ਪੰਜਾਬ

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਸਰਦਾਰ ਸੇਵਾ ਸਿੰਘ ਦਾ ਜਨਮ ਮਾਤਾ ਹਰ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਜ਼ਿਲ੍ਹੇ ਬਰਨਾਲਾ ਦੇ ਪਿੰਡ ਠੀਕੀਰਵਾਲਾ ਵਿਖੇ ਸਰਦਾਰ ਦੇਵਾ ਸਿੰਘ ਦੇ ਘਰ ਹੋਇਆ। ਸੇਵਾ ਸਿੰਘ ਦੇ ਜਨਮ ਸਾਲ ਸੰਬੰਧਿਤ ਵੱਖੋ-ਵੱਖ ਜਾਣਕਾਰੀ ਮਿਲਦੀ ਹੈ। ਕੁੱਝ ਵਿਦਵਾਨ ਜਨਮ ਸਾਲ 1878 ਤੇ ਕੁੱਝ ਹੋਰ ਵਿਦਵਾਨ ਜਨਮ ਸਾਲ 1886 ਵੀ ਦੱਸਦੇ ਹਨ।

ਪਰ ਸਰਦਾਰ ਬਸੰਤ ਸਿੰਘ ਜੋ ਉਹਨਾਂ ਦੇ ਸਮਕਾਲੀ ਰਹੇ ਉਹ ਜਨਮ ਸਾਲ 1882 ਦੱਸਦੇ ਹਨ। ਸੇਵਾ ਸਿੰਘ ਠੀਕਰੀਵਾਲਾ ਦੇ 3 ਭਰਾ ਸਰਦਾਰ ਗੁਰਬਖਸ਼ ਸਿੰਘ, ਸਰਦਾਰ ਨੱਥਾ ਸਿੰਘ, ਸਰਦਾਰ ਮੇਵਾ ਸਿੰਘ ਸਨ। ਇੱਕ ਨਿੱਕੀ ਭੈਣ ਗੁਰਬਖਸ਼ ਕੌਰ ਸੀ। ਆਪ ਜੀ ਦੇ ਪਿਤਾ ਦੇਵਾ ਸਿੰਘ ਫੂਲਕੀਆ ਰਿਆਸਤ ਪਟਿਆਲਾ ਦੇ ਉੱਘੇ ਅਹਿਲਕਾਰ ਸਨ। 

ਆਪ ਜੀ ਨੇ ਆਪਣੇ ਬਚਪਨ ਦਾ ਵਧੇਰੇ ਸਮਾਂ ਪਟਿਆਲਾ ਸ਼ਹਿਰ ਵਿੱਚ ਹੀ ਗੁਜ਼ਾਰਿਆ। ਪਟਿਆਲਾ ਦੇ ਮਾਡਲ ਸਕੂਲ ਵਿੱਚੋਂ (ਉਸ ਵੇਲੇ ਇਹ ਸਕੂਲ ਮਹਿੰਦਰਾ ਕਾਲਜ ਦੇ ਇੱਕ ਬਲਾਕ ਵਿੱਚ ਹੁੰਦਾ ਸੀ।) ਅੱਠਵੀਂ ਜਮਾਤ ਪਾਸ ਕਰਨ ਉਪਰੰਤ ਆਪ ਮਹਾਰਾਜਾ ਪਟਿਆਲਾ ਦੇ ਦਰਬਾਰ ਵਿੱਚ ਮੁਸਾਹਿਬ ਨਿਯੁਕਤ ਹੋਏ। ਸਰਦਾਰ ਸੇਵਾ ਸਿੰਘ ਨੇ ਉਰਦੂ, ਫਾਰਸੀ, ਪੰਜਾਬੀ ਅਤੇ ਅੰਗਰੇਜ਼ੀ ਦਾ ਅਧਿਐਨ ਵੀ ਵੱਖਰੇ ਤੌਰ ਤੇ ਕੀਤਾ।

ਆਪ ਜੀ ਨੇ ਕੁਝ ਸਮਾਂ ਸਿਹਤ ਵਿਭਾਗ ਵਿੱਚ ਵੀ ਕੰਮ ਕੀਤਾ। ਆਪ ਜੀ ਨੇ ਬਰਨਾਲੇ ਵਿਖੇ ਵੀ ਪਲੇਗ ਅਫ਼ਸਰ ਦੇ ਤੌਰ 'ਤੇ ਕੁੱਝ ਸਮਾਂ ਸੇਵਾਵਾਂ ਨਿਭਾਈਆਂ। ਭਾਈ ਅਰਜਨ ਸਿੰਘ ਗ੍ਰੰਥੀ, ਭਾਈ ਰਤਨ ਸਿੰਘ ਜੈਦ, ਭਾਈ ਨਰੈਣ ਸਿੰਘ, ਤੇ ਭਾਈ ਭਾਨ ਸਿੰਘ ਜਿਹੀਆਂ ਸ਼ਖ਼ਸੀਅਤਾਂ ਦਾ ਪ੍ਰਭਾਵ ਆਪਣੀ ਜ਼ਿੰਦਗੀ ਆਪ ਜੀ ਨੇ ਕਬੂਲਿਆ। 

ਪਿਤਾ ਜੀ ਦੀ ਮੌਤ ਤੋਂ ਬਾਅਦ ਆਪ ਜੀ ਆਪਣੇ ਜੱਦੀ ਪਿੰਡ ਠੀਕਰੀਵਾਲਾ ਆ ਗਏ। ਗੁਰਬਖਸ਼ ਸਿੰਘ ਪਟਿਆਲੇ ਵਾਲਿਆਂ ਨੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਅੰਦਰ 'ਸਿੰਘ ਸਭਾ' ਦਾ ਪਿਆਰ ਭਰਿਆ।

ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਹੀ ਸੇਵਾ ਸਿੰਘ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਇਨ੍ਹਾਂ ਆਪਣੇ ਜੀਵਨ ਦਾ ਨਿਸ਼ਾਨਾ ਸਿੱਖ ਧਰਮ ਦਾ ਪ੍ਰਚਾਰ, ਸਮਾਜ ਸੁਧਾਰ ਅਤੇ ਕੌਮੀ ਅਜ਼ਾਦੀ ਲਈ ਸੰਘਰਸ਼ ਮਿੱਥ ਲਿਆ। ਆਪ ਜੀ ਨੇ ਸਮਾਜ ਵਿੱਚ ਵਧ ਰਹੇ ਨਸ਼ੇ,ਵਿਆਹਾਂ-ਸ਼ਾਦੀਆਂ ਸਮੇਂ ਹੋ ਰਹੇ ਫਜ਼ੂਲ-ਖਰਚੇ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ।

26 ਜੂਨ 1917 ਨੂੰ ਆਪ ਜੀ ਨੇ ਜਰਨਲ ਬਖਸ਼ੀਸ਼ ਸਿੰਘ ਪਟਿਆਲਾ, ਹਰਚੰਦ ਸਿੰਘ ਰਈਸ ਭਦੌੜ, ਰਣਬੀਰ ਸਿੰਘ ਜੱਜ ਬਰਨਾਲਾ, ਕਰਨਲ ਨਰੈਣ ਸਿੰਘ ਪਟਿਆਲਾ ਅਤੇ ਬਸੰਤ ਸਿੰਘ ਠੀਕਰੀਵਾਲਾ ਨਾਲ ਮਿਲਕੇ ਠੀਕਰੀਵਾਲਾ ਪਿੰਡ ਵਿੱਚ ਨਵਾਬ ਕਪੂਰ ਸਿੰਘ ਦੇ ਪੜਾਅ ਸਥਾਨ ’ਤੇ ਇੱਕ ਗੁਰਦੁਆਰੇ ਦੀ ਵਿਸ਼ਾਲ ਇਮਾਰਤ ਦਾ ਨੀਂਹ ਪੱਥਰ ਸੰਤ ਗੁਰਬਖਸ਼ ਸਿੰਘ ਪਟਿਆਲਾ ਤੋਂ ਰਖਵਾਇਆ,ਜੋ ਕਿ ਸਤੰਬਰ 1920 ਵਿੱਚ ਇਹ ਇਮਾਰਤ ਮੁਕੰਮਲ ਹੋਈ। ਬਾਅਦ ਵਿੱਚ ਇਹ ਗੁਰਦੁਆਰਾ ਸਰਦਾਰ ਸੇਵਾ ਸਿੰਘ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ।

ਇਸੇ ਸਮੇਂ ਦੌਰਾਨ ਹੀ ਆਪ ਜੀ ਨੇ ਪਿੰਡ ਵਿੱਚ ਸਿੱਖਿਆ ਦੀ ਜੋਤ ਜਗਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਜਮਾਤਾਂ ਦਾ ਵੀ ਪ੍ਰਬੰਧ ਕੀਤਾ।

1919 ਦੇ ਜਲ੍ਹਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਨਾਲ ਆਪ ਜੀ ਦੀ ਰੂਹ ਕੁਰਲਾ ਉੱਠੀ। ਉਸ ਸਮੇਂ ਆਪ ਜੀ ਨੇ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਯਾਦ ਵਿਚ ਪੰਜ ਅਖੰਡ-ਪਾਠ ਵੀ ਕਰਵਾਏ।

1921 ਨੂੰ ਜਦ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤਾਂ ਆਪ ਆਪਣੇ ਵੱਲੋਂ ਸਿੰਘਾਂ ਦਾ ਜਥਾ ਲੈ ਕੇ ਕਾਲੀਆਂ ਪੱਗਾਂ ਬੰਨ੍ਹ ਕੇ ਰੋਸ ਵਜੋਂ ਸ਼ਹੀਦੀ ਦੇਣ ਲਈ ਨਨਕਾਣਾ ਸਾਹਿਬ ਪਹੁੰਚੇ। 

1922 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਵੀ ਆਪ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 

1923 ਵਿੱਚ ਜਦੋਂ ਜੈਤੋ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਅੰਗਰੇਜ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ ਕਾਨੂੰਨੀ ਜਥੇਬੰਦੀਆਂ ਐਲਾਨ ਕੇ ਜਥੇਬੰਦੀਆਂ ਦੇ ਮੁਖੀਆਂ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਸੇ ਲੜੀ ਤਹਿਤ ਸਰਦਾਰ ਸੇਵਾ ਸਿੰਘ ਨੂੰ ਮੁਕਤਸਰ ਸਾਹਬ ਦੇ ਗੁਰਦੁਆਰਾ ਸਾਹਿਬ ਤੋਂ ਗਿਰਫਤਾਰ ਕਰ ਲਿਆ ਗਿਆ। ਲਗਭਗ 3 ਸਾਲ ਤੱਕ ਆਪ ਲਾਹੌਰ ਜੇਲ ਵਿੱਚ ਨਜ਼ਰਬੰਦ ਰਹੇ।

1926 ਨੂੰ ਤਿੰਨ ਸਾਲ ਬਾਅਦ ਜਦੋਂ ਆਪ ਜੇਲ ਤੋਂ ਰਿਹਾਅ ਹੋਏ ਤਾਂ ਪਟਿਆਲਾ ਰਿਆਸਤ ਦੀ ਪੁਲਿਸ ਨੇ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਗੜਵੀ ਚੋਰੀ ਦਾ ਹਾਸੋਹੀਣਾ ਝੂਠਾ ਦੋਸ਼ ਲਾ ਕੇ ਮੁੜ ਗਿਰਫਤਾਰ ਕਰ ਲਿਆ। ਪਰ ਉਸੇ ਹੀ ਡੇਰੇ ਦੇ ਮਹੰਤ ਰਘਬੀਰ ਸਿੰਘ ਦੇ ਸੱਚਾਈ ਬਿਆਨ ਕਰਨ ਤੇ ਕਿ ਕੋਈ ਚੋਰੀ ਨਹੀ ਹੋਈ ਹੈ ਤੇ ਮੁਕੱਦਮਾ ਤਾਂ ਖਾਰਜ ਹੋ ਗਿਆ, ਪਰ ਅੰਗਰੇਜ ਹਕੂਮਤ ਦੀ ਬਦਨੀਤੀ ਕਾਰਨ ਬਿਨ੍ਹਾਂ ਕਿਸੇ ਦੋਸ਼ ਦੇ ਤਿੰਨ ਸਾਲ ਹੋਰ 1929 ਤੱਕ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ। ਇਸੇ ਦੌਰਾਨ ਹੀ ਸੇਵਾ ਸਿੰਘ ਠੀਕਰੀਵਾਲਾ ਦੇ ਜੇਲ੍ਹ ਵਿੱਚ ਹੁੰਦਿਆਂ ਹੀ ਪਰਜਾ ਮੰਡਲ ਦੀ ਨੀਂਹ ਫਰਵਰੀ 1928 ਵਿੱਚ ਪਿੰਡ ਸੇਖਾ (ਬਰਨਾਲਾ) 'ਚ ਰੱਖੀ ਗਈ। ਬਖਸ਼ੀਸ਼ ਸਿੰਘ ਕੱਟੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਤੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਪਰਜਾ ਮੰਡਲ ਦੇ ਪਹਿਲੇ ਪ੍ਰਧਾਨ ਥਾਪਿਆ ਗਿਆ। 1931 ਵਿੱਚ ਜੀਂਦ ਅਤੇ 1932 ਵਿੱਚ ਮਲੇਰਕੋਟਲੇ ਜਦ ਕਿਸਾਨਾਂ ਵੱਲੋਂ ਅੰਦੋਲਨ ਹੋਇਆ ਤਾਂ ਆਪ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਤੇ ਪੰਥ ‘ਤੇ ਹੋ ਰਹੇ ਹਮਲਿਆਂ ਨੂੰ ਨਸ਼ਰ ਕਰਨ ਲਈ ‘ਕੌਮੀ ਦਰਦ’ ਨਾਂਅ ਦਾ ਅਖ਼ਬਾਰ ਵੀ ਕੱਢਿਆ। ਜਿਸ ਨੂੰ ਪੰਜਾਬ ਦੀ ਜਨਤਾ ਵੱਲੋਂ ਚੰਗਾ ਹਾਂ-ਪੱਖੀ ਹੁੰਗਾਰਾ ਪ੍ਰਾਪਤ ਹੋਇਆ

ਇਸ ਤੋਂ ਇਲਾਵਾ 13 ਜਨਵਰੀ 1933 ਨੂੰ ਸੇਵਾ ਸਿੰਘ ਠੀਕਰੀਵਾਲਾ ਨੇ 'ਦੇਸ਼-ਦਰਦੀ' ਸਪਤਾਹਿਕ ਅਖਬਾਰ ਦਾ ਪਹਿਲਾ ਪਰਚਾ ਵੀ ਕੱਢਿਆ।

ਪਰਜਾ ਮੰਡਲ ਦੇ ਹੋਏ ਕਾਰਜਾਂ ਦੀ ਗੱਲ ਕਰਦਿਆਂ ਰਿਆਸਤੀ ਪਰਜਾ ਮੰਡਲ ਦੀਆਂ ਹੋਈਆਂ ਮਹੱਤਵਪੂਰਨ ਕਾਨਫਰੰਸਾਂ ਬਾਰੇ ਜਾਣਨਾ ਸਾਡੇ ਲਈ ਇੱਥੇ ਹੋਰ ਵੀ ਜ਼ਰੂਰੀ ਹੈ।

ਰਿਆਸਤੀ ਪਰਜਾ ਮੰਡਲ ਦੀ ਪਹਿਲੀ ਕਾਨਫਰੰਸ ਦਸੰਬਰ 1929 ਵਿੱਚ ਲਾਹੌਰ ਦੇ ਬਰੈਡਲਾ ਹਾਲ ਵਿੱਚ ਹੋਈ ਸੀ, ਜਿਸ ਵਿੱਚ ਸੇਵਾ ਸਿੰਘ ਠੀਕਰੀਵਾਲਾ ਨੇ ਹਿੱਸਾ ਲਿਆ। ਇਸ ਵਿਚ ਜਿੱਥੇ ਜਨਤਾ ਦੀ ਮੰਦੀ ਹਾਲਤ ਸਬੰਧੀ ਵਿਚਾਰਾਂ ਹੋਈਆਂ, ਉਥੇ ਹੀ ਰਜਵਾੜਾਸ਼ਾਹੀ ਦੀ ਧੱਕੇਸ਼ਾਹੀ ਬਾਰੇ ਵੀ ਚਰਚਾ ਹੋਈ। 

ਅਕਤੂਬਰ 1930 ਵਿੱਚ ਰਿਆਸਤੀ ਪਰਜਾ ਮੰਡਲ ਦੀ ਦੂਜੀ ਕਾਨਫਰੰਸ ਲੁਧਿਆਣਾ ਵਿੱਚ ਹੋਈ, ਜਿਸ ਵਿਚ ਤਕਰੀਰ ਕਰਦਿਆਂ ਸੇਵਾ ਸਿੰਘ ਨੇ ਕਿਹਾ, ‘‘ਮੇਰਾ ਦਾਅਵਾ ਹੈ ਕਿ ਜਦ ਕੋਈ ਕੌਮ ਜਾਨ ਜਾਂ ਮਾਲ ਦੇ ਨੁਕਸਾਨ ਤੋਂ ਬੇਪਰਵਾਹ ਹੋ ਕੇ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਵੇ ਤਾਂ ਜ਼ਾਲਮ ਤੇ ਜ਼ੁਲਮ ਖ਼ੁਦ ਬਖ਼ੁਦ ਮਿਟ ਜਾਣਗੇ।’’ ਇਸ ਕਾਨਫਰੰਸ ਤੋਂ ਬਾਅਦ ਸੇਵਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ, ਝੂਠਾ ਮੁਕੱਦਮਾ ਦਰਜ ਕਰਕੇ ਪੰਜ ਸਾਲ ਕੈਦ ਤੇ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ ਗਈ ਪਰ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਚਾਰ-ਪੰਜ ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕਰਨਾ ਪਿਆ। ਪੰਜਾਬ ਰਿਆਸਤੀ ਪਰਜਾ ਮੰਡਲ ਦੀ ਤੀਜੀ ਕਾਨਫਰੰਸ 1931 ਨੂੰ ਸ਼ਿਮਲਾ ਵਿੱਚ ਰੱਖੀ ਗਈ। ਇੱਥੇ ਸੇਵਾ ਸਿੰਘ ਨੇ ਮਹਾਤਮਾ ਗਾਂਧੀ ਨਾਲ ਰਿਆਸਤਾਂ ਦੀ ਆਜ਼ਾਦੀ ਤੋਂ ਬਿਨਾਂ ਰਾਜਨੀਤਕ ਵਿਚਾਰ-ਚਰਚਾ ਵੀ ਕੀਤੀ। ਇਸੇ ਸਾਲ ਹੀ ਰਿਆਸਤਾਂ ਦੀ ਸਰਬ ਹਿੰਦ ਜਥੇਬੰਦੀ ਵੱਲੋਂ ਬੰਬਈ (ਮੁੰਬਈ) ਵਿੱਚ ਕਾਨਫਰੰਸ ਕੀਤੀ ਗਈ, ਜਿਸ ਵਿੱਚ ਸੇਵਾ ਸਿੰਘ ਪੰਜਾਬ ਦੇ ਪ੍ਰਤੀਨਿਧ ਮੈਂਬਰ ਦੇ ਤੌਰ ’ਤੇ ਸ਼ਾਮਲ ਹੋਏ ਸਨ। 

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦਾ ਪੂਰਾ ਜੀਵਨ ਹਮੇਸ਼ਾਂ ਹੀ ਆਪਣੇ ਲੋਕਾਂ ਤੇ ਕੌਮ ਦੀ ਸੇਵਾ ਵਿੱਚ ਹਾਜ਼ਰ ਰਿਹਾ, ਇਸ ਪੂਰੇ ਜੀਵਨ ਦੌਰਾਨ ਉਹਨਾਂ ਨੂੰ ਬਹੁਤ ਵਾਰ ਜੇਲ੍ਹ ਵੀ ਜਾਣਾ ਪਿਆ। ਜਿਸ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ:-

1923 ਵਿੱਚ ਸ਼ਾਹੀ ਕਿਲ੍ਹਾ ਲਾਹੌਰ ਅਕਾਲੀ ਲੀਡਰਾਂ ਦੇ ਮੁੱਕਦਮਾ ਬਗਾਵਤ ਵਿੱਚ 3 ਸਾਲ ਨਜ਼ਰਬੰਦੀ।

1926 ਬਾਗੀ ਹੋਣ ਦੇ ਜੁਰਮ ਵਿੱਚ ਪਟਿਆਲਾ ਜੇਲ੍ਹ ਵਿੱਚ ਸਾਢੇ ਤਿੰਨ ਸਾਲ ਨਜ਼ਰਬੰਦੀ।

1930 ਵਿੱਚ ਬਗਾਬਤ ਦੇ ਜੁਰਮ ਵਿੱਚ ਪਟਿਆਲਾ ਜੇਲ੍ਹ ਵਿੱਚ ਛੇ ਸਾਲ ਕੈਦ, ਚਾਰ ਮਹੀਨੇ ਪਿੱਛੋਂ ਰਿਹਾਈ।

1931 ਸੰਗਰੂਰ ਸਤਿਆਗ੍ਰਹਿ 4 ਮਹੀਨੇ ਜੇਲ੍ਹ ਦੀ ਹੋਈ।

1932 ਮਲੇਰਕੋਟਲਾ ਮੋਰਚਾ 3 ਮਹੀਨੇ ਨਜ਼ਰਬੰਦੀ ਹੋਈ।

1933 ਪਟਿਆਲਾ ਹਦਾਇਤਾਂ ਦੀ ਖ਼ਲਾਫ਼-ਵਰਜ਼ੀ ਦੇ ਬਾਗ਼ੀਆਨਾ ਜੁਰਮ ਵਿੱਚ 8 ਸਾਲ ਕੈਦ ਤੇ 10 ਹਜ਼ਾਰ ਜੁਰਮਾਨਾ ਹੋਇਆ ਸੀ। ਇਹ ਕੈਦ ਹਜੇ ਡੇਢ ਸਾਲ ਹੀ ਕੱਟੀ ਸੀ। ਇਸ ਦੌਰਾਨ ਹੀ ਜੇਲ੍ਹ ਦੇ ਅੰਦਰ ਦੁਰਵਿਵਹਾਰ ਅਤੇ ਗੈਰ-ਮਨੁੱਖੀ ਵਤੀਰੇ ਵਿਰੁੱਧ ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।

ਭੁੱਖ ਹੜਤਾਲ ਕਾਰਨ ਸੇਵਾ ਸਿੰਘ ਦੀ ਹਾਲਤ ਦਿਨ-ਬ-ਦਿਨ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਪਰ ਸਰਕਾਰ ਨੇ ਇੱਥੇ ਬਿਲਕੁਲ ਵੀ ਧਿਆਨ ਨਾ ਦਿੱਤਾ। ਇੱਥੇ ਹੀ ਉਹ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਹੋਏ ਭੁੱਖ-ਹੜਤਾਲ ਉਪਰੰਤ 19 ਅਤੇ 20 ਜਨਵਰੀ 1935 ਦੀ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ।

20 ਦਸੰਬਰ 1938 ਨੂੰ ਜਦੋਂ ਸਰਦਾਰ ਸੇਵਾ ਸਿੰਘ ਦੀਆਂ ਅਸਥੀਆਂ ਠੀਕਰੀਵਾਲਾ ਲੈਕੇ ਆਈਆਂ ਗਈਆਂ ਤਾਂ ਪਿੰਡ ਦੀ ਸਰਬਸੰਮਤੀ ਨਾਲ਼ ਸਰਦਾਰ ਜੀ ਦੀ ਯਾਦ ਵਿੱਚ ਇੱਕ ਹਾਈ ਸਕੂਲ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸਦੀ ਜ਼ੁੰਮੇਵਾਰੀ ਸਰਦਾਰ ਉਜਾਗਰ ਸਿੰਘ ਭੌਰਾ ਨੂੰ ਦਿੱਤੀ ਗਈ ਸੀ। ਜਿੰਨ੍ਹਾਂ ਨੇ ਆਪਣੇ ਸਾਥੀਆਂ ਨਾਲ਼ ਮਿਲ਼ਕੇ 13 ਅਪਰੈਲ 1950 ਨੂੰ ਸ਼ਹੀਦ ਸੇਵਾ ਸਿੰਘ ਹਾਈ ਸਕੂਲ ਜਾਰੀ ਕੀਤਾ ਗਿਆ। ਬਾਅਦ ਵਿੱਚ ਇਹ ਸਕੂਲ ਦਾ ਪ੍ਰਬੰਧ ਸਰਕਾਰ ਦੇ ਹੱਥ ਹੇਠ ਆ ਗਿਆ। 28 ਜਨਵਰੀ 1960 ਨੂੰ ਸ੍ਰੀ ਐਨ.ਵੀ. ਗੈਡਵਿਲ ਗਵਰਨਰ ਪੰਜਾਬ ਨੇ ਇਸ ਸਕੂਲ ਦੀ ਇਮਾਰਤ ਦੀ ਆਰੰਭਕ ਰਸਮ ਅਦਾ ਕੀਤੀ।

ਅੱਜ ਵੀ ਪਿੰਡ ਠੀਕਰੀਵਾਲਾ ਵਿਖੇ ਸਰਦਾਰ ਸੇਵਾ ਸਿੰਘ ਜੀ ਦੀ ਸ਼ਹੀਦੀ ਯਾਦ 'ਚ 18,19,20 ਜਨਵਰੀ ਨੂੰ ਸਭਾ ਲੱਗਦੀ ਹੈ।

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਪਹਿਲਾਂ ਇਹ ਸਭਾ ਦਾ ਦੀਵਾਨ ਆਪਣੇ ਘਰ ਦੇ ਸਾਹਮਣੇ ਬਾਬਾ ਜੈਮਲ ਸਿੰਘ ਦੀ ਥਾਂ ਲਗਾਉਦੇ ਹੁੰਦੇ ਸੀ। ਬਾਅਦ 'ਚ ਇਹੀ ਸਭਾ ਨਵਾਬ ਕਪੂਰ ਸਿੰਘ ਦੇ ਇਤਿਹਾਸਕ ਗੁਰਦੁਆਰੇ ਵਿੱਚ ਲੱਗਦੀ ਰਹੀ ਹੈ। 

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਯਾਦ ਕਰਦਿਆਂ ਅੱਜ ਫਿਲਹਾਲ ਉਹਨਾਂ ਦੀ ਜ਼ਿੰਦਗੀ ਸੰਬੰਧਿਤ ਇੰਨ੍ਹੀ ਕੁ ਜਾਣਕਾਰੀ ਸਾਂਝੀ ਕਰਨਾ,ਇੱਥੇ ਸਾਡਾ ਮਕਸਦ ਨਵੀਂ ਪੀੜ੍ਹੀ ਨੂੰ ਉਹਨਾਂ ਬਾਰੇ ਹੋਰ ਜਾਣਨ ਦੀ ਰੁਚੀ ਪੈਦਾ ਕਰਨਾ ਹੈ। ਅੱਜ ਅਜਿਹੇ ਮਹਾਨ ਇਨਸਾਨ ਨੂੰ ਯਾਦ ਕਰਦਿਆਂ ਉਹਨਾਂ ਦੇ ਵਿਸ਼ੇਸ਼ ਗੁਣ ਸਬਰ, ਨਿਰਸੁਆਰਥ ਸੇਵਾ ਭਾਵਨਾ,ਕੌਮੀ ਜਜ਼ਬੇ ਤੇ ਬਾਗੀ ਸੁਭਾਅ ਤੋਂ ਸਾਨੂੰ ਤੇ ਸਾਡੇ ਸਮਿਆਂ ਦੀ ਹਾਣੀ ਪੀੜ੍ਹੀ ਨੂੰ ਪ੍ਰੇਰਨਾ ਲੈਕੇ ਅੱਗੇ ਤੁਰਨ ਦੀ ਜਾਚ ਸਿੱਖਣੀ ਚਾਹੀਦੀ ਹੈ। 

ਸ.ਸੁਖਚੈਨ ਸਿੰਘ ਕੁਰੜ

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਆਮ ਆਦਮੀ ਕਲਿਨਿਕ ✍️ ਅਮਰਜੀਤ ਸਿੰਘ ਤੂਰ

ਪੰਜਾਬ ਸਰਕਾਰ ਖੋਲ ਰਹੀ200 ਕਲੀਨਿਕ,

ਸਿਹਤ ਕੇਂਦਰ ਆਧੁਨਿਕ ਸਾਜ਼ੋ-ਸਾਮਾਨ ਵਾਲੇ।

ਬਹੁਤ ਵਧੀਆ ਸਮੇਂ ਨਾਲ ਮੇਚ ਖਾਂਦੀ ਸੋਚ,   ਕੰਮ ਕਰਨ ਵਾਲੀ ਤਰਜ਼ ਦੀ ਸਰਕਾਰ ਵਾਲੇ

 

ਐਲੋਪੈਥੀ ,ਆਯੂਸ਼,ਐਕੂਪੈ੍ਸ਼ਰ ਵਿੰਗ ਵੀ ਹੋਣੇ ਚਾਹੀਦੇ,

ਤਾਂ ਕਿ ਪੇਂਡੂ ਲੋਕਾਂ ਨੂੰ ਵੀ ਮਿਲ ਸਕੇ ਕੇਂਦਰੀ ਰਜਿਸਟ੍ਰੇਸ਼ਨ।

ਕਿਤੋਂ ਵੀ ਆਪਣੀ ਮਨਪਸੰਦੀ ਦਾ ਇਲਾਜ ਕਰਵਾ ਸਕਣ,

ਸਾਰੇ ਕੇਂਦਰਾਂ ਤੇ ਪ੍ਰਾਪਤ ਹੋਵੇ ਇਲਾਜ ਦਾ ਰਿਕਾਰਡ ਤੇ ਸਮਾਧਾਨ।

 

ਮੁੱਢਲਾ ਆਧਾਰ ਤਿਆਰ ਕਰੋ ਬੀਮਾਰੀਆਂ ਦਾ,

 ਮੁੱਢਲੀਆਂ ਸਹੂਲਤਾਂ ਦੀ ਕਰੋ ਫਿਰ ਪੁਣਛਾਣ ।

ਹਰ ਇਕ ਦੀ ਪਹੁੰਚ ਅੰਦਰ ਹੋਵੇ ਹਰ ਤਰ੍ਹਾਂ ਦਾ ਇਲਾਜ,

ਮੁਫ਼ਤ ਦਵਾਈ ਮੁਫਤ ਇਲਾਜ ਨਾਲ ਹੋਣੀ ਪਛਾਣ

 

ਹਰ ਮਸਲੇ ਤੇ ਡਟ ਕੇ ਫ਼ੈਸਲੇ ਲੈਂਦੀ ਆਪ ਸਰਕਾਰ,

ਬਾਕੀ ਪਾਰਟੀਆਂ ਜੋ ਮਰਜੀ ਕਹੀਂ ਜਾਣ।

ਸਾਰੀਆਂ ਸਮੱਸਿਆਵਾਂ ਤੇ ਹੌਲ਼ੀ ਹੌਲ਼ੀ ਕਾਬੂ ਪਾਕੇ

ਪੰਜਾਬ ਨੇ ਪਾਉਣੇ ਮਾਨ-ਸਨਮਾਨ ।

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  :  9878469639

"ਕਵਿਤਾ "  ✍️ ਕੁਲਦੀਪ ਸਿੰਘ ਰਾਮਨਗਰ

ਕਾਹਨੂੰ ਸੱਜਣਾ ਖੇਖਣ ਕਰਦਾ,
ਮਿੱਟੀ ਦਾ ਸੀ, ਮਿੱਟੀ ਹੋਇਆ,
ਹੁਣ ਮੈਂ ਯਾਰਾਂ ਫੌਤ ਜੋ ਹੋਇਆ,
ਉੱਚੀ ਉੱਚੀ ਕਿਓਂ ਕੁਰਲਾਵੇ,
ਫੜ ਫੜ ਮੋਢਾ ਪਿਆ ਜਗਾਵੇ,
ਮਲ ਮਲ ਸਾਬਣ ਨਾਲ ਨੁਹਾਉਕੇ ,
ਸੁਹਣੇ ਸੁਹਣੇ ਵਸਤਰ ਪਾਕੇ
ਫਿਰ ਵੀ ਠਸ ਤੋਂ ਮਸ ਨਾ ਹੋਇਆ ,
ਕਾਹਨੂੰ ਸੱਜਣਾ ਖੇਖਣ ਕਰਦਾ,
ਮਿੱਟੀ ਦਾ ਸੀ, ਮਿੱਟੀ ਹੋਇਆ,
ਮੋਢੇ ਚੱਕ ਲੈ ਤੁਰਿਆ ਜਾਂਦਾ,
ਲਾਕੇ ਤੀਲੀ ਮੁੜਿਆ ਆਉਂਦਾ,
ਮਿਲਣਾ ਕਿਥੇ ਰੂਹਾਂ ਬਣਕੇ,
ਉਡ ਗਿਆ ਬੇਲੀ ਧੂਆਂ ਬਣਕੇ ,
ਜ਼ੋਰ ਲਾਇਆ ਤੈਥੋਂ ਮੋੜ ਨਾ ਹੋਇਆ,
ਕਾਹਨੂੰ ਸੱਜਣਾ ਖੇਖਣ ਕਰਦਾ,
ਮਿੱਟੀ ਦਾ ਸੀ, ਮਿੱਟੀ ਹੋਇਆ,
ਹੁਣ ਮੈਂ ਯਾਰਾਂ ਫੌਤ ਜੋ ਹੋਇਆ,
ਮਿੱਟੀ ਕਿਥੇ ਧਰ ਆਇਆ, 
ਪਾਣੀ ਗੰਧਲਾ ਕਰ ਆਇਆ,
ਮੜੀ ਤੇ ਦੀਵਾ ਬਲਦਾਂ ਦਿਸਦਾ
ਤੂੰ ਨੀ ਸੱਜਣਾ ਟਲਦਾ ਦਿਸਦਾ,
ਹੁਣ ਵੀ ਰਹਿੰਦਾ ਔਸੀਆਂ ਪਾਉਂਦਾ,
ਕਿਹਨੂੰ ਸੱਜਣਾ ਖੀਰ ਖੁਆਉਂਦਾ,
ਹਜ਼ਮ ਨਾ ਆਈ ਖੰਡ ਕਾਜ਼ੀ ਨੂੰ,
ਛੱਡ ਯਾਰਾਂ ਪਖੰਡ ਬਾਜ਼ੀ ਨੂੰ,
ਤੁਰ ਗਿਆ ਤੋਂ ਮੁੜ ਨਹੀਂ ਹੋਇਆ,
ਕਾਹਨੂੰ ਸੱਜਣਾ ਖੇਖਣ ਕਰਦਾ,
ਮਿੱਟੀ ਦਾ ਸੀ, ਮਿੱਟੀ ਹੋਇਆ,
ਹੁਣ ਮੈਂ ਯਾਰਾਂ ਫੌਤ ਜੋ ਹੋਇਆ,

ਕੁਲਦੀਪ ਸਿੰਘ ਰਾਮਨਗਰ
9417990040

ਗੀਤ-- ਮਸ਼ਾਲਾਂ ✍️ ਬਲਜਿੰਦਰ ਸਿੰਘ " ਬਾਲੀ ਰੇਤਗੜ"

ਜੋ ਤੁਰ ਗਏ ਬਾਲ ਮਸ਼ਾਲਾਂ ਹਨੇਰਿਆਂ 'ਚ ਬਲਾ ਕੇ ਰੱਖਿਓ

ਸੌਂ ਮਰ ਜਾਣ ਕਿਤੇ ਨਾ ਲੋਕੀਂ, ਨੀ ਕਲਮੋਂ ਜਗਾ ਕੇ ਰੱਖਿਓ

ਜੋ ਤੁਰ ਗਏ ਬਾਲ ਮਸ਼ਾਲਾਂ........ .............

ਸਾੜੇ ਕਾਮੇ ਨੰਗੇ ਦੇਹ ਦੇ,     ਹਨ ਆਸਾਂ ਮਰੀਆਂ ਵਾਲੇ

ਖ਼ਾਮੋਸ਼  ਜੁਗਾਂ ਤੋਂ ਭੁੱਖਣ-ਭਾਣੇ, ਪਰ ਸੋਚਾਂ ਠਰੀਆਂ ਵਾਲੇ  

ਕੱਚੇ ਕੋਠੇ ਕੜੀਆਂ ਵਾਲੇ,  ਢਾਰੇ ਰੁਸ਼ਨਾ ਕੇ ਰੱਖਿਓ    

ਜੋ ਤੁਰ ਗਏ ਬਾਲ ਮਸ਼ਾਲਾਂ  ............

ਕਲਮਾਂ ਉਪਰ ਹੱਕ ਜਮਾ ਕੇ, ਕੁੱਝ ਬੈਠ ਗਏ ਚਮਗਿੱਦੜ

ਰੋਸ ਹਕੂਮਤ ਅੱਗੇ ਕਰਦੇ,   ਹਨ  ਕਦ ਭੇਡਾਂ ਦੇ ਇੱਜੜ

ਸ਼ੇਰ ਦਹਾੜਾਂ ਮਾਰਨ ਅਣਖੀ, ਅਣਖਾਂ ਸੁਲਗਾ ਕੇ ਰੱਖਿਓ

ਜੋ ਤੁਰ ਗਏ ਬਾਲ ਮਸ਼ਾਲਾਂ, ..........

ਵਿਕ ਜਾਂਦੇ ਸਨਮਾਨਾਂ ਬਦਲੇ, ਵਿਦਵਾਨ ਕਹਾ ਕੇ ਢੋਂਗੀ

ਮਾਂ-ਬੋਲੀ ਦੀ ਤਹਿਮਤ ਉੱਪਰ,  ਇਹ ਸੇਜ ਹੰਡਾਵਣ ਯੋਗੀ

ਕਿੱਸੇ ਸੂਰਿਆਂ ਦੇ ਵੀਰ ਰਸੀ , ਵਾਰਾਂ ਜਸ ਗਾ ਗਾ ਰੱਖਿਓ

ਜੋ ਤੁਰ ਗਏ ਬਾਲ ਮਸ਼ਾਲਾਂ  ................

ਇਤਿਹਾਸ ਸੁਨਿਹਰਾ ਸੁਲਗ਼ ਨਾ ਜਾਵੇ, ਅੱਖਰ ਅੱਖਰ ਸਾਭੋਂ

ਮੇਟ ਰਹੇ ਨੇ ਦੁਸ਼ਮਣ ਪੈੜਾਂ , ਦੁੱਲਿਓ ਆਬ ਆਪਣੇ ਸਾਂਭੋ

ਪੰਨੇ ਤਖ਼ਤ-ਏ ਤਾਊਸ ਦੇ,  ਪੁੱਤ-ਪੋਤਿਆਂ ਨੂੰ ਪੜਾ ਰੱਖਿਓ

ਜੋ ਤੁਰ ਗਏ ਬਾਲ-ਮਸ਼ਾਲਾਂ-----------

ਪੰਜਾਬ ਗੁਰਾਂ ਦਾ ਜੁਗ -ਜੁਗ ਵਸੇ, ਬਸ "ਰੇਤਗੜ" ਕਰੇ ਦੁਆਵਾਂ

ਨਸਲਕੁਸ਼ੀ ਤੇ ਨਸ਼ਿਆਂ ਤੋਂ ਹੁਣ, ਜੂਹਾਂ ਬਚ ਜਾਣ ਪਿੰਡ ਥਾਵਾਂ

"ਬਾਲੀ" ਰੋਹ ਦੇ ਬਾਣ ਰਗਾਂ 'ਚ,ਬਾਜ਼ ਜਿਹੀ ਨਿਗਾਹ ਰੱਖਿਓ

ਜੋ ਤੁਰ ਗਏ ਬਾਲ ਮਸ਼ਾਲਾਂ, ਹਨੇਰਿਆਂ 'ਚ ਜਗਾ ਰੱਖਿਓ

 

 ਬਾਲੀ ਰੇਤਗੜ +919465129168

ਮੋਬਾਈਲ ਤੇ ਜ਼ਿੰਦਗ਼ੀ ✍️ ਹਰਪ੍ਰੀਤ ਕੌਰ ਸੰਧੂ

ਮੋਬਾਈਲ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਔਖਾ ਬਣਾ ਦਿੱਤਾ ਹੈ। ਅਸੀਂ ਸਭ ਕੁਝ ਜਲਦੀ ਚਾਹੁੰਦੇ ਹਾਂ। ਪਹਿਲਾਂ ਅਸੀਂ ਕਿਸੇ ਨਾਲ ਗੱਲ ਕਰਨ ਦੀ ਉਡੀਕ ਕਰਦੇ ਸੀ। ਜੇ ਅਸੀਂ ਗੁੱਸੇ ਵਿਚ ਸੀ ਤਾਂ ਜਦੋਂ ਅਸੀਂ ਮਿਲਦੇ ਹਾਂ ਤਾਂ ਗੁੱਸਾ ਖਤਮ ਹੋ ਗਿਆ ਸੀ. ਹੁਣ ਅਸੀਂ ਜੋ ਕੁਝ ਸਾਡੇ ਮੂੰਹੋਂ ਨਿਕਲਦਾ ਹੈ, ਉਸਨੂੰ ਬੁਲਾਉਂਦੇ ਹਾਂ ਅਤੇ ਫੂਕ ਦਿੰਦੇ ਹਾਂ। ਇਸ ਨੇ ਰਿਸ਼ਤੇ ਨੂੰ ਔਖਾ ਬਣਾ ਦਿੱਤਾ ਹੈ। ਜ਼ਰਾ ਕਲਪਨਾ ਕਰੋ ਕਿ ਜੇਕਰ ਇੱਕ ਔਰਤ ਦਾ ਆਪਣੇ ਪਤੀ ਨਾਲ ਝਗੜਾ ਹੁੰਦਾ ਹੈ, ਤਾਂ ਉਹ ਆਂਢ-ਗੁਆਂਢ ਦੇ ਕਿਸੇ ਦੋਸਤ ਨਾਲ ਗੱਲ ਕਰਨ ਲਈ ਸਵੇਰ ਤੱਕ ਇੰਤਜ਼ਾਰ ਕਰਦੀ ਸੀ ਅਤੇ ਉਸਦੇ ਮਾਤਾ-ਪਿਤਾ ਨੂੰ ਮਿਲਣ ਦੀ ਉਡੀਕ ਕਰਦੀ ਸੀ। ਜਦੋਂ ਤੱਕ ਉਸ ਨੂੰ ਇਸ ਬਾਰੇ ਗੱਲ ਕਰਨ ਦਾ ਮੌਕਾ ਮਿਲਿਆ, ਦੋਵੇਂ ਆਮ ਵਾਂਗ ਹੋ ਗਏ ਸਨ।

ਦੂਜਾ ਗੰਭੀਰ ਮੁੱਦਾ ਇਹ ਮੈਸੇਜ ਸਿਸਟਮ ਹੈ। ਅਸੀਂ ਇੱਕ ਵੱਖਰੇ ਮੂਡ ਵਿੱਚ ਕੁਝ ਲਿਖਦੇ ਹਾਂ ਜੋ ਇਸ ਨੂੰ ਪੜ੍ਹਦਾ ਹੈ ਉਹ ਇਸਨੂੰ ਆਪਣੇ ਮੂਡ ਦੇ ਅਨੁਸਾਰ ਸਮਝਦਾ ਹੈ. ਆਪਸੀ ਤਾਲਮੇਲ ਸਪੱਸ਼ਟ ਨਹੀਂ ਹੈ ਅਤੇ ਇਹ ਸਾਡੇ ਸਬੰਧਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਫਿਰ ਗੱਲ ਕਰਦੇ ਸਮੇਂ ਅਸੀਂ ਕਠੋਰ ਸ਼ਬਦਾਂ ਦੀ ਵਰਤੋਂ ਕਰਨ ਤੋਂ ਝਿਜਕਦੇ ਹਾਂ ਪਰ ਲਿਖਦੇ ਸਮੇਂ ਅਸੀਂ ਪ੍ਰਵਾਹ ਨਹੀਂ ਕਰਦੇ ਅਤੇ ਕਈ ਵਾਰ ਬਾਅਦ ਵਿੱਚ ਪਛਤਾਉਂਦੇ ਹਾਂ। ਪਰ ਨੁਕਸਾਨ ਉਦੋਂ ਤੱਕ ਹੋ ਜਾਂਦਾ ਹੈ।

ਤੀਸਰਾ ਮਾਨਸਿਕ ਤੌਰ 'ਤੇ ਅਸੀਂ ਹਮੇਸ਼ਾ ਚਲਦੇ ਰਹਿੰਦੇ ਹਾਂ। ਜਦੋਂ ਅਸੀਂ ਕੁਝ ਬਹੁਤ ਮਹੱਤਵਪੂਰਨ ਕਰਨ ਦੇ ਵਿਚਕਾਰ ਹੁੰਦੇ ਹਾਂ ਤਾਂ ਇੱਕ ਕਾਲ ਮੂਡ ਨੂੰ ਬਦਲ ਦਿੰਦੀ ਹੈ। ਗੜਬੜ ਨੂੰ ਸੰਭਾਲਣ ਲਈ ਬਹੁਤ ਜ਼ਿਆਦਾ ਹੈ।

ਸਮੂਹ ਵਿੱਚ ਬੈਠ ਕੇ ਵੀ ਹਰ ਕੋਈ ਆਪਣੇ ਮੋਬਾਈਲ ਵਿੱਚ ਰੁੱਝਿਆ ਹੋਇਆ ਹੈ। Ppl ਖਾਸ ਕਰਕੇ ਨੌਜਵਾਨ ਘੱਟ ਹੀ ਗੱਲ ਕਰਦੇ ਹਨ. ਅਸੀਂ ਗੱਲਬਾਤ ਗੁਆ ਰਹੇ ਹਾਂ। ਸਾਡੇ ਪਰਿਵਾਰਕ ਬੰਧਨ ਸਾਡੇ ਸੰਚਾਰ ਕਾਰਨ ਹੀ ਬਹੁਤ ਮਜ਼ਬੂਤ ​​ਸਨ। ਪਰ ਹੁਣ ਹਰ ਕੋਈ ਗੱਲ ਕਰਨ ਦੀ ਬਜਾਏ ਗੱਲਬਾਤ ਵਿੱਚ ਰੁੱਝਿਆ ਹੋਇਆ ਹੈ।

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਸਾਨੂੰ ਮਸ਼ੀਨੀ ਬਣਾ ਦਿੱਤਾ ਹੈ। ਅਸੀਂ ਮਨੁੱਖੀ ਸੰਪਰਕ ਨੂੰ ਗੁਆ ਰਹੇ ਹਾਂ। ਅਸੀਂ ਮੋਬਾਈਲ ਨਾਲ ਸਭ ਕੁਝ ਕਰਦੇ ਹਾਂ ਭਾਵੇਂ ਇਹ ਖਰੀਦਦਾਰੀ ਕਰਨਾ ਜਾਂ ਭੋਜਨ ਆਰਡਰ ਕਰਨਾ। ਅਸੀਂ ਉੱਠਦੇ ਹਾਂ ਅਤੇ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਚੁੱਕਣਾ ਹੁੰਦਾ ਹੈ। ਸੌਣ ਤੋਂ ਪਹਿਲਾਂ ਆਖਰੀ ਕੰਮ ਅਸੀਂ ਆਪਣੇ ਮੋਬਾਈਲ ਨੂੰ ਚੈੱਕ ਕਰਨਾ ਹੈ।

ਅਸੀਂ ਹੱਥ ਵਿੱਚ ਮੋਬਾਈਲ ਲੈ ਕੇ ਸੈਰ ਕਰਨ ਜਾਂਦੇ ਹਾਂ। ਅਸੀਂ ਇਸਨੂੰ ਕੈਮਰਾ, ਕੈਲਕੁਲੇਟਰ, ਘੜੀ ਅਤੇ ਲਗਭਗ ਹਰ ਚੀਜ਼ ਦੇ ਤੌਰ ਤੇ ਵਰਤਦੇ ਹਾਂ। ਮੋਬਾਈਲ ਨਾਲ ਅਸੀਂ ਸਿਰਫ਼ ਤਸਵੀਰਾਂ ਲੈ ਰਹੇ ਹਾਂ ਅਤੇ ਪਲ ਦਾ ਆਨੰਦ ਨਹੀਂ ਮਾਣ ਰਹੇ ਹਾਂ। ਅਸੀਂ ਸ਼ਮਸ਼ਾਨਘਾਟ ਨੂੰ ਵੀ ਨਹੀਂ ਬਖਸ਼ਦੇ। ਉੱਥੇ ਵੀ ਅਸੀਂ ਲਾਸ਼ ਦੀਆਂ ਤਸਵੀਰਾਂ ਕਲਿੱਕ ਕਰਦੇ ਹਾਂ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਾਂ।

ਸਾਡੀ ਗੱਲਬਾਤ ਦਾ ਮੁੱਖ ਮੁੱਦਾ ਸੋਸ਼ਲ ਮੀਡੀਆ ਹੈ। ਕਿਸ ਨੇ ਸਾਨੂੰ ਬਲਾਕ ਕੀਤਾ, ਕੌਣ ਸਾਡੀ ਪੋਸਟ ਨੂੰ ਪਸੰਦ ਕਰਦਾ ਹੈ ਇਹ ਸਾਡੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਮੁੱਦੇ ਹਨ।

ਅਸੀਂ ਬਹੁਤ ਕੁਝ ਗੁਆ ਲਿਆ ਹੈ। ਸਾਨੂੰ ਬੱਚਿਆਂ ਲਈ ਦੋਸਤੀ ਬਣਾਉਣ ਲਈ ਚਿਟ ਚੈਟ, ਛੋਟੀਆਂ ਦਲੀਲਾਂ, ਆਂਢ-ਗੁਆਂਢ ਦੀਆਂ ਖੇਡਾਂ ਦੀ ਲੋੜ ਹੈ।

ਸਾਨੂੰ ਸਮਾਜਿਕ ਰਹਿਣ ਲਈ ਮੋਬਾਈਲ ਦੀ ਵਰਤੋਂ ਨੂੰ ਸੀਮਤ ਕਰਨ ਦੀ ਲੋੜ ਹੈ। ਸਾਨੂੰ ਗੱਲਬਾਤ ਨੂੰ ਜ਼ਿੰਦਾ ਰੱਖਣ ਦੀ ਲੋੜ ਹੈ। ਸਾਨੂੰ ਸੰਦੇਸ਼ ਦੇਣ ਦੀ ਬਜਾਏ ਵਿਅਕਤੀਗਤ ਤੌਰ 'ਤੇ ਇੱਕ ਦੂਜੇ ਲਈ ਮੌਜੂਦ ਹੋਣ ਦੀ ਲੋੜ ਹੈ।

ਆਓ ਇਸਨੂੰ ਅਜ਼ਮਾਈਏ।

ਹਰਪ੍ਰੀਤ ਕੌਰ ਸੰਧੂ

ਵਾਹਣੀ ਪਾਏ ਅਫਸਰ ✍️ ਅਮਰਜੀਤ ਸਿੰਘ ਤੂਰ

ਕਰਕੇ ਮੁੱਛਾਂ ਕੁੰਢੀਆਂ ਅਫਸਰ ਪੰਜਾਬ ਦੇ,

ਕਲਮ-ਛੋੜ ਹੜਤਾਲ ਤੇ ਕੰਮ ਠੱਪ ਕੀਤੇ ਸਰਕਾਰ ਦੇ।

ਰਿਪੋਰਟ ਮਿਲਣ ਤੇ ਦਬਕਾ ਮਾਰਿਆ ਭਗਵੰਤ ਮਾਨ  ਨੇ,

ਵਾਹਣੀਂ ਪਾ ਦਿੱਤੇ ਅਫਸਰ ਸਿਰਕੱਢ ਪੱਤਰਕਾਰ ਨੇ ।

 

ਕੁਝ ਅਫਸਰਾਂ ਸਕੀਮ ਬਣਾਈ ਹੜਤਾਲ ਦੀ,

ਬਾਕੀ ਦਿਆਂ ਯੁਗਤ  ਲਾਈ ਵਗਦੀ ਗੰਗਾ ਚ ਨਹਾ ਲਈਏ ਇਕ ਵਾਰੀ ਤਾਂ ਇਨਕਲਾਬ ਜ਼ਿੰਦਾਬਾਦ ਹੋਗੀ,

ਝੱਗ ਵਾਂਗੂੰ ਬਹਿ ਗਈ ਜੁੰਡਲੀ,ਕਿਤੇ ਦਾਲ-ਫੁਲਕਾ ਨਾ ਗੰਵਾ ਬਹੀਏ ।

 

ਹੌਲੀ ਹੌਲੀ ਭੇਤ ਖੁਲ੍ਹ ਜਾਊ, ਕਾਲੀ ਭੇਡ ਦਾ,

ਕੌਣ ਹੈ ਖੇਤ ਨੂੰ ਅੱਗ ਲਾਉਣ ਵਾਲਾ ।

ਆਪਣੀਆਂ ਕੀਤੀਆਂ ਦੀਆਂ ਭੁਗਤ ਰਿਹਾ ,

ਹੁਣ ਕੋਈ ਨਾ ਰਿਹਾ ਉਹਦੇ ਨਾਲ ਹੱਥ ਮਿਲਾਉਣ ਵਾਲਾ।

 

ਗ਼ਲਤ ਸੋਚਵਾਲੇ ਮਾੜੇ ਹਾਲਾਤ ਦਾ ਸ਼ੋਸ਼ਾ ਛੱਡ ਕੇ 

ਦੁਨੀਆਂ ਸਾਹਮਣੇ ਪੰਜਾਬ ਦੀ ਮਿੱਟੀ ਪੱਟ ਰਹੇ।

ਉਹਨਾਂ ਆਪੇ ਹੀ ਇਸ ਥੱਲੇ ਦੱਬ ਜਾਣਾ ,

ਚਾਹੁਣ ਜਿਹੜੇ ਚੰਗੇ ਭਲੇ ਬੰਦੇ ਦੀ ਪੱਤ ਨਾ ਰਹੇ।

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  :  9878469639

ਗ਼ਜ਼ਲ ✍️ ਮਹਿੰਦਰ ਸਿੰਘ ਮਾਨ

ਜੇ ਉਸ ਨੂੰ ਬੋਲਣ ਦਾ ਜ਼ਰਾ ਵੀ ਹੁੰਦਾ ਚੱਜ,

ਘਰ ਤੋਂ ਬਾਹਰ ਨਾ ਉਹ ਫਿਰਦਾ ਹੁੰਦਾ ਅੱਜ।

ਉਹ ਬੱਚਾ ਕਦੇ ਅੱਗੇ ਨ੍ਹੀ ਵਧ ਸਕਦਾ ਯਾਰੋ,

ਜੋ ਮਾਂ-ਪਿਉ ਤੋਂ ਆਪਣੇ ਔਗੁਣ ਲੈਂਦਾ ਕੱਜ।

ਉਹ ਸਮਾਂ ਆਣ 'ਚ ਹਾਲੇ ਸਮਾਂ ਲੱਗੇਗਾ ਯਾਰੋ,

ਜਦ ਆਜ਼ਾਦ ਹੋ ਕੇ ਫੈਸਲੇ ਕਰ ਸਕਣਗੇ ਜੱਜ।

ਵੋਟਾਂ ਪੈਣ ਤੋਂ ਪਹਿਲਾਂ ਜੋ ਕੀਤੇ ਸਨ ਵਾਅਦੇ,

ਉਹਨਾਂ ਨੂੰ ਭੁਲਣ ਲਈ ਨੇਤਾ ਲਾਣਗੇ ਪੱਜ।

ਜਿਸ ਕੋਲ ਹੈ ਨ੍ਹੀ ਕੁੱਝ ਵੀ,ਉਹ ਤਾਂ ਰੋਵੇਗਾ ਹੀ,

ਜਿਸ ਕੋਲ ਹੈ ਸਭ ਕੁੱਝ ਹੀ, ਉਹ ਵੀ ਰੋਵੇ ਅੱਜ।

ਇਹ ਕੇਵਲ ਸਾਡੇ ਦੇਸ਼ ਦੇ ਵਿੱਚ ਹੀ ਸੰਭਵ ਹੈ,

ਲੈ ਬੈਂਕਾਂ ਤੋਂ ਕਰਜ਼ੇ, ਲੋਕੀਂ ਜਾਂਦੇ ਭੱਜ ।

ਮਹਿੰਦਰ ਸਿੰਘ ਮਾਨ

ਸਲੋਹ ਰੋਡ

ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼

ਨਵਾਂ ਸ਼ਹਿਰ-9915803554

ਭਾਰਤ ਜੋੜੋ ਯਾਤਰਾ ( ਵਿਅੰਗ) ✍️ ਅਮਰਜੀਤ ਸਿੰਘ ਤੂਰ

ਜਦੋਂ ਵੀ ਕੋਈ ਤਰੱਕੀ ਦੀ ਗੱਲ ਹੁੰਦੀ ,

ਵਿਰੋਧੀ  ਧਿਰ  ਕਦੀ  ਤੋੜਨ ,

ਤੇ ਕਦੀ ਜੋੜਨ ਦੀ ਗੱਲ ਕਰਦੀ।

ਦੇਸ਼ ਨੇ ਜੇ ਹੁਣ ਵਿਕਾਸ ਦੀ ਰਫਤਾਰ ਹੈ ਫੜੀ ,

ਤੁਹਾਨੂੰ ਫੁੱਟੀ ਅੱਖ  ਨ੍ਹੀਂ ਭਾਉਂਦੀ ।

 

ਰਾਹੁਲ  ਗਾਂਧੀ ਜੀ ਚੜ੍ਹੇ ਘੋੜੀ ,

ਸੱਜ ਧੱਜ ਕੇ ਸਰਵਾਲਾ ਬਣਕੇ ।

ਪਰ ਮੋਦੀ ਜੀ ਨੂੰ ਇਹ ਗੱਲ ਚੰਗੀ ਨ੍ਹੀਂ ਲੱਗੀ,

ਮੇਰੀ ਰੀਸ ਕਿਉਂ ਕਰੇ ਹਵਾਲਾ ਬਣ ਕੇ ।

ਮੈਂ ਤਾਂ ਸਾਰਿਆਂ ਦੀ ਮੰਜੀ ਠੋਕ ਦਿਉਂ,

ਭਾਵੇਂ ਮੈਂ ਸ਼ੁਰੂਆਤ ਕੀਤੀ ਚਾਹਵਾਲਾ ਬਣਕੇ ।

 

ਤੁਸੀਂ ਨ੍ਹੀਂ ਬੋਲਦੇ  ਮੋਦੀ ਸਾਹਬ,

ਤੁਹਾਡੇ  ਚ  ਠਾਣੇਦਾਰ  ਬੋਲਦਾ ।

ਭਗਵੰਤ ਮਾਨ ਵਿਚਾਰਾ ਮੱਸੋਸਿਆ ਬੈਠਾ ,

ਕੇਜਰੀਵਾਲ ਕੋਲ ਆਪਣੇ ਦੁੱਖ ਫੋਲਦਾ।

ਮੇਰੇ ਨਾਲ ਜੱਗੋਂ ਤੇਹਰਵੀਂ ਹੋਈ ਜਾਵੇ ,

ਹਾਈ ਕੋਰਟ ਹੁਕਮ ਕੀਤਾ, ਟੋਲ ਖੋਲਦਾ ।

ਰਾਹੁਲ ਦਾਹੜੀ ਵਧਾ ਕੇ ਪੱਗ ਬੰਨ ਲਈ ,ਕਹਿੰਦਾ ਜੁੜ ਗਿਆ ਉੱਤਰੀ ਭਾਰਤ ਮੇਰੇ ਹੱਕ ਚ ਬੋਲਦਾ ।

 

ਮੋਦੀ ਸਾਹਿਬ ਫੂਕ ਛੱਕ ਗਏ ,

ਕਹਿੰਦੇ ਸਾਰੀ ਯੂਐਨਓ ਮੇਰੀ ।

ਪੂਤਿਨ  ਮੇਰਾ, ਅਰਦੋਗਨ ਮੇਰਾ ,

ਬਾਕੀ  ਦੁਨੀਆਂ  ਬਥੇਰੀ ।

ਵਾਨਰ ਸੈਨਾ ਵਾਂਗਰ ਪੂੰਛ ਨੂੰ,

ਅੱਗ ਲਾ ਕੇ ਢੰਡੋਰਾ ਪਿੱਟਣਾ ,

ਕਿਥੋਂ ਦੀ ਤਹਿਜ਼ੀਬ ਹੈ ਚੰਗੇਰੀ ।

ਵਿਰੋਧੀਆਂ ਦਾ ਨਸ਼ਾ ਉਤਾਰਕੇ ,

ਬੀਜੇਪੀ ਬਣੂੰਗੀ ਤਾਜ਼ੀ ਲਵੇਰੀ ।

 

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ

ਫੋਨ ਨੰਬਰ  :  987846963

ਕਿਸਮਿਸ (ਕਹਾਣੀ) ✍️ ਮਨਜੀਤ ਕੌਰ ਧੀਮਾਨ

           ਦਾਦੀ ਜੀ, ਦਾਦੀ ਜੀ, ਮੈਨੂੰ ਕਿਸਮਿਸ ਲੈ ਕੇ ਦਿਓ ਨਾ। ਨਾਲ਼ ਤੁਰੇ ਦੀਪਕ ਨੇ ਬਜ਼ਾਰ 'ਚੋਂ ਲੰਘਦਿਆਂ ਬਿਸ਼ਨੀ ਦੀ ਬਾਂਹ ਹਿਲਾਉਂਦਿਆਂ ਕਿਹਾ।

              ਵੇ ਓਹ ਕੀ ਹੁੰਦਾ? ਅੱਛਾ-ਅੱਛਾ ਕਿਸ਼ਮਿਸ਼ ਕਹਿੰਦਾ ਏਂ। ਚੱਲ ਲੈ ਦਿੰਦੀ ਆਂ ਹੁਣੇ, ਮੈਂ ਆਪਣੇ ਸੋਹਣੇ ਲਾਲ ਨੂੰ। ਬਿਸ਼ਨੀ ਇੱਕ ਦੁਕਾਨ ਵੱਲ ਤੁਰ ਪਈ।

              ਵੇ ਭਾਈ, ਆਹ ਕਿਸ਼ਮਿਸ਼ ਦੇਵੀਂ। ਬਿਸ਼ਨੀ ਨੇ ਕਿਹਾ ਤਾਂ ਦੁਕਾਨਦਾਰ ਨੇ ਕਿਸ਼ਮਿਸ਼ ਦੇ ਦਿੱਤੀ।

                 ਨਹੀਂ! ਨਹੀਂ!ਇਹ ਨਹੀਂ ਲੈਣੀਆਂ। ਦੀਪਕ ਨੇ ਕਿਸ਼ਮਿਸ਼ ਦੇਖ ਕੇ ਕਿਹਾ।

                 ਫੋਟ ਵੇ! ਇਹੀ ਤਾਂ ਮੰਗੀ ਸੀ ਤੂੰ। ਬਿਸ਼ਨੀ ਨੇ ਚਿੜ੍ਹਦਿਆਂ ਕਿਹਾ।

             ਨਹੀਂ, ਕਿਸਮਿਸ ਤਾਂ ਟੌਫੀ ਹੁੰਦੀ ਆ, ਜੀਹਦੇ ਉੱਪਰ ਇੱਕ ਮੁੰਡਾ ਤੇ ਕੁੜੀ ਕਿਸ ਕਰਦੇ ਹੁੰਦੇ। ਦੀਪਕ ਨੇ ਸਮਝਾਇਆ।

              ਵੇ ਕੀ ਕਰਦੇ ਹੁੰਦੈ? ਬਿਸ਼ਨੀ ਨੂੰ ਕੁੱਝ ਸਮਝ ਨਹੀਂ ਆਈ।

               ਦਾਦੀ ਕਿਸ ਦਾ ਮਤਲਬ ਚੁੰਮੀ। ਦੀਪਕ ਨੇ ਦੋਵਾਂ ਹੱਥਾਂ ਦੀਆਂ ਉਂਗਲੀਆਂ ਨਾਲ ਇਸ਼ਾਰਾ ਬਣਾ ਕੇ ਦੱਸਿਆ।

             ਵੇ ਫਿੱਟੇ ਮੂੰਹ! ਬਿਸ਼ਨੀ ਨੂੰ ਦੁਕਾਨਦਾਰ ਸਾਹਮਣੇ ਸ਼ਰਮ ਆ ਗਈ।

               ਪਰ ਦੁਕਾਨਦਾਰ ਸਮਝ ਗਿਆ। ਉਹ ਥੋੜਾ ਜਿਹਾ ਮੁਸਕਾਇਆ ਤੇ ਉਹਨੇ ਟੌਫੀਆਂ ਕੱਢ ਕੇ ਦੀਪਕ ਨੂੰ ਫੜਾਉਂਦਿਆਂ ਕਿਹਾ, ਕਿਉਂ ਬਈ ਸ਼ੇਰਾਂ, ਆਹੀ ਕਹਿੰਦਾ ਸੀ?

                ਹਾਂਜੀ! ਦੀਪਕ ਨੇ ਖੁਸ਼ੀ ਵਿੱਚ ਉੱਛਲਦਿਆਂ ਕਿਹਾ।

               ਦੇਖੋ ਦਾਦੀ ਜੀ, ਆਹ ਕਹਿੰਦਾ ਸੀ ਮੈਂ। ਦੀਪਕ ਨੇ ਬਿਸ਼ਨੀ ਨੂੰ ਟੌਫੀ ਦਿਖਾਈ।

              ਬਿਸ਼ਨੀ ਨੇ ਟੌਫੀ ਤੇ ਨਜ਼ਰ ਮਾਰੀ ਤਾਂ ਸੱਚਮੁੱਚ ਹੀ ਇਸ ਤੇ ਇੱਕ ਭੱਦੀ ਜਿਹੀ ਆਕ੍ਰਿਤੀ ਬਣੀ ਹੋਈ ਸੀ। ਉਹ ਦੁਕਾਨਦਾਰ ਨੂੰ ਪੈਸੇ ਦੇ ਕੇ ਬਾਹਰ ਨਿੱਕਲ਼ ਆਈ।

                ਉਹ ਮਨ ਵਿੱਚ ਸੋਚਣ ਲੱਗੀ ਕਿ ਇਹਨਾਂ ਪੈਸੇ ਦੇ ਵਪਾਰੀਆਂ ਨੇ ਬੱਚਿਆਂ ਦੀਆਂ ਚੀਜ਼ਾਂ ਵੀ ਨਹੀਂ ਛੱਡੀਆਂ। ਭਲਾ ਇਸ ਤਸਵੀਰ ਨੂੰ ਦੇਖ ਕੇ ਕੀ ਸਿੱਖਣਗੇ ਸਾਡੇ ਬੱਚੇ? ਸੋਚਦਿਆਂ ਹੋਇਆਂ ਬਿਸ਼ਨੀ ਨੇ ਦੀਪਕ ਦੇ ਹੱਥੋਂ ਟੌਫੀਆਂ ਖੋਹ ਕੇ ਪੈਰਾਂ ਹੇਠ ਮਧੋਲ਼ ਦਿੱਤੀਆਂ ਤੇ ਕਿਹਾ, ਇਹ ਨੀਂ ਖਾਈਦੀਆਂ ਪੁੱਤ, ਇਹ ਗੰਦੀਆਂ ਹੁੰਦੀਆਂ।

             ਦੀਪਕ ਹੱਕਾ-ਬੱਕਾ ਬਿਸ਼ਨੀ ਦੇ ਮੂੰਹ ਵੱਲ ਦੇਖਦਾ ਰਹਿ ਗਿਆ।

 

ਮਨਜੀਤ ਕੌਰ ਧੀਮਾਨ,                                                     ਸ਼ੇਰਪੁਰ, ਲੁਧਿਆਣਾ।                                ਸੰ:9464633059

 ਅਨਮੋਲ ਮੋਤੀ  (ਮਿੰਨੀ ਕਹਾਣੀ ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

                                                           "ਰਾਜ,ਰਾਜ… ਤੈਨੂੰ ਇੱਕ ਗੱਲ ਪੁੱਛਾਂ?" ਮੀਨੂੰ ਨੇ ਡਰਦਿਆਂ ਡਰਦਿਆਂ ਕਿਹਾ। 

"ਹਾਂ, ਕਿਉਂ ਨਹੀਂ?" ਰਾਜ ਇੱਕ ਟੱਕ ਉਸ ਨੂੰ ਵੇਖਣ ਲੱਗਾ।

"ਰਾਜ…. ਤੂੰ ਉਸ ਦਿਨ…. ਕਿਹਾ ਸੀ ਨਾ….ਕਿ…. ਮੈਂ ਤੈਨੂੰ ਬੇਹੱਦ…. ਪਿਆਰ ਕਰਦਾ ਵਾਂ।" ਮੀਨੂੰ ਅਟਕ ਅਟਕ ਕੇ ਮਸਾਂ ਹੀ ਬੋਲ ਪਾਈ।

"ਹਾਂ, ਤੇ ਮੈਂ ਕਿਹੜਾ ਕੁੱਝ ਗਲਤ ਕਿਹਾ ਸੀ।"

              "ਪਰ.... ਤੈਨੂੰ ਪਤੈ.....। ..... ਜਦੋਂ ਮੈਂ ਆਪਣੀਆਂ ਸਹੇਲੀਆਂ ਨੂੰ ਇਸ ਬਾਰੇ ਦੱਸਿਆ  ਤਾਂ ਉਹ ਹੱਸਣ ਲੱਗੀਆਂ ਤੇ ਕਹਿੰਦੀਆ, " ਇਮਪੋਸੀਬਲ,  ਤੇਰੇ ਵਰਗੀ ਦਾਗੋ -ਦਾਗ ਚਿਹਰੇ ਵਾਲੀ ਕਰੂਪ ਲੜਕੀ ਨਾਲ ਕੋਈ ਪਿਆਰ......ਕਰ....ਕਰ ਹੀ ਨਹੀਂ ਸਕਦਾ .....।" ਕਹਿੰਦੇ -ਕਹਿੰਦੇ ਮੀਨੁ ਦਾ ਗੱਚ ਭਰ ਆਇਆ ਤੇ ਉਹ ਅੰਤਿਮ ਵਾਕ ਮਸਾਂ ਹੀ ਬੋਲ ਸਕੀ।

          "ਝੱਲੀ,ਝੱਲੀ ਏ ਤੂੰ ਤਾਂ । ਤੈਨੂੰ ਜਿਨ੍ਹਾਂ ਕੁੜੀਆਂ ਨੇ ਕਿਹੈ  ਉਹ ਜਰੂਰ ਫੈਸ਼ਨਪ੍ਰਸਤ ਹੋਣਗੀਆਂ । ਹੈ ਨਾ?"

  "ਹਾਂ.......ਪਰ ਤੈਨੂੰ ਕਿਵੇਂ.....ਕਿਵੇਂ ...?"

           "ਕਿਉਂਕਿ ਅਜਿਹੇ ਲੋਕ ਸਿਰਫ ਤਨ ਨੂੰ ਹੀ ਸ਼ਿੰਗਾਰਨਾ ਜਾਣਦੇ ਹਨ । ਮਨ ਨੂੰ ਨਹੀਂ। ਇੱਕ ਸੱਚਾ ਤੇ ਸੁੰਦਰ ਮਨ ਤੇਰੇ ਕੋਲ ਹੈ , ਸਿਰਫ ਤੇਰੇ ਕੋਲ । ਤੇ ਮੈਨੂੰ ਇਸ ਮਨ ਨਾਲ ਬੇਹੱਦ ਪਿਆਰ ਹੈ। ਸਿਰਫ ਪਿਆਰ ਹੀ ਨਹੀਂ ਨਾਜ਼ ਹੈ ਮੈਨੂੰ ਇਸ ਮਨ ਤੇ।" 

        ਕਹਿੰਦੇ- ਕਹਿੰਦੇ ਰਾਜ ਭਾਵੁਕ ਹੋ ਉਠਿਆ। ਤੇ ਸਹਿਜ ਸੁਭਾਅ ਹੀ ਉਸਦੇ ਹੰਝੂ ਛਲਕ ਕੇ ਉਸਦੀਆਂ ਗੱਲ੍ਹਾਂ ਤੇ ਉੱਤਰ ਆਏ। 

        ਮੀਨੂੰ ਜੋ ਕਾਫੀ ਚਿਰ ਤੋਂ ਇੱਕ ਟੱਕ ਰਾਜ ਨੂੰ ਦੇਖ ਰਹੀ ਸੀ , ਨੂੰ ਇਹ ਹੰਝੂ ਪਿਆਰ ਦੇ ਅਨਮੋਲ ਮੋਤੀ ਜਾਪੇ। ਜੋ ਖੁਦਾ ਨੇ ਖੁਦ ਉਸਨੂੰ ਤੋਹਫੇ ਵਜੋਂ ਦਿੱਤੇ ਹੋਣ।

ਲੇਖਿਕਾ ਮਨਪ੍ਰੀਤ ਕੌਰ ਭਾਟੀਆ,

 ਐਮ. ਏ, ਬੀ .ਐੱਡ।

ਫ਼ਿਰੋਜ਼ਪੁਰ ਸ਼ਹਿਰ।

ਮੁੱਖਮੰਤਰੀ ਭਗਵੰਤ ਮਾਨ ਨੇ ਸਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਕੀਤੇ ਸ਼ਰਧਾ ਦੇ ਫੁੱਲ ਅਰਪਿਤ

ਮੁਖ ਮੰਤਰੀ ਭਗਵੰਤ ਸਿੰਘ ਮਾਨ ਬਰਨਾਲਾ ਜਿਲੇ ਦੇ ਪਿੰਡ ਠੀਕਰੀਵਾਲਾ ਤੋ ਲਾਈਵ 

ਰਵੀ ਸਿੰਘ ਖ਼ਾਲਸਾ "ਖਾਲਸਾ ਏਡ" ਹੋਏ ਲਾਈਵ ਅਤੇ ਵਰੋਧਿਆ ਨੂੰ ਕੀਤਾ ਚੈਲਜ

ਆਓ ਕਰੀਏ ਪੰਜਾਬ ਲਈ ਕੰਮ 

ਅਮਨਜੀਤ ਸਿੰਘ ਖਹਿਰਾ ਦੀ ਰਿਪੋਰਟ

ਕਰੇ ਕਰਾਵੇ ਆਪੇ ਆਪ  ( ਹੱਡਬੀਤੀ) ✍️ ਸੁਖਵਿੰਦਰ ਕੌਰ ਫਰੀਦਕੋਟ

ਗੱਲ ਬਹੁਤ ਪੁਰਾਣੀ ਹੈ ਮੈਂ ਉਸ ਸਮੇਂ ਨੌਵੀਂ-ਦਸਵੀਂ ਵਿੱਚ ਪੜਦੀ ਸੀ। ਮੈਂ ਤੇ ਮੇਰੀ ਭੈਣ ਦੀਪ ਬਜਾਰ ਤੋ ਵਾਪਸ ਆ  ਰਹੀਆ ਸੀ। ਰੇਲਵੇ ਲਾਇਨਾਂ ਪਾਰ ਕਰਦਿਆ ਮੁਲਤਾਨੀਆ ਪੁੱਲ ਦੇ ਹੇਠਾਂ ਦੀ ਲਾਇਨਾਂ ਟੱਪਣ ਵੇਲੇ ਇੱਕ ਮੁਸਾਫਰ ਗੱਡੀ ਬੜੀ ਤੇਜੀ ਨਾਲ ਲੰਘ ਰਹੀ ਸੀ। ਸਾਰੇ ਲੋਕ ਗੱਡੀ ਲੰਘਣ ਦਾ ਇੰਤਜਾਰ ਕਰਦਿਆ ਖੜ੍ਹੇ ਸਨ। ਇੰਨੇ ਵਿੱਚ ਇੱਕ ਗਾਂ ਤੇਜੀ ਨਾਲ ਉੱਥੇ ਆਈ ਤੇ ਭੀੜ ਨੂੰ ਚੀਰਦਿਆਂ ਰੇਲ ਗੱਡੀ ਵੱਲ ਤੇਜੀ ਨਾਲ ਵੱਧ ਰਹੀ ਸੀ। ਉੱਥੇ ਖੜ੍ਹੇ ਸਭ ਲੋਕਾਂ ਨੂੰ ਲੱਗ ਰਿਹਾ ਸੀ ਕਿ ਖਾਲੀ ਹੱਥ ਖੜੇ ਗਾਂ ਨੂੰ ਉਧਰ ਵੱਲ ਜਾਂਦਿਆ ਕਿਵੇਂ ਰੋਕਿਆ ਜਾਵੇ। ਹਰ ਖੜੇ ਇਨਸਾਨ ਦੇ ਮੱਥੇ ਗਾਂ ਤੋਂ ਡਰਦਿਆ ਤੇ ਉਸਦੇ ਰੇਲ ਦੇ ਥੱਲੇ ਆਉਣ ਦੀ ਚਿੰਤਾ ਸਾਫ ਦਿਖਾਈ ਦੇ ਰਹੀ ਸੀ। ਉਸ ਸਮੇਂ ਮੇਰੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਮੈਂ ਹੱਥ ਵਿੱਚ ਫੜੀ ਦਰਜ਼ਨ ਕੇਲਿਆਂ ਵਿਚੋਂ ਇੱਕ-ਇੱਕ ਕੇਲਾ ਤੋੜ ਕੇ ਉਸ ਗਾਂ ਨੂੰ  ਖੁਆਉਣਾ ਸ਼ੁਰੂ ਕੀਤਾ। ਰੇਲ ਗੱਡੀ ਲੰਘਦਿਆਂ ਲੰਘਦਿਆਂ ਮੈ ਗਾਂ ਨੂੰ ਵਾਰੀ-ਵਾਰੀ ਪੰਜ ਕੇਲੇ ਖੁਆ ਦਿੱਤੇ। ਇਸ ਤਰਾਂ ਮੈਨੂੰ ਕਰਦਿਆ ਆਪ ਵੀ ਨਹੀਂ ਪਤਾ ਲੱਗਿਆ ਕਿ ਇਹ ਕੰਮ ਮੈਂ ਉਸ ਸਮੇਂ ਕਿਵੇਂ ਕਰ ਲਿਆ? ਜਿਸ ਗਾਂ ਤੋਂ ਮੈਂ ਬਹੁਤ ਡਰ ਰਹੀ ਸੀ ਤੇ ਉੱਥੇ ਖੜੀ ਸਾਰੀ ਭੀੜ ਨਾਲੇ ਡਰ ਰਹੀ ਸੀ ਤੇ ਇਹ ਸੋਚ ਰਹੀ ਸੀ ਕਿ ਗਾਂ ਹੁਣੇ ਹੀ ਗੱਡੀ ਥੱਲੇ ਸਿਰ ਦੇ ਲਹੂ ਲੁਹਾਨ ਹੋ ਜਾਵੇਗੀ ਪਰ ਬੇਬਸ ਸੀ।ਰੇਲ ਗੱਡੀ ਲੰਘਣ ਬਆਦ ਗਾਂ ਨੂੰ ਸਲਾਮਤ ਦੇਖ ਸਭ ਹੈਰਾਨ ਵੀ ਸਨ ਤੇ ਖੁਸ਼ ਵੀ ।ਸਾਰੇ ਮੇਰੇ ਵਲ ਮਾਣ ਨਾਲ ਦੇਖ ਰਹੇ ਸਨ,

 ਕਈ ਵਾਰ ਜਿੰਦਗੀ ਵਿੱਚ ਕੁੱਝ ਘਟਨਾਵਾਂ ਬੜੀ ਤੇਜੀ ਨਾਲ ਵਾਪਰ ਜਾਂਦੀਆਂ ਹਨ ਉਹਨਾਂ ਬਾਰੇ ਸਾਨੂੰ ਕਦੇ ਕਿਸੇ ਨੇ ਸਿਖਲਾਈ ਨਹੀਂ ਦਿੱਤੀ ਹੁੰਦੀ ਨਾ ਹੀ ਕਦੇ ਅਸੀਂ ਅਜਿਹਾ ਕਰਨ ਬਾਰੇ ਸੋਚਦੇ ਹਾਂ। ਪਰ ਕੁਦਰਤ ਆਪ ਹੀ ਇਹੋ ਜਿਹੇ ਕੰਮ ਸਾਡੇ ਕੋਲੋ ਕਰਵਾ ਲੈਂਦੀ ਹੈ।     2019 ਇਸੇ ਤਰਾਂ ਦੀ ਇੱਕ ਹੋਰ ਘਟਨਾ ਮੇਰੀ ਜਿੰਦਗੀ ਵਿੱਚ ਵਾਪਰੀ, ਮੈਂ ਠੰਡੀ ਸੜਕ ਰਾਹੀ ਬਸ ਸਟੈਂਡ ਜਾ ਰਹੀ ਸੀ, ਜਿੱਥੇ ਬਰਨਾਲੇ ਜਾਣ ਲਈ ਮੇਰੀ ਭੈਣ ਚਰਨਜੀਤ ਕੋਟਕਪੂਰੇ ਤੋਂ ਆ ਕੇ ਮੇਰਾ ਇੰਤਜਾਰ ਕਰ ਰਹੀ ਸੀ। ਰਸਤੇ ਵਿੱਚ ਇੱਕ ਕਾਰ, ਇੱਕ ਮੋਟਰ ਸਾਇਕਲ ਦੇ ਵਿੱਚ ਵੱਜੀ ਉਹ ਆਦਮੀ ਤੇ ਉਸਦਾ ਬੈਗ ਸੜਕ ਤੇ ਡਿੱਗ ਪਿਆ। ਮੈਂ ਆਪਣੀ ਐਕਟਿਵਾ ਜਿਸ ਦੇ ਅੱਗੇ ਮੇਰਾ ਪਰਸ ਵੀ ਪਿਆ ਸੀ, ਸੜਕ ਦੇ ਕਿਨਾਰੇ ਸਟਾਰਟ ਹੀ ਖੜੀ ਛਡਦਿਆ। ਉਸ ਆਦਮੀ ਵੱਲ ਵਧੀ ਜੋ ਡਿੱਗ ਚੁੱਕਿਆ ਸੀ, ਮੈਂ ਹਮਦਰਦੀ ਜਾਹਿਰ ਕਰਦਿਆ ਪੁੱਛ ਰਹੀ ਸੀ ਵੀਰ ਜੀ ਕਿਤੇ ਸੱਟ ਤਾਂ ਨਹੀਂ ਵੱਜੀ, ਉਨ੍ਹਾ ਮੇਰੀ ਗੱਲ ਸੁਣੇ ਬਿਨ੍ਹਾਂ ਗਾਲਾਂ ਕੱਢਦਿਆ ਸੜਕ ਤੇ ਪਈ ਅੱਧੀ ਇੱਟ ਚੁੱਕੀ ਅਤੇ ਕਾਰ ਵਾਲੇ ਮਾਸੂਮ ਜਿਹੇ ਮੁੰਡਾ  ਦੇ   ਮਾਰਨ ਲੱਗਾ   ਜੋ ਥਰ-ਥਰ ਕੰਬਦਾ ਹੱਥ ਜੋੜਦਾ ਤਰਲੇ ਮਿੰਨਤਾ ਕਰ ਰਿਹਾ ਸੀ। ਪਰ ਉਹ ਸ਼ਖਸ ਹੱਥ ਵਿੱਚ ਇੱਟ ਫੜਾ ਕਾਰ ਤੇ ਜੋਰ-ਜੋਰ ਨਾਲ ਮਾਰਨ  ਹੀ ਲੱਗਿਆ  ਸੀ ,ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਉਸ ਸ਼ਖਸ ਦੀਆਂ ਦੋਨੇ ਬਾਹਵਾਂ ਫੜ ਉਸ ਦੇ ਅੱਗੇ ਹੋ ਉਸ ਲੜਕੇ ਲਈ ਜੋ ਕਾਰ ਵਿੱਚ ਬੈਠਾ ਮਿੰਨਤਾ ਕਰ ਰਿਹਾ ਸੀ, ਉਸ ਤੇ ਰਹਿਮ ਕਰਨ ਲਈ ਕਹਿ ਰਹੀ ਸੀ। ਮੈਂ ਇਸ ਤਰਾਂ ਮਿੰਨਤਾ ਕਰ ਰਹੀ ਸੀ, ਜਿਵੇਂ ਮੈਂ ਹੀ ਅਪਰਾਧੀ ਹੋਵਾਂ ਤੇ ਕਹਿ ਰਹੀ ਸੀ ਵੀਰ ਜੀ ਮੁਆਫ ਕਰ ਦੇਵੋ, ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ, ਨਾਂ ਵੀਰੇ  ਐਂਵੇ ਨਾ ਕਰੋ ਦੇਖ ਉਹ ਤੇਰੀਆਂ ਕਿਵੇਂ  ਮਿੰਨਤਾਂ ਕਰ ਰਿਹਾ ਹੈ  ਮੇਰੀਆ ਮਿੰਨਤਾ ਕਰਦਿਆ ਉੱਥੇ ਦੇਖਦਿਆ-ਦੇਖਦਿਆ ਕਾਫੀ ਇੱਕਠ ਹੋ ਗਿਆ। ਭੀੜ ਵਿੱਚ ਖੜੇ ਲੋਕ ਸਮਝ ਰਹੇ ਸਨ ਕਿ ਉਹ ਮੇਰੇ ਨਾਲ ਲੜ ਰਿਹਾ ਹੈ ਤੇ ਕਾਰ ਵਾਲਾ ਹਟਾ ਰਿਹਾ ਹੈ। ਮੈਂ ਉੱਥੇ ਖੜੀ ਭੀੜ ਨੂੰ ਕਿਹਾ ਇਹ ਮੇਰੇ ਨਾਲ ਨਹੀਂ ਲੜ ਰਿਹਾ,  ਕਾਰ ਵਾਲੇ ਨਾਲ ਲੜ ਰਿਹਾ, ਕਾਰ ਵਾਲੇ ਨੂੰ ਕੁੱਟ ਰਿਹਾ। ਤੁਸੀਂ ਵੀ ਇਹਨੂੰ ਕਹੋ ਉਸ ਗਲਤੀ ਮੰਨਦੇ ਇਨਸਾਨ ਨੂੰ ਮੁਆਫ ਕਰ ਦੇਵੇ।  ਮੇਰੀ ਗਲ ਸੁਣ ਉਂਥੇ  ਖੜੇ ਲੋਕ ਵੀ ਉਸ ਨੂੰ ਸਮਝਾਉਣ ਲਗੇ ਕਿ ਕੋਈ ਜਾਣਬੁੱਝ ਕੇ ਗਲਤੀ ਨਹੀ ਕਰਦਾ  ,ਜਦੋਂ ਮੈਨੂੰ ਉਸਦਾ ਗੁੱਸਾ ਸ਼ਾਂਤ ਹੁੰਦਾ ਦਿਸਿਆ ਤੇ ਲੱਗਾ ਹੁਣ  ਉਹ ਉਸ ਮੁੰਡੇ ਨੂੰ ਨਹੀ ਨਹੀਂ ਕੁੱਟਦਾ ਕਾਰ ਵਾਲੇ ਨੂੰ। ਫਿਰ ਜਾ ਕੇ ਆਪਣੀ ਐਕਟਿਵਾ ਜੋ ਬੰਦ ਵੀ ਨਹੀਂ ਸੀ ਕੀਤੀ ਸਟਾਰਟ ਖੜੀ ਸੀ ਤੇ ਉਸਤੇ ਅੱਗੇ ਪਰਸ ਪਿਆ ਸੀ, ਜੋ ਆਸਾਨੀ ਨਾਲ ਕੋਈ ਚੁੱਕ ਕੇ ਲੈ ਜਾ ਸਕਦਾ ਸੀ ਯਾਦ ਆਇਆ। ਮੈਨੂੰ ਬਾਅਦ ਵਿੱਚ ਆਪਣੀ ਇਸ ਮੂਰਖਤਾ ਤੇ ਹਾਸਾ ਵੀ ਆਇਆ ਤੇ ਮਾਣ ਵੀ ਮਹਿਸੂਸ ਹੋਇਆ ਕਿ ਮੈਂ ਕਾਰ ਵਾਲੇ ਮੁੰਡੇ ਨੂੰ ਕੁੱਟ ਤੋਂ ਬਚਾ ਲਿਆ ਹੈ, ਪਰ ਜਿਸ ਢੰਗ ਨਾਲ ਮੈਂ ਗੁੱਸੇ ਭਰੇ ਆਦਮੀ ਦੀਆਂ ਦੋਹੇਂ ਬਾਹਵਾਂ ਫੜ ਕੇ ਸੜਕ ਤੇ ਖੜੀ ਸੀ, ਉਸ ਸੀਨ ਨੂੰ ਯਾਦ ਕਰਦਿਆ ਬੜਾ ਹਾਸਾ ਆਉਂਦਾ ਹੈ। ਇਹ ਸਭ ਕੁਦਰਤ ਹੀ ਕਰਵਾ ਦਿੰਦੀ ਹੈ ਕੋਈ ਕਿਸੇ ਨੂੰ ਨਹੀਂ ਬਚਾ ਸਕਦਾ। ਮੈਂ ਸੁਭਾਅ ਵਜੋਂ ਸ਼ਾਤ ਤੇ ਡਰਾਕਲ ਹੀ ਹਾਂ, ਛੇਤੀ ਕਿਸੇ ਨਾਲ ਬਹਿਸ ਜਾ ਲੜਾਈ ਨਹੀਂ ਕਰਦੀ, ਜਿਥੋਂ ਤਕ ਹੋ ਸਕੇ  ਨਿਮਰਤਾ  ਨਾਲ ਚੱਲਦੀ ਹਾਂ, ਪਰ ਉਸ ਦਿਨ ਇਹ ਦਲੇਰੀ ਤੇ ਜੋਸ਼ ਕਿਥੋਂ ਆਇਆਂ ਪਤਾ ਨਹੀਂ,  ਕੁਝ ਕੰਮ ਪਰਮਾਤਮਾ ਆਪੇ ਹੀ ਕਰਵਾ ਲੈਂਦਾ ਹੈ ਇਨਸਾਨ ਉਸ ਦੇ ਹਥਾਂ ਵਿੱਚ ਕਠਪੁਤਲੀ ਵਾਗ ਹੈ ਜੇ ਪਰਮਾਤਮਾ ਚਾਹੇ ਪਿੰਗਲੇ ਵੀ ਪਰਬਤਾਂ ਉੱਤੇ ਚੜ ਜਾਂਦੇ ਹਨ, ਭਿਖਾਰੀ ਵੀ ਰਾਜ ਕਰ ਲੈਂਦੇ ਹਨ  ਜਿਵੇਂ ਗੁਰਬਾਣੀ ਵਿੱਚ ਕਹਿੰਦੇ ਹਨ ਕਰੇ ਕਰਾਵੇ ਆਪੇ ਆਪ ,ਮਾਨਸ ਕੇ ਕਿਛੁ ਨਾਂਹੀ ਹਾਥ            

 ਸੁਖਵਿੰਦਰ ਕੌਰ ਫਰੀਦਕੋਟ,8146933733,

17 ਸਾਲਾ ਸੁਖਮਨੀ ਬਰਾੜ ਵੱਲੋਂ ਲਿਖੀ ਅੰਗਰੇਜ਼ੀ ਕਾਵਿ-ਪੁਸਤਕ 'ਫਸਾਡ' ਰਿਲੀਜ਼

ਡੀ.ਸੀ. ਸੁਰਭੀ ਮਲਿਕ, ਸੀ.ਪੀ. ਮਨਦੀਪ ਸਿੰਘ ਸਿੱਧੂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀ.ਸੀ. ਡਾ.ਐਸ.ਪੀ. ਸਿੰਘ ਦੀ ਹਾਜ਼ਰੀ 'ਚ ਕੀਤੀ ਗਈ ਪੁਸਤਕ ਰਿਲੀਜ਼

ਲੁਧਿਆਣਾ, 19 ਜਨਵਰੀ (ਗੁਰਭਿੰਦਰ ਗੁਰੀ) 17 ਸਾਲਾ ਸੁਖਮਨੀ ਬਰਾੜ ਵੱਲੋਂ ਲਿਖੀ ਅੰਗਰੇਜ਼ੀ ਕਾਵਿ ਪੁਸਤਕ 'ਫਸਾਡ' ਨੂੰ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਐਸ.ਪੀ. ਸਿੰਘ ਅਤੇ ਉੱਘੇ ਪੰਜਾਬੀ ਕਵੀ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਸਥਾਨਕ ਸਰਕਟ ਹਾਊਸ ਵਿਖੇ ਰੀਲੀਜ ਕੀਤਾ ਗਿਆ। ਇਹ ਸੁਖਮਨੀ ਦੀ ਦੂਜੀ ਕਾਵਿ-ਪੁਸਤਕ ਹੈ,  ਪਹਿਲੀ ਪੁਸਤਕ ਦਾ ਸਿਰਲੇਖ 'ਲੌਸਟ ਇਨ ਦ ਨਾਈਟ ਸਕਾਈ' ਸੀ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਸੁਖਮਨੀ ਦੇ ਮਾਪਿਆਂ ਦੀ ਵੀ ਸ਼ਲਾਘਾ ਕੀਤੀ ਗਈ ਜਿਨ੍ਹਾਂ ਆਪਣੀ ਬੱਚੀ ਨੂੰ ਦੂਜੀ ਪੁਸਤਕ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਤਿ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਡੂੰਘੀ ਅਤੇ ਵਿਚਾਰਨ ਵਾਲੀ ਪੁਸਤਕ ਹੈ ਜੋ ਲੋਕਾਂ ਦੇ ਮਨਾਂ ਅੰਦਰ ਦੀਆਂ ਆਵਾਜ਼ਾਂ ਬਾਰੇ ਅਮਿੱਟ ਛਾਪ ਛੱਡੇਗੀ। ਸੁਰਭੀ ਮਲਿਕ ਨੇ ਸੁਖਮਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਯੁਗ ਵਿੱਚ ਇੱਕ ਅਦੁੱਤੀ ਕਿਤਾਬ ਲਿਖੀ ਹੈ ਅਤੇ ਉਮੀਦ ਕੀਤੀ ਕਿ ਉਹ ਨੌਜਵਾਨ ਪੀੜ੍ਹੀ ਨੂੰ ਸਾਹਿਤ ਵੱਲ ਪ੍ਰੇਰਿਤ ਕਰੇਗੀ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਹੋਰ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਸੁਖਮਨੀ ਬਰਾੜ ਨੂੰ ਦੂਜੀ ਪੁਸਤਕ ਲਿਖਣ ਲਈ ਵੀ ਵਧਾਈ ਦਿੱਤੀ।

ਡਾ.ਐਸ.ਪੀ.ਸਿੰਘ ਨੇ ਆਸ ਪ੍ਰਗਟਾਈ ਕਿ ਸੁਖਮਨੀ ਭਵਿੱਖ ਵਿੱਚ ਵੀ ਅਜਿਹੀਆਂ ਹੋਰ ਪੁਸਤਕਾਂ ਵਿੱਚ ਯੋਗਦਾਨ ਪਾਉਣਗੇ।

ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਸੁਖਮਨੀ ਦਾ ਪਰਿਵਾਰ ਮੂਲ ਰੂਪ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਆਪਣੇ ਵਿਚਾਰਾਂ ਨੂੰ ਇਸ ਸੁਚੱਜੇ ਅਤੇ ਸਿਰਜਣਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰ ਬੇਕਾਰ ਕੰਮਾਂ ਵਿੱਚ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ, ਉਸਨੇ ਇਸ ਕਿਤਾਬ ਨੂੰ ਲਿਖਣਾ ਚੁਣਿਆ।

ਸੁਖਮਨੀ ਨੇ ਇਸ ਪੁਸਤਕ ਲਈ ਉਸ ਨੂੰ ਪ੍ਰੇਰਿਤ ਕਰਨ ਲਈ ਆਪਣੇ ਪਿਤਾ, ਇੰਸਪੈਕਟਰ ਅਮਨਦੀਪ ਸਿੰਘ ਬਰਾੜ, ਮਾਤਾ ਹਰਪ੍ਰੀਤ ਕੌਰ ਬਰਾੜ ਅਤੇ ਵੱਡੀ ਭੈਣ ਨਾਨਕੀ ਬਰਾੜ ਦਾ ਵੀ ਧੰਨਵਾਦ ਕੀਤਾ।

ਸਿੱਖ ਇਤਿਹਾਸ ਦੇ ਪੱਤਰੇ 17 ਜਨਵਰੀ 1727

ਨਵਾਬ ਕਪੂਰ ਸਿੰਘ ਜੀ ਨੇ 18 ਜਨਵਰੀ 1727 ਨੂੰ ਸਿੱਖਾਂ ਦੇ ਰਾਜਨੀਤਿਕ ਮਾਮਲਿਆਂ ਦੀ ਜ਼ਿੰਮੇਵਾਰੀ ਸੰਭਾਲੀ

ਉਹ ਸਮਾ ਸਿੱਖਾਂ ਦੇ ਕਾਲਾ ਦੌਰ ਦਾ ਸੀ, ਮੁਗ਼ਲ ਗਵਰਨਰ ਜ਼ਕਰੀਆ ਖ਼ਾਨ ਦੀ ਸਿੱਖਾਂ ਨੂੰ ਖ਼ਤਮ ਕਰਨ ਦੀ ਨੀਤੀ ਨੇ ਸਿੱਖਾਂ ਨੂੰ ਪਹਾੜੀਆਂ ਅਤੇ ਜੰਗਲਾਂ ਵੱਲ ਜਾਣ ਲਈ ਮਜਬੂਰ ਕਰ ਦਿੱਤਾ ਸੀ।

ਪਰ ਇਸ ਸਭ ਨੂੰ ਬਹੁਤੀ ਦੇਰ ਨਹੀਂ ਲੱਗੀ।ਸਿੱਖਾਂ ਨੇ ਇੱਕ ਵਾਰ ਫਿਰ ਮੁੜ ਸੰਗਠਿਤ ਹੋਣਾ ਸ਼ੁਰੂ ਕਰ ਦਿੱਤਾ ਅਤੇ ਆਪਣੀਆਂ ਫੌਜਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਸਿੱਖ ਰਾਜਨੀਤੀ ਨੂੰ ਪੁਨਰਗਠਿਤ ਕਰਨ ਅਤੇ ਇਸ ਨੂੰ ਵਿਸ਼ੇਸ਼ ਇਕਾਈਆਂ ਵਿਚ ਸੰਸਥਾਗਤ/ਪਾਬੰਧ ਕਰਨ ਦਾ ਸਿਹਰਾ ਨਵਾਬ ਕਪੂਰ ਸਿੰਘ ਜੀ ਨੂੰ ਜਾਂਦਾ ਹੈ।
ਆਪ ਜੀ ਨੇ ਮਹਿਸੂਸ ਕੀਤਾ ਕਿ ਲੜਾਈ ਵਿੱਚ ਸਿੱਖਾਂ ਲਈ ਇਕਤ੍ਰਿਤ ਹੋਣਾ ਬਹੁਤ ਜ਼ਰੂਰੀ ਸੀ। ਸਿੱਟੇ ਵਜੋਂ ਉਹਨਾਂ ਨੇ ਖਾਲਸੇ ਨੂੰ ਦੋ ਧੜਿਆਂ ਵਿੱਚ ਵੰਡਿਆ:-
ਇਕ, ਤਰੁਣਾ ਦਲ ਦਾ ਨਾਮ ਹਥਿਆਰਬੰਦ ਬਲਾਂ ਅਤੇ ਲੜਾਕੂ ਫੌਜਾਂ ਲਈ ਰੱਖਿਆ ਗਿਆ ਸੀ। ਇਸ ਵਿੱਚ ਜਿਆਦਾਤਰ ਚਾਲੀ ਸਾਲ ਤੋਂ ਘੱਟ ਉਮਰ ਦੇ ਸਿੱਖ ਯੋਧੇ ਲਏ ਗਏ ਸਨ।
ਦੂਜੇ, ਸੇਵਾ ਦਲ ਨੂੰ ਬੁੱਢਾ ਦਲ ਕਿਹਾ ਜਾਂਦਾ ਸੀ। ਉੱਥੇ ਪੰਜਾਹ ਸਾਲ ਤੋਂ ਵੱਧ ਉਮਰ ਦੇ ਸਿੱਖਾਂ ਨੂੰ ਲਿਆ ਜਾਂਦਾ ਸੀ।ਲੜਾਕੂ ਫੌਜਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਤੋਂ ਇਲਾਵਾ, ਬੁੱਢਾ ਦਲ ਦੇ ਫਰਜ਼ਾਂ ਵਿੱਚ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ, ਬਿਮਾਰ ਅਤੇ ਲੋੜਵੰਦਾਂ ਨੂੰ ਆਰਾਮ ਦੀ ਵਿਵਸਥਾ ਅਤੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨਾ ਸ਼ਾਮਲ ਸੀ।
ਭਾਰੀ ਸਹਿਮਤੀ ਦੇ ਨਾਲ ਸਿੰਘ ਦੋਵੇਂ ਦਲਾਂ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ। ਨਵਾਬ ਕਪੂਰ ਸਿੰਘ ਜੀ ਨੇ ਇਨ੍ਹਾਂ ਨੂੰ ਪੰਜ ਜਥਿਆਂ ਵਿਚ ਵੰਡਿਆ ਅਤੇ ਸਮੇਂ ਦੇ ਬੀਤਣ ਨਾਲ ਇਨ੍ਹਾਂ ਨੇ ਬਾਰਾਂ ਮਿਸਲਾਂ ਦਾ ਰੂਪ ਧਾਰਨ ਕਰ ਲਿਆ।
ਸ਼ੁਰੂ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਹਨਾਂ ਮਿਸਲਾਂ ਦੇ ਸਮੁੱਚੇ ਕਮਾਂਡਰ ਸਨ। ਹਰ ਮਿਸਲ ਨੂੰ ਵੱਖ-ਵੱਖ ਕੰਮ ਸੌਂਪੇ ਗਏ ਸਨ।
 
ਸਰਦਾਰ ਕਰੋੜਾ ਸਿੰਘ ਮਿਸਲ ਦੇ ਕਮਾਂਡਰ ਸਨ ਜਿਨਾ ਨੂੰ ਓਹਨਾ ਦੇ ਨਾਮ ਤੇ ਕਰੋੜ ਸਿੰਘੀਆ ਕਿਹਾ ਜਾਂਦਾ ਸੀ। ਇਸ ਮਿਸਲ ਦੀ ਕਮਾਨ ਸਰਦਾਰ ਕਰੋੜ ਸਿੰਘ ਦੇ ਅਕਾਲ ਚਲਾਣੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਸਰਦਾਰ ਬਘੇਲ ਸਿੰਘ ਨੇ ਸੰਭਾਲੀ।

ਸਹਾਰਨਪੁਰ ਦੇ ਲੋਕਾਂ ਨਾਲ ਜਾਗੀਰਦਾਰ ਨਜੀਬ-ਉ-ਦੌਲਾ ਦੁਆਰਾ ਬਦਸਲੂਕੀ ਕੀਤੀ ਗਈ ਸੀ। ਸਰਦਾਰ ਬਘੇਲ ਸਿੰਘ ਨੇ ਮਿਸਲ ਦੀ ਆਪਣੀ ਕਮਾਂਡ ਦੇ ਪਹਿਲੇ ਮੁਕਾਬਲੇ ਵਿੱਚ ਉਸਨੂੰ ਕਰਾਰੀ ਹਾਰ ਦਿੱਤੀ। ਇਕ ਤੋਂ ਬਾਅਦ ਇਕ ਸਰਦਾਰ ਬਘੇਲ ਸਿੰਘ ਜੀ ਨੇ ਬੇਈਮਾਨ ਸ਼ਾਸਕਾਂ ਨਾਲ ਅਜਿਹੇ 17 ਟਕਰਾਅ ਕੀਤੇ।

ਜਲਾਲਾਬਾਦ ਦੇ ਮੁਸਲਮਾਨ ਹਾਕਮ ਮੀਰ ਹਸਨ ਖ਼ਾਨ ਨੇ ਇੱਕ ਬ੍ਰਾਹਮਣ ਦੀ ਧੀ ਨੂੰ ਜ਼ਬਰਦਸਤੀ ਅਗਵਾ ਕਰਕੇ ਆਪਣੇ ਹਰਮ ਵਿੱਚ ਲੈ ਲਿਆ ਸੀ।ਸਰਦਾਰ ਬਘੇਲ ਸਿੰਘ ਦੀ ਕਮਾਨ ਹੇਠ ਸਿੰਘਾਂ ਨੇ ਜਮਨਾ ਪਾਰ ਕੀਤਾ, ਸਰਦਾਰ ਮੀਰ ਹਸਨ ਖਾਨ ਨੂੰ ਮਾਰ ਦਿੱਤਾ ਅਤੇ ਲੜਕੀ ਨੂੰ ਆਜ਼ਾਦ ਕਰਵਾਇਆ।
ਲੜਕੀ ਨੂੰ ਰਸਮੀ ਤੌਰ 'ਤੇ ਮਾਪਿਆਂ ਕੋਲ ਵਾਪਸ ਕਰ ਦਿੱਤਾ ਗਿਆ ਸੀ, ਪਰ ਉਸ ਦੇ ਮਾਪਿਆਂ ਅਤੇ ਹਿੰਦੂ ਭਾਈਚਾਰੇ ਨੇ ਇਸ ਬਹਾਨੇ ਉਸ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਸਲਾਮੀ ਮਾਹੌਲ ਵਿਚ ਰਹਿ ਕੇ ਪਲੀਤ ਹੋ ਗਈ ਸੀ।
ਸਿੰਘਾਂ ਨੇ ਫਿਰ ਉਸ ਨੂੰ 'ਖਾਲਸੇ ਦੀ ਧੀ' ਦਾ ਖਿਤਾਬ ਦਿੱਤਾ ਅਤੇ ਬ੍ਰਾਹਮਣਾਂ ਨੂੰ ਚਿਤਾਵਨੀ ਦਿੱਤੀ ਕਿ:
ਕਿਸੇ ਵੀ ਜਮਾਤੀ ਜ਼ਮੀਰ ਵਾਲੇ ਵਿਅਕਤੀ ਦੀ ਸਾਰੀ ਜਾਇਦਾਦ, ਜੋ ਲੜਕੀ ਨਾਲ ਬੇਇੱਜ਼ਤੀ ਵਾਲਾ ਸਲੂਕ ਕਰਦਾ ਹੈ, ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਲੜਕੀ ਨੂੰ ਖ਼ਾਲਸਾ ਪੰਥ ਚ ਲੈ ਲਿਆ ਜਾਵੇਗਾ।

ਸਰਦਾਰ ਬਘੇਲ ਸਿੰਘ ਦੀ ਫ਼ੌਜ ਨੇ ਪਹਿਲੀ ਵਾਰ 18 ਜਨਵਰੀ 1774 ਨੂੰ ਦਿੱਲੀ ਉੱਤੇ ਹਮਲਾ ਕੀਤਾ ਅਤੇ ਸ਼ਾਹਦਰਾ ਤੱਕ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ।
ਜੁਲਾਈ 1775 ਨੂੰ ਹੋਏ ਦੂਜੇ ਹਮਲੇ ਵਿਚ, ਉਨ੍ਹਾਂ ਨੇ ਪਹਾੜ ਗੰਜ ਅਤੇ ਜੈ ਸਿੰਘ ਪੁਰਾ ਦੇ ਖੇਤਰ 'ਤੇ ਕਬਜ਼ਾ ਕਰ ਲਿਆ। ਇਹ ਲੜਾਈ ਉਸ ਸਥਾਨ 'ਤੇ ਲੜੀ ਗਈ ਸੀ ਜਿੱਥੇ ਮੌਜੂਦਾ ਨਵੀਂ ਦਿੱਲੀ ਸਥਿਤ ਹੈ। ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਹੈ,ਉਸ ਥਾਂ 'ਤੇ ਬਣੀ ਮਸਜਿਦ, ਨੂੰ ਢਾਹ ਦਿੱਤਾ ਗਿਆ।
ਪਰ ਖਾਲਸਾ ਫੌਜ ਨੂੰ ਜੀਵਨ ਨਿਰਬਾਹ ਲਈ ਸਪਲਾਈ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਿਆ ਜੋ ਅਤੇ ਆਪਣੀ ਮਰਜ਼ੀ ਨਾਲ ਪਿੱਛੇ ਹਟ ਗਈ।
ਸਿੰਘਾਂ ਨੇ ਸਮੇਂ-ਸਮੇਂ 'ਤੇ ਆਪਣੇ ਹਮਲੇ ਜਾਰੀ ਰੱਖੇ, ਜਿਸ ਕਾਰਨ ਮੁਗਲ ਬਾਦਸ਼ਾਹ, ਬਹਾਦਰ ਸ਼ਾਹ ਨੇ ਸਿੰਘਾਂ ਨੂੰ ਗੰਗਾ ਅਤੇ ਜਮਨਾ ਨਦੀਆਂ ਦੇ ਵਿਚਕਾਰਲੇ ਖੇਤਰ ਤੋਂ ਇਕੱਠੇ ਕੀਤੇ ਮਾਲੀਏ ਦਾ ਅੱਠਵਾਂ ਹਿੱਸਾ ਦੇਣਾ ਮੰਨ ਲਿਆ।

1783 ਵਿੱਚ ਮਰਾਠਿਆਂ ਨੇ ਦਿੱਲੀ ਛੱਡ ਦਿੱਤੀ। ਮੁਗਲ ਸ਼ਾਸਕਾਂ ਨੇ ਤਰੱਕੀ ਕਰ ਰਹੀ ਅੰਗਰੇਜ਼ੀ ਸੱਤਾ ਤੋਂ ਪੈਦਾ ਹੋਣ ਵਾਲੇ ਖ਼ਤਰੇ ਨੂੰ ਭਾਂਪ ਲਿਆ ਸੀ। ਅੰਗਰੇਜ਼ਾਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਕਰਨ ਲਈ, ਮੁਗਲ ਬਾਦਸ਼ਾਹ ਸ਼ਾਹ ਆਲਮ ਨੇ ਸਿੰਘਾਂ ਨੂੰ ਵਾਪਸ ਆਉਣ ਦੀ ਕਾਮਨਾ ਕੀਤੀ।
ਸਥਿਤੀ ਦਾ ਫਾਇਦਾ ਉਠਾਉਂਦੇ ਹੋਏ, ਤੀਹ ਹਜ਼ਾਰ ਸਿੱਖਾਂ ਨੇ ਕਸ਼ਮੀਰੀ ਗੇਟ ਦੇ ਸਥਾਨ 'ਤੇ ਆ ਕੇ ਡੇਰੇ ਲਾ ਲਏ।
ਉਨ੍ਹਾਂ ਨੇ ਦੋ ਪੱਖੀ ਹਮਲੇ ਦੀ ਯੋਜਨਾ ਬਣਾਈ। ਇੱਕ ਹਿੱਸੇ ਨੇ ਅਜਮੇਰੀ ਗੇਟ 'ਤੇ ਹਮਲਾ ਕੀਤਾ ਅਤੇ ਦੂਜੇ ਨੇ ਲਾਲ ਕਿਲ੍ਹੇ ਦੀ ਕੰਧ ਨੂੰ ਤੋੜਿਆ ਅਤੇ ਉਸ ਜਗ੍ਹਾ ਵਿੱਚ ਦਾਖਲ ਹੋ ਗਿਆ, ਜਿਸ ਨੂੰ ਹੁਣ ਮੋਰੀ ਗੇਟ ਵਜੋਂ ਜਾਣਿਆ ਜਾਂਦਾ ਹੈ।
ਭਿਆਨਕ ਲੜਾਈ ਤੋਂ ਬਾਅਦ ਸਿੰਘਾਂ ਨੇ ਲਾਲ ਕਿਲ੍ਹੇ 'ਤੇ ਕਬਜ਼ਾ ਕਰ ਲਿਆ, ਕੇਸਰੀ ਝੰਡਾ ਲਹਿਰਾਇਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਮੇਤ ਪੰਜ ਪਿਆਰਿਆਂ ਨੂੰ ਦਿੱਲੀ ਦੀ ਗੱਦੀ 'ਤੇ ਬਿਠਾਇਆ।

ਸ਼ਾਹ ਆਲਮ ਨੇ ਆਪਣੇ ਮੰਤਰੀਆਂ, ਦਰਬਾਰੀ ਮੁਨਸ਼ੀ ਰਾਮ ਦਿਆਲ ਅਤੇ ਬੇਗ਼ਮ (ਰਾਣੀ) ਸਮੂਰ ਦੀ ਅਗਵਾਈ ਵਿਚ ਸਿੰਘਾਂ ਨਾਲ ਸੁਲ੍ਹਾ ਕਰਨ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਦੀਆਂ ਚਾਰ ਸ਼ਰਤਾਂ ਮੰਨ ਲਈਆਂ:

ਕੋਈ ਵੀ ਮੁਗ਼ਲ ਅਧਿਕਾਰੀ ਜਨਤਾ ਉੱਤੇ ਅੱਤਿਆਚਾਰ ਨਹੀਂ ਕਰੇਗਾ।
ਮੁਗ਼ਲ ਬਾਦਸ਼ਾਹ ਤਿੰਨ ਲੱਖ ਰੁਪਏ ਤੋਹਫ਼ੇ ਵਜੋਂ ਦੇਵੇਗਾ।
ਕੋਤਵਾਲੀ ਇਲਾਕਾ ਖਾਲਸਾ ਫੌਜ ਦੀ ਜਾਇਦਾਦ ਰਹੇਗਾ।
ਸਰਦਾਰ ਬਘੇਲ ਸਿੰਘ ਦਿੱਲੀ ਵਿਚ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਸਿੱਖ ਸਥਾਨਾਂ ਦਾ ਪਤਾ ਲਗਾਉਣਗੇ, ਅਤੇ ਉਥੇ ਸਿੱਖ ਗੁਰਦਵਾਰਿਆਂ ਦੀ ਸਥਾਪਨਾ ਕਰਨਗੇ।
ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੋ ਜਾਂਦਾ, ਉਹ 4,000 ਘੋੜਿਆਂ ਦੀ ਫੌਜ਼ ਨਾਲ ਦਿੱਲੀ ਵਿੱਚ ਰਹੇਗਾ। ਉਨ੍ਹਾਂ ਦਾ ਸਾਰਾ ਖਰਚਾ ਦਿੱਲੀ ਦਾ ਸ਼ਾਸਕ ਉਠਾਏਗਾ। ਸਿੱਟੇ ਵਜੋਂ ਬਾਕੀ ਖਾਲਸਾ ਫੌਜ ਵਾਪਸ ਪਰਤ ਗਈ।

ਸਰਦਾਰ ਬਘੇਲ ਸਿੰਘ ਨੇ ਸਿੱਖ ਗੁਰਦਵਾਰਿਆਂ ਦੀ ਖੋਜ ਅਤੇ ਉਸਾਰੀ ਲਈ ਵਿੱਤ ਦੇਣ ਲਈ ਸ਼ਹਿਰ ਵਿੱਚ ਆਯਾਤ ਕੀਤੇ ਮਾਲ 'ਤੇ ਟੈਕਸ ਇਕੱਠਾ ਕਰਨ ਲਈ ਸਬਜ਼ੀ ਮੰਡੀ ਦੇ ਨੇੜੇ ਇੱਕ ਚੌਕੀ ਦੀ ਸਥਾਪਨਾ ਕੀਤੀ। ਉਹ ਇਸ ਕੰਮ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਪ੍ਰਾਪਤ ਹੋਈ ਨਕਦੀ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਸਨ, ਅਤੇ ਉਸ ਵਿੱਚੋਂ ਬਹੁਤਾ ਲੋੜਵੰਦਾਂ ਅਤੇ ਗਰੀਬਾਂ ਨੂੰ ਸੌਂਪ ਦਿੱਤਾ ਜਾਂਦਾ ਸੀ। ਉਹ ਅਕਸਰ ਇਸ ਸਰਕਾਰੀ ਤੋਹਫ਼ੇ ਵਿੱਚੋਂ ਖਰੀਦੀ ਮਿਠਾਈ, ਸੰਗਤਾਂ ਨੂੰ ਉਸ ਸਥਾਨ 'ਤੇ ਵੰਡਦੇ ਸਨ, ਜਿਸ ਨੂੰ ਹੁਣ ਪੁਲ ਮਿਠਾਈ ਵਜੋਂ ਜਾਣਿਆ ਜਾਂਦਾ ਹੈ।

ਦਿੱਲੀ ਦੇ ਹਿੰਦੂ, ਮੁਸਲਮਾਨ ਅਤੇ ਸਿੱਖ ਪੁਰਾਣੇ ਨਿਵਾਸੀਆਂ ਦੀ ਮਦਦ ਨਾਲ, ਸਰਦਾਰ ਬਘੇਲ ਸਿੰਘ ਨੇ ਸਿੱਖ ਗੁਰਦਵਾਰਿਆਂ ਵਜੋਂ ਸੱਤ ਇਤਿਹਾਸਕ ਸਥਾਨ ਲੱਭੇ ਅਤੇ ਸਥਾਪਿਤ ਕੀਤੇ:

ਗੁਰਦੁਆਰਾ ਮਾਤਾ ਸੁੰਦਰੀ ਜੀ ਦੀ ਹਵੇਲੀ ਸਰਦਾਰ ਜਵਾਹਰ ਸਿੰਘ ਦੇ ਨਾਂ ਨਾਲ ਜਾਣੀ ਜਾਂਦੀ ਹੈ।

ਗੁਰਦੁਆਰਾ ਬੰਗਲਾ ਸਾਹਿਬ, ਇੱਥੇ ਇੱਕ ਵਾਰ ਰਾਜਾ ਜੈ ਸਿੰਘ ਨਾਲ ਸਬੰਧਤ ਇੱਕ ਮਹਿਲ ਮੌਜੂਦ ਸੀ। ਅੱਠਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਉਥੇ ਠਹਿਰੇ ਹੋਏ ਸਨ।

ਗੁਰਦੁਆਰਾ ਬਾਲਾ ਸਾਹਿਬ, ਇਸ ਅਸਥਾਨ 'ਤੇ ਗੁਰੂ ਹਰਿਕ੍ਰਿਸ਼ਨ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਦੇ ਅੰਤਿਮ ਸੰਸਕਾਰ ਕੀਤੇ ਗਏ ਸਨ।

ਗੁਰਦੁਆਰਾ ਰਕਾਬ ਗੰਜ ਸਾਹਿਬ, ਇੱਥੇ ਗੁਰੂ ਤੇਗ ਬਹਾਦਰ ਜੀ ਦਾ ਸਸਕਾਰ ਕੀਤਾ ਗਿਆ ਸੀ।

ਗੁਰਦੁਆਰਾ ਸੀਸ ਗੰਜ ਸਾਹਿਬ,  ਇਸ ਅਸਥਾਨ 'ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ।

ਗੁਰਦੁਆਰਾ ਮੋਤੀ ਬਾਗ ਸਾਹਿਬ,  ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੋਂ ਤੀਰ ਸੁੱਟ ਕੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਸੁਨੇਹਾ ਭੇਜਿਆ ਸੀ।

ਗੁਰਦੁਆਰਾ ਮਜਨੂੰ ਟਿੱਲਾ, ਇਹ ਗੁਰੂ ਨਾਨਕ ਦੇਵ ਜੀ ਦੇ ਮਜਨੂੰ ਨਾਮ ਦੇ ਇੱਕ ਸਿੱਖ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਸੀ, ਗੁਰੂ ਹਰਗੋਬਿੰਦ ਜੀ ਗਵਾਲੀਅਰ ਜਾਂਦੇ ਹੋਏ ਇਸ ਸਥਾਨ 'ਤੇ ਠਹਿਰੇ ਸਨ।

ਇਹਨਾਂ ਸਾਰੇ ਗੁਰਦੁਆਰਿਆਂ ਦੇ ਮੁਕੰਮਲ ਹੋਣ 'ਤੇ, ਸਰਦਾਰ ਬਘੇਲ ਸਿੰਘ ਨੇ ਸਥਾਨਾਂ ਦੀ ਦੇਖਭਾਲ ਲਈ ਭਾਈਆਂ (ਹਾਜ਼ਰ ਸਿੰਘਾਂ) ਨੂੰ ਨਿਯੁਕਤ ਕੀਤਾ ਅਤੇ ਨਾਲ ਹੀ ਪੰਜਾਬ ਵਾਪਸ ਜਾਣ ਦਾ ਫੈਸਲਾ ਕੀਤਾ। ਓਹਨਾ ਨੂੰ ਮੁਨਸ਼ੀ ਰਾਮ ਦਿਆਲ ਨੇ ਮਨਾ ਲਿਆ ਕਿ ਜਦੋਂ ਮੁਗਲਾਂ ਨੇ ਓਹਨਾ ਦੇ ਅਧਿਕਾਰ ਅਤੇ ਰਾਜ ਨੂੰ ਸਵੀਕਾਰ ਕਰ ਲਿਆ ਸੀ ਤਾਂ ਉਹ ਦਿੱਲੀ ਨੂੰ ਨਾ ਛੱਡਣ, ਪਰ ਸਰਦਾਰ ਬਘੇਲ ਸਿੰਘ ਜੀ ਨੇ ਜਵਾਬ ਦਿੱਤਾ, “ਸਾਨੂੰ ਸਾਡੇ ਗੁਰੂ ਨੇ ਰਾਜ ਅਤੇ ਕਿਸਮਤ ਬਖਸ਼ੀ ਹੈ। ਅਸੀਂ ਜਦੋਂ ਚਾਹੀਏ ਦਿੱਲੀ ਉੱਤੇ ਕਬਜ਼ਾ ਕਰ ਸਕਦੇ ਹਾਂ। ਖਾਲਸੇ ਲਈ ਇਹ ਔਖਾ ਨਹੀਂ ਹੋਵੇਗਾ।

ਸਰਦਾਰ ਬਘੇਲ ਸਿੰਘ ਨੇ ਇੱਕ ਵਾਰ ਫਿਰ 1785 ਵਿੱਚ ਦਿੱਲੀ ਉੱਤੇ ਹਮਲਾ ਕਰਨ ਦਾ ਫੈਸਲਾ ਕੀਤਾ। ਸਿੰਘ ਤੋਂ ਡਰੇ ਸ਼ਾਹ ਆਲਮ ਨੇ ਮਰਾਠਿਆਂ ਨਾਲ ਸੰਧੀ ਕਰ ਲਈ। ਮਰਾਠਿਆਂ ਨੇ ਸਿੰਘਾਂ ਨਾਲ ਸਮਝੌਤਾ ਕੀਤਾ ਅਤੇ ਤੋਹਫ਼ੇ ਵਜੋਂ 10 ਲੱਖ ਰੁਪਏ ਦੇਣ ਲਈ ਸਹਿਮਤੀ ਦਿੱਤੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।

ਮਾਂ - ਬੋਲੀ ਦਾ ਸੇਵਕ ( ਮਿੰਨੀ ਕਹਾਣੀ) ✍️ ਜਸਵਿੰਦਰ ਕੌਰ ਦੱਧਾਹੂਰ

ਮਾਂ - ਬੋਲੀ ਦਿਵਸ ਨੇੜੇ ਹੋਣ ਕਰਕੇ ਸੁਖਦੀਪ ਪੱਬਾਂ ਭਾਰ ਹੋਇਆ ਫਿਰਦਾ ਸੀ ਅਤੇ ਸਰਕਾਰੀ ਸਕੂਲ ਵਿੱਚ ਮਾਂ - ਬੋਲੀ ਦਿਵਸ ਮਨਾਉਣ ਦੀਆਂ ਉਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਸਨ । ਕੁੱਝ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਇਸ ਦਿਵਸ ਦੇ ਲਈ ਤਿਆਰੀ ਕਰ ਰਹੇ ਸਨ ਅਤੇ ਕੁੱਝ ਕੁ ਨੂੰ ਸੁਖਦੀਪ ਨੇ ਘੂਰ ਘੱਪ ਕੇ ਟੀਮਾਂ ਤਿਆਰ ਕਰ ਲਈਆਂ ਸਨ। ਮਾਂ - ਬੋਲੀ ਵਿਸ਼ੇ 'ਤੇ ਭਾਸ਼ਣ ,ਕਵਿਤਾ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਸਨ ।

ਸਕੂਲ ਦਾ ਪ੍ਰਿੰਸੀਪਲ ਵੀ ਸੁਖਦੀਪ ਦੇ ਇੰਨ੍ਹਾਂ ਯਤਨਾਂ ਤੋਂ ਕਾਫ਼ੀ ਖੁਸ਼ ਸੀ । ਆਖਰ ਉਲੀਕਿਆ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਸੁਖਦੀਪ ਨੇ ਨੇਪਰੇ ਚਾੜ੍ਹਿਆ ਅਤੇ ਸਕੂਲ ਵੱਲੋਂ ਉਸ ਨੂੰ 'ਮਾਂ ਬੋਲੀ ਦਾ ਸੇਵਕ' ਦੇ ਸਨਮਾਨ ਦੇ ਨਾਲ ਨਿਵਾਜ਼ਿਆ ਗਿਆ।

ਘਰ ਜਾ ਕੇ  ਆਪਣੀ ਖ਼ੁਸ਼ੀ ਆਪਣੀ ਪਤਨੀ ਅਤੇ ਆਪਣੇ ਦੋਸਤ ਨਾਲ ਸਾਂਝਿਆਂ ਕਰਦਿਆਂ ਸੁਖਦੀਪ ਨੇ ਮਿਲਿਆ ਐਵਾਰਡ ਡਰਾਇੰਗ ਰੂਮ 'ਚ ਲਿਜਾ ਕੇ ਸਜਾ ਦਿੱਤਾ।

ਇੰਨੇ ਨੂੰ ਸੁਖਦੀਪ ਦਾ ਪੁੱਤਰ ਏਕਮ ਵੀ ਆ ਗਿਆ, ਜੋ ਕੌਨਵੈਂਟ ਸਕੂਲ ਵਿੱਚ ਪੜ੍ਹਦਾ ਸੀ। ਆਉਂਦਿਆਂ ਹੀ ਉਸ ਨੇ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ ਕਿ ਕੱਲ੍ਹ ਤੋਂ ਸਕੂਲ ਉਹ ਸੌ ਰੁਪਏ ਲਏ ਬਿਨਾਂ ਨਹੀਂ ਜਾਵੇਗਾ । ਦੋਵੇਂ ਪਤੀ - ਪਤਨੀ ਅਤੇ ਸੁਖਦੀਪ ਦਾ ਦੋਸਤ ਜਗਰਾਜ ਹੈਰਾਨੀ ਦੇ ਨਾਲ ਏਕਮ ਵੱਲ ਦੇਖਣ ਲੱਗੇ। ਸੁਖਦੀਪ ਦੀ ਪਤਨੀ ਨੇ ਉਸ ਨੂੰ ਪੁੱਛਿਆ , "ਕੀ ਹੋਇਆ ਪੁੱਤ?" ਤਾਂ ਉਸਨੇ ਦੱਸਿਆ ਕਿ ਤੁਸੀਂ ਜੋ ਪੰਜਾਹ ਰੁਪਏ ਦਿੱਤੇ ਸੀ ਉਹ ਤਾਂ ਅੱਜ ਮੈਡਮ ਨੇ ਲੈ ਲਏ । ਸਾਰੇ ਹੈਰਾਨੀ ਨਾਲ ਇੱਕ ਦੂਜੇ ਵੱਲ ਦੇਖਣ ਲੱਗੇ। "ਪਰ ਕਿਉਂ ?ਪੁੱਤ।" ਜਗਰਾਜ ਨੇ ਪੁੱਛਿਆ। "ਕਿਉਂਕਿ ਮੈਂ ਸਕੂਲ ਵਿੱਚ ਪੰਜਾਬੀ ਬੋਲ ਰਿਹਾ ਸੀ ਤਾਂ ਮੈਡਮ ਨੇ ਮੇਰੇ ਤੋਂ ਪੰਜਾਹ ਰੁਪਏ ਫਾਈਨ ਦੇ ਰੂਪ ਦੇ ਲੈ ਲਏ।" ਏਕਮ ਰੋਂਦਾ ਹੋਇਆ ਜਵਾਬ ਦੇ ਰਿਹਾ ਸੀ।  ਡਰਾਇੰਗ ਰੂਮ ਦੇ ਵਿਚ ਚੁੱਪੀ ਵਰਤ ਗਈ । ਜਗਰਾਜ ਕਦੇ ਸੁਖਦੀਪ ਵੱਲ ਅਤੇ ਕਦੇ ਡਰਾਇੰਗ ਰੂਮ ਵਿਚ ਪਏ ਉਸ ਦੇ 'ਮਾਂ ਬੋਲੀ ਦੇ ਸੇਵਕ' ਦੇ ਐਵਾਰਡ ਵੱਲ ਦੇਖ ਰਿਹਾ ਸੀ ।

 

ਜਸਵਿੰਦਰ ਕੌਰ ਦੱਧਾਹੂਰ - ਮੋਬਾਇਲ ਨੰ: 9814494984

ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਐਲਾਨ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਸਾਂਝੇ ਜਨਤਕ ਸੰਘਰਸ਼ ਦੀ ਸ਼ਾਨਦਾਰ ਮੁੱਢਲੀ ਜਿੱਤ ਕਰਾਰ

ਚੰਡੀਗੜ੍ਹ 19 ਜਨਵਰੀ ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ  ) ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਕੀਤੇ ਗਏ ਐਲਾਨ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸੂਝਵਾਨ ਸਿਦਕੀ ਲੋਕਾਂ ਦੁਆਰਾ ਲੜੇ ਗਏ ਸਾਂਝੇ ਸੰਘਰਸ਼ ਦੀ ਸ਼ਾਨਦਾਰ ਮੁੱਢਲੀ ਜਿੱਤ ਕਰਾਰ ਦਿੱਤਾ ਗਿਆ ਹੈ। ਇਸ ਸੰਬੰਧੀ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਯਾਦ ਕਰਵਾਇਆ ਕਿ ਇਸ ਹੱਕੀ ਮੰਗ ਖਾਤਰ ਕੜਾਕੇ ਦੀ ਠੰਢ ਅਤੇ ਪਿੰਡੇ ਲੂੰਹਦੀ ਗਰਮੀ ਵਿੱਚ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ 'ਚ ਛੇ ਮਹੀਨੇ ਦਿਨ ਰਾਤ ਲਾਏ ਗਏ ਧਰਨੇ ਨੂੰ ਮਾਨ ਸਰਕਾਰ ਨੇ ਨਾ ਸਿਰਫ ਨਜ਼ਰਅੰਦਾਜ਼ ਕੀਤਾ ਅਤੇ ਝੂਠੇ ਬਿਰਤਾਂਤ ਸਿਰਜੇ ਸਗੋਂ ਪੁਲ਼ਸ ਜਬਰ ਦੇ ਜ਼ੋਰ ਖਦੇੜਨ ਲਈ ਵੀ ਟਿੱਲ ਲਾਇਆ ਸੀ। ਪ੍ਰੰਤੂ ਸਿਰੜੀ ਲੋਕਾਂ ਦੇ ਅਣਲਿਫ ਸਿਦਕੀ ਵਿਰੋਧ ਅੱਗੇ ਆਪਣੀ ਪੇਸ਼ ਨਾ ਚਲਦੀ ਦੇਖ ਕੇ ਸਰਕਾਰ ਨੂੰ ਇਹ ਹੱਕੀ ਮੰਗ ਮੰਨਣ ਲਈ ਮਜਬੂਰ ਹੋਣਾ ਪਿਆ ਹੈ। ਦਿੱਲੀ ਕਿਸਾਨ ਮੋਰਚੇ ਦੇ ਝਲਕਾਰੇ ਪੇਸ਼ ਕਰਦੇ ਇਸ ਜੇਤੂ ਘੋਲ਼ ਵਿੱਚ ਆਪੋ ਆਪਣੇ ਵਿਤ ਅਨੁਸਾਰ ਸ਼ਾਮਲ ਹਰ ਤਬਕੇ ਅਤੇ ਵੱਖ ਵੱਖ ਵਿਚਾਰਾਂ ਦੀਆਂ ਜਥੇਬੰਦੀਆਂ ਦਾ ਯੋਗਦਾਨ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਫਿਰ ਵੀ 'ਦੇਰ ਆਇਦ ਦਰੁਸਤ ਆਇਦ' ਦੇ ਕਥਨ ਅਨੁਸਾਰ ਇਸ ਫੈਸਲੇ ਦਾ ਸਵਾਗਤ ਕਰਨਾ ਬਣਦਾ ਹੈ। ਇਸਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਫੈਕਟਰੀ ਪ੍ਰਦੂਸ਼ਣ ਦੀ ਤਬਾਹੀ ਅਤੇ ਸਰਕਾਰੀ ਜਬਰ ਦੌਰਾਨ ਉੱਭਰੀਆਂ ਮੰਗਾਂ ਮੰਨੇ ਜਾਣ ਤੱਕ ਇਹ ਅੰਦੋਲਨ ਕਿਸੇ ਨਾ ਕਿਸੇ ਢੁੱਕਵੇਂ ਰੂਪ ਵਿੱਚ ਜਾਰੀ ਰਹੇਗਾ, ਜਿਸਦਾ ਫੈਸਲਾ ਸਾਂਝਾ ਮੋਰਚਾ ਸੰਚਾਲਨ ਕਮੇਟੀ ਅਤੇ ਸਮੂਹ ਜਥੇਬੰਦੀਆਂ ਦੀ ਸਾਂਝੀ ਰਾਇ ਅਨੁਸਾਰ ਕੀਤਾ ਜਾਵੇਗਾ। ਇਨ੍ਹਾਂ ਮੰਗਾਂ ਵਿੱਚ ਦਰਜਨਾਂ ਅੰਦੋਲਨਕਾਰੀਆਂ ਸਿਰ ਮੜ੍ਹੇ ਪੁਲਿਸ ਕੇਸ ਰੱਦ ਕਰਨ, ਪ੍ਰਦੂਸ਼ਣ ਕਾਰਨ ਫੈਲੀਆਂ ਭਿਆਨਕ ਬਿਮਾਰੀਆਂ ਨਾਲ ਪਰਵਾਰਕ ਜੀਆਂ ਜਾਂ ਪਸ਼ੂਆਂ ਦੀਆਂ ਹੋਈਆਂ ਮੌਤਾਂ ਅਤੇ ਫ਼ਸਲਾਂ ਦੀ ਬਰਬਾਦੀ ਦਾ ਢੁਕਵਾਂ ਮੁਆਵਜ਼ਾ ਪੀੜਤ ਲੋਕਾਂ ਨੂੰ ਦੇਣ ਅਤੇ ਇਹ ਕਹਿਰ ਵਰਤਾਉਣ ਦੇ ਦੋਸ਼ੀ ਫੈਕਟਰੀ ਮਾਲਕ ਤੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਵਰਗੀਆਂ ਹੱਕੀ ਮੰਗਾਂ ਸ਼ਾਮਲ ਹਨ।

 

ਜਾਰੀ ਕਰਤਾ:- ਜੋਗਿੰਦਰ ਸਿੰਘ ਉਗਰਾਹਾਂ,

ਸੁਖਦੇਵ ਸਿੰਘ ਕੋਕਰੀ ਕਲਾਂ

ਜਥੇਦਾਰ ਅਕਾਲ ਤਖ਼ਤ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਧਾਮੀ 'ਤੇ ਹਮਲੇ ਨੂੰ ਦੱਸਿਆ ਮੰਦਭਾਗਾ

ਅੰਮ੍ਰਿਤਸਰ, 19 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਦੀ ਭੰਨ ਤੋੜ ਮੰਦਭਾਗਾ ਵਰਤਾਰਾ। ਬੰਦੀ ਸਿੰਘਾਂ ਦੀ ਰਿਹਾਈ ਦੇ ਯਤਨ ਆਪਸੀ ਮੱਤਭੇਦਾਂ ਤੋਂ ਉਪਰ ਉਠ ਕੇ ਕਰਨੇ ਚਾਹੀਦੇ ਹਨ। ਇਸ ਘਟਨਾ ਨਾਲ ਰਿਹਾਈ ਲਈ ਕੀਤੇ ਜਾ ਰਹੇ ਸਾਂਝੇ ਯਤਨਾ ਨੂੰ ਢਾਹ ਲੱਗੀ ਹੈ।

"ਅਮੀਰ ਹਨ ਨਾਸਤਿਕਤਾ ਸੋਚ ਵਾਲੇ ਮੁਲਕ" ✍️ ਕੁਲਦੀਪ ਸਿੰਘ ਰਾਮਨਗਰ

ਇੱਕ ਸਰਵੇ ਅਨੁਸਾਰ ਉਹ ਦੇਸ਼ ਜਿੱਥੇ ਨਾਸਤਿਕ ਸੋਚ ਰੱਖਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਉਹ ਦੇਸ਼ ਦੂਜੇ ਮੁਲਕਾਂ ਦੇ ਮੁਕਾਬਲੇ ਵਧੇਰੇ ਵਿਕਾਸਸ਼ੀਲ, ਅਮੀਰ ਅਤੇ ਖੁਸ਼ਹਾਲ ਹਨ। ਆਸਤਿਕਤਾ ਅਤੇ ਨਾਸਤਿਕਤਾ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਅਤੇ ਰਹੱਸ ਹੈ। ਬਹੁਤ ਸਾਰੇ ਵਿਕਾਸਸ਼ੀਲ ਅਤੇ ਵਿਗਿਆਨਕ ਦੇਸ਼ਾਂ ਵਿੱਚ ਇਸ ਵਿਸੇ ਤੇ ਖੁਲ ਕੇ ਵਿਚਾਰ ਚਰਚਾ ਹੁੰਦੀ ਹੈ ਪਰ ਭਾਰਤ ਵਿੱਚ ਅਜੇ ਵੀ ਲੋਕ ਇਸ ਵਿਸੇ ਤੇ ਵਿਚਾਰ ਕਰਨ ਤੋਂ ਵੀ ਕਤਰਾਉਂਦੇ ਨਜਰ ਆਉਂਦੇ ਹਨ। ਸਦੀਆਂ ਤੋਂ ਭਾਰਤ ਅੰਧਵਿਸ਼ਵਾਸ ਵਿੱਚ ਜਕੜਿਆ ਹੋਇਆ ਹੈ ਅਸੀਂ ਉਹੀ ਕਰਦੇ ਆ ਰਹੇ ਹਾਂ ਜੋਂ ਸਦੀਆਂ ਤੋਂ ਸਾਡੇ ਪੁਰਖੇ ਕਰਦੇ ਸਨ। ਜਿਸ ਚੀਜ਼ ਨੂੰ ਉਹ ਪੂਜਦੇ ਸਨ ਅਸੀ ਵੀ ਪੂਜਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਕਦੇ ਵੀ ਸੱਚਾਈ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ 84 ਲੱਖ ਜੂਨ ਬਾਰੇ ਕਿਸੇ ਨੇ ਕਿਹਾ ਤਾਂ ਅਸੀਂ ਬਿਨਾਂ ਤਰਕ ਤੋਂ ਮੰਨ ਲਿਆ ਸਵਰਗ ਨਰਕ ਬਾਰੇ ਕਿਸੇ ਨੇ ਕਿਹਾ ਤਾਂ ਅਸੀਂ ਮੰਨ ਲਿਆ ਕਿਸੇ ਨੇ ਗੈਬੀ ਸ਼ਕਤੀ ਦੀ ਗੱਲ ਕੀਤੀ ਜਾਂ ਰੱਬ ਦੀ ਹੋਂਦ ਦੀ ਗੱਲ ਕੀਤੀ ਤਾਂ ਅਸੀਂ ਬਿਨਾਂ ਕਿਸੇ ਤਰਕ ਜਾਂ ਬਿਨਾਂ ਖੋਜ਼ ਕੀਤੇ ਮੰਨ ਲੈਂਦੇ ਹਾਂ। ਸਦੀਆਂ ਤੋਂ ਕੋਈ ਵੀ ਰੱਬੀ ਜਾਂ ਗੈਬੀ ਸ਼ਕਤੀ ਨੂੰ ਦੁਨੀਆਂ ਵਿੱਚ ਸਿੱਧ ਨਹੀਂ ਕਰ ਸਕਿਆ। ਭਾਰਤ ਵਿੱਚ ਸਭ ਤੋਂ ਜ਼ਿਆਦਾ ਠੱਗੀ ਲੁੱਟ ਅਤੇ ਫਿਰਕੂ ਫਸਾਦ ਧਰਮ ਅਤੇ ਰੱਬ ਦੇ ਨਾਂ ਤੇ ਹੀ ਹੁੰਦੇ ਹਨ। ਕਿਸਮਤ ਅਤੇ ਰੱਬ ਦਾ ਡਰ ਦੇ ਕੇ ਸ਼ਾਤਿਰ ਲੋਕਾਂ ਵਲੋਂ ਭੋਲੇ ਭਾਲੇ ਅਤੇ ਗਰੀਬ ਲੋਕਾਂ ਦੀ ਲੁੱਟ ਅਤੇ ਸ਼ੋਸ਼ਣ ਕੀਤਾ ਜਾਂਦਾ ਹੈ। ਭਾਰਤ ਵਰਗੇ ਦੇਸ਼ ਅਤੇ ਹੋਰ ਘੱਟ-ਵਿਕਸਤ ਦੇਸ਼ਾਂ ਵਿਚ ਆਸਥਾ ਅਜੇ ਵੀ ਅਜਿਹੀ ਗੂੰਦ ਹੈ ਜੋ ਰਾਜਨੀਤਿਕ ਅਤੇ ਸਮਾਜਿਕ ਪਰਿਦ੍ਰਿਸ਼ ਨੂੰ ਪ੍ਰਭਾਸ਼ਿਤ ਕਰਦੀ ਹੈ।ਵਿਕਸਿਤ ਦੇਸ਼ਾਂ ਵਿਚ ਲੋਕ ਵੱਡੀ ਗਿਣਤੀ ਵਿਚ ਦਿਲਾਸੇ, ਨੈਤਿਕਤਾ ਅਤੇ ਅਧਿਆਤਮਿਕਤਾ ਦੇ ਹੋਰ ਸ੍ਰੋਤਾਂ ਵੱਲ ਵਧ ਰਹੇ ਹਨ। ਆਮ ਸ਼ਬਦਾਂ ਵਿਚ ਆਸਤਿਕ ਉਹ ਹੈ ਜਿਸ ਨੂੰ ਰੱਬ ਦੀ ਹੋਂਦ ਵਿਚ ਪੂਰਾ ਭਰੋਸਾ ਹੈ ਅਤੇ ਉਹ ਇਸ ਵਿਸ਼ਵਾਸ ਨੂੰ ਕਿਸੇ ਧਰਮ ਰਾਹੀ ਪ੍ਰਗਟ ਕਰਦਾ ਹੈ। ਉਹ ਜੋਂ ਸਦੀਆਂ ਤੋਂ ਆਪਣੇ ਪੁਰਖਿਆਂ ਵਾਂਗ ਸਵਰਗ, ਨਰਕ, 84 ਲੱਖ ਜੂਨ,ਜੰਤਰ ਮੰਤਰ, ਗੈਬੀ ਸ਼ਕਤੀ, ਭੂਤ ਪ੍ਰੇਤ ਆਦਿ ਅਣਗਿਣਤ ਅੰਧਵਿਸ਼ਵਾਸਾ ਵਿੱਚ ਵਿਸ਼ਵਾਸ ਰੱਖਦਾ ਆ ਰਿਹਾ ਹੈ ਇਸਦੇ ਉਲਟ ਤਰਕ ਅਤੇ ਅਜ਼ਾਦ ਸੋਚ ਰੱਖਣ ਵਾਲੇ ਨੂੰ ਨਾਸਤਿਕ ਕਹਿ ਦਿਤਾ ਜਾਂਦਾ ਹੈ। ਜੋਂ ਕਿਸੇ ਗੈਬੀ ਸ਼ਕਤੀ ਜਾਂ ਕਿਸੇ ਅੰਧਵਿਸ਼ਵਾਸ ਵਿੱਚ ਵਿਸ਼ਵਾਸ ਨਹੀਂ ਰੱਖਦਾ।
ਵਿਸ਼ਵ ਸਮਾਜਿਕ ਸਰਵੇ ਦੁਆਰਾ ਸੌ ਦੇਸ਼ਾਂ ਵਿਚ ਲਗਭਗ ਲੱਖਾਂ ਲੋਕਾਂ ਵਿਚ ਹਾਲੀਆ ਹੀ ਇਕ ਸਰਵੇ ਕਰਵਾਇਆ ਗਿਆ ਜਿਸ ਵਿਚ ਰੱਬ ਦੀ ਹੋਂਦ ਅਤੇ ਵਿਸ਼ਵ ਭਰ ਵਿਚ ਧਰਮ ਵਿਚ ਵਿਸ਼ਵਾਸ ਕਰਨ ਅਤੇ ਨਾ ਕਰਨ ਵਾਲਿਆਂ ਵਿਚ ਤੁਲਨਾ ਕੀਤੀ ਗਈ।ਇਸ ਸਰਵੇ ਦੇ ਮੁਤਾਬਿਕ ਜਿਆਦਾਤਰ ਲੋਕ ਰੱਬ ਦੀ ਹੋਂਦ ਵਿਚ ਯਕੀਨ ਰੱਖਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਧਰਮ ਅਤੇ ਰੱਬ ਦੀ ਮੌਜੂਦਗੀ ਨੂੰ ਮਹੱਤਵਪੂਰਨ ਮੰਨਦੇ ਹਨ। ਇਸ ਸਰਵੇ ਦੇ ਮੁਤਾਬਿਕ ਪੜ੍ਹੇ-ਲਿਖੇ, ਚੇਤੰਨ ਅਤੇ ਸਥਿਰਤਾ ਵਾਲੇ ਲੋਕਾਂ ਦੀ ਤੁਲਨਾ ਵਿਚ ਰੱਬ ਦੀ ਮਹੱਤਤਾ ਮੱਧ-ਵਰਗ, ਘੱਟ-ਪੜ੍ਹੇ ਲਿਖੇ ਵਰਗ ਅਤੇ ਔਰਤਾਂ ਵਿਚ ਜਿਆਦਾ ਹੈ। ਇਤਿਹਾਸ ਦੇ ਪ੍ਰਮੁੱਖ ਚਿੰਤਕਾਂ ਅਤੇ ਦਾਰਸ਼ਨਿਕਾਂ ਜਿਵੇਂ ਕਿ ਸੁਕਰਾਤ, ਪਲੂਟੋ, ਆਈਂਸਟਾਈਨ, ਡਾਰਵਿਨ ਆਦਿ ਨੇ ਰੱਬ ਦੀ ਹੋਂਦ ਦੀ ਬਜਾਇ ਆਤਮਾ, ਦਿਮਾਗ ਅਤੇ ਮਨ ਨੂੰ ਮਹੱਤਵਪੂਰਨ ਮੰਨਿਆ। ਪਲੂਟੋ ਦਾ ਮੰਨਣਾ ਸੀ ਕਿ ਰੱਬ ਇਕ ਅਜਿਹੀ ਗੂੰਦ ਹੈ ਜੋ ਭੌਤਿਕ ਆਲੇ ਦੁਆਲੇ ਵਿਚ ਇਕ ਤਰਤੀਬ ਬਣਾ ਕੇ ਰੱਖਦੀ ਹੈ। ਗੈਲੀਲੀਓ ਅਨੁਸਾਰ ਸੱਚ ਦੀ ਭਾਲ ਲਈ ਵਿਗਿਆਨ ਅਤੇ ਰੱਬ ਦੋਹੇਂ ਹੀ ਇਕ ਸਮਾਨ ਹਨ। ਚਾਰਲਿਸ ਡਾਰਵਿਨ ਹਾਲਾਂਕਿ ਨਾਸਤਿਕ ਨਹੀਂ ਸੀ ਪਰ ਉਸ ਦੇ ਸਿਧਾਂਤ ਨੇ ਪ੍ਰਚਲਿਤ ਧਾਰਮਿਕ ਸਿਧਾਂਤਾਂ ਨੂੰ ਚੁਣੌਤੀ ਦਿੱਤੀ।ਗਾਂਧੀ ਨੇ ਕਦੇ ਰੱਬ ਨੂੰ ਲੈ ਕੇ ਆਪਣੇ ਵਿਚਾਰ ਨਹੀਂ ਪੇਸ਼ ਕੀਤੇ ।ਭਗਤ ਸਿੰਘ ਨੇ ਖੁੱਲ ਕੇ ਆਪਣੇ ਆਪ ਨੂੰ ਨਾਸਤਿਕ ਕਿਹਾ ਅਤੇ ਰੱਬ ਨਾਲ ਸੰਬੰਧਿਤ ਅੰਧ-ਵਿਸ਼ਵਾਸੀ ਵਿਚਾਰਾਂ ਨੂੰ ਚੁਣੌਤੀ ਦਿੱਤੀ। ਮਾਰਕਸਵਾਦ ਦਾ ਮੰਨਣਾ ਹੈ ਕਿ ਮਨੁੱਖ ਨੇ ਰੱਬ ਨੂੰ ਸਿਰਜਿਆ ਹੈ ਨਾ ਕਿ ਰੱਬ ਨੇ ਮਨੁੱਖ ਨੂੰ। ਫਰਾਇਡ ਦਾ ਵਿਚਾਰ ਸੀ ਕਿ ਰੱਬ ਮਨੁੱਖੀ ਦਿਮਾਗ ਦੀ ਕਾਢ ਹੈ। ਇਸੇ ਤਰਾਂ ਹੀ ਦਾਰਸ਼ਨਿਕ ਯਾੱਕ ਲਾਕਾਂ ਦਾ ਮੰਨਣਾ ਸੀ ਕਿ ਨਾਸਤਿਕਵਾਦ ਦੇ ਵਿਚਾਰ ਦਾ ਮਤਲਬ ਰੱਬ ਦੀ ਮੌਤ ਨਹੀਂ ਹੈ ਪਰ ਇਹ ਇਕ ਅਚੇਤਨ ਵਿਵਸਥਾ ਹੈ।ਫਰਾਂਸੀਸੀ ਲੇਖਕ ਅਤੇ ਦਾਰਸ਼ਨਿਕ ਨੇ ਲਿਖਿਆ ਕਿ ਉਹ ਨਾ ਵਿਸ਼ਵਾਸ ਕਰਨ ਵਾਲਾ ਹੈ, ਪਰ ਨਾਸਤਿਕ ਨਹੀਂ ਹੈ। ਉਸ ਦਾ ਆਪਣਾ ਇਕ ਗੁਪਤ ਧਰਮ ਹੈ।ਪਰ ਹਾਲੇ ਵੀ ਇਹ ਸਾਬਿਤ ਕਰਨ ਲਈ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਰੱਬ ਦੀ ਕੋਈ ਹੋਂਦ ਨਹੀਂ ਹੈ, ਪਰ ਤਰਕ ਦੇ ਵਿਚਾਰਾਂ ਨੇ ਰੱਬ ਦੀ ਹੋਂਦ ਸੰਬੰਧੀ ਵੀ ਕੋਈ ਉੱਤਰ ਨਹੀਂ ਪਾਇਆ ਹੈ। ਹਾਲਾਂਕਿ ਅਨਿਸ਼ਚਿਤਤਾ ਤੋਂ ਬਗੈਰ ਧਰਮ ਜਾਂ ਵਿਸ਼ਵਾਸ ਸੰਭਵ ਨਹੀਂ ਹੈ, ਪਰ ਰੱਬ ਦੀ ਹੋਂਦ ਦੇ ਰਹੱਸ ਨੂੰ ਮਨੁੱਖ ਪੂਰੀ ਤਰਾਂ ਨਹੀਂ ਜਾਣ ਪਾਵੇਗਾ। ਤਰਕਵਾਦੀਆਂ ਨੇ ਵੀ ਰਹੱਸ ਤੋਂ ਪਰਦਾ ਉਠਾਉਣ ਦੀ ਕੋਸ਼ਿਸ਼ ਕੀਤੀ ਕਿ ਰੱਬ ਕਿੱਥੋਂ ਆਇਆ ਪਰ ਇਸ ਦਾ ਅਜੇ ਵੀ ਕੋਈ ਠੋਸ ਜਵਾਬ ਨਹੀ ਮਿਲ ਸਕਿਆ। ਦੁਨੀਆਂ ਦੇ ਵਿਕਸਤ ਦੇਸ਼ਾਂ ਵਿਚ ਤਰਕ ਆਪਣੀ ਪ੍ਰਮਾਣਿਕਤਾ ਸਿੱਧ ਕਰਨ ਵੱਲ ਵਧ ਰਿਹਾ ਹੈ ਅਤੇ ਇਹ ਦੇਸ਼ ਆਪਣੀ ਸੂਝ ਬੂਝ ,ਮਿਹਨਤ ਅਤੇ ਵਿਗਿਆਨ ਨਾਲ ਬਹੁਤ ਅੱਗੇ ਨਿਕਲ ਚੁੱਕੇ ਹਨ ਅਤੇ ਇਹ ਦੇਸ਼ ਅੰਧਵਿਸ਼ਵਾਸ ਅਤੇ ਕਾਲਪਨਿਕ ਭਰਮਾਂ ਵਿੱਚ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਦੇਸ ਦੀ ਤਰੱਕੀ ਲਈ ਕੰਮ ਕਰ ਰਹੇ ਹਨ। ਜਦੋਂ ਕਿ ਘੱਟ-ਵਿਕਸਿਤ ਦੇਸ਼ਾਂ ਵਿਚ ਲੋਕ ਅਜੇ ਵੀ ਅੰਧਵਿਸ਼ਵਾਸ਼ਾਂ ਅਤੇ ਕਾਲਪਨਿਕ ਭਰਮਾਂ ਦਾ ਸ਼ਿਕਾਰ ਹਨ। ਭਾਰਤ ਦੇਸ਼ ਦੇ ਸ਼ਹੀਦ ਭਗਤ ਸਿੰਘ ਦੀ ਸੋਚ ਵੀ ਅਜ਼ਾਦ ਅਤੇ ਤਰਕਵਾਦੀ ਸੀ ਫਾਂਸੀ ਤੋਂ ਪਹਿਲਾਂ ਕਿਸੇ ਨੇ ਭਗਤ ਸਿੰਘ ਨੂੰ ਕਿਹਾ ਕਿ ਹੁਣ ਤੂੰ ਰੱਬ ਦੀ ਪੂਜਾ ਕਰਿਆ ਕਰ ਤਾਂ ਭਗਤ ਸਿੰਘ ਦਾ ਜਵਾਬ ਸੀ ਕਿ ਠੀਕ ਹੈ ਤੂੰ ਆਪਣੇ ਰੱਬ ਨੂੰ ਕਹਿ ਕਿ ਬਿਨਾਂ ਖੂਨ ਖ਼ਰਾਬੇ ਤੋਂ ਦੇਸ਼ ਅਜ਼ਾਦ ਹੋਏ ,ਦੇਸ਼ ਦੀ ਕਮਾਨ ਰੱਬ ਆਪ ਸੰਭਾਲੇ, ਦੇਸ਼ ਦੀ ਗਰੀਬੀ ਖ਼ਤਮ ਹੋਏ, ਦੇਸ਼ ਨੂੰ ਅਮੀਰ ਅਤੇ ਖੁਸ਼ਹਾਲ ਬਣਾਏ, ਕਿਸੇ ਦਰਿੰਦਗੀ ਦਾ ਸ਼ਿਕਾਰ ਹੋਈ ਬੱਚੀ ਦੀ ਚੀਕ ਸੁਣੇ, ਸ਼ਾਇਦ ਇਸਦਾ ਕੋਈ ਜਵਾਬ ਨਹੀਂ ਸੀ ਅਤੇ ਭਗਤ ਸਿੰਘ ਅਖੀਰ ਤੱਕ ਸੱਚ, ਤਰਕ, ਵਿਚਾਰ ਅਤੇ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜਦੇ ਸ਼ਹੀਦ ਹੋ ਗਏ ਪਰ ਦੇਸ਼ ਨੂੰ ਰੂੜੀਵਾਦੀ ਸੋਚ ਤੋਂ ਅਜ਼ਾਦ ਕਰਵਾਉਣ ਦਾ ਉਨ੍ਹਾਂ ਦਾ ਸੁਪਨਾ ਅਜੇ ਤੱਕ ਵੀ ਅਧੂਰਾ ਪਿਆ ਹੈ।

ਕੁਲਦੀਪ ਸਿੰਘ ਰਾਮਨਗਰ
9417990040

ਮਜ਼ਾਕ ਕਿਤੇ ਜੀਅ ਦਾ ਜੰਜਾਲ ਨਾ ਬਣ ਜਾਏ ✍️ ਮਨਜੀਤ ਕੌਰ ਧੀਮਾਨ

ਹੱਸਣਾ ਖੇਡਣਾ ਇੱਕ ਬਹੁਤ ਵਧੀਆ ਗੱਲ ਹੈ। ਸਾਨੂੰ ਇਹ ਜੀਵਨ ਬਹੁਤ ਭਾਗਾਂ ਨਾਲ਼ ਮਿਲਿਆ ਹੈ। ਖੁਸ਼ ਰਹਿ ਕੇ ਅਸੀਂ ਆਪਣੇ ਨਾਲ਼-ਨਾਲ਼ ਬਾਕੀਆਂ ਲਈ ਵੀ ਰਾਹ ਦਸੇਰੇ ਬਣ ਸਕਦੇ ਹਾਂ। ਪਰ ਹਰ ਚੀਜ਼ ਦੀ ਇੱਕ ਸੀਮਿਤ ਸਮਰੱਥਾ ਵੀ ਹੁੰਦੀ ਹੈ। ਇਸੇ ਤਰ੍ਹਾਂ ਹੱਸਣ-ਖੇਡਣ ਦਾ ਵੀ ਸਮਾਂ ਹੁੰਦਾ ਹੈ ਜਾਂ ਮੌਕਾ ਹੁੰਦਾ ਹੈ।

             ਅਕਸਰ ਦੇਖਣ ਵਿਚ ਆਉਂਦਾ ਹੈ ਕਿ ਕੁੱਝ ਲੋਕ ਜਿਹੜੇ ਮਜ਼ਾਕੀਆ ਸੁਭਾਅ ਦੇ ਹੁੰਦੇ ਹਨ, ਉਹ ਵੱਡੀ ਤੋਂ ਵੱਡੀ ਸਮੱਸਿਆ ਦੇ ਸਮੇਂ ਵੀ ਕੁੱਝ ਨਾ ਕੁੱਝ ਮਜ਼ਾਕ ਕਰਦੇ ਰਹਿੰਦੇ ਹਨ। ਇਹ ਚੰਗੀ ਗੱਲ ਹੈ ਕਿ ਹੱਸਦੇ-ਹਸਾਉਂਦੇ ਮੁਸ਼ਕਿਲਾਂ ਦਾ ਹੱਲ ਕਰ ਲਿਆ ਜਾਵੇ। ਪਰ ਕਦੇ-ਕਦੇ ਦੂਜਿਆਂ ਦੀਆਂ ਤਕਲੀਫ਼ਾਂ ਸਮੇਂ ਕੀਤਾ ਮਜ਼ਾਕ ਸਾਨੂੰ ਮਹਿੰਗਾ ਪੈ ਸਕਦਾ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਕੋਈ ਮਜ਼ਾਕ ਸਹਿਣ ਜੋਗਾ ਨਹੀਂ ਹੁੰਦਾ ਜਾਂ ਕਈ ਵਾਰ ਮੌਕੇ ਹੀ ਅਜਿਹੇ ਹੁੰਦੇ ਹਨ ਕਿ ਉੱਥੇ ਮਜ਼ਾਕ ਚੰਗਾ ਨਹੀਂ ਲੱਗਦਾ।

                ਸਕੂਲ ਕਾਲਜ ਵਿੱਚ ਬੱਚੇ ਕਈ ਵਾਰ ਇੱਕ ਦੂਜੇ ਨੂੰ ਮਜ਼ਾਕ ਵਿੱਚ ਕੁੱਝ ਗਲਤ ਬੋਲ ਦਿੰਦੇ ਹਨ ਪਰ ਇਹ ਮਜ਼ਾਕ ਉਦੋਂ ਜੀਅ ਦਾ ਜੰਜਾਲ ਬਣ ਜਾਂਦਾ ਹੈ ਜਦੋਂ ਦੂਸਰਾ ਬੱਚਾ ਕੋਈ ਗਲਤ ਰਾਹ ਅਪਣਾ ਲੈਂਦਾ ਹੈ। ਕਈ ਬੱਚੇ ਤਾਂ ਐਨੇ ਨਾਜ਼ੁਕ ਹੁੰਦੇ ਹਨ ਕਿ ਛੋਟੇ ਜਿਹੇ ਮਜ਼ਾਕ ਨੂੰ ਆਪਣੀ ਬੇਇਜ਼ਤੀ ਮੰਨ ਕੇ ਆਤਮਹੱਤਿਆ ਵਰਗੇ ਭਿਆਨਕ ਗੁਨਾਹ ਕਰ ਬਹਿੰਦੇ ਹਨ। ਕਈ ਵਾਰ ਅਧਿਆਪਕ ਦੀ ਕਹੀ ਗੱਲ ਵੀ ਬੱਚੇ ਦਿਲ ਤੇ ਲਾ ਲੈਂਦੇ ਹਨ। ਇਹਨਾਂ ਵਿੱਚੋਂ ਕੁੱਝ ਅਜਿਹੇ ਵੀ ਹੁੰਦੇ ਹਨ ਜੋ ਕਿ ਬਦਲਾ ਲੈਂਦੇ ਹਨ ਤੇ ਮਜ਼ਾਕ ਦਾ ਖ਼ਮਿਆਜ਼ਾ ਹਸਪਤਾਲ਼ 'ਚ ਜਾ ਕੇ ਭੁੱਗਤਣਾ ਪੈ ਸਕਦਾ ਹੈ। ਜਾਂ ਕਈ ਥਾਣੇ ਰਿਪੋਰਟ ਲਿਖਵਾ ਦਿੰਦੇ ਹਨ ਜਿਸ ਕਰਕੇ ਜੇਲ੍ਹ 'ਚ ਚੱਕੀ ਪੀਸਣੀ ਪੈ ਜਾਂਦੀ ਹੈ।

                  ਇੱਕ ਹੋਰ ਗੱਲ ਕਿ ਮਜ਼ਾਕ ਕਰਨ ਵਾਲੇ ਨੂੰ ਮਜ਼ਾਕ ਸਹਿਣਾ ਔਖਾ ਲੱਗਦਾ ਹੈ। ਉਹ ਅਕਸਰ ਦੂਜਿਆਂ ਨਾਲ਼ ਮਜ਼ਾਕ ਕਰਦਾ ਹੈ ਪਰ ਆਪਣੀ ਵਾਰੀ ਭੜ੍ਹਕ ਜਾਂਦਾ ਹੈ। ਇਸ ਲਈ ਮਜ਼ਾਕੀਆ ਇਨਸਾਨ ਨੂੰ ਆਪ ਵੀ ਮਜ਼ਾਕ ਸਹਿਣ ਕਰਨ ਦੀ ਹਿੰਮਤ ਰੱਖਣੀ ਜ਼ਰੂਰੀ ਹੈ।

                 ਇੱਕ ਵਾਰ ਇੱਕ ਪਿੰਡ ਦੀ ਕੁੜੀ ਨੂੰ ਸ਼ਹਿਰ ਵਿੱਚ ਨੌਕਰੀ ਮਿਲ ਗਈ। ਹੁਣ ਉਹ ਵਿਚਾਰੀ ਨਵੀਆਂ ਸਹੂਲਤਾਂ ਤੋਂ ਸੱਖਣੀ ਸੀ। ਘਰ ਵਿੱਚ ਗੁਸਲਖਾਨੇ ਦੇ ਵਿੱਚ ਅੰਗਰੇਜ਼ੀ ਦੀ ਥਾਂ ਦੇਸੀ ਸੀਟ ਸੀ। ਉਹ ਪੜ੍ਹੀ ਵੀ ਸਰਕਾਰੀ ਸਕੂਲਾਂ ਵਿੱਚ ਸੀ ਤੇ ਉੱਥੇ ਵੀ ਉਹੀਓ ਦੇਸੀ ਗੁਸਲਖਾਨੇ ਸਨ। ਇਸ ਕਰਕੇ ਨਵੀਂ ਨੌਕਰੀ ਵਾਲ਼ੀ ਥਾਂ ਅੰਗਰੇਜ਼ੀ ਗੁਸਲਖਾਨਾ ਉਹਨੂੰ ਵਰਤਣਾ ਨਾ ਆਇਆ। ਨਾਲ਼ ਦੀਆਂ ਸਹੇਲੀਆਂ ਨੂੰ ਬਹੁਤ ਜਲਦੀ ਓਹਦੀ ਇਹ ਕਮਜ਼ੋਰੀ ਸਮਝ ਆ ਗਈ ਤੇ ਬੱਸ ਫੇਰ ਕੀ ਸੀ, ਲੱਗੀਆਂ ਨਿੱਤ ਉਸਦਾ ਮਜ਼ਾਕ ਉਡਾਉਣ। ਉਹ ਵਿਚਾਰੀ ਵੀ ਸਮਝਦੀ ਸੀ ਕਿ ਇਹ ਸੱਭ ਗੱਲਾਂ ਮੈਨੂੰ ਹੀ ਸੁਣਾਉਂਦੀਆਂ ਹਨ ਪਰ ਉਹ ਚੁੱਪ ਕਰਕੇ ਸੁਣਦੀ ਰਹਿੰਦੀ। ਹੌਲ਼ੀ ਹੌਲ਼ੀ ਉਸ ਕੁੜੀ ਨੇ ਆਪਣੇ ਆਪ ਨੂੰ ਨਵੀਆਂ ਸਹੂਲਤਾਂ ਅਨੁਸਾਰ ਤਾਂ ਢਾਲ ਲਿਆ ਪਰ ਨਾਲਦੀਆਂ ਦਾ ਮਜ਼ਾਕ ਉਹਨੂੰ ਹਮੇਸ਼ਾਂ ਯਾਦ ਆਉਂਦਾ। ਤੇ ਉਹ ਅਕਸਰ ਸੋਚਦੀ ਕਿ ਜੇ ਮੇਰੀ ਥਾਂ ਕੋਈ ਹੋਰ ਕਮਜ਼ੋਰ ਦਿਲ ਕੁੜੀ ਹੁੰਦੀ ਤਾਂ ਸ਼ਾਇਦ ਨੌਕਰੀ ਛੱਡ ਦਿੰਦੀ। ਪਰ ਉਹਦੀਆਂ ਸਹੇਲੀਆਂ ਨੂੰ ਉਸਨੂੰ ਸਹੀ ਤਰੀਕੇ ਨਾਲ਼ ਸਿਖਾਉਣਾ ਚਾਹੀਦਾ ਸੀ ਨਾ ਕਿ ਉਹਦਾ ਬੇਮਤਲਬ ਮਜ਼ਾਕ ਉਡਾਉਣਾ। 

                  ਕੁੱਝ ਲੋਕ ਦੂਸਰਿਆਂ ਨੂੰ ਹਸਾਉਂਦੇ ਹਨ। ਉਹ ਨਿਰਦੋਸ਼ ਮਜ਼ਾਕ ਕਰਦੇ ਹਨ। ਉਹਨਾਂ ਦਾ ਕੰਮ ਹੀ ਹੱਸਣਾ-ਹਸਾਉਣਾ ਹੁੰਦਾ ਹੈ।ਪਰ ਉਹਨਾਂ ਦਾ ਇਹ ਕੰਮ ਤਦ ਤੱਕ ਹੀ ਕਾਮਯਾਬ ਹੁੰਦਾ ਹੈ ਜਦ ਤੱਕ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ। ਮਾੜੀ ਜਿਹੀ ਜ਼ੁਬਾਨ ਫਿਸਲੀ ਤੇ ਨਾਲ਼ ਹੀ ਸਾਰੀ ਜ਼ਿੰਦਗੀ ਦੀ ਕੀਤੀ ਕਰਾਈ ਤੇ ਪਾਣੀ ਫਿਰ ਜਾਂਦਾ ਹੈ। ਇਸ ਲਈ ਮਜ਼ਾਕ ਕਰੋ ਪਰ ਮਜ਼ਾਕ ਕਰਕੇ ਮਜ਼ਾਕ ਦੇ ਪਾਤਰ ਨਾ ਬਣੋ। ਲੋਕਾਂ ਨੂੰ ਹਸਾਉਣਾ ਬਹੁਤ ਸੋਹਣੀ ਗੱਲ ਹੈ ਪਰ ਮਜ਼ਾਕ ਕਰਕੇ ਕਿਸੇ ਨੂੰ ਨੀਵਾਂ ਨਾ ਦਿਖਾਉ।

                  ਸੱਭ ਤੋਂ ਪਿਆਰੀ ਗੱਲ ਹੈ ਕਿ ਚਿਹਰੇ ਤੇ ਮੁਸਕਾਨ ਰੱਖੋ। ਤੁਹਾਨੂੰ ਦੇਖ ਕੇ ਪਤਾ ਨਹੀਂ ਕਿੰਨਿਆਂ ਦੇ ਚਿਹਰੇ ਖਿੜ ਜਾਂਦੇ ਹਨ। ਨਿਰਦੋਸ਼ ਮਜ਼ਾਕ ਕਰ ਸਕਦੇ ਹਾਂ ਪਰ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਮਜ਼ਾਕ ਕਰਨਾ ਤੇ ਮਜ਼ਾਕ ਉਡਾਉਣਾ ਦੋਵੇਂ ਵੱਖੋ-ਵੱਖਰੇ ਅਰਥ ਰੱਖਦੇ ਹਨ।

                  ਸੋ ਆਓ ਇਸ ਦੁਨੀਆਂ ਨੂੰ ਪਿਆਰ ਨਾਲ ਭਰੀਏ, ਹਾਸੇ ਖੇੜੇ ਵੰਡੀਏ। ਬੱਸ ਧਿਆਨ ਇਹ ਰੱਖਣਾ ਹੈ ਕਿ ਸਾਡਾ ਹਾਸਾ-ਮਜ਼ਾਕ ਜੀਵਨ ਦੇਣ ਵਾਲਾ ਹੋਵੇ ਜੀਵਨ ਖੋਹਣ ਵਾਲਾ ਨਹੀਂ।

 

ਮਨਜੀਤ ਕੌਰ ਧੀਮਾਨ, ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059