ਬਰਸਾਤ ✍ ਧੰਨਾ ਧਾਲੀਵਾਲ

ਬਰਸਾਤ

ਕੱਚੀਆਂ ਕੰਧਾਂ ਨੂੰ ਹੜ੍ਹ ਲੈ ਗਿਆ ਏ ਰੋੜ੍ਹਕੇ

ਹਾਰੇ ਹੰਭੇ ਸਭ ਹੁਣ ਬਹਿ ਗਏ ਦਿਲ ਤੋੜਕੇ

ਡਰ ਏਹ ਸਤਾਵੇ ਉੱਤੋਂ ਕਿਵੇਂ ਲੰਘੂ ਰਾਤ ਜੀ

ਹੱਦੋਂ ਵੱਧ ਹੋਈ ਏਸ ਵਾਰੀ ਬਰਸਾਤ ਜੀ

ਹੜ੍ਹ ਵਿੱਚ ਹੜ੍ਹ ਗਈਆਂ ਕੱਟੀਆਂ ਵੀ ਮੇਰੀਆਂ

ਚਾਰ ਮੱਝਾਂ ਗਾਵਾਂ ਤਿੰਨ ਵੱਛੀਆਂ ਵੀ ਮੇਰੀਆਂ

ਤੇਰੀ ਪਰਲੋ ਅੱਗੇ ਸਾਡੀ ਕੀ ਔਕਾਤ ਜੀ

ਹੱਦੋਂ ਵੱਧ ਹੋਈ ਏਸ ਵਾਰੀ ਬਰਸਾਤ ਜੀ

ਮੇਲਦੇ ਨੇ ਨਾਗ ਜਿੱਥੇ ਲੁੱਕੀਆਂ ਸੀ ਬਿੱਲੀਆਂ

ਵਹਿਗੀ ਦਰਿਆ ਵਿੱਚ ਕੌਲੀਆਂ ਪਤੀਲੀਆਂ

ਬੜੀ ਔਖੀ ਫੜੀ ਮਸਾਂ ਤੈਰਕੇ ਪ੍ਰਾਤ ਜੀ

ਹੱਦੋਂ ਵੱਧ ਹੋਈ ਏਸ ਵਾਰੀ ਬਰਸਾਤ ਜੀ 

ਧੰਨੇ ਧਾਲੀਵਾਲ਼ਾ ਦੁੱਖ ਲਿਖਦੇ ਗਰੀਬ ਦਾ

ਚਲਦਾ ਨਾ ਵੱਸ ਲੇਖਾਂ ਉੱਤੇ ਹਾਏ ਨਸੀਬ ਦਾ

ਰੁੱਸੀ ਫਿਰੇ ਬੰਦੇ ਤੋਂ ਜਿਉਂ ਕੁੱਲ ਕਾਇਨਾਤ ਜੀ

ਹੱਦੋਂ ਵੱਧ ਹੋਈ ਏਸ ਵਾਰੀ ਬਰਸਾਤ ਜੀ

 

ਧੰਨਾ ਧਾਲੀਵਾਲ਼