ਨਾਨਕਸਰ ਸੇਵਾਦਾਰਾਂ ਨਾਲ ਡੀ ਸੀ ਨੇ ਸਮਾਗਮਾਂ ਬਾਰੇ ਕੀਤੀ ਮੀਟਿੰਗ

 

 

ਲੁਧਿਆਣਾ,ਅਗਸਤ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)  ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮਾਂ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਅਤੇ ਸੰਪਰਦਾਇ ਨਾਲ ਵਿਚਾਰ-ਵਟਾਂਦਰਾ ਕੀਤਾ। ਵਿਚਾਰ-ਵਟਾਂਦਰੇ ਦੌਰਾਨ ਨਾਨਕਸਰ ਸੰਪਰਦਾਇ ਵੱਲੋਂ ਸੰਤ ਬਾਬਾ ਗੁਰਚਰਨ ਸਿੰਘ ਅਤੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਭਾਈ ਗੁਰਸੇਵਕ ਸਿੰਘ, ਭਾਈ ਜਸਵਿੰਦਰ ਸਿੰਘ ਅਤੇ ਭਾਈ ਚਰਨਜੀਤ ਸਿੰਘ ਨੇ ਸ਼ਿਰਕਤ ਕੀਤੀ। ਇਸ ਮੀਟਿੰਗ 'ਚ ਬਰਸੀ ਸਮਾਗਮਾਂ 'ਚ ਹੰੁਦੇ ਲੱਖਾਂ ਦੇ ਇਕੱਠ ਨੂੰ ਲੈ ਕੇ ਵੱਡੀ ਚਿੰਤਾ ਜਤਾਈ ਗਈ। ਡੀਸੀ ਸ਼ਰਮਾ ਵੱਲੋਂ ਅੱਜ ਜਦੋਂ ਕੋਰੋਨਾ ਮਹਾਮਾਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ, ਅਜਿਹੇ ਵਿਚ ਛੋਟਾ ਇਕੱਠ ਜਿੱਥੇ ਵੱਡਾ ਖ਼ਤਰਾ ਬਣ ਸਕਦਾ ਹੈ, ਉਥੇ ਨਾਨਕਸਰ ਹੁੰਦੇ ਵੱਡੇ ਇਕੱਠ ਸਬੰਧੀ ਵੱਡੀ ਚਿੰਤਾ ਪ੍ਰਗਟਾਈ ਗਈ। ਮੀਟਿੰਗ 'ਚ ਵਿਚਾਰ-ਵਟਾਂਦਰੇ ਤੋਂ ਬਾਅਦ ਬਰਸੀ ਸਮਾਗਮ ਸ਼ਰਧਾ ਤੇ ਗੁਰ ਮਰਿਯਾਦਾ ਅਨੁਸਾਰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਪਰ ਇਸ ਦੌਰਾਨ ਵੱਡੇ ਇਕੱਠ, ਲੰਗਰਾਂ ਤੇ ਛਬੀਲਾਂ 'ਤੇ ਰੋਕ ਸਮੇਤ ਕਈ ਮਹੱਤਵਪੂਰਨ ਫ਼ੈਸਲੇ ਕੀਤੇ ਗਏ। ਮੀਟਿੰਗ ਵਿਚ ਐੱਸਐੱਸਪੀ ਵਿਵੇਕਸ਼ੀਲ ਸੋਨੀ, ਏਡੀਸੀ ਨੀਰੂ ਕਤਿਆਲ ਆਦਿ ਹਾਜ਼ਰ ਸਨ।