ਕੋਰੋਨਾ ਦਾ ਕਹਿਰ 

ਐੱਸ ਡੀ ਐੱਮ ਖੰਨਾ ਦੀ ਮਾਤਾ ਤੇ ਪਤਨੀ ਵੀ ਪਾਜ਼ੇਟਿਵ

ਖੰਨਾ/ਲੁਧਿਆਣਾ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸ਼ਹਿਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਮੰਗਲਵਾਰ ਨੂੰ ਖੰਨਾ ਦੇ ਐੱਸਡੀਐੱਮ ਸੰਦੀਪ ਸਿੰਘ ਅਤੇ ਦੋ ਡਾਕਟਰ ਪਿਤਾ-ਪੁੱਤਰ ਸਮੇਤ 9 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬੁੱਧਵਾਰ ਨੂੰ ਇਕ ਹੋਰ ਚਿੰਤਾ ਦੀ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨੇ ਹੁਣ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਆਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਐੱਸਡੀਐੱਮ ਖੰਨਾ ਸੰਦੀਪ ਸਿੰਘ ਦੀ ਮਾਤਾ (67 ਸਾਲ) ਤੇ (38 ਸਾਲ) ਪਤਨੀ ਦੀ ਰਿਪੋਰਟ ਵੀ ਬੁੱਧਵਾਰ ਨੂੰ ਪਾਜ਼ੇਟਿਵ ਆਈ ਹੈ।

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਹੀ ਐੱਸਡੀਐੱਮ ਸੰਦੀਪ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਸੈਂਪਲ ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਲਈ ਗਏ ਸਨ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮਾਤਾ ਅੰਮਿ੍ਤਸਰ 'ਚ ਰਹਿੰਦੀ ਹੈ ਤੇ ਕੁੱਝ ਹੀ ਦਿਨ ਪਹਿਲਾਂ ਖੰਨਾ ਆਈ ਸੀ। ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਖੰਨਾ 'ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਹੁਣ 54 ਹੋ ਗਈ ਹੈ।

-ਅੱਜ ਲੈਣਗੇ ਐੱਸਡੀਐੱਮ ਦਫ਼ਤਰ ਸਟਾਫ ਦੇ ਸੈਂਪਲ

ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਕਿਹਾ ਕਿ ਵੀਰਵਾਰ ਨੂੰ ਐੱਸਡੀਐੱਮ ਦਫ਼ਤਰ ਖੰਨਾ ਦੇ ਸਟਾਫ ਦੇ ਸੈਂਪਲ ਸਿਹਤ ਵਿਭਾਗ ਵੱਲੋਂ ਲਏ ਜਾਣਗੇ। ਜਾਣਕਾਰੀ ਅਨੁਸਾਰ ਐੱਸਡੀਐੱਮ ਦੇ ਸੰਪਰਕ 'ਚ ਆਏ ਕੁੱਝ ਹੋਰ ਲੋਕਾਂ ਦੇ ਸੈਂਪਲ ਵੀ ਸਿਹਤ ਵਿਭਾਗ ਲੈ ਸਕਦਾ ਹੈ। ਖੰਨਾ 'ਚ ਬੁੱਧਵਾਰ ਨੂੰ 32 ਲੋਕਾਂ ਦੇ ਸੈਂਪਲ ਲਈ ਗਏ ਹਨ।