ਹਾਕਮਾਂ ਦਾ ਹੁਕਮ! ✍️. ਸਲੇਮਪੁਰੀ ਦੀ ਚੂੰਢੀ

 ਹਾਕਮਾਂ ਦਾ ਹੁਕਮ!
- ਦੇਸ਼ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਦੇਸ਼ ਦੇ ਹਾਕਮਾਂ ਨੇ ਅਜਾਦੀ ਦਿਵਸ ਮੌਕੇ ਲੋਕਾਂ ਨੂੰ ਜਬਰੀ ਕੌਮੀ ਝੰਡਾ ਵੇਚ ਕੇ ਘਰ ਘਰ ਤਿਰੰਗਾ ਲਹਿਰਾਉਣ ਲਈ ਹੁਕਮ ਦਿੱਤਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤਿਰੰਗਾ ਝੰਡਾ ਸਾਡਾ ਮਾਣ ਹੈ, ਸ਼ਾਨ ਹੈ, ਜਾਨ ਹੈ!
ਫਿਰ ਸਰਕਾਰ ਨੂੰ ਇਹ ਹੁਕਮ ਜਾਰੀ ਕਰਨ ਲਈ ਮਜਬੂਰ ਕਿਉਂ ਹੋਣਾ ਪਿਆ, ਕਿ ਹਰ ਘਰ ਤਿਰੰਗਾ ਲਹਿਰਾਇਆ ਜਾਵੇ? ਹੁਕਮਰਾਨਾਂ ਨੇ ਕੌਮੀ ਤਿਰੰਗਾ ਝੰਡਾ ਕਿਸੇ ਨੂੰ ਮੁਫਤ ਨਹੀਂ ਦਿੱਤਾ, ਸਗੋਂ ਵੇਚਿਆ ਹੈ, ਵੇਚਿਆ ਵੀ ਪਿਆਰ ਨਾਲ ਨਹੀਂ, ਜਬਰੀ ਵੇਚਿਆ ਹੈ। ਝੰਡੇ ਨੂੰ ਲੈ ਕੇ ਹੁਕਮਰਾਨਾਂ ਨੇ ਹੁਕਮ ਦਿੱਤਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚੋਂ ਪੈਸੇ ਕੱਟੇ ਜਾਣ, ਦੇਸ਼ ਦੇ ਕਈ ਹਿੱਸਿਆਂ ਵਿਚ ਤਾਂ ਮੁਫਤ ਦਾਲ ਆਟਾ ਲੈਣ ਵਾਲੇ ਗਰੀਬ ਲੋਕਾਂ ਜਿਨ੍ਹਾਂ ਕੋਲ ਪੈਸੇ ਨਹੀਂ ਸਨ, ਦੇ ਰਾਸ਼ਨ ਵਿਚੋਂ ਕਟੌਤੀ ਕਰਕੇ ਜਬਰੀ ਉਨ੍ਹਾਂ ਦੇ ਹੱਥਾਂ ਵਿਚ ਝੰਡਾ ਫੜਾ ਦਿੱਤਾ। ਗਰੀਬ ਲੋਕਾਂ ਨੇ ਵਾਸਤਾ ਪਾਇਆ ਕਿ ਉਨ੍ਹਾਂ ਨੂੰ ਝੰਡਾ ਨਹੀਂ , ਭੁੱਖੇ ਢਿੱਡ ਨੂੰ ਝੁਲਕਾ ਦੇਣ ਲਈ ਰੋਟੀ ਚਾਹੀਦੀ ਆ, ਝੰਡਾ ਲਹਿਰਾਉਣ ਲਈ ਘਰ ਚਾਹੀਦਾ! ਘਰ!! 
 ਪੰਜਾਬ ਦੀ ਆਰਥਿਕਤਾ ਦਾ ਧੁਰਾ ਦੇ ਨਾਂ ਨਾਲ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਖਾਸ ਕਰਕੇ ਪਾਸ਼ ਇਲਾਕਿਆਂ ਵਿਚ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਉਪਰ  ਹਜਾਰਾਂ ਘਰਾਂ ਪਿਛੇ ਕਿਤੇ ਕਿਤੇ ਕੋਈ ਝੰਡਾ ਲਹਿਰਾਉਂਦਾ ਦਿਸਿਆ! ਹਾਂ ਝੁੱਗੀਆਂ ਉਪਰ ਕਈ ਥਾਈਂ ਤਿਰੰਗਾ ਜਰੂਰ ਦਿਖਾਈ ਦਿੱਤਾ, ਕੁੱਝ ਕੁ ਗਰੀਬਾਂ ਦੇ ਆਪਣੇ ਸਾਇਕਲਾਂ, ਮੋਟਰਸਾਈਕਲਾਂ ਉਪਰ  ਤਿਰੰਗੇ ਝੰਡੇ ਲੱਗੇ ਹੋਏ ਵੀ ਸਾਹਮਣੇ ਆਏ!
ਜਿਹੜੇ ਲੋਕ ਅਜਾਦੀ ਦਾ ਅਨੰਦ ਮਾਣ ਰਹੇ ਹਨ, ਉਨ੍ਹਾਂ ਕੋਲ ਵੱਡੇ ਵੱਡੇ ਮਹੱਲ-ਨੁਮਾ ਘਰ ਹਨ, ਮਹਿੰਗੀਆਂ ਕਾਰਾਂ ਰੱਖੀਆਂ ਹੋਈਆਂ ਹਨ, ਉਨ੍ਹਾਂ ਦੇ ਘਰਾਂ ਉਪਰ ਤਾਂ ਕਿਤੇ ਵੀ ਝੰਡਾ ਦਿਖਾਈ ਹੀ ਨਹੀਂ ਦਿੱਤਾ। ਟਾਵੇਂ ਟੱਲੇ ਘਰ ਉਪਰ ਤਿਰੰਗੇ ਦੇ ਨਾਲ ਨਾਲ ਕੇਸਰੀ ਝੰਡਾ ਵੀ ਝੂਲਦਾ ਦਿਖਾਈ ਦਿੱਤਾ। ਹਾਕਮਾਂ ਵਲੋਂ ਕਰੋੜਾਂ ਦੀ ਗਿਣਤੀ ਵਿਚ ਆਪਣੇ ਮੁਲਾਜ਼ਮਾਂ ਅਤੇ ਲੋਕਾਂ ਨੂੰ ਕੌਮੀ ਝੰਡੇ ਵੇਚੇ ਗਏ, ਪਰ ਘਰਾਂ ਦੀਆਂ ਛੱਤਾਂ ਉਪਰ ਝੂਲਦੇ ਕਿਤੇ ਵੀ ਦਿਖਾਈ ਨਹੀਂ ਦਿੱਤੇ, ਕਿਉਂ?
ਜਾਪਦਾ ਹੈ ਕਿ ਦੇਸ਼ ਦੇ ਗੰਧਲੇ ਹੋਏ ਸਿਸਟਮ ਵਿਰੁੱਧ ਲੋਕਾਂ ਦੇ ਦਿਲਾਂ ਵਿਚ ਰੋਸ ਦੀ ਅੱਗ ਭਾਂਬੜ ਬਣ ਕੇ ਮੱਚ ਰਹੀ ਹੈ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਦੇਸ਼ ਦੇ ਰੋਮ ਰੋਮ ਵਿਚ ਫੈਲੇ ਭ੍ਰਿਸ਼ਟਾਚਾਰ ਤੋਂ ਲੋਕ ਬਹੁਤ ਦੁਖੀ ਹਨ, ਜਾਤ-ਪਾਤ ਦਾ ਬੋਲਬਾਲਾ ਘਟਣ ਦੀ ਬਜਾਏ ਦਿਨ-ਬ-ਦਿਨ ਵੱਧਦਾ ਜਾ ਰਿਹਾ, ਭੁੱਖਮਰੀ ਅਤੇ ਬੇਰੁਜ਼ਗਾਰੀ ਨੇ ਲੋਕਾਂ ਦਾ ਜੀਣਾ ਦੁੱਭਰ ਕਰਕੇ ਰੱਖ ਦਿੱਤਾ ਹੈ, ਫਿਰਕਾਪ੍ਰਸਤੀ ਭੂਸਰੇ ਹੋਏ ਸਾਨ੍ਹ ਵਾਗੂੰ ਢੁੱਡਾਂ ਮਾਰਦੀ ਫਿਰਦੀ ਹੈ। ਦੇਸ਼ ਵਿਚ ਅੰਬਾਨੀਆਂ-ਅਡਾਨੀਆਂ ਸਮੇਤ ਹੋਰ ਕਈ ਵੱਡੇ ਵੱਡੇ ਸਰਮਾਏਦਾਰ ਘਰਾਣਿਆਂ ਦਾ ਕਬਜਾ ਹੋਣ ਕਰਕੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦੇ ਨਾਸੀੰ ਧੂੰਆਂ ਆ ਗਿਆ ਹੈ, ਜਿਸ ਕਰਕੇ ਹੁਕਮਰਾਨਾਂ ਪ੍ਰਤੀ ਰੋਸ ਹੈ, ਹਾਲਾਂਕਿ  ਦੇਸ਼ ਵਿਚ ਹੋ ਰਹੀ ਲੁੱਟ ਖਸੁੱਟ ਦਾ ਉਨ੍ਹਾਂ ਨੂੰ ਬਹੁਤ ਦਰਦ ਹੈ, ਪੀੜ੍ਹਾ ਹੈ । ਉਹ ਦੇਸ਼ ਨੂੰ ਪਿਆਰ ਕਰਦੇ ਹਨ, ਤਿਰੰਗੇ ਦਾ ਸਤਿਕਾਰ ਕਰਦੇ ਹਨ, ਪਰ ਉਹ ਆਪਣੇ ਹੀ ਦੇਸ਼ ਵਿਚ ਆਪਣੇ ਆਪ ਨੂੰ ਲੁੱਟਿਆ, ਕੁੱਟਿਆ ਅਤੇ ਟੁੱਟਿਆ, ਟੁੱਟਿਆ ਮਹਿਸੂਸ ਕਰ ਰਹੇ ਹਨ।
ਅਜਾਦੀ ਤੋਂ ਪਹਿਲਾਂ ਗੋਰਿਆਂ ਨੇ ਦੇਸ਼ ਨੂੰ ਲੁੱਟਿਆ, ਪਰ ਅਜਾਦੀ ਤੋਂ ਬਾਅਦ ਆਪਣੇ ਹੀ ਘਰ ਵਿਚ ਆਪਣਿਆਂ ਨੇ ਆਪਣਿਆਂ ਨੂੰ ਕੇਵਲ ਲੁੱਟਿਆ ਹੀ ਨਹੀਂ ਬਲਕਿ ਕੁੱਟਿਆ ਵੀ ਬਹੁਤ ਹੈ, ਜੋ ਹੁਣ ਵੀ ਜਾਰੀ ਹੈ। ਹੁਕਮਰਾਨ ਅਤੇ ਉਨ੍ਹਾਂ ਦੇ ਭਾਈਵਾਲ ਦੇਸ਼ ਨੂੰ ਲੁੱਟਣ ਲਈ ਜੁੱਟੇ ਹੋਏ ਹਨ, ਕਰਜੇ ਦੇ ਰੂਪ ਵਿਚ ਬੈਂਕਾਂ ਲੁਟਾਈਆਂ ਜਾ ਰਹੀਆਂ ਹਨ। ਹਾਕਮਾਂ ਨੇ ਕਦੀ ਵੀ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਦੀ ਪ੍ਰਵਾਹ ਨਹੀਂ ਕੀਤੀ, ਜਿਸ ਕਰਕੇ ਲੋਕ ਟੁੱਟ ਚੁੱਕੇ ਹਨ। ਹੁਕਮਰਾਨ ਲੋਕ ਵਿਰੋਧੀ ਨੀਤੀਆਂ ਅਖਤਿਆਰ ਕਰਕੇ ਆਮ ਲੋਕਾਂ ਨੂੰ ਦੇਸ਼ ਨਾਲੋਂ ਤੋੜ ਰਹੇ ਹਨ ਅਤੇ ਆਪਸੀ ਸਮਾਜਿਕ ਰਿਸ਼ਤਿਆਂ ਵਿਚ ਦੂਰੀਆਂ ਵਧਾ ਰਹੇ ਹਨ। ਦੇਸ਼ ਵੇਚਿਆ ਜਾ ਰਿਹਾ ਹੈ, ਕੌਮੀ ਝੰਡਾ ਵੇਚਿਆ ਜਾ ਰਿਹਾ। ਹਾਲਾਂਕਿ ਦੇਸ਼ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਤਿਰੰਗਾ ਝੰਡਾ ਬਹੁਤ ਕੁਰਬਾਨੀਆਂ ਦੇਣ ਪਿੱਛੋਂ ਮਿਲਿਆ ਹੈ। ਇਹ ਤਿੱਖੇ ਸੰਘਰਸ਼ ਵਿਚੋਂ ਨਿਕਲਿਆ 'ਜਿੱਤ ਦਾ ਪ੍ਰਤੀਕ' ਹੈ। ਪਰ ਸਮੇਂ ਸਮੇਂ 'ਤੇ ਦੇਸ਼ ਵਿਚ ਆਈਆਂ ਸਰਕਾਰਾਂ ਨੇ, ਹਾਕਮਾਂ ਨੇ ਲੋਕਾਂ ਵਿਚ ਦੇਸ਼ ਅਤੇ ਤਿਰੰਗੇ ਪ੍ਰਤੀ ਅਪਣੱਤ ਪੈਦਾ ਹੀ ਨਹੀਂ ਕੀਤੀ, ਜਿਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਲੋਕ ਆਪਣੇ ਘਰਾਂ ਉਪਰ ਝੰਡਾ ਲਹਿਰਾਉਣ ਲਈ ਕਿਸੇ ਹਾਕਮ ਦੇ ਹੁਕਮਾਂ ਦੇ ਮੁਹਤਾਜ ਨਹੀਂ ਰਹੇ! ਜਦੋਂ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਉਪਰ ਸੱਟ ਵੱਜਦੀ ਹੈ, ਤਾਂ ਉਨ੍ਹਾਂ ਦੀਆਂ ਭਾਵਨਾਵਾਂ ਤੇ ਜਜਬੇ ਚਕਨਾਚੂਰ ਹਨ, ਤੇ ਜਦੋਂ ਕਿਸੇ ਦੀਆਂ ਭਾਵਨਾਵਾਂ ਅਤੇ ਜਜ਼ਬੇ ਚਕਨਾਚੂਰ ਹੁੰਦੇ ਹਨ ਤਾਂ ਉਹ ਹਾਕਮ ਦੇ ਹੁਕਮ ਦੇ ਪਾਬੰਦ ਹੋਣ ਤੋਂ ਪਾਸਾ ਵੱਟਣ  ਲਈ ਮਜਬੂਰ ਹੋ ਜਾਂਦੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਦੇਸ਼ ਦੇ ਹਰੇਕ ਨਾਗਰਿਕ ਨੂੰ ਕੁੱਲੀ, ਗੁੱਲੀ ਤੇ ਜੁੱਲੀ ਦੀ ਸਹੂਲਤ ਨਸੀਬ ਹੋਵੇਗੀ ਤਾਂ ਉਦੋਂ ਤੱਕ ਦੇਸ਼ ਦੀ ਅਜਾਦੀ ਦਾ ਮੰਤਵ ਅਧੂਰਾ ਹੀ ਰਹੇਗਾ। 
-ਸੁਖਦੇਵ ਸਲੇਮਪੁਰੀ 
09780620233 
22 ਅਗਸਤ, 2022.