ਬਿਹਾਰੀ ਮਜਦੂਰ ਦਾ ਪੈਸਿਆਂ ਦੇ ਦੇਣ ਲੈਣ 'ਚ ਬੇ-ਰਹਿਮੀ ਨਾਲ ਕਤਲ

ਲਾਸ਼ ਨੂੰ ਕੁੱਤਿਆਂ ਨੇ ਨੋਚਿਆ, ਇਕ ਵਿਅਕਤੀ ਖਿਲਾਫ ਥਾਣਾ ਸਿਟੀ 'ਚ ਮਾਮਲਾ ਦਰਜ
ਜਗਰਾਓਂ/ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 

ਸਿਰਫ 9 ਹਜਾਰ ਰੁਪਿਏ ਦੇ ਲੈਣ ਦੇਣ ਦੀ ਰੰਜਿਸ਼ ਕਾਰਨ ਬਿਹਾਰੀ ਮਜਦੂਰ ਦਾ ਬੇਰਹਿਮੀ ਨਾਲ ਕਤਲ ਕਰਕੇ ਉਸਦੀ ਲਾਸ਼ ਨੂੰ ਜਗਰਾਓਂ ਨੇੜੇ ਪਿੰਡ ਬਾਰਦੇਕੇ ਸੇਮ ਪੁਲ ਦੇ ਨਜਦੀਕ ਸੁੱਟ ਦਿਤਾ। ਜਿਥੋਂ ਉਸਨੂੰ ਕੁੱਤੇ ਘੜੀਸ ਕੇ ਖੇਤ ਵਿਚ ਲੈ ਗਏ ਅਤੇ ਕੱਤਿਆਂ ਨੇ ਲਾਸ਼ ਨੂੰ ਬੁਰੀ ਤਰ੍ਹਾਂ ਨਾਲ ਨੋਚ ਦਿਤਾ। ਕਿਸੇ ਰਾਹਗੀਰ ਵਲੋਂ ਥਾਣਾ ਸਦਰ ਵਿਖੇ ਇਸ ਲਾਸ਼ ਸੰਬਧੀ ਸੂਚਨਾ ਦਿਤੀ ਤਾਂ ਥਾਣਾ ਸਦਰ ਦੀ ਪੁਲਿਸ ਨੇ ਬਾਰਦੇਕੇ ਸੇਮ ਪੁਲ ਨਜਦੀਕ ਖੇਤ ਵਿਚੋਂ ਲਾਸ਼ ਬਰਾਮਦ ਕਰਕੇ ਸਿਵਲ ਹਸਪਤਾਲ ਪਹੁੰਚਾਈ। ਥਾਣਾ ਸਿਟੀ ਤੋਂ ਅਡੀਸ਼ਨਲ ਐਸ. ਐਚ. ਓ ਬਲਜਿੰਦਰ ਕੁਮਾਰ ਨੇ ਦੱਸਿਆ ਕਿ 15 ਜਨਵਰੀ ਨੂੰ ਵਿਪਨ ਕੁਮਾਰ ਪੁੱਤਰ ਸ਼ਵੀਨਾਥ ਨਿਵਾਸੀ ਪਿੰਡ ਅੰਚਲਪੁਰ, ਥਾਣਾ ਕਹਲਗਾਂਵ ਜਿਲਾ ਭਾਗਲਪੁਰ ਬਿਹਾਰ ਜੋ ਕਿ ਡਿਸਪੋਜਲ ਰੋਡ ਤੇ ਕ੍ਰਿਸ਼ਨਾ ਗਊਸ਼ਾਲਾ ਦੇ ਨਜ਼ਦੀਕ ਕਿਰਾਏਓ ਦੇ ਮਕਾਨ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਇਲਾਕੇ ਵਿਚ ਰੰਗ ਰੋਗਨ ਦਾ ਕੰਮ ਕਰਦਾ ਸੀ। ਇਸਦੀ ਗੁੰਮਸ਼ੁਦਗੀ ਸੰਬਧੀ ਰਪਟ ਉਸਦੇ ਪਰਿਵਾਰ ਵਲੋਂ 15 ਜਨਵਰੀ ਨੂੰ ਥਾਣਾ ਸਿਟੀ 'ਚ ਦਰਜ ਕਰਵਾਈ ਸੀ। ਬਾਰਦੇਕੇ ਸੇਮ ਪੁਲ ਤੋਂ ਮਿਲੀ ਲਾਸ਼ ਦੀ ਪਹਿਚਾਣ ਉਕਤ ਗੁੰਮਸ਼ੁਦਗੀ ਵਿਚ ਲਿਖਾਏ ਹੁਲਿਏ ਅਨੁਸਾਰ ਲੰਗਣ ਤੇ ਥਾਣਾ ਸਿਟੀ ਪੁਲਿਸ ਨੇ ਵਿਪਨ ਕੁਮਾਰ ਦੇ ਪਰਿਵਾਰ ਨੂੰ ਸ਼ਨਾਖਤ ਲਈ ਬੁਲਾਇਆ ਤਾਂ ਉਨ੍ਹਾਂ ਉਸਦੇ ਕਪੜਿਆਂ ਅਤੇ ਉਸਦੀ ਬਾਂਹ ਤੇ ਟਾਂਕੇ ਲੱਗਿਆਂ ਦਾ ਨਿਸ਼ਾਨ ਦੇਖ ਕੇ ਕੀਤੀ ਕਿਉਂਕਿ ਲਾਸ਼ ਦਾ ਮੂੰਹ ਅਤੇ ਇਕ ਹੱਥ ਕੁੱਤਿਆਂ ਵਲੋਂ ਬੁਰੀ ਤਰ੍ਹਾਂ ਨਾਲ ਨੋਚਿਆ ਹੋਇਆ ਸੀ। ਏ. ਐਸ. ਆਈ ਬਲਜਿੰਦਰ ਕੁਮਾਰ ਅਨੁਸਾਰ ਵਿਪਨ ਕੁਮਾਰ ਦੀ ਪਤਨੀ ਰੀਨਾ ਨੇ ਦੱਸਿਆ ਕਿ ਉਸਦੇ ਪਤੀ ਨੂੰ 15 ਜਨਵਰੀ ਨੂੰ ਸਵੇਰੇ ਕਿਸੇ ਦਾ ਫੋਨ ਆਇਆ ਸੀ ਕਿ ਕਿਧਰੇ ਕੰਮ ਦੇਖਣ ਲਈ ਜਾਣਾ ਹੈ। ਉਸ ਫੋਨ ਤੇ ਉਹ ਮੋਟਰਸਾਇਕਿਲ ਲੈ ਕੇ ਚਲਿਆ ਗਿਆ ਅਤੇ ਵਾਪਿਸ ਨਹੀਂ ਆਇਆ। ਘਰੋਂ ਜਾਣ ਤੋਂ ਬਾਅਦ ਉਸਦਾ ਫੋਨ ਬੰਦ ਆਉਣ ਲੱਗ ਪਿਆ। ਪੁਲਿਸ ਵਲੋਂ ਮ੍ਰਿਤਕ ਦੀ ਕਾਲ ਡਿਟੇਲ ਕਢਵਾ ਕੇ ਜਾਂਚ ਕੀਤੀ ਗਈ ਤਾਂ ਉਸਦੇ ਫੋਨ ਤੇ ਆਖਰੀ ਕਾਲ ਹਰਿੰਦਰ ਸਿੰਘ ਨਿਵਾਸੀ ਪਿੰਡ ਤਲਵੰਡੀ ਰਾਏ ਦੀ ਪਾਈ ਗਈ ਅਤੇ ਉਸੇ ਕਾਲ ਤੋਂ ਬਾਅਦ ਉਹ ਘਰੋਂ ਗਿਆ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਕ ਵਿਪਨ ਕੁਮਾਰ ਅਤੇ ਹਰਿੰਦਰ ਸਿੰਘ ਇਕੱਠੇ ਕੰਮ ਕਰਦੇ ਸਨ ਅਤੇ ਹਰਿੰਦਰ ਨੇ ਵਿਪਨ ਕੁਮਾਰ ਤੋਂ 9 ਹਜਾਰ ਰੁਪਏ ਲੈਣੇ ਸਨ। ਜਿਸ ਕਾਰਨ ਉਹ ਰੰਜਿਸ਼ ਰੱਖਦਾ ਸੀ। ਮ੍ਰਿਤਕ ਦੀ ਪਤਨੀ ਰੀਨਾ ਦੇ ਬਿਆਨਾ ਤੇ ਹਰਿੰਦਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।