You are here

ਲੁਧਿਆਣਾ

ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ ਤੇ ਦਾਨੀ ਵੀਰ ਨੇ ਲੋੜਵੰਦ ਪਰਿਵਾਰ ਦੀ ਕੀਤੀ ਮੱਦਦ।

ਕਾਉਂਕੇ ਕਲਾਂ, 9 ਫਰਵਰੀ ( ਜਸਵੰਤ ਸਿੰਘ ਸਹੋਤਾ)-ਇੱਥੋ ਨਜਦੀਕੀ ਪੈਂਦੇ ਪਿੰਡ ਮੱਲਾ ਦੀ ‘ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ (ਰਜਿ.) ਮੱਲਾ ਵੱਲੋ ਦਾਨੀ ਵੀਰ ਮੋਹਿਤ ਸਰਮਾ ਦੇ ਸਹਿਯੋਗ ਨਾਲ ਪਿੰਡ ਫਤਿਹਗੜ ਸਿਵੀਆ ਦੇ ਇੱਕ ਲੋੜਵੰਦ ਪਰਿਵਾਰ ਦੀ ਐਮ.ਆਰ.ਆਈ. ਕਰਵਾ ਕੇ ਮੱਦਦ ਕੀਤੀ ਗਈ ।ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ ਦੇ ਮੱੁਖ ਸੰਚਾਲਕ ਭਾਈ ਗੁਰਪਿੰਦਰ ਸਿੰਘ ਖਾਲਸਾ ਮੱਲਾ ਨੇ ਦੱਸਿਆ ਕਿ ਪਿੰਡ ਫਤਿਹਗੜ ਸਿਵੀਆ ਦਾ ਲੋੜਵੰਦ ਪਰਿਵਾਰ ਆਰਥਿਕ ਮਜਬੂਰੀ ਕਾਰਨ ਐਮ.ਆਰ.ਆਈ.ਕਰਵਾਉਣ ਤੋ ਅਸਮਰਥ ਸੀ ਜਿਸ ਨੂੰ ਮੱੁਖ ਰੱਖਦਿਆ ਸੁਸਾਇਟੀ ਤੇ ਦਾਨੀ ਵੀਰ ਮੋਹਿਤ ਸਰਮਾ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰ ਦੀ ਮੱਦਦ ਕਰਕੇ ਇਹ ਮਾਣਮੱਤਾ ਉਪਰਾਲਾ ਕੀਤਾ ਗਿਆ ਹੈ।ਉਨਾ ਇਹ ਵੀ ਦੱਸਿਆ ਕਿ ਸੁਸਾਇਟੀ ਵੱਲੋ ਹੋਰ ਵੀ ਦਾਨੀ ਵੀਰਾਂ ਦੇ ਸਹਿਯੋਗ ਨਾਲ ਸਮਾਜ ਸੇਵੀ ਕਾਰਜ ਪਹਿਲ ਦੇ ਅਧਾਰ ਤੇ ਕੀਤੇ ਜਾਂਦੇ ਹਨ।ਇਸ ਮੌਕੇ ਉਨਾ ਨਾਲ ਬੀਬੀ ਕਮਲਜੀਤ ਕੌਰ ਖਾਲਸਾ,ਬੀਬੀ ਵੀਰਪਾਲ ਕੋਰ ਖਾਲਸਾ,ਗੁਰਵਿੰਦਰ ਸਿੰਘ,ਹਰਸੁਰਿੰਦਰ ਸਿੰਘ ਆਦਿ ਵੀ ਹਾਜਿਰ ਸਨ।

ਜਰਨੈਲ ਸਾਮ ਸਿੰਘ ਅਟਾਰੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

1846 ਦੇ ਪਹਿਲੇ ਐਗਲੋਂ ਸਿੱਖ ਯੱੁਧ ਦੌਰਾਨ ਸਭਰਾਵਾਂ ਵਿਖੇ ਸਹੀਦ ਹੋਏ ਸਿੱਖ ਕੌਮ ਦੇ ਨਿਧੜਕ ਜਰਨੈਲ ਸਾਮ ਸਿੰਘ ਅਟਾਰੀ ਨੂੰ ਭਾਂਵੇ ਅਟਾਰੀ ਕਰਕੇ ਜਾਣਿਆ ਜਾਂਦਾ ਹੈ, ਪਰ ਇਸ ਅਣਖੀਲੇ ਜਰਨੈਲ ਦਾ ਜਨਮ ਜਿਲਾ ਲੁਧਿਆਣਾ ਦੀ ਤਹਿਸੀਲ ਜਗਰਾਓ ਦੇ ਪਿੰਡ ਕਾਉਂਕੇ ਕਲਾਂ ਵਿਖੇ ਹੋਇਆ ਸੀ ਤੇ ਇਸ ਸੂਰਵੀਰ ਦੀ ਪੀੜੀ ਦੇ ਅੰਸ ਅੱਜ ਵੀ ਪਿੰਡ ਕਾਉਂਕੇ ਕਲਾਂ ਵਿਖੇ ਰਹਿ ਰਹੇ ਹਨ।ਇਸ ਮਹਾਨ ਯੋਧੇ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਉਨਾ ਦੇ ਜੱਦੀ ਪਿੰਡ ਕਾਉਂਕੇ ਕਲਾਂ ਵਿਖੇ ਸਾਮ ਸਿੰਘ ਅਟਾਰੀ ਨੌਜਵਾਨ ਸਭਾ ਵੱਲੋ ਗੁਰੁ ਮਹਾਰਾਜ ਜੀ ਦੀ ਹਜੂਰੀ ਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸਾਲ ਨਗਰ ਕੀਰਤਨ ਸਜਾਇਆ ਗਿਆ।ਇਸ ਨਗਰ ਕੀਰਤਨ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁੰਦਰ ਰੁਮਾਲਿਆ ਅਤੇ ਫੁੱਲਾ ਨਾਲ ਸਜਾਇਆ ਗਿਆ ਸੀ।ਇਸ ਮੌਕੇ ਸਤਿਨਾਮ ਸਿੰਘ ਚਮਿੰਡਾ ਦੇ ਕੀਰਤਨੀ ਜੱਥੇ ਵੱਲੋ ਗੁਰੁ ਸਾਹਿਬਾਨਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ ਗਿਆ।ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਪੜਾਵਾਂ ਤੇ ਗੁਰੂ ਘਰ ਦਾ ਜਸ ਗਾਉਦਾ ਹੋਇਆ ਦੇਰ ਸਾਮ ਗੁਰੁਦਆਰਾ ਸਾਹਿਬ ਪੱਤੀ ਬਹਿਲਾ ਵਿਖੇ ਸਮਾਪਤ ਹੋਇਆ।ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋ ਮਾਨਯੌਗ ਸਖਸੀਅਤਾ ਤੇ ਸਹਿਯੋਗੀਆ ਦਾ ਧੰਨਵਾਦ ਕੀਤਾ ਤੇ ਪੱੁਜੀਆ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ,ਸਰਪੰਚ ਜਗਜੀਤ ਸਿੰਘ ਕਾਉਂਕੇ,ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ,ਸਰਪ੍ਰੀਤ ਸਿੰਘ ਕਾਉਂਕੇ,ਗੁਰਪ੍ਰੀਤ ਸਿੰਘ ਗੋਪੀ,ਪ੍ਰਧਾਨ ਹਰਨੇਕ ਸਿੰਘ,ਇੰਦਰਜੀਤ ਸਿੰਘ,ਕੁਲਦੀਪ ਸਿੰਘ ਕੀਪਾ,ਗੁਰਚਰਨ ਸਿੰਘ,ਤੋਤਾ ਸਿੰਘ,ਪਵਨਜੀਤ ਸਿੰਘ,ਸੁਖਦੇਵ ਸਿੰਘ ਪੰਚ,ਦਿਲਬਾਗ ਸਿੰਘ,ਗੁਰਚਰਨ ਸਿੰਘ ਸੈਲੇਕਾ,ਬੱਬੀ ਸਿੱਧੂ,ਬਲਰਾਜ ਸਿੰਘ,ਇੰਦਰਜੀਤ ਸਿੰਘ,ਸਮੇਤ ਨਗਰ ਦੀਆ ਸੰਗਤਾਂ ਹਾਜਿਰ ਸਨ।

ਪਿੰਡ ਜਨੇਤਪੁਰਾ ਦੇ ਨੌਜਵਾਨਾਂ ਵਲੋਂ ਬੇਜ਼ੁਬਾਨ ਅਤੇ ਭੁੱਖੇ ਪਸ਼ੂਆਂ ਲਈ ਚਾਰਾ ਪਰਾਲੀ ਆਦਿ ਪ੍ਰਬੰਧ--Video

ਭੁੱਖੀਆ ਪਿਆਸੀਆਂ ਮਰ ਰਹਿਆ ਹਨ ਅੱਡੇ ਅੰਦਰ ਗਾਵਾ...!

ਅਵਾਰਾ ਕੁਤੇ ਨੋਚ ਨੋਚ ਖਾਂਦੇ ਹਨ ਜਿਉਂਦਿਆਂ ਗਾਵਾ ਨੂੰ...!

ਜਗਰਾਓਂ/ਲੁਧਿਆਣਾ, ਫਰਵਰੀ 2020- (ਮਨਜਿੰਦਰ ਗਿੱਲ/ਜਸਮੇਲ ਗਾਲਿਬ/ਗੁਰਦੇਵ ਗਾਲਿਬ)-

ਯੂਥ ਵੈਲਫੇਅਰ ਸੋਸਾਇਟੀ ਜਨੇਤਪੁਰਾ ਦੇ ਨੌਜਵਾਨਾਂ ਤੇ ਬਹੁਤ ਮਾਣ ਹੈ ਜਿਹੜੇ ਦੂਰੋਂ ਦੂਰੋਂ ਇਨ੍ਹਾਂ ਬੇਜ਼ੁਬਾਨ ਅਤੇ ਭੁੱਖੇ ਪਸ਼ੂਆਂ ਲਈ ਚਾਰਾ ਪਰਾਲੀ ਆਦਿ ਦਾ ਇੰਤਜ਼ਾਮ ਕਰਕੇ ਆਪਣੇ ਟਰੈਕਟਰ ਟਰਾਲੀਆਂ ਲਿਜਾ ਕੇ ਭਰ ਕੇ ਲਿਆ ਕੇ ਭੁੱਖੀਆਂ ਗਾਵਾਂ ਨੂੰ ਪਾਉਂਦੇ ਹਨ ਜੇ ਪੁੰਨ ਦੀ ਗੱਲ ਕਰੀਏ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ।ਪਹਿਲਾ ਵੀ ਇਸ ਪਿੰਡ ਦੇ ਨੌਜੁਆਨ ਨੇ ਪਿੰਡ ਦੀ ਸਫ਼ਾਈ ਵਿਚ ਕਈ ਸਾਲਾਂ ਤੋਂ ਮਿਸਾਲ ਕਾਇਮ ਕੀਤੀ ਹੋਈ ਹੈ। ਅੱਜ ਨੌਜੁਆਨ ਵਲੋਂ ਸਾਡੇ ਪ੍ਰਤੀਨਿਧ ਨਾਲ ਗੱਲ ਕਰਦੇ ਦਸਿਆ ਕਿ ਕਿਵੇਂ ਜਹਾਜਾਂ ਦੇ ਫਾਇਰਗ ਅੱਡੇ ਅੰਦਰ ਇਹਨਾਂ ਅਵਾਰਾ ਪਸ਼ੂਆਂ ਦੀ ਦੁਰਦਸ਼ਾ ਹੋ ਰਹੀ ਹੈ। ਐਡਾ ਵੱਡਾ ਪਾਪ ਇਨ੍ਹਾਂ ਗਾਵਾਂ ਨੂੰ ਅਵਾਰਾ ਕੁੱਤੇ 48-48 ਘੰਟੇ ਜਿਉਂਦੀਆਂ ਨੂੰ ਤੜਫਾ ਤੜਫਾ ਕੇ ਖਾਂਦੇ ਹਨ ਇਸ ਤੋਂ ਵੱਧ ਕੇ ਕੋਈ ਪਾਪ ਨਹੀਂ ਹੋ ਸਕਦਾ। ਹਜਾਰਾਂ ਦੀ ਗਿਣਤੀ ਵਿੱਚ ਇਹ ਗਾਵਾ ਇਥੇ ਭੁੱਖੀਆ ਪਿਆਸੀਆਂ ਮਰ ਰਹਿਆ ਹਨ। ਹੁਣ ਇਹ ਅੱਡਾ ਪਿਜਰਾ ਅਤੇ ਅਵਾਰਾ ਕੁਤੇ ਅਤੇ ਗਾਵਾ ਦਾ ਘਰ ਬਣ ਚੁੱਕਾ ਹੈ।ਅਸੀਂ ਬੇਨਤੀ ਕਰਦੇ ਹਾਂ ਕਿ ਸਮੇਂ ਦੀਆਂ ਸਰਕਾਰਾਂ ਨੂੰ ਇਸ ਮਸਲੇ ਦਾ ਜ਼ਰੂਰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਇਹੀ ਗਾਂਵਾਂ ਅੱਡੇ ਤੋਂ ਬਾਹਰ ਆ ਕਿ ਕਿਸਾਨਾਂ ਦੀ ਫ਼ਸਲ ਤਬਾਹ ਕਰਦੀਆਂ ਹਨ ਕੲੀ ਵਾਰ ਦੁਰਘਟਨਾ ਦਾ ਕਾਰਨ ਬਣਦੀਆਂ ਹਨ ਇਨ੍ਹਾਂ ਦੀ ਗਿਣਤੀ ਵੀ ਬਹੁਤ ਵੱਡੀ ਹੈ ਸੋ ਜ਼ਰੂਰਤ ਹੈ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ। 

ਸਹਿਜਮਤੀਆਂ ਲੋਕ ਅਰਪਨ ਸਮਾਗਮ

ਬੇਗਮਪੁਰਾ ਸੰਕਲਪ ਦੇ ਕੇ ਭਗਤ ਰਵੀਦਾਸ ਜੀ ਨੇ ਸ਼ਬਦ ਸ਼ਕਤੀ ਦਾ ਲੋਹਾ ਮੰਨਵਾਇਆ- ਪ੍ਰੋ:ਗੁਰਭਜਨ ਗਿੱਲ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਅਜੋਕੇ ਗੁੰਝਲਦਾਰ ਦੌਰ ਮਾਹੌਲ ਵਿੱਚ ਕਵਿਤਾ ਦਾ ਬਹੁਤ ਮਹੱਤਵ ਹੈ ਅਤੇ ਵਧੀਆ ਕਵਿਤਾ ਹੀ ਨਰੋਆ ਸਮਾਜ ਸਿਰਜਦੀ ਹੈ ਅਤੇ ਲੋਕਾਈ ਨੂੰ ਮਾਨਵਤਾ ਦਾ ਭਲਾ ਕਰਨ ਅਤੇ ਜ਼ੁਲਮ ਵਿਰੁੱਧ ਡੱਟ ਕੇ ਖੜਨ ਦਾ ਹੋਕਾ ਦਿੰਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਲੇਖਕ ਗੁਰਭਜਨ ਸਿੰਘ ਗਿੱਲ ਨੇ ਪੰਜਾਬੀ ਨੌਜਵਾਨ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਦੇ ਤੀਜੇ ਕਾਵਿ ਸੰਗ੍ਰਹਿ ਸਹਿਜਮਤੀਆਂ ਦੇ ਇਸ਼ਮੀਤ ਮਿਊਜ਼ਕ ਇੰਸਟੀਟਿਊਟ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਲੋਕ ਅਰਪਣ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਹਿਜਮਤੀਆਂ ਦਾ ਲੋਕ ਅਰਪਨ ਹੋਣਾ ਸ਼ੁਭ ਸ਼ਗਨ ਹੈ ਕਿਉਂਕਿ ਭਗਤ ਰਵੀਦਾਸ ਜੀ ਨੇ ਬੇਗਮਪੁਰਾ ਸੰਲਪ ਉਸਾਰ ਕੇ ਸ਼ਬਦ ਸ਼ਕਤੀ ਦਾ ਲੋਹਾ ਮੰਨਵਾਇਆ। ਲੋਕ ਨਿਰਮਾਣ ਵਿਭਾਗ ਵਿੱਚ ਇੰਜੀਨੀਅਰ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਦਾ ਹੁਣੇ ਹੁਣੇ ਤੀਸਰਾ ਕਾਵਿ ਸੰਗ੍ਰਹਿ ਸਹਿਜਮਤੀਆਂ ਆਇਆ ਹੈ। ਇਸ ਵਿਚ ਨਜ਼ਮਾਂ ਗ਼ਜ਼ਲਾਂ ਅਤੇ ਗੀਤ ਹਨ। ਸਹਿਜਪ੍ਰੀਤ ਸਿੰਘ ਮਾਂਗਟ ਨੇ ਆਪਣੀਆਂ ਨਜ਼ਮਾਂ ਗ਼ਜ਼ਲਾਂ ਵਿੱਚ ਅਜੋਕੇ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਨੂੰ ਆਪਣੀ ਕਵਿਤਾ ਵਿਚ ਸਮੋਇਆ ਹੈ। ਕਰਜਿਆਂ ਵਿਚ ਡੁੱਬੀ ਖੁਦਕਸ਼ੀਆਂ ਕਰਦੀ ਕਿਰਸਾਨੀ ਉਸ ਨੂੰ ਟੁੰਬਦੀ ਹੈ , ਉਸ ਨੂੰ ਅਬਲਾ ਦੀ ਇੱਜ਼ਤ ਦਾ ਫਿਕਰ ਹੈ, ਧਰਮ ਦੇ ਨਾ ਤੇ ਲੜਦੇ ਮੂਰਖ ਉਸ ਨੂੰ ਪਰੇਸ਼ਾਨ ਕਰਦੇ ਹਨ, ਨਸ਼ਿਆਂ ਵਿਚ ਗਰਕ ਰਹੀ ਜਵਾਨੀ ਉਸ ਨੂੰ ਕਵਿਤਾ ਲਿਖਣ ਲਈ ਮਜ਼ਬੂਰ ਕਰਦੀ ਹੈ ਅਤੇ ਇਸੇ ਤਰਾਂ ਆਪਣਾ ਮੁਲਕ ਛੱਡ ਵਿਦੇਸ਼ਾਂ ਵਿਚ ਜਾ ਰਹੇ ਨੌਜਵਾਨ ਉਸ ਦੇ ਦਿਲ ਨੂੰ ਪਰੇਸ਼ਾਨ ਕਰਦੇ ਹਨ। ਲੋਕ ਅਰਪਣ ਮੌਕੇ ਆਪਣੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਸਹਿਜਪ੍ਰੀਤ ਇੱਕ ਸੰਵੇਦਨਸ਼ੀਲ ਕਵੀ ਹੈ ਜੋ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਇੰਝ ਬਿਆਨਦਾ ਹੈ ਜਿਵੇਂ ਉਹ ਇਹ ਸਭ ਕੁਝ ਆਪਣੇ ਪਿੰਡੇ ਤੇ ਹੰਢਾ ਰਿਹਾ ਹੋਵੇ। ਉਨ੍ਹਾਂ ਕਿਹਾ ਕੇ ਇਹੋ ਜਿਹੀ ਕਵਿਤਾ ਸਮੇ ਦੀ ਜਰੂਰਤ ਹੈ ਕਿਓੰਕਿ ਆਪਣੀ ਕਵਿਤਾ ਵਿੱਚ ਹੀ ਸਹਿਜਪ੍ਰੀਤ ਕਿਸੇ ਮੁਸੀਬਤ ਵਿਚੋਂ ਨਿਕਲਣ ਦਾ ਹੱਲ ਵੀ ਬਿਆਨਦਾ ਹੈ। ਉਨ੍ਹਾਂ ਕਿਹਾ ਕੇ ਆਪਣੇ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਲੋਕਾਈ ਦੇ ਦਰਦ ਬਿਆਨਣ ਦਾ ਜੋ ਬੀੜਾ ਸਹਿਜਪ੍ਰੀਤ ਨੇ ਚੁੱਕਿਆ ਹੈ ਉਹ ਸਲਾਹੁਣਯੋਗ ਹੈ। ਇਸ ਮੌਕੇ ਆਪਣੀ ਹਾਜ਼ਰੀ ਲਵਾਉਂਦਿਆਂ ਹਲਕਾ ਗਿੱਲ ਤੋਂ ਐਮ ਐਲ ਏ ਸ੍ਰੀ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਸਹਿਜਪ੍ਰੀਤ ਦੀ ਕਵਿਤਾ ਨੂੰ ਜਿੰਨਾ ਮੈਂ ਪੜ੍ਹਿਆ ਹੈ ਇੱਕ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਆਮ ਲੋਕਾਂ ਦਾ ਕਵੀ ਹੈ ਅਤੇ ਆਮ ਲੋਕਾਂ ਦੀ ਗੱਲ ਉਹ ਬਹੁਤ ਬੇਬਾਕ ਤਰੀਕੇ ਨਾਲ ਕਹਿੰਦਾ ਹੈ। ਉਸ ਦੀ ਕਵਿਤਾ ਦਾ ਸੋਮਾ ਉਸ ਦੀ ਨਿਡਰਤਾ ਹੈ ਅਤੇ ਇੰਨਾ ਕੁਝ ਅਸਹਿਜ ਲਿਖਦਿਆਂ ਉਹ ਆਪ ਬਹੁਤ ਸਹਿਜ ਰਹਿੰਦਾ ਹੈ। ਗੁਰੂ ਹਰਗੋਬਿੰਦ ਖਾਲਸਾ ਕਾਲਿਜ ਗੁਰੂਸਰ ਸਧਾਰ (ਲੁਧਿਆਣਾ) ਦੇ ਪ੍ਰੋ: ਬਲਜੀਤ ਸਿੰਘ ਵਿਰਕ ਨੇ ਸਹਿਜਮਤੀਆਂ ਬਾਰੇ ਖੋਜ ਪੱਤਰ ਪੜ੍ਹਿਆ। ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਪ੍ਰੋ ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਕਹਿਣੀ ਸਹਿਜਪ੍ਰੀਤ ਦੇ ਹਿੱਸੇ ਆਈ ਹੈ ਅਤੇ ਉਹ ਦੁਨੀਆ ਦੇ ਜਿਸ ਕੋਨੇ ਵਿਚ ਵੀ ਵਰਲਡ ਪੰਜਾਬੀ ਕਾਨਫਰੰਸਾਂ ਵਿੱਚ ਗਿਆ ਹੈ ਉਸ ਦੀ ਕਵਿਤਾ ਦੀ ਤਰੀਫ ਹੋਈ ਹੈ ਅਤੇ ਖਾਸ ਤੌਰ ਤੇ ਉਹ ਹਿੰਦੁਸਤਾਨ ਦੇ ਨਾਲ ਨਾਲ ਪਾਕਿਸਤਾਨ ਵਿਚ ਵੀ ਬਹੁਤ ਮਕਬੂਲ ਹੈ। ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਸਾਬਕਾ ਉਪ ਕੁਲਪਤੀ ਡਾ ਕਿਰਪਾਲ ਸਿੰਘ ਔਲਖ ਨੇ ਵੀ ਸਹਿਜਪ੍ਰੀਤ ਦੀ ਕਾਵਿ ਸ਼ੈਲੀ ਦੀ ਰੱਜ ਕੇ ਤਰੀਫ ਕੀਤੀ ਅਤੇ ਸਮਾਜ ਨੂੰ ਸਹੀ ਸੇਧ ਦੇਣ ਲਈ ਉਸ ਦੇ ਯਤਨਾਂ ਨੂੰ ਸਰਾਹਿਆ। ਪੰਜਾਬੀ ਫ਼ਿਲਮਾਂ ਨਾਲ ਜੁੜੇ ਕਲਾਕਾਰ ਹੌਬੀ ਧਾਲੀਵਾਲ ਨੇ ਕਿਹਾ ਕਿ ਬਹੁਤ ਬੁਰੇ ਤਰਾਂ ਗਰਕ ਰਹੇ ਸਮਾਜ ਵਿੱਚ ਵੀ ਸਹਿਜਪ੍ਰੀਤ ਦਾ ਚੰਗੇ ਦਿਨਾਂ ਲਈ ਆਸਵੰਦ ਹੋਣਾ ਉਸ ਦੇ ਅੰਦਰ ਦੀ ਸਕਾਰਾਤਮਕ ਸੂਝ ਨੂੰ ਦਰਸਾਉਂਦਾ ਹੈ। ਨਗਰ ਪਾਰਸ਼ਦ ਤੇ ਖ਼ੁਰਾਕ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਜੀਵਨ ਸਾਥਣ ਸ਼੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਸਹਿਜਪ੍ਰੀਤ ਕਾਵਿ ਜਗਤ ਵਿਚ ਹਾਲੇ ਹੋਰ ਵੀ ਮੀਲ ਪੱਥਰ ਸਥਾਪਤ ਕਰੇਗਾ ਇਹ ਮੇਰਾ ਵਿਸ਼ਵਾਸ ਹੈ। ਇਸ ਮੌਕੇ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਦਿਆਂ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਹਰ ਮਨੁੱਖ ਦੇ ਅੰਦਰ ਕਵਿਤਾ ਹੈ ਬੱਸ ਗੱਲ ਇਹ ਹੈ ਕਿ ਉਸ ਦੇ ਅੰਦਰਲੇ ਹਾਵ ਭਾਵ ਕਿਵੇਂ ਉਸਲਵੱਟੇ ਲੈ ਸ਼ਬਦਾਂ ਦਾ ਜਾਮਾ ਪਹਿਨ ਕਵਿਤਾ ਬਣਦੇ ਹਨ। ਸ੍ਵਯਰੀ ਉਠਦਿਆਂ ਮਾਂ ਦੀ ਅਸੀਸ ਵੀ ਕਵਿਤਾ ਹੈ , ਘਰੋਂ ਨਿਕਲਦਿਆਂ ਇੱਕ ਬਜ਼ੁਰਗ ਤੇ ਲਾਚਾਰ ਇਨਸਾਨ ਦਾ ਰਿਕਸ਼ਾ ਚਲਾਉਂਦੇ ਹੋਣਾ ਕਵਿਤਾ ਹੈ , ਭਰ ਠੰਡ ਵਿੱਚ ਬਿਨਾ ਪੂਰੇ ਕਪੜਿਆਂ ਤੋਂ ਠੇਡੇ ਖਾ ਰਹੀ ਮਾਸੂਮੀਅਤ ਵੀ ਕਵਿਤਾ ਹੈ , ਹਾਕਮ ਦਾ ਜ਼ਬਰ ਵੀ ਕਵਿਤਾ ਹੈ ਲੋਕਾਈ ਦਾ ਜ਼ੁਲਮ ਸਹਿਣਾ ਤੇ ਫੇਰ ਉਸ ਜ਼ੁਲਮ ਦੇ ਵਿਰੁੱਧ ਆਵਾਜ਼ ਚੁੱਕਣੀ ਵੀ ਕਵਿਤਾ ਹੈ। ਕਵਿਤਾ ਤਾਂ ਸਾਨੂੰ ਪਲ ਪਲ ਪੈਰ ਪੈਰ ਤੇ ਟੱਕਰਦੀ ਹੈ ਤੇ ਇੰਝ ਕਵਿਤਾ ਦੇ ਜਨਮ ਦਾ ਸਫ਼ਰ ਨਿਰੰਤਰ ਚਲਦਾ ਰਹਿੰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਹਰਕੇਸ਼ ਸਿੰਘ ਸਿੱਧੂ, ਤ੍ਰੈਲੋਚਨ ਲੋਚੀ, ਡਾ: ਸਰਜੀਤ ਸਿੰਘ ਗਿੱਲ, ਸਵਰਨਜੀਤ ਸਵੀ, ਡਾ: ਜਗਤਾਰ ਧੀਮਾਨ, ਹਰਕਰਨ ਸਿੰਘ ਵੈਦ, ਡਾ: ਹਰਬੰਸ ਸਿੰਘ ਧੀਮਾਨ, ਸਰਦਾਰਨੀ ਗੁਰਬਖ਼ਸ਼ ਕੌਰ ਮਾਂਗਟ,ਗੁਰਤੇਜ ਕੋਹਾਰਵਾਲਾ, ਡਾ: ਨਰਵਿੰਦਰ ਸਿੰਘ ਕੌਸ਼ਲ, ਡਾ: ਮੁਹੰਮਦ ਇਦਰੀਸ, ਕੰਵਰ ਜਸਵਿੰਦਰ ਸਿੰਘ, ਡਾ: ਰਤਨ ਸਿੰਘ ਢਿੱਲੋਂ, ਪ੍ਰੋ: ਸ਼ਰਨਜੀਤ ਕੌਰ ਲੋਚੀ, ਇਸ਼ਮੀਤ ਅਕਾਦਮੀ ਲੁਧਿਆਣਾ ਦੇ ਡਾਇਰੈਕਟਰ ਡਾ: ਚਰਨਕੰਵਲ ਸਿੰਘ , ਡਾ: ਅਮਰਜੀਤ ਕੌਰ ਪੀ ਏ ਯੂ, ਸਾਬਕਾ ਚੀਫ ਪਾਰਲੀਮਾਨੀ ਸਕੱਤਰ ਹਰੀਸ਼ ਰਾਏ ਢਾਂਡਾ, ਉੱਘੇ ਪੰਜਾਬੀ ਫਿਲਮੀ ਅਦਾਕਾਰਾ ਡਾ: ਸੁਨੀਤਾ ਧੀਰ, ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ,ਜਸਵੰਤ ਸਿੰਘ ਜ਼ਫ਼ਰ , ਡਾ: ਨਿਰਮਲ ਜੌੜਾ, ਗੁਰਪ੍ਰੀਤ ਸਿੰਘ ਤੂਰਆਈ ਪੀ ਐੱਸ ,ਸਤੀਸ਼ ਗੁਲਾਟੀ , ਕਨੇਡਾ ਤੋਂ ਇਕਬਾਲ ਮਾਹਲ, ਸ: ਤੇਜ ਪ੍ਰਤਾਪ ਸਿੰਘ ਸੰਧੂ ,ਸ: ਮਲਕੀਅਤ ਸਿੰਘ ਔਲਖ ,ਪ੍ਰੋ ਨਰਵਿੰਦਰ ਸਿੰਘ ਕੌਸ਼ਲ, ,ਡਾ: ਗੁਰਇਕਬਾਲ ਸਿੰਘ, ਪ੍ਰਿੰਸੀਪਲ ਧਰਮ ਸਿੰਘ ਸੰਧੂ, ਡਾ: ਸਾਂਵਲ ਧਾਮੀ, ਪ੍ਰੀਤਮ ਸਿੰਘ ਭਰੋਵਾਲ,ਜਸਪ੍ਰੀਤ ਕੌਰ ਫ਼ਲਕ ,ਨੀਲੂ ਬੱਗਾ ,ਪ੍ਰਿੰਸੀਪਲ ਕਮਲਜੀਤ ਕੌਰ, ਪ੍ਰਿੰਸੀਪਲ ਡਾ: ਜਸਵਿੰਦਰ ਕੌਰ ਮਾਂਗਟ ਆਦਿ ਹਾਜ਼ਰ ਸਨ।

ਫ਼ਲਸਫ਼ੇ ਦੀ ਕੰਗਾਲੀ ਦੇਸ਼ਾਂ, ਕੌਮਾਂ ਤੇ ਧਰਤੀਆਂ ਦੀ ਅਜ਼ਮਤ ਖਾ ਜਾਂਦੀ ਹੈ--ਜਸਟਿਸ ਜਸਬੀਰ ਸਿੰਘ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਆਪਕ ਡਾ: ਜਗਵਿੰਦਰ ਜੋਧਾ ਵਲੋਂ ਸੁਕਰਾਤ ਦੇ ਜੀਵਨ ਅਤੇ ਦਰਸ਼ਨ ਬਾਰੇ ਲਿਖੀ ਕਿਤਾਬ ਲੋਕ ਅਰਪਨ ਕਰਦਿਆਂ ਪੰਜਾਬ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੇ ਕਿਹਾ ਹੈ ਕਿ ਫਲਸਫੇ ਦੀ ਕੰਗਾਲੀ ਕੌਮਾਂ, ਦੇਸ਼ਾਂ ਤੇ ਧਰਤੀਆਂ ਦੀ ਅਜ਼ਮਤ ਨੂੰ ਖਾ ਜਾਂਦੀ ਹੈ। ਪੰਜਾਬ ਵਿਸ਼ਵ ਸੱਭਿਅਤਾ ਦਾ ਪੰਘੂੜਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੇ ਰਿਗ ਵੇਦ ਤੋਂ ਇਲਾਵਾ ਵਿਸ਼ਵ ਕਲਿਆਣਕਾਰੀ ਧਰਮ ਦੇ ਰੂਪ ਵਿੱਚ ਗੁਰੂ ਗਰੰਥ ਸਾਹਿਬ ਸੰਸਾਰ ਨੂੰ ਸਰਬੱਤ ਦੇ ਭਲੇ ਲਈ ਦਿੱਤਾ ਹੈ। ਅਫ਼ਲਾਤੂਨ,ਅਰਸਤੂ ਤੇ ਸੁਕਰਾਤ ਨੇ ਜੋ ਫ਼ਲਸਫ਼ਾ ਵਿਸ਼ਵ ਕਲਿਆਣ ਲਈ ਸਾਨੂੰ ਸੌਂਪਿਆ ਹੈ ਉਸ ਨੂੰ ਮਾਂ ਬੋਲੀ ਪੰਜਾਬੀ ਵਿੱਚ ਵਿਸਥਾਰਨ ਦੀ ਲੋੜ ਹੈ। ਉਨ੍ਹਾਂ ਪੰਜਾਬ ਖੇਤੀ ਯੂਨੀਵਰਸਿਟੀ ਨੂੰ ਇਸ ਗੱਲੋਂ ਮੁਬਾਰਕ ਦਿੱਤੀ ਕਿ ਉਸ ਦੇ ਪ੍ਰਬੁੱਧ ਅਧਿਆਪਕ ਡਾ : ਜਗਵਿੰਦਰ ਜੋਧਾ ਨੇ ਆਸਾਨ ਜ਼ੁਬਾਨ ਪੰਜਾਬੀ ਵਿੱਚ ਸੁਕਰਾਤ ਦੇ ਫਲਸਫੇ ਤੇ ਜ਼ਿੰਦਗੀ ਬਾਰੇ ਮਹੱਤਵ ਪੂਰਨ ਪੁਸਤਕ ਰਚੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਦੇ ਕਮੇਟੀ ਰੂਮ ਚ ਅੱਜ ਸੰਖੇਪ ਪਰ ਪ੍ਰਭਾਵਸ਼ਾਲੀ ਮੀਟਿੰਗ ਵਿਚ ਪੰਜਾਬ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ, ਹਰਿਆਣਾ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਪ੍ਰੀਤਮਪਾਲ, ਮਿਸਜ਼ ਪ੍ਰੀਤਮਪਾਲ, ਵਾਤਾਵਰਣ ਰੱਖਿਅਕ ਸੰਤ ਬਲਬੀਰ ਸਿੰਘ ਸੀਚੇਵਾਲ, ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ , ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ, ਡਾ: ਸੁਰਜੀਤ ਪਾਤਰ, ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ ਸ: ਹਰਪ੍ਰੀਤ ਸਿੰਘ ਸੰਧੂ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਇਹ ਪੁਸਤਕ ਲੋਕ ਅਰਪਣ ਕੀਤੀ। ਜਸਟਿਸ ਜਸਬੀਰ ਸਿੰਘ ਨੇ ਡਾ: ਸੁਰਜੀਤ ਪਾਤਰ, ਗੁਰਭਜਨ ਗਿੱਲ, ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਤੇ ਹਰਪ੍ਰੀਤ ਸਿੰਘ ਸੰਧੂ ਕੋਲੋਂ ਵਾਤਾਵਰਨ ਚੇਤਨਾ ਲਈ ਭਰਵੇਂ ਸਿਰਜਣਾਤਮਕ ਸਹਿਯੋਗ ਦੀ ਮੰਗ ਕੀਤੀ। ਹਰਿਆਣਾ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਪ੍ਰੀਤਮਪਾਲ ਨੇ ਕਿਹਾ ਕਿ ਪੁਸਤਕ ਦਾ ਹੋਰ ਭਾਸ਼ਾਵਾਂ ਚ ਅਨੁਵਾਦ ਕਰਵਾਉਣਾ ਚਾਹੀਦਾ ਹੈ ਪਰ ਮੈਂ ਪੰਜਾਬੀ ਵਿੱਚ ਹੀ ਪੜ੍ਹਾਂਗਾ ਕਿਉਂਕਿ ਮੈਂ ਦਸਵੀਂ ਦੇ ਪੱਧਰ ਤੀਕ ਪੰਜਾਬੀ ਪੜ੍ਹੀ ਹੋਈ ਹੈ। ਲੇਖਕ ਡਾ: ਜਗਵਿੰਦਰ ਜੋਧਾ ਨੂੰ ਆਸ਼ੀਰਵਾਦ ਦਿੰਦਿਆਂ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੀ ਸਾਹਿਤਕ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਪੀਏਯੂ ਨੂੰ ਖੇਤੀ ਵਿਗਿਆਨ ਦੇ ਖੇਤਰ ਵਿਚ ਅਕਾਦਮਿਕ,ਖੋਜ ਅਤੇ ਪਸਾਰ ਕਾਰਜਾਂ ਨਾਲ ਜੁੜੀ ਯੂਨੀਵਰਸਿਟੀ ਸਮਝਿਆ ਜਾਂਦਾ ਹੈ ਪਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਇਸ ਸੰਸਥਾ ਦੀ ਦੇਣ ਵੀ ਵਿਸ਼ੇਸ਼ ਜ਼ਿਕਰਯੋਗ ਹੈ। ਉਨ੍ਹਾਂ ਪ੍ਰੋ: ਮੋਹਨ ਸਿੰਘ , ਕੁਲਵੰਤ ਸਿੰਘ ਵਿਰਕ ,ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਬ , ਸੁਰਜੀਤ ਪਾਤਰ ਤੇ ਗੁਰਭਜਨ ਗਿੱਲ ਦਾ ਉਚੇਚਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖੀ ਹੋਂਦ ਨਾਲ ਜੁੜੇ ਵਿਸ਼ਿਆਂ ਤੇ ਫ਼ਲਸਫ਼ੇ ਬਾਰੇ ਹੋਰ ਖੋਜ ਕੰਮ ਕੀਤੇ ਜਾਣ ਦੀ ਗੁੰਜਾਇਸ਼ ਹੈ ਪਰ ਇਸ ਦੀ ਭਾਸ਼ਾ ਸਰਲ ਤੇ ਸੁਖੈਨ ਹੋਣੀ ਚਾਹੀਦੀ ਹੈ ਤਾਂ ਜੋ ਆਮ ਆਦਮੀ ਨੂੰ ਫਲਸਫੇ ਦੀ ਸੂਝ ਮਿਲ ਸਕੇ। ਸੁਕਰਾਤ ਕਿਤਾਬ ਬਾਰੇ ਜਾਣ-ਪਛਾਣ ਕਰਾਉਂਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਕਿਤਾਬ ਨੂੰ ਸੁਕਰਾਤ ਬਾਰੇ ਲਿਖੀ ਪੰਜਾਬੀ ਦੀ ਪਹਿਲੀ ਮਹੱਤਵਪੂਰਨ ਕਿਤਾਬ ਕਿਹਾ। ਉਨ੍ਹਾਂ ਕਿਹਾ ਕਿ ਭਾਵੇਂ ਸੁਕਰਾਤ ਬਾਰੇ ਪਹਿਲਾਂ ਕੁਝ ਜੀਵਨੀਮੂਲਕ ਕੋਸ਼ਿਸ਼ਾਂ ਹੋਈਆਂ ਹਨ ਪਰ ਇਹ ਰਚਨਾ ਪ੍ਰਚਲਿਤ ਮਿੱਥਾਂ ਦੀ ਜਗ੍ਹਾ ਉਸ ਦੌਰ ਦੇ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਲਿਖੀ ਮਹੱਤਵਪੂਰਨ ਕਿਰਤ ਹੈ ਜੋ ਕਿਸੇ ਸ਼ਖਸੀਅਤ ਦੀ ਉਸਾਰੀ ਵਿਚ ਵਿਚਾਰਾਂ ਦੇ ਮਹੱਤਵ ਬਾਰੇ ਬਹੁਤ ਅਹਿਮ ਪੱਖ ਸਾਮਣੇ ਲਿਆਉਂਦੀ ਹੈ। ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਵਿਸ਼ਵ ਪ੍ਰਸਿੱਧ ਕਵੀ ਡਾ ਸੁਰਜੀਤ ਪਾਤਰ ਨੇ ਇਸ ਕਿਤਾਬ ਨੂੰ ਵਿਲੱਖਣ ਮੋਨੋਗਰਾਫ਼ ਕਹਿੰਦਿਆਂ ਜਗਵਿੰਦਰ ਜੋਧਾ ਨੂੰ ਲਗਾਤਾਰ ਮਿਹਨਤ ਨਾਲ ਇਵੇਂ ਹੀ ਲਿਖਦੇ ਰਹਿਣ ਲਈ ਪ੍ਰੇਰਿਤ ਕੀਤਾ। ਡਾ: ਜਗਵਿੰਦਰ ਜੋਧਾ ਨੇ ਕਿਹਾ ਕਿ ਮੈਨੂੰ ਕਈ ਦੋਸਤਾਂ ਨੇ ਪੁੱਛਿਆ ਕਿ ਤੂੰ ਸੁਕਰਾਤ ਕਿਤਾਬ ਕਿਸ ਲਈ ਲਿਖੀ ਹੈ? ਮੇਰਾ ਇਹੀ ਜਵਾਬ ਹੈ ਕਿ ਇਹ ਮੈਂ ਆਪਣੇ ਆਪ ਲਈ ਲਿਖੀ ਹੈ ਤਾਂ ਜੋ ਮੈਂ ਸੁਕਰਾਤ ਨੂੰ ਸਮਝ ਸਕਾਂ। ਉਸ ਕਿਹਾ ਕਿ ਹੁਣ ਮੈਂ ਬਾਬਾ ਫ਼ਰੀਦ ਤੇ ਹੋਰ ਸੂਫ਼ੀ ਕਵੀਆਂ ਬਾਰੇ ਵੀ ਲਿਖ ਰਿਹਾਂ। ਇਸ ਮੌਕੇ ਵਾਤਾਵਰਣ ਰਖਵਾਲੀ ਲਈ ਯਤਨਸ਼ੀਲ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਦਾਰਸ਼ਨਿਕ ਸੋਚ ਨਾਲ ਜੋੜਨ ਲਈ ਇਹੋ ਜਹਾਂ ਮੁੱਲਵਾਨ ਕਿਤਾਬਾਂ ਦੀ ਬੇਅੰਤ ਲੋੜ ਹੈ। ਇਸ ਮੌਕੇ ਪੰਜਾਬ ਵਾਤਾਵਰਨ ਪਰਦੂਸ਼ਨ ਬੋਰਡ ਦੇ ਚੇਅਰਮੈਨ ਡਾ: ਪੰਜਾਬ ਸਿੰਘ ਮਰਵਾਹਾ,ਸੀਨੀਅਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿਖਿਆ ਡਾ:ਜਸਕਰਨ ਸਿੰਘ ਮਾਹਲ,ਡਾ: ਪਰਦੀਪ ਕੁਮਾਰ ਖੰਨਾ, ਡਾ: ਜਸਪਾਲ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਡਾ: ਬਲਵਿੰਦਰ ਸਿੰਘ ਬੁਟਾਹਰੀ, ਕ੍ਰਿਸ਼ੀ ਕਰਮਨ ਪੁਰਸਕਾਰ ਵਿਜੇਤਾ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ, ਡਾ: ਚਰਨਜੀਤ ਸਿੰਘ ਨਾਭਾ ,ਸੰਦੀਪ ਬਹਿਲ,ਤੇ ਕਈ ਹੋਰ ਮਹੱਤਵ ਪੂਰਨ ਸ਼ਖ਼ਸੀਅਤਾਂ ਹਾਜ਼ਰ ਸਨ।

ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਦੀ ਇੱਕ ਹਫ਼ਤੇ ਵਿੱਚ ਹੋਵੇਗੀ ਮੁਰੰਮਤ, ਕੰਮ ਸੋਮਵਾਰ ਤੋਂ ਹੋਵੇਗਾ ਸ਼ੁਰੂ-ਆਸ਼ੂ

ਨਗਰ ਨਿਗਮ ਦੀਆਂ ਬੀ ਐਂਡ ਆਰ ਅਤੇ ਸਿਹਤ ਸਾਖ਼ਾਵਾਂ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੀ ਮੁਰੰਮਤ ਇੱਕ ਹਫ਼ਤੇ ਵਿੱਚ ਕੀਤੀ ਜਾਵੇਗੀ, ਜਿਸ ਨਾਲ ਇਨਾਂ ਸੜਕਾਂ ਨੂੰ ਟੋਇਆਂ ਤੋਂ ਮੁਕਤ ਕਰ ਦਿੱਤਾ ਜਾਵੇਗਾ। ਇਸ ਸੰਬੰਧੀ ਨਗਰ ਨਿਗਮ ਦੀ ਬੀ ਐਂਡ ਆਰ ਸ਼ਾਖ਼ਾ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨਾਂ ਅੱਜ ਨਗਰ ਨਿਗਮ ਦੇ ਸਥਾਨਕ ਜ਼ੋਨ-ਡੀ ਦਫ਼ਤਰ ਵਿਖੇ ਬੀ ਐਂਡ ਆਰ ਅਤੇ ਸਿਹਤ ਸ਼ਾਖ਼ਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਹੋਰ ਵੀ ਹਾਜ਼ਰ ਸਨ। ਸਿਹਤ ਸ਼ਾਖਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਆਸ਼ੂ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਇੱਕ ਹਫ਼ਤੇ ਵਿੱਚ ਸਫ਼ਾਈ ਕੀਤੀ ਜਾਣੀ ਅਤੇ ਸੈਕੰਡਰੀ ਕੁਲੈਕਸ਼ਨ ਪੁਆਇੰਟਾਂ ਤੋਂ ਰੋਜ਼ਾਨਾ ਦੋ ਵਾਰ ਕੂੜਾ ਚੁੱਕਣਾ ਯਕੀਨੀ ਬਣਾਇਆ ਜਾਵੇ। ਸਫਾਈ ਦਾ ਕੰਮ ਵਧੀਆ ਤਰੀਕੇ ਨਾਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਬੀ ਐਂਡ ਆਰ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਆਸ਼ੂ ਨੇ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੀ ਲੋੜੀਂਦੀ ਮੁਰੰਮਤ ਸੋਮਵਾਰ ਤੋਂ ਸ਼ੁਰੂ ਕਰ ਦਿੱਤੀ ਜਾਵੇ ਅਤੇ ਟੋਏ ਪੂਰਨ ਦਾ ਕੰਮ ਇੱਕ ਹਫ਼ਤੇ ਵਿੱਚ ਮੁਕੰਮਲ ਕੀਤਾ ਜਾਵੇ। ਇਸ ਕੰਮ ਵਿੱਚ ਕਿਸੇ ਵੀ ਤਰਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਵਾਟਰ ਰੀਚਾਰਜ ਪੁਆਇੰਟਾਂ (ਰੋਡ ਜਾਅਲੀਆਂ) ਨੂੰ ਵੀ ਤੁਰੰਤ ਸਾਫ਼ ਕਰਨ ਅਤੇ ਕੁਨੈਕਟੀਵਿਟੀ ਚੈੱਕ ਕਰਨ ਬਾਰੇ ਕਿਹਾ। ਉਨਾਂ ਕਿਹਾ ਕਿ ਉਹ ਇਨਾਂ ਕੰਮਾਂ ਦਾ ਅਗਲੇ ਹਫ਼ਤੇ ਫਿਰ ਰਿਵਿਊ ਕਰਨਗੇ। ਮੀਟਿੰਗ ਦੌਰਾਨ ਆਸ਼ੂ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀ ਭਲਾਈ ਲਈ ਹਰ ਕਦਮ ਉਠਾਉਣ ਲਈ ਵਚਨਬੱਧ ਹਨ ਤਾਂ ਹੀ ਉਹ ਸਮੇਂ-ਸਮੇਂ 'ਤੇ ਸਾਰੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਾਂਦਾ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਸ਼ਹਿਰ ਵਾਸੀਆਂ ਨੂੰ ਹਰ ਤਰਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

ਮੁੱਲਾਂਪੁਰ-ਦਾਖਾ ਗੁਰਦੁਆਰਾ ਸ੍ਰੀ ਹਰਿਗੋਬਿੰਦ ਸਾਹਿਬ ਪ੍ਰਬੰਧਾਂ ਲਈ ਸਤਵਿੰਦਰ ਕੌਰ ਸੇਖੋਂ ਨੂੰ ਪ੍ਰਧਾਨ ਚੁਣਿਆ

ਮੁੱਲਾਂਪੁਰ ਦਾਖਾ/ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਮੰਡੀ ਮੁੱਲਾਂਪੁਰ ਦਾਖਾ ਦੀ ਰਾਏਕੋਟ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਬਲਵਿੰਦਰ ਸਿੰਘ ਸੇਖੋਂ ਦੇ ਅਕਾਲ ਚਲਾਣੇ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਉਸਾਰੂ ਬਣਾਈ ਰੱਖਣ ਲਈ ਸਮੁੱਚੀ ਪ੍ਰਬੰਧਕੀ ਕਮੇਟੀ, ਸ਼ਹਿਰ ਦੀਆਂ ਵੱਖੋ-ਵੱਖ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆ ਅਤੇ ਗੁਰਮਤਿ ਗ੍ਰੰਥੀ ਸਭਾ ਦੇ ਅਹੁਦੇਦਾਰਾਂ, ਸ਼ਹਿਰ ਦੇ ਪਤਵੰਤਿਆਂ, ਗੁਰਸਿੱਖਾਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਅੰਦਰ ਹੋਈ | ਸਵ: ਬਲਵਿੰਦਰ ਸਿੰਘ ਸੇਖੋਂ ਵਲੋਂ 2 ਦਹਾਕੇ ਤੋਂ ਵੱਧ ਸਮਾਂ ਗੁਰਦੁਆਰਾ ਸਾਹਿਬ ਦੀ ਸੇਵਾ, ਸੁਚਾਰੂੂ ਪ੍ਰਬੰਧਾਂ ਦੀ ਸ਼ਲਾਘਾ ਬਾਅਦ ਆਪਸੀ ਸਹਿਮਤੀ ਨਾਲ ਫ਼ੈਸਲਾ ਹੋਇਆ ਕਿ ਗੁਰੂ ਘਰ ਨਾਲ ਜੁੜੇ ਰਹੇ ਸਵ: ਬਲਵਿੰਦਰ ਸਿੰਘ ਸੇਖੋਂ ਦੀ ਥਾਂ ਹੁਣ ਉਨ੍ਹਾਂ ਦੀ ਧਰਮ ਪਤਨੀ ਬੀਬੀ ਸਤਵਿੰਦਰ ਕੌਰ ਸੇਖੋਂ ਨੂੰ ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਮੰਡੀ ਮੁੱਲਾਂਪੁਰ ਲਈ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਚੁਣਿਆ ਜਾਵੇ | ਜੈਕਾਰਿਆਂ ਦੀ ਗੂੰਜ ਵਿਚ ਬੀਬੀ ਸਤਵਿੰਦਰ ਕੌਰ ਸੇਖੋਂ ਨੂੰ ਸਿਰੋਪਾਓ ਪਾ ਕੇ ਸੰਗਤ ਵਲੋਂ ਪ੍ਰਧਾਨ ਦੀ ਸੇਵਾ ਸੰਭਾਲੀ ਗਈ | ਸੰਗਤ ਵਲੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੀ ਜਾਣ 'ਤੇ ਪ੍ਰਧਾਨ ਬੀਬੀ ਸਤਵਿੰਦਰ ਕੌਰ ਕਿਹਾ ਕਿ ਉਹ ਗੁਰਦੁਆਰਾ ਪ੍ਰਬੰਧਾਂ ਨੂੰ ਉਸਾਰੂ ਬਣਾਉਣ ਦੇ ਨਾਲ ਸਿੱਖੀ ਦੇ ਪ੍ਰਚਾਰ, ਪਸਾਰ ਨੂੰ ਅਹਿਮੀਅਤ ਦੇਵੇਗੀ | ਪ੍ਰਧਾਨ ਸਤਵਿੰਦਰ ਕੌਰ ਕਿਹਾ ਕਿ ਉਹ ਧਰਮ ਪ੍ਰਚਾਰ ਦੇ ਨਾਲ ਸਮਾਜਿਕ ਜਥੇਬੰਦੀਆ ਵਲੋਂ ਨਸ਼ਿਆਂ ਵਿਰੁੱਧ ਲਹਿਰ ਨੂੰ ਪੂਰਾ ਸਹਿਯੋਗ ਕਰੇਗੀ | ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੰਡੀ ਮੁੱਲਾਂਪੁਰ ਦੇ ਪ੍ਰਬੰਧਾਂ ਲਈ ਪ੍ਰਧਾਨ ਚੁਣੀ ਬੀਬੀ ਸਤਵਿੰਦਰ ਕੌਰ ਨੂੰ ਮੀਰੀ-ਪੀਰੀ ਮਾਲਵਾ ਢਾਡੀ ਸਭਾ ਦੇ ਪ੍ਰਬੰਧਕਾਂ ਵਲੋਂ ਵਧਾਈ ਦਿੱਤੀ ਗਈ |ਉਸ ਸਮੇ ਓਹਨਾ ਨਾਲ ਮੰਜੂਦ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਵਰਿਗਟਨ ਇੰਗਲੈਂਡ ਦੇ ਟਰੱਸਟੀ ਸ ਪਰਮਜੀਤ ਸਿੰਘ ਸੇਖੋਂ, ਪਰਮਜੀਤ ਕੌਰ ਸੇਖੋਂ ਇੰਗਲੈਂਡ ਅਤੇ ਇਲਾਕੇ ਦੀਆਂ ਸਤਿਕਾਰ ਯੋਗ ਸਖਸਿਤਾ।

ਜਰਨੈਲ ਸਾਮ ਸਿੰਘ ਅਟਾਰੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ ।

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਸਿੱਖ ਕੌਮ ਦੇ ਨਿਧੜਕ ਜਰਨੈਲ ਸਾਮ ਸਿੰਘ ਅਟਾਰੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਅੱਜ (09 ਫਰਵਰੀ) ਉਨਾ ਦੇ ਜੱਦੀ ਪਿੰਡ ਕਾਉਂਕੇ ਕਲਾਂ ਵਿਖੇ ਸਾਮ ਸਿੰਘ ਅਟਾਰੀ ਨੌਜਵਾਨ ਸਭਾ ਵੱਲੋ ਗੁਰੁ ਮਹਾਰਾਜ ਜੀ ਦੀ ਹਜੂਰੀ ਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਮੌਕੇ ਹਲਕੇ ਦੀਆਂ ਪੱ੍ਰਮੁਖ ਸਖਸੀਅਤਾਂ ਹਾਜਰੀ ਭਰਨਗੀਆਂ।ਗੁਰਪ੍ਰੀਤ ਸਿੰਘ ਗੋਪੀ ਤੇ ਤੋਤਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਪੱਤੀ ਬਹਿਲਾ ਤੋ ਰਵਾਨਾ ਹੋਇਆ ਨਗਰ ਕੀਰਤਨ ਪਿੰਡ ਦੇ ਵੱਖ ਵੱਖ ਪੜਾਵਾਂ ਤੇ ਗੁਰੁ ਘਰ ਦਾ ਜਸ ਗਾਉਂਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਤੇ ਪੱਤੀ ਸਾਮ ਸਿੰਘ ਕੰਨਿਆਂ ਹਾਈ ਸਕੂਲ ਵਿਖੇ ਪ੍ਰਕਾਸ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 10 ਫਰਵਰੀ ਨੂੰ ਪਾਏ ਜਾਣਗੇ।ਇਸ ਸਮੇ ਉਨਾ ਨਾਲ ਸਰਪ੍ਰੀਤ ਸਿੰਘ ਕਾਉਂਕੇ,ਕੁਲਦੀਪ ਸਿੰਘ ਕੀਪਾ,ਗੁਰਚਰਨ ਸਿੰਘ,ਪਵਨਦੀਪ ਸਿੰਘ,ਗੁਰਚਰਨ ਸਿੰਘ ਸੈਲੇਕਾ,ਸੁਖਦੇਵ ਸਿੰਘ ਸੁੱਖੀ,ਗੁਰਮੀਤ ਸਿੰਘ,ਕੁਲਦੀਪ ਸਿੰਘ,ਨਿਰਮਲ ਸਿੰਘ ਨਛੱਤਰ ਸਿੰਘ,ਸਵਰਨਜੀਤ ਸਿੰਘ,ਪਵਨਦੀਪ ਸਿੰਘ ਆਦਿ ਨੌਜਵਾਨ ਵੀ ਹਾਜਿਰ ਸਨ।

ਹਲਵਾਰਾ ਹਵਾਈ ਅੱਡੇ ਵਿਖੇ ਅੰਤਰਰਾਸ਼ਟਰੀ ਸਿਵਲ ਟਰਮੀਨਲ ਲਈ ਜ਼ਮੀਨ ਅਧਿਗ੍ਰਹਿਣ ਲਈ ਅਵਾਰਡ ਐਲਾਨੇ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 

ਹਲਵਾਰਾ ਹਵਾਈ ਅੱਡਾ ਵਿਖੇ ਅੰਤਰਰਾਸ਼ਟਰੀ ਸਿਵਲ ਟਰਮੀਨਲ ਲਈ ਪਿੰਡ ਐਤੀਆਣਾ ਦੀ ਜ਼ਮੀਨ ਅਧਿਗ੍ਰਹਿਣ ਕੀਤੀ ਜਾਣੀ ਹੈ, ਜਿਸ ਲਈ ਅੱਜ ਗਲਾਡਾ (ਗਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ) ਦੇ ਭੌਂ ਪ੍ਰਾਪਤੀ ਕੁਲੈਕਟਰ ਭੁਪਿੰਦਰ ਸਿੰਘ ਨੇ ਐਕਵਾਇਰ ਕੀਤੀ ਜਾਣ ਵਾਲੀ 161.2703 ਏਕੜ ਭੌਂ ਦੇ ਰੇਟ, ਜੋ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕੀਤੇ ਗਏ ਹਨ, ਦੇ ਅਵਾਰਡ ਐਲਾਨ ਕਰ ਦਿੱਤੇ ਗਏ। ਇਹ ਐਲਾਨ ਅੱਜ ਗਲਾਡਾ ਦੇ ਦਫ਼ਤਰ ਵਿਖੇ ਦੁਪਹਿਰ 1 ਵਜੇ ਭੌਂ ਮਾਲਕਾਂ/ਪ੍ਰਭਾਵਿਤ ਲੋਕਾਂ ਦੀ ਹਾਜ਼ਰੀ ਵਿੱਚ ਐਲਾਨੇ ਗਏ। ਇਸ ਸੰਬੰਧੀ ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਵਾਰਡ ਗਲਾਡਾ ਦੀ ਸਰਕਾਰੀ ਵੈੱਬਸਾਈਟ  http://glada.gov.in/ 'ਤੇ ਅਪਲੋਡ ਕਰ ਦਿੱਤੇ ਗਏ ਹਨ। ਜੋ ਭੌਂ ਮਾਲਕ/ਪ੍ਰਭਾਵਿਤ ਲੋਕ ਅਵਾਰਡ ਐਲਾਨਣ ਮੌਕੇ ਹਾਜ਼ਰ ਨਹੀਂ ਸਨ, ਉਨਾਂ ਨੂੰ ਭੌਂ ਪ੍ਰਾਪਤੀ ਐਕਟ 2013 ਦੀ ਧਾਰਾ 37(2) ਤਹਿਤ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਕਿ ਉਹ ਭੌਂ ਅਵਾਰਡ ਦੇ ਐਲਾਨ ਹੋਣ ਦੇ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਆਈ. ਡੀ. ਪਰੂਫ਼, ਭੌਂ ਨਾਲ ਸੰਬੰਧਤ ਦਸਤਾਵੇਜ, ਪੈੱਨ ਕਾਰਡ ਆਦਿ ਪੇਸ਼ ਕਰਕੇ ਬਣਦਾ ਮੁਆਵਜ਼ਾ ਉਕਤ ਦਫ਼ਤਰ ਵਿੱਚੋਂ ਪ੍ਰਾਪਤ ਕਰ ਲੈਣ। ਉਨਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਬਣਦੇ ਮੁਆਵਜੇ ਦੀ ਰਕਮ ਰੈਫਰੈਂਸ ਕੋਰਟ ਵਿੱਚ ਜਮਾਂ ਕਰਵਾ ਦਿੱਤੀ ਜਾਵੇਗੀ।

ਪਿੰਡ ਗਾਲਿਬ ਕਲਾਂ ਇਕ ਪਲਾਟ ਦੇ ਝਗੜੇ ਨੂੰ ਲੈ ਕੇ ਔਰਤ ਦੀ ਕੱੁਟਮਾਰ,5 ਖਿਲਾਫ ਮਾਮਲਾ ਦਰਜ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਵਿਖੇ ਇਕ ਪਲਾਟ ਦੇ ਝਗੜੇ ਨੂੰ ਲੈ ਕੇ ਔਰਤ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਕੋਰ ਪਤਨੀ ਪ੍ਰਿਤਪਾਲ ਸਿੰਘ ਵਾਸੀ ਗਾਲਿਬ ਕਲਾਂ ਨੇ ਦੱਸਿਆ ਕਿ ਉਸਦੇ ਪਿੰਡ 'ਚ 2 ਕਨਾਲ ਦਾ ਪਲਾਟ ਹੈ ਜਿਸ ਵਿੱਚ ਕੰਧ ਕੱਢੀ ਸੀ ।ਦੱਸਿਆ ਕਿ ਗੁਰਪ੍ਰੀਤ ਸਿੰਘ ਪੱੁਤਰ ਦਵਿੰਦਰ ਸਿੰਘ ਅਤੇ ਜਸਪਾਲ ਸਿੰਘ ਉਰਪ ਪਾਲੀ ਪੱੁਤਰ ਚਮਕੋਰ ਸਿੰਘ ਨੇ ਪਲਾਟ ਦੀ ਕੰਧ ਢਾਹ ਦਿੱਤੀ।ਸਰਬਜੀਤ ਕੋਰ ਨੇ ਦੱਸਿਆ ਕਿ ਜਦੋ ਮੈ ਉਨ੍ਹਾਂ ਅਜਿਹਾ ਕਰਨ ਤੋ ਰੋਕਿਆ ਤਾਂ ਇਨ੍ਹਾਂ ਨੇ ਮੇਰੀ ਕੱੁਟਮਾਰ ਕੀਤੀ। ਇਸ ਸਬੰਧੀ ਪੁਲਿਸ ਚੋਕੀ ਗਾਲਿਬ ਕਲਾਂ ਦੇ ਇੰਚਾਰਜ ਪਰਮਜੀਤ ਸਿੰਘ ਵਲੋ ਸਰਬਜੀਤ ਕੋਰ ਦੇ ਬਿਆਨਾਂ ਤੇ ਉਕਤ ਗੁਰਪ੍ਰੀਤ ਸਿੰਘ,ਜਸਪਾਲ ਸਿੰਘ,ਹਰਿੰਦਰ ਕੋਰ ਪਤਨੀ ਦਵਿੰਦਰ ਸਿੰਘ,ਕਰਮਜੀਤ ਕੌਰ ਪਤਨੀ ਮਨਜਿੰਦਰ ਸਿੰਘ ਅਤੇ ਹਰਦੀਪ ਕੋਰ ਵਾਸੀਅਨ ਗਾਲਿਬ ਕਲਾਂ ਖਿਲਾਫ ਮਾਮਲਾ ਦਰਜ ਕੀਤਾ ਹੈ।