ਲੁਧਿਆਣਾ ਸ਼ਹਿਰ ’ਚ 11-11 ਦਿਨ ਖੁੱਲ੍ਹਣਗੀਆਂ ਦੁਕਾਨਾਂ ਕਰਫਿਊ ਦੀ ਉਲੰਘਣਾ ਕਰਨ ਵਾਿਲਆਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਕਾਰਵਾਈ  

ਲੁਧਿਆਣਾ ’ਚ ਹੁਣ ਬਾਜ਼ਾਰ ਜਿਸਤ ਤੇ ਟਾਂਕ ਫਾਰਮੂਲੇ ਨਾਲ ਖੁੱਲ੍ਹ ਰਹੀਆਂ   

ਲੁਧਿਆਣਾ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਸੂਬੇ ’ਚ ਕਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕਰੋਨਾ ਦੇ ਕੇਸਾਂ ਵਿੱਚ ਲੁਧਿਆਣਾ ਸੂਬੇ ਵਿੱਚ ਨੰਬਰ 1 ’ਤੇ ਹੈ। ਪੰਜਾਬ ਸਰਕਾਰ ਨੇ ਜਿਨ੍ਹਾਂ ਪੰਜ ਸ਼ਹਿਰਾਂ ’ਚ ਕਰੋਨਾ ਜ਼ਿਆਦਾ ਹੈ, ਉਥੇਂ 50 ਫੀਸਦੀ ਬਾਜ਼ਾਰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਕਿ ਬਾਜ਼ਾਰ ਘੱਟ ਖੁੱਲ੍ਹਣ ਤਾਂ ਲੋਕਾਂ ਦੀ ਭੀੜ ਘੱਟ ਹੋਵੇਗੀ। ਲੁਧਿਆਣਾ ’ਚ ਹੁਣ ਬਾਜ਼ਾਰ ਜਿਸਤ ਤੇ ਟਾਂਕ ਫਾਰਮੂਲੇ ਨਾਲ ਖੁੱਲ੍ਹ ਰਹੀਆਂ ਹਨ ਤੇ ਸੋਮਵਾਰ ਨੂੰ ਦੁਕਾਨਾਂ ਜਿਸਤ-ਟਾਂਕ ਵਾਲੀਆਂ ਖੁੱਲ੍ਹੀਆਂ। ਹੁਣ ਮਹੀਨੇ ’ਚ ਹਰ ਦੁਕਾਨਦਾਰ ਨੂੰ 11-11 ਦਿਨ ਦੁਕਾਨ ਖੋਲ੍ਹਣ ਦੀ ਮਨਜ਼ੂਰੀ ਮਿਲੇਗੀ। ਹਾਲਾਂਕਿ ਇਸ ਫਾਰਮੂਲੇ ਨਾਲ ਜਿੱਥੇ ਦੁਕਾਨਦਾਰ ਮੁਸ਼ਕਲ ’ਚ ਹਨ, ਉਥੇਂ ਖਰੀਦਦਾਰ ਵੀ ਪ੍ਰੇਸ਼ਾਨ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਕਈ ਸਵਾਲਾਂ ਦੇ ਜਵਾਬ ਦਿੱਤੇ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਸਨਅਤੀ ਸ਼ਹਿਰ ’ਚ ਦੁਕਾਨਦਾਰ ਪ੍ਰੇਸ਼ਾਨ ਨਾ ਹੋਣ। ਆਪਣੀਆਂ ਦੁਕਾਨਾਂ ਦਾ ਅੰਤਿਮ ਨੰਬਰ ਦੇਖਣ ਤੇ ਉਸ ਹਿਸਾਬ ਨਾਲ ਦੁਕਾਨਾਂ ਖੁੱਲ੍ਹਣਗੀਆਂ। ਬਾਕੀ ਇਲਾਕਾ ਐੱਸਐੱਚਓ ਤੇ ਐੱਸਡੀਐੱਮ ਦੀ ਡਿਊਟੀ ਤਾਂ ਲਾਈ ਗਈ ਹੈ। ਦੁਕਾਨਦਾਰ ਆਪਣੇ ਤੌਰ ’ਤੇ ਵੀ ਸਾਰੇ ਕੰਮ ਕਰ ਸਕਦੇ ਹਨ। ਕਿਸੇ ਨੂੰ ਮੁਸ਼ਕਿਲ ’ਚ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੁਝ ਦੁਕਾਨਦਾਰ ਅਫ਼ਵਾਹ ਫੈਲਾ ਰਹੇ ਹਨ, ਅਜਿਹੀ ਕੋਈ ਗੱਲ ਨਹੀਂ ਹੈ। ਜਿਸਤ ਤੇ ਟਾਂਕ ਬੜੇ ਆਰਾਮ ਨਾਲ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਤਾਂ ਪਹਿਲਾਂ ਹੀ ਛੂਟ ਦਿੱਤੀ ਜਾ ਚੁੱਕੀ ਹੈ। ਜਿਸਤ ਤੇ ਟਾਂਕ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ’ਤੇ ਲਾਗੂ ਨਹੀਂ ਹੁੰਦਾ।

ਇਸ ਨਾਲ ਬਾਜ਼ਾਰ ’ਚ ਭੀੜ ਕਾਫ਼ੀ ਘਟੇਗੀ ਤੇ ਕਾਫ਼ੀ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਜੋ ਦੁਕਾਨਦਾਰ ਆਪਣੇ ਤੌਰ ’ਤੇ ਜਿਸਤ ਤੇ ਟਾਂਕ ਲਾਗੂ ਕਰ ਰਹੇ ਹਨ, ਉਹ ਤਾਂ ਠੀਕ ਹੈ। ਜੇਕਰ ਉਹ ਆਪਣੇ ਤੌਰ ’ਤੇ ਇੱਕ ਪਾਸੇ ਖੋਲ੍ਹ ਕੇ ਤੇ ਦੂਸਰੇ ਪਾਸੇ ਦੂਸਰੇ ਦਿਨ ਖੋਲ੍ਹਣ ਦੀ ਗੱਲ ਕਰ ਰਹੇ ਹਨ ਜਾਂ ਫਿਰ ਕੁਝ ਦੁਕਾਨਦਾਰ ਇੱਕ ਦਿਨ ਮਾਰਕੀਟ ਬੰਦ ਤੇ ਦੂਸਰੇ ਦਿਨ ਖੋਲ੍ਹਣ ਦੀ ਗੱਲ ਕਰ ਰਹੇ ਹਨ। ਇਹ ਵੀ ਉਨ੍ਹਾਂ ਦੇ ਧਿਆਨ ’ਚ ਆਇਆ ਹੈ। ਉਹ ਇਸਨੂੰ ਚੈੱਕ ਕਰਵਾਉਣਗੇ। ਪੰਜਾਹ ਫੀਸਦੀ ਬਾਜ਼ਾਰ ਖੁੱਲ੍ਹਣਗੇ, ਚਾਹੇ ਉਹ ਕਿਵੇਂ ਵੀ ਖੁੱਲ੍ਹਣ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਉਨ੍ਹਾਂ ਦੇ ਵਾਪਰੀਆਂ ਦਾ ਕੰਮ ਬੰਦ ਹੋਵੇ। ਹਰ ਸਰਕਾਰ ਇਹੀ ਚਾਹੁੰਦੀ ਹੈ ਕਿ ਉਨ੍ਹਾਂ ਦੇ ਸੂਬੇ ਦੇ ਲੋਕ ਖੁਸ਼ ਤੇ ਆਬਾਦ ਰਹਿਣ।

ਕਰਫਿਊ ਦਾ ਉਲੰਘਣ ਕਰਨ ਵਾਲਿਆਂ ’ਤੇ ਕਾਰਵਾਈ ਦੀ ਗੱਲ ਕਰ ਡੀਸੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਉਹ ਇਸ ਬਾਰੇ ’ਚ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨਾਲ ਗੱਲ ਜ਼ਰੂਰ ਕਰਨਗੇ। ਹਾਲੇ ਕਰਫਿਊ ਦਾ ਸਹੀ ਮਾਇਨੇ ’ਚ ਪਹਿਲਾ ਦਿਨ ਹੈ। ਜੇਕਰ ਕੋਈ ਕਰਫਿਊ ਦਾ ਉਲੰਘਣ ਕਰੇਗਾ ਤਾਂ ਉਸ ਖਿਲਾਫ਼ ਪੁਲੀਸ ਸਖਤ ਕਾਰਵਾਈ ਕਰੇਗੀ। ਅੱਗੇ ਕਰੋਨਾ ਨਾਲ ਨਜਿੱਠਣ ਦੇ ਲਈ ਪ੍ਰਸਾਸ਼ਨ ਦੀ ਤਿਆਰੀ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸਾਸ਼ਨ ਨੇ ਪੂਰੀ ਤਿਆਰ ਕਰ ਲਈ ਹੈ। ਵੱਖ-ਵੱਖ ਹਸਪਤਾਲਾਂ ’ਚ ਬੈਡ ਵੀ ਵਧਾ ਦਿੱਤੇ ਗਏ ਹਨ। ਹਰ ਹਸਪਤਾਲ ਆਪਣੇ ਪੱਧਰ ’ਤੇ ਆਪਣੀ ਡਿਊਟੀ ਕਰ ਰਿਹਾ ਹੈ। ਪ੍ਰਸਾਸ਼ਨ ਦੇ ਵੱਲੋਂ ਇੱਕ ਐਪ ਵੀ ਤਿਆਰ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਸਾਰੇ ਹਸਪਤਾਲਾਂ ਦਾ ਵੇਰਵਾ ਹੈ ਤੇ ਪੂਰੀ ਜਾਣਕਾਰੀ ਹੈ ਕਿ ਕਿੱਥੇ ਕਿੰਨ੍ਹੇ ਬੈਡ ਖਾਲੀ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਹਸਪਤਾਲ ਬੈਡ ਨੂੰ ਮਨ੍ਹਾ ਨਹੀਂ ਕਰ ਰਿਹਾ। ਜਿੰਨ੍ਹਾਂ ਕੋਲ ਬੈੱਡ ਹਨ, ਉਹ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਬੈਡ ਦੇਣਗੇ।