸ਼ਲਤਾ ਮਾਪਣ, ਮੈਡੀਕਲ ਅਤੇ ਦਸਤਾਵੇਜ਼ ਪੇਸ਼ ਕਰਨ ਉਪਰੰਤ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਦੀ ਸਾਂਝੀ ਪ੍ਰਵੇਸ਼ ਪ੍ਰੀਖਿਆ 19 ਜਨਵਰੀ, 2020 ਨੂੰ ਢੋਲੇਵਾਲ ਮਿਲਟਰੀ ਕੰਪਲੈਕਸ ਲੁਧਿਆਣਾ ਵਿਖੇ ਹੋਵੇਗੀ। ਜਾਣਕਾਰੀ ਦਿੰਦਿਆਂ ਡਾਇਰੈਕਟਰ ਰਿਕਰੂਟਿੰਗ ਕਰਨਲ ਸ੍ਰੀ ਸਜੀਵ ਐੱਨ ਨੇ ਦੱਸਿਆ ਕਿ ਸਿਪਾਹੀ (ਜਨਰਲ ਡਿਊਟੀ), ਸਿਪਾਹੀ ਟਰੇਡਸਮੈੱਨ, ਸਿਪਾਹੀ ਤਕਨੀਕੀ, ਸਿਪਾਹੀ ਕਲਰਕ ਅਤੇ ਸਟੋਰ ਕੀਪਰ ਅਸਾਮੀਆਂ ਲਈ ਪ੍ਰੀਖਿਆ ਦੇਣ ਵਾਲੇ ਉਮੀਦਵਾਰ ਮਿਤੀ 19 ਜਨਵਰੀ ਨੂੰ ਸਵੇਰੇ 5.00 ਵਜੇ ਫੌਜ ਭਰਤੀ ਕੇਂਦਰ, ਲੁਧਿਆਣਾ ਵਿਖੇ ਪਹੁੰਚ ਸਕਦੇ ਹਨ। ਉਮੀਦਵਾਰ ਆਪਣੇ ਨਾਲ ਆਪਣਾ ਦਾਖ਼ਲਾ ਕਾਰਡ, ਨੀਲਾ ਅਤੇ ਕਾਲਾ ਬਾਲ ਪੈੱਨ ਅਤੇ ਪਾਰਦਰਸ਼ੀ (ਟਰਾਂਸਪੇਰੇਂਟ) ਕਲਿੱਪ ਬੋਰਡ ਨਾਲ ਜ਼ਰੂਰ ਲਿਆਉਣ।

19 ਤੋਂ 23 ਜਨਵਰੀ ਤੱਕ ਚੱਲੇਗੀ ਪਲਸ ਪੋਲੀਓ ਰੋਕੂ ਮੁਹਿੰਮ

ਜ਼ਿਲੇ 'ਚ 5 ਲੱਖ 15 ਹਜ਼ਾਰ ਤੋਂ ਵਧੇਰੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ
ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਪਲਸ ਪੋਲੀਓ ਮੁਹਿੰਮ ਨਾਲ ਜੁੜੇ ਸਾਰੇ ਅਧਿਕਾਰੀਆਂ, ਸਹਿਯੋਗੀ ਗੈਰ ਸਰਕਾਰੀ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 19 ਜਨਵਰੀ ਤੋਂ 23 ਜਨਵਰੀ, 2020 ਤੱਕ ਜ਼ਿਲੇ ਭਰ 'ਚ ਚਲਾਈ ਜਾਣ ਵਾਲੀ ਮੁਹਿੰਮ ਨੂੰ ਹਰ ਹੀਲੇ ਕਾਮਯਾਬ ਕੀਤਾ ਜਾਵੇ ਤਾਂ ਜੋ ਸਾਡੇ ਦੇਸ਼ (ਜੋ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਪੋਲੀਓ ਮੁਕਤ ਐਲਾਨ ਦਿੱਤਾ ਗਿਆ ਹੈ) 'ਚ ਮੁੜ ਤੋਂ ਪੋਲੀਓ ਬਿਮਾਰੀ ਪਨਪ ਨਾ ਸਕੇ। ਇਸ ਮੁਹਿੰਮ ਤਹਿਤ 0-5 ਸਾਲ ਉਮਰ ਵਰਗ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾਂ ਇਹ ਵਿਚਾਰ ਅੱਜ ਸਥਾਨਕ ਬਚਤ ਭਵਨ ਵਿਖੇ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਕਰਨ ਲਈ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਟਿੰਗ ਦੀ ਕਾਰਵਾਈ ਚਲਾਉਂਦਿਆਂ ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਲਤਾਲਾ, ਜ਼ਿਲਾ ਟੀਕਾਕਰਨ ਅਫ਼ਸਰ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਇਹ ਪੋਲੀਓ ਰੋਕੂ ਮੁਹਿੰਮ ਦਾ ਗੇੜ ਹਰ ਸ਼ਹਿਰ, ਕਸਬੇ, ਪਿੰਡ ਅਤੇ ਘਰ-ਘਰ ਵਿੱਚ ਚਲਾਇਆ ਜਾਣਾ ਹੈ। ਉਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਭਾਵੇਂਕਿ ਭਾਰਤ ਨੂੰ ਪੋਲੀਓ ਮੁਕਤ ਦੇਸ਼ ਦਾ ਦਰਜਾ ਦੇ ਦਿੱਤਾ ਗਿਆ ਹੈ ਪਰ ਸਾਡੇ ਗੁਆਂਢੇ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਵਿੱਚ ਹਾਲੇ ਵੀ ਪੋਲੀਓ ਦੀ ਬਿਮਾਰੀ ਦੇ ਲੱਛਣ ਪਾਏ ਜਾ ਰਹੇ ਹਨ। ਭਾਰਤ ਸਮੇਤ ਇਨਾਂ ਦੇਸ਼ਾਂ ਦੇ ਗੁਆਂਢੀ ਦੇਸ਼ਾਂ ਨੂੰ ਇਸ ਬਿਮਾਰੀ ਦੇ ਮੁੜ ਆਉਣ (ਟਰੈਵਲ) ਦਾ ਖ਼ਤਰਾ ਹਾਲੇ ਬਣਿਆ ਰਹੇਗਾ। ਡਿਪਟੀ ਕਮਿਸ਼ਨਰ ਅਗਰਵਾਲ ਨੇ ਇਸ ਕਥਨ ਨਾਲ ਸਹਿਮਤ ਹੁੰਦਿਆਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਇਸ ਗੱਲ ਬਾਰੇ ਜਾਣੂ ਕਰਾਉਣ ਕਿ ਇਸ ਬਿਮਾਰੀ ਦੀ ਭਿਆਨਕਤਾ ਬਾਰੇ ਅਵੇਸਲੇ ਨਾ ਹੋਇਆ ਜਾਵੇ ਅਤੇ ਜਦੋਂ ਤੱਕ ਇਹ ਪੋਲੀਓ ਰੋਕ ਮੁਹਿੰਮਾਂ ਚੱਲਦੀਆਂ ਰਹਿਣਗੀਆਂ, ਉਦੋਂ ਤੱਕ ਆਪਣੇ 0-5 ਸਾਲ ਤੱਕ ਦੇ ਬੱਚਿਆਂ ਨੂੰ ਇਹ ਜੀਵਨ ਦੀਆਂ ਬੂੰਦਾਂ ਜ਼ਰੂਰ ਪਿਲਾਉਣ। ਉਨਾਂ ਹਦਾਇਤ ਕੀਤੀ ਕਿ ਜ਼ਿਲੇ ਵਿੱਚ ਪੈਂਦੇ ਸਾਰੇ ਭੱਠਿਆਂ, ਗਰੀਬ ਬਸਤੀਆਂ, ਬੱਸ ਅੱਡਿਆਂ ਅਤੇ ਹੋਰ ਸਥਾਨਾਂ ਨੂੰ ਵਿਸ਼ੇਸ਼ ਰੂਪ ਵਿੱਚ ਕਵਰ ਕੀਤਾ ਜਾਵੇ ਤਾਂ ਜੋ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਸ ਮੁਹਿੰਮ ਦੌਰਾਨ ਲੁਧਿਆਣਾ ਸ਼ਹਿਰ ਅਤੇ ਪੇਂਡੂ ਖੇਤਰ ਦੇ ਸਾਰੇ ਬੱਚਿਆਂ ਨੂੰ ਕਵਰ ਕਰਨ ਦਾ ਪ੍ਰੋਗਰਾਮ ਹੈ। ਇਹ ਗਿਣਤੀ 5,15,021 ਦੇ ਕਰੀਬ ਬਣਦੀ ਹੈ, ਜਿਨਾਂ ਵਿੱਚੋਂ 271846 ਬੱਚੇ ਸ਼ਹਿਰੀ ਖੇਤਰ ਵਿੱਚ ਅਤੇ 243175 ਬੱਚੇ ਪੇਂਡੂ ਖੇਤਰ ਵਿੱਚ ਰਹਿੰਦੇ ਹਨ। ਇਨਾਂ ਬੱਚਿਆਂ ਤੱਕ ਘਰ-ਘਰ ਪਹੁੰਚਣ ਲਈ 680 ਬੂਥ, 388 ਸਬ ਬੂਥ ਅਤੇ 1440 ਟੀਮਾਂ ਬਣਾਈਆਂ ਗਈਆਂ ਹਨ। ਇਸ ਵਿੱਚ 100 ਮੋਬਾਈਲ ਅਤੇ 101 ਟਰਾਂਜਿਟ ਟੀਮਾਂ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਅਲੱਗ ਤੌਰ 'ਤੇ ਹੋਰ 501 ਸੁਪਰਵਾਈਜ਼ਰ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਲਗਾਏ ਗਏ ਹਨ। ਉਨਾਂ ਦੱਸਿਆ ਕਿ 19 ਜਨਵਰੀ ਨੂੰ ਬੂਥ ਲਗਾਏ ਜਾਣਗੇ ਅਤੇ ਮਿਤੀ 20 ਜਨਵਰੀ ਤੋਂ ਘਰ-ਘਰ ਜਾ ਕੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਲੁਧਿਆਣਾ ਸ਼ਹਿਰ, ਸਾਹਨੇਵਾਲ ਅਤੇ ਕੁਝ ਬਲਾਕਾਂ ਦੇ ਨਾਲ ਲੱਗਦੇ ਸ਼ਹਿਰੀ ਖੇਤਰਾਂ ਵਿੱਚ ਪੰਜੇ ਦਿਨ ਘਰ-ਘਰ ਜਾ ਕੇ ਬੂੰਦਾਂ ਪਿਲਾਈਆਂ ਜਾਣਗੀਆਂ। ਅਗਰਵਾਲ ਨੇ ਸਾਰੇ ਅਫ਼ਸਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਜਨਹਿੱਤ ਦੇ ਕਾਰਜ ਵਿੱਚ ਆਪਣੀ ਬਣਦਾ ਯੋਗਦਾਨ ਪਾਉਣ ਤਾਂ ਜੋ ਲੋਕਾਂ ਨੂੰ ਸਿਹਤਮੰਦ ਅਤੇ ਅਰੋਗ ਸਮਾਜ ਦਿੱਤਾ ਜਾ ਸਕੇ। ਇਸ ਮੀਟਿੰਗ ਵਿੱਚ ਸੰਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।