ਸਹਿਜਮਤੀਆਂ ਲੋਕ ਅਰਪਨ ਸਮਾਗਮ

ਬੇਗਮਪੁਰਾ ਸੰਕਲਪ ਦੇ ਕੇ ਭਗਤ ਰਵੀਦਾਸ ਜੀ ਨੇ ਸ਼ਬਦ ਸ਼ਕਤੀ ਦਾ ਲੋਹਾ ਮੰਨਵਾਇਆ- ਪ੍ਰੋ:ਗੁਰਭਜਨ ਗਿੱਲ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਅਜੋਕੇ ਗੁੰਝਲਦਾਰ ਦੌਰ ਮਾਹੌਲ ਵਿੱਚ ਕਵਿਤਾ ਦਾ ਬਹੁਤ ਮਹੱਤਵ ਹੈ ਅਤੇ ਵਧੀਆ ਕਵਿਤਾ ਹੀ ਨਰੋਆ ਸਮਾਜ ਸਿਰਜਦੀ ਹੈ ਅਤੇ ਲੋਕਾਈ ਨੂੰ ਮਾਨਵਤਾ ਦਾ ਭਲਾ ਕਰਨ ਅਤੇ ਜ਼ੁਲਮ ਵਿਰੁੱਧ ਡੱਟ ਕੇ ਖੜਨ ਦਾ ਹੋਕਾ ਦਿੰਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਲੇਖਕ ਗੁਰਭਜਨ ਸਿੰਘ ਗਿੱਲ ਨੇ ਪੰਜਾਬੀ ਨੌਜਵਾਨ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਦੇ ਤੀਜੇ ਕਾਵਿ ਸੰਗ੍ਰਹਿ ਸਹਿਜਮਤੀਆਂ ਦੇ ਇਸ਼ਮੀਤ ਮਿਊਜ਼ਕ ਇੰਸਟੀਟਿਊਟ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਲੋਕ ਅਰਪਣ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਹਿਜਮਤੀਆਂ ਦਾ ਲੋਕ ਅਰਪਨ ਹੋਣਾ ਸ਼ੁਭ ਸ਼ਗਨ ਹੈ ਕਿਉਂਕਿ ਭਗਤ ਰਵੀਦਾਸ ਜੀ ਨੇ ਬੇਗਮਪੁਰਾ ਸੰਲਪ ਉਸਾਰ ਕੇ ਸ਼ਬਦ ਸ਼ਕਤੀ ਦਾ ਲੋਹਾ ਮੰਨਵਾਇਆ। ਲੋਕ ਨਿਰਮਾਣ ਵਿਭਾਗ ਵਿੱਚ ਇੰਜੀਨੀਅਰ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਦਾ ਹੁਣੇ ਹੁਣੇ ਤੀਸਰਾ ਕਾਵਿ ਸੰਗ੍ਰਹਿ ਸਹਿਜਮਤੀਆਂ ਆਇਆ ਹੈ। ਇਸ ਵਿਚ ਨਜ਼ਮਾਂ ਗ਼ਜ਼ਲਾਂ ਅਤੇ ਗੀਤ ਹਨ। ਸਹਿਜਪ੍ਰੀਤ ਸਿੰਘ ਮਾਂਗਟ ਨੇ ਆਪਣੀਆਂ ਨਜ਼ਮਾਂ ਗ਼ਜ਼ਲਾਂ ਵਿੱਚ ਅਜੋਕੇ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਨੂੰ ਆਪਣੀ ਕਵਿਤਾ ਵਿਚ ਸਮੋਇਆ ਹੈ। ਕਰਜਿਆਂ ਵਿਚ ਡੁੱਬੀ ਖੁਦਕਸ਼ੀਆਂ ਕਰਦੀ ਕਿਰਸਾਨੀ ਉਸ ਨੂੰ ਟੁੰਬਦੀ ਹੈ , ਉਸ ਨੂੰ ਅਬਲਾ ਦੀ ਇੱਜ਼ਤ ਦਾ ਫਿਕਰ ਹੈ, ਧਰਮ ਦੇ ਨਾ ਤੇ ਲੜਦੇ ਮੂਰਖ ਉਸ ਨੂੰ ਪਰੇਸ਼ਾਨ ਕਰਦੇ ਹਨ, ਨਸ਼ਿਆਂ ਵਿਚ ਗਰਕ ਰਹੀ ਜਵਾਨੀ ਉਸ ਨੂੰ ਕਵਿਤਾ ਲਿਖਣ ਲਈ ਮਜ਼ਬੂਰ ਕਰਦੀ ਹੈ ਅਤੇ ਇਸੇ ਤਰਾਂ ਆਪਣਾ ਮੁਲਕ ਛੱਡ ਵਿਦੇਸ਼ਾਂ ਵਿਚ ਜਾ ਰਹੇ ਨੌਜਵਾਨ ਉਸ ਦੇ ਦਿਲ ਨੂੰ ਪਰੇਸ਼ਾਨ ਕਰਦੇ ਹਨ। ਲੋਕ ਅਰਪਣ ਮੌਕੇ ਆਪਣੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਸਹਿਜਪ੍ਰੀਤ ਇੱਕ ਸੰਵੇਦਨਸ਼ੀਲ ਕਵੀ ਹੈ ਜੋ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਇੰਝ ਬਿਆਨਦਾ ਹੈ ਜਿਵੇਂ ਉਹ ਇਹ ਸਭ ਕੁਝ ਆਪਣੇ ਪਿੰਡੇ ਤੇ ਹੰਢਾ ਰਿਹਾ ਹੋਵੇ। ਉਨ੍ਹਾਂ ਕਿਹਾ ਕੇ ਇਹੋ ਜਿਹੀ ਕਵਿਤਾ ਸਮੇ ਦੀ ਜਰੂਰਤ ਹੈ ਕਿਓੰਕਿ ਆਪਣੀ ਕਵਿਤਾ ਵਿੱਚ ਹੀ ਸਹਿਜਪ੍ਰੀਤ ਕਿਸੇ ਮੁਸੀਬਤ ਵਿਚੋਂ ਨਿਕਲਣ ਦਾ ਹੱਲ ਵੀ ਬਿਆਨਦਾ ਹੈ। ਉਨ੍ਹਾਂ ਕਿਹਾ ਕੇ ਆਪਣੇ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਲੋਕਾਈ ਦੇ ਦਰਦ ਬਿਆਨਣ ਦਾ ਜੋ ਬੀੜਾ ਸਹਿਜਪ੍ਰੀਤ ਨੇ ਚੁੱਕਿਆ ਹੈ ਉਹ ਸਲਾਹੁਣਯੋਗ ਹੈ। ਇਸ ਮੌਕੇ ਆਪਣੀ ਹਾਜ਼ਰੀ ਲਵਾਉਂਦਿਆਂ ਹਲਕਾ ਗਿੱਲ ਤੋਂ ਐਮ ਐਲ ਏ ਸ੍ਰੀ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਸਹਿਜਪ੍ਰੀਤ ਦੀ ਕਵਿਤਾ ਨੂੰ ਜਿੰਨਾ ਮੈਂ ਪੜ੍ਹਿਆ ਹੈ ਇੱਕ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਆਮ ਲੋਕਾਂ ਦਾ ਕਵੀ ਹੈ ਅਤੇ ਆਮ ਲੋਕਾਂ ਦੀ ਗੱਲ ਉਹ ਬਹੁਤ ਬੇਬਾਕ ਤਰੀਕੇ ਨਾਲ ਕਹਿੰਦਾ ਹੈ। ਉਸ ਦੀ ਕਵਿਤਾ ਦਾ ਸੋਮਾ ਉਸ ਦੀ ਨਿਡਰਤਾ ਹੈ ਅਤੇ ਇੰਨਾ ਕੁਝ ਅਸਹਿਜ ਲਿਖਦਿਆਂ ਉਹ ਆਪ ਬਹੁਤ ਸਹਿਜ ਰਹਿੰਦਾ ਹੈ। ਗੁਰੂ ਹਰਗੋਬਿੰਦ ਖਾਲਸਾ ਕਾਲਿਜ ਗੁਰੂਸਰ ਸਧਾਰ (ਲੁਧਿਆਣਾ) ਦੇ ਪ੍ਰੋ: ਬਲਜੀਤ ਸਿੰਘ ਵਿਰਕ ਨੇ ਸਹਿਜਮਤੀਆਂ ਬਾਰੇ ਖੋਜ ਪੱਤਰ ਪੜ੍ਹਿਆ। ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਪ੍ਰੋ ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਕਹਿਣੀ ਸਹਿਜਪ੍ਰੀਤ ਦੇ ਹਿੱਸੇ ਆਈ ਹੈ ਅਤੇ ਉਹ ਦੁਨੀਆ ਦੇ ਜਿਸ ਕੋਨੇ ਵਿਚ ਵੀ ਵਰਲਡ ਪੰਜਾਬੀ ਕਾਨਫਰੰਸਾਂ ਵਿੱਚ ਗਿਆ ਹੈ ਉਸ ਦੀ ਕਵਿਤਾ ਦੀ ਤਰੀਫ ਹੋਈ ਹੈ ਅਤੇ ਖਾਸ ਤੌਰ ਤੇ ਉਹ ਹਿੰਦੁਸਤਾਨ ਦੇ ਨਾਲ ਨਾਲ ਪਾਕਿਸਤਾਨ ਵਿਚ ਵੀ ਬਹੁਤ ਮਕਬੂਲ ਹੈ। ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਸਾਬਕਾ ਉਪ ਕੁਲਪਤੀ ਡਾ ਕਿਰਪਾਲ ਸਿੰਘ ਔਲਖ ਨੇ ਵੀ ਸਹਿਜਪ੍ਰੀਤ ਦੀ ਕਾਵਿ ਸ਼ੈਲੀ ਦੀ ਰੱਜ ਕੇ ਤਰੀਫ ਕੀਤੀ ਅਤੇ ਸਮਾਜ ਨੂੰ ਸਹੀ ਸੇਧ ਦੇਣ ਲਈ ਉਸ ਦੇ ਯਤਨਾਂ ਨੂੰ ਸਰਾਹਿਆ। ਪੰਜਾਬੀ ਫ਼ਿਲਮਾਂ ਨਾਲ ਜੁੜੇ ਕਲਾਕਾਰ ਹੌਬੀ ਧਾਲੀਵਾਲ ਨੇ ਕਿਹਾ ਕਿ ਬਹੁਤ ਬੁਰੇ ਤਰਾਂ ਗਰਕ ਰਹੇ ਸਮਾਜ ਵਿੱਚ ਵੀ ਸਹਿਜਪ੍ਰੀਤ ਦਾ ਚੰਗੇ ਦਿਨਾਂ ਲਈ ਆਸਵੰਦ ਹੋਣਾ ਉਸ ਦੇ ਅੰਦਰ ਦੀ ਸਕਾਰਾਤਮਕ ਸੂਝ ਨੂੰ ਦਰਸਾਉਂਦਾ ਹੈ। ਨਗਰ ਪਾਰਸ਼ਦ ਤੇ ਖ਼ੁਰਾਕ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਜੀਵਨ ਸਾਥਣ ਸ਼੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਸਹਿਜਪ੍ਰੀਤ ਕਾਵਿ ਜਗਤ ਵਿਚ ਹਾਲੇ ਹੋਰ ਵੀ ਮੀਲ ਪੱਥਰ ਸਥਾਪਤ ਕਰੇਗਾ ਇਹ ਮੇਰਾ ਵਿਸ਼ਵਾਸ ਹੈ। ਇਸ ਮੌਕੇ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਦਿਆਂ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਹਰ ਮਨੁੱਖ ਦੇ ਅੰਦਰ ਕਵਿਤਾ ਹੈ ਬੱਸ ਗੱਲ ਇਹ ਹੈ ਕਿ ਉਸ ਦੇ ਅੰਦਰਲੇ ਹਾਵ ਭਾਵ ਕਿਵੇਂ ਉਸਲਵੱਟੇ ਲੈ ਸ਼ਬਦਾਂ ਦਾ ਜਾਮਾ ਪਹਿਨ ਕਵਿਤਾ ਬਣਦੇ ਹਨ। ਸ੍ਵਯਰੀ ਉਠਦਿਆਂ ਮਾਂ ਦੀ ਅਸੀਸ ਵੀ ਕਵਿਤਾ ਹੈ , ਘਰੋਂ ਨਿਕਲਦਿਆਂ ਇੱਕ ਬਜ਼ੁਰਗ ਤੇ ਲਾਚਾਰ ਇਨਸਾਨ ਦਾ ਰਿਕਸ਼ਾ ਚਲਾਉਂਦੇ ਹੋਣਾ ਕਵਿਤਾ ਹੈ , ਭਰ ਠੰਡ ਵਿੱਚ ਬਿਨਾ ਪੂਰੇ ਕਪੜਿਆਂ ਤੋਂ ਠੇਡੇ ਖਾ ਰਹੀ ਮਾਸੂਮੀਅਤ ਵੀ ਕਵਿਤਾ ਹੈ , ਹਾਕਮ ਦਾ ਜ਼ਬਰ ਵੀ ਕਵਿਤਾ ਹੈ ਲੋਕਾਈ ਦਾ ਜ਼ੁਲਮ ਸਹਿਣਾ ਤੇ ਫੇਰ ਉਸ ਜ਼ੁਲਮ ਦੇ ਵਿਰੁੱਧ ਆਵਾਜ਼ ਚੁੱਕਣੀ ਵੀ ਕਵਿਤਾ ਹੈ। ਕਵਿਤਾ ਤਾਂ ਸਾਨੂੰ ਪਲ ਪਲ ਪੈਰ ਪੈਰ ਤੇ ਟੱਕਰਦੀ ਹੈ ਤੇ ਇੰਝ ਕਵਿਤਾ ਦੇ ਜਨਮ ਦਾ ਸਫ਼ਰ ਨਿਰੰਤਰ ਚਲਦਾ ਰਹਿੰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਹਰਕੇਸ਼ ਸਿੰਘ ਸਿੱਧੂ, ਤ੍ਰੈਲੋਚਨ ਲੋਚੀ, ਡਾ: ਸਰਜੀਤ ਸਿੰਘ ਗਿੱਲ, ਸਵਰਨਜੀਤ ਸਵੀ, ਡਾ: ਜਗਤਾਰ ਧੀਮਾਨ, ਹਰਕਰਨ ਸਿੰਘ ਵੈਦ, ਡਾ: ਹਰਬੰਸ ਸਿੰਘ ਧੀਮਾਨ, ਸਰਦਾਰਨੀ ਗੁਰਬਖ਼ਸ਼ ਕੌਰ ਮਾਂਗਟ,ਗੁਰਤੇਜ ਕੋਹਾਰਵਾਲਾ, ਡਾ: ਨਰਵਿੰਦਰ ਸਿੰਘ ਕੌਸ਼ਲ, ਡਾ: ਮੁਹੰਮਦ ਇਦਰੀਸ, ਕੰਵਰ ਜਸਵਿੰਦਰ ਸਿੰਘ, ਡਾ: ਰਤਨ ਸਿੰਘ ਢਿੱਲੋਂ, ਪ੍ਰੋ: ਸ਼ਰਨਜੀਤ ਕੌਰ ਲੋਚੀ, ਇਸ਼ਮੀਤ ਅਕਾਦਮੀ ਲੁਧਿਆਣਾ ਦੇ ਡਾਇਰੈਕਟਰ ਡਾ: ਚਰਨਕੰਵਲ ਸਿੰਘ , ਡਾ: ਅਮਰਜੀਤ ਕੌਰ ਪੀ ਏ ਯੂ, ਸਾਬਕਾ ਚੀਫ ਪਾਰਲੀਮਾਨੀ ਸਕੱਤਰ ਹਰੀਸ਼ ਰਾਏ ਢਾਂਡਾ, ਉੱਘੇ ਪੰਜਾਬੀ ਫਿਲਮੀ ਅਦਾਕਾਰਾ ਡਾ: ਸੁਨੀਤਾ ਧੀਰ, ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ,ਜਸਵੰਤ ਸਿੰਘ ਜ਼ਫ਼ਰ , ਡਾ: ਨਿਰਮਲ ਜੌੜਾ, ਗੁਰਪ੍ਰੀਤ ਸਿੰਘ ਤੂਰਆਈ ਪੀ ਐੱਸ ,ਸਤੀਸ਼ ਗੁਲਾਟੀ , ਕਨੇਡਾ ਤੋਂ ਇਕਬਾਲ ਮਾਹਲ, ਸ: ਤੇਜ ਪ੍ਰਤਾਪ ਸਿੰਘ ਸੰਧੂ ,ਸ: ਮਲਕੀਅਤ ਸਿੰਘ ਔਲਖ ,ਪ੍ਰੋ ਨਰਵਿੰਦਰ ਸਿੰਘ ਕੌਸ਼ਲ, ,ਡਾ: ਗੁਰਇਕਬਾਲ ਸਿੰਘ, ਪ੍ਰਿੰਸੀਪਲ ਧਰਮ ਸਿੰਘ ਸੰਧੂ, ਡਾ: ਸਾਂਵਲ ਧਾਮੀ, ਪ੍ਰੀਤਮ ਸਿੰਘ ਭਰੋਵਾਲ,ਜਸਪ੍ਰੀਤ ਕੌਰ ਫ਼ਲਕ ,ਨੀਲੂ ਬੱਗਾ ,ਪ੍ਰਿੰਸੀਪਲ ਕਮਲਜੀਤ ਕੌਰ, ਪ੍ਰਿੰਸੀਪਲ ਡਾ: ਜਸਵਿੰਦਰ ਕੌਰ ਮਾਂਗਟ ਆਦਿ ਹਾਜ਼ਰ ਸਨ।