ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ‘ਰਾਸ਼ਟਰੀ ਗਰਲਜ਼ ਚਾਈਲਡ ਡੇਅ’ ਸਬੰਧੀ ਵਿਸ਼ੇਸ਼ ਸਮਾਗਮ

ਬੱਚੀਆਂ ਸਿਹਤ ਸੰਭਾਲ ਪ੍ਰਤੀ ਕੀਤਾ ਗਿਆ ਜਾਗਰੂਕ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਦੀ ਲਗਾਤਾਰਤਾ ਵਿਚ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਗਰਲਜ਼ ਚਾਈਲਡ ਡੇਅ ਮਨਾਇਆ ਗਿਆ। ਇਸ ਮੌਕੇ ‘ਪਰਸਨਲ ਹਾਈਜੀਨ ਐਂਡ ਮੈਨਸਟਰੁਏਸ਼ਨ’ ਵਿਸ਼ੇ ’ਤੇ ਪੈਨਲ ਟਾਕ ਕਰਵਾਈ ਗਈ। ਸਮਾਗਮ ਵਿਚ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੀ ਵਿਦਿਆਰਥਣਾਂ ਨਾਲ ਜਿਥੇ ਇਸ ਵਿਸ਼ੇ ’ਤੇ ਖੁੱਲ ਕੇ ਡਾਕਟਰ ਸਾਹਿਬਾਨ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੈਨੇਟਰੀ ਪੈਡ ਵੈਂਡਿੰਗ ਮਸ਼ੀਨਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਜਲੰਧਰ ਤੋਂ ਡਾ. ਸੁਸ਼ਮਾ ਚਾਵਲਾ ਤੋਂ ਇਲਾਵਾ ਡਾ. ਸੁਰਜੀਤ ਕੌਰ, ਡਾ. ਸੁਨਿਧੀ ਗੁਪਤਾ, ਡਾ. ਸਿੰਮੀ, ਡਾ. ਰਤਨਾਕਰ ਅਤੇ ਸਿਹਤ ਵਿਭਾਗ ਦੇ ਪ੍ਰੋਗਰਾਮ ਅਫ਼ਸਰਾਂ ਵੱਲੋ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। 

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਲੜਕੀਆਂ ਨੂੰ ਰਾਸ਼ਟਰੀ ਗਰਲਜ਼ ਚਾਈਲਡ ਡੇਅ ਦੀ ਵਧਾਈ ਦਿੰਦਿਆਂ ਉਨਾਂ ਨੂੰ ਆਪਣੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਰਹਿਣ ਦੀ ਤਾਕੀਦ ਕੀਤੀ। ਉਨਾਂ ਕਿਹਾ ਕਿ ਸਿਹਤਮੰਦ ਧੀ ਹੀ ਸਿਹਤਮੰਦ ਮਾਂ ਬਣਕੇ ਸਿਹਤਮੰਦ ਸਮਾਜ ਦੀ ਸਰਜਣਾ ਕਰਦੀ ਹੈ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬੱਚੀਆਂ ਦੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੀਆਂ ਲੜਕੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੀ. ਡੀ. ਪੀ. ਓ ਸ੍ਰੀਮਤੀ ਨਤਾਸ਼ਾ ਸਾਗਰ, ਸੀ. ਡੀ. ਪੀ. ਓ ਨਡਾਲਾ ਸ. ਬਲਵਿੰਦਰ ਜੀਤ ਸਿੰਘ, ਡਾ. ਰਮੇਸ਼ ਕੁਮਾਰੀ ਬੰਗਾ, ਡਾ. ਸਾਰਿਕਾ ਦੁੱਗਲ, ਡਾ. ਆਸ਼ਾ ਮਾਂਗਟ, ਡਾ. ਰਾਜਕਰਨੀ ਅਤੇ ਹੋਰ ਹਾਜ਼ਰ ਸਨ।  

ਕੈਪਸ਼ਨ :-ਰਾਸ਼ਟਰੀ ਗਰਲਜ਼ ਚਾਈਲਡ ਡੇਅ ਸਬੰਧੀ ਸਮਾਗਮ ਦੌਰਾਨ ਮੰਚ ’ਤੇ ਬਿਰਾਜਮਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਸਿਵਲ ਸਰਜਨ ਡਾ. ਜਸਮੀਤ ਬਾਵਾ, ਡਾ. ਸੁਸ਼ਮਾ ਚਾਵਲਾ, ਡਾ. ਸੁਰਜੀਤ ਕੌਰ ਤੇ ਹੋਰ।