ਭੂਮੀ ਤੇ ਜਲ ਸੰਭਾਲ ਵਿਭਾਗ ਦੇ 50 ਸਾਲ ਪੂਰੇ ਹੋਣ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਵੱਲੋਂ ਕਿਤਾਬਚਾ ਜਾਰੀ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਸੂਬੇ ਵਿੱਚ ਭੂਮੀ ਅਤੇ ਜਲ ਸੰਭਾਲ ਦੇ ਵੱਖ-ਵੱਖ ਵਿਕਾਸ ਕਾਰਜ ਕਰਦੇ ਹੋਏ ਭੂਮੀ ਅਤੇ ਜਲ ਸੰਭਾਲ ਵਿਭਾਗ ਨੇ ਸਫ਼ਲਤਾ ਪੂਰਵਕ 50 ਸਾਲ ਪੂਰੇ ਕੀਤੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ੍ਰੀਮਤੀ ਅੰਮ੍ਰਿਤ ਸਿੰਘ ਵੱਲੋਂ ਇੱਕ ਕਿਤਾਬਚਾ ਜਾਰੀ ਕੀਤਾ ਗਿਆ। ਇਸ ਮੌਕੇ 'ਤੇ ਮੰਡਲ ਭੂਮੀ ਰੱਖਿਆ ਅਫ਼ਸਰ ਜਗਦੀਸ਼ ਸਿੰਘ ਗਿੱਲ ਵੱਲੋਂ ਦੱਸਿਆ ਗਿਆ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ 15 ਦਸੰਬਰ 1969 ਵਿੱਚ ਖੇਤੀਬਾੜੀ ਵਿਭਾਗ ਤੋਂ ਵੱਖ ਹੋ ਕੇ ਇੱਕ ਵੱਖਰਾ ਮਹਿਕਮਾ ਬਣਿਆ। ਉਨ੍ਹਾਂ ਦੱਸਿਆ ਕਿ ਵਿਭਾਗ ਦਾ ਮੁੱਖ ਮੰਤਵ ਸਰਕਾਰ ਦੀਆਂ ਵੱਖੌ-ਵੱਖ ਸਕੀਮਾਂ ਰਾਹੀਂ ਮਿੱਟੀ ਅਤੇ ਪਾਣੀ ਦੀ ਸੰਭਾਲ ਕਰਨਾ ਹੈ। ਪਿਛਲੇ 50 ਸਾਲਾਂ ਵਿੱਚ ਵਿਭਾਗ ਵੱਲੋਂ ਬੈਂਚ ਟੇਰੇਸਿੰਗ, ਲੈਂਡ ਰੈਕਲੇਮੇਸ਼ਨ, ਲੈਂਡ ਲੈਵਲਿੰਗ, ਖਾਲੇ ਬਣਾਉਣ ਦਾ ਕੰਮ, ਵਾਟਰ ਹਾਰਵੈਸਟਿੰਗ ਸਟੱਰਕਚਰ, ਮਸ਼ੀਨਰੀ ਦੇ ਕੰਮ, ਸਾਇਲ ਸਰਵੇ ਦੇ ਕੰਮ, ਫੁਵਾਰਾ ਅਤੇ ਤੁਪਕਾ ਸਿੰਚਾਈ ਅਤੇ ਜਮੀਨ ਦੋਜ਼ ਪਾਈਪ ਲਾਈਨ ਦੇ ਕੰਮ ਕਰਵਾਏ ਗਏ। ਉਨ੍ਹਾਂ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਦੱਸਿਆ। ਜਿਵੇਂ ਕਿ ਜ਼ਮੀਨ ਦੋਜ਼ ਨਾਲੀਆਂ ਤੇ 50% ਸਬਸਿਡੀ ਜਾਂ 22000 ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਦਿੱਤੀ ਜਾਂਦੀ ਹੈ। ਫੁਵਾਰਾ ਅਤੇ ਤੁਪਕਾ ਸਿੰਚਾਈ ਅਧੀਨ 80-90% ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਵਿਭਾਗ ਵੱਲੋਂ ਐਸ.ਟੀ.ਪੀ. ਦਾ ਟਰੀਟਡ ਪਾਣੀ ਅਤੇ ਵੱਖ-ਵੱਖ ਪਿੰਡਾਂ ਦੇ ਸਾਫ਼ ਪਾਣੀ ਨੂੰ ਜ਼ਮੀਨ ਦੋਜ਼ ਪਾਈਪਾਂ ਰਾਹੀਂ ਜ਼ਿਮੀਦਾਰ ਦੇ ਖੇਤਾਂ ਤੱਕ ਪਹੁੰਚਾਇਆ ਜਾਂਦਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ, ਬਾਗਬਾਨੀ ਅਫ਼ਸਰ ਹਰਮੇਲ ਸਿੰਘ, ਟੈਕਨੀਕਲ ਐਕਸਪਰਟ ਬਲਦੇਵ ਸਿੰਘ, ਏ.ਪੀ.ਓ (ਐਮ) ਅਵਤਾਰ ਸਿੰਘ, ਡੀ.ਡੀ.ਪੀ.ਓ. ਪੀਯੂਸ਼ ਚੰਦਰ, ਸੀ.ਈ.ਓ. (ਫਿਸ਼ ਫਾਰਮਰਸ ਡਿਵੈਲਪਮੈਂਟ ਏਜੰਸੀ) ਸੁਖਵਿੰਦਰ ਸਿੰਘ ਵਾਲੀਆ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਨਿਧੀ ਬੱਤਾ ਅਤੇ ਭੂਮੀ ਰੱਖਿਆ ਅਫ਼ਸਰ ਜਸਰਿਤੂ ਕੌਰ ਅਤੇ ਹੋਰ ਮਹਿਕਮਿਆਂ ਦੇ ਅਫ਼ਸਰ ਸਾਹਿਬਾਨ ਮੌਜੂਦ ਸਨ।