ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਅਤੇ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੰਗਤਾਂ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਹੋਰਨਾਂ ਸਥਾਨਾਂ 'ਤੇ ਧਾਰਮਿਕ ਸਮਾਗਮ ਕਰਵਾਏ ਗਏ। ਤਖਤ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅੱਜ ਸਭ ਤੋਂ ਪਹਿਲਾਂ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਤਖਤ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਦੋਂਕਿ ਅਰਦਾਸ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕੀਤੀ। ਸਮਾਗਮ 'ਚ ਮੌਜੂਦ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਨਾ ਕੇਵਲ ਇੱਕ ਯੋਧਾ ਸਗੋਂ ਵਿਦਵਾਨ ਦੱਸਿਆ ਗਿਆ ਜਿੰਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ 'ਚ ਸਹਿ ਲਿਖਾਈ ਵਜੋਂ ਸੇਵਾਵਾਂ ਨਿਭਾਈਆਂ। ਉਨਾਂ ਨੇ ਸੰਗਤਾਂ ਨੂੰ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ 'ਚ ਜਥੇਦਾਰ ਅਮਰੀਕ ਸਿੰਘ ਕੋਟਸ਼ਮੀਰ ਮੈਂਬਰ ਸ਼੍ਰੋਮਣੀ ਕਮੇਟੀ, ਗੁਰਸੇਵਕ ਸਿੰਘ ਕਿੰਗਰਾ ਅਤੇ ਭਾਈ ਮੇਜਰ ਸਿੰਘ ਮੀਤ ਮੈਨੇਜ਼ਰ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਆਦਿ ਸ਼ਾਮਿਲ ਹੋਏ। ਉੱਧਰ ਹਰ ਸਾਲ ਵਾਂਗ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਬਾਬਾ ਦੀਪ ਸਿੰਘ ਬੱਸ ਅੱਡਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ। ਬੱਸ ਸਟੈਂਡ 'ਚ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬੱਸ ਅੱਡਾ ਪ੍ਰਬੰਧਕ ਕਮੇਟੀ ਵੱਲੋਂ ਪੁੱਜੀਆਂ ਸਖਸ਼ੀਅਤਾਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ।