ਸਿਪਾਹੀ ਪਲਵਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮੰਤਰੀ ਵੱਲੋਂ ਸ਼ਰਧਾ ਅਤੇ ਸਤਿਕਾਰ ਕੀਤਾ ਭੇਟ

ਦੋਰਾਹਾ/ਲੁਧਿਆਣਾ, ਜੁਲਾਈ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਕਾਰਗਿਲ ਵਿਖੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਿਪਾਹੀ ਪਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਪਿੰਡ ਰਾਮਪੁਰ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ  ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਲਵਿੰਦਰ ਸਿੰਘ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਸਮਰਾਲਾ ਦੇ ਵਿਧਾਇਕ  ਅਮਰੀਕ ਸਿੰਘ ਢਿੱਲੋਂ, ਪਾਇਲ ਦੇ ਵਿਧਾਇਕ ਲਖ਼ਬੀਰ ਸਿੰਘ ਲੱਖਾ, ਐੱਸ. ਡੀ. ਐੱਮ. ਸਮਰਾਲਾ ਮਿਸ ਗੀਤਿਕਾ ਸਿੰਘ, ਪਰਿਵਾਰਕ ਮੈਂਬਰ, ਪਿੰਡ ਵਾਸੀ ਅਤੇ ਹੋਰ ਹਾਜ਼ਰ ਸਨ।ਦੱਸਣਯੋਗ ਹੈ ਕਿ ਪਲਵਿੰਦਰ ਸਿੰਘ ਸਮਰਾਲਾ ਨੇੜਲੇ ਪਿੰਡ ਢੀਂਡਸਾ ਨਾਲ ਸੰਬੰਧਤ ਸੀ। ਬੀਤੀ 22 ਜੂਨ ਨੂੰ ਉਹ ਆਪਣੇ ਸੀਨੀਅਰ ਅਫ਼ਸਰ ਨਾਲ ਕਿਤੇ ਜਾ ਰਿਹਾ ਸੀ ਤਾਂ ਉਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਨਹਿਰ ਵਿੱਚ ਜਾ ਡਿੱਗੀ। ਉਸਦੇ ਵੱਡੇ ਭਰਾ ਜਗਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਵਿੰਦਰ 2010 ਵਿੱਚ ਹੀ ਫੌਜ ਵਿੱਚ ਭਰਤੀ ਹੋਇਆ ਸੀ। ਉਸਦੇ ਪਿਤਾ ਨੇ ਵੀ 24 ਸਾਲ ਫੌਜ ਦੀ ਨੌਕਰੀ ਕੀਤੀ ਸੀ। ਜਗਪ੍ਰੀਤ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਉਨਾਂ ਦੇ ਪਰਿਵਾਰ ਦੀ ਮਦਦ ਕਰਨ ਅਤੇ ਉਨਾਂ ਦੇ ਗਰੇਜੂਏਟ ਛੋਟੇ ਭਰਾ ਨੂੰ ਸਰਕਾਰੀ ਨੌਕਰੀ 'ਤੇ ਭਰਤੀ ਕਰਨ।ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮੰਤਰੀ ਤਰਫੋਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰੇਗੀ।