You are here

ਸੰਵਾਦ  ✍ ਜਸਪਾਲ ਜੱਸੀ

ਭਗਤ ਸਿੰਘ ਰਾਜਗੁਰੂ ਤੇ ਸੁਖਦੇਵ‌ ।

ਕਿਵੇਂ ਭਗਤ ਸਿਆਂ ਉਦਾਸ ਲਗਦੈਂ ?

ਨਹੀਂ ਸੁਖਦੇਵ !  ਕੁਛ ਦਿਨਾਂ ਤੋਂ ਆਪਣਿਆਂ ਦੀ ਨੀਚਤਾ ਅਤੇ ਹੋਛਾਪਣ ਦੇਖ ਰਿਹਾਂ।

ਜੋ ਆਪਾਂ ਆਜ਼ਾਦੀ ਤੋਂ ਪਹਿਲਾਂ ਸੋਚਿਆ ਸੀ, ਉੱਥੇ ਤੱਕ ਤਾਂ .....

ਸੁਖਦੇਵ : ਬਸ ਏਨੀ ਗੱਲ‌ !

ਅਸਲ ਵਿੱਚ ਇਹ ਲੋਕ ਤੇਰੀ ਸੋਚ ਤੱਕ ਪਹੁੰਚ ਨਹੀਂ ਸਕਦੇ। ਇਹ ਤਾਂ ਫਿਰਕੂ ਲੋਕ ਨੇ, ਜੇ ਤੂੰ ਇਹਨਾਂ ਦੇ ਪਹਿਰਾਵੇ ਵਿਚ ਰਹਿੰਦਾ ਫੇਰ ਤਾਂ ਤੇਰੀਆਂ ਫੋਟੋਆਂ ਵੀ ਧਾਰਮਿਕ ਸਥਾਨਾਂ ਤੇ ਲਗਾ ਦਿੰਦੇ। (ਰਾਜ ਗੁਰੂ ਦੋਵਾਂ ਦੀ ਗੱਲ ਸੁਣ ਕੇ ਹੱਸਿਆ )

ਸੁਖਦੇਵ : ਕਿਵੇਂ ਪੰਡਤ ਜੀ ਹੱਸ ਰਹੇ ਹੋ ?

ਰਾਜਗੁਰੂ : ਸੁਆਦ ਆ ਗਿਆ, ਸ਼ਹੀਦ ਹੋਣ ਦਾ ,

ਹਾ ਹਾ ਹਾ।

ਕਾਰਨ ਤਾਂ ਦੱਸੋ ਦੇਵਤਾ ਜੀ ?

ਸੁਖਦੇਵ ਫਿਰ ਬੋਲਿਆ।

ਭਗਤ ਸਿੰਘ : ਮੈਨੂੰ ਪਤੈ ਕਿਉਂ ਹੱਸ ਰਿਹੈਂ, ਰਾਜਗੁਰੂ ।

ਕਿਉਂ ?(ਸੁਖਦੇਵ ਨੇ ਪੁੱਛਿਆ)

ਤੂੰ ਹੀ ਪੁੱਛ ਲੈ ( ਭਗਤ ਸਿੰਘ ਬੋਲਿਆ)

ਦੱਸ ਯਾਰ ! ਕਿਉਂ ਕੱਲਾ ਦੰਦ ਕੱਢੀ ਜਾਨੈਂ ?

ਜਦੋਂ ਆਪਾਂ ਨੂੰ 24 ਮਾਰਚ ਨੂੰ ਫਾਂਸੀ ਦਾ ਹੁਕਮ ਹੋਇਆ ਸੀ ਤਾਂ ਅੰਗਰੇਜ਼ ਅਫਸਰਾਂ ਨੂੰ ਕਿਸੇ ਨੇ ਦੱਸ ਦਿੱਤਾ ਕਿ, ਹੋ ਸਕਦਾ ਹੈ, ਲੋਕ ਜੇਲ੍ਹ ਤੋੜ ਕੇ ਇਹਨਾਂ ਨੂੰ ਛੁਡਾ ਕੇ ਲੈ ਜਾਣ ਕਿਉਂਕਿ ਪੰਜਾਬੀ ਬਹੁਤ ਦਲੇਰ ਨੇ। ਇਸ ਲਈ ਉਹਨਾਂ ਨੇ ਡਰਦਿਆਂ, ਇੱਕ ਰਾਤ ਪਹਿਲਾਂ ਹੀ 23 ਮਾਰਚ ਨੂੰ ਹੀ ਆਪਾਂ ਨੂੰ ਫ਼ਾਂਸੀ ਦੇ ਦਿੱਤੀ।

ਭਗਤ ਸਿੰਘ ਸੋਚ ਰਿਹੈ, ਐਨਾ ਪਿਆਰ ਲੋਕਾਂ ਦਾ,

ਪਰ ਅੱਜ ! !!!!

ਜਿਨ੍ਹਾਂ ਨੂੰ ਬੋਲਣ ਦੀ ਅਜ਼ਾਦੀ ਦੁਆਈ,ਉਹੀ ...

 ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਸਨਮਾਨਤ ਕੀਤਾ, ਉਨ੍ਹਾਂ ਨੂੰ ਲੋਕਾਂ ਨੇ ਹੱਥਾਂ ਤੇ ਚੁੱਕ ਲਿਆ।

ਬੜੇ ਅਕਿਰਤਘਣ ਲੋਕ ਬੈਠੇ ਨੇ ਸਾਡੀ ਕੌਮ ਵਿੱਚ।

ਇਹੀ ਸੋਚ ਰਿਹਾ ਹੈਂ ਨਾ ?

(ਰਾਜ ਗੁਰੂ ਦਾ ਗੱਲ ਕਹਿੰਦਿਆਂ ਹਾਸਾ ਕਾਫ਼ੂਰ ਹੋ ਗਿਆ ਸੀ )

ਨਹੀਂ ਯਾਰ ! ਤੂੰ ਗਲਤ ਸੋਚ ਰਿਹੈ।

ਤੁਸੀਂ ਸਾਡੇ ਆਲ਼ਿਆਂ ਨੂੰ ਨਹੀਂ ਜਾਣਦੇ। ਸਾਡੇ ਲੋਕ ਬੜੇ ਭਾਵੁਕ ਨੇ ਤੇ ਲਾਈ ਲੱਗ ਵੀ।

ਜਿਵੇਂ ਤੁਸੀਂ ਮਹਾਰਾਸ਼ਟਰਾ ਵਾਲੇ ਸਾਰੇ ਮਰਾਠੇ ਕਹਾਉਂਦੇ ਹੋ ਭਾਵੇਂ ਕਿਸੇ ਜਾਤ ਬਰਾਦਰੀ ਨਾਲ ਸੰਬੰਧ ਰੱਖਦੇ ਹੋ। ਪਰ ਸਾਡੇ ਆਲੇ ਪੰਜਾਬੀ ਹਿੰਦੂ, ਸਿੱਖ , ਮੁਸਲਮਾਨਾਂ, 'ਚ ਵੰਡੇ ਨੇ ,

ਤੇ ਉਸ ਤੋਂ ਵੀ ਅੱਗੇ ਜਾਤ ਬਰਾਦਰੀਆਂ ਵਿੱਚ।

ਬਾਕੀ ਸਾਰੀ ਗੱਲ ਸੁਖਦੇਵ  ਤੋਂ ਪੁੱਛ ਲੈ।

ਮੇਰੀ ਤਾਂ ਪੁੱਛ-ਗਿਛ ਥੋੜ੍ਹੀ-ਮੋਟੀ ਹੋਈ ਵੀ ਹੈ

ਇਹ ਦੀ ਕਿੰਨੀ ਕੁ ਸਾਰ ਲਈ ਹੈ ਸਾਡੇ ਪੰਜਾਬ ਵਾਲ਼ਿਆਂ ਨੇ ।

ਅੱਜ ਕੌਣ ਜਾਣਦਾ ਐ ਦੁਰਗਾ ਭਾਬੀ ਨੂੰ ?

ਜਿਸ ਨੇ ਮੇਰੇ ਲਈ ਆਪਣੀ ਜਾਨ ਜੋਖਮ ਵਿਚ ਪਾਈ।

ਜਦੋਂ ਪੰਜਾਬ ਦੀਆਂ ਸਰਕਾਰਾਂ ਵੋਟਾਂ ਲਈ ਮੇਰੇ ਨਾਮ ਦੀ ਛੁੱਟੀ ਕਰਦੀਆਂ ਨੇ, ਕਈ ਦਿਨ ਤਾਂ ਮੈਂ ਸੁਖਦੇਵ ਦੇ ਮੱਥੇ ਨਹੀਂ ਲੱਗ ਸਕਦਾ।

( ਸੁਖਦੇਵ ਹੱਸਿਆ)

ਉਹ ਕੋਈ ਗੱਲ ਨੀ ਭਗਤ ਸਿਆਂ।

ਸਾਡੀ ਤਾਂ ਕੌਮ ਦੀ ਲੜਨ-ਮਰਨ ਲਈ ਪੈਦਾ ਹੋਏ ਸੀ। ਪੰਡਤ ਜੀ ਤੇ ਤੁਸੀਂ ਤਾਂ ਅਸੀਂ ਧੱਕੇ ਨਾਲ ਹੀ ਸ਼ਹੀਦ ਕਰਵਾ ਦਿੱਤੇ। 

ਤੂੰ ਖੇਤੀਬਾੜੀ ਕਰਦਾ ਰਹਿੰਦਾ ਤੇ ਪੰਡਤ ਜੀ ਰਾਜ ਗੁਰੂ ਸਾਹਿਬ ਕਿਸੇ ਸਕੂਲ ਦੇ ਵਿਚ ਪੜ੍ਹਾਉਂਦੇ ਹੁੰਦੇ ਜਾਂ ਕਿਸੇ ਮੰਦਰ ਦੇ ਵਿਚ ਪੰਡਤਾਈ ਕਰਦੇ ਹੁੰਦੇ ਕਿਉਂ ਕਿ ਲੋਕ ਐਥੇ ਜਾਤ ਬਰਾਦਰੀਆਂ ਛੱਡਣਾ ਹੀ ਨਹੀਂ ਚਾਹੁੰਦੇ।

ਅਸੀਂ ਤਾਂ ਸਾਰੇ ਗੁਰੂ ਵੀ ਥੋਨੂੰ ਸੰਭਾਲ ਦਿੱਤੇ ਪਰ ਲੱਗਦਾ ਨੀਂ ਤੁਹਾਡੇ ਤੋਂ ਉਹਨਾਂ ਦੀ ਫਿਲਾਸਫ਼ੀ ਤੇ ਗੁਰੂ ਸੰਭਾਲੇ ਜਾਣਗੇ।

ਕਿਉਂ ਪੰਡਤ ਜੀ, ਠੀਕ ਕਿਹਾ ਨਾ ਮੈਂ ?

(ਰਾਜਗੁਰੂ ਭਗਤ ਸਿੰਘ ਵੱਲ ਦੇਖ ਕੇ ਹੱਸ ਪਿਆ ਤੇ ਬੋਲਿਆ)

ਕਿਉਂ ਟਕੋਰਾਂ ਕਰਦੈਂ ਥਾਪਰਾ,

ਟਕੋਰਾਂ ਨਹੀ, ਸੱਚ ਨੂੰ ਸੱਚ ਕਹਿਣਾ ਕੋਈ ਗਲਤ ਨਹੀਂ।(ਸੁਖਦੇਵ ਬੋਲਿਆ

ਭਗਤ ਸਿੰਘ ਗੰਭੀਰ ਮੁਦਰਾ ਵਿਚ ਸੀ)

ਇੱਕ ਗੱਲ ਹੋਰ ਦੱਸਾਂ, ਗੁੱਸਾ ਤਾਂ ਨੀ ਕਰਦੇ ?

ਭਗਤ ਸਿੰਘ ਹੋਰਾਂ ਦੀ ਕੌਮ ਨੂੰ ਜੇ  ਖੁੱਲ੍ਹਾ ਛੱਡ ਦੇਈਏ, ਦੋ ਦਿਨਾਂ 'ਚ ਹੀ ਆਪਣਾ ਸਿਰ ਪੜਵਾ ਕੇ ਦੂਜਿਆ ਲਈ ਮੈਦਾਨ ਸਾਫ਼ ਕਰ ਦੇਣਗੇ।

ਗੁਰੂ ਸਾਹਿਬ ਸਿਆਣੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਅੰਤਿਮ ਗੁਰੂ ਥਾਪ ਕੇ ਗਏ। ਜੇ ਕਿਸੇ ਹੋਰ ਕੌਮ ਦੇ ਧੱਕੇ ਗੁਰਗੱਦੀ ਚੜ੍ਹ ਜਾਂਦੀ ਇਹ ਹੀ ਹੋਣਾ ਸੀ ਜੋ ਹੋ ਰਿਹੈ।

(ਭਗਤ ਸਿੰਘ ਦਾ ਹਾਸਾ ਨਿਕਲ ਗਿਆ, ਤੇ ਬੋਲਿਆ )

ਪੰਡਤ ਜੀ ਵਾਂਗ ਗਿਆਨ ਝਾੜ ਰਿਹੈਂ।

ਊਂ ਗੱਲ ਠੀਕ ਹੈ ਥਾਪਰ ਸਾਹਿਬ!

ਉਂਝ ਅਸੀਂ ਗੁਰੂ ਦੇ ਸਿੱਖ ਹਾਂ ਭਾਵੇਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨਾ ਮੰਨੀਏ। ਆਪਣੀ ਜਾਤ ਗੋਤ ਵੀ ਨਹੀਂ ਛੱਡਦੇ ਭਾਵੇਂ ਗੁਰੂ ਸਾਹਿਬਾਨ ਨੇ ਬਹੁਤ ਜ਼ੋਰ ਲਾਇਆ। ਸਾਡੀ ਕੋਈ ਜਾਤ ਨਹੀਂ ਪਰ ਜਾਤ ਬਰਾਦਰੀ ਤੋਂ ਬਿਨਾਂ ਅਸੀਂ ਰਹਿੰਦੇ ਵੀ ਨਹੀਂ।

ਬੱਸ ਮਹਾਰਾਜਾ ਰਣਜੀਤ ਸਿੰਘ ਹੀ ਰਾਜ ਕਮਾ ਗਿਆ, ਜਿਹੜਾ ਕਮਾਉਣਾ ਸੀ। ਸਭ ਨੂੰ ਇੱਕ ਅੱਖ ਨਾਲ਼ ਦੇਖਿਆ, ਗੁਰੂਆਂ ਦੇ ਨਾਮ ਦੇ ਸਿੱਕੇ ਚਲਾਏ  ਪਰ ਸਾਡੇ ਆਲੇ ਤਾਂ ਉਸ ਨੂੰ ਵੀ ਨਹੀਂ ਬਖਸ਼ਦੇ, ਕਹਿੰਦੇ ਆਪਣੇ ਰਾਜ ਚ ਪੰਜਾਬੀ ਨਹੀਂ ਲਾਗੂ ਕੀਤੀ।

ਚੱਲ ਹੁਣ ਉਦਾਸ ਨੀ ਹੋਣਾ ਰਾਜਗੁਰੂ ਬੋਲਿਆ ।

ਮੈਂ ਉਦਾਸ ਨਹੀਂ, ਮੈਂ ਤਾਂ ਚਿੱਟੀ ਦਾਹੜੀ ਦੀ ਬੇਸ਼ਰਮੀ ਦੀ ਹੱਦ ਦੇਖ ਰਿਹਾਂ। ਜਿਨ੍ਹਾਂ ਲੋਕਾਂ ਨੇ ਆਪਣੇ ਘਰ ਦਿਆਂ ਦੀਆਂ ਗਦਾਰੀਆਂ ਕਰਕੇ ,ਸਾਰੇ ਪੰਜਾਬੀਆਂ ਤੋਂ ਮਾਫੀ ਮੰਗਣੀ ਸੀ, ਉਹ ਮੈਨੂੰ ਅੱਤਵਾਦੀ ਗਰਦਾਨ ਰਹੇ ਨੇ। ਸ਼ੁਕਰ ਹੈ ਆਜ਼ਾਦੀ ਤੋਂ ਪਹਿਲਾਂ ਫਾਂਸੀ ਚੜ੍ਹ ਗਏ ਜੇ ਬਾਅਦ ਵਿੱਚ ਚੜ੍ਹੇ ਹੁੰਦੇ ਸੱਚ ਮੁੱਚ ਹੀ ਅੱਤਵਾਦੀ ਹੋ ਜਾਣਾ ਸੀ।

(ਜਸਪਾਲ ਜੱਸੀ)