26 ਜਨਵਰੀ ਨੂੰ ਕੈਬਨਿਟ ਮੰਤਰੀ ਅਰੁਨਾ ਚੌਧਰੀ ਲੈਣਗੇ ਮਾਰਚ ਪਾਸਟ ਤੋਂ ਸਲਾਮੀ
ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
26 ਜਨਵਰੀ ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਮੁਕੰਮਲ (ਫੁੱਲ ਡਰੈੱਸ) ਰਿਹਰਸਲ ਅੱਜ ਸਟੇਡੀਅਮ ਵਿਖੇ ਕੀਤੀ ਗਈ। ਰਿਹਰਸਲ ਸਮੇਂ ਝੰਡਾ ਲਹਿਰਾਉਣ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣ ਦੀ ਰਸਮ ਡਿਪਟੀ ਕਮਿਸ਼ਨਰ, ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅਦਾ ਕੀਤੀ। ਅੱਜ ਪੰਜਾਬ ਪੁਲਿਸ ਤੇ ਵੱਖ-ਵੱਖ ਸਕੂਲਾਂ ਤੋਂ ਐਨ.ਸੀ.ਸੀ. ਦੀਆਂ ਟੁਕੜੀਆਂ ਨੇ ਮਾਰਚ ਪਾਸਟ ਵਿੱਚ ਭਾਗ ਲਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਸਮੁੱਚੀ ਮਾਰਚ ਪਾਸਟ ਦੀ ਅਗਵਾਈ ਪੁਲਿਸ ਅਧਿਕਾਰੀ ਸ੍ਰੀ ਮਨੋਜ ਗੋਰਸੀ ਨੇ ਕੀਤੀ। ਇਸ ਮੌਕੇ ਹੂ-ਬਹੂ ਪੇਸ਼ ਕੀਤੇ ਗਏ ਮਨੋਰੰਜਕ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਵਿੱਚ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਮੁੱਖ ਮਹਿਮਾਨ ਵਜੋਂ ਪਹੁੰਚਣਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਸਮਾਗਮ ਸਵੇਰੇ 9.58 ਵਜੇ ਸ਼ੁਰੂ ਹੋਵੇਗਾ। ਉਨਾਂ ਦੱਸਿਆ ਕਿ ਗਣਤੰਤਤਾ ਦਿਵਸ ਸਮਾਗਮ ਮੌਕੇ ਰਾਸ਼ਟਰੀ ਏਕਤਾ ਕੌਮੀ ਆਖ਼ੰਡਤਾ ਅਤੇ ਦੇਸ਼ ਭਗਤੀ ਉਜਾਗਰ ਕਰਨ ਵਾਲਾ ਅਤੇ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਦ੍ਰਿਸ਼ਟੀਮਾਨ ਕਰਨ ਵਾਲਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸਕੂਲੀ ਬੱਚਿਆਂ ਵੱਲੋ ਪੀ.ਟੀ. ਸ਼ੋਅ ਤੇ ਲੇਜ਼ੀਅਮ ਵੀ ਪੇਸ਼ ਕੀਤਾ ਜਾਵੇਗਾ। ਸ੍ਰੀ ਅਗਰਵਾਲ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਇਸ ਸਮਾਗਮ ਵਿੱਚ ਵਧ ਚੜ• ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਸ਼ਵਨੀ ਕਪੂਰ ਅਤੇ ਅਖਿਲ ਚੌਧਰੀ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।