ਪੰਜਾਬ ਸਰਕਾਰ ਵੱਲੋਂ ਸਤਵੀਰ ਸਿੰਘ ਦਾ 'ਸਟੇਟ ਯੂਥ ਅਚੀਵਰਜ਼ ਅਵਾਰਡ' ਨਾਲ ਸਨਮਾਨ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਲੁਧਿਆਣਾ ਦੇ ਪ੍ਰਸਿੱਧ ਅੰਤਰਰਾਸ਼ਟਰੀ ਲੋਕ ਨਾਚ ਕਲਾਕਾਰ ਸਤਵੀਰ ਸਿੰਘ ਦਾ ਪੰਜਾਬ ਸਰਕਾਰ ਵੱਲੋਂ 'ਸਟੇਟ ਯੂਥ ਅਚੀਵਰਜ਼ ਅਵਾਰਡ' ਨਾਲ ਸਨਮਾਨ ਕੀਤਾ ਗਿਆ ਹੈ। ਇਹ ਸਨਮਾਨ ਉਨਾਂ ਵੱਲੋਂ ਪੰਜਾਬ ਦੇ ਲੋਕ ਨਾਚਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਲਈ ਦਿੱਤੀਆਂ ਗਈਆਂ ਸੇਵਾਵਾਂ ਕਰਕੇ ਦਿੱਤਾ ਗਿਆ ਹੈ। ਇਹ ਸਨਮਾਨ ਸਤਵੀਰ ਸਿੰਘ ਨੂੰ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਚੰਡੀਗੜ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੇ ਗਏ ਦੋ ਰੋਜ਼ਾ ਯੁਵਕ ਮੇਲੇ ਦੌਰਾਨ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਭੇਟ ਕੀਤਾ ਗਿਆ। ਦੱਸਣਯੋਗ ਹੈ ਕਿ ਸਤਵੀਰ ਸਿੰਘ ਨੇ ਪੰਜਾਬ ਦੇ ਲੋਕ ਨਾਚਾਂ ਵਿੱਚ ਦੇਸ਼ ਦੀ ਅੰਤਰਰਾਸ਼ਟਰੀ ਪੱਧਰ 'ਤੇ ਨੁਮਾਇੰਦਗੀ ਕਰਦਿਆਂ ਕਈ ਤਮਗੇ ਹਾਸਿਲ ਕੀਤੇ ਹਨ। ਉਨਾਂ ਵੱਲੋਂ ਪਿਛਲੇ ਸਾਲ ਫਿਜੀ ਅਤੇ ਨਾਓੁਰੂ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਅਧੀਨ ਆਉਂਦੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ ਵੱਲੋਂ ਭਾਗ ਲਿਆ। ਇਸ ਤੋਂ ਇਲਾਵਾ ਸਤਵੀਰ ਨੇ ਇੰਗਲੈਂਡ ਵਿੱਚ ਸਾਲ 2017, 18 ਅਤੇ 19 ਵਿੱਚ ਕਈ ਵਾਰ ਪੰਜਾਬੀ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ। ਸਤਵੀਰ ਨੇ ਨਵੰਬਰ 2017 ਵਿੱਚ ਇਪੋਹ (ਮਲੇਸ਼ੀਆ) ਵਿੱਚ ਹੋਏ ਅੰਤਰਰਾਸ਼ਟਰੀ ਡਾਂਸ ਮੁਕਾਬਲੇ ਵਿੱਚ ਭੰਗੜੇ ਵਿੱਚ ਭਾਗ ਲਿਆ ਅਤੇ ਦੂਜਾ ਨੰਬਰ ਪ੍ਰਾਪਤ ਕੀਤਾ। ਪੰਜਾਬੀ ਭੰਗੜੇ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੇ ਚੱਲਦਿਆਂ ਉਨਾਂ ਨੂੰ ਕਈ ਸਰਕਾਰੀ ਅਤੇ ਗੈਰ ਸਰਕਾਰੀ ਯੂਨੀਵਰਸਿਟੀਆਂ ਵਿੱਚ ਭੰਗੜਾ ਜੱਜ ਵਜੋਂ ਸੇਵਾਵਾਂ ਦੇਣ ਦਾ ਸੁਭਾਗ ਦਿੱਤਾ ਜਾਂਦਾ ਹੈ। ਉਹ ਹੁਣ ਤੱਕ 50 ਤੋਂ ਵਧੇਰੇ ਮੁਕਾਬਲਿਆਂ ਵਿੱਚ ਜੱਜ ਦੀ ਡਿਊਟੀ ਨਿਭਾਅ ਚੁੱਕੇ ਹਨ। ਸਤਵੀਰ ਸਿੰਘ ਨੂੰ ਮਿਲੇ ਇਸ ਸਨਮਾਨ ਲਈ ਉਨਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਨਿਰਮਲ ਜੌੜਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਵਿੰਦਰ ਕੌਰ ਧਾਲੀਵਾਲ ਅਤੇ ਹੋਰਾਂ ਨੇ ਵਧਾਈ ਦਿੱਤੀ ਹੈ।