ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ-ਦੀਪਤੀ ਉੱਪਲ

ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਮੌਕੇ ’ਤੇ ਕੀਤੀਆਂ ਹਦਾਇਤਾਂ ਜਾਰੀ

ਕਪੂਰਥਲਾ, ਜਨਵਰੀ 2020 -(ਹਰਜੀਤ ਸਿੰਘ ਵਿਰਕ)- 

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਉਨਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਪਿੰਡਾਂ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ ਅਤੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ। ਇਸ ਦੌਰਾਨ ਉਨਾਂ ਪਿੰਡਾਂ ਵਿਚਲੇ ਸਕੂਲਾਂ, ਆਂਗਣਵਾੜੀਆਂ ਅਤੇ ਧਰਮਸ਼ਾਲਾਵਾਂ ਦਾ ਵੀ ਜਾਇਜ਼ਾ ਲਿਆ। 

ਸ੍ਰੀਮਤੀ ਦੀਪਤੀ ਉੱਪਲ ਨੇ ਆਪਣੇ ਇਸ ਦੌਰੇ ਦੌਰਾਨ ਪਿੰਡ ਚੂਹੜਵਾਲ, ਵਿੱਲਾ ਕੋਠੀ, ਦਿਆਲਪੁਰ, ਹੋਠੀਆਂ, ਭਗਤਪੁਰ, ਦੰਦੂਪੁਰ ਤੇ ਸ਼ੇਖੂਪੁਰ ਆਦਿ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨਾਂ ਉਪਰੋਕਤ ਪਿੰਡਾਂ ਵਿਚ ਚੱਲ ਰਹੇ ਸੀਵਰੇਜ, ਗਲੀਆਂ ਅਤੇ ਇੰਟਰਲਾਕ ਟਾਈਲਾਂ ਆਦਿ ਦੇ ਕੰਮਾਂ ਦਾ ਨਿਰੀਖਣ ਕੀਤਾ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਸਰਕਾਰੀ ਮਿਡਲ ਸਕੂਲ ਵਿੱਲਾ ਕੋਠੀ ਦੇ ਮੁਆਇਨੇ ਦੌਰਾਨ ਉਨਾ ਬੱਚਿਆਂ ਨਾਲ ਸਵਾਲ-ਜਵਾਬ ਕਰਨ ਤੋਂ ਇਲਾਵਾ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ। ਇਸੇ ਤਰਾਂ ਉਨਾਂ ਸ਼ਹੀਦ ਸਿਪਾਹੀ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰ ਦਾ ਵੀ ਨਿਰੀਖਣ ਕੀਤਾ ਅਤੇ ਉਥੇ ਪਾਣੀ ਦੀ ਸਮੱਸਿਆ ਦੇ ਹੱਲ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨਾਂ ਆਂਗਣਵਾੜੀ ਸੈਂਟਰ ਦਿਆਲਪੁਰ ਦੀ ਹਾਲਤ ਸੁਧਾਰਨ ਦਾ ਵੀ ਭਰੋਸਾ ਦਿਵਾਇਆ। 

  ਇਸੇ ਤਰਾਂ ਉਨਾਂ ਦਿਆਲਪੁਰ ਵਿਚ ਗੰਭੀਰ ਰੂਪ ਧਾਰਨ ਕਰ ਚੁੱਕੀ ਸੀਵਰੇਜ ਦੀ ਸਮੱਸਿਆ ਦਾ ਮੌਕਾ ਵੇਖਿਆ ਅਤੇ ਅਧਿਕਾਰੀਆਂ ਨੂੰ ਇਸ ਦੇ ਪੁਖਤਾ ਹੱਲ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਉਨਾਂ ਪਿੰਡ ਸ਼ੇਖੂਪੁਰ ਵਿਖੇ ਧਰਮਸ਼ਾਲਾ ਦੇ ਕੰਮ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਐਕਸੀਅਨ ਪੰਚਾਇਤੀ ਰਾਜ ਸ੍ਰੀ ਸੰਦੀਪ ਸ੍ਰੀਧਰ, ਉੱਪ ਮੰਡਲ ਭੂਮੀ ਰੱਖਿਆ ਅਫ਼ਸਰ ਸ. ਮਨਪ੍ਰੀਤ ਸਿੰਘ, ਐਸ. ਡੀ. ਓ ਸ੍ਰੀ ਰਾਕੇਸ਼ ਮਹਾਜਨ, ਸ. ਸੁਖਜਿੰਦਰ ਸਿੰਘ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। 

 

ਕੈਪਸ਼ਨਾਂ : 

-ਪਿੰਡਾਂ ਵਿਚ ਵਿਕਾਸ ਕਾਰਜਾਂ ਦਾ ਨਿਰੀਖਣ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। 

-ਪਿੰਡਾ ਦਿਆਲਪੁਰ ਵਿਖੇ ਸੀਵਰੇਜ ਅਤੇ ਹੋਰਨਾਂ ਸਮੱਸਿਆਵਾਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ।