ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜ਼ਕਾਲ ਦੌਰਾਨ ਸੁਰੇਸ ਕੁਮਾਰ ਨੇ ਚੌਥੀ ਵਾਰ ਅਸਤੀਫ਼ਾ ਦਿੱਤਾ ਹੈ। ਪਿਛਲੇ ਕਰੀਬ ਅੱਠ-ਨੌ ਮਹੀਨਿਆਂ ਤੋਂ ਸੁਰੇਸ ਕੁਮਾਰ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਨਹੀਂ ਆ ਰਹੇ ਸਨ ਅਤੇ ਆਪਣੇ ਘਰੋਂ (ਕੈਂਪ ਆਫ਼ਿਸ) ਹੀ ਕੰਮ ਕਰ ਰਹੇ ਸਨ। ਹਾਲਾਂਕਿ ਮੁੱਖ ਮੰਤਰੀ ਦਫ਼ਤਰ ਦਾ ਕੋਈ ਅਧਿਕਾਰੀ ਮੂੰਹ ਨਹੀਂ ਖੋਲ੍ਹ ਰਿਹਾ, ਪਰ ਦੱਬੀ ਅਵਾਜ਼ ਵਿਚ ਸੁਰੇਸ਼ ਕੁਮਾਰ ਵਲੋਂ ਬੀਤੇ ਕੱਲ੍ਹ ਅਸਤੀਫ਼ਾ ਦੇਣ ਦੀ ਖ਼ਬਰ ਸਿਆਸੀ ਗਲਿਆਰਿਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸੁਰੇਸ਼ ਕੁਮਾਰ ਨੇ ਉਨ੍ਹਾਂ ਨਾਲ ਅਟੈਚ ਸਟਾਫ ਨੂੰ ਆਪਣੇ ਪਿੱਤਰੀ ਵਿਭਾਗਾਂ ਵਿਚ ਜਾਣ ਨੂੰ ਕਹਿ ਦਿੱਤਾ ਹੈ। ਸਟਾਫ਼ ਨੇ ਵਾਪਸ ਵਿਭਾਗਾਂ ਨੂੰ ਜਾਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ ਕਿਉਂਕਿ ਸਟਾਫ਼ ਨੂੰ ਉਮੀਦ ਹੈ ਕਿ ਮੁੱਖ ਮੰਤਰੀ ਵਲੋਂ ਪਹਿਲਾਂ ਦੀ ਤਰ੍ਹਾਂ ਫਿਰ ਸੁਰੇਸ ਕੁਮਾਰ ਨੂੰ ਕੰਮ ਕਰਨ ਲਈ ਮਨਾ ਲਿਆ ਜਾਵੇਗਾ। ਯਾਦ ਰਹੇ ਕਿ ਸੁਰੇਸ਼ ਕੁਮਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੱਭਤੋਂ ਭਰੋਸੇਮੰਦ ਅਧਿਕਾਰੀਆਂ ਵਿਚ ਸ਼ਾਮਲ ਹਨ, ਅਤੇ ਮੁੱਖ ਮੰਤਰੀ ਨੇ ਤਿੰਨੋਂ ਵਾਰ ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਛੁੱਟੀ ਕਰਨ ਦੇ ਫੈਸਲੇ ਤੋਂ ਉਹ ਜ਼ਿਆਦਾ ਖਫ਼ਾ ਹੋਏ ਹਨ ਅਤੇ ਉਨ੍ਹਾਂ ਨੇ ਸਰਕਾਰੀ ਕੰਮਕਾਜ਼ ਤੋਂ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰ ਦਿੱਤਾ ਸੀ। ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਸੁਰੇਸ਼ ਕੁਮਾਰ ਦੇ ਕਰੀਬੀਆਂ ਵਿਚ ਸ਼ਾਮਲ ਸਨ ਅਤੇ ਮੁੱਖ ਸਕੱਤਰ ਵਲੋਂ ਮੁੱਖ ਮੰਤਰੀ ਨੂੰ ਭੇਜੀ ਜਾਣ ਵਾਲੀ ਫਾਈਲ ਵਾਇਆ ਸੁਰੇਸ਼ ਕੁਮਾਰ ਜਾਂਦੀ ਸੀ, ਪਰ ਅੱਜਕੱਲ੍ਹ ਫਾਈਲਾਂ ਮੁੱਖ ਮੰਤਰੀ ਨੂੰ ਸਿੱਧੀਆਂ ਭੇਜੀਆਂ ਜਾ ਰਹੀਆਂ ਸਨ। ਸੱਤਾ ਦੇ ਗਲਿਆਰਿਆ ਵਿਚ ਇਹ ਵੀ ਚਰਚਾ ਹੈ ਕਿ ਸੁਰੇਸ਼ ਕੁਮਾਰ ਨੇ ਅਸਤੀਫ਼ਾ ਨਹੀਂ ਦਿੱਤੀ ਬਲਕਿ ਮੁੱਖ ਮੰਤਰੀ ਨੂੰ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਚਰਚਾ ਹੈ ਕਿ ਮੁੱਖ ਮੰਤਰੀ ਪਹਿਲਾਂ ਦੀ ਤਰ੍ਹਾਂ ਸੁਰੇਸ਼ ਕੁਮਾਰ ਨੂੰ ਮਨਾਉਣ ਵਿਚ ਕਾਮਯਾਬ ਹੋ ਜਾਣਗੇ। ਹਾਲਾਂਕਿ ਇਕ ਵਾਰ ਤਾਂ ਉਨ੍ਹਾਂ ਨੇ ਆਪਣੇ ਦਫ਼ਤਰ ਵਿਚ ਆਪਣਾ ਸਾਮਾਨ ਵੀ ਚੁੱਕ ਲਿਆ ਸੀ। ਹੁਣ ਵੀ ਲੰਬੇ ਸਮੇਂ ਬਾਅਦ ਉਦੋਂ ਦਫ਼ਤਰ ਗਏ ਸਨ ਜਦੋਂ ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੰਤਰੀਆਂ ਨਾਲ ਹੋਈ ਤਿੜਕ ਧਾਂਸ ਦੇ ਮਾਮਲੇ ਵਿਚ ਮਾਫ਼ੀ ਮੰਗੀ ਸੀ।