You are here

12 ਫ਼ਰਵਰੀ ਨੂੰ ਜਨਮ-ਦਿਨ ’ਤੇ ਵਿਸ਼ੇਸ਼ " ਮਹੰਤ ਤੀਰਥ ਸਿੰਘ ‘ਸੇਵਾਪੰਥੀ"

ਪਰਉਪਕਾਰੀ ਤੇ ਵਿੱਦਿਆਦਾਨੀ- ਮਹੰਤ ਤੀਰਥ ਸਿੰਘ ‘ਸੇਵਾਪੰਥੀ’
ਭਾਈ ਕਨੱਈਆ ਰਾਮ ਜੀ ਤੋਂ ਚੱਲੀ ਸੰਪਰਦਾਇ ਵਿੱਚ ਅਨੇਕਾਂ ਸੰਤ-ਮਹਾਤਮਾਂ ਪੈਦਾ ਹੋਏ ਹਨ। ਇਸ ਸੰਪਰਦਾਇ ਵਿੱਚ ਇੱਕ ਨਾਮਵਰ ਮਹਾਂਪੁਰਸ਼ ਹੋਏ ਸਨ ਜਿਨ੍ਹਾਂ ਦਾ ਆਪਾ ਪ੍ਰਭੂ ਭਗਤੀ, ਸੇਵਾ, ਸਿਮਰਨ ਅਤੇ ਦੂਸਰਿਆਂ ਨੂੰ ਪਰਮਾਤਮਾ ਨਾਲ ਜੋੜਨ ਲਈ ਚਾਨਣ-ਮੁਨਾਰਾ ਹੁੰਦਾ ਸੀ। ਇਹੋ ਜਿਹੇ ਹੀ ਮਹਾਨ ਤਿਆਗੀ, ਪਰ-ਉਪਕਾਰੀ, ਵਿੱਦਿਆਦਾਨੀ, ਪ੍ਰਭੂ ਭਗਤੀ ਵਿੱਚ ਲੀਨ ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਗੋਨਿਆਣਾ ਭਾਈ ਜਗਤਾ (ਬਠਿੰਡਾ) ਵਾਲੇ ਸਨ।
ਮਹੰਤ ਤੀਰਥ ਸਿੰਘ ਜੀ ਦਾ ਜਨਮ 12 ਫ਼ਰਵਰੀ 1925 ਈ: ਨੂੰ ਪਿੰਡ ਜੰਡਾਂਵਾਲਾ ਜ਼ਿਲ੍ਹਾ ਮੀਆਂਵਾਲੀ (ਪਾਕਿਸਤਾਨ) ਵਿੱਚ ਪਿਤਾ ਸ੍ਰ: ਤਾਰਾ ਸਿੰਘ ਦੇ ਘਰ ਮਾਤਾ ਸੇਵਾ ਬਾਈ (ਅੰਮ੍ਰਿਤ ਛਕਣ ਉਪਰੰਤ ਨਾਂ ਸਤਵੰਤ ਕੌਰ) ਦੀ ਕੁੱਖ ਤੋਂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਏ ਮੁਖਵਾਕ ‘ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥’ ਅਨੁਸਾਰ ਪਿਤਾ ਜੀ ਨੇ ਉਹਨਾਂ ਦਾ ਨਾਂ ‘ਤੀਰਥ ਸਿੰਘ’ ਰੱਖਿਆ। ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਵਿੱਚ ਮੌਲਵੀ ਗੁਲ ਇਮਾਮ, ਗੁਲਾਮ ਮੁਹੰਮਦ ਤੇ ਮੁਹੰਮਦ ਹੁਸੈਨ ਪਾਸੋਂ ਪ੍ਰਾਪਤ ਕੀਤੀ। ਉਹ ਪੰਜਵੀਂ ਸ਼ੇ੍ਰਣੀ ਤੱਕ ਉਰਦੂ, ਫ਼ਾਰਸੀ ਚੰਗੇ ਨੰਬਰ ਲੈ ਕੇ ਪਾਸ ਹੋਏ। ਆਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ। ਉਹਨਾਂ ਮੈਟਿ੍ਰਕ ਤੇ ਗਿਆਨੀ ਵੀ ਚੰਗੇ ਨੰਬਰ ਲੈ ਕੇ ਪਾਸ ਕੀਤੀ। ਉਹ ਸਿਰਫ਼ 12 ਸਾਲ ਹੀ ਘਰ ਰਹੇ। ਉਹਨਾਂ ਦਾ ਬਚਪਨ ਤੋਂ ਹੀ ਝੁਕਾਅ ਸੇਵਾ ਵੱਲ ਸੀ।
ਸੰਨ 1938 ਈ: ਵਿੱਚ ਮਾਤਾ-ਪਿਤਾ ਦੀ ਆਗਿਆ ਅਨੁਸਾਰ ਮਹੰਤ ਆਸਾ ਸਿੰਘ ਉਹਨਾਂ ਨੂੰ ਨੂਰਪੁਰ ਟਿਕਾਣੇ ਲੈ ਆਏ ਤੇ ਮਹੰਤ ਭਾਈ ਗੁਲਾਬ ਸਿੰਘ ਜੀ ਦੇ ਅਰਪਣ ਕਰ ਦਿੱਤਾ। ਟਿਕਾਣੇ ਵਿੱਚ ਸੇਵਾ, ਸਿਮਰਨ, ਵਿੱਦਿਆ, ਨਾਮ ਅਭਿਆਸ ਕਮਾਈ, ਗੁਰਬਾਣੀ ਦਾ ਅਰਥ-ਬੋਧ ਸਭ ਪ੍ਰਾਪਤ ਹੋ ਗਿਆ। 1964 (39 ਸਾਲ ਦੀ ਉਮਰ) ਵਿੱਚ ਮਹੰਤ ਆਸਾ ਸਿੰਘ ਨੇ ਸਿਰ ਤੇ ਦਸਤਾਰ ਸਜਾ ਕੇ ਸਾਧੂ ਭੇਖ ਦਿੱਤਾ। ਮਹੰਤ ਆਸਾ ਸਿੰਘ ਦੇ 1 ਜਨਵਰੀ 1974 ਈ: ਨੂੰ ਸੱਚ-ਖੰਡ ਪਿਆਨਾ ਕਰਨ ਉਪਰੰਤ 14 ਜਨਵਰੀ 1974 ਈ: ਨੂੰ ਟਿਕਾਣੇ ਦੀ ਸੇਵਾ-ਸੰਭਾਲ ਸੇਵਾਪੰਥੀ ਭੇਖ ਵੱਲੋਂ ਮਹੰਤ ਤੀਰਥ ਸਿੰਘ ਜੀ ਨੂੰ ਝਾੜੂ ਤੇ ਬਾਟਾ ਦੇ ਕੇ ਸੌਂਪੀ ਗਈ। ਉਸ ਸਮੇਂ ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਦੀ ਉਮਰ 49 ਸਾਲ ਸੀ।
ਮਹੰਤ ਤੀਰਥ ਸਿੰਘ ਜੀ ਨੂੰ 1980 ਈ: ਵਿੱਚ ਸੇਵਾਪੰਥੀ ਅੱਡਣਸ਼ਾਹੀ ਸਭਾ (ਰਜਿ:) ਅੰਮ੍ਰਿਤਸਰ ਦਾ ਪ੍ਰਧਾਨ ਥਾਪਿਆ ਗਿਆ। ਮਹੰਤ ਤੀਰਥ ਸਿੰਘ ਜੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਦੀ ਬੰਸਾਵਲੀ ਦੇ 12ਵੇਂ ਮੁੱਖ ਪਥ-ਪ੍ਰਦਰਸ਼ਕ ਅਤੇ ਸੇਵਾਪੰਥੀ ਅੱਡਣ ਸ਼ਾਹੀ ਸਭਾ (ਰਜਿ:) ਅੰਮ੍ਰਿਤਸਰ ਦੇ ਪ੍ਰਧਾਨ ਸਨ। ਉਹਨਾਂ 1980 ਤੋਂ 2008 ਈ: ਤੱਕ ਲਗਾਤਾਰ 28 ਸਾਲ ਇਸ ਸੇਵਾ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਉਹਨਾਂ 34 ਸਾਲ ਟਿਕਾਣੇ ਦੀ ਸੇਵਾ-ਸੰਭਾਲ ਕੀਤੀ। ਉਹਨਾਂ ਦੀ ਸਰਪ੍ਰਸਤੀ ਵਿੱਚ 4 ਕਾਲਜ, 27 ਸਕੂਲ, 11 ਗੁਰਦੁਆਰੇ ਚੱਲ ਰਹੇ ਸਨ। ਮਹੰਤ ਜੀ ਨੇ ਟਿਕਾਣੇ ਦੀ ਸੇਵਾ ਸੰਭਾਲਣ ਉਪਰੰਤ ਕਥਾ, ਕੀਰਤਨ, ਗੁਰਬਾਣੀ ਦਾ ਅਥਾਹ ਪ੍ਰਵਾਹ, ਗੁਰੂ ਕਾ ਲੰਗਰ ਦਾ ਅਤੁੱਟ ਪ੍ਰਵਾਹ, ਆਏ-ਗਏ ਰਾਹਗੀਰ ਮੁਸਾਫ਼ਰਾਂ ਦੇ ਸੁੱਖ ਆਰਾਮ ਦਾ ਜੋ ਪ੍ਰਵਾਹ ਚਲਾਇਆ, ਉਹ ਆਪਣੀ ਮਿਸਾਲ ਆਪ ਹੈ। ਉਹਨਾਂ ਆਪਣੇ ਸੇਵਾ ਕਾਲ ਦੌਰਾਨ ਗੁਰਦੁਆਰਾ/ਟਿਕਾਣੇ ਦਾ ਬਹੁਤ ਵਿਸਥਾਰ ਕੀਤਾ।
ਮਹੰਤ ਤੀਰਥ ਸਿੰਘ ਜੀ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਤੇ ਚੈਰੀਟੇਬਲ ਟ੍ਰਸਟਾਂ ਦੇ ਚੇਅਰਮੈਨ/ਪ੍ਰਧਾਨ/ਸਰਪ੍ਰਸਤ ਸਨ। ਉਹਨਾਂ ਭਾਈ ਕਨੱਈਆ ਸੇਵਾ ਜੋਤੀ (ਪੰਜਾਬੀ ਮਾਸਿਕ), ਭਾਈ ਕਨੱਈਆ ਸੇਵਾ ਸੁਸਾਇਟੀ (ਰਜਿ:), ਸਰਬ-ਹਿੰਦ ਸਿੱਖ ਵਿੱਦਿਅਕ ਕਾਨਫਰੰਸਾਂ, ਭਾਈ ਕਨੱਈਆ ਚੈਰੀਟੇਬਲ ਟ੍ਰਸਟ (ਰਜਿ:), ਮਾਤਾ ਤਿ੍ਰਪਤਾ ਚੈਰੀਟੇਬਲ ਟ੍ਰਸਟ (ਰਜਿ:), ਭਾਈ ਕਨੱਈਆ ਐਵਾਰਡ, ਭਾਈ ਕਨੱਈਆ ਡਾਕ-ਟਿਕਟ, 300 ਸਾਲਾ ਖ਼ਾਲਸਾ ਸਾਜਣਾ ਦਿਵਸ, ਭਾਈ ਕਨੱਈਆ ਚੌਂਕ, ਚੌਂਕ ਸੰਤ ਭੁਪਿੰਦਰ ਸਿੰਘ ‘ਸੇਵਾਪੰਥੀ’, ਭਾਈ ਕਨੱਈਆ ਜੀ ਦਾ 300 ਸਾਲਾ ਮਲ੍ਹਮ ਦੀ ਡੱਬੀ ਦੀ ਬਖ਼ਸ਼ਿਸ਼ ਦਿਵਸ ਸਮਾਗਮਾਂ, ਅਦਾਰਿਆਂ, ਚੌਂਕਾਂ ਦਾ ਨਿਰਮਾਣ ਕਰਵਾਇਆ। ਮਹੰਤ ਤੀਰਥ ਸਿੰਘ ਜੀ, ਸੇਵਾਪੰਥੀ ਸੰਪਰਦਾਇ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਗਏ ਅਤੇ ਨਿਸ਼ਕਾਮ ਰੂਪ ਵਿੱਚ ਆਪਣਾ ਜੀਵਨ ਬਿਤਾਇਆ।  ਉਹਨਾਂ ਆਪਣੇ ਜੀਵਨ ਵਿੱਚ ਸੇਵਾਪੰਥੀ ਸੰਪਰਦਾਇ ਨਾਲ ਜੁੜੀਆਂ ਸੰਸਥਾਵਾਂ ਦਾ ਕਈ ਪੱਖਾਂ ਤੋਂ ਵਿਸਥਾਰ ਕੀਤਾ। ਉਹਨਾਂ ਕੁਦਰਤੀ ਆਫ਼ਤਾਂ, ਹੜ੍ਹ ਪੀੜ੍ਹਤਾਂ, ਗ਼ਰੀਬ ਲੋਕਾਂ ਤੇ ਲੋੜਵੰਦਾਂ ਲਈ ਮੁਫ਼ਤ ਮੈਡੀਕਲ ਕੈਂਪ, ਲੁੂਲ੍ਹੇ, ਲੰਗੜੇ, ਪਿੰਗਲੇ, ਮੁਥਾਜਾਂ ਦੀ ਅਨੇਕਾਂ ਵਾਰ ਵਿੱਤੀ ਸਹਾਇਤਾ ਕੀਤੀ।  
 ਮਹੰਤ ਜੀ ਨੇ ਗੁਰਬਾਣੀ ਦੇ ਗੁਟਕੇ, ਸਟੀਕ, ਸੇਵਾਪੰਥੀ ਸਾਹਿਤ ਤੇ ਹੋਰ ਅਨੇਕਾਂ ਵਿਦਵਾਨਾਂ ਦੀਆਂ ਪੁਸਤਕਾਂ ਲੱਖਾਂ ਦੀ ਗਿਣਤੀ ਵਿੱਚ ਛਪਵਾ ਕੇ ਮੁਫ਼ਤ ਵੰਡੀਆਂ। ਉਹਨਾਂ ਦੇ ਤਿੰਨ ਗੁਰਬਾਣੀ ਦੇ ਸਟੀਕ ਜਪੁ-ਬੋਧ, ਸਿਧ ਗੋਸਟਿ, ਆਸਾ ਕੀ ਵਾਰ ਛਪੇ ਹਨ। ਮਹੰਤ ਤੀਰਥ ਸਿੰਘ ਜੀ ਦਾ ਸੁਖਮਨੀ ਸਾਹਿਬ ਸਟੀਕ ਛਪਾਈ ਅਧੀਨ ਹੈ। ਉਹਨਾਂ ਦਾ ਮਿਸ਼ਨ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਕਨੱਈਆ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਇਆ ਜਾਵੇ। ਉਹਨਾਂ ਆਪਣੇ ਜੀਵਨ ਕਾਲ ਵਿੱਚ 1969 ਈ: ਤੋਂ 2006 ਈ: ਤੱਕ ਨੌਂ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਇਲਾਕੇ ਭਰ ਵਿੱਚ ਬੜੇ ਉੱਚ ਪੱਧਰ ਤੇ ਮਨਾਈਆਂ। ਉਹਨਾਂ ਦੇਸ਼ਾਂ-ਵਿਦੇਸ਼ਾਂ ਵਿੱਚ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਉਹਨਾਂ ਨੇ ਬੇਅੰਤ ਸਹਿਜਧਾਰੀ ਪਰਿਵਾਰਾਂ ਨੂੰ ਤੇ ਭੁੱਲੀ-ਭਟਕੀ ਨੌਜਵਾਨ ਪੀੜ੍ਹੀ ਨੂੰ ਸਿੱਖ ਬਣਾਇਆ। ਉਹ ਹਰ ਪਲ, ਹਰ ਘੜੀ ਜਨ ਪਰ-ਉਪਕਾਰ ਦੇ ਕਾਰਜਾਂ ਵਿੱਚ ਲਿਵਲੀਨ ਰਹਿੰਦੇ ਸਨ। ਮਹੰਤ ਜੀ ਕਥਾ ਬਹੁਤ ਸੁੰਦਰ ਕਰਦੇ ਸਨ ਜੋ ਵੀ ਸੁਣਦਾ ਉਹ ਹੀ ਮੋਹਿਤ ਹੋ ਜਾਂਦਾ ਤੇ ਅੱਗੋਂ ਲਈ ਆਪ ਹੀ ਰੋਜ਼ਾਨਾ ਕਥਾ ਸੁਣਨ ਦਾ ਨੇਮੀ ਬਣ ਜਾਂਦਾ ਸੀ।
ਮਹੰਤ ਤੀਰਥ ਸਿੰਘ ਜੀ ਨੇ ਚਾਰ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ) ਦੀ ਚਰਨ-ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਗੁਰਦੁਆਰਾ ਲੱਖੀ-ਜੰਗਲ ਵਿਖੇ 125 ਫੁੱਟ ਉੱਚੇ ਸੋਨੇ ਦੇ ਖੰਡੇ ਜੜਤ ਨਿਸ਼ਾਨ ਸਾਹਿਬ, ਦਰਬਾਰ ਹਾਲ ਦੇ ਗੁੰਬਦਾਂ ਤੇ ਸੋਨਾ ਚੜ੍ਹਾਉਣ ਅਤੇ ਚੀਨੀ ਦੀਆਂ ਟੁਕੜੀਆਂ ਲਾਉਣ ਤੇ ਇਮਾਰਤ ਦੀ ਸੇਵਾ ਅਤੇ ਸਰੋਵਰ ਦੀ ਸੇਵਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਕੀਤੀ। ਗੁਰਦੁਆਰਾ ਬਨੋਟਾ ਸਾਹਿਬ ਦੀ ਸੇਵਾ ਤੇ ਗੋਨਿਆਣਾ ਭਾਈ ਜਗਤਾ ਦੇ ਆਲੇ-ਦੁਆਲੇ ਦੇ ਨਗਰਾਂ ਵਿੱਚ ਅਣਗਿਣਤ ਗੁਰਦੁਆਰਿਆਂ ਦੀ ਸਥਾਪਨਾ ਕਰਵਾਈ ਅਤੇ ਖੁੱਲ੍ਹੇ ਦਿਲ ਨਾਲ ਸਹਾਇਤਾ ਕੀਤੀ ਤੇ ਸਹਿਯੋਗ ਦਿੱਤਾ।
ਮਹੰਤ ਤੀਰਥ ਸਿੰਘ ਜੀ ਦਾ ਦਿਲ ਬੜਾ ਦਰਿਆ ਸੀ। ਉਹਨਾਂ ਦਿਲ ਖੋਲ੍ਹ ਕੇ , ਮਾਇਆ ਦੇ ਖੁੱਲ੍ਹੇ ਭੰਡਾਰੇ ਵਰਤਾ ਕੇ ਸਮੁੱਚੇ ਸੰਸਾਰ ਵਿੱਚ ਪਰ-ਉਪਕਾਰ ਦੇ ਕੰਮ ਕੀਤੇ। ਮਹਾਂਪੁਰਸ਼ ਸੰਸਾਰ ਵਿੱਚ ਨੇਕ ਕੰਮ ਕਰਨ ਲਈ ਹੀ ਆਉਂਦੇ ਹਨ। ਮਾਲਵੇ ਦੀ ਧਰਤੀ ਤੇ ਮਹੰਤ ਤੀਰਥ ਸਿੰਘ ਜੀ ਨੇ ਵਿੱਦਿਆ, ਗੁਰਮਤਿ ਦਾ ਪ੍ਰਚਾਰ ਬਹੁਤ ਕੀਤਾ। ਮਹੰਤ ਤੀਰਥ ਸਿੰਘ ਜੀ ਦਾ ਨਾਂ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਜੋ ਜੁਗਾਂ-ਜੁਗਾਂਤਰਾਂ ਤੇ ਜਨਮਾਂ-ਜਨਮਾਂਤਰਾਂ ਤੱਕ ਯਾਦ ਰਹੇਗਾ।
ਮਹੰਤ ਤੀਰਥ ਸਿੰਘ ਜੀ ਨੇ ਲੰਡਨ, ਅਮਰੀਕਾ ਤੇ ਕਨੇਡਾ ਵਿੱਚ ‘ਭਾਈ ਕਨੱਈਆ ਸੇਵਾ ਮਿਸ਼ਨ’ ਟ੍ਰਸਟ ਸਥਾਪਿਤ ਕੀਤੇ ਜੋ ਅੱਜ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਸਫਲਤਾਪੂਰਵਕ ਚੱਲ ਰਹੇ ਹਨ। ਉਹਨਾਂ ਦੇ ਉੱਦਮ ਨਾਲ ਹੀ 18 ਸਤੰਬਰ 1998 ਈ: ਨੂੰ ਭਾਈ ਕਨੱਈਆ ਜੀ ਦੀ ਸਾਲਾਨਾ ਬਰਸੀ ਦੇ ਸ਼ੁੱਭ ਅਵਸਰ ਤੇ ਭਾਰਤ ਦੇ ਉਪਰਾਸ਼ਟਰਪਤੀ ਸ਼੍ਰੀ ਕਿ੍ਰਸ਼ਨ ਕਾਂਤ, ਕੇਂਦਰੀ ਡਾਕ ਤੇ ਸੰਚਾਰ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਦੋ ਰੁਪਏ ਵਾਲੀ ਡਾਕ-ਟਿਕਟ ਰਿਲੀਜ਼ ਕੀਤੀ। ਮਹੰਤ ਤੀਰਥ ਸਿੰਘ ਜੀ ਨੇ ਭਾਈ ਕਨੱਈਆ ਡਾਕ-ਟਿਕਟ ਜਾਰੀ ਕਰਨ ਦੇ ਕਾਰਜ ਨੂੰ 300 ਸਾਲਾ ਖ਼ਾਲਸਾ ਸਾਜਣਾ ਦਿਵਸ ਦੇ ਅਵਸਰ ’ਤੇ ਭਾਰਤ ਸਰਕਾਰ ਵੱਲੋਂ ਦਿੱਤਾ  ‘ਤੋਹਫਾ’ ਕਰਾਰ ਦਿੱਤਾ ਸੀ।
ਮਹੰਤ ਤੀਰਥ ਸਿੰਘ ਵਿਦਵਾਨਾਂ ਦੇ ਬੜੇ ਕਦਰਦਾਨ ਸਨ। ਉਹਨਾਂ ਵਿਦਵਾਨਾਂ, ਲੇਖਕਾਂ ਤੇ ਸੇਵਾ-ਭਾਵੀ ਵਿਅਕਤੀਆਂ ਦਾ ਸਮੇਂ-ਸਮੇਂ ਤੇ ਸਨਮਾਨ ਕੀਤਾ। ਜਿੱਥੇ ਉਹ ਵਿਦਵਾਨਾਂ, ਲੇਖਕਾਂ ਦਾ ਸਨਮਾਨ ਕਰਦੇ ਸਨ। ਉੱਥੇ ਉਹ ਆਪ ਵੀ ਉੱਚ ਕੋਟੀ ਦੇ ਲੇਖਕ ਸਨ। ਮਹੰਤ ਤੀਰਥ ਸਿੰਘ ਜੀ ਦੇ ਅਨੇਕਾਂ ਲੇਖ ਭਾਈ ਕਨੱਈਆ ਸੇਵਾ ਜੋਤੀ, ਰੂਹਾਨੀ ਸੱਚ, ਗੁਰ ਸੰਦੇਸ਼, ਗੁਰਬਾਣੀ ਇਸ ਜਗੁ ਮਹਿ ਚਾਨਣੁ, ਮਿਸ਼ਨਰੀ ਸੇਧਾਂ ਮੈਗਜ਼ੀਨਾਂ ਵਿੱਚ ਅਤੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਛਪ ਚੁੱਕੇ ਸਨ। ‘ਭਾਈ ਕਨੱਈਆ ਸੇਵਾ ਜੋਤੀ’ ਮੈਗਜ਼ੀਨ ਵਿੱਚ ਛਪੇ ਲੇਖਾਂ ਨੂੰ ਇਹਨਾਂ ਸਤਰਾਂ ਦੇ ਲੇਖਕ ਕਰਨੈਲ ਸਿੰਘ ਐੱਮ.ਏ. ਨੇ ‘ਅਨਮੋਲ ਬਚਨ ਮਹੰਤ ਤੀਰਥ ਸਿੰਘ ਸੇਵਾਪੰਥੀ’ ਪੁਸਤਕ ਤਿਆਰ ਕੀਤੀ ਹੈ।  
ਸੇਵਾ, ਸਿਮਰਨ ਦੇ ਪੁੰਜ, ਪਰ-ਉਪਕਾਰੀ, ਵਿੱਦਿਆਦਾਨੀ, ਮਨੋਹਰ ਸ਼ਖ਼ਸੀਅਤ ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ 15 ਜਨਵਰੀ 2008 ਈ: ਦਿਨ ਮੰਗਲਵਾਰ ਨੂੰ ਰਾਤ ਪੌਣੇ ਗਿਆਰਾਂ ਵਜੇ 83 ਸਾਲ ਦੀ ਉਮਰ ਬਤੀਤ ਕਰਕੇ ਸੱਚ-ਖੰਡ ਜਾ ਬਿਰਾਜੇ। ਮਹੰਤ ਤੀਰਥ ਸਿੰਘ ਜੀ ਦੀ ਖੂਬਸੂਰਤ ਵੱਡ ਅਕਾਰੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸਸ਼ੋਭਿਤ ਹੈ। ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਦੀਆਂ ਪਵਿੱਤਰ ਯਾਦਗਾਰਾਂ ਬੈੱਡ (ਪਲੰਘ), ਬਸਤਰ, ਕੰਬਲ, ਚਾਦਰ, ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ‘ਭਾਈ ਸੇਵਾ ਰਾਮ ਵਚਿੱਤਰਸ਼ਾਲਾ’ ਵਿੱਚ ਸੁਭਾਇਮਾਨ ਹਨ।
ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਦਾ 98ਵਾਂ ਜਨਮ-ਦਿਨ 12 ਫ਼ਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ  (ਬਠਿੰਡਾ) ਵਿਖੇ ਬੜੀ ਸ਼ਰਧਾ ਤੇ ਪ੍ਰੇਮ ਸਹਿਤ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਖੰਡ-ਪਾਠਾਂ ਦੇ ਭੋਗ ਪਾਏ ਜਾਣਗੇ, ਉਪਰੰਤ ਭਾਈ ਕਨੱਈਆ ਸੇਵਾ ਮਿਸ਼ਨ ਲੰਡਨ (ਯੂ.ਕੇ) ਦੇ ਸਹਿਯੋਗ ਨਾਲ ਭਾਈ ਕਨੱਈਆ ਸੇਵਾ ਸੁਸਾਇਟੀ (ਰਜਿ:) ਗੋਨਿਆਣਾ ਭਾਈ ਜਗਤਾ ਵੱਲੋਂ ਅੱਖਾਂ ਦਾ ਮੁਫ਼ਤ ਫੋਕੋ ਲੈਨਜ਼ ਉਪਰੇਸ਼ਨ ਕੈਂਪ ਲਗਾਇਆ ਜਾਵੇਗਾ । ਕੈਂਪ ਦਾ ਉਦਘਾਟਨ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਕਰਨਗੇ।
 ਇਸੇ ਦਿਹਾੜੇ ਰਾਤ ਨੂੰ 7 ਵਜੇ ਤੋਂ 12 ਵਜੇ ਤੱਕ ਮਹੰਤ ਭਾਈ ਗੁਲਾਬ ਸਿੰਘ ਦੀਵਾਨ ਹਾਲ ਵਿਖੇ ਮਹਾਨ ਕੀਰਤਨ-ਦਰਬਾਰ ਹੋਵੇਗਾ। ਜਿਸ ਵਿੱਚ ਗਿਆਨੀ ਜਗਤਾਰ ਸਿੰਘ ਜੀ ਹੈੱਡਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਬਕਾ ਪ੍ਰਧਾਨ ਐਚ.ਐਸ. ਜੀ.ਪੀ.ਸੀ. ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਜਸਪ੍ਰੀਤ ਸਿੰਘ ਜੀ, ਭਾਈ ਮਨਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਫ਼ਤਿਹਗੜ੍ਹ ਸਾਹਿਬ, ਢਾਡੀ ਜਸਵੀਰ ਸਿੰਘ ਮਾਨ, ਭਾਈ ਗੁਰਸੇਵਕ ਸਿੰਘ ਰੰਗੀਲਾ ਦਾਦੂ ਸਾਹਿਬ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਕੀਰਤਨ-ਦਰਬਾਰ ਦਾ ਸਿੱਧਾ ਪ੍ਰਸਾਰਣ ਆਵਾਜ਼ਿ ਕੌਮ, ਮਿਸਟਰ ਸਿੰਘ ਪੋ੍ਰਡਕਸ਼ਨ, ਗੁਰਬਾਣੀ ਡੋਟ ਨੈੱਟ, ਸਿੱਖਇਜ਼ਮ ਟੀ.ਵੀ, ਸੇਵਾਪੰਥੀ ਗੋਨਿਆਣਾ ਯੂ.ਟਿਉੂਬ ਤੇ ਹੋਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਮਹੰਤ ਕਾਹਨ ਸਿੰਘ ਤੇ ਸੰਤ ਰਣਜੀਤ ਸਿੰਘ ‘ਸੇਵਾਪੰਥੀ’ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਮਾਗਮ ਵਿੱਚ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ।