ਪੰਜਾਬੀ ਕਵੀ ਫਤਹਿਜੀਤ ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਮੀਨੀ ਹਕੀਕਤਾਂ ਨਾਲ ਜੁੜੀ ਹੋਈ ਕਵਿਤਾ ਲਿਖਣ ਵਾਲੇ ਕਵੀ ਫ਼ਤਿਹਜੀਤ ਨੂੰ ਅੱਜ ਪੰਜਾਬੀ ਬਾਗ ਜਲੰਧਰ ਵਿਖੇ ਸ: ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ ਨਾਲ ਕੌਮਾਂਤਰੀ ਲੇਖਕ ਮੰਚ(ਕਲਮ) ਵੱਲੋਂ ਸਨਮਾਨਿਤ ਕੀਤਾ ਗਿਆ। ਡਾ: ਉਮਿੰਦਰ ਜੌਹਲ ਨੇ ਫਤਹਿਜੀਤ ਦਾ ਸਨਮਾਨ ਪੱਤਰ ਪੜ੍ਹਿਆ। ਪੁਰਸਕਾਰ ਦੇਣ ਦੀ ਰਸਮ ਵਿੱਚ ਪ੍ਰੋ: ਗੁਰਭਜਨ ਗਿੱਲ, ਸੁਖਵਿੰਦਰ ਕੰਬੋਜ, ਡਾ: ਵਰਿਆਮ ਸਿੰਘ ਸੰਧੂ,ਪ੍ਰੋ: ਰਵਿੰਦਰ ਭੱਠਲ, ਸੁਰਜੀਤ ਜੱਜ ਤੇ ਡਾ: ਲਖਵਿੰਦਰ ਜੌਹਲ ਸ਼ਾਮਿਲ ਹੋਏ। ਪੁਰਸਕਾਰ ਵਿੱਚ ਇੱਕੀ ਹਜ਼ਾਰ ਰੁਪਏ ਦੀ ਧਨ ਰਾਸ਼ੀ,ਸਨਮਾਨ ਪੱਤਰ ਤੇ ਦੋਸ਼ਾਲਾ ਸ਼ਾਮਿਲ ਸੀ। ਤ੍ਰੈਲੋਚਨ ਲੋਚੀ ਨੇ ਦੋ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਅਮਰੀਕਾ ਵੱਸਦੇ ਪੰਜਾਬੀ ਕਵੀ ਸੁਖਵਿੰਦਰ ਕੰਬੋਜ ਨੇ ਆਪਣੇ ਸਤਿਕਾਰਯੋਗ ਸਵਰਗੀ ਪਿਤਾ ਜੀ ਦੀ ਯਾਦ ਚ ਇਹ ਪੁਰਸਕਾਰ ਪੰਦਰਾਂ ਸਾਲ ਪਹਿਲਾਂ ਸਥਾਪਿਤ ਕੀਤਾ ਸੀ। ਸਮਾਗਮ ਦੇ ਆਰੰਭਲੇ ਬੋਲ ਬੋਲਦਿਆਂ ਕਲਮ ਦੇ ਜਨਰਲ ਸਕੱਤਰ ਪ੍ਰੋ: ਸੁਰਜੀਤ ਜੱਜ ਨੇ ਫਤਹੀਜੀਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਤਹਿਜੀਤ ਸਮਾਜਿਕ ਸਰੋਕਾਰਾਂ ਨਾਲ ਲਬਰੇਜ ਕਵਿਤਾ ਲਿਖਕੇ ਪਿਛਲੇ 67 ਸਾਲਾਂ ਤੋਂ ਲਗਾਤਾਰ ਸਮਾਜ ਨੂੰ ਸੇਧ ਦੇਣ ਦੀ ਕੋਸਿਸ਼ ਵਿਚ ਜੁਟਿਆ ਰਿਹਾ ਹੈ। ਉਹ ਦੁਆਬੇ ਦੀ ਸਾਰਥਿਕ ਸਾਹਿਤਕ ਲਹਿਰ ਦਾ ਮੋਹਰੀ ਕਵੀ ਰਿਹਾ ਹੈ। ਹਰ ਸਾਹਿਤਕ ਮਹਿਫਲ ਦਾ ਉਹ ਸ਼ਿੰਗਾਰ ਹੁੰਦਾ ਸੀ। ਅੱਜ ਦੇ ਬਹੁਤ ਸਾਰੇ ਪੰਜਾਬੀ ਦੇ ਸਥਾਪਿਤ ਕਵੀਆਂ ਦਾ ਉਹ ਪ੍ਰੇਰਨਾ ਸਰੋਤ ਰਿਹਾ ਹੈ। ਸਮਾਗਮ ਵਿੱਚ ਸ਼ਾਮਲ ਲੇਖਕਾਂ ਨੂੰ ਸੰਬੋਧਨ ਕਰਦਿਆਂ ਸੁੰਖਵਿੰਦਰ ਕੰਬੋਜ ਨੇ ਕਿਹਾ ਕਿ ਫਤਹਿਜੀਤ ਸਾਡੇ ਲਈ ਚਾਨਣ ਮੁਨਾਰਾ ਰਿਹਾ ਹੈ। ਉਸਦੀ ਹਰ ਕਵਿਤਾ ਤਰਕ 'ਤੇ ਅਧਾਰਤ ਹੁੰਦੀ ਹੈ। ਉਸਨੇ ਜ਼ਜਬਾਤਾਂ ਨੂੰ ਆਪਣੀਆਂ ਕਵਿਤਾਵਾਂ ਵਿਚ ਭਾਰੂ ਨਹੀਂ ਹੋਣ ਦਿੱਤਾ। ਆਮ ਤੌਰ ਤੇ ਮਿਥ ਬਣੀ ਹੋਈ ਹੈ ਕਿ ਭਾਵਨਾਵਾਂ ਤੋਂ ਬਿਨਾ ਕਵਿਤਾ ਨਹੀਂ ਹੋ ਸਕਦੀ ਪ੍ਰੰਤੂ ਫਤਿਹਜੀਤ ਨੇ ਇਸ ਮਿਥ ਨੂੰ ਤੋੜਕੇ ਤਰਕਸ਼ੀਲ ਕਵਿਤਾਵਾਂ ਲਿਖਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਉਹ ਅਜਿਹਾ ਸਮਾਂ ਸੀ ਜਦੋਂ ਪ੍ਰਯੋਗਵਾਦੀ, ਪ੍ਰਗਤੀਵਾਦੀ ਅਤੇ ਜੁਝਾਰੂ ਲਹਿਰਾਂ ਦਾ ਜ਼ੋਰ ਰਿਹਾ ਪ੍ਰੰਤੂ ਫਤਿਹਜੀਤ ਦੀ ਖ਼ੂਬੀ ਇਹ ਰਹੀ ਕਿ ਉਸਨੇ ਕਿਸੇ ਵੀ ਲਹਿਰ ਅਧੀਨ ਅਜਿਹੀ ਕਵਿਤਾ ਨਹੀਂ ਲਿਖੀ ਜਿਹੜੀ ਸਮਾਜ ਦੀ ਅਗਵਾਈ ਨਾ ਕਰਦੀ ਹੋਵੇ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਫਤਹਿਜੀਤ ਸਾਡੇ ਤੋਂ ਪਹਿਲੀ ਪੀੜ੍ਹੀ ਦਾ ਕੱਦਾਵਰ ਸ਼ਾਇਰ ਹੈ ਜਿਸ ਨੇ ਏਕਮ, ਨਿੱਕੀ ਜੇਹੀ ਚਾਨਣੀ, ਕੱਚੀ ਮਿੱਟੀ ਦੇ ਬੌਨੇ ਤੇ ਰੇਸ਼ਮੀ ਧਾਗੇ ਨਾਮੀ ਕਾਵਿ ਸੰਗ੍ਰਿਹਾਂ ਰਾਹੀਂ ਆਾਪਣੀ ਕਲਾ ਕੌਸ਼ਲਤਾ ਦਾ ਲੋਹਾ ਮੰਨਵਾਇਆ ਹੈ। ਉਹ ਲੋਕ ਲਹਿਰਾਂ ਦਾ ਸਰਗਰਮ ਆਗੂ ਭਾਵੇਂ ਨਹੀਂ ਰਿਹਾ ਪਰ ਇਨ੍ਹਾਂ ਲਹਿਰਾਂ ਦਾ ਸੇਕ ਜ਼ਰੂਰ ਫਤਿਹਜੀਤ ਨੂੰ ਝੱਲਣਾ ਪਿਆ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਸਦੀਆਂ ਕਵਿਤਾਵਾਂ ਸਮਾਜ ਨੂੰ ਸੇਧ ਨਾ ਦਿੰਦੀਆਂ ਹੋਣ। ਫਤਹਿਜੀਤ ਨੇ ਪੁਰਾਤਨ ਪਰੰਪਰਾਵਾਂ ਅਨੁਸਾਰ ਕਵਿਤਾ ਨਹੀਂ ਲਿਖੀ ਸਗੋਂ ਨਵੀਂਆਂ ਪਗਡੰਡੀਆਂ ਪਾਈਆਂ ਹਨ ਕਿਉਂਕਿ ਉਹ ਪੁਰਾਣੀਆਂ ਲੀਹਾਂ ਤੇ ਚਲਣ ਵਾਲਾ ਕਵੀ ਨਹੀਂ ਹੈ। ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ ਫਤਹਿਜੀਜੀਤ ਦੀਆਂ ਕਵਿਤਾਵਾਂ ਦੀ ਕਮਾਲ ਇਹ ਹੈ ਕਿ ਉਹ ਚਿੰਤਨ ਵਾਲੀ ਖੁਲ੍ਹੀ ਕਵਿਤਾ ਰਾਹੀਂ ਸਰਲ ਸ਼ਬਦਾਵਲੀ ਵਿਚ ਡੂੰਘੀ ਗੱਲ ਕਹਿ ਦਿੰਦਾ ਹੈ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਫਤਹਿਜੀਤ ਰਾਹ ਦਿਸੇਰਾ ਸ਼ਾਇਰ ਹੈ ਅਤੇ ਸਹਿਜ ਤੋਰ ਤੁਰਦਿਆਂ ਉਸ ਨੇ ਕਵਿਤਾ ਵਿਚਲਾ ਸੁਹਜ ਕਦੇ ਨਹੀਂ ਗੁਆਚਣ ਦਿੱਤਾ। ਪੰਜਾਬ ਆਰਟਸ ਕੌਂਸਲ ਦੇ ਸਕੱਤਰ ਜਨਰਲ ਤੇ ਕਲਮ ਦੇ ਪ੍ਰਧਾਨ ਡਾ: ਲਖਵਿੰਦਰ ਜੌਹਲ ਨੇ ਕਿਹਾ ਕਿ ਉਸ ਦੀ ਪੁਸਤਕ ਨਿੱਕੀ ਜੇਹੀ ਚਾਨਣੀ ਬਾਰੇ ਮੈਂ 1983 ਚ ਖੋਜ ਪੱਤਰ ਲਿਖ ਕੇ ਉਸ ਦੀ ਰਚਨਾ ਵਿਧੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਪਰਮਜੀਤ ਸਿੰਘ ਏ ਈ ਟੀ ਸੀ ਤੇ ਫਤਹਿਜੀਤ ਦੀ ਬੇਟੀ ਬਲਜੀਤ ਕੌਰ ਨੇ ਪਰਿਵਾਰ ਵੱਲੋਂ ਆਏ ਲੇਖਕਾਂ ਤੇ ਪਰਿਵਾਰਕ ਸਨੇਹੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉੱਘੇ ਲੇਖਕ ਰਜਨੀਸ਼ ਬਹਾਦਰ ਸਿੰਘ ,ਡਾ: ਹਰਜਿੰਦਰ ਸਿੰਘ ਅਟਵਾਲ,ਬਲਬੀਰ ਪਰਵਾਨਾ, ਸ਼ਰਮਾ ਜੀ ਲੋਹੀਆਂ ਵਾਲੇ , ਦੇਸ ਰਾਜ ਕਾਲੀ, ਭਗਵੰਤ ਰਸੂਲਪੁਰੀ, ਡਾ: ਕੁਲਵੰਤ ਸਿੰਘ ਸੰਧੂ, ਡਾ: ਗੋਪਾਲ ਸਿੰਘ ਬੁੱਟਰ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਗਿਆਨ ਸੈਦਪੁਰੀ, ਹਰਬੰਸ ਹੀਉਂ, ਭਜਨ ਆਦੀ, ਮੋਹਨ ਮਤਿਆਲਵੀ, ਜਾਗੀਰ ਜੋਸਨ, ਜਸਬੀਰ ਸਿੰਘ ਸ਼ਾਇਰ, ਡਾ: ਉਮਿੰਦਰ ਜੌਹਲ, ਸੁਖਰਾਜ ਮੰਡੀ ਕਲਾਂ, ਫਤਹਿਜੀਤ ਜੀ ਦਾ ਬੇਟੀ ਸੁਖਦੀਪ ਕੌਰ ਬਰਾੜ ਫ਼ਰੀਦਕੋਟ, ਲਖਵਿੰਦਰ ਸਿੰਘ, ਗਗਨਦੀਪ ਸਿੰਘ, ਲਵਿੰਦਰ ਸਿੰਘ, ਗੁਰਸਿਮਰਤ ਸਿੰਘ ਬੱਲ ਤੋਂ ਇਲਾਵਾ ਪਰਿਵਾਰਕ ਸਨੇਹੀ ਤੇ ਰਿਸ਼ਤੇਦਾਰ ਹਾਜ਼ਰ ਸਨ।