You are here

ਲੁਧਿਆਣਾ

ਸਿਪਾਹੀ ਪਲਵਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮੰਤਰੀ ਵੱਲੋਂ ਸ਼ਰਧਾ ਅਤੇ ਸਤਿਕਾਰ ਕੀਤਾ ਭੇਟ

ਦੋਰਾਹਾ/ਲੁਧਿਆਣਾ, ਜੁਲਾਈ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਕਾਰਗਿਲ ਵਿਖੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਿਪਾਹੀ ਪਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਪਿੰਡ ਰਾਮਪੁਰ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ  ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਲਵਿੰਦਰ ਸਿੰਘ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਸਮਰਾਲਾ ਦੇ ਵਿਧਾਇਕ  ਅਮਰੀਕ ਸਿੰਘ ਢਿੱਲੋਂ, ਪਾਇਲ ਦੇ ਵਿਧਾਇਕ ਲਖ਼ਬੀਰ ਸਿੰਘ ਲੱਖਾ, ਐੱਸ. ਡੀ. ਐੱਮ. ਸਮਰਾਲਾ ਮਿਸ ਗੀਤਿਕਾ ਸਿੰਘ, ਪਰਿਵਾਰਕ ਮੈਂਬਰ, ਪਿੰਡ ਵਾਸੀ ਅਤੇ ਹੋਰ ਹਾਜ਼ਰ ਸਨ।ਦੱਸਣਯੋਗ ਹੈ ਕਿ ਪਲਵਿੰਦਰ ਸਿੰਘ ਸਮਰਾਲਾ ਨੇੜਲੇ ਪਿੰਡ ਢੀਂਡਸਾ ਨਾਲ ਸੰਬੰਧਤ ਸੀ। ਬੀਤੀ 22 ਜੂਨ ਨੂੰ ਉਹ ਆਪਣੇ ਸੀਨੀਅਰ ਅਫ਼ਸਰ ਨਾਲ ਕਿਤੇ ਜਾ ਰਿਹਾ ਸੀ ਤਾਂ ਉਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਨਹਿਰ ਵਿੱਚ ਜਾ ਡਿੱਗੀ। ਉਸਦੇ ਵੱਡੇ ਭਰਾ ਜਗਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਵਿੰਦਰ 2010 ਵਿੱਚ ਹੀ ਫੌਜ ਵਿੱਚ ਭਰਤੀ ਹੋਇਆ ਸੀ। ਉਸਦੇ ਪਿਤਾ ਨੇ ਵੀ 24 ਸਾਲ ਫੌਜ ਦੀ ਨੌਕਰੀ ਕੀਤੀ ਸੀ। ਜਗਪ੍ਰੀਤ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਉਨਾਂ ਦੇ ਪਰਿਵਾਰ ਦੀ ਮਦਦ ਕਰਨ ਅਤੇ ਉਨਾਂ ਦੇ ਗਰੇਜੂਏਟ ਛੋਟੇ ਭਰਾ ਨੂੰ ਸਰਕਾਰੀ ਨੌਕਰੀ 'ਤੇ ਭਰਤੀ ਕਰਨ।ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮੰਤਰੀ ਤਰਫੋਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰੇਗੀ।

ਸੰਦੀਪ ਕੁਮਾਰ ਆਈ.ਏ.ਐਸ.ਨੇ ਬਤੌਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਜੋਂ ਸੰਭਾਲਿਆ ਆਹੁਦਾ

ਲੁਧਿਆਣਾ ,ਜੁਲਾਈ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਸੰਦੀਪ ਕੁਮਾਰ ਆਈ.ਏ.ਐਸ. ਨੇ ਅੱਜ ਲੁਧਿਆਣਾ ਵਿਖੇ ਬਤੌਰ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਵਜੋਂ ਆਪਣਾ ਆਹੁਦਾ ਸੰਭਾਲ ਲਿਆ ਹੈ। ਆਪ 2016 ਬੈਂਚ ਦੇ ਆਈ.ਏ.ਐਸ.ਅਧਿਕਾਰੀ ਹਨ ਅਤੇ ਆਪ ਪਹਿਲਾਂ ਤਰਨਤਾਰਨ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਐਡੀਸ਼ਨਲ ਡਿਪਟੀ ਕਮਿਸ਼ਨਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਸੰਦੀਪ ਕੁਮਾਰ ਏ.ਡੀ.ਸੀ ਨੇ ਦੱਸਿਆਂ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਦੇ ਚੱਲਦਿਆਂ  ਸਮਾਜਿਕ ਦੂਰੀ ਰੱਖਦੇ ਹੋਏ, ਉਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ।

ਬੂਟੇ ਲਾ ਕੇ ਮਨਾਇਆ ਸਥਾਪਨਾ ਦਿਵਸ

ਜਗਰਾਓਂ/ਲੁਧਿਆਣਾ, ਜੁਲਾਈ 2020 (ਸਤਪਾਲ ਸਿੰਘ ਦੇਹਰਕਾ/ ਗੁਰਕੀਰਤ ਸਿੰਘ/ ਮਨਜਿੰਦਰ ਗਿੱਲ)- ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰਰੀਸ਼ਦ ਜਗਰਾਓਂ ਨੇ ਸ਼ੁੱਕਰਵਾਰ ਨੂੰ ਪੌਦੇ ਲਗਾ ਕੇ 58ਵਾਂ ਸਥਾਪਨਾ ਦਿਵਸ ਮਨਾਇਆ। ਸਥਾਨਕ ਗੁਰੂ ਤੇਗ਼ ਬਹਾਦਰ ਪ੍ਰਾਇਮਰੀ ਸਕੂਲ ਜਗਰਾਓਂ ਵਿਖੇ ਦਾ ਗਰੀਨ ਮਿਸ਼ਨ ਟੀਮ ਦੇ ਸਹਿਯੋਗ ਨਾਲ 50 ਪੌਦੇ ਲਗਾਉਣ ਮੌਕੇ ਪ੍ਰਧਾਨ ਸਤੀਸ਼ ਗਰਗ ਅਤੇ ਸੈਕਟਰੀ ਡਾ: ਚੰਦਰ ਮੋਹਨ ਓਹਰੀ ਨੇ ਦੱਸਿਆ ਕਿ ਦਿੱਲੀ ਵਿਖੇ 10 ਜੁਲਾਈ 1963 ਨੂੰ ਸਥਾਪਿਤ ਹੋਈ ਭਾਰਤ ਵਿਕਾਸ ਪ੍ਰਰੀਸ਼ਦ ਦੀਆਂ ਇਸ ਸਮੇਂ 15 ਹਜ਼ਾਰ ਦੇ ਕਰੀਬ ਇਕਾਈਆਂ ਹਨ ਅਤੇ ਇਨ੍ਹਾਂ ਇਕਾਈਆਂ ਦੇ ਮੈਂਬਰਾਂ ਵੱਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਸਮੇਂ ਪ੍ਰਰੀਸ਼ਦ ਦੇ ਮੈਂਬਰਾਂ ਵੱਲੋਂ ਲੋੜਵੰਦਾਂ ਨੂੰ ਰਾਸ਼ਨ, ਮਾਸਕ, ਪੀਪੀਈ ਕਿੱਟਾਂ ਦੇਣ ਸਮੇਤ ਪ੍ਰਧਾਨ ਮੰਤਰੀ ਰਾਹਤ ਫ਼ੰਡ ਵਿਚ ਦਾਨੀ ਰਾਸ਼ੀ ਵੀ ਭੇਜੀ। ਇਸ ਮੌਕੇ ਐਡਵੋਕੇਟ ਨਵੀਨ ਗੁਪਤਾ, ਸਕੂਲ ਪ੍ਰਿੰਸੀਪਲ ਜੈ ਪਾਲ ਕੌਰ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਕੈਸ਼ੀਅਰ ਨਵਨੀਤ ਗੁਪਤਾ, ਸਤਪਾਲ ਸਿੰਘ ਦੇਹੜਕਾ, ਸੁਰਜੀਤ ਸਿੰਘ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।

ਅਕਾਲੀ ਭਾਜਪਾ ਦੇ ਐਮ ਐਲ ਏ ,ਐਮ ਪੀ,  ਹਲਕਾ ਇੰਚਾਰਜ ਅਤੇ ਪ੍ਰਧਾਨਾਂ ਦੇ ਘਰਾਂ ਅੱਗੇ ਟਰੈਕਟਰਾਂ ਤੇ ਰੋਸ ਮਾਰਚ ਕੀਤਾ ਜਾਵੇਗਾ - ਧਨੇਰ

ਹੰਬੜਾਂ/ ਲੁਧਿਆਣਾ -ਜੁਲਾਈ 2020 -(ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ  ਮੀਟਿੰਗ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਦੇ ਵਿੱਚ ਪਿੰਡ ਹੰਬੜਾ ਵਿਖੇ ਹੋਈ ਉਨ੍ਹਾਂ  ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਦਾ ਝੰਬਿਆ ਹੋਇਆ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ , ਉਪਰੋ ਕੇਂਦਰ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਆਰਡੀਨੈੱਸ ਜਾਰੀ ਕੀਤੇ ਹਨ। ਜਿਸ ਵਿੱਚ ਇੱਕ ਦੇਸ਼ ਇੱਕ ਮੰਡੀ ਦਾ ਜਿਸ ਨੂੰ ਖੁੱਲ੍ਹੀ ਮੰਡੀ ਦਾ ਸਿਧਾਂਤ ਕਹਿੰਦੇ ਹਨ। ਕਿਹਾ ਜਾ ਰਿਹਾ ਹੈ ਕਿ ਕਿਸਾਨ ਕਿਸੇ ਵੀ ਮੰਡੀ ਵਿੱਚ ਆਪਣੀ ਫ਼ਸਲ ਨੂੰ ਵੇਚ ਸਕਦਾ ਹੈ । ਪਰ ਪੰਜਾਬ ਦੇ ਕਿਸਾਨ ਵੱਡੀ ਪੱਧਰ ਤੇ ਛੋਟੀ ਕਿਸਾਨੀ ਵਿੱਚੋਂ ਹਨ ਜਿਨ੍ਹਾਂ ਨੂੰ ਆਪਣੀ ਪਿੰਡ ਦੀ ਮੰਡੀ ਵਿੱਚ ਫ਼ਸਲ ਲਿਜਾਣ ਦੀ ਹੀ ਸਮੱਸਿਆ ਬਣੀ ਹੁੰਦੀ ਹੈ  ਉਹ  ਦੂਰ ਮੰਡੀ ਵਿੱਚ ਲਿਜਾ ਕੇ ਕਿੱਥੋਂ ਫਸਲ ਵੇਚ ਸਕਦਾ ਹੈ।ਉਨ੍ਹਾਂ  ਕਿਹਾ ਕਿ ਦਾਅਵਾ ਕੀਤਾ ਜਾ  ਰਿਹਾ ਹੈ ਕਿ M.S.P ਖਤਮ ਨਹੀਂ ਕੀਤੀ ਜਾ ਰਹੀ । ਜਿਸ ਨਾਲ ਸਰਕਾਰੀ ਖ਼ਰੀਦ ਖ਼ਤਮ ਹੋ ਜਾਵੇਗੀ। ਸਿਰਫ ਐਫ,ਸੀ,ਆਈ ਵੰਡ ਸਿਸਟਮ ਨੂੰ ਚਾਲੂ ਰੱਖਣ ਦੇ ਲਈ ਹੀ ਫਸਲ ਦੀ ਖਰੀਦ ਕਰੇਗੀ ਜਿਸ ਤੋਂ ਸਾਫ ਜ਼ਾਹਰ ਹੈ ਕਿ ਸਰਕਾਰੀ ਖ਼ਰੀਦ ਖ਼ਤਮ ਹੋ ਜਾਵੇਗੀ ਫਿਰ M.S.P ਦਾ ਹੀ ਮਤਬਲ ਰਹਿ ਜਾਵੇਗਾ। ਜਿਸ ਤਰ੍ਹਾਂ ਮੱਕੀ ਦਾ ਰੇਟ (M.S.P) 1750/ ਰੁਪਏ ਪ੍ਰਤੀ ਕੁਇੰਟਲ ਹੈ । ਪਰ ਮੰਡੀਆਂ ਵਿੱਚ 700 ਰੁਪਏ ਤੋਂ ਲੈ ਕੇ 1200 ਤੱਕ ਵਿਕ ਰਹੀ ਹੈ। ਇਸ ਲਈ ਕਣਕ ਤੇ ਝੋਨੇ ਦੀ ਫਸਲ ਦਾ ਇਹ ਹਾਲ ਹੋ ਜਾਵੇਗਾ। ਕਿਸਾਨਾਂ ਦੇ ਨਾਂ ਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜਿਥੇ ਬਾਕੀ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨ ਕੋਲ ਨਾ ਤਾਂ ਫ਼ਸਲ ਰੱਖਣ ਨੂੰ ਜਗ੍ਹਾ ਹੁੰਦੀ ਹੈ ਤੇ ਨਾ ਹੀ ਕਿਸਾਨ ਦੀ ਆਰਥਿਕ ਮਜਬੂਰੀ ਕਾਰਨ ਰੱਖਣ ਦੀ ਸਮਰੱਥਾ ਹੈ। ਇਸ ਨਾਲ ਕਿਸਾਨਾਂ ਦੀ ਲੁੱਟ ਵਧੇਗੀ ਤੇ ਖਪਤਕਾਰਾਂ ਨੂੰ ਵੀ ਮਹਿੰਗੇ ਭਾਅ ਅਨਾਜ ਖਰੀਦਣ ਲਈ ਮਜ਼ਬੂਰ ਹੋਣਗੇ ਜੇਕਰ ਕੇਂਦਰ ਸਰਕਾਰ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਨਾ ਲਏ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਭਰਾਂਤਰੀ ਜਥੇਬੰਦੀਆਂ ਨਾਲ ਮਿਲ ਕੇ 27 ਜੁਲਾਈ ਨੂੰ ਅਕਾਲੀ ਭਾਜਪਾ ਦੇ ਐਮ, ਐਲ ,ਏ ਐਮਪੀ ,ਹਲਕਾ ਇੰਚਾਰਜ, ਪ੍ਰਧਾਨਾਂ ਦੀਆਂ ਰਿਹਾਇਸ਼ਾ ਤੱਕ ਟਰੈਕਟਰਾਂ ਤੇ ਰੋਸ ਮਾਰਚ ਕੀਤੇ ਜਾਣਗੇ ।ਇਸ ਸਮੇਂ ਉਨ੍ਹਾਂ ਨਾਲ ਬੂਟਾ ਸਿੰਘ ਬੁਰਜ ਗਿੱਲ ਪੰਜਾਬ ਪ੍ਰਧਾਨ ,ਅਵਤਾਰ ਸਿੰਘ ਮਹਿਮਾ ,ਜਗਤਾਰ ਸਿੰਘ ਮੂੰਮ ,ਮਹਿੰਦਰ ਸਿੰਘ ਕਮਾਲਪੁਰਾ ਆਦਿ ।

ਖ਼ਾਲਸਾ ਕਾਲਜ ਫ਼ਾਰ ਵਿਮੈਨ 'ਚ 'ਸ਼ਬਦ ਗਾਇਨ ਮੁਕਾਬਲੇ' ਕਰਵਾਏ

ਸਿੱਧਵਾਂ ਖੁਰਦ/ਲੁਧਿਆਣਾ, ਜੁਲਾਈ 2020 -(ਜਸਮੇਲ ਗਾਲਿਬ/ਮਨਜਿੰਦਰ ਗਿੱਲ)- ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖ਼ੁਰਦ ਦੇ ਸੰਗੀਤ ਵਿਭਾਗ ਵੱਲੋਂ ਨੌਵੇਂ ਗੁਰੁੂ ਸ੍ਰੀ ਗੁਰੁੂ ਤੇਗ਼ ਬਹਾਦਰ ਜੀ ਦੇ 400 ਸਾਲਾ ਜਨਮ ਉਤਸਵ ਨੂੰ ਸਮਰਪਿਤ ਆਨਲਾਈਨ ਸ਼ਬਦ ਗਾਇਨ ਅੰਤਰ ਕਾਲਜ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਪਹਿਲਾ ਸਥਾਨ ਅਮਨਦੀਪ ਕੌਰ ਸਰਕਾਰੀ ਕਾਲਜ ਚੰਡੀਗੜ੍ਹ, ਦੂਜਾ ਸਥਾਨ ਮਨਪ੍ਰਰੀਤ ਕੌਰ ਜੀਐੱਚਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ, ਤੀਜਾ ਸਥਾਨ ਹਰਪ੍ਰਰੀਤ ਕੌਰ ਸ਼੍ਰੀ ਗੁਰੂੁ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਤੇ ਖ਼ੁਸ਼ੀ ਸ਼ਰਮਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖ਼ੁਰਦ ਅਤੇ ਹੌਂਸਲਾ ਵਧਾਊ ਇਨਾਮ ਮਨਪ੍ਰਰੀਤ ਕੌਰ ਗੋਪੀ ਚੰਦ ਆਰੀਆ ਮਹਿਲਾ ਕਾਲਜ ਅਬੋਹਰ ਨੇ ਹਾਸਿਲ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸ਼੍ਰੀ ਗੁਰੁੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਦਾ ਯਤਨ ਕਰਨਾ ਚਾਹੀਦਾ ਹੈ। ਗੁਰੂ ਜੀ ਦੀ ਰਸ ਭਰਪੂਰ ਤੇ ਸੰਗੀਤ ਪ੍ਰਧਾਨ ਬਾਣੀ ਵਿੱਚੋਂ ਮਨੁੱਖ ਨੂੰ ਉਚੇਰੇ ਜੀਵਨ ਲਈ ਅਥਾਹ ਪ੍ਰਰੇਰਨਾ ਮਿਲਦੀ ਹੈ।

ਰਾਸ਼ਨ ਵੰਡ ਨੂੰ ਲੈਕੇ ਜਗਰਾਓਂ ਬੀ ਜੇ ਪੀ ਵਲੋਂ ਐਸ ਡੀ ਐਮ ਨੂੰ ਮੰਗ ਪੱਤਰ

ਗਰੀਬ ਭੁੱਖੇ , ਕਾਂਗਰਸ ਨੇ ਆਪਣੇ ਢਿੱਡ ਭਰੇ ਭਾਰਤ ਸਰਕਾਰ ਦੇ ਰਾਸ਼ਨ ਨਾਲ 

ਸੀ ਬੀ ਆਈ ਜਾਚ ਦੀ ਮੰਗ

ਜਗਰਾਓਂ/ਲੁਧਿਆਣਾ, ਜੁਲਾਈ 2020 (ਪ੍ਰਦੂਮਣ ਬਾਂਸਲ/ਮਨਜਿੰਦਰ ਗਿੱਲ)- ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਗਏ ਰਾਸ਼ਨ ਵਿੱਚ ਹੋਏ ਘੁਟਾਲੇ ਵਿਰੁੱਧ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਉਂ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਜੀ ਅਤੇ ਮੰਡਲ ਪ੍ਰਧਾਨ ਹਨੀ ਗੋਇਲ ਜੀ ਦੀ ਅਗਵਾਈ ਵਿੱਚ  ਵਿਰੋਧ ਜਤਾਇਆ ਅਤੇ ਮਾਨਯੋਗ ਐਸ.ਡੀ.ਐਮ.  ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ।  ਜ਼ਿਲ੍ਹਾ ਪ੍ਰਧਾਨ ਅਤੇ ਮੰਡਲ ਪ੍ਰਧਾਨ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 1 ਮਹੀਨੇ ਤੋਂ ਰਾਸ਼ਨ ਦੀ ਵੰਡ ਲਈ ਕਈ ਵਾਰ ਪ੍ਰੈਸ ਕਾਨਫਰੰਸਾਂ ਕਰ ਚੁੱਕੇ ਹਾਂ, ਕਈ ਵਾਰ ਮੀਡੀਆ ਨਾਲ ਗੱਲਬਾਤ ਕਰ ਰਹੇ ਹਾਂ, ਕਈ ਵਾਰ ਧਰਨੇ ਵੀ ਲਾਏ ਹਨ ਕਿਉਂਕਿ ਕਾਂਗਰਸ ਸਰਕਾਰ ਕੇਂਦਰ ਵੱਲੋਂ ਆਏ ਰਾਸ਼ਨ ਨੂੰ ਸਿਰਫ਼ ਆਪਣੇ ਚਹੇਤਿਆਂ ਨੂੰ ਵੰਡ ਰਹੀ ਹੈ ਬਲਕਿ ਸਰਕਾਰੀ ਨਿਯਮਾਂ ਅਨੁਸਾਰ ਇਸ ਰਾਸ਼ਨ ਨੂੰ ਸਿਰਫ਼ ਡਿਪੂ ਤੇ ਵੰਡਿਆ ਜਾਣਾ  ਚਾਹੀਦਾ ਹੈ ਪਰ ਉਸ ਸਮੇਂ ਕਾਂਗਰਸ ਸਰਕਾਰ ਨੇ ਇਸ ਮਾਮਲੇ ਨੂੰ ਰਾਜਨੀਤਕ ਰੰਗ ਦਿੱਤਾ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਝੂਠ ਬੋਲ ਰਹੀ ਹੈ ।ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਨਾਲ ਫੂਡ ਸਪਲਾਈ ਦਫਤਰ ਵੱਲੋਂ 70000 ਥੈਲੇ   ਤਿਆਰ ਕਰਨੇ  ਸੀ ਜਿਸ ਵਿਚ ਇਕ ਅਧਿਕਾਰੀ ਨੇ ਖੁਲਾਸਾ ਕੀਤਾ ਕਿਮੇਰੇ ਕੋਲ ਉੱਚ ਅਧਿਕਾਰੀਆਂ ਤੋਂ ਆਦੇਸ਼ ਸਨ ਕਿ ਤੁਹਾਨੂੰ 20000 ਥੈਲੇ ਤਿਆਰ ਕਰ ਕੇ  ਕਾਂਗਰਸ ਦੇ ਹਲਕਾ ਇੰਚਾਰਜ ਨੂੰ ਦੇਣਾ ਹੈ ਅਧਿਕਾਰੀ ਨੇ ਕਿਹਾ ਕਿ ਹਲਕੇ ਦੇ ਹਲਕੇ ਦੇ ਪ੍ਰਭਾਰੀ ਨੂੰ 15000 ਕਿੱਟਾਂ ਅਤੇ ਉਨ੍ਹਾਂ ਦੇ ਕਹਿਣ ਤੇ ਇੱਕ ਮਿੱਲ ਮਾਲਿਕ ਨੂੰ 5000 ਕਿੱਟਾਂ ਦਿੱਤੀਆਂ ਗਈਆਂ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਗਰਾਓਂ  ਦੇ ਪ੍ਰਧਾਨ  ਸ੍ਰੀ ਗੌਰਵ ਖੁੱਲਰ ਜੀ ਅਤੇ ਮੰਡਲ ਦੇ ਪ੍ਰਧਾਨ  ਹਨੀ ਗੋਇਲ ਜੀ ਨੇ ਰਾਸ਼ਨ ਘੁਟਾਲੇ ਦਾ ਮੁੱਦਾ ਉਠਾਇਆ ਜਿਸ ਵਿੱਚ ਸੀਬੀਆਈ ਨੂੰ ਜਲਦੀ ਤੋਂ ਜਲਦੀ ਇਸ ਮਾਮਲੇ ਦੀ ਪੜਤਾਲ ਕਰਨ ਦੀ ਅਪੀਲ ਕੀਤੀ ਗਈ ਅਤੇ ਇਸ ਵਿੱਚ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕੋਈ ਸਰਕਾਰੀ ਮੰਤਰੀ ਸ਼ਾਮਲ ਹੈ ਅਤੇ  ਜੇ ਉਹ ਦੋਸ਼ੀ ਸਾਹਮਣੇ ਆਉਂਦਾ ਹੈ, ਤਾਂ ਸਰਕਾਰ ਦੁਆਰਾ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।  ਉਨ੍ਹਾਂ ਨੇ ਪੰਜਾਬ ਦੇ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੂੰ ਸਵਾਲ ਵੀ ਪੁੱਛਿਆ ਹੈ, ਕੀ ਕਿੰਨਾ  ਦੀ ਤਰਫੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਗਰੀਬ ਭੁੱਖੇ ਮਰ ਰਹੇ ਹਨ, ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਕੇਂਦਰ ਸਰਕਾਰ ਤੋਂ ਬਿਨਾਂ ਕਿਸੇ ਭੇਦਭਾਵ ਦੇ ਰਾਸ਼ਨ, ਹਰ ਗਰੀਬ ਅਤੇ ਲੋੜਵੰਦ  ਲਈ ਰਾਸ਼ਨ ਆਇਆ ਹੈ ਪਰ ਪੰਜਾਬ ਦੀ ਕਾਂਗਰਸ ਸਰਕਾਰ ਉਸ ਰਾਸ਼ਨ ਨੂੰ ਆਪਣੇ ਚਹੇਤਿਆਂ ਨੂੰ ਵੰਡ ਕੇ ਗਰੀਬ ਦਾ ਹੱਕ ਖਾ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਆਪਣੇ ਪ੍ਰਦੇਸ਼ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਹੇਠ ਜਦ ਤੱਕ ਗਰੀਬਾਂ ਨੂੰ ਰਾਸ਼ਨ ਨਹੀਂ ਮਿੱਲ  ਜਾਂਦਾ ਤਦ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ  ਜ਼ਿਲ੍ਹਾ ਪ੍ਰਧਾਨ ਸ.  ਗੌਰਵ ਖੁੱਲਰ ਜ਼ਿਲ੍ਹਾ ਉਪ ਮੁਖੀ ਸੰਚਿਤ ਗਰਗ;  ਜਗਦੀਸ਼ ਓਹਰੀ ਜ਼ਿਲ੍ਹਾ ਸਕੱਤਰ ਵਿਵੇਕ ਭਾਰਦਵਾਜ;  ਸੁਸ਼ੀਲ ਜੈਨ ਮੰਡਲ ਦੇ ਪ੍ਰਧਾਨ ਹਨੀ ਗੋਇਲ, ਸਲਾਹਕਾਰ ਦਰਸ਼ਨ ਗਿੱਲ;  ਕੁਨਾਲ ਬੱਬਰ;  ਅੰਕੁਸ਼ ਧੀਰ;  ਕ੍ਰਿਸ਼ਨਾ ਕੁਮਾਰ, ਅੰਕੁਸ਼ ਧੀਰ, ਵਿਸ਼ਾਲ ਗਿੱਲ, ਸਰਜੀਵਨ ਬਾਂਸਲ, ਜਸਪਾਲ ਸਿੰਘ , ਇੰਦਰਜੀਤ ਸਿੰਘ, ਦਿਨਕਰ ਅਰੋੜਾ, ਅਮਰਜੀਤ ਗੋਲੂ, ਰਾਜੇਸ਼ ਲੂੰਬਾ, ਆਸ਼ਾ ਰਾਣੀ, ਮਨੀ ਸਿੰਘ, ਰਾਜੇਸ਼ ਅਗਰਵਾਲ, ਦਵਿੰਦਰ ਸਿੰਘ ਆਦਿ ਹਾਜਰ ਸਨ,

ਅਸਟ੍ਰੇਲੀਆ ਦਾ ਜ਼ਾਅਲੀ ਵੀਜਾ ਲਵਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਦਾ ਪਰਦਾ ਫਾਸ,ਮੁੱਕਦਮਾ ਦਰਜ

ਜਗਰਾਉਂ(ਰਾਣਾ ਸ਼ੇਖਦੌਲਤ)ਇੱਥੋਂ ਨਜਦੀਕ ਪਿੰਡ ਲੰਮੇ ਵਿੱਚ ਇੱਕ ਗਰੀਬ ਪਰਿਵਾਰ ਨਾਲ ਏਜੰਟ ਨੇ ਅਸਟ੍ਰੇਲੀਆ ਦਾ ਜ਼ਾਅਲੀ ਵੀਜਾ ਲਗਵਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਕ ਜਾਣਕਾਰੀ ਅਨੁਸਾਰ ਨਾਈਬ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਲੰਮੇ ਨੇ ਦੱਸਿਆ ਕਿ ਮੇਰੇ ਨਾਲ ਠੱਗੀ ਹੋਣ ਦੀ ਦਰਖਾਸਤ ਕੁੱਝ ਸੀਨੀਅਰ ਅਫਸਰ ਤਫਤੀਸ਼ ਕਰ ਰਹੇ ਸਨ ਜਿਸ ਏਜੰਟ ਨੇ ਠੱਗੀ ਮਾਰੀ ਸੀ ਉਸ ਤੇ ਅੱਜ ਮੁੱਕਦਮਾ ਦਰਜ ਕੀਤਾ ਗਿਆ ਹੈ। ਇਹ ਏਜੰਟ venketsh ਨਾਮ ਨਾਲ ਜਾਣਿਆ ਜਾਂਦਾ ਹੈ ਇਸ ਨੇ ਮੇਰੇ ਤੋਂ ਆਪਣੇ ਅਕਾਊਂਟ ਵਿੱਚ ਲੱਖਾਂ ਰੁਪਏ ਟਰਾਂਸਫਰ ਕਰਵਾ ਲਏ ਅਤੇ ਮੈਨੂੰ ਅਸਟ੍ਰੇਲੀਆ ਦਾ ਵੀਜਾ ਲਗਵਾ ਕੇ ਦੇ ਦਿੱਤਾ ਇਸ ਤਰ੍ਹਾਂ ਮੈ ਆਪਣੇ ਦੋ ਦੋਸਤਾਂ ਦੇ ਤਲਵਿੰਦਰ ਸਿੰਘ ਤੇ ਜਸਪਾਲ ਸਿੰਘ ਦੇ ਪੈਸੇ ਵੀ ਭੇਜ ਦਿੱਤੇ ਉਨ੍ਹਾਂ ਦੇ ਵੀਜੇ ਵੀ ਭੇਜ ਦਿੱਤੇ ਅਸੀਂ ਟਿਕਟਾਂ ਕਰਵਾ ਕੇ ਦਿੱਲੀ ਏਅਰਪੋਰਟ ਚਲੇ ਗਏ ਜਦੋਂ ਅਸੀਂ ਏਅਰਪੋਰਟ ਅੰਦਰ ਕਾਗਜ਼ ਭਰ ਕੇ ਦਾਖਲ ਕੀਤੇ ਤਾਂ ਸਾਨੂੰ ਉਨ੍ਹਾਂ ਦੱਸਿਆ ਕਿ ਤੁਹਾਡਾ ਵੀਜਾ ਜਾਅਲੀ ਲੱਗਿਆ ਹੋਇਆ ਹੈ ਅਤੇ ਮੇਰੇ ਦੋ ਦੋਜਤ ਤਲਵਿੰਦਰ ਸਿੰਘ ਅਤੇ ਜਸਪਾਲ ਸਿੰਘ ਦਾ ਵੀ ਜਾਅਲੀ ਵੀਜਾ ਲੱਗਿਆ ਹੈ ਜਦੋਂ ਅਸੀਂ venkatesh ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਨੰਬਰ ਬੰਦ ਕਰ ਲਏ।ਜਿਸ ਦੀ ਤਫਤੀਸ਼ ਕਰਕੇ ਅੱਜ ਮੁੱਕਦਮਾ ਦਰਜ਼ ਕਰ ਲਿਆ ਹੈ।

ਇੰਡੋਸਿੰਡ ਬੈਂਕ ਦੇ ਸਟਾਫ਼ ਦਾ ਗੀ੍ਨ ਮਿਸ਼ਨ ਪੰਜਾਬ ਨੇ ਕੀਤਾ ਸਨਮਾਨ

ਜਗਰਾਓਂ, ਜੁਲਾਈ 2020 -(ਗੁਰਕੀਰਤ ਸਿੰਘ / ਮਨਜਿੰਦਰ ਗਿੱਲ)-

ਦਾ ਗ੍ਰੀਨ ਮਿਸ਼ਨ ਪੰਜਾਬ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਲੋਕ ਸੇਵਾ 'ਚ ਅਹਿਮ ਯੋਗਦਾਨ ਪਾਉਂਣ ਵਾਲੇ ਕੋਰੋਨਾ ਯੋਧਿਆਂ ਦਾ ਸਨਮਾਨ ਕਰਨ ਵਾਲਿਆਂ ਦੀ ਲੜੀ 'ਚ ਜਗਰਾਉਂ ਦੀ ਇੰਡੋਸਿੰਡ ਬੈਂਕ ਦੇ ਸਟਾਫ਼ ਨੂੰ ਦਾ ਗ੍ਰੀਨ ਮਿਸ਼ਨ ਪੰਜਾਬ ਦੇ ਪ੍ਰਮੁੱਖ ਆਗੂ ਸਤਪਾਲ ਸਿੰਘ ਦੇਹੜਕਾ ਦੀ ਅਗਵਾਈ 'ਚ ਬੈਂਕ ਦੇ ਮੈਨੇਜਰ ਭੁਪਿੰਦਰ ਸਿੰਘ ਸਮੇਤ ਡਿਪਟੀ ਮੈਨੇਜਰ ਮੋਨਿਕਾ ਅਰੋੜਾ, ਅਮਨਪ੍ਰਰੀਤ ਸਿੰਘ ਸੋਨੂੰ, ਰਾਜਪਾਲ ਸਿੰਘ, ਅੰਕੁਸ਼ ਕਸ਼ਯਪ, ਰਾਣੀ ਵਰਮਾ ਅਤੇ ਨਿਤੇਸ਼੍ ਯਾਦਵ ਨੂੰ ਵਿਸੇਸ਼ ਤੌਰ 'ਤੇ ਸਨਮਾਨ ਪੱਤਰ ਅਤੇ ਬੂਟੇ ਦਿੱਤੇ ਗਏ। ਇਸ ਮੌਕੇ ਸਤਪਾਲ ਸਿੰਘ ਦੇਹੜਕਾ ਨੇ ਕਿਹਾ ਕਿ ਲੌਕਡਾਊਨ ਦੌਰਾਨ ਜਦੋਂ ਹਰ ਕੋਈ ਵਿਅਕਤੀ ਘਰਾਂ 'ਚ ਸੀ ਤਾਂ ਉਸ ਸਮੇਂ ਮੈਨੇਜਰ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਕਰਮਚਾਰੀਆਂ ਨੇ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ ਅਤੇ ਲੋਕਾਂ ਨੂੰ ਘਰ ਘਰ ਤੱਕ ਬੈਂਕ ਸੇਵਾਵਾਂ ਮੁਹੱਈਆਂ ਕਰਵਾਈਆਂ। ਇਸ ਮੌਕੇ ਮੈਨੇਜਰ ਭੁਪਿੰਦਰ ਸਿੰਘ ਅਤੇ ਸਟਾਫ਼ ਨੇ ਆਪਣੇ ਇਸ ਸਨਮਾਨ ਲਈ ਸਤਪਾਲ ਸਿੰਘ ਦੇਹੜਕਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ 'ਚ ਵੀ ਉਹ ਆਪਣੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ।

 

ਕੋਰੋਨਾ ਦਾ ਕਹਿਰ 

ਐੱਸ ਡੀ ਐੱਮ ਖੰਨਾ ਦੀ ਮਾਤਾ ਤੇ ਪਤਨੀ ਵੀ ਪਾਜ਼ੇਟਿਵ

ਖੰਨਾ/ਲੁਧਿਆਣਾ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸ਼ਹਿਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਮੰਗਲਵਾਰ ਨੂੰ ਖੰਨਾ ਦੇ ਐੱਸਡੀਐੱਮ ਸੰਦੀਪ ਸਿੰਘ ਅਤੇ ਦੋ ਡਾਕਟਰ ਪਿਤਾ-ਪੁੱਤਰ ਸਮੇਤ 9 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬੁੱਧਵਾਰ ਨੂੰ ਇਕ ਹੋਰ ਚਿੰਤਾ ਦੀ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨੇ ਹੁਣ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਆਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਐੱਸਡੀਐੱਮ ਖੰਨਾ ਸੰਦੀਪ ਸਿੰਘ ਦੀ ਮਾਤਾ (67 ਸਾਲ) ਤੇ (38 ਸਾਲ) ਪਤਨੀ ਦੀ ਰਿਪੋਰਟ ਵੀ ਬੁੱਧਵਾਰ ਨੂੰ ਪਾਜ਼ੇਟਿਵ ਆਈ ਹੈ।

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਹੀ ਐੱਸਡੀਐੱਮ ਸੰਦੀਪ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਸੈਂਪਲ ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਲਈ ਗਏ ਸਨ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮਾਤਾ ਅੰਮਿ੍ਤਸਰ 'ਚ ਰਹਿੰਦੀ ਹੈ ਤੇ ਕੁੱਝ ਹੀ ਦਿਨ ਪਹਿਲਾਂ ਖੰਨਾ ਆਈ ਸੀ। ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਖੰਨਾ 'ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਹੁਣ 54 ਹੋ ਗਈ ਹੈ।

-ਅੱਜ ਲੈਣਗੇ ਐੱਸਡੀਐੱਮ ਦਫ਼ਤਰ ਸਟਾਫ ਦੇ ਸੈਂਪਲ

ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਕਿਹਾ ਕਿ ਵੀਰਵਾਰ ਨੂੰ ਐੱਸਡੀਐੱਮ ਦਫ਼ਤਰ ਖੰਨਾ ਦੇ ਸਟਾਫ ਦੇ ਸੈਂਪਲ ਸਿਹਤ ਵਿਭਾਗ ਵੱਲੋਂ ਲਏ ਜਾਣਗੇ। ਜਾਣਕਾਰੀ ਅਨੁਸਾਰ ਐੱਸਡੀਐੱਮ ਦੇ ਸੰਪਰਕ 'ਚ ਆਏ ਕੁੱਝ ਹੋਰ ਲੋਕਾਂ ਦੇ ਸੈਂਪਲ ਵੀ ਸਿਹਤ ਵਿਭਾਗ ਲੈ ਸਕਦਾ ਹੈ। ਖੰਨਾ 'ਚ ਬੁੱਧਵਾਰ ਨੂੰ 32 ਲੋਕਾਂ ਦੇ ਸੈਂਪਲ ਲਈ ਗਏ ਹਨ।

ਜ਼ਿਲਾ ਲੁਧਿਆਣਾ ਵਿੱਚ 556 ਮਰੀਜ਼ਾਂ ਦਾ ਚੱਲ ਰਿਹੈ ਇਲਾਜ਼

ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਦੀ ਰਿਪੋਰਟ ਪਾਜ਼ੀਟਿਵ ਆਈ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ

ਲੁਧਿਆਣਾ, ਜੁਲਾਈ 2020 ( ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਚਰਨਜੀਤ 

ਸਿੰਘ ਚੰਨ/ਮਨਜਿੰਦਰ ਗਿੱਲ) )-ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦ ਸਮੇਂ ਵੀ ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 556 ਮਰੀਜ਼ਾਂ ਦਾ ਇਲਾਜ਼ ਜਾਰੀ ਹੈ। ਬੀਤੇ ਦਿਨੀਂ ਕੀਤੇ ਗਏ ਟੈਸਟਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਦੀ ਰਿਪੋਰਟ ਪਾਜ਼ੀਟਿਵ ਆਈ ਹੈ।ਸ਼ਰਮਾ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਦੇ ਮੁੱਖ ਅਧਿਕਾਰੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ 'ਤੇ ਇਹਤਿਆਤ ਵਰਤਦਿਆਂ ਉਨਾਂ ਸਾਰੇ ਅਧਿਕਾਰੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕਰਵਾ ਦਿੱਤਾ ਗਿਆ ਹੈ, ਜੋ ਪਿਛਲੇ ਦਿਨਾਂ ਦੌਰਾਨ ਪਾਜ਼ੀਟਿਵ ਆਏ ਅਧਿਕਾਰੀਆਂ ਦੇ ਸੰਪਰਕ ਵਿੱਚ ਆਏ ਸਨ। ਉਨਾਂ ਦੱਸਿਆ ਕਿ ਉਹ ਖੁਦ ਵੀ ਉਕਤ ਅਧਿਕਾਰੀਆਂ ਦੇ ਸੰਪਰਕ ਵਿੱਚ ਆਏ ਸਨ ਪਰ ਉਨਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ।ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 39737 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 38721 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨਾਂ ਵਿੱਚੋਂ 37306 ਨਤੀਜੇ ਨੈਗੇਟਿਵ ਆਏ ਹਨ, ਜਦਕਿ 1016 ਰਿਪੋਰਟਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ਨਾਲ ਸੰਬੰਧਤ 1181 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 234 ਮਰੀਜ਼ ਹੋਰ ਜ਼ਿਲਿ•ਆਂ ਨਾਲ ਸੰਬੰਧਤ ਹਨ। ਉਨਾਂ ਕਿਹਾ ਕਿ ਬਦਕਿਸਮਤੀ ਨਾਲ 28 ਮੌਤਾਂ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਅਤੇ 27 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ।ਉਨਾਂ ਕਿਹਾ ਕਿ ਹੁਣ ਤੱਕ 15349 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2318 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 227 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰਾਂ ਅੱਜ ਵੀ 879 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ।ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।