19 ਤੋਂ 23 ਜਨਵਰੀ ਤੱਕ ਚੱਲੇਗੀ ਪਲਸ ਪੋਲੀਓ ਰੋਕੂ ਮੁਹਿੰਮ

ਜ਼ਿਲੇ 'ਚ 5 ਲੱਖ 15 ਹਜ਼ਾਰ ਤੋਂ ਵਧੇਰੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ
ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਪਲਸ ਪੋਲੀਓ ਮੁਹਿੰਮ ਨਾਲ ਜੁੜੇ ਸਾਰੇ ਅਧਿਕਾਰੀਆਂ, ਸਹਿਯੋਗੀ ਗੈਰ ਸਰਕਾਰੀ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 19 ਜਨਵਰੀ ਤੋਂ 23 ਜਨਵਰੀ, 2020 ਤੱਕ ਜ਼ਿਲੇ ਭਰ 'ਚ ਚਲਾਈ ਜਾਣ ਵਾਲੀ ਮੁਹਿੰਮ ਨੂੰ ਹਰ ਹੀਲੇ ਕਾਮਯਾਬ ਕੀਤਾ ਜਾਵੇ ਤਾਂ ਜੋ ਸਾਡੇ ਦੇਸ਼ (ਜੋ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਪੋਲੀਓ ਮੁਕਤ ਐਲਾਨ ਦਿੱਤਾ ਗਿਆ ਹੈ) 'ਚ ਮੁੜ ਤੋਂ ਪੋਲੀਓ ਬਿਮਾਰੀ ਪਨਪ ਨਾ ਸਕੇ। ਇਸ ਮੁਹਿੰਮ ਤਹਿਤ 0-5 ਸਾਲ ਉਮਰ ਵਰਗ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾਂ ਇਹ ਵਿਚਾਰ ਅੱਜ ਸਥਾਨਕ ਬਚਤ ਭਵਨ ਵਿਖੇ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਕਰਨ ਲਈ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਟਿੰਗ ਦੀ ਕਾਰਵਾਈ ਚਲਾਉਂਦਿਆਂ ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਲਤਾਲਾ, ਜ਼ਿਲਾ ਟੀਕਾਕਰਨ ਅਫ਼ਸਰ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਇਹ ਪੋਲੀਓ ਰੋਕੂ ਮੁਹਿੰਮ ਦਾ ਗੇੜ ਹਰ ਸ਼ਹਿਰ, ਕਸਬੇ, ਪਿੰਡ ਅਤੇ ਘਰ-ਘਰ ਵਿੱਚ ਚਲਾਇਆ ਜਾਣਾ ਹੈ। ਉਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਭਾਵੇਂਕਿ ਭਾਰਤ ਨੂੰ ਪੋਲੀਓ ਮੁਕਤ ਦੇਸ਼ ਦਾ ਦਰਜਾ ਦੇ ਦਿੱਤਾ ਗਿਆ ਹੈ ਪਰ ਸਾਡੇ ਗੁਆਂਢੇ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਵਿੱਚ ਹਾਲੇ ਵੀ ਪੋਲੀਓ ਦੀ ਬਿਮਾਰੀ ਦੇ ਲੱਛਣ ਪਾਏ ਜਾ ਰਹੇ ਹਨ। ਭਾਰਤ ਸਮੇਤ ਇਨਾਂ ਦੇਸ਼ਾਂ ਦੇ ਗੁਆਂਢੀ ਦੇਸ਼ਾਂ ਨੂੰ ਇਸ ਬਿਮਾਰੀ ਦੇ ਮੁੜ ਆਉਣ (ਟਰੈਵਲ) ਦਾ ਖ਼ਤਰਾ ਹਾਲੇ ਬਣਿਆ ਰਹੇਗਾ। ਡਿਪਟੀ ਕਮਿਸ਼ਨਰ ਅਗਰਵਾਲ ਨੇ ਇਸ ਕਥਨ ਨਾਲ ਸਹਿਮਤ ਹੁੰਦਿਆਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਇਸ ਗੱਲ ਬਾਰੇ ਜਾਣੂ ਕਰਾਉਣ ਕਿ ਇਸ ਬਿਮਾਰੀ ਦੀ ਭਿਆਨਕਤਾ ਬਾਰੇ ਅਵੇਸਲੇ ਨਾ ਹੋਇਆ ਜਾਵੇ ਅਤੇ ਜਦੋਂ ਤੱਕ ਇਹ ਪੋਲੀਓ ਰੋਕ ਮੁਹਿੰਮਾਂ ਚੱਲਦੀਆਂ ਰਹਿਣਗੀਆਂ, ਉਦੋਂ ਤੱਕ ਆਪਣੇ 0-5 ਸਾਲ ਤੱਕ ਦੇ ਬੱਚਿਆਂ ਨੂੰ ਇਹ ਜੀਵਨ ਦੀਆਂ ਬੂੰਦਾਂ ਜ਼ਰੂਰ ਪਿਲਾਉਣ। ਉਨਾਂ ਹਦਾਇਤ ਕੀਤੀ ਕਿ ਜ਼ਿਲੇ ਵਿੱਚ ਪੈਂਦੇ ਸਾਰੇ ਭੱਠਿਆਂ, ਗਰੀਬ ਬਸਤੀਆਂ, ਬੱਸ ਅੱਡਿਆਂ ਅਤੇ ਹੋਰ ਸਥਾਨਾਂ ਨੂੰ ਵਿਸ਼ੇਸ਼ ਰੂਪ ਵਿੱਚ ਕਵਰ ਕੀਤਾ ਜਾਵੇ ਤਾਂ ਜੋ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਸ ਮੁਹਿੰਮ ਦੌਰਾਨ ਲੁਧਿਆਣਾ ਸ਼ਹਿਰ ਅਤੇ ਪੇਂਡੂ ਖੇਤਰ ਦੇ ਸਾਰੇ ਬੱਚਿਆਂ ਨੂੰ ਕਵਰ ਕਰਨ ਦਾ ਪ੍ਰੋਗਰਾਮ ਹੈ। ਇਹ ਗਿਣਤੀ 5,15,021 ਦੇ ਕਰੀਬ ਬਣਦੀ ਹੈ, ਜਿਨਾਂ ਵਿੱਚੋਂ 271846 ਬੱਚੇ ਸ਼ਹਿਰੀ ਖੇਤਰ ਵਿੱਚ ਅਤੇ 243175 ਬੱਚੇ ਪੇਂਡੂ ਖੇਤਰ ਵਿੱਚ ਰਹਿੰਦੇ ਹਨ। ਇਨਾਂ ਬੱਚਿਆਂ ਤੱਕ ਘਰ-ਘਰ ਪਹੁੰਚਣ ਲਈ 680 ਬੂਥ, 388 ਸਬ ਬੂਥ ਅਤੇ 1440 ਟੀਮਾਂ ਬਣਾਈਆਂ ਗਈਆਂ ਹਨ। ਇਸ ਵਿੱਚ 100 ਮੋਬਾਈਲ ਅਤੇ 101 ਟਰਾਂਜਿਟ ਟੀਮਾਂ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਅਲੱਗ ਤੌਰ 'ਤੇ ਹੋਰ 501 ਸੁਪਰਵਾਈਜ਼ਰ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਲਗਾਏ ਗਏ ਹਨ। ਉਨਾਂ ਦੱਸਿਆ ਕਿ 19 ਜਨਵਰੀ ਨੂੰ ਬੂਥ ਲਗਾਏ ਜਾਣਗੇ ਅਤੇ ਮਿਤੀ 20 ਜਨਵਰੀ ਤੋਂ ਘਰ-ਘਰ ਜਾ ਕੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਲੁਧਿਆਣਾ ਸ਼ਹਿਰ, ਸਾਹਨੇਵਾਲ ਅਤੇ ਕੁਝ ਬਲਾਕਾਂ ਦੇ ਨਾਲ ਲੱਗਦੇ ਸ਼ਹਿਰੀ ਖੇਤਰਾਂ ਵਿੱਚ ਪੰਜੇ ਦਿਨ ਘਰ-ਘਰ ਜਾ ਕੇ ਬੂੰਦਾਂ ਪਿਲਾਈਆਂ ਜਾਣਗੀਆਂ। ਅਗਰਵਾਲ ਨੇ ਸਾਰੇ ਅਫ਼ਸਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਜਨਹਿੱਤ ਦੇ ਕਾਰਜ ਵਿੱਚ ਆਪਣੀ ਬਣਦਾ ਯੋਗਦਾਨ ਪਾਉਣ ਤਾਂ ਜੋ ਲੋਕਾਂ ਨੂੰ ਸਿਹਤਮੰਦ ਅਤੇ ਅਰੋਗ ਸਮਾਜ ਦਿੱਤਾ ਜਾ ਸਕੇ। ਇਸ ਮੀਟਿੰਗ ਵਿੱਚ ਸੰਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।