ਦਿਗਵਿਜੇ ਚੌਟਾਲਾ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ, ਕਿਹਾ ਹਰਿਆਣਾ ਦੇ ਲੋਕ ‘ਆਪ’ ਨੂੰ ਨਹੀ ਲਾਉਣਗੇ ਮੂੰਹ

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਭਰਾ ਅਤੇ ਜਨਨਾਇਕ ਜਨਤਾ ਪਾਰਟੀ ਦੇ ਕੌਮੀ ਸਕੱਤਰ ਦਿਗਵਿਜੇ ਚੌਟਾਲਾ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਜਿੱਥੇ ਉਨਾਂ ਕੀਰਤਨ ਸ੍ਰਵਣ ਕੀਤਾ ਅਤੇ ਤਖਤ ਸਾਹਿਬ ਦੇ ਇਤਿਹਾਸ ਬਾਬਤ ਜਾਣਕਾਰੀ ਹਾਸਲ ਕੀਤੀ। ਤਖਤ ਸਾਹਿਬ ਪੁੱਜਣ 'ਤੇ ਜੇ.ਜੇ.ਪੀ ਹਰਿਆਣਾ ਦੇ ਜਨਰਲ ਸਕੱਤਰ ਭਾਈ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਉਨਾਂ ਦਾ ਸਵਾਗਤ ਕੀਤਾ। ਤਖਤ ਸਾਹਿਬ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਭ ਤੋਂ ਪਹਿਲਾਂ ਉਨਾਂ ਨੇ ਸਮੁੱਚੇ ਸਿੱਖ ਜਗਤ ਨੂੰ ਮਹਾਨ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਅੱਜ ਮੈਂ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਵਾਲੇ ਦਿਨ ਹੀ ਉਨਾਂ ਦੇ ਅਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਪਹਿਲੀ ਵਾਰ ਨਤਮਸਤਕ ਹੋਇਆ ਹਾਂ। ਆਮ ਆਦਮੀ ਪਾਰਟੀ ਵੱਲੋਂ 28 ਜਨਵਰੀ ਨੂੰ ਜੀਂਦ 'ਚ ਰੱਖੀ ਸਿਆਸੀ ਰੈਲੀ ਦੇ ਸਵਾਲ ਤੇ ਚੌਟਾਲਾ ਨੇ ਕਿਹਾ ਕਿ ਹਰਿਆਣਾ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੂੰਹ ਨਹੀ ਲਾਉਣਗੇ ਕਿਉਂਕਿ ਉਹ ਦੇਖ ਚੁੱਕੇ ਹਨ ਕਿ ਜਿੰਨਾਂ ਦਾਅਵਿਆਂ ਅਤੇ ਵਾਅਦਿਆਂ ਨਾਲ ‘ਆਪ’ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਉਸ ਵਿੱਚੋਂ ਇੱਕ ਵੀ ਪੂਰਾ ਨਹੀ ਕੀਤਾ। ਉਨਾਂ ਕਿਹਾ ਕਿ ਹਰਿਆਣਾ 'ਚ ਅਸੋਕ ਤੰਵਰ ਵਰਗੇ ਕੱਦਾਵਾਰ ਨੇਤਾ ਵੀ ‘ਆਪ’ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਣ ਪਾਰਟੀ ਛੱਡ ਗਏ। ਚੌਟਾਲਾ ਨੇ ਕਿਹਾ ਕਿ ‘ਆਪ’ ਆਗੂ ਖਿਆਲੀ ਪਲਾਓ ਜਿੰਨੇ ਮਰਜ਼ੀ ਪਕਾ ਲਵੇ ਪਰ ਹਰਿਆਣਾ 'ਚ ਸੱਤਾ ਹਾਸਿਲ ਕਰਨ ਦਾ ਉਨਾਂ ਦਾ ਸੁਪਨਾ ਪੂਰਾ ਨਹੀ ਹੋਵੇਗਾ। ਨੀਤੀਸ਼ ਕੁਮਾਰ ਵੱਲੋਂ ਆਈ ਐਨ ਡੀ ਏ ਗਠਜੋੜ ਛੱਡਣ ਦੀਆਂ ਚਰਚਾਵਾਂ ਤੇ ਪ੍ਰਤੀਕਰਮ ਦਿੰਦਿਆਂ ਉਨਾਂ ਕਿਹਾ ਕਿ ‘ਇੰਡੀਆ’ ਗਠਜੋੜ ਦਾ ਸਾਰਾ ਕੁਨਬਾ ਹੀ ਵਿਖਰ ਜਾਵੇਗਾ ਕਿਉਂਕਿ ਇਹ ਗਠਜੋੜ ਹੀ ਮੌਕਾਪ੍ਰਸਤਾਂ ਦਾ ਹੈ। ਇਸ ਮੌਕੇ ਉਨਾਂ ਨਾਲ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਰਣਦੀਪ ਸਿੰਘ ਮਟਦਾਦੂ ਜ਼ਿਲ੍ਹਾ ਪ੍ਰਧਾਨ ਜੇ.ਜੇ.ਪੀ ਯੁਵਾ ਵਿੰਗ ਜਿਲ੍ਹਾ ਸਿਰਸਾ ਵੀ ਮੌਜੂਦ ਸਨ।

ਕੈਪਸ਼ਨ: ਤਖਤ ਸਾਹਿਬ ਨਤਮਸਤਕ ਹੋ ਕੇ ਪਰਤਦੇ ਦਿਗਵਿਜੇ ਚੌਟਾਲਾ।