ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਹਰੇਕ ਜ਼ਿਲਾ ਪੱਧਰ 'ਤੇ ਲਗਾਏ ਜਾਣਗੇ ਯੂਥ ਕੋਆਰਡੀਨੇਟਰ-ਚੇਅਰਮੈਨ ਬਿੰਦਰਾ

ਨਿਤਿਨ ਟੰਡਨ ਨੂੰ ਲਗਾਇਆ ਜ਼ਿਲਾ ਲੁਧਿਆਣਾ ਦਾ ਕੋਆਰਡੀਨੇਟਰ

ਲੁਧਿਆਣਾ, ਜਨਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਿਹਤਰ ਤਰੀਕੇ ਨਾਲ ਲੋਕਾਂ ਵਿੱਚ ਲਿਜਾਣ ਲਈ ਬੋਰਡ ਵੱਲੋਂ ਹਰੇਕ ਜ਼ਿਲਾ ਪੱਧਰ 'ਤੇ ਯੂਥ ਕੋਆਰਡੀਨੇਟਰ (ਆਨਰੇਰੀ ਅਹੁਦਾ) ਲਗਾਏ ਜਾ ਰਹੇ ਹਨ। ਇਹ ਯੂਥ ਕੋਆਰਡੀਨੇਟਰ ਜ਼ਿਲਾ ਪੱਧਰ 'ਤੇ ਤਾਇਨਾਤ ਸਹਾਇਕ ਡਾਇਰੈਕਟਰਾਂ ਦੇ ਤਾਲਮੇਲ ਨਾਲ ਸੂਬੇ ਦੇ ਨੌਜਵਾਨਾਂ ਨੂੰ ਲਾਮਬੰਦ ਕਰਨ ਦਾ ਕੰਮ ਕਰਨਗੇ। ਇਸ ਮੌਕੇ ਜ਼ਿਲਾ ਕਾਂਗਰਸ ਪ੍ਰਧਾਨ (ਸ਼ਹਿਰੀ) ਅਸ਼ਵਨੀ ਕੁਮਾਰ ਸ਼ਰਮਾ, ਪਰਮਜੀਤ ਸਿੰਘ ਪੰਮਾ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਹਾਜ਼ਰ ਸਨ। ਅੱਜ ਸਥਾਨਕ ਸਰਕਟ ਹਾਊਸ ਵਿਖੇ ਨੌਜਵਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਬਿੰਦਰਾ ਨੇ ਸ਼ਹਿਰ ਦੇ ਯੂਥ ਆਗੂ ਨਿਤਿਨ ਟੰਡਨ ਨੂੰ ਜ਼ਿਲਾ ਲੁਧਿਆਣਾ ਦਾ ਕੋਆਰਡੀਨੇਟਰ ਨਿਯੁਕਤ ਕਰਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਜ਼ਿਲਾ ਪੱਧਰ ਦੀਆਂ ਨਿਯੁਕਤੀਆਂ ਕਰਨ ਉਪਰੰਤ ਸਟੇਟ ਅਤੇ ਹਲਕਾ ਪੱਧਰ 'ਤੇ ਵੀ ਅਜਿਹੇ ਕੋਆਰਡੀਨੇਟਰ ਨਿਯੁਕਤ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸੇ ਤਰਾਂ ਜੋ ਨੌਜਵਾਨ ਜਾਂ ਸੰਸਥਾਵਾਂ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਲਿਜਾਣ ਅਤੇ ਹਾਂ-ਪੱਖੀ ਬਦਲਾਅ ਲਈ ਸ਼ਲਾਘਾਯੋਗ ਕੰਮ ਕਰਨਗੇ, ਉਨਾਂ ਨੂੰ ਪੰਜਾਬ ਸਰਕਾਰ ਵੱਲੋਂ 'ਪ੍ਰਸ਼ੰਸ਼ਾ ਪੱਤਰ' ਵੀ ਦਿੱਤੇ ਜਾਇਆ ਕਰਨਗੇ। ਇਨਾਂ ਸਰਟੀਫਿਕੇਟਾਂ ਨੂੰ ਹਰ ਪੱਧਰ 'ਤੇ ਸਰਕਾਰੀ ਮਾਨਤਾ ਮਿਲੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਉਸਾਰੂ ਗਤੀਵਿਧੀਆਂ ਵੱਲ ਲਗਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਨੂੰ ਮੁੜ ਤੋਂ ਗਤੀਸ਼ੀਲ ਕੀਤਾ ਗਿਆ ਹੈ। ਬੋਰਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨਾਲ ਸੰਬੰਧਤ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾ ਕੇ ਨੌਜਵਾਨਾਂ ਦਾ ਸਹਿਯੋਗ ਸੂਬੇ ਦੇ ਵਿਕਾਸ ਲਈ ਲਿਆ ਜਾਵੇ। ਬਿੰਦਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਮੁਸ਼ਕਿਲਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਅਤੇ ਉਨਾਂ ਦਾ ਉਚਿਤ ਹੱਲ ਕਢਵਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਦਾ ਸਹਿਯੋਗ ਲੈਣ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਹਰ ਕਦਮ ਉਠਾਉਣ ਲਈ ਦ੍ਰਿੜ ਸੰਕਲਪ ਹੈ।