You are here

ਲੁਧਿਆਣਾ

ਲੁਧਿਆਣਾ ਵਿੱਚ ਕਰੋਨਾ ਵਾਇਰਸ ਕਾਰਨ 12 ਮੌਤਾਂ, 173 ਨਵੇਂ ਮਾਮਲੇ ਆਏ ਸਾਹਮਣੇ

ਲੁਧਿਆਣਾ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਲੁਧਿਆਣਾ ਵਿਚ ਅੱਜ 173 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਪਾਇਆ ਗਿਆ ਹੈ, ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਅੱਜ ਇਸੇ ਕਾਰਨ 12 ਮੋਤਾਂ ਹੋਈਆਂ ਹਨ। ਪਿਛਲੇ ਦੋ ਦਿਨਾਂ ਵਿੱਚ ਲੁਧਿਆਣਾ ਵਿੱਚ ਕਰੋਨਾ ਦੇ ਮਾਮਲੇ ਬੇਸ਼ਕ ਘੱਟੇ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਹੋਈ ਹੈ। ਸਿਹਤ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਇਸ ਵੇਲੇ ਲੁਧਿਆਣਾ ਵਾਸੀ ਕਰੋਨਾ ਦੇ ਉੱਚ ਸਿਖਰ ਵਿੱਚੋਂ ਲੰਘ ਰਹੇ ਹਨ ਤੇ ਇਸ ਮੌਕੇ ਕਾਫੀ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹਨ। ਅੱਜ ਜੋ ਪੀੜਤ ਮਰੀਜ਼ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ 152 ਜ਼ਿਲ੍ਹਾ ਲੁਧਿਆਣਾ ਤੋਂ ਅਤੇ 21 ਹੋਰ ਸੂਬਿਆਂ ਜਾਂ ਜ਼ਿਲ੍ਹਿਆਂ ਨਾਲ ਸੰਬੰਧਤ ਹਨ।

 ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 8831 ਹੈ, ਜਦਕਿ 898 ਮਰੀਜ਼ ਦੂਜੇ ਜ਼ਿਲ੍ਹਿਆਂ/ਸੂਬਿਆਂ ਨਾਲ ਸਬੰਧਤ ਹਨ। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤਾਂ ਦੀ ਕੁੱਲ ਗਿਣਤੀ ਲੁਧਿਆਣਾ ਤੋਂ 323 ਅਤੇ 70 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹੈ। ਅੱਜ ਜਿਲੇ ਅੰਦਰ 5722 ਲੋਕਾਂ ਇਕਾਂਤਵਾਸ 'ਚ ਹਨ   ਮੌਜੂਦਾ ਸਮੇਂ 5722 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 542 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਅੱਜ ਵੀ 4207 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ ਹੁਣ ਤੱਕ ਕੁੱਲ 8831 ਮਰੀਜ਼ਾਂ ਵਿਚੋਂ 73.09 ਫੀਸਦ (6451 ਕੋਵਿਡ ਪਾਜ਼ੇਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।

ਹਾਦਸੇ ’ਚ ਜ਼ਖ਼ਮੀ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਡਾਕਟਰਾਂ ਨੇ ਆਪਰੇਸ਼ਨ ਕਰਨ ਤੋਂ ਕੀਤਾ ਇਨਕਾਰ

ਲੁਧਿਆਣਾ , ਅਗਸਤ 2020 -(ਸਤਪਾਲ ਸਿੰਘ ਦੇਹਰਕਾ/ਮੰਜਿਨ ਗਿੱਲ)- mਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਐਤਵਾਰ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੁਰਘਟਨਾ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ ਭਰਤੀ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਡਾਕਟਰ ਨੇ ਉਸ ਦਾ ਆਪਰੇਸ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਸਿਵਲ ਹਸਪਤਾਲ ਲਿਜਾਣ ਲਈ ਕਿਹਾ। ਪਰਿਵਾਰ ਵਾਲਿਆਂ ਨੇ ਇਸ ਸਾਰੇ ਮਾਮਲੇ ਨੂੰ ਲੈ ਕੇ ਹਸਪਤਾਲ ਵਿਚ ਕਾਫੀ ਸਮੇਂ ਤਕ ਰੋਸ ਪ੍ਰਗਟਾਇਆ। ਜਾਣਕਾਰੀ ਅਨੁਸਾਰ, ਹੈਬੋਵਾਲ ਦਾ ਰਹਿਣ ਵਾਲਾ 26 ਸਾਲਾ ਜੰਤ ਮਲਹੋਤਰਾ ਸ਼ਨੀਵਾਰ ਸ਼ਾਮ ਨੂੰ ਸਾਊਥ ਸਿਟੀ ਰੋਡ 'ਤੇ ਹੋਏ ਇਕ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਲੋਕਾਂ ਨੂੰ ਤੁਰੰਤ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉਸ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਬੁਰੀ ਤਰ੍ਹਾਂ ਟੁੱਟ ਗਈਆਂ ਸਨ ਅਤੇ ਉਸ ਦੀ ਰੀੜ੍ਹ ਦੀ ਹੱਡੀ ਨੂੰ ਵੀ ਸੱਟ ਲੱਗੀ ਸੀ। ਡਾਕਟਰ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਜੰਤ ਦਾ ਆਪ੍ਰੇਸ਼ਨ ਕਰਨਾ ਹੋਵੇਗਾ। ਇਸ ਲਈ ਹਸਪਤਾਲ ਦੁਆਰਾ ਉਸ ਦੀ ਕੋਰੋਨਾ ਜਾਂਚ ਕੀਤੀ ਗਈ ਤਾਂ ਉਹ ਪਾਜ਼ੇਟਿਵ ਪਾਈ ਗਈ। ਇਸ ਲਈ ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਜ਼ਖਮੀ ਜੰਤ ਮਲਹੋਤਰਾ ਦੇ ਪਿਤਾ ਸ਼ਾਮ ਮਲਹੋਤਰਾ ਨੇ ਦੱਸਿਆ ਕਿ ਪਰਿਵਾਰ ਵਿਚ ਉਸ ਦੇ ਦੋ ਬੇਟੇ ਹਨ, ਜਿਸ ਵਿਚ ਜ਼ਖਮੀ ਜੰਤ ਵੱਡਾ ਹੈ।

ਉਸਨੇ ਕਿਹਾ ਕਿ ਉਸਨੇ ਹੱਥ ਜੋੜ ਕੇ ਕਈ ਵਾਰ ਡਾਕਟਰਾਂ ਕੋਲ ਬੇਨਤੀ ਕੀਤੀ ਪਰ ਡਾਕਟਰ ਨੇ ਆਪਣੇ ਬੇਟੇ ਦਾ ਅਪ੍ਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਾਮ ਮਲਹੋਤਰਾ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਦੇ ਪੁੱਤਰ ਨੂੰ 14 ਦਿਨਾਂ ਤੋਂ ਅਲੱਗ ਰੱਖਿਆ ਜਾ ਰਿਹਾ ਹੈ, ਓਪਰੇਟ ਨਹੀਂ ਕਰ ਰਹੇ । ਜੇ ਇਨ੍ਹਾਂ 14 ਦਿਨਾਂ ਵਿਚ ਮੇਰੇ ਬੇਟੇ ਨੂੰ ਕੁਝ ਹੁੰਦਾ ਹੈ ਤਾਂ ਹਸਪਤਾਲ ਪ੍ਰਸ਼ਾਸਨ ਉਸ ਲਈ ਜ਼ਿੰਮੇਵਾਰ ਹੋਵੇਗਾ।

ਇਸ ਸਬੰਧ ਵਿੱਚ ਡੀਐਮਸੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ: ਸੰਦੀਪ ਸ਼ਰਮਾ ਨੇ ਦੱਸਿਆ ਕਿ ਹਸਪਤਾਲ ਦੀ ਤਰਫੋਂ ਦੋ ਦਿਨ ਪਹਿਲਾਂ ਕੋਰੋਨਾ ਸਕਾਰਾਤਮਕ ਮਰੀਜ਼ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਮੈਂ ਸਬੰਧਤ ਡਾਕਟਰ ਨੂੰ ਨਿਰਦੇਸ਼ ਦਿੱਤੇ ਹਨ। ਜਿਨ੍ਹਾਂ ਨੇ ਮਰੀਜ਼ ਦੀ ਹਾਲਤ ਸਥਿਰ ਹੋਣ 'ਤੇ ਜ਼ਖਮੀ ਨੌਜਵਾਨ ਦੇ ਪਰਿਵਾਰ ਨੂੰ ਸੰਚਾਲਨ ਦਾ ਭਰੋਸਾ ਦਿੱਤਾ ਹੈ।

ਲੁਧਿਆਣਾ ਸ਼ਹਿਰ ’ਚ 11-11 ਦਿਨ ਖੁੱਲ੍ਹਣਗੀਆਂ ਦੁਕਾਨਾਂ ਕਰਫਿਊ ਦੀ ਉਲੰਘਣਾ ਕਰਨ ਵਾਿਲਆਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਕਾਰਵਾਈ  

ਲੁਧਿਆਣਾ ’ਚ ਹੁਣ ਬਾਜ਼ਾਰ ਜਿਸਤ ਤੇ ਟਾਂਕ ਫਾਰਮੂਲੇ ਨਾਲ ਖੁੱਲ੍ਹ ਰਹੀਆਂ   

ਲੁਧਿਆਣਾ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਸੂਬੇ ’ਚ ਕਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕਰੋਨਾ ਦੇ ਕੇਸਾਂ ਵਿੱਚ ਲੁਧਿਆਣਾ ਸੂਬੇ ਵਿੱਚ ਨੰਬਰ 1 ’ਤੇ ਹੈ। ਪੰਜਾਬ ਸਰਕਾਰ ਨੇ ਜਿਨ੍ਹਾਂ ਪੰਜ ਸ਼ਹਿਰਾਂ ’ਚ ਕਰੋਨਾ ਜ਼ਿਆਦਾ ਹੈ, ਉਥੇਂ 50 ਫੀਸਦੀ ਬਾਜ਼ਾਰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਕਿ ਬਾਜ਼ਾਰ ਘੱਟ ਖੁੱਲ੍ਹਣ ਤਾਂ ਲੋਕਾਂ ਦੀ ਭੀੜ ਘੱਟ ਹੋਵੇਗੀ। ਲੁਧਿਆਣਾ ’ਚ ਹੁਣ ਬਾਜ਼ਾਰ ਜਿਸਤ ਤੇ ਟਾਂਕ ਫਾਰਮੂਲੇ ਨਾਲ ਖੁੱਲ੍ਹ ਰਹੀਆਂ ਹਨ ਤੇ ਸੋਮਵਾਰ ਨੂੰ ਦੁਕਾਨਾਂ ਜਿਸਤ-ਟਾਂਕ ਵਾਲੀਆਂ ਖੁੱਲ੍ਹੀਆਂ। ਹੁਣ ਮਹੀਨੇ ’ਚ ਹਰ ਦੁਕਾਨਦਾਰ ਨੂੰ 11-11 ਦਿਨ ਦੁਕਾਨ ਖੋਲ੍ਹਣ ਦੀ ਮਨਜ਼ੂਰੀ ਮਿਲੇਗੀ। ਹਾਲਾਂਕਿ ਇਸ ਫਾਰਮੂਲੇ ਨਾਲ ਜਿੱਥੇ ਦੁਕਾਨਦਾਰ ਮੁਸ਼ਕਲ ’ਚ ਹਨ, ਉਥੇਂ ਖਰੀਦਦਾਰ ਵੀ ਪ੍ਰੇਸ਼ਾਨ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਕਈ ਸਵਾਲਾਂ ਦੇ ਜਵਾਬ ਦਿੱਤੇ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਸਨਅਤੀ ਸ਼ਹਿਰ ’ਚ ਦੁਕਾਨਦਾਰ ਪ੍ਰੇਸ਼ਾਨ ਨਾ ਹੋਣ। ਆਪਣੀਆਂ ਦੁਕਾਨਾਂ ਦਾ ਅੰਤਿਮ ਨੰਬਰ ਦੇਖਣ ਤੇ ਉਸ ਹਿਸਾਬ ਨਾਲ ਦੁਕਾਨਾਂ ਖੁੱਲ੍ਹਣਗੀਆਂ। ਬਾਕੀ ਇਲਾਕਾ ਐੱਸਐੱਚਓ ਤੇ ਐੱਸਡੀਐੱਮ ਦੀ ਡਿਊਟੀ ਤਾਂ ਲਾਈ ਗਈ ਹੈ। ਦੁਕਾਨਦਾਰ ਆਪਣੇ ਤੌਰ ’ਤੇ ਵੀ ਸਾਰੇ ਕੰਮ ਕਰ ਸਕਦੇ ਹਨ। ਕਿਸੇ ਨੂੰ ਮੁਸ਼ਕਿਲ ’ਚ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੁਝ ਦੁਕਾਨਦਾਰ ਅਫ਼ਵਾਹ ਫੈਲਾ ਰਹੇ ਹਨ, ਅਜਿਹੀ ਕੋਈ ਗੱਲ ਨਹੀਂ ਹੈ। ਜਿਸਤ ਤੇ ਟਾਂਕ ਬੜੇ ਆਰਾਮ ਨਾਲ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਤਾਂ ਪਹਿਲਾਂ ਹੀ ਛੂਟ ਦਿੱਤੀ ਜਾ ਚੁੱਕੀ ਹੈ। ਜਿਸਤ ਤੇ ਟਾਂਕ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ’ਤੇ ਲਾਗੂ ਨਹੀਂ ਹੁੰਦਾ।

ਇਸ ਨਾਲ ਬਾਜ਼ਾਰ ’ਚ ਭੀੜ ਕਾਫ਼ੀ ਘਟੇਗੀ ਤੇ ਕਾਫ਼ੀ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਜੋ ਦੁਕਾਨਦਾਰ ਆਪਣੇ ਤੌਰ ’ਤੇ ਜਿਸਤ ਤੇ ਟਾਂਕ ਲਾਗੂ ਕਰ ਰਹੇ ਹਨ, ਉਹ ਤਾਂ ਠੀਕ ਹੈ। ਜੇਕਰ ਉਹ ਆਪਣੇ ਤੌਰ ’ਤੇ ਇੱਕ ਪਾਸੇ ਖੋਲ੍ਹ ਕੇ ਤੇ ਦੂਸਰੇ ਪਾਸੇ ਦੂਸਰੇ ਦਿਨ ਖੋਲ੍ਹਣ ਦੀ ਗੱਲ ਕਰ ਰਹੇ ਹਨ ਜਾਂ ਫਿਰ ਕੁਝ ਦੁਕਾਨਦਾਰ ਇੱਕ ਦਿਨ ਮਾਰਕੀਟ ਬੰਦ ਤੇ ਦੂਸਰੇ ਦਿਨ ਖੋਲ੍ਹਣ ਦੀ ਗੱਲ ਕਰ ਰਹੇ ਹਨ। ਇਹ ਵੀ ਉਨ੍ਹਾਂ ਦੇ ਧਿਆਨ ’ਚ ਆਇਆ ਹੈ। ਉਹ ਇਸਨੂੰ ਚੈੱਕ ਕਰਵਾਉਣਗੇ। ਪੰਜਾਹ ਫੀਸਦੀ ਬਾਜ਼ਾਰ ਖੁੱਲ੍ਹਣਗੇ, ਚਾਹੇ ਉਹ ਕਿਵੇਂ ਵੀ ਖੁੱਲ੍ਹਣ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਉਨ੍ਹਾਂ ਦੇ ਵਾਪਰੀਆਂ ਦਾ ਕੰਮ ਬੰਦ ਹੋਵੇ। ਹਰ ਸਰਕਾਰ ਇਹੀ ਚਾਹੁੰਦੀ ਹੈ ਕਿ ਉਨ੍ਹਾਂ ਦੇ ਸੂਬੇ ਦੇ ਲੋਕ ਖੁਸ਼ ਤੇ ਆਬਾਦ ਰਹਿਣ।

ਕਰਫਿਊ ਦਾ ਉਲੰਘਣ ਕਰਨ ਵਾਲਿਆਂ ’ਤੇ ਕਾਰਵਾਈ ਦੀ ਗੱਲ ਕਰ ਡੀਸੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਉਹ ਇਸ ਬਾਰੇ ’ਚ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨਾਲ ਗੱਲ ਜ਼ਰੂਰ ਕਰਨਗੇ। ਹਾਲੇ ਕਰਫਿਊ ਦਾ ਸਹੀ ਮਾਇਨੇ ’ਚ ਪਹਿਲਾ ਦਿਨ ਹੈ। ਜੇਕਰ ਕੋਈ ਕਰਫਿਊ ਦਾ ਉਲੰਘਣ ਕਰੇਗਾ ਤਾਂ ਉਸ ਖਿਲਾਫ਼ ਪੁਲੀਸ ਸਖਤ ਕਾਰਵਾਈ ਕਰੇਗੀ। ਅੱਗੇ ਕਰੋਨਾ ਨਾਲ ਨਜਿੱਠਣ ਦੇ ਲਈ ਪ੍ਰਸਾਸ਼ਨ ਦੀ ਤਿਆਰੀ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸਾਸ਼ਨ ਨੇ ਪੂਰੀ ਤਿਆਰ ਕਰ ਲਈ ਹੈ। ਵੱਖ-ਵੱਖ ਹਸਪਤਾਲਾਂ ’ਚ ਬੈਡ ਵੀ ਵਧਾ ਦਿੱਤੇ ਗਏ ਹਨ। ਹਰ ਹਸਪਤਾਲ ਆਪਣੇ ਪੱਧਰ ’ਤੇ ਆਪਣੀ ਡਿਊਟੀ ਕਰ ਰਿਹਾ ਹੈ। ਪ੍ਰਸਾਸ਼ਨ ਦੇ ਵੱਲੋਂ ਇੱਕ ਐਪ ਵੀ ਤਿਆਰ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਸਾਰੇ ਹਸਪਤਾਲਾਂ ਦਾ ਵੇਰਵਾ ਹੈ ਤੇ ਪੂਰੀ ਜਾਣਕਾਰੀ ਹੈ ਕਿ ਕਿੱਥੇ ਕਿੰਨ੍ਹੇ ਬੈਡ ਖਾਲੀ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਹਸਪਤਾਲ ਬੈਡ ਨੂੰ ਮਨ੍ਹਾ ਨਹੀਂ ਕਰ ਰਿਹਾ। ਜਿੰਨ੍ਹਾਂ ਕੋਲ ਬੈੱਡ ਹਨ, ਉਹ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਬੈਡ ਦੇਣਗੇ। 

ਨਵੇਂ ਬਣੇ ਚੇਅਰਮੈਨ ਝੋਰੜਾਂ ਦੀ ਨਿਯੁਕਤੀ ਦਾ ਵਿਰੋਧ

ਹਠੂਰ/ਜਗਰਾਓਂ, ਅਗਸਤ 2020 -(ਮਨਜਿੰਦਰ ਗਿੱਲ)- ਦੋ ਦਿਨ ਪਹਿਲਾਂ ਹਠੂਰ ਮਾਰਕੀਟ ਕਮੇਟੀ ਦੇ ਨਿਯੁਕਤ ਕੀਤੇ ਚੇਅਰਮੈਨ ਤਰਲੋਚਨ ਸਿੰਘ ਝੋਰੜਾਂ ਦੀ ਨਿਯੁਕਤੀ ਖਿਲਾਫ਼ ਹਠੂਰ ਬਲਾਕ ਦੇ ਕਾਂਗਰਸੀਆਂ ਨੇ ਵਿਰੋਧ ਜਿਤਾਇਆ। ਬੀਤੇ ਕੱਲ੍ਹ ਕਮੇਟੀ ਦੇ ਨਵ-ਨਿਯੁਕਤ ਉਪ-ਚੇਅਰਮੈਨ ਦਰਸ਼ਨ ਸਿੰਘ ਲੱਖਾ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦੇ 15 ਮੈਂਬਰਾਂ ਵਿੱਚੋਂ 11 ਮੈਂਬਰਾਂ ਨੇ ਰੱਖੀ ਮੀਟਿੰਗ’ਚ ਸਹਿਮਤੀ ਪ੍ਰਗਟ ਕਰਦਿਆਂ ਭਾਗ ਲਿਆ ।

ਉਪ-ਚੇਅਰਮੈਨ ਦਰਸ਼ਨ ਸਿੰਘ ਲੱਖਾ ਅਤੇ ਸਾਥੀਆਂ ਦਾ ਤਰਕ ਸੀ ਕਿ ਤਰਲੋਚਨ ਸਿੰਘ ਝੋਰੜਾਂ ਦਾ ਵਿਧਾਨ ਸਭਾ ਹਲਕਾ ਜਗਰਾਉਂ ਨਾਲ ਕੋਈ ਵਾਸਤਾ ਨਹੀਂ ਹੈ । ਜਦਿ ਕਿ ਕਾਂਗਰਸ ਪਾਰਟੀ ਨੂੰ ਲੰਬੇ ਸਮੇਂ ਤੋਂ ਸਮਰਪਿਤ ਅਜ਼ਿਹੇ ਆਗੂ ਹਲਕੇ’ਚ ਮੌਜ਼ੂਦ ਹਨ ਉਨ੍ਹਾਂ ਨੂੰ ਅੱਖੋਂ ਪਰੋਖੇ ਕਰਕੇ ਝੋਰੜਾਂ ਨੂੰ ਚੇਅਰਮੈਨ ਲਾਉਣਾ ਗਲਤ ਫੈਸਲਾ ਹੈ ।ਮੀਟਿੰਗ ਵਿਚ ਸ਼ਾਮਿਲ ਮੈਂਬਰ ਬੂੜਾ ਸਿੰਘ ਗਿੱਲ ਹਠੂਰ, ਗੁਰਮੀਤ ਸਿੰਘ ਬੁਰਜ ਕੁਲਾਰਾ, ਬਲਜਿੰਦਰ ਸਿੰਘ ਮਾਣੂੰਕੇ,ਮਨੋਜ ਕੁਮਾਰ ਚਕਰ,ਨਿਰੋਤਮ ਸਿੰਘ ਦੇਹੜਕਾ,ਹਾਕਮ ਸਿੰਘ ਲੰਮੇ,ਰਣਜੋਧ ਸਿੰਘ ਹਠੂਰ,ਪਰਮਜੀਤ ਕੌਰ ਚਕਰ,ਦਰਸਨ ਸਿੰਘ ਹਠੂਰ,ਤੇਜ ਪ੍ਰਕਾਸ ਹਠੂਰ,ਰਵਿੰਦਰ ਕੁਮਾਰ ਰਾਜੂ ਨੇ ਕਾਂਗਰਸ ਹਾਈਕਮਾਂਡ ਨੂੰ ਇਸ ਫੈਸਲੇ ਤੇ ਮੁੱੜ ਤੋਂ ਨਜ਼ਰਸਾਨੀ ਕਰਨ ਦੀ ਅਪੀਲ ਕਰਦਿਆਂ ਆਖਿਆ ਕਿ ਹਲਕੇ ਦੇ ਸੀਨੀਅਰ ਆਗੂਆਂ ਨੂੰ ਅੱਖੋਂ ਪਰੋਖੇ ਕਰਨਾ ਪਾਰਟੀ ਨੂੰ ਨੁਕਸਾਨ’ਚ ਲੈ ਜਾ ਸਕਦਾ ਹੈ ।ਹਠੂਰ ਕਮੇਟੀ’ਚ ਹਲਕੇ ਦੇ ਦਸ ਪਿੰਡ,ਛੇ ਦਾਣਾ ਮੰਡੀਆਂ ਆਉਂਦੀਆਂ ਹਨ ਇਹ ਸਮੁੱਚਾ ਏਰੀਆ ਤਹਿਸੀਲ ਜਗਰਾਓ ਦਾ ਅਹਿਮ ਹਿੱਸਾ ਹੈ । ਉਨਾਂ ਪਾਰਟੀ ਹਾਈਕਮਾਂਡ,ਕੈਪਟਨ ਅਮਰਿੰਦਰ ਸਿੰਘ,ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਬਾਹਰਲੇ ਹਲਕੇ ਦਾ ਚੇਅਰਮੈਨ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ । ਜੇਕਰ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਪਾਰਟੀ ਨੂੰ ਹੋਣ ਵਾਲੇ ਨੁਕਸਾਨ ਦੇ ਪਾਰਟੀ ਆਗੂ ਜੁੰਮੇਵਾਰ ਹੋਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਤੇਜ ਪ੍ਰਕਾਸ,ਸਾਬਕਾ ਸਰਪੰਚ ਮਲਕੀਤ ਸਿੰਘ ਲੰਮੇ,ਬੂਟਾ ਸਿੰਘ ਚਕਰ,ਬਲਵੀਰ ਸਿੰਘ ਬੁੱਟਰ,ਸੁਖਦੇਵ ਸਿੰਘ,ਘੋਨਾ ਸਿੰਘ,ਪਰਸਨ ਸਿੰਘ.ਜਰਨੈਲ ਸਿੰਘ ਆਦਿ ਹਾਜ਼ਰ ਸਨ।

ਨਾਨਕਸਰ ਸੇਵਾਦਾਰਾਂ ਨਾਲ ਡੀ ਸੀ ਨੇ ਸਮਾਗਮਾਂ ਬਾਰੇ ਕੀਤੀ ਮੀਟਿੰਗ

 

 

ਲੁਧਿਆਣਾ,ਅਗਸਤ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)  ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮਾਂ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਅਤੇ ਸੰਪਰਦਾਇ ਨਾਲ ਵਿਚਾਰ-ਵਟਾਂਦਰਾ ਕੀਤਾ। ਵਿਚਾਰ-ਵਟਾਂਦਰੇ ਦੌਰਾਨ ਨਾਨਕਸਰ ਸੰਪਰਦਾਇ ਵੱਲੋਂ ਸੰਤ ਬਾਬਾ ਗੁਰਚਰਨ ਸਿੰਘ ਅਤੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਭਾਈ ਗੁਰਸੇਵਕ ਸਿੰਘ, ਭਾਈ ਜਸਵਿੰਦਰ ਸਿੰਘ ਅਤੇ ਭਾਈ ਚਰਨਜੀਤ ਸਿੰਘ ਨੇ ਸ਼ਿਰਕਤ ਕੀਤੀ। ਇਸ ਮੀਟਿੰਗ 'ਚ ਬਰਸੀ ਸਮਾਗਮਾਂ 'ਚ ਹੰੁਦੇ ਲੱਖਾਂ ਦੇ ਇਕੱਠ ਨੂੰ ਲੈ ਕੇ ਵੱਡੀ ਚਿੰਤਾ ਜਤਾਈ ਗਈ। ਡੀਸੀ ਸ਼ਰਮਾ ਵੱਲੋਂ ਅੱਜ ਜਦੋਂ ਕੋਰੋਨਾ ਮਹਾਮਾਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ, ਅਜਿਹੇ ਵਿਚ ਛੋਟਾ ਇਕੱਠ ਜਿੱਥੇ ਵੱਡਾ ਖ਼ਤਰਾ ਬਣ ਸਕਦਾ ਹੈ, ਉਥੇ ਨਾਨਕਸਰ ਹੁੰਦੇ ਵੱਡੇ ਇਕੱਠ ਸਬੰਧੀ ਵੱਡੀ ਚਿੰਤਾ ਪ੍ਰਗਟਾਈ ਗਈ। ਮੀਟਿੰਗ 'ਚ ਵਿਚਾਰ-ਵਟਾਂਦਰੇ ਤੋਂ ਬਾਅਦ ਬਰਸੀ ਸਮਾਗਮ ਸ਼ਰਧਾ ਤੇ ਗੁਰ ਮਰਿਯਾਦਾ ਅਨੁਸਾਰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਪਰ ਇਸ ਦੌਰਾਨ ਵੱਡੇ ਇਕੱਠ, ਲੰਗਰਾਂ ਤੇ ਛਬੀਲਾਂ 'ਤੇ ਰੋਕ ਸਮੇਤ ਕਈ ਮਹੱਤਵਪੂਰਨ ਫ਼ੈਸਲੇ ਕੀਤੇ ਗਏ। ਮੀਟਿੰਗ ਵਿਚ ਐੱਸਐੱਸਪੀ ਵਿਵੇਕਸ਼ੀਲ ਸੋਨੀ, ਏਡੀਸੀ ਨੀਰੂ ਕਤਿਆਲ ਆਦਿ ਹਾਜ਼ਰ ਸਨ।

ਲੁਧਿਆਣਾ ਜਿਲੇ ਅੰਦਰ ਕੋਰੋਨਾ ਦੇ 242 ਕੇਸ ਆਏ ਸਾਹਮਣੇ, 9 ਮੌਤਾਂ

ਲੁਧਿਆਣਾ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਲੁਧਿਆਣਾ ਵਿੱਚ ਜਿਥੇ ਕਿ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਮਾਮਲੇ 400 ਦੇ ਕਰੀਬ ਆ ਰਹੇ ਸਨ ਉਥੇ ਹੁਣ ਅੱਜ ਕੋਰੋਨਾ ਦੇ ਮਾਮਲੇ ਘੱਟ ਕੇ 242 ਆਏ ਹਨ ਜਦਕਿ ਇਸ ਦੌਰਾਨ 9 ਮੌਤਾਂ ਹੋਈਆਂ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵਲੋਂ ਟੈਸਟਿੰਗ ਵਿੱਚ ਵੀ ਵਾਧਾ ਕੀਤਾ ਗਿਆ ਹੈ। ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਰਿਕਾਰਡ 4344 ਸੈਂਪਲ ਲਏ ਗਏ ਹਨ। ਇਸ ਸਮੇਂ ਜ਼ਿਲ੍ਹੇ ਵਿੱਚ 2072 ਪਾਜ਼ੇਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 6292 ਹੋ ਗਈ ਹੈ। ਹੁਣ ਤੱਕ ਕੁੱਲ 104297 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 99185 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 89629 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 5112 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 8679 ਹੈ, ਜਦਕਿ 877 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ। ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 312 ਅਤੇ 69 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 31077 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 5441 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 465 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।  

ਵਿਦੇਸ਼ ਰਹਿੰਦੀ ਲੜਕੀ ਨੇ ਪ੍ਰੇਮ ਜਾਲ ’ਚ ਫਸਾ ਕੇ ਨੌਜਵਾਨ ਠੱਗਿਆ

ਜਗਰਾਉਂ, ਅਗਸਤ 2020 -(ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਪਿੰਡ ਜਗਰਾਉਂ ਪੱਤੀ ਮਲਕ ਦੇ ਵਸਨੀਕ ਨੌਜਵਾਨ ਨੂੰ ਪ੍ਰੇਮ ਜਾਲ’ਚ ਫਸਾ ਕੇ ਵਿਦੇਸ਼ ਰਹਿੰਦੀ ਲੜਕੀ ਨੇ ਵਿਆਹ ਕਰਵਾ ਕੇ 35 ਲੱਖ ਦੀ ਮਾਰੀ ਠੱਗੀ ਦੀ ਪੁਲੀਸ ਅਧਿਕਾਰੀਆਂ ਵੱਲੋਂ ਮੁਕੰਮਲ ਪੜਤਾਲ ਕਰਨ ਉਪਰੰਤ ਲੜਕੀ ਸਮੇਤ ਚਾਰ ਖਿਲਾਫ ਮਾਮਲਾ ਦਰਜ ਕੀਤਾ ਹੈ । ਪੀੜਤ ਨੌਜਵਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇੰਟਰਨੈਟ ਰਾਹੀਂ ਉਸਦੀ ਜਸਪ੍ਰੀਤ ਕੌਰ ਵਾਸੀ ਪਿੰਡ ਬੱਧਨੀ ਕਲਾਂ ਨਾਲ ਦੋਸਤੀ ਹੋ ਗਈ। ਫਿਰ ਜਸਪ੍ਰੀਤ ਕੌਰ ਨਾਲ ਉਸਦਾ 14 ਅਗਸਤ 2016 ਨੂੰ ਵਿਆਹ ਹੋਇਆ ਸੀ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਦੇ ਕਹਿਣ ਤੇ ਵਿਦੇਸ਼ ਭੇਜਣ ਤੇ ਉਸਦੇ ਮਾਪਿਆਂ ਵੱਲੋਂ ਖਰਚ ਕੀਤੇ 10 ਲੱਖ ਰੁਪਏ ਵੀ ਉਨਾਂ ਨੇ ਦਿੱਤੇ। ਉਸ ਸਮੇਂ ਜਸਪ੍ਰੀਤ ਕੌਰ ਅਮਰੀਕਾ ’ਚ ਸੀ, ਪਰ ਸਟੋਰ ’ਚ ਚੋਰੀ ਹੋਣ ਕਾਰਨ ਉਸ ਨੂੰ ਅਮਰੀਕਾ ਛੱਡਣਾ ਪਿਆ । ਉਕਤ ਮਾਮਲਾ ਅਦਾਲਤ ’ਚ ਚਲਾ ਗਿਆ। ਜਸਪ੍ਰੀਤ ਨੂੰ ਪ੍ਰਿਤਪਾਲ ਦੇ ਪਰਿਵਾਰ ਨੇ ਫਿਰ 17 ਲੱਖ ਰੁਪਏ ਖਰਚ ਕਰਕੇ ਕੈਨੇਡਾ ਭੇਜਿਆ । ਜਸਪ੍ਰੀਤ, ਪ੍ਰਿਤਪਾਲ ਨੂੰ ਕਨੇਡਾ ਲੈ ਜਾਣ ਤੋਂ ਆਨਾਕਾਨੀ ਕਰਨ ਲੱਗੀ ਤਾਂ ਉਸਨੇ ਅਮਰੀਕਾ ਤੋਂ ਆਨਲਾਈਨ ਉਸਦੇ ਉਪਰ ਲੱਗੇ ਦੋਸ਼ਾਂ ਦੇ ਦਸਤਾਵੇਜ਼ ਮੰਗਵਾ ਲਏ। ਇਸੇ ਸਮੇਂ ਦੌਰਾਨ ਹੀ ਜਸਪ੍ਰੀਤ ਕੌਰ ਨੇ ਮਾਪਿਆਂ ਦੀ ਮਿਲੀਭੁਗਤ ਨਾਲ ਪ੍ਰਿਤਪਾਲ ਨੂੰ ਧਮਕੀਆਂ ਦੇਣ ਦੇ ਨਾਲ-ਨਾਲ ਮੋਗਾ ਪੁਲੀਸ ਕੋਲ ਸ਼ਿਕਾਇਤ ਕਰ ਦਿੱਤੀ। ਸਾਰੇ ਦਸਤਾਵੇਜ਼ ਇਕੱਤਰ ਕਰਕੇ ਪ੍ਰਿਤਪਾਲ ਨੇ ਐਸਐਸਪੀ ਜਗਰਾਉਂ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਜਸਪ੍ਰੀਤ ਕੌਰ, ਉਸਦੀ ਮਾਤਾ ਸੁਖਜੀਤ ਕੌਰ, ਨੰਬਰਦਾਰ ਜਗਮੋਹਨ ਸਿੰਘ ਅਤੇ ਉਸਦੇ ਭਰਾ ਗੁਰਸੇਵਕ ਸਿੰਘ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ ।

ਸਵ ਜਸਕਰਨ ਸਿੰਘ ਨਮਿੱਤ ਅੰਤਿਮ ਅਰਦਾਸ ਸਮੇਂ ਵੱਖ ਵੱਖ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਮਹਿਲ ਕਲਾਂ/ਬਰਨਾਲਾ- ਅਗਸਤ 2020  (ਗੁਰਸੇਵਕ ਸਿੰਘ ਸੋਹੀ)- ਬਲਾਕ ਸੰਮਤੀ ਮਹਿਲ ਕਲਾਂ ਦੇ ਚੇਅਰਪਰਸਨ ਹਰਜਿੰਦਰ ਕੌਰ 'ਤੇ ਕਾਂਗਰਸੀ ਆਗੂ ਮਨਜੀਤ ਸਿੰਘ ਮਹਿਲ ਖੁਰਦ ਦੇ ਸਪੁੱਤਰ ਜਸਕਰਨ ਸਿੰਘ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣੇ ਕਰ ਗਿਆ ਸੀ। ਮਰਹੂਮ ਜਸਕਰਨ ਸਿੰਘ ਨਮਿੰਤ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਦਸੌਧਾ ਸਿੰਘ ਪਿੰਡ ਮਹਿਲ ਖੁਰਦ ਵਿਖੇ ਹੋਈ। ਇਸ ਸਮੇਂ ਰਾਗੀ ਭਾਈ ਕਰਮ ਸਿੰਘ ਲੀਲਾ ਵਾਲਿਆਂ ਦੇ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਵੱਖ ਵੱਖ ਰਾਜਨੀਤਿਕ, ਧਾਰਮਿਕ 'ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਜਸਕਰਨ ਸਿੰਘ ਦੀ ਮੌਤ 'ਤੇ ਹਰਜਿੰਦਰ ਕੌਰ 'ਤੇ ਮਨਜੀਤ ਸਿੰਘ ਮਹਿਲ ਖੁਰਦ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸਿਮਰਜੀਤ ਕੌਰ ਖੰਗੂੜਾ ਪਤਨੀ ਵਿਧਾਇਕ ਦਲਬੀਰ ਸਿੰਘ ਗੋਲਡੀ, ਬੀਬੀ ਹਰਚੰਦ ਕੌਰ ਘਨੌਰੀ,ਵਿਧਾਇਕ ਦਰਸਨ ਸਿੰਘ ਬਰਾੜ, ਬੀਬੀ ਸੁਰਿੰਦਰ ਕੌਰ ਵਾਲੀਆ,ਦਵਿੰਦਰ ਸਿੰਘ ਸਿੱਧੂ ਬੀਹਲਾ, ਜਿਲਾ ਪ੍ਰੀਸਦ ਚੇਅਰਪਰਸਨ ਸਰਬਜੀਤ ਕੌਰ ਖੁੱਡੀ ਕਲਾਂ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਵਾਈਸ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਤਰਨਜੀਤ ਸਿੰਘ ਦੁੱਗਲ, ਸਰਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ,ਅਕਾਲੀ ਆਗੂ ਕੁਲਵੰਤ ਸਿੰਘ ਕੀਤੂ,ਇਸ ਸਮੇਂ ਵੱਖ-ਵੱਖ ਪਾਰਟੀ ਆਗੂਆਂ ਨੇ ਕਿਹਾ ਕਿ ਬੱਚੇ ਮਾਪਿਆਂ ਦਾ ਸਹਾਰਾ ਹੁੰਦੇ ਹਨ, ਜਸਕਰਨ ਸਿੰਘ ਦੇ ਛੋਟੀ ਉਮਰ 'ਚ ਚਲੇ ਜਾਣ ਕਾਰਨ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉਹਨਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਦੁੱਖ ਸਾਂਝਾ ਕੀਤਾ। ਇਸ ਮੌਕੇ ਤੇਜਪਾਲ ਸਿੰਘ ਸੱਦੋਵਾਲ, ਅਜੀਤ ਸਿੰਘ ਕੁਤਬਾ, ਰੂਬਲ ਗਿੱਲ ਕੈਨੇਡਾ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਰੈੰਕਾਂ ਕੁਤਬਾ,ਬਾਮਣੀਆ, ਸਰਬਜੀਤ ਸਿੰਘ ਸੰਭੂ ਆੜਤੀਆ, ਸਰਪੰਚ ਬਲੌਰ ਸਿੰਘ ਤੋਤੀ, ਸੁਖਵਿੰਦਰ ਸਿੰਘ ਸੁੱਖਾ, ਸੁਭਾਸ ਚੰਦ ਬਾਂਸਲ, ਸਰਪੰਚ ਬਲਦੀਪ ਸਿੰਘ, ਗੁਰਧਿਆਨ ਸਿੰਘ ਸਹਿਜੜਾ, ਗਗਨਦੀਪ ਸਿੰਘ ਸਹਿਜੜਾ, ਬੇਅੰਤ ਸਿੰਘ ਲੋਹਗੜ੍ਹ, ਕਰਨੈਲ ਸਿੰਘ ਠੁੱਲੀਵਾਲ, ਗੁਰਦੇਵ ਸਿੰਘ ਮਹਿਲ ਖੁਰਦ,ਨੰਬਰਦਾਰ ਬਲਵੀਰ ਸਿੰਘ ਮਹਿਲ ਖੁਰਦ, ਜਸਵਿੰਦਰ ਸਿੰਘ ਸਿੱਧੂ, ਲੱਖਾ ਸਿੰਘ ਬੀਹਲਾ, ਰਫੀਕ ਮੁਹੰਮਦ, ਸੁਖਦੇਵ ਸਿੰਘ ਘੋਟੀ, ਅਮਰਜੀਤ ਸਿੰਘ ਮਹਿਲ ਕਲਾਂ, ਗੁਰਪ੍ਰੀਤ ਸਿੰਘ ਕਲਾਲਮਾਜਰਾ, ਰਾਜਾ ਬੀਹਲਾ, ਗੁਰਜੀਤ ਸਿੰਘ ਖੰਨਾ ਰਾਏਸਰ,ਮੰਗਤ ਸਿੰਘ ਸਿੱਧੂ, ਜਸਕਨਵਰ ਸਿੰਘ ਰਿੱਕੀ, ਸੰਮਤੀ ਮੈਬਰ ਬੱਗਾ ਸਿੰਘ, ਫੌਜੀ ਸਰਬਜੀਤ ਸਿੰਘ, ਗਿਆਨੀ ਕਰਮ ਸਿੰਘ, ਪੰਚ ਅਮਰ ਸਿੰਘ, ਡਾ ਮਿੱਠੂ ਮਹੁੰਮਦ, ਸੁਖਵਿੰਦਰ ਸਿੰਘ ਗੋਰਖਾ, ਮਾ ਦਰਸਨ ਸਿੰਘ ਪੰਡੋਰੀ, ਇਲਾਕੇ ਦੇ ਪੰਚ ਸਰਪੰਚ, ਬਲਾਕ ਸੰਮਤੀ ਮੈਬਰਾਂ ਸਮੇਤ ਵੱਖ ਵੱਖ ਪਾਰਟੀਆਂ ਦੇ ਆਗੂ ਹਾਜਰ ਸਨ।

ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਰਿਕਾਰਡ 4344 ਸੈਂਪਲ ਲਏ

ਮਰੀਜ਼ਾਂ ਠੀਕ ਹੋਣ ਦੀ ਦਰ 72.5% ਹੋਈ, ਡਿਪਟੀ ਕਮਿਸ਼ਨਰ ਵੱਲੋਂ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਸ਼ਲਾਘਾ

ਲੁਧਿਆਣਾ, 23 ਅਗਸਤ (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) - ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ ਸਭ ਤੋਂ ਵੱਧ 4344 ਸੈਂਪਲ ਲਏ ਗਏ, ਜੌ ਕਿ ਇਕ ਰਿਕਾਰਡ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਡੀ ਐੱਮਜ਼ ਦੀ ਦੇਖਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਇੱਕ ਦਿਨ ਵਿੱਚ ਸਭ ਤੋਂ ਵੱਧ 4344 ਸੈਂਪਲ ਲਏ ਗਏ, ਜੌ ਕਿ ਇਕ ਰਿਕਾਰਡ ਹੈ। ਉਹਨਾਂ ਇਸ ਨਵੇਂ ਕੀਰਤੀਮਾਨ ਲਈ ਸਮੂਹ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 8679 ਮਰੀਜ਼ਾਂ ਵਿਚੋਂ 72.5%(6292 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 4344 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 2072 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 6292 ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 189 ਮਰੀਜ਼ (171 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 18 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 104297 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 99185 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 89629 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 5112 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 8679 ਹੈ, ਜਦਕਿ 877 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 9 ਮੌਤਾਂ ਹੋਈਆਂ ਹਨ ਜੋ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 312 ਅਤੇ 69 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 31077 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 5441 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 465 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਚਰਮ ਸੀਮਾ (peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

24 ਅਗਸਤ ਅਨਵਰਸੀ ਤੇ ਬਹੁਤ ਬਹੁਤ ਵਧੀਆ

ਚੂਹੜਚੱਕ/ਅਜੀਤਵਾਲ,ਅਗਸਤ 2020 -(ਬਲਵੀਰ ਸਿੰਘ ਬਾਠ)- ਅੱਜ ਕਮਲਜੀਤ ਕੌਰ ਪਤਨੀ ਪ੍ਰਭਜੀਤ ਸਿੰਘ  ਪਿੰਡ ਚੂਹੜਚੱਕ, ਮੋਗਾ ਨੂੰ ਵਿਆਹ ਦੀ 17ਵੀ ਵਰੇ ਗੰਢ ਤੇ ਬਹੁਤ ਬਹੁਤ ਮੁਬਾਰਕ।