ਹਲਵਾਰਾ ਹਵਾਈ ਅੱਡੇ ਵਿਖੇ ਅੰਤਰਰਾਸ਼ਟਰੀ ਸਿਵਲ ਟਰਮੀਨਲ ਲਈ ਜ਼ਮੀਨ ਅਧਿਗ੍ਰਹਿਣ ਲਈ ਅਵਾਰਡ ਐਲਾਨੇ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 

ਹਲਵਾਰਾ ਹਵਾਈ ਅੱਡਾ ਵਿਖੇ ਅੰਤਰਰਾਸ਼ਟਰੀ ਸਿਵਲ ਟਰਮੀਨਲ ਲਈ ਪਿੰਡ ਐਤੀਆਣਾ ਦੀ ਜ਼ਮੀਨ ਅਧਿਗ੍ਰਹਿਣ ਕੀਤੀ ਜਾਣੀ ਹੈ, ਜਿਸ ਲਈ ਅੱਜ ਗਲਾਡਾ (ਗਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ) ਦੇ ਭੌਂ ਪ੍ਰਾਪਤੀ ਕੁਲੈਕਟਰ ਭੁਪਿੰਦਰ ਸਿੰਘ ਨੇ ਐਕਵਾਇਰ ਕੀਤੀ ਜਾਣ ਵਾਲੀ 161.2703 ਏਕੜ ਭੌਂ ਦੇ ਰੇਟ, ਜੋ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕੀਤੇ ਗਏ ਹਨ, ਦੇ ਅਵਾਰਡ ਐਲਾਨ ਕਰ ਦਿੱਤੇ ਗਏ। ਇਹ ਐਲਾਨ ਅੱਜ ਗਲਾਡਾ ਦੇ ਦਫ਼ਤਰ ਵਿਖੇ ਦੁਪਹਿਰ 1 ਵਜੇ ਭੌਂ ਮਾਲਕਾਂ/ਪ੍ਰਭਾਵਿਤ ਲੋਕਾਂ ਦੀ ਹਾਜ਼ਰੀ ਵਿੱਚ ਐਲਾਨੇ ਗਏ। ਇਸ ਸੰਬੰਧੀ ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਵਾਰਡ ਗਲਾਡਾ ਦੀ ਸਰਕਾਰੀ ਵੈੱਬਸਾਈਟ  http://glada.gov.in/ 'ਤੇ ਅਪਲੋਡ ਕਰ ਦਿੱਤੇ ਗਏ ਹਨ। ਜੋ ਭੌਂ ਮਾਲਕ/ਪ੍ਰਭਾਵਿਤ ਲੋਕ ਅਵਾਰਡ ਐਲਾਨਣ ਮੌਕੇ ਹਾਜ਼ਰ ਨਹੀਂ ਸਨ, ਉਨਾਂ ਨੂੰ ਭੌਂ ਪ੍ਰਾਪਤੀ ਐਕਟ 2013 ਦੀ ਧਾਰਾ 37(2) ਤਹਿਤ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਕਿ ਉਹ ਭੌਂ ਅਵਾਰਡ ਦੇ ਐਲਾਨ ਹੋਣ ਦੇ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਆਈ. ਡੀ. ਪਰੂਫ਼, ਭੌਂ ਨਾਲ ਸੰਬੰਧਤ ਦਸਤਾਵੇਜ, ਪੈੱਨ ਕਾਰਡ ਆਦਿ ਪੇਸ਼ ਕਰਕੇ ਬਣਦਾ ਮੁਆਵਜ਼ਾ ਉਕਤ ਦਫ਼ਤਰ ਵਿੱਚੋਂ ਪ੍ਰਾਪਤ ਕਰ ਲੈਣ। ਉਨਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਬਣਦੇ ਮੁਆਵਜੇ ਦੀ ਰਕਮ ਰੈਫਰੈਂਸ ਕੋਰਟ ਵਿੱਚ ਜਮਾਂ ਕਰਵਾ ਦਿੱਤੀ ਜਾਵੇਗੀ।