You are here

ਲੁਧਿਆਣਾ

ਸੀਵਰੇਜ਼ ਦੀ ਸਫਾਈ ਲਈ ਨਗਰ ਨਿਗਮ ਨੂੰ ਮਿਲੀਆਂ ਨਵੀਆਂ ਮਸ਼ੀਨਾਂ

ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਸਾਰੇ ਸ਼ਹਿਰ ਦੇ ਸੀਵਰੇਜ ਦੀ ਸਫਾਈ ਕਰਾਉਣ ਦੀ ਹਦਾਇਤ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਹਿਰ ਵਿੱਚੋਂ ਹੱਥੀਂ ਮੈਲਾ ਢੋਹਣ ਨੂੰ ਪੂਰੀ ਤਰਾਂ ਖ਼ਤਮ ਕਰਨ ਅਤੇ ਸੀਵਰੇਜ ਵਿਵਸਥਾ ਨੂੰ ਦਰੁਸਤ ਕਰਨ ਲਈ ਨਵੀਂਆਂ ਜੈਟਿੰਗ ਅਤੇ ਮਸ਼ੀਨਾਂ ਖਰੀਦੀਆਂ ਗਈਆਂ ਹਨ। ਜਿਨਾਂ ਨੂੰ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਥਾਨਕ ਜ਼ੋਨ-ਡੀ ਦਫ਼ਤਰ ਤੋਂ ਹਰੀ ਝੰਡੀ ਦਿਖਾ ਕੇ ਅਲੱਗ-ਅਲੱਗ ਜ਼ੋਨਾਂ ਲਈ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਸੰਜੇ ਤਲਵਾੜ, ਮੇਅਰ ਬਲਕਾਰ ਸਿੰਘ ਸੰਧੂ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਸੰਯਮ ਅਗਰਵਾਲ ਤੇ ਰਿਸ਼ੀਪਾਲ ਸਿੰਘ (ਦੋਵੇਂ ਵਧੀਕ ਕਮਿਸ਼ਨਰ), ਨਵਰਾਜ ਸਿੰਘ ਬਰਾੜ, ਕੁਲਪ੍ਰੀਤ ਸਿੰਘ, ਸ੍ਰੀਮਤੀ ਸਵਾਤੀ ਟਿਵਾਣਾ ਅਤੇ ਨੀਰਜ ਜੈਨ (ਚਾਰੇ ਜ਼ੋਨਲ ਕਮਿਸ਼ਨਰ) ਅਤੇ ਹੋਰ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਹਦਾਇਤ 'ਤੇ ਨਗਰ ਨਿਗਮ ਲੁਧਿਆਣਾ ਵਿੱਚ ਸੀਵਰੇਜ ਦੀ ਸਫਾਈ ਲਈ ਮੈਨੂਅਲ ਸਕਵੇਂਜਰਜ਼ ਐਕਟ-2013 ਦੀ ਪੂਰਨ ਤੌਰ 'ਤੇ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਸੂਬੇ ਦੇ ਸਭ ਤੋਂ ਵੱਡੇ ਨਗਰ ਨਿਗਮ ਵਿੱਚ ਸੀਵਰੇਜ ਦੀ ਸਫਾਈ ਲਈ ਸਮਾਰਟ ਸਿਟੀ ਪ੍ਰੋਜੈਕਟ ਅਧੀਨ 8 ਵੱਡੀਆਂ ਜੈਟਿੰਗ ਮਸ਼ੀਨਾਂ ਅਤੇ 24 ਛੋਟੀਆਂ ਮਸ਼ੀਨਾਂ ਦੀ ਖਰੀਦ ਕੀਤੀ ਗਈ ਹੈ। ਇਸ ਤਰਾਂ ਨਗਰ ਨਿਗਮ ਕੋਲ ਹੁਣ 16 ਵੱਡੀਆਂ ਜੈਟਿੰਗ ਮਸ਼ੀਨਾਂ ਅਤੇ 32 ਛੋਟੀਆਂ ਮਸ਼ੀਨਾਂ ਹਨ। ਇਨਾਂ ਨਵੀਂਆਂ ਮਸ਼ੀਨਾਂ ਦੇ ਆਉਣ ਨਾਲ ਸ਼ਹਿਰ ਦੀ ਸੀਵਰੇਜ਼ ਦੀ ਸਫਾਈ ਵਿੱਚ ਵੱਡੇ ਪੱਧਰ 'ਤੇ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਇਹ ਮਸ਼ੀਨਾਂ ਚਾਰੇ ਜ਼ੋਨਾਂ ਵਿੱਚ ਲੋੜ ਅਨੁਸਾਰ ਲਗਾਈਆਂ ਜਾਣਗੀਆਂ ਤਾਂ ਜੋ ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਸੀਵਰੇਜ਼ ਬੰਦ ਹੋਣ ਦੀ ਸਮੱਸਿਆ ਪੇਸ਼ ਨਾ ਆਵੇ। ਨਗਰ ਨਿਗਮ ਅਧਿਕਾਰੀਆਂ ਨੂੰ ਆਗਾਮੀ ਮੌਨਸੂਨ ਨੂੰ ਧਿਆਨ ਵਿੱਚ ਰੱਖਦਿਆਂ ਅਗਾਂਊ ਤਿਆਰੀ ਕਰਨ ਬਾਰੇ ਉਨਾਂ ਕਿਹਾ ਕਿ ਬਰਸਾਤਾਂ ਵਿੱਚ ਸ਼ਹਿਰ ਵਾਸੀਆਂ ਨੂੰ ਗੰਦੇ ਪਾਣੀ ਦੇ ਨਿਕਾਸ ਅਤੇ ਸੀਵਰੇਜ਼ ਬੰਦ ਹੋਣ ਦੀ ਸਮੱਸਿਆ ਨਾਲ ਨਾ ਜੂਝਣਾ ਪਵੇ। ਇਸ ਲਈ ਨਗਰ ਨਿਗਮ ਨੂੰ ਹੁਣੇ ਤੋਂ ਹੀ ਅਗਾਂਊ ਕਾਰਜ ਸ਼ੁਰੂ ਕਰੇ। ਉਹ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਆਗਾਮੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਾਰੇ ਸ਼ਹਿਰ ਦੇ ਸੀਵਰੇਜ਼ ਦੀ ਸਫਾਈ ਯਕੀਨੀ ਬਣਾਈ ਜਾਵੇ। ਉਨਾਂ ਜ਼ੋਨਲ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਇਨਾਂ ਮਸ਼ੀਨਾਂ ਦੀ ਕਾਰਗੁਜ਼ਾਰੀ ਦੀ ਨਿੱਜੀ ਤੌਰ 'ਤੇ ਨਜ਼ਰਸਾਨੀ ਕਰਨ।

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ

ਰਿਕਵਰੀ ਤੇਜ਼ ਕਰਨ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਖੁੰਭਾਂ ਦੀ ਤਰਾਂ ਵਧ ਰਹੀਆਂ ਵਪਾਰਕ ਇਮਾਰਤਾਂ 'ਤੇ ਨਕੇਲ ਪਾਉਣ ਦੀ ਹਦਾਇਤ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਥਾਨਕ ਜ਼ੋਨ-ਡੀ ਦਫ਼ਤਰ ਵਿਖੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਲੋਕ ਹਿੱਤ ਕਾਰਜਾਂ ਵਿੱਚ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ, ਮੇਅਰ ਬਲਕਾਰ ਸਿੰਘ ਸੰਧੂ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਸੰਯਮ ਅਗਰਵਾਲ ਤੇ ਰਿਸ਼ੀਪਾਲ ਸਿੰਘ (ਦੋਵੇਂ ਵਧੀਕ ਕਮਿਸ਼ਨਰ), ਨਵਰਾਜ ਸਿੰਘ ਬਰਾੜ, ਕੁਲਪ੍ਰੀਤ ਸਿੰਘ, ਸ੍ਰੀਮਤੀ ਸਵਾਤੀ ਟਿਵਾਣਾ ਅਤੇ ਨੀਰਜ ਜੈਨ (ਚਾਰੇ ਜ਼ੋਨਲ ਕਮਿਸ਼ਨਰ) ਹਾਜ਼ਰ ਸਨ। ਮੀਟਿੰਗ ਦੌਰਾਨ ਸਿਟੀ ਬੱਸ ਸਰਵਿਸ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਬਾਰੇ ਸ੍ਰੀ ਆਸ਼ੂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਾਸੀਆਂ ਨੂੰ ਇਸ ਸਹੂਲਤ ਨਾਲ ਜਲਦ ਤੋਂ ਜਲਦ ਚੰਗੇ ਤਰੀਕੇ ਨਾਲ ਜੋੜਨ ਲਈ ਯੋਜਨਾ ਤਿਆਰ ਕਰਕੇ ਤਿੰਨ ਦਿਨ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ। ਉਨਾਂ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਵੱਡੇ ਪੱਧਰ 'ਤੇ ਵਿਕਾਸ ਕਾਰਜਾਂ ਦੇ ਚੱਲਦਿਆਂ ਸ਼ਹਿਰ ਵਾਸੀਆਂ ਨੂੰ ਸੜਕ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਟੀ ਬੱਸ ਦੇ ਚੰਗੀ ਤਰਾਂ ਸ਼ੁਰੂ ਹੋਣ ਨਾਲ ਇਹ ਸਮੱਸਿਆ ਕਾਫੀ ਘਟ ਜਾਵੇਗੀ ਅਤੇ ਸ਼ਹਿਰਵਾਸੀਆਂ ਨੂੰ ਇਸ ਸਹੂਲਤ ਦਾ ਬਹੁਤ ਲਾਭ ਮਿਲ ਸਕਦਾ ਹੈ। ਨਗਰ ਨਿਗਮ ਦੇ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ 'ਈ-ਗਵਰਨੈਂਸ' ਪ੍ਰਣਾਲੀ ਸ਼ੁਰੂ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨਾਂ ਇਸ ਦਿਸ਼ਾ ਵਿੱਚ ਹੁਣ ਤੱਕ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਲਈ। ਉਨਾਂ ਹਦਾਇਤ ਕੀਤੀ ਕਿ ਇਸ ਪ੍ਰਣਾਲੀ ਨੂੰ ਪੂਰਨ ਤੌਰ 'ਤੇ ਲਾਗੂ ਕਰਨ ਬਾਰੇ ਅਗਲੇ 3 ਮਹੀਨਿਆਂ ਵਿੱਚ ਹਾਊਸ ਸਾਹਮਣੇ ਪ੍ਰੈਜੈਂਟੇਸ਼ਨ ਦਿੱਤੀ ਜਾਵੇ। ਨਗਰ ਨਿਗਮ ਦੀ ਵਿੱਤੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਰਿਕਵਰੀ ਦੇ ਕੰਮ ਵਿੱਚ ਖੜੋਤ ਨਾ ਆਉਣ ਦੇਣ ਬਾਰੇ ਵੀ ਕਿਹਾ ਗਿਆ। ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿੱਚ ਦਿਨੋਂ ਦਿਨ ਖੁੰਬਾਂ ਦੀ ਤਰਾਂ ਸਾਹਮਣੇ ਆ ਰਹੀਆਂ ਵਪਾਰਕ ਇਮਾਰਤਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਬਾਰੇ ਵੀ ਹਦਾਇਤ ਕੀਤੀ ਗਈ। ਉਨਾਂ ਚਾਰੇ ਜ਼ੋਨਲ ਕਮਿਸ਼ਨਰਾਂ ਨੂੰ ਜ਼ਮੀਨੀ ਪੱਧਰ 'ਤੇ ਵਿਕਾਸ ਕਾਰਜਾਂ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਅਧਿਕਾਰੀ ਇਹ ਵੀ ਯਕੀਨੀ ਬਣਾਉਣ ਕਿ ਸਾਰੇ ਕੰਮਾਂ ਵਿੱਚ ਲੋਕ ਨੁਮਾਇੰਦਿਆਂ ਨੂੰ ਹਰ ਪੱਧਰ 'ਤੇ ਭਰੋਸੇ ਵਿੱਚ ਰੱਖਿਆ ਜਾਵੇ। ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਬਾਰੇ ਸ੍ਰੀ ਆਸ਼ੂ ਨੇ ਕਿਹਾ ਕਿ ਘਰਾਂ ਵਿੱਚੋਂ ਕੂੜਾ ਚੁੱਕਣ ਤੋਂ ਲੈ ਕੇ ਆਖ਼ਰੀ ਪੜਾਅ ਤੱਕ ਇਸੇ ਦੇ ਉੱਚਿਤ ਪ੍ਰਬੰਧਨ ਦੀ ਲੋੜ ਹੈ। ਉਨਾਂ ਹਦਾਇਤ ਕੀਤੀ ਕਿ ਕੂੜਾ ਚੁੱਕਣ ਵਾਲੀ ਕੰਪਨੀ ਏ ਟੂ ਜ਼ੈੱਡ ਨੂੰ ਇਸ ਸੰਬੰਧੀ ਸਖ਼ਤੀ ਨਾਲ ਹਦਾਇਤ ਜਾਰੀ ਕੀਤੀ ਜਾਵੇ। ਉਨਾਂ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਹਰ ਹੀਲੇ ਬਣਾਈ ਰੱਖਿਆ ਜਾਵੇ। ਜਿੱਥੇ ਵੀ ਜ਼ਰੂਰਤ ਹੈ ਸੜਕਾਂ ਦਾ ਪੈਚਵਰਕ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ। ਸੜਕਾਂ ਦੀ ਮਾੜੀ ਹਾਲਤ ਬਾਰੇ ਉਨਾਂ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਦੀ ਕਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਜੇਕਰ ਨਿਰਧਾਰਤ ਸਮਾਂ ਸੀਮਾ ਤੋਂ ਪਹਿਲਾਂ ਹੀ ਸੜਕਾਂ ਟੁੱਟ ਜਾਂਦੀਆਂ ਹਨ ਤਾਂ ਇਸ ਸਬੰਧੀ ਠੇਕੇਦਾਰ ਦੀ ਜਿੰਮੇਵਾਰੀ ਫਿਕਸ ਕੀਤੀ ਜਾਵੇ ਅਤੇ ਉਸ ਤੋਂ ਸੜਕ ਦੀ ਮੁਰੰਮਤ ਕਰਵਾਈ ਜਾਵੇ। ਵਿਕਾਸ ਅਤੇ ਹੋਰ ਲੋਕ ਹਿੱਤ ਕਾਰਜਾਂ ਵਿੱਚ ਸੰਬੰਧਤ ਅਧਿਕਾਰੀਆਂ ਦੀ ਵੀ ਜਿੰਮੇਵਾਰੀ ਫਿਕਸ ਕੀਤੀ ਜਾਵੇ। ਉਨਾਂ ਇਸ ਗੱਲ 'ਤੇ ਨਿਰਾਸ਼ਤਾ ਜ਼ਾਹਿਰ ਕੀਤੀ ਕਿ ਨਗਰ ਨਿਗਮ ਦੇ ਅਧਿਕਾਰੀਆਂ ਵਿੱਚ ਆਪਸੀ ਤਾਲਮੇਲ ਦੀ ਕਮੀ ਹੈ। ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਨੂੰ ਤੈਅ ਸਮਾਂ ਸੀਮਾ ਅਤੇ ਸੁਚੱਜੇ ਤਰੀਕੇ ਨਾਲ ਮੁਕੰਮਲ ਕਰਨ ਲਈ ਹੇਠਲੇ ਪੱਧਰ ਤੱਕ ਨਿੱਜੀ ਤਾਲਮੇਲ ਬਣਾਈ ਰੱਖਣ ਬਾਰੇ ਕਿਹਾ ਗਿਆ। ਉਨਾਂ ਸਪੱਸ਼ਟ ਕੀਤਾ ਕਿ ਉਹ ਇਨਾਂ ਸਾਰੇ ਕਾਰਜਾਂ ਦੀ ਪ੍ਰਗਤੀ ਬਾਰੇ ਇੱਕ ਮਹੀਨੇ ਬਾਅਦ ਮੁੜ ਰਿਵਿਊ ਕਰਨਗੇ।

ਪੰਜਾਬ ਸਰਕਾਰ ਵੱਲੋਂ ਸਤਵੀਰ ਸਿੰਘ ਦਾ 'ਸਟੇਟ ਯੂਥ ਅਚੀਵਰਜ਼ ਅਵਾਰਡ' ਨਾਲ ਸਨਮਾਨ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਲੁਧਿਆਣਾ ਦੇ ਪ੍ਰਸਿੱਧ ਅੰਤਰਰਾਸ਼ਟਰੀ ਲੋਕ ਨਾਚ ਕਲਾਕਾਰ ਸਤਵੀਰ ਸਿੰਘ ਦਾ ਪੰਜਾਬ ਸਰਕਾਰ ਵੱਲੋਂ 'ਸਟੇਟ ਯੂਥ ਅਚੀਵਰਜ਼ ਅਵਾਰਡ' ਨਾਲ ਸਨਮਾਨ ਕੀਤਾ ਗਿਆ ਹੈ। ਇਹ ਸਨਮਾਨ ਉਨਾਂ ਵੱਲੋਂ ਪੰਜਾਬ ਦੇ ਲੋਕ ਨਾਚਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਲਈ ਦਿੱਤੀਆਂ ਗਈਆਂ ਸੇਵਾਵਾਂ ਕਰਕੇ ਦਿੱਤਾ ਗਿਆ ਹੈ। ਇਹ ਸਨਮਾਨ ਸਤਵੀਰ ਸਿੰਘ ਨੂੰ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਚੰਡੀਗੜ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੇ ਗਏ ਦੋ ਰੋਜ਼ਾ ਯੁਵਕ ਮੇਲੇ ਦੌਰਾਨ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਭੇਟ ਕੀਤਾ ਗਿਆ। ਦੱਸਣਯੋਗ ਹੈ ਕਿ ਸਤਵੀਰ ਸਿੰਘ ਨੇ ਪੰਜਾਬ ਦੇ ਲੋਕ ਨਾਚਾਂ ਵਿੱਚ ਦੇਸ਼ ਦੀ ਅੰਤਰਰਾਸ਼ਟਰੀ ਪੱਧਰ 'ਤੇ ਨੁਮਾਇੰਦਗੀ ਕਰਦਿਆਂ ਕਈ ਤਮਗੇ ਹਾਸਿਲ ਕੀਤੇ ਹਨ। ਉਨਾਂ ਵੱਲੋਂ ਪਿਛਲੇ ਸਾਲ ਫਿਜੀ ਅਤੇ ਨਾਓੁਰੂ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਅਧੀਨ ਆਉਂਦੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ ਵੱਲੋਂ ਭਾਗ ਲਿਆ। ਇਸ ਤੋਂ ਇਲਾਵਾ ਸਤਵੀਰ ਨੇ ਇੰਗਲੈਂਡ ਵਿੱਚ ਸਾਲ 2017, 18 ਅਤੇ 19 ਵਿੱਚ ਕਈ ਵਾਰ ਪੰਜਾਬੀ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ। ਸਤਵੀਰ ਨੇ ਨਵੰਬਰ 2017 ਵਿੱਚ ਇਪੋਹ (ਮਲੇਸ਼ੀਆ) ਵਿੱਚ ਹੋਏ ਅੰਤਰਰਾਸ਼ਟਰੀ ਡਾਂਸ ਮੁਕਾਬਲੇ ਵਿੱਚ ਭੰਗੜੇ ਵਿੱਚ ਭਾਗ ਲਿਆ ਅਤੇ ਦੂਜਾ ਨੰਬਰ ਪ੍ਰਾਪਤ ਕੀਤਾ। ਪੰਜਾਬੀ ਭੰਗੜੇ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੇ ਚੱਲਦਿਆਂ ਉਨਾਂ ਨੂੰ ਕਈ ਸਰਕਾਰੀ ਅਤੇ ਗੈਰ ਸਰਕਾਰੀ ਯੂਨੀਵਰਸਿਟੀਆਂ ਵਿੱਚ ਭੰਗੜਾ ਜੱਜ ਵਜੋਂ ਸੇਵਾਵਾਂ ਦੇਣ ਦਾ ਸੁਭਾਗ ਦਿੱਤਾ ਜਾਂਦਾ ਹੈ। ਉਹ ਹੁਣ ਤੱਕ 50 ਤੋਂ ਵਧੇਰੇ ਮੁਕਾਬਲਿਆਂ ਵਿੱਚ ਜੱਜ ਦੀ ਡਿਊਟੀ ਨਿਭਾਅ ਚੁੱਕੇ ਹਨ। ਸਤਵੀਰ ਸਿੰਘ ਨੂੰ ਮਿਲੇ ਇਸ ਸਨਮਾਨ ਲਈ ਉਨਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਨਿਰਮਲ ਜੌੜਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਵਿੰਦਰ ਕੌਰ ਧਾਲੀਵਾਲ ਅਤੇ ਹੋਰਾਂ ਨੇ ਵਧਾਈ ਦਿੱਤੀ ਹੈ।

ਸਿੱਖਿਆ ਤੰਤਰ ਚ ਦੋਅਮਲੀ ਨੀਤੀ ਨੇ ਸਮਾਜਕ ਤਾਣਾ ਬਾਣਾ ਵਿਗਾੜਿਆ -ਪ੍ਰੋ: ਗੁਰਭਜਨ ਸਿੰਘ ਗਿੱਲ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਰਕਾਰੀ ਹਾਈ ਸਕੂਲ ਦਾਦ(ਲੁਧਿਆਣਾ) ਦੇ ਲਾਇਕ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਸਾਲਾਨਾ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਦੇਸ਼ ਵਿੱਚ ਸਿੱਖਿਆ ਤੰਤਰ ਦੀ ਦੋ ਅਮਲੀ ਨੀਤੀ ਨੇ ਸਮਾਜਿਕ ਤਾਣੇ ਬਾਣੇ ਦਾ ਵੀ ਘਾਣ ਕੀਤਾ ਹੈ। ਅਮੀਰ ਤੇ ਗਰੀਬ ਵਰਗ ਵਿੱਚ ਆਰਥਿਕ ਪਾੜੇ ਨੂੰ ਪੱਕਾ ਕਰਨ ਲਈ ਰੱਜਿਆਂ ਪੁੱਜਿਆਂ ਨੇ ਪ੍ਰਾਈਵੇਟ ਸਕੂਲ ਸਿੱਖਿਆ ਨੂੰ ਅਪਣਾ ਲਿਆ ਹੈ ਅਤੇ ਸਰਕਾਰੀ ਸਕੂਲ ਸਿਰਫ਼ ਕਮਜ਼ੋਰ ਵਰਗ ਲਈ ਰਹਿ ਗਏ ਹਨ। ਇਸ ਨਾਲ ਸਮਾਜਿਕ ਆਗੂਆਂ ਦੀ ਸਰਕਾਰੀ ਸਕੂਲ ਨਿਜ਼ਾਮ ਚ ਦਿਲਚਸਪੀ ਘਟੀ ਹੈ। ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਯੋਗ ਅਧਿਆਪਕਾਂ ਨੂੰ ਨਿਰਉਤਸ਼ਾਹਿਤ ਕਰਨ ਦੀ ਥਾਂ ਉਤਸ਼ਾਹ ਦੇ ਕੇ ਸਮਾਜ ਲਈ ਹੋਰ ਵੀ ਚੰਗੇ ਬਾਲ ਵਿਕਾਸ ਦਾ ਮਾਹੌਲ ਉਸਾਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਵਧੀਆ ਗੱਲ ਇਹ ਹੈ ਕਿ ਹੁਣ ਸਰਕਾਰੀ ਸਕੂਲ ਅਧਿਆਪਕਾਂ ਨੇ ਵੀ ਇਸ ਨਿਘਾਰ ਨੂੰ ਵੰਗਾਰ ਵਾਂਗ ਪ੍ਰਵਾਨ ਕੀਤਾ ਹੈ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਤਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਉਥੋਂ ਹਟ ਕੇ ਸਰਕਾਰੀ ਸਕੂਲਾਂ ਚ ਪੜ੍ਹਨ ਲੱਗ ਰਹੇ ਹਨ। ਇਹੋ ਜਹੇ ਸਕੂਲਾਂ ਨੂੰ ਸਰਕਾਰੀ ਸਰਪ੍ਰਸਤੀ ਦੀ ਲੋੜ ਹੈ। ਮੁੱਖ ਮਹਿਮਾਨ ਵਜੋਂ ਬੋਲਦਿਆਂ ਪਿੰਡ ਦਾਦ ਦੇ ਸਰਪੰਚ ਸ: ਜਗਦੀਸ਼ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਵੀ ਇਸੇ ਸਕੂਲ ਚ ਪੜ੍ਹਦੇ ਰਹੇ ਹਨ ਅਤੇ ਇਸ ਦੀ ਨਵੀੰ ਇਮਾਰਤ ਬਣਾਉਣ ਲਈ ਉਹ ਪਿੰਡ ਤੇ ਸਰਕਾਰ ਦੇ ਸਹਿਯੋਗ ਨਾਲ ਹੰਭਲਾ ਮਾਰਨਗੇ। ਉਨ੍ਹਾਂ ਸਕੂਲ ਦੀ ਨਵੀਂ ਹੈਡਮਿਸਟਰੈੱਸ ਬੀਬੀ ਰਾਜਿੰਦਰ ਕੌਰ ਦਾ ਵੀ ਜ਼ੁੰਮੇਵਾਰੀ ਸੰਭਾਲਣ ਤੇ ਗੁਲਦਸਤੇ ਨਾਲ ਸਵਾਗਤ ਕੀਤਾ। ਉਨ੍ਹਾਂ ਸਕੂਲ ਲਈ ਆਪਣੀ ਵਿੱਛੜੀ ਜੀਵਨ ਸਾਥਣ ਸਰਦਾਰਨੀ ਕੁਲਦੀਪ ਕੌਰ ਗਰੇਵਾਲ ਦੀ ਯਾਦ ਵਿੱਚ ਇੱਕ ਰੈਫਰੀਜੇਟਰ ਦੇਣ ਦਾ ਵੀ ਐਲਾਨ ਕੀਤਾ। ਸਕੂਲ ਦੇ ਚੰਗੇ ਨਤੀਜੇ ਦੇਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਬੱਚਿਆਂ ਨੇ ਵਿਰਾਸਤ ਦੀ ਪੇਸ਼ਕਾਰੀ ਕਰਦੇ ਗੀਤਾਂ, ਨਾਚ ਤੇ ਝਲਕੀਆਂ ਨਾਲ ਚੰਗਾ ਰੰਗ ਬੰਨ੍ਹਿਆ। ਬੱਚਿਆਂ ਨੂੰ ਬਲਵਿੰਦਰ ਕੌਰ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ,ਪ੍ਰਿੰਸੀਪਲ ਪਰਦੀਪ ਕੁਮਾਰ ਲਲਤੋਂ, ਸ: ਬਲਦੇਵ ਸਿੰਘ ਪੰਧੇਰਖੇੜੀ ਸੇਵਾ ਮੁਕਤ ਲੈਕਚਰਾਰ, ਪ੍ਰੋ: ਜਸਵਿੰਦਰ ਸਿੰਘ ਧਨਾਨਸੂ ਗੌਰਮਿੰਟ ਕਾਲਿਜ ਲੁਧਿਆਣਾ, ਸਾਬਕਾ ਸਰਪੰਚ ਸ: ਚਰਨਜੀਤ ਸਿੰਘ , ਹਰਮਨਦੀਪ ਕੌਰ ਹੈਡਮਿਸਟਰੈੱਸ ਦੇਵਤਵਾਲ,ਬਲਦੇਵ ਸਿੰਘ ਦਾਦ ਮੈਂਬਰ ਜ਼ਿਲ੍ਹਾ ਪਰਿਸ਼ਦ, ਸਿਕੰਦਰ ਸਿੰਘ ਗਰੇਵਾਲ,ਸੀਨੀਅਰ ਮਿਸਟਰੈੱਸ ਨਰੇਸ਼ ਕੁਮਾਰੀ ਜੀ ਨੇ ਵੀ ਆਸ਼ੀਰਵਾਦ ਦਿੱਤੀ। ਮੰਚ ਸੰਚਾਲਨ ਪੰਜਾਬੀ ਮਿਸਟਰੈੱਸ ਹਰਪ੍ਰੀਤ ਕੌਰ ਨੇ ਕੀਤਾ।

ਪਿੰਡ ਜੰਡੀ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋ ਫਰੀ ਮੈਡੀਕਲ ਲਗਾਇਆ ਗਿਆ

ਸਿੱਧਵਾਂ ਬੇਟ/ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)-

ਪਿੰਡ ਜੰਡੀ ਵਿਖੇ ਭੁੱਲਰ ਪਰਿਵਾਰ ਬੱਲੋਂ ਕਾਮਰੇਡ ਮੁਖਤਿਆਰ ਸਿੰਘ ਭੱੁਲਰ ਤੇ ਕਾਮਰੇਡ ਸੇਰ ਸਿੰਘ ਦੀ ਭੁੱਲਰ ਯਾਦ 'ਚ ਕੈਂਸਰ ਕੇਅਰ ਚੈਅਰੀਟੇਬਲ ਵੱਲੋਂ ਫਰੀ ਮੈਡੀਕਲ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ 'ਚ ਮਰੀਜ਼ਾਂ ਨੇ ਲਾਹਾ ਲਿਆ ਇਸ ਸਮੇਂ ਇਕਬਾਲ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀ ਪਹਿਲਾ ਹਰ ਸਾਲ ਬੁਜਰਗਾਂ ਦੀ ਯਾਦ ਨੂੰ ਹੋਰ ਕਈ ਤਰੀਕਿਆਂ ਨਾਲ ਕਰਦੇ ਸੀ ਤੇ ਹੁਣ ਅਸੀਂ ਦੂਜੀ ਵਾਰ ਮੈਡੀਕਲ ਕੈਪ ਲਵਾ ਕੇ ਬੁਜਰਗਾ ਦੀ ਯਾਦ ਨੂੰ ਤਾਜਾ ਕਰਦੇ ਹਾਂ ਉਨ੍ਹਾਂ ਨੇ ਦੱਸਿਆ ਕਿ ਅੱੱਜ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਮਹਿੰਗੇ ਇਲਾਜ ਨਹੀਂ ਕਰਵਾ ਸਕਦੇ ਅੱਜ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਪ ਲਗਵਾਉਣ ਦਾ ਉਪਰਾਲਾ ਕੀਤਾ ਹੈ ਇਸ ਸਮੇਂ ਡਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਲੋੜਵੰਦ ਮਰੀਜਾ ਦੇ ਫਰੀ ਟੈਸਟ ਕਰਕੇ ਦਵਾਇਆ ਵੀ ਬਿਲਕੁੱਲ ਫਰੀ ਦੇ ਰਹੇ ਹਾਂ ਤੇ ਕਈ ਮਰੀਜ਼ਾਂ ਦੇ ਟੈਸਟ ਲਏ ਹਨ ਜਿੰਨਾਂ ਦੀ ਰਿਪੋਰਟ ਕਈ ਦਿਨਾ ਬਾਅਦ ਆਵੇਗੀ ਉਪਰੰਤ ਦਵਾਈ ਸ਼ੁਰੂ ਕਰ ਦਿੱਤੀ ਜਾਵੇਗੀ।ਇਸ ਸਮੇ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਏ ਗਏ।

ਆਉਣ ਵਾਲੇ ਸਮੇ 'ਚ ਕਾਂਗਰਸ ਹਾਈਕਮਾਨ ਪੰਜਾਬ 'ਚ ਨਵਜੋਤ ਸਿੱਧੂ ਨੂੰ ਸਨਮਾਨਿਤ ਕਰੇ:ਦੇਸ਼ ਭਗਤ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)-

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ,ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ,ਐਸ.ਸੀ ,ਬੀ.ਸੀ,ਵੈਲਫੇਅਰ ਕੌਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਜਾਰੀ ਪ੍ਰੈਸ ਬਿਆਨ ਰਹੀਂ ਕਾਂਗਰਸ ਹਾਈਕਮਾਨ ਨੂੰ ਪੁਰਜ਼ੋਰ ਅਮੀਲ ਕਰਦਿਆ ਕਿਹਾ ਕਿ ਅਗਰ ਪੰਜਾਬ 'ਚ ਕਾਂਗਰਸ ਪਾਰਟੀ ਦੀ ਸ਼ਾਖ ਬਚਾਉਣੀ ਚੁਾਹੰੁਦੀ ਹੈ ਤਾਂ ਸ.ਨਵਜੋਤ ਸਿੰਘ ਸਿੱਧੂ ਨੂੰ ਵਧੀਆ ਅਹੁਦਾ ਦੇ ਕੇ ਸਨਮਾਨਿਤ ਕਰੇ।ਕੈਪਟਨ ਦੀ ਡਿਕਟੇਟਰ ਸ਼ਿਪ ਨਾ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਬਰਦਾਸਤ ਕਰਦੇ ਹਨ ਤੇ ਨਾ ਹੀ ਕਾਂਗਰਸੀ ਵਰਕਰ ਪਸੰਦ ਕਰਦੇ ਹਨ।ਅੱਜ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਹੈ ਇਸ ਦੇ ਹੰਕਾਰੀ ਅੰਦਾਜ਼ ਕਰਕੇ ਹੀ ਦਾਖਾ ਵਿਧਾਨ ਸਭਾ ਸੀਟ ਕਾਂਗਰਸ ਪਾਰਟੀ ਹਾਰੀ ਇਸ ਦੀ ਜਿਊਦੀ ਮਿਸਾਲ ਹੈ।ਜਿਸ ਤਰ੍ਹਾਂ ਕਈ ਕੈਬਨਿਟ ਮੰਤਰੀ,ਐਮ.ਐਲ.ਏ ਬਗਾਵਤ ਦੇ ਮੂਡ ਵਿਚ ਹਨ।ਕਿਸੇ ਸਮੇ ਵੀ ਧਮਾਕਾ ਪੈ ਸਕਦਾ ਹੈ। ਜਦੋ ਕੈਪਟਨ ਸਾਹਿਬ ਕੈਬਨਿਟ ਮੰਤਰੀਆਂ ਨੂੰ ਨਹੀ ਮਿਲਦੇ ਤਾਂ ਕਾਂਗਰਸੀ ਵਰਕਰਾਂ ਨੂੰ ਕਦੋ ਮਿਲਣਗੇ।ਦਰਸ਼ਨ ਦੇਸ਼ ਭਗਤ ਨੇ ਅਫਸੋਸ਼ ਜਾਹਰ ਕਰਦਿਆਂ ਕਿਹਾ ਕਿ ਸਰਕਾਰ ਵਿਚ ਦਲਾਲਾਂ ਨੇ ਛਿੱਟੇ ਮਾਰਾਂ ਦੀ ਚੜਾਈ ਟਕਸਾਲੀ ਕਾਂਗਰਸੀ ਵਰਕਰਾਂ ਦੀ ਕਦਰ ਨਹੀ।ਅੱਜ ਪੰਜਾਬ ਦੇ ਬੱਚੇ-ਬੱਚੇ ਦੀ ਜੁਬਾਨ ਤੇ ਨਵਜੋਤ ਸਿੰੰਘ ਸਿੱਧੂ ਦਾ ਨਾਮ ਹੈ। ਜੋ ਕੈਪਟਨ ਨੂੰ ਪਸੰਦ ਨਹੀ ਕਿਉਕਿ ਜੋ ਸਟੈਡ ਨਵਜੋਤ ਸਿੰਘ ਸਿੱਧੂ ਨੇ ਲਿਆ ਪਹਿਲਾਂ ਕਿਸੇ ਨਹੀ ਲਿਆ।ਕਰਤਾਰਪੁਰ ਦਾ ਲਾਘਾ ਪਹਿਲਾ ਵੀ ਸੀ ਜਦੋ 2002 ਵਿਚ ਕੈਪਟਨ ਅਮਰਿੰਦਰ ਸਿੰਘ ਮੱੁਖ ਮੰਤਰੀ ਬਣੇ ਪ੍ਰੰਤੂ ਸੋਚ ਵਿਚ ਫਰਕ ਹੈ।ਕੈਪਟਨ ਸਾਹਿਬ ਵਿਚ ਅੱਜ ਵੀ ਰਜਵਾੜਾ ਸ਼ਾਹੀ ਬਰਕਰਾਰ ਹੈ ਸੋ ਟਕਸਾਲੀ ਕਾਂਗਰਸੀ ਵਰਕਰਾਂ ਵਿਚ ਨਹੀ ਹੈ।ਦੇਸ਼ ਭਗਤ ਨੇ ਆਪਣੇ ਬਿਆਨ ਵਿਚ ਅਪੀਲ ਕਰਦਿਆਂ ਕਿਹਾ ਕਿ ਅੰਦਰੂਨੀ ਤੋਰ ਤੇ ਕਾਂਗਰਸ ਪਾਰਟੀ ਕਮਜ਼ੋਰ ਹੋ ਰਹੀ ਹੈ।ਪਹਿਲਾਂ ਕਾਂਗਰਸੀ ਵਰਕਰਾਂ ਨੂੰ ਚਾਅ ਹੰੁਦਾ ਸੀ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਪ੍ਰੰਤੂ ਅੱਜ ਕਾਂਗਰਸੀ ਵਰਕਰਾਂ ਦੀ ਕਦਰ ਨਹੀ ਤਾਂ ਅੱਗੇ ਤੋ ਕੀ ਕਾਂਗਰਸੀ ਵਰਕਰ ਪਾਰਟੀ ਲਈ ਦਿਨ ਰਾਤ ਇਕ ਕਰਨਗੇ।

ਥਾਣਾ ਸਿੱਧਵਾਂ ਬੇਟ ਦੇ ਰਾਜੇਸ਼ ਠਾਕੁਰ ਇੰਚਾਰਜ ਨਿਯੁਕਤ,ਨਸ਼ਾ ਸਮੱਗਲਰਾਂ ਨੂੰ ਬਖਸਿਆ ਨਹੀ ਜਾਵੇਗਾ:ਇੰਚਾਰਜ ਰਾਜੇਸ਼ ਠਾਕੁਰ

ਸਿੱਧਵਾਂ ਬੇਟ/ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)-

ਪੁਲਿਸ ਜ਼ਿਲ੍ਹਾਂ ਲੁਧਿਆਣਾ ਦਿਹਾਤੀ ਦੇ ਮੁੱਖੀ ਸੰਦੀਪ ਗੋਇਲ ਦੇ ਹੁਕਮਾਂ ਮੁਤਾਬਕ ਇੰਸਪੈਕਟਰ ਰਾਜੇਸ਼ ਠਾਕੂਰ ਨੂੰ ਥਾਣਾ ਸਿੱਧਵਾਂ ਬੇਟ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਇੰਸਪੈਕਟਰ ਰਾਜੇਸ਼ ਠਾਕੁਰ ਨੇ ਕਿਹਾ ਕਿ ਅੱਜ ਨੌਜਵਾਨ ਵਰਗ ਬੁਰੀ ਤਰ੍ਹਾਂ ਨਸ਼ਿਆਂ ਦੀ ਗ੍ਰਿਫਤ 'ਚ ਆ ਚੁੱਕਾ ਹੈ,ਜੋ ਸੂਬੇ ਲਈ ਗੰਭੀਰ ਚੁਣੌਤੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁੁਲਸ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਦਾ ਸਾਥ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਥਾਣੇ ਅੰਦਰ ਹਰ ਵਿਅਕਤੀ ਨੂੰ ਪੂਰਾ ਸਤਿਕਾਰ ਤੇ ਇਨਸਾਫ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ,ਲੁਟੇਰਿਆਂ,ਨਸ਼ਾ ਸਮੱਗਲਰਾਂ ਅਤੇ ਚੌਰਾਂ ਨੂੰ ਬਖਸ਼ਿਆ ਨਹੀ ਜਾਵੇਗਾ

ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਲਈ 2 ਮਿੰਟ ਦਾ ਮੌਨ ਧਾਰਿਆ

ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਹਰੇਕ ਦੇਸ਼ ਵਾਸੀ ਯਤਨ ਕਰੇ-ਡਿਪਟੀ ਕਮਿਸ਼ਨਰ
ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਭਾਰਤ ਦੀ ਅਜ਼ਾਦੀ ਦੇ ਸੰਗਰਾਮ ਦੌਰਾਨ ਆਪਣੀ ਵੱਡਮੁੱਲੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਭਾਰਤ ਮਾਤਾ ਦੇ ਮਹਾਨ ਸਪੂਤਾਂ, ਸੁਤੰਤਰਤਾ ਸੰਗਰਾਮੀਆਂ ਅਤੇ ਦੇਸ਼ ਭਗਤ ਸ਼ਹੀਦਾਂ ਦੀ ਯਾਦ ਵਿਚ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਠੀਕ ਸਵੇਰੇ 11 ਵਜੇ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਸਟਾਫ਼ ਅਤੇ ਆਮ ਲੋਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਅਗਰਵਾਲ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਸ਼ਹੀਦਾਂ 'ਤੇ ਮਾਣ ਹੋਣਾ ਚਾਹੀਦਾ ਹੈ, ਜਿਨ੍ਹਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਬਦੌਲਤ ਅੱਜ ਹਰੇਕ ਦੇਸ਼ ਵਾਸੀ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੌਮ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਮੂਹ ਅਧਿਕਾਰੀਆਂ, ਮੁਲਾਜ਼ਮਾਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਯਤਨ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅੰਮ੍ਰਿਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਇਕਬਾਲ ਸਿੰਘ ਸੰਧੂ ਅਤੇ ਵੱਡੀ ਗਿਣਤੀ ਵਿੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਅਤੇ ਇੰਟਰਨੈਸ਼ਨਲ ਮਾਰਕੀਟਿੰਗ ਕਾਰਪੋਰੇਸ਼ਨ ਵੱਲੋਂ ''ਸਵੱਛ ਭਾਰਤ ਮੁਹਿੰਮ'' ਦੀ ਸ਼ੁਰੂਆਤ

ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਿਲਾ ਕਚਹਿਰੀਆਂ ਲੁਧਿਆਣਾ ਵਿਖੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਅਤੇ ਇੰਟਰਨੈਸ਼ਨਲ ਮਾਰਕੀਟਿੰਗ ਕਾਰਪੋਰੇਸ਼ਨ (ਆਈ.ਐਮ.ਸੀ.) ਵੱਲੋਂ ''ਸਵੱਛ ਭਾਰਤ ਮੁਹਿੰਮ'' ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਉਦਘਾਟਨ ਸ੍ਰੀ ਗੁਰਬੀਰ ਸਿੰਘ, ਜਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤਾ ਗਿਆ। ਇਸ ਮੌਕੇ ਜਿਲਾ ਤੇ ਸੈਸ਼ਨ ਜੱਜ ਵੱਲੋਂ ਹਾਜ਼ਰ (ਆਈ.ਐਮ.ਸੀ.) ਕਾਰਜਕਰਤਾਵਾਂ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਪੈਰਾ ਲੀਗਲ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਾਨੂੰ ਆਪਣੇ ਘਰ ਦੀ ਸਾਫ-ਸਫਾਈ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ, ਗਲੀ-ਮੁਹੱਲੇ, ਸੜਕਾਂ ਅਤੇ ਹੋਰ ਜਨਤਕ ਥਾਵਾਂ ਤੇ ਵੀ ਸਾਫ-ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਾਫ-ਸਫਾਈ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ। ਸਾਫ-ਸਫਾਈ ਦੀ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ ਉਨਾਂ ਦੱਸਿਆ ਕਿ ਸਾਫ-ਸਫਾਈ ਨਾਲ ਜਿੱਥੇ ਸਾਨੂੰ ਬੀਮਾਰੀਆਂ ਤੋਂ ਨਿਰੋਗਤਾ ਮਿਲਦੀ ਹੈ ਉਥੇ ਨਿਰੋਗ ਸਰੀਰ ਵਿੱਚ ਚੰਗੀ ਸੋਚ ਪੈਦਾ ਹੁੰਦੀ ਹੈ। ਚੰਗੀ ਸੋਚ ਨਾਲ ਹੀ ਦੇਸ਼ ਦਾ ਵਿਕਾਸ ਸੰਭਵ ਹੋ ਸਕਦਾ ਹੈ। ਇਸ ਮੌਕੇ (ਆਈ.ਐਮ.ਸੀ.) ਦੇ ਚੇਅਰਮੈਨ ਡਾਕਟਰ ਅਸ਼ੋਕ ਭਾਟੀਆ ਵੱਲੋਂ ਵੀ ਹਾਜ਼ਰ ਵਿਅਕਤੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨਾਂ ਦੱਸਿਆ ਕਿ ਸਾਫ-ਸਫਾਈ ਦੀ ਇਸ ਮੁਹਿੰਮ ਨੂੰ ਜਿਲਾ ਕਚਹਿਰੀਆਂ ਲੁਧਿਆਣਾ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਅਧੀਨ ਪੂਰੇ ਲੁਧਿਆਣਾ ਸ਼ਹਿਰ ਦੀ ਸਾਫ-ਸਫਾਈ ਕੀਤੀ ਜਾਵੇਗੀ ਅਤੇ ਕੰਪਨੀ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਦੇ ਕੂੜਾਦਾਨ ਵੀ ਰਖਵਾਏ ਜਾਣਗੇ ਤਾਂ ਜੋ ਲੋਕ ਕੂੜਾ ਕਰਕਟ ਇੱਧਰ ਉੱਧਰ ਸੁੱਟਣ ਦੀ ਬਜਾਏ ਕੂੜੇਦਾਨ ਵਿੱਚ ਸੁੱਟਣ। ਇਸ ਮੌਕੇ (ਆਈ.ਐਮ.ਸੀ.) ਦੇ ਮੈਨੇਜਿੰਗ ਡਾਇਰੈਕਟਰ ਸਤਿੱਅਨ ਭਾਟੀਆ ਵੱਲੋਂ ਬੋਲਦਿਆਂ ਦੱਸਿਆ ਕਿ ਕੰਪਨੀ ਦਾ ਟੀਚਾ ਪੂਰੇ ਭਾਰਤ ਦੇਸ਼ ਦੇ ਨਾਗਰਿਕਾਂ ਨੂੰ ਸਵੱਛਤਾ ਪ੍ਰਤੀ ਪ੍ਰੇਰਿਤ ਕਰਨਾ ਹੈ ਅਤੇ ਭਾਰਤ ਸਰਕਾਰ ਦੇ ਸਵੱਛਤਾ ਅਭਿਆਨ ਨੂੰ ਸਫਲ ਬਨਾਉਣ ਪ੍ਰਤੀ ਸਾਰਥਕ ਉਪਰਾਲਾ ਕਰਨਾ ਹੈ। ਇਸ ਮੌਕੇ ਤੇ (ਆਈ.ਐਮ.ਸੀ.) ਕਾਰਜਕਰਤਾਵਾਂ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਜਿਲਾ ਕਚਹਿਰੀਆਂ ਕੰਪਲੈਕਸ ਅਤੇ ਮਿੰਨੀ ਸਕੱਤਰੇਤ ਦੀ ਪੂਰਨ ਤੌਰ ਤੇ ਸਾਫ-ਸਫਾਈ ਕੀਤੀ ਗਈ। ਕੰਪਨੀ ਵੱਲੋਂ ਜ਼ਿਲਾ ਕਚਹਿਰੀਆਂ ਕੰਪਲੈਕਸ ਵਿੱਚ ਵੱਖ-ਵੱਖ ਥਾਵਾਂ ਤੇ ਕੂੜਾਦਾਨ ਵੀ ਰਖਵਾਏ ਗਏ ਇਸ ਮੌਕੇ ਤੇ ਮੈਡਮ ਪ੍ਰੀਤੀ ਸੁਖੀਜਾ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ, ਪ੍ਰਭਜੋਤ ਸਿੰਘ ਕਾਲੇਕਾ, ਚੀਫ ਜ਼ੂਡੀਸ਼ਿਅਲ ਮੈਜਿਸਟਰੇਟ, ਅਸ਼ੋਕ ਮਿੱਤਲ, ਪ੍ਰਧਾਨ ਜਿਲਾ ਬਾਰ ਐਸੋਸਇਏਸ਼ਨ, ਰਜਿੰਦਰ ਬੱਬਰ, ਵਾਈਸ ਪ੍ਰਧਾਨ, ਜ਼ਿਲਾ ਬਾਰ ਐਸੋਸਇਏਸ਼ਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਭੈਣੀ ਸਾਹਿਬ ਵਿਖੇ ਸਤਿਗੁਰੂ ਰਾਮ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਰਾਜ ਪੱਧਰੀ ਸਮਾਗਮ

ਡਾਕ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਹਰੀ ਸਿੰਘ ਦੀ ਯਾਦ 'ਚ ਲਿਫ਼ਾਫ਼ੇ ਜਾਰੀ
ਸ੍ਰੀ ਭੈਣੀ ਸਾਹਿਬ/ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨਾਮਦਾਰੀ ਸੰਪਰਦਾ ਦੇ ਬਾਨੀ ਅਤੇ ਦੇਸ਼ ਦੀ ਅਜ਼ਾਦੀ ਲਈ ਬਰਤਾਨਵੀ ਸਾਮਰਾਜ ਨਾਲ ਲੋਹਾ ਲੈਣ ਵਾਲੇ ਸਤਿਗੁਰੂ ਰਾਮ ਸਿੰਘ ਜੀ ਦੇ 204ਵੇਂ ਪ੍ਰਕਾਸ਼ ਪੁਰਬ ਅਤੇ ਬਸੰਤ ਪੰਚਮੀ ਮੌਕੇ ਪੰਜਾਬ ਸਰਕਾਰ ਵੱਲੋਂ ਸਥਾਨਕ ਸ੍ਰੀ ਭੈਣੀ ਸਾਹਿਬ ਦਰਬਾਰ ਵਿਖੇ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਭਾਰਤੀ ਡਾਕ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸਤਿਗੁਰੂ ਹਰੀ ਸਿੰਘ ਦੇ 200ਵੇਂ ਪ੍ਰਕਾਸ਼ ਪੁਰਬ ਮੌਕੇ ਡਾਕ ਲਿਫ਼ਾਫ਼ੇ ਜਾਰੀ ਕੀਤੇ ਗਏ। ਵਿਸ਼ਾਲ ਸਮਾਗਮ ਦੌਰਾਨ ਪੰਜਾਬ ਦੇ ਜੰਗਲਾਤ, ਛਪਾਈ, ਲਿਖ਼ਣ ਸਮੱਗਰੀ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਧਰਮਸੋਤ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਮਹੱਤਵਪੂਰਨ ਕੜੀ ਕਰਾਰ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਉਨਾਂ ਦੀ ਸੋਚ ਨੂੰ ਸਮਾਜ ਸੁਧਾਰ ਦਾ ਆਧਾਰ ਬਣਾਇਆ ਜਾਵੇ। ਇਸ ਮੌਕੇ ਉਨਾਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਰਾਮ ਸਿੰਘ ਜੀ ਦੇ ਨਾਮ 'ਤੇ ਸਥਾਪਤ ਚੇਅਰ ਲਈ 21 ਲੱਖ ਰੁਪਏ ਦੀ ਗਰਾਂਟ ਜਾਰੀ ਕਰਨ ਅਤੇ ਉਨਾਂ ਦੇ ਨਾਮ 'ਤੇ ਪੁਰਸਕਾਰ ਸ਼ੁਰੂ ਕਰਨ ਬਾਰੇ ਪੰਜਾਬ ਸਰਕਾਰ ਨਾਲ ਗੱਲ ਕਰਨ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਸਿੱਖੀ ਸਵੈਮਾਣ ਦੇ ਪੁਨਰ ਸੰਸਥਾਪਕ ਅਤੇ ਦੇਸ਼ ਦੀ ਅਜ਼ਾਦੀ ਲਈ ਬਰਤਾਨਵੀ ਸਾਮਰਾਜ ਨਾਲ ਨਾ-ਮਿਲਵਰਤਨ ਅਤੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲੇ ਵਿਸ਼ਵ ਦੇ ਪਹਿਲੇ ਨੀਤੀ-ਵੇਤਾ ਸਨ। ਦੇਸ਼ ਨੂੰ ਅੰਗਰੇਜ਼ਾਂ ਦੇ ਲੋਟੂ ਰਾਜ ਤੋਂ ਆਜ਼ਾਦ ਕਰਾਉਣ ਲਈ ਭਾਵੇਂ ਵੱਖ-ਵੱਖ ਧਰਮਾਂ, ਮਜ਼ਹਬਾਂ, ਵਰਗਾਂ ਅਤੇ ਪਾਰਟੀਆਂ ਨੇ ਆਪਣੇ-ਆਪਣੇ ਤੌਰ 'ਤੇ ਉਪਰਾਲੇ ਕੀਤੇ ਪਰ ਆਜ਼ਾਦੀ ਸੰਗਰਾਮ ਵਿੱਚ ਉਨਾਂ ਦੀ ਅਗਵਾਈ ਵਿੱਚ ਨਾਮਧਾਰੀ ਸੰਪਰਦਾ ਵੱਲੋਂ ਪਾਇਆ ਗਿਆ ਯੋਗਦਾਨ ਅਤੇ ਕੂਕਿਆਂ ਵੱਲੋਂ ਕੀਤੀਆਂ ਗਈਆਂ ਸ਼ਹੀਦੀਆਂ ਲਾਮਿਸਾਲ ਹਨ। ਉਨਾਂ ਕਿਹਾ ਕਿ ਇਹ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਹੀ ਸਨ, ਜਿਨਾਂ ਗੁਰੂਆਂ ਵੱਲੋਂ ਦਰਸਾਏ ਹੋਏ ਅਹਿੰਸਾ ਦੇ ਰਸਤੇ 'ਤੇ ਚੱਲਦਿਆਂ ਅੰਗਰੇਜ਼ਾਂ ਦਾ ਅਤੇ ਉਨਾਂ ਵੱਲੋਂ ਦਿੱਤੀਆਂ ਜਾਂਦੀਆਂ ਸੁੱਖ ਸਹੂਲਤਾਂ ਦਾ ਮੁਕੰਮਲ ਬਾਈਕਾਟ ਕੀਤਾ। ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ ਨਾ ਮਿਲਵਰਤਨ ਅੰਦੋਲਨ ਅਤੇ ਨਾ ਫੁਰਮਾਨੀ ਅੰਦੋਲਨ ਨੂੰ ਬਾਅਦ ਵਿੱਚ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਅਪਣਾਉਣ ਨੂੰ ਪਹਿਲ ਦਿੱਤੀ। ਇਤਿਹਾਸ ਗਵਾਹ ਹੈ ਦੇਸ਼ ਦੀ ਅਜ਼ਾਦੀ ਦਾ ਅਸਲ ਮੁੱਢ ਕੂਕਿਆਂ ਵੱਲੋਂ ਮਲੇਰਕੋਟਲਾ ਦੀ ਪਵਿੱਤਰ ਧਰਤੀ ਤੋਂ ਬੱਝਿਆ ਗਿਆ ਸੀ। ਉਨਾਂ ਨਾਮਧਾਰੀ ਸੰਪਰਦਾ ਨੂੰ ਸਾਦਗੀ, ਸੱਚਾਈ ਅਤੇ ਨਿਮਰਤਾ ਦਾ ਸੋਮਾ ਦੱਸਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਸੰਪਰਦਾ ਅਤੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ 'ਤੇ ਚੱਲਦੇ ਹੋਏ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਨਾਮਧਾਰੀ ਸੰਪਰਦਾ ਪੰਜਾਬ ਸਰਕਾਰ ਨੂੰ ਜੋ ਹੁਕਮ ਜਾਂ ਸੇਵਾ ਲਗਾਈ ਜਾਵੇਗੀ, ਉਹ ਸਿਰ ਨਿਵਾ ਕੇ ਪੂਰੀ ਕੀਤੀ ਜਾਵੇਗੀ। ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਲੋਕ ਸਭਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਵਿਧਾਇਕ ਨਵਤੇਜ ਸਿੰਘ ਚੀਮਾ, ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਦਾਖਾ, ਨਾਮਧਾਰੀ ਗੁਰਬਚਨ ਸਿੰਘ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਐੱਸ. ਡੀ. ਐੱਮ. ਅਮਰਜੀਤ ਸਿੰਘ ਬੈਂਸ, ਚੇਅਰਮੈਨ ਕੇ. ਕੇ. ਬਾਵਾ, ਸੀਨੀਅਰ ਕਾਂਗਰਸੀ ਆਗੂ ਸ੍ਰੀਮਤੀ ਸਤਵਿੰਦਰ ਕੌਰ ਬਿੱਟੀ, ਡਾਕ ਵਿਭਾਗ ਵੱਲੋਂ ਵਿਨੇ ਕੁਮਾਰ ਤਿਵਾੜੀ, ਅਮਨਪ੍ਰੀਤ ਸਿੰਘ, ਜਗਮਿੰਦਰ ਸਿੰਘ ਬੇਦੀ, ਬਲਾਕ ਸੰਮਤੀ ਚੇਅਰਮੈਨ ਬਲਬੀਰ ਸਿੰਘ ਬੁੱਢੇਵਾਲ, ਨਾਮਧਾਰੀ ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖੀ ਝੱਜ ਅਤੇ ਵੱਡੀ ਗਿਣਤੀ ਵਿੱਚ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸੰਗਤਾਂ ਹਾਜ਼ਰ ਸਨ।