ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਅਤੇ ਇੰਟਰਨੈਸ਼ਨਲ ਮਾਰਕੀਟਿੰਗ ਕਾਰਪੋਰੇਸ਼ਨ ਵੱਲੋਂ ''ਸਵੱਛ ਭਾਰਤ ਮੁਹਿੰਮ'' ਦੀ ਸ਼ੁਰੂਆਤ

ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਿਲਾ ਕਚਹਿਰੀਆਂ ਲੁਧਿਆਣਾ ਵਿਖੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਅਤੇ ਇੰਟਰਨੈਸ਼ਨਲ ਮਾਰਕੀਟਿੰਗ ਕਾਰਪੋਰੇਸ਼ਨ (ਆਈ.ਐਮ.ਸੀ.) ਵੱਲੋਂ ''ਸਵੱਛ ਭਾਰਤ ਮੁਹਿੰਮ'' ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਉਦਘਾਟਨ ਸ੍ਰੀ ਗੁਰਬੀਰ ਸਿੰਘ, ਜਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤਾ ਗਿਆ। ਇਸ ਮੌਕੇ ਜਿਲਾ ਤੇ ਸੈਸ਼ਨ ਜੱਜ ਵੱਲੋਂ ਹਾਜ਼ਰ (ਆਈ.ਐਮ.ਸੀ.) ਕਾਰਜਕਰਤਾਵਾਂ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਪੈਰਾ ਲੀਗਲ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਾਨੂੰ ਆਪਣੇ ਘਰ ਦੀ ਸਾਫ-ਸਫਾਈ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ, ਗਲੀ-ਮੁਹੱਲੇ, ਸੜਕਾਂ ਅਤੇ ਹੋਰ ਜਨਤਕ ਥਾਵਾਂ ਤੇ ਵੀ ਸਾਫ-ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਾਫ-ਸਫਾਈ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ। ਸਾਫ-ਸਫਾਈ ਦੀ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ ਉਨਾਂ ਦੱਸਿਆ ਕਿ ਸਾਫ-ਸਫਾਈ ਨਾਲ ਜਿੱਥੇ ਸਾਨੂੰ ਬੀਮਾਰੀਆਂ ਤੋਂ ਨਿਰੋਗਤਾ ਮਿਲਦੀ ਹੈ ਉਥੇ ਨਿਰੋਗ ਸਰੀਰ ਵਿੱਚ ਚੰਗੀ ਸੋਚ ਪੈਦਾ ਹੁੰਦੀ ਹੈ। ਚੰਗੀ ਸੋਚ ਨਾਲ ਹੀ ਦੇਸ਼ ਦਾ ਵਿਕਾਸ ਸੰਭਵ ਹੋ ਸਕਦਾ ਹੈ। ਇਸ ਮੌਕੇ (ਆਈ.ਐਮ.ਸੀ.) ਦੇ ਚੇਅਰਮੈਨ ਡਾਕਟਰ ਅਸ਼ੋਕ ਭਾਟੀਆ ਵੱਲੋਂ ਵੀ ਹਾਜ਼ਰ ਵਿਅਕਤੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨਾਂ ਦੱਸਿਆ ਕਿ ਸਾਫ-ਸਫਾਈ ਦੀ ਇਸ ਮੁਹਿੰਮ ਨੂੰ ਜਿਲਾ ਕਚਹਿਰੀਆਂ ਲੁਧਿਆਣਾ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਅਧੀਨ ਪੂਰੇ ਲੁਧਿਆਣਾ ਸ਼ਹਿਰ ਦੀ ਸਾਫ-ਸਫਾਈ ਕੀਤੀ ਜਾਵੇਗੀ ਅਤੇ ਕੰਪਨੀ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਦੇ ਕੂੜਾਦਾਨ ਵੀ ਰਖਵਾਏ ਜਾਣਗੇ ਤਾਂ ਜੋ ਲੋਕ ਕੂੜਾ ਕਰਕਟ ਇੱਧਰ ਉੱਧਰ ਸੁੱਟਣ ਦੀ ਬਜਾਏ ਕੂੜੇਦਾਨ ਵਿੱਚ ਸੁੱਟਣ। ਇਸ ਮੌਕੇ (ਆਈ.ਐਮ.ਸੀ.) ਦੇ ਮੈਨੇਜਿੰਗ ਡਾਇਰੈਕਟਰ ਸਤਿੱਅਨ ਭਾਟੀਆ ਵੱਲੋਂ ਬੋਲਦਿਆਂ ਦੱਸਿਆ ਕਿ ਕੰਪਨੀ ਦਾ ਟੀਚਾ ਪੂਰੇ ਭਾਰਤ ਦੇਸ਼ ਦੇ ਨਾਗਰਿਕਾਂ ਨੂੰ ਸਵੱਛਤਾ ਪ੍ਰਤੀ ਪ੍ਰੇਰਿਤ ਕਰਨਾ ਹੈ ਅਤੇ ਭਾਰਤ ਸਰਕਾਰ ਦੇ ਸਵੱਛਤਾ ਅਭਿਆਨ ਨੂੰ ਸਫਲ ਬਨਾਉਣ ਪ੍ਰਤੀ ਸਾਰਥਕ ਉਪਰਾਲਾ ਕਰਨਾ ਹੈ। ਇਸ ਮੌਕੇ ਤੇ (ਆਈ.ਐਮ.ਸੀ.) ਕਾਰਜਕਰਤਾਵਾਂ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਜਿਲਾ ਕਚਹਿਰੀਆਂ ਕੰਪਲੈਕਸ ਅਤੇ ਮਿੰਨੀ ਸਕੱਤਰੇਤ ਦੀ ਪੂਰਨ ਤੌਰ ਤੇ ਸਾਫ-ਸਫਾਈ ਕੀਤੀ ਗਈ। ਕੰਪਨੀ ਵੱਲੋਂ ਜ਼ਿਲਾ ਕਚਹਿਰੀਆਂ ਕੰਪਲੈਕਸ ਵਿੱਚ ਵੱਖ-ਵੱਖ ਥਾਵਾਂ ਤੇ ਕੂੜਾਦਾਨ ਵੀ ਰਖਵਾਏ ਗਏ ਇਸ ਮੌਕੇ ਤੇ ਮੈਡਮ ਪ੍ਰੀਤੀ ਸੁਖੀਜਾ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ, ਪ੍ਰਭਜੋਤ ਸਿੰਘ ਕਾਲੇਕਾ, ਚੀਫ ਜ਼ੂਡੀਸ਼ਿਅਲ ਮੈਜਿਸਟਰੇਟ, ਅਸ਼ੋਕ ਮਿੱਤਲ, ਪ੍ਰਧਾਨ ਜਿਲਾ ਬਾਰ ਐਸੋਸਇਏਸ਼ਨ, ਰਜਿੰਦਰ ਬੱਬਰ, ਵਾਈਸ ਪ੍ਰਧਾਨ, ਜ਼ਿਲਾ ਬਾਰ ਐਸੋਸਇਏਸ਼ਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।