ਪੰਜਾਬ

ਚਾਲੀ ਮੁਕਤਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ

ਮਾਘੀ ਦੇ ਸ਼ਹੀਦੀ ਜੋੜ ਮੇਲੇ ਤੇ ਮਨੁਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ
ਲੁਧਿਆਣਾ, 15 ਜਨਵਰੀ, (ਕਰਨੈਲ ਸਿੰਘ ਐੱਮ.ਏ.)- ਮਾਘੀ ਦੇ ਸਾਲਾਨਾ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਟਿੱਬੀ ਸਾਹਿਬ, ਫਰੀਦਕੋਟ ਵਿਖੇ ਚਾਲੀ ਮੁਕਤਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 600ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸਮੇਂ ਖੂਨਦਾਨ ਕੈਂਪ ਦੀ ਆਰੰਭਤਾ ਕਰਦਿਆ ਜਥੇਦਾਰ ਸੁਖਪਾਲ ਸਿੰਘ ਮੁੱਖ ਸੇਵਾਦਾਰ ਪੰਥ ਅਕਾਲੀ ਮਾਲਵਾ ਤਰਨਾਦਲ ਨੇ ਸ਼ਹੀਦਾਂ ਦੀ ਯਾਦ ਵਿਚ ਮਨੁਖਤਾ ਦੇ ਭਲੇ ਲਈ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਅਤੇ ਜਥੇਦਾਰ ਬਾਬਾ ਸੁਖਪਾਲ ਸਿੰਘ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੋਸਲਾ ਅਫ਼ਜ਼ਾਈ ਕਰਦਿਆਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਰਜਿ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਖੂਨਦਾਨ ਕੈਂਪ ਵਿੱਚ ਦੇ ਨਿੱਘੇ ਸਹਿਯੋਗ ਦਾ ਬੀ.ਟੀ.ਓ ਡਾ: ਚੇਤਨ ਖੁਰਾਣਾ ਸਿਵਿਲ ਹਸਪਤਾਲ ਮਲੋਟ ਅਤੇ ਉਹਨਾਂ ਦੀ ਟੀਮ ਦਿਲੋ ਧੰਨਵਾਦ ਕੀਤਾ। ਇਸ ਮੌਕੇ ਤੇਮੀਤ ਮੈਨੇਜਰ ਸੁਖਦੇਵ ਸਿੰਘ, ਬਲਜੀਤ ਸਿੰਘ ਉਰਫ ਬੁਧ ਸਿੰਘ ਖਾਲਸਾ,ਜੱਥੇ:ਮਦਨ ਸਿੰਘ,ਹੈਡ ਗ੍ਰੰਥੀ ਸਤਵੰਤ ਸਿੰਘ, ਜਥੇਦਾਰ ਜਗਸੀਰ ਸਿੰਘ,ਭਾਈ ਸੇਵਕ ਸਿੰਘ, ਨਿਸ਼ਾਨ ਸਿੰਘ, ਜਪਨਾਮ ਸਿੰਘ,ਗਿਰਦੌਰ ਸਿੰਘ,ਮਨਿੰਦਰਪ੍ਰੀਤ ਸਿੰਘ, ਨਰਦੀਪ ਸਿੰਘ, ਸਰਬਜੀਤ ਸਿੰਘ ਫਰੀਦਕੋਟ,ਜਸਪਾਲ ਸਿੰਘ ਚੂੰਗ ਹਾਜ਼ਰ ਸਨ।

 

26 ਜਨਵਰੀ ਨੂੰ ਅਤਲਾ ਖੁਰਦ ਵਿਖੇ ਮਨਾਇਆ ਜਾਵੇਗਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ - ਅਤਲਾ   

       ਭੀਖੀ, 15 ਜਨਵਰੀ ( ਕਮਲ ਜਿੰਦਲ ) ਅਨੌਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ 26 ਜਨਵਰੀ ਨੂੰ ਸਵੇਰੇ 8 ਵਜੇ ਤੋਂ 11 ਵਜੇ ਤੱਕ ਪਿੰਡ ਅਤਲਾ ਖੁਰਦ ਗੁਰੂਦਵਾਰਾ ਸੰਤ ਬਾਬਾ ਲੱਖਾ ਸਿੰਘ ਜੀ ਅਤੇ ਸੰਤ ਬਾਬਾ ਅਤਰ ਸਿੰਘ ਅਤਲੇ ਵਾਲਿਆਂ ਦੀ ਯਾਦਗਾਰ ਸਥਾਨ ਵਿਖੇ ਮਨਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਸਵੇਰੇ 8 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਉਪਰੰਤ ਬਾਬਾ ਅਵਤਾਰ ਸਿੰਘ ਸਾਧਾਵਾਲੇ ਧਾਰਮਿਕ ਦਿਵਾਨ ਸਜਾਉਣਗੇ ਇਸ ਮੌਕੇ ਕੇਸਾਧਾਰੀ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਦਾ ਸਨਮਾਨ ਕੀਤਾ ਜਾਵੇਗਾ।ਇਸ ਨਾਲ ਹੀ ਸਿੱਖ ਸਘੰਰਸ਼ ਵਿੱਚ ਯੋਗਦਾਨ ਪਾਉਣ ਵਾਲੇ ਅਤੇ ਕਿਸਾਨ ਸਘੰਰਸ਼ ਵਿੱਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਸ੍ਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ,ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ ਦਲੇਰ ਸਿੰਘ ਡੋਡ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਿਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕਰਦਿਆਂ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ।

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਅਚਾਨਕ ਵਿਧਾਇਕਾ ਮਾਣੂੰਕੇ ਦੇ ਘਰ ਪੁੱਜੇ

ਪਰਿਵਾਰਕ ਮੈਂਬਰਾਂ ਤੇ ਵਲੰਟੀਅਰਾਂ ਨੇ ਕੀਤਾ ਭਰਵਾਂ ਸਵਾਗਤ

ਜਗਰਾਉਂ,15 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਪੰਜਾਬ ਸਰਕਾਰ ਦੇ ਸਮਾਜਿੱਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ, ਸਮਾਜਿੱਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਅੱਜ ਅਚਾਨਕ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਘਰ ਪਹੁੰਚੇ। ਜਿੱਥੇ ਪਰਿਵਾਰਕ ਮੈਂਬਰਾਂ ਦੇ ਆਮ ਆਦਮੀ ਪਾਰਟੀ ਦੇ ਵਲੰਟੀਆਂ ਵੱਲੋਂ ਵਿਧਾਇਕਾ ਮਾਣੂੰਕੇ ਦੀ ਅਗਵਾਈ ਹੇਠ ਮੰਤਰੀ ਸਾਹਿਬਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਨਮਾਨ ਚਿੰਨ ਨਾਲ ਵੀ ਨਿਵਾਜਿਆ। ਇਸ ਮੌਕੇ ਮੰਤਰੀ ਡਾ.ਬਲਜੀਤ ਕੌਰ ਨੇ ਆਖਿਆ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਬਚਨਵੱਧ ਹੈ। ਡਾ.ਬਲਜੀਤ ਕੌਰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਵਾਸਤੇ ਮਿਆਰੀ ਪੌਸਟਿਕ ਅਹਾਰ ਉਪਲੱਬਧ ਕਰਵਾਇਆ ਜਾ ਰਿਹਾ ਹੈ, ਬੁਢਾਪਾ, ਵਿਧਵਾ ਅਤੇ ਅਪਾਹਜਾਂ ਵਾਸਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਆਗਨਵਾੜੀਆਂ ਰਾਹੀਂ ਛੇ ਸਾਲ ਤੱਕ ਦੇ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਦਾ ਇਲਾਜ਼ ਕਰਵਾਇਆ ਜਾ ਰਿਹਾ ਹੈ। ਮੰਤਰੀ ਡਾ.ਬਲਜੀਤ ਕੌਰ ਨੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਣੂੰਕੇ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਵਿਧਾਇਕਾ ਮਾਣੂੰਕੇ ਆਪਣੇ ਹਲਕੇ ਤੋਂ ਇਲਾਵਾ ਹੋਰਨਾਂ ਹਲਕਿਆਂ ਦੀਆਂ ਧੀਆਂ ਦੇ ਵੀ ਘਰੇਲੂ ਝਗੜੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੱਲ ਕਰਵਾ ਰਹੇ ਹਨ ਅਤੇ ਬਹੁਤ ਸਾਰੀਆਂ ਧੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਮੁੜ ਵਸਾਇਆ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਲਗਾਤਾਰ ਲੋਕ ਭਲਾਈ ਸਕੀਮਾਂ ਲੈ ਕੇ ਆ ਰਹੀ ਹੈ ਅਤੇ ਲੋਕਾਂ ਦੇ ਛੇ ਸੌ ਯੂਨਿਟ ਤੱਕ ਬਿਜਲੀ ਬਿਲ ਮੁਆਫ਼ ਕਰਨ ਤੋਂ ਬਾਅਦ 18 ਸਾਲ ਤੋਂ ਵੱਧ ਉਮਰ ਦੀਆਂ ਘਰੇਲੂ ਔਰਤਾਂ ਲਈ ਇੱਕ ਹਜ਼ਾਰ ਰੁਪਏ ਮਹੀਨਾਂ ਦੇਣ ਲਈ ਵੀ ਤਿਆਰੀ ਕਰ ਰਹੀ ਹੈ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਰਛਪਾਲ ਸਿੰਘ ਚੀਮਨਾਂ, ਪਰਮਜੀਤ ਸਿੰਘ ਚੀਮਾਂ, ਅਮਰਦੀਪ ਸਿੰਘ ਟੂਰੇ, ਡਾ.ਮਨਦੀਪ ਸਿੰਘ ਸਰਾਂ, ਗੁਰਪ੍ਰੀਤ ਸਿੰਘ ਨੋਨੀ, ਮੁਖਤਿਆਰ ਸਿੰਘ ਮਾਣੂੰਕੇ, ਰਾਕੇਸ਼ ਸਿੰਗਲਾ, ਸਨੀ ਬੱਤਰਾ, ਹਰਜੀਤ ਸਿੰਘ ਕਾਉਂਕੇ, ਸੋਨੀ ਕਾਉਂਕੇ, ਘੋਲਾ ਸਿੰਘ, ਪੂਰਨ ਸਿੰਘ ਕਾਉਂਕੇ, ਜਸਵਿੰਦਰ ਸਿੰਘ ਛਿੰਦੀ, ਜਗਦੇਵ ਸਿੰਘ ਜੱਗਾ, ਸਤਵੰਤ ਸਿੰਘ, ਦੀਪਕ ਕੁਮਾਰ ਲੁਧਿਆਣਾ, ਸੁਨੀਲ ਕੁਮਾਰ ਲੁਧਿਆਣਾ, ਜਸਵਿੰਦਰ ਸਿੰਘ ਲੋਪੋ ਆਦਿ ਵੀ ਹਾਜ਼ਰ ਸਨ।

15 ਜਨਵਰੀ 1766 ਦਾ ਇਤਿਹਾਸ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਨੇ ਹਮੀਦ ਖ਼ਾਨ ਨੂੰ ਮਾਰ ਕੇ ਗੁਜਰਾਂਵਾਲਾ ਤੇ ਕਬਜ਼ਾ ਕੀਤਾ

ਸਰਦਾਰ ਚੜਤ ਸਿੰਘ ਸ਼ੁਕਰਚਕੀਆ ਨੇ 15 ਜਨਵਰੀ,1766 ਹਮੀਦ ਖ਼ਾਨ ਨੂੰ ਮਾਰ ਕੇ ਗੁਜਰਾਵਾਲਾ ਤੇ ਕਬਜ਼ਾ ਕਰ ਲਿਆ।18ਵੀਂ ਸਦੀ ਦੇ ਦੌਰਾਨ ਪੰਜਾਬ ਦੀਆਂ 12 ਸਿੱਖ ਮਿਸਲਾਂ ਵਿੱਚੋਂ  ਸ਼ੁੱਕਰਚੱਕੀਆ ਮਿਸਲ ਇੱਕ ਪ੍ਰਮੁੱਖ ਮਿਸਲ ਸੀ ਜੋ ਪੱਛਮੀ ਪੰਜਾਬ ਦੇ ਗੁਜਰਾਂਵਾਲਾ ਅਤੇ ਹਾਫ਼ਜ਼ਾਬਾਦ ਜ਼ਿਲ੍ਹਿਆਂ ਵਿੱਚ ਕੇਂਦਰਿਤ ਸੀ।ਸ਼ੁਕਰਚੱਕੀਆ ਮਿਸਲ ਦਾ ਸਮਾਂ 1716 ਤੋਂ 1801 ਤੱਕ ਦਾ ਹੈ, ਉਪਰੰਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕਠਿਆਂ ਕਰ ਦਿੱਤਾ ਸੀ। 18ਵੀਂ ਸਦੀ ਦੇ ਅੱਧ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਸਾਰੀਆਂ ਸਿੱਖ ਮਿਸਲਾਂ ਇਕਮੁੱਠ ਕਰਕੇ ਜਦੋਂ ਪੰਜਾਬ ਵਿੱਚ ਇੱਕ ਆਜ਼ਾਦ ਰਾਜ ਕਾਇਮ ਕੀਤਾ ਤਾਂ ਸਾਰੀਆਂ ਮਿਸਲਾਂ ਦੀ ਹੋਂਦ ਖ਼ਤਮ ਹੋ ਗਈ। ਸ਼ੁਕਰਚੱਕੀਆ ਮਿਸਲ ਦਾ ਮੋਢੀ ਸ਼ੁਕਰਚੱਕ ਦਾ ਰਹਿਣ ਵਾਲਾ ਇਕ ਗੁਰਸਿੱਖ ਦੇਸੂ ਸੀ। ਸ਼ੁਕਰਚੱਕ ਲਾਹੌਰ ਤੋਂ 17 ਕਿਲੋਮੀਟਰ ਦੂਰ ਇੱਕ ਪਿੰਡ ਹੈ।ਇਸੇ ਕਰਕੇ ਇਸ ਮਿਸਲ ਦਾ ਨਾਂ ਸ਼ੁਕਰਚੱਕੀਆ ਮਿਸਲ ਪੈ ਗਿਆ। 1716 ਵਿਚ ਭਾਈ ਦੇਸੂ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਨੌਧ ਸਿੰਘ ਸ਼ੁਕਰਚੱਕੀਆ ਦਾ ਸਰਦਾਰ ਬਣਿਆ। 1752 ਵਿੱਚ ਸਰਦਾਰ ਨੌਧ ਸਿੰਘ ਮੌਤ ਹੋ ਗਈ ਅਤੇ ਉਸਤੋਂ ਬਾਅਦ ਉਸਦੇ ਪੁੱਤਰ ਸਰਦਾਰ ਚੜ੍ਹਤ ਸਿੰਘ ਨੇ ਇਸ ਮਿਸਲ ਦੀ ਕਮਾਨ ਸੰਭਾਲੀ। ਸਰਦਾਰ ਚੜ੍ਹਤ ਸਿੰਘ ਦਾ ਅਨੰਦ ਕਾਰਜ ਗੁਜਰਾਂਵਾਲਾ ਦੇ ਇੱਕ ਤਾਕਤਵਰ ਅਤੇ ਅਣਖੀਲੇ ਸਿੱਖ ਘਰਾਣੇ ਦੇ ਯੋਧਾ ਸਰਦਾਰ ਅਮੀਰ ਸਿੰਘ ਦੀ ਬੇਟੀ ਬੀਬੀ ਦੇਸਾਂ ਕੌਰ ਨਾਲ ਹੋਇਆ, ਜਿਸ ਨਾਲ ਸਰਦਾਰ ਚੜ੍ਹਤ ਸਿੰਘ ਦੀ ਹੋਰ ਤਕੜੀ ਚੜਤ ਹੋ ਗਈ। ਇਸ ਤੋਂ ਬਾਅਦ ਫੇਰ ਚੜ੍ਹਤ ਸਿੰਘ ਨਿਪੁੰਨ ਇੱਕ ਜੇਤੂ ਦੇ ਤੌਰ ਤੇ ਨਿੱਤਰੇ ਅਤੇ ਉਨ੍ਹਾਂ ਨੇ ਕਈ ਰਿਆਸਤਾਂ ਦੇ ਨਾਲ ਲੋਹਾ ਲਿਆ । 15 ਜਨਵਰੀ,1766 ਵਾਲੇ ਦਿਨ ਸਰਦਾਰ ਚੜਤ ਸਿੰਘ ਸ਼ੁਕਰਚਕੀਆ ਜੀ ਨੇ ਹਮੀਦ ਖ਼ਾਨ ਨੂੰ ਮਾਰ ਕੇ 'ਗੁਜਰਾਵਾਲਾ' ਤੇ ਕਬਜ਼ਾ ਕਰ ਲਿਆ ।

ਪਛਤਾਵਾ ✍️ ਹਰਪ੍ਰੀਤ ਕੌਰ ਸੰਧੂ

ਚੰਗੇ ਭਲੇ ਬੰਦੇ ਦੀ ਮੱਤ ਮਾਰੀ ਜਾਂਦੀ ਜਦੋਂ ਇਹਨਾਂ ਦੇ ਖੇਖਣ ਸ਼ੁਰੂ ਹੁੰਦੇ।ਬੜੀ ਵੇਰ ਇਹ ਵੇਖਿਆ ਸੀ ਕਿ ਜਦੋਂ ਵੀ ਕਿਤੇ ਮੀਤ ਬਾਰੇ ਕੋਈ ਵੀ ਗੱਲ ਕਰਦੇ ਤਾਂ ਜੀਤੋ ਪਹਿਲਾ ਹੀ ਰੌਲਾ ਪਾ ਬਹਿ ਜਾਂਦੀ। ਰਿਸ਼ਤੇ ਵਿੱਚ ਦੋਵੇਂ ਦਿਓਰ ਭਾਬੀ ਲੱਗਦੇ ਸਨ। ਮੀਤ ਦੀ ਘਰਦੀ ਸਭ ਸਮਝਦੀ ਪਰ ਚੁੱਪ ਰਹਿੰਦੀ। ਦਿਓਰ ਭਾਬੀ ਦਾ ਰਿਸ਼ਤਾ ਕਦੇ ਦਾ ਸਭ ਹੱਦ ਬੰਨੇ ਟੱਪ ਚੁੱਕਾ ਸੀ।ਜੀਤੋ ਦਾ ਘਰਵਾਲਾ ਜੋਗਾ ਨਸ਼ਾ ਪੱਤਾ ਲਾ ਕੇ ਪਿਆ ਰਹਿੰਦਾ। ਜੀਤੋ ਵਲੋ ਉਸ ਘੇਸਲ ਮਰ ਰੱਖੀ ਸੀ। ਜੀਤੋ ਨੇ ਆਪਣਾ ਰਾਹ ਮੀਤ ਰਾਹੀਂ ਲੱਭ ਲਿਆ ਸੀ। ਇਸ ਸਭ ਵਿਚ ਪਿਸ ਰਹੀ ਸੀ ਮੀਤ ਦੀ ਘਰਦੀ ਚੰਨੀ।ਚੰਨੀ ਸਭ ਦੇਖ ਵੀ ਚੁੱਪ ਰਹਿੰਦੀ। ਉਸਦੀਆਂ ਅੱਖਾਂ ਸਾਮ੍ਹਣੇ ਉਸਦਾ ਖਸਮ ਜੀਤੋ ਨਾਲ ਹੁੰਦਿਆਂ ਕਮਰਾ ਬੰਦ ਕਰ ਲੈਂਦਾ। ਸਬਰ ਦਾ ਘੁੱਟ ਭਰਨ ਤੋਂ ਇਲਾਵਾ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ।ਚੰਨੀ ਅੰਦਰੋ ਅੰਦਰ ਮਰ ਰਹੀ ਸੀ। ਓਹ ਆਪਣੇ ਆਪ ਨੂੰ ਘਰ ਦੇ ਕੰਮਾਂ ਵਿਚ ਉਲਝਾਈ ਰੱਖਦੀ। ਸੱਸ ਓਹਦੇ ਵਿਆਹ ਤੋ ਪਹਿਲਾ ਹੀ ਗੁਜ਼ਰ ਚੁੱਕੀ ਸੀ। ਸਹੁਰਾ ਅਕਸਰ ਖੇਤ ਹੀ ਡੇਰਾ ਲਾਈ ਰੱਖਦਾ। ਚੰਨੀ ਆਪਣਾ ਦੁੱਖ ਦੱਸਦੀ ਵੀ ਤਾਂ ਕਿਹਨੂੰ।ਜੁਵਾਕ ਵੀ ਸਹਿਮੇ ਜਿਹੇ ਰਹਿੰਦੇ। ਚੰਨੀ ਦਾ ਜੀਅ ਕਰਦਾ ਪੇਕੇ ਘਰ ਚਲੀ ਜਾਵੇ ਪਰ ਮਾਂ ਪਿਓ ਤੇ ਹੋਰ ਬੋਝ ਪਾਉਣਾ ਵੀ ਓਹਨੂੰ ਸਹੀ ਨਾ ਲੱਗਦਾ।ਜੀਤੋ ਦਾ ਹੌਂਸਲਾ ਵਧਦਾ ਹੀ ਜਾ ਰਿਹਾ ਸੀ। ਜਿਹੜੀਆਂ ਹਰਕਤਾਂ ਪਰਦੇ ਵਿੱਚ ਸਨ ਹਨ ਆਮ ਨਸ਼ਰ ਹੋਣ ਲੱਗੀਆਂ। ਪਿੰਡ ਦੇ ਲੋਕ ਵੀ ਸਭ ਜਾਣਦੇ ਸੀ। ਮੂੰਹ ਤੇ ਕੋਈ ਕੁਝ ਨਾ ਕਹਿੰਦਾ ਪਰ ਪਿੱਠ ਪਿੱਛੇ ਸਭ ਛੱਜ ਚ ਪਾ ਛਟਦੇ।ਜੋਗੇ ਨੂੰ ਆਪਣੇ ਨਸ਼ੇ ਤੋਂ ਅੱਗੇ ਕੁਝ ਨਾ ਦਿਸਦਾ। ਓਹ ਹੁਣ ਘਰੋ ਚੋਰੀ ਸਮਾਨ ਚੁੱਕ ਵੇਚ ਦਿੰਦਾ। ਮੀਤ ਹੀ ਖੇਤੀ ਦਾ ਕੰਮ ਦੇਖਦਾ। ਬਾਪੂ ਸਭ ਵੇਖਦਾ ਤੇ ਸਮਝਦਾ ਸੀ। ਓਸਨੇ ਜੋਗੇ ਨੂੰ ਰੋਕਣ ਦੀ ਬਹੁਤ ਕੌਸ਼ਿਸ਼ ਕੀਤੀ ਪਰ ਨਸ਼ੇ ਦੇ ਡੰਗੇ ਕਿੱਥੇ ਹਟਦੇ।ਬਾਪੂ ਨੇ ਮੀਤ ਨਾਲ ਵੀ ਗੱਲ ਕੀਤੀ ਕਿ ਆਪਣੇ ਬੱਚਿਆਂ ਵੱਲ ਧਿਆਨ ਦੇਵੇ ਪਰ ਕਾਮ ਦੇ ਡੰਗੇ ਵੀ ਕਿੱਥੇ ਰੁਕਦੇ। ਘਰ ਹਰ ਪਾਸਿਓ ਤਬਾਹੀ ਵੱਲ ਜਾ ਰਿਹਾ ਸੀ  ਇਕ ਦਿਨ ਜੂਵਾਕ ਨੇ ਆਪਣੇ ਪਿਓ ਮੀਤ ਨੂੰ ਜੀਤੋ ਨਾਲ ਵੇਖ ਲਿਆ। ਓਸ ਭੱਜ ਕੇ ਆਕੇ ਮਾਂ ਨੂੰ ਦਸਿਆ। ਮਾਂ ਨੇ ਸੌ ਪੱਜ ਪਾਏ ਪਰ ਜੁਵਾਕ਼ ਕਾਹਨੂੰ ਮੰਨਦੇ। ਚੰਨੀ ਲਈ ਰਾਤ ਬਿਤਾਉਣੀ ਔਖੀ ਹੋ ਗਈ ਸਵੇਰੇ ਓਹ ਸੁਵਖਤੇ ਹੀ ਖੂਹ ਤੇ ਬਾਪੂ ਕੋਲ ਜਾ ਪਹੁੰਚੀ। ਅੱਖਾਂ ਨੀਵੀਆਂ ਕਰ ਬਾਪੂ ਨੂੰ ਸਾਰੀ ਗੱਲ ਦੱਸੀ। ਬਾਪੂ ਕਿਹੜਾ ਅਣਜਾਣ ਸੀ। ਓਸ ਦਿਲਾਸਾ ਦੇ ਚੰਨੀ ਨੂੰ ਘਰ ਤੋਰਿਆ। ਜੋਗੇ ਨੂੰ ਪਿੰਡ ਵਿੱਚੋ ਲੱਭ ਓਸ ਨੂੰ ਸਮਝਾਇਆ। ਦੋਹਾਂ ਵਿਚ ਤੂੰ ਤੂੰ ਮੈਂ ਮੈਂ ਹੋਈ ਤੇ ਜੋਗੇ ਨੇ ਸੋਟਾ ਚੁੱਕ ਬਾਪੂ ਦੇ ਸਿਰ ਵਿਚ ਮਾਰਿਆ। ਬਾਪੂ ਥਾਈ ਢੇਰ ਹੋ ਗਿਆ।ਪੁਲਿਸ ਨੇ ਜੋਗੇ ਨੂੰ ਹਿਰਾਸਤ ਵਿਚ ਲੈ ਲਿਆ।ਘਰ ਵਿਚ ਮਾਤਮ ਛਾ ਗਿਆ। ਚੰਨੀ ਨੂੰ ਪਛਤਾਵਾ ਸੀ ਕਿ ਬਾਪੂ ਨਾਲ ਗੱਲ ਹੀ ਨਾ ਕਰਦੀ। ਮੀਤ ਤੇ ਜੀਤੋ ਦਾ ਡਰ ਮੁੱਕ ਗਿਆ ਸੀ।ਚੰਨੀ ਦੀ ਘੁਟਨ ਵੱਧ ਰਹੀ ਸੀ। ਘਰ ਵਿਚ ਓਹ ਸਿਰਫ ਕੰਮ ਕਰਨ ਵਾਲੀ ਬਣ ਕੇ ਰਹਿ ਗਈ ਸੀ।ਆਖਿਰ ਇਕ ਦਿਨ ਅੱਕੀ ਨੇ ਫਾਹਾ ਲੈ ਲਿਆ। ਜਵਾਕ ਰੋ ਰੋ ਕਮਲੇ ਹੋ ਗਏ। ਮੀਤ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਹੁਣ ਇਹ ਸਾਰਾ ਧਿਆਨ ਖੇਤੀ ਤੇ ਬੱਚਿਆਂ ਵੱਲ ਦਿੰਦਾ। ਜੀਤੋ ਨੂੰ ਇਹ ਬਰਦਾਸ਼ਤ ਨਹੀਂ ਸੀ। ਇਹ ਘਰ ਦਾ ਕੋਈ ਕੰਮ ਨਾ ਕਰਦੀ। ਹਰ ਵੇਲੇ ਲੜਾਈ ਪਈ ਰੱਖਦੀ। ਇੱਕ ਦਿਨ ਉਸ ਦੀ ਜ਼ੁਬਾਨ ਜ਼ਿਆਦਾ ਹੀ ਚਲੀ। ਗੁੱਸੇ ਵਿਚ ਮੀਤ ਨੇ ਓਹਨੂੰ ਧੱਕਾ ਮਾਰਿਆ ਤਾਂ ਇਹ ਕੰਧ ਨਾਲ ਜਾ ਵੱਜੀ ਤੇ ਐਸੀ ਡਿੱਗੀ ਕਿ ਮੰਜੇ ਜੋਗੀ ਰਹਿ ਗਈ। ਹੁਣ ਉਹ ਆਪ ਮੁਥਾਜ ਸੀ। ਸਾਰਾ ਘਰ ਜਿਵੇਂ ਸਹਿਮ ਗਿਆ ਸੀ। ਦੋ ਜੀਅ ਦੁਨੀਆ ਚੋਂ ਚਲੇ ਗਏ ਤੇ ਇਕ ਜੇਲ ਵਿੱਚ ਸੀ। ਜੀਤੋ ਮੰਜੇ ਤੇ ਪਾਈ ਅਕਸਰ ਸੋਚਦੀ ਕਿ ਸਿਆਣੇ ਸਹੀ ਕਹਿੰਦੇ ਸੀ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ।ਮੀਤ ਨੇ ਬਾਪੂ ਵਾਂਗ ਖੇਤ ਡੇਰਾ ਲਾ ਲਿਆ ਸੀ। ਚੰਨੀ ਤੇ ਮੀਤ ਦੇ ਧੀ ਪੁੱਤ ਜੀਤੋ ਦੀ ਸੰਭਾਲ ਵੀ ਕਰਦੇ, ਘਰ ਦਾ ਕੰਮ ਵੀ ਤੇ ਪੜ੍ਹਦੇ ਵੀ ਸੀ। ਜੀਤੋ ਤੇ ਮੀਤ ਦੇ ਹੱਥ ਸਿਰਫ ਪਛਤਾਵਾ ਹੀ ਲਗਿਆ ਸੀ  ਜ਼ਿੰਦਗੀ ਆਪਣੀ ਚਾਲੇ ਚਲ ਰਹਿ ਸੀ।

 

ਹਰਪ੍ਰੀਤ ਕੌਰ ਸੰਧੂ

ਨਜ਼ਮ ✍️ ਅੰਜੂ ਸਾਨਿਆਲ

"ਉਹ" ਕੱਚਾ ਕੋਠਾ ਸੀ ਅਪਣਾ ਮਾਂਏਂ! ਕਿੰਨਾ ਪਿਆਰਾ!

ਇੱਕ ਪਾਸੇ ਸੀ ਘੜਾ ਘਰੋਟੀ ਤੇ ਨਾਲ ਚੌਂਕਾ ਸਚਿਆਰਾ।

 

ਤੈਨੂੰ ਮਿੱਟੀ  ਵਿਚ ਮਿੱਟੀ ਦੇਖ ਕੇ, ਸ਼ੌਕ ਸੀ ਮੈਨੂੰ ਚੜ੍ਹਿਆ।

ਮੈਂ ਵੀ ਚਾਅਵਾਂ ਨਾਲ  ਸੀ ਇੱਕ ਦਿਨ,ਚੁਲ੍ਹਾ ਚੌਂਕਾ ਘੜਿਆ।

 

 ਤੂੰ ਵੀ ਸੀ ਖੁਸ਼ ਹੋ ਕੇ, ਮਾਂਏਂ! ਮੈਨੂੰ ਗਲ਼ ਨਾਲ ਲਾਇਆ।

ਕਿਹਾ ਸੀ ਧੀਏ ! ਅੱਜ ਤੂੰ ਮੇਰਾ ਅੱਧਾ ਭਾਰ ਵੰਡਾਇਆ।

 

ਘਰ ਦੀ ਚੌਖਟ ਦੇ ਮੂਹਰੇ ਸੀ, ਖੂਹ ਦਾ ਜਗਤ ਨਿਆਰਾ।

ਖਿੜੀ ਦੁਪਹਿਰੇ ਢੁੱਕ ਜਾਂਦਾ ਸੀ ਖੂਹ ਉੱਤੇ ਪਿੰਡ ਸਾਰਾ।

 

ਢਾਕੇ ਲਾ ਕੇ ਘੜਾ ਜਦੋਂ ਮੁਟਿਆਰ ਕੋਈ ਸੀ ਆਉਂਦੀ।

ਹੁਸਨ ਜਵਾਨੀ ਤੱਕ ਕੇ,ਮਸਤੀ ਖੂਹ ਨੂੰ  ਸੀ ਨਸ਼ਿਆਉੰਦੀ।

 

ਅੱਧੀ ਛੁੱਟੀ ਖੂਹ ਦੀ ਰੌਣਕ, ਯਾਦ ਸੀ  ਮੈਨੂੰ  ਆਉਂਦੀ।

ਪਾਣੀ ਪੀਣ ਬਹਾਨੇ ਸੀ ਮੈਂ ਭੱਜ ਸਕੂਲੋਂ ਆਉਂਦੀ।

 

ਕੱਪੜੇ ਧੋਂਦਾ, ਪਾਣੀ ਢੋਂਦਾ ਸੀ ਸਖ਼ੀਆਂ ਦਾ ਟੋਲਾ।

ਹਾਸਾ ਠੱਠਾ ਵੀ ਕਰਦਾ ਸੀ, ਘੁੰਢ ਦਾ ਕਰਕੇ ਓਹਲਾ।

 

ਰਾਤ ਚਾਨਣੀ ਵਿੱਚ ਵੀ ਖੂਹ 'ਤੇ, ਹੁਸਨ ਸੀ ਰਹਿੰਦਾ ਮਘਦਾ।

ਸੁੰਨਾ ਖੂਹ ਮੈਂ ਜਦ ਤੱਕਦੀ ਹਾਂ, ਦਰਿਆ ਨੈਣੋਂ ਵਗਦਾ।

 

ਪੱਕੇ ਕੋਠੇ, ਪਾਏ "ਮਾਂ" ਕਿਉੰ ਵਿਹੜੇ ਕੰਧ ਉਸਾਰੀ।

ਸਾਂਝਾਂ ਨੇ ਦਮ ਤੋੜ ਦਿੱਤਾ, ਜਦ ਉੱਸਰੀ ਚਾਰ ਦਿਵਾਰੀ।

 

ਕੱਚੇ ਕੋਠੇ ਨਾਲ ਮੁਹੱਬਤ, ਸਾਰਾ ਟੱਬਰ ਪਲਿਆ।

ਖ਼ੁਸ਼ੀਆਂ ਖੇੜੇ, ਜੰਮ ਜੰਮ ਨੱਚੇ, ਘਰ ਬਾਬਲ ਦਾ ਫਲਿਆ।

 

ਤੰਗੀ ਤੁਰਸੀ ਸਿਰ 'ਤੇ ਝੱਲ ਕੇ,ਚੈਨ ਨਾਲ ਸੀ ਸੌਂਦੇ।

ਇੱਕ-ਦੂਜੇ ਦੇ ਦੁੱਖ 'ਚ ਸ਼ਾਮਿਲ, ਹਮਦਰਦੀ ਲੋਕ ਜਤਾਉਂਦੇ ।

 

ਵਕਤ ਤੇ ਹਾਲਾਤ ਬਦਲਗੇ, ਬਦਲ ਗਏ ਜਜ਼ਬਾਤ।

ਸੁੱਚੀਆਂ ਨੀਤਾਂ ਦੇ ਦਿਨ ਲੰਘੇ, ਚੜ੍ਹ ਗਈ ਕਾਲੀ ਰਾਤ।

 

ਪੱਕੀਆਂ ਕੰਧਾਂ ਕੱਚ ਕਮਾਇਆ, ਇਹ ਸੂਲਾਂ ਦਾ ਵਾੜਾ।

ਹੱਥਾਂ ਨਾਲੋਂ ਹੱਥ ਛੁਡਾ ਕੇ, ਮੰਗਣ ਲੱਗ ਪਏ ਭਾੜਾ।

 

ਕੱਚੇ ਕੋਠੇ ਢਾਹ ਕੇ ਬਣ ਗਏ,ਘਰ ਘਰ ਰੋਗ ਚੁਬਾਰੇ।

ਵਿੱਚ ਦਿਲਾਂ ਦੇ ਸਾੜੇ ਵੱਧ ਗਏ, ਵਿਸਰੇ ਯਾਰ ਪਿਆਰੇ।

 

ਠੀਕਰੀਆਂ ਦੇ ਯੁੱਗ ਨੇ ਮਾਏ! ਜਾਲ ਇਹ ਕੈਸਾ ਬੁਣਿਆ।

ਮਾਨਵਤਾ ਨੂੰ ਛੱਡ ਕੇ ਸਭ ਨੇ, ਠੀਕਰੀਆਂ ਨੂੰ ਚੁਣਿਆ।

 

ਅੰਜੂ ਸਾਨਿਆਲ 

ਅੰਦਰਲਾ ਇਨਸਾਨ ✍️ ਮਨਜੀਤ ਕੌਰ ਧੀਮਾਨ

 ਸੰਤੋਸ਼ ਦੇਵੀ..! ਦਫ਼ਤਰ ਦੇ ਅੰਦਰੋਂ ਆਵਾਜ਼ ਆਈ ਤਾਂ ਦਫ਼ਤਰ ਵਿੱਚ ਕੰਮ ਕਰਨ ਵਾਲ਼ੀ ਸੰਤੋਸ਼ ਅੰਦਰ ਚਲੀ ਗਈ।

       ਆਹ ਲਓ ਆਂਟੀ ਜੀ, ਤੁਹਾਡੀ ਇਸ ਮਹੀਨੇ ਦੀ ਤਨਖ਼ਾਹ। ਕਹਿ ਕੇ ਕਲਰਕ ਮੁੰਡੇ ਨੇ ਇੱਕ ਪੈਕੇਟ ਫੜਾ ਦਿੱਤਾ।

          ਪਰ.... ਪਰ.....! ਸੰਤੋਸ਼ ਦੇ ਬੁੱਲ੍ਹ ਕੁੱਝ ਕਹਿਣ ਲਈ ਹਿੱਲੇ।

          ਪਰ-ਪੁਰ, ਹਜੇ ਕੁੱਝ ਨਹੀਂ। ਤਨਖ਼ਾਹ ਵਧਾਉਣ ਦੀ ਗੱਲ ਤੁਸੀਂ ਬੌਸ ਨਾਲ਼ ਕਰਿਓ। ਹਜੇ ਮੇਰੇ ਕੋਲ ਬਿਲਕੁੱਲ ਸਮਾਂ ਨਹੀਂ। ਤੁਸੀਂ ਕਿਰਪਾ ਕਰਕੇ ਜਾਓ। ਹਜੇ ਮੈਂ ਬਾਕੀ ਕਰਮਚਾਰੀਆਂ ਨੂੰ ਵੀ ਤਨਖ਼ਾਹ ਦੇਣੀ ਹੈ। ਕਲਰਕ ਮੁੰਡੇ ਨੇ ਬਿਨਾਂ ਉਹਦੇ ਵੱਲ ਦੇਖਿਆ ਕਿਹਾ।

             ਸੰਤੋਸ਼ ਨੇ ਇੱਕ ਵਾਰ ਫ਼ੇਰ ਪੈਕੇਟ ਵੱਲ ਦੇਖਿਆ ਤੇ ਪੈਕੇਟ ਉੱਥੇ ਹੀ ਰੱਖ ਕੇ ਬਾਹਰ ਵੱਲ ਤੁਰ ਪਈ।

              ਆਂਟੀ, ਆਹ ਪੈਕੇਟ ਤਾਂ ਲੈ ਕੇ ਜਾਓ। ਮੁੰਡੇ ਨੇ ਆਵਾਜ਼ ਮਾਰੀ।

                ਹੁਣ ਸੰਤੋਸ਼ ਨੇ ਅਣਮੰਨੇ ਜਿਹੇ ਮਨ ਨਾਲ਼ ਪੈਕੇਟ ਚੁੱਕਿਆ ਤੇ ਕਾਹਲ਼ੀ ਨਾਲ਼ ਬਾਹਰ ਆ ਗਈ।

              ਕੀ ਹੋਇਆ? ਐਨੀ ਪਰੇਸ਼ਾਨ ਕਿਉਂ ਹੈ? ਤਨਖ਼ਾਹ ਮਿਲਣ ਤੇ ਲੋਕੀ ਖੁਸ਼ ਹੁੰਦੇ ਪਰ ਤੂੰ ਤਾਂ ਦੁੱਖੀ ਹੋ ਗਈ ਏਂ! ਨਾਲ਼ ਵਾਲ਼ੀ ਸਹੇਲੀ ਰਜਨੀ ਨੇ ਪੁੱਛਿਆ।

              ਉਹ ਤਾਂ ਸੱਭ ਠੀਕ ਹੈ ਪਰ..... ਸੰਤੋਸ਼ ਗੱਲ ਕਰਦੀ- ਕਰਦੀ ਚੁੱਪ ਕਰ ਗਈ।

              ਪਰ!....ਪਰ ਕੀ? ਦੱਸ ਤਾਂ ਸਹੀ, ਗੱਲ ਕੀ ਹੈ? ਰਜਨੀ ਨੇ ਜ਼ੋਰ ਪਾਇਆ।

              ਗੱਲ ਇਹ ਹੈ ਕਿ ਇਹ ਤਨਖ਼ਾਹ ਮੇਰੀ ਨਹੀਂ ਹੈ। ਸੰਤੋਸ਼ ਨੇ ਮਨ ਪੱਕਾ ਕਰਕੇ ਇੱਕਦਮ ਕਿਹਾ।

                ਹੈਂ...!ਤੇਰੀ ਨਹੀਂ? ਮਤਲਬ ਇਹ ਕਿਸੇ ਹੋਰ ਦੀ ਤਨਖ਼ਾਹ ਹੈ? ਪਰ ਕੀਹਦੀ? ਮੈਨੂੰ ਕੁੱਝ ਸਮਝ ਨਹੀਂ ਆ ਰਹੀ। ਤੂੰ ਚੰਗੀ ਤਰ੍ਹਾਂ ਦੱਸ। ਰਜਨੀ ਸੋਚਾਂ ਵਿੱਚ ਪੈ ਗਈ।

             ਓ... ਹੋ! ਕੀ ਹੋ ਗਿਆ ਤੈਨੂੰ? ਤੈਨੂੰ ਚੰਗਾ ਭਲਾ ਪਤਾ ਕਿ ਪਿੱਛਲੇ ਮਹੀਨੇ ਮੈਂ ਛੁੱਟੀ 'ਤੇ ਗਈ ਸੀ। ਤੇ ਇਹ ਪਿੱਛਲੇ ਮਹੀਨੇ ਦੀ ਹੀ ਤਨਖ਼ਾਹ ਹੈ। ਹੁਣ ਤੂੰ ਹੀ ਦੱਸ ਕਿ ਇਹ ਮੇਰੀ ਕਿਵੇਂ ਹੋਈ? ਸੰਤੋਸ਼ ਨੇ ਇੱਕੋ ਸਾਹੇ ਕਹਿ ਦਿੱਤਾ।

                ਅੱਛਾ! ਤਾਂ ਇਹ ਗੱਲ ਹੈ। ਤੂੰ ਵੀ ਨਾ ਬੱਸ ਕਮਲ਼ੀ ਹੈਂ। ਓਦਾਂ ਹਮੇਸ਼ਾਂ ਖਰਚੇ ਤੋਂ ਤੰਗ ਰਹਿੰਦੀ ਏ ਤੇ ਹੁਣ ਜੇ ਬੌਸ ਨੇ ਭੁਲੇਖ਼ੇ ਨਾਲ਼ ਤਨਖ਼ਾਹ ਦੇ ਹੀ ਦਿੱਤੀ ਤਾਂ ਤੈਨੂੰ ਕੀ ਹੈ? ਤੂੰ ਮਜ਼ੇ ਕਰ ਤੇ ਹਾਂ ਮੈਨੂੰ ਪਾਰਟੀ ਜ਼ਰੂਰ ਦੇਣੀ ਹੈ, ਸਮਝੀ! ਰਜਨੀ ਨੇ ਹੱਸਦਿਆਂ ਕਿਹਾ।

            ਰਜਨੀ ਦੀ ਗੱਲ ਸੁਣ ਕੇ ਸੰਤੋਸ਼ ਚੁੱਪ ਕਰ ਗਈ ਤੇ ਆਪਣੇ ਕੰਮ ਵਿੱਚ ਰੁੱਝ ਗਈ।         ਛੁੱਟੀ ਵੇਲ਼ੇ ਸੰਤੋਸ਼ ਨੇ ਅਚਾਨਕ ਉਹ ਪੈਕੇਟ ਆਪਣੇ ਪਰਸ ਵਿੱਚੋਂ ਕੱਢਿਆ ਤੇ ਅੰਦਰ ਜਾ ਕੇ ਕਲਰਕ ਮੁੰਡੇ ਨੂੰ ਸੋਪਦਿਆਂ ਕਿਹਾ, ਇਸ ਮਹੀਨੇ ਮੈਂ ਛੁੱਟੀ ਤੇ ਸੀ। ਸ਼ਾਇਦ ਗਲਤੀ ਨਾਲ ਤੁਸੀਂ ਮੈਨੂੰ ਤਨਖਾਹ ਦੇ ਦਿੱਤੀ ਹੈ। ਕਹਿ ਕੇ ਬਿਨਾਂ ਜਵਾਬ ਉਡੀਕੇ ਸੰਤੋਸ਼ ਬਾਹਰ ਨਿਕਲ਼ ਗਈ।

                ਮੋੜ ਹੀ ਆਈ ਫ਼ੇਰ! ਚੈਨ ਆ ਗਿਆ ਹੁਣ? ਰਜਨੀ ਨੇ ਉਹਨੂੰ ਅੰਦਰੋਂ ਆਉਂਦਿਆਂ ਦੇਖ ਕੇ ਪੁੱਛਿਆ।

          ਬਿਲਕੁੱਲ ਆ ਗਿਆ! ਅੜੀਏ ਮੈਂ ਤਾਂ ਬਹੁਤ ਮਨਾਇਆ ਪਰ ਆਹ ਅੰਦਰਲਾ ਇਨਸਾਨ ਨਹੀਂ ਮੰਨਿਆ। ਕਹਿ ਕੇ ਸੰਤੋਸ਼ ਹੱਸਦਿਆਂ ਹੋਇਆਂ ਪਰਸ ਚੁੱਕ ਘਰ ਨੂੰ ਤੁਰ ਪਈ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।     

ਬਾਬੇ ਭੰਗੜਾ ਪਾਉਂਦੇ ਨੇ ✍️ ਜਸਪਾਲ ਸਿੰਘ ਸਨੌਰ (ਪਟਿਆਲਾ)

ਸਮਾਜ ਵਿੱਚ ਗ੍ਰਹਿਸਤੀ ਦੇ ਹਰ ਇਕ ਕੰਮ ਨੂੰ ਕਰਨ ਲਈ ਇੱਕ ਉਮਰ ਹੁੰਦੀ ਹੈ ਅਤੇ ਹਰੇਕ ਕੰਮ ਉਮਰ ਦੇ ਹਿਸਾਬ ਨਾਲ ਹੀ ਸਮਾਜ ਵਿੱਚ ਚੰਗਾ ਲੱਗਦਾ ਹੈ। ਇੱਥੇ ਮੈਂ ਗੱਲ ਕਰਾਂਗਾ ਵੱਡੀ ਉਮਰ ਵਿਚ ਹੋਏ ਟਹਿਲ ਸਿੰਘ ਦੇ ਵਿਆਹ ਬਾਰੇ। ਸਰਦਾਰ ਟਹਿਲ ਸਿੰਘ ਦਾ ਜਨਮ 28 ਅਗਸਤ 1968 ਈਸਵੀ ਵਿੱਚ ਪੰਜਾਬ ਦੇ ਜਿਲ੍ਹੇ ਪਟਿਆਲਾ ਦੇ ਪਿੰਡ ਘਨੌਰ ਵਿਖੇ ਹੋਇਆ । ਉਸ ਦੇ ਪੰਜ ਦੋਸਤ ਜਿਨ੍ਹਾਂ ਦੇ ਨਾਮ ਰੁਲਦੂ ਸਿੰਘ, ਦੋਲਤ ਸਿੰਘ, ਧਰਮ ਸਿੰਘ, ਬਗੀਚਾ ਸਿੰਘ ਅਤੇ ਮੱਘਰ ਸਿੰਘ ਸਨ। ਟਹਿਲ ਸਿੰਘ ਦੇ ਦੋ ਵੱਡੇ ਭਰਾ ਅਤੇ ਦੋ ਛੋਟੀਆਂ ਭੈਣਾਂ ਸਨ। ਟਹਿਲ ਸਿੰਘ ਦੇ ਹਿੱਸੇ 6 ਕਿੱਲੇ ਜ਼ਮੀਨ ਆਉਂਦੀ ਸੀ। ਟਹਿਲ ਸਿੰਘ ਨੇ ਆਪਣੀ ਮੈਟ੍ਰਿਕ ਦੀ ਪੜ੍ਹਾਈ ਘਨੌਰ ਸਕੂਲ ਅਤੇ ਬਾਰਵੀਂ ਦੀ ਪ੍ਰੀਖਿਆ ਸਰਕਾਰੀ ਸਕੂਲ ਬਹਾਦਰਗੜ੍ਹ, ਪਟਿਆਲਾ ਤੋਂ ਕੀਤੀ। ਬਾਅਦ ਵਿਚ ਉਸ ਨੇ ਬੀ.ਏ. ਦੀ ਪੜ੍ਹਾਈ ਲਈ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਦਾਖਲਾ ਲਿਆ।

ਬਾਰ੍ਹਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਉਹ ਸਾਰੇ ਮਿੱਤਰ ਆਪਣੇ ਆਪਣੇ ਕੰਮ ਸਿੱਖਣ ਲੱਗ ਪਏ ਅਤੇ ਵਾਰੋ-ਵਾਰੀ ਉਸਦੇ ਪੰਜ ਮਿੱਤਰਾਂ ਦਾ ਵਿਆਹ ਹੋ ਗਿਆ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲੱਗ ਪਏ। ਪਰ ਟਹਿਲ ਸਿੰਘ ਦਾ ਇਰਾਦਾ ਸੀ ਕੀ ਉਹ ਜਿੰਦਗੀ ਵਿੱਚ ਸਰਕਾਰੀ ਨੌਕਰੀ ਕਰੇਗਾ। ਜਦੋਂ ਉਹ ਬੀ.ਏ. ਭਾਗ ਦੂਸਰਾ ਵਿੱਚ ਪੜ੍ਹ  ਰਿਹਾ ਸੀ ਤਾਂ ਉਸ ਨੇ ਫੌਜ ਦੀ ਨੌਕਰੀ ਬਾਰੇ ਅਰਜ਼ੀ ਦਿੱਤੀ ਅਤੇ ਉਹ ਫੌਜ ਵਿੱਚ ਭਰਤੀ ਹੋ ਗਿਆ। ਜਦੋਂ ਉਹ ਫੌਜ ਵਿਚ ਸੀ ਤਾਂ ਉਹ ਆਪਣੇ ਸਾਰੇ ਦੋਸਤਾਂ ਮਿੱਤਰਾਂ ਦੀ ਘਰ ਗ੍ਰਹਿਸਤੀ ਦੀ ਖਬਰ ਰੱਖਦਾ ਸੀ। ਉਸ ਦੇ ਦੋ ਦੋਸਤਾਂ ਬਗੀਚਾ ਸਿੰਘ ਅਤੇ ਧਰਮ ਸਿੰਘ ਦੀ ਆਪਣੇ ਪਰਵਾਰ ਵਿੱਚ ਬਿਲਕੁਲ ਨਹੀਂ ਬਣਦੀ ਸੀ ਜਿਸ ਕਾਰਨ ਉਸ ਦੇ ਦੋਸਤਾਂ ਦੇ ਘਰੇ ਹਮੇਸ਼ਾ ਕਲੇਸ਼ ਰਹਿੰਦਾ ਸੀ। ਘਰੇਲੂ ਕਲੇਸ਼ ਕਾਰਨ ਧਰਮ ਸਿੰਘ ਦੀ ਪਤਨੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਸੀ,  ਜਿਸ ਕਾਰਨ ਦੋਸਤ ਧਰਮ ਸਿੰਘ ਨੂੰ ਜੇਲ ਹੋ ਗਈ ਸੀ। ਬਗੀਚਾ ਸਿੰਘ ਦਾ ਆਪਣੀ ਪਤਨੀ ਨਾਲ ਕਲੇਸ਼ ਕਾਰਨ ਪੰਚਾਇਤੀ ਤਲਾਕ ਹੋ ਗਿਆ ਸੀ ਅਤੇ ਉਹ ਵਿਆਹ ਤੋਂ ਬਾਅਦ 11 ਸਾਲ ਤੋਂ ਅੱਡ ਅੱਡ ਰਹਿ ਰਹੇ ਸਨ। ਇਹੋ ਜਿਹੀਆਂ ਘਰ ਗ੍ਰਹਿਸਥੀ ਦੀਆਂ ਗੱਲਾਂ ਤੋਂ ਟਹਿਲ  ਸਿੰਘ ਬਹੁਤ ਦੁਖੀ ਰਹਿੰਦਾ ਸੀ ਅਤੇ ਉਹ ਸੋਚਦਾ ਹੁੰਦਾ ਸੀ ਕੀ ਉਹ ਜ਼ਿੰਦਗੀ ਦੇ ਵਿੱਚ ਵਿਆਹ ਨਹੀਂ ਕਰਵਾਏਗਾ , ਆਪਣੇ ਹੱਥੀਂ ਪਕਾਏਗਾ ਅਤੇ ਖਾਏਗਾ।

ਹੁਣ ਟਹਿਲ ਸਿੰਘ ਦੀ ਉਮਰ 52 ਸਾਲ ਦੀ ਹੋ ਗਈ ਸੀ ਅਤੇ ਉਹ ਫੌਜ ਵਿੱਚੋਂ ਰਿਟਾਇਰ ਹੋ ਕੇ ਆਪਣੇ ਭਾਈ ਭਰਜਾਈਆਂ ਅਤੇ ਭਤੀਜਿਆ ਨਾਲ ਪਿੰਡ ਦੇ ਘਰ ਵਿਚ ਆ ਕੇ ਰਹਿਣ ਲੱਗ ਪਿਆ। ਇਕ ਰਿਟਾਇਰਡ ਫੌਜੀ ਹੋਣ ਦੇ ਨਾਤੇ ਟਹਿਲ ਸਿੰਘ ਆਪਣੇ ਆਪ ਨੂੰ ਹੁਣ ਵੀ ਟਿਪ ਟੋਪ ਰੱਖਦਾ ਸੀ, ਉਹ ਆਪਣੀ ਦਾੜੀ ਕਾਲੀ ਕਰਦਾ ਅਤੇ ਸਾਫ ਸੁਥਰੀ ਪੈਂਟ ਕਮੀਜ਼ ਪਹਿਨਦਾ ਸੀ। ਡੇਢ ਕੁ ਮਹੀਨਾ ਉਸਦੇ ਭਤੀਜੇ ਉਹਦੇ ਨਾਲ ਠੀਕ ਵਰਤਾਰਾ ਕਰਦੇ ਰਹੇ ਪਰ ਬਾਅਦ ਵਿੱਚ ਉਸ ਦੀ ਗੱਲ ਵਿੱਚ ਕਿੰਤੂ ਪ੍ਰੰਤੂ ਲੱਗ ਪਏ, ਇਸ ਤੋਂ ਖਫ਼ਾ ਹੋ ਕੇ ਟਹਿਲ ਸਿੰਘ ਨੇ ਆਪਣੇ ਭਰਾਵਾਂ ਤੋਂ ਰੋਟੀ ਅੱਡ ਬਣਾਉਣ ਲੱਗ ਪਿਆ ਅਤੇ ਆਪਣੇ ਭਰਾਵਾਂ ਤੋਂ ਆਪਣੇ ਹਿੱਸੇ ਦੀ ਜ਼ਮੀਨ ਵੰਡਵਾਂ ਕੇ ਖੇਤੀ ਵੀ ਆਪ ਕਰਨ ਲੱਗ ਪਿਆ। ਟਹਿਲ ਸਿੰਘ ਆਪਣੇ ਘਰ ਦਾ ਆਪ ਆਪਣੇ ਹੱਥੀ ਝਾੜੂ-ਪੋਚਾ ਕਰਦਾ, ਆਪਣੇ ਲਈ ਆਪ ਰੋਟੀ ਬਣਾਉਂਦਾ ਅਤੇ ਆਪ ਕੱਪੜੇ ਧੋਂਦਾ ਸੀ। ਇਹ ਸਭ ਕੁਝ ਦੇਖ ਕੇ ਉਸਦੇ ਦੋਸਤ ਉਸ ਨੂੰ ਕਹਿਣ ਲੱਗੇ ਉਹ ਆਪਣੇ ਲਈ ਵਿਆਹ ਕਰਵਾ ਲਵੇ,  ਉਸ ਦੇ ਰਿਸ਼ਤੇਦਾਰ ਵੀ ਉਸ ਨੂੰ ਵਿਆਹ ਕਰਵਾਉਣ ਦੀ ਸਲਾਹ ਦੇਣ ਲੱਗ ਪਏ ਅਤੇ ਕਹਿਣ ਲੱਗ ਪਏ ਕਿ ਹੁਣ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗਾੜਿਆ। ਤੂੰ ਸਾਡੇ ਸਾਰਿਆਂ ਦੇ ਵਿਆਹਾਂ ਵਿਚ  ਨੱਚਿਆ ਕੁੱਦਿਆ ਹੈ ਸਾਡੇ ਵੀ ਤੂੰ ਤੇਰੇ ਵਿਆਹ ਵਿਚ ਭੰਗੜੇ  ਪੁਆ ਦੇ,  ਨਾਲ ਉਹ ਇਹ ਵੀ ਕਹਿੰਦੇ ਜੇਕਰ ਤੂੰ ਵਿਆਹ ਨਹੀਂ ਕਰਵਾਏਗਾ ਤਾਂ ਤੇਰੇ ਵਾਲੀ ਜਮੀਨ ਉਸ ਦੇ ਭਾਈ ਭਤੀਜੇ ਵਰਤਣਗੇ। ਹੁਣ ਟਹਿਲ ਸਿੰਘ ਸੋਚਣ ਲੱਗ ਪਿਆ ਸੀ ਜੇ ਉਸਨੇ ਜਵਾਨੀ ਵੇਲੇ ਵਿਆਹ ਕਰਵਾਇਆ ਹੁੰਦਾ ਤਾਂ ਉਸਦੇ ਘਰ ਨੂੰ ਸਾਂਭਣ ਵਾਲਾ ਵੀ ਅੱਜ ਕੋਈ ਨਾ ਕੋਈ ਹੁੰਦਾ। ਅਤੇ ਆਪਣੇ ਦੋਸਤਾਂ ਦੇ ਵਾਂਗ ਉਸਦੇ ਵੀ ਆਪਣੇ ਧੀਆਂ ਪੁੱਤਰਾਂ ਵਾਲਾ ਹੁੰਦਾ।

ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਕਹਿਣ ਤੇ ਟਹਿਲ ਸਿੰਘ ਮੰਨ ਗਿਆ ਅਤੇ ਹੁਣ ਸਾਰੇ ਟਹਿਲ ਸਿੰਘ ਲਈ ਜੀਵਣ ਸਾਥੀ ਲੱਭਣ ਲੱਗ ਪਏ। ਪਰ ਇਸ ਉਮਰ ਵਿੱਚ ਟਹਿਲ ਸਿੰਘ ਲਈ ਜੀਵਨ ਸਾਥੀ ਲੱਭਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਕਿਉਂਕਿ ਉਸ ਦੀ ਉਮਰ 52 ਸਾਲ ਤੋਂ ਉੱਪਰ ਹੋ ਚੁੱਕੀ ਸੀ। ਵਿਚੋਲਿਆ ਅਤੇ ਰਿਸਤੇਦਾਰਾ ਨੇ ਬਥੇਰੀਆਂ ਜੁੱਤੀਆਂ ਘਸਾਈਆਂ। ਆਖਰਕਾਰ ਉਤਰ ਪ੍ਰਦੇਸ਼ ਦਾ ਇੱਕ ਪਰਿਵਾਰ ਆਪਣੇ ਵਿਧਵਾ ਲੜਕੀ ਦੇ ਵਿਆਹ ਲਈ ਤਿਆਰ ਹੋ ਗਿਆ ਜਿਸ ਦੀ ਉਮਰ 43 ਕੁ ਸਾਲ ਸੀ ਅਤੇ ਉਸ ਕੋਲ ਇੱਕ 13 ਸਾਲ ਦੀ ਬੇਟੀ ਸੀ। ਪਹਿਲਾਂ ਤਾਂ ਟਹਿਲ ਸਿੰਘ ਇਸ ਪ੍ਰਤੀ ਨਾਂਹ ਨੁੱਕਰ ਕਰਦਾ ਰਿਹਾ ਪਰ ਬਾਅਦ ਵਿੱਚ ਰਾਜ਼ੀ ਹੋ ਗਿਆ। ਪਰੰਤੂ ਟਹਿਲ ਸਿੰਘ ਦੇ ਭਰਾ ਅਤੇ ਭਰਜਾਈਆਂ ਇਹ ਸੁਣ ਕੇ ਹੱਕੀਆਂ ਬੱਕੀਆਂ ਰਹਿ ਗਈਆਂ ਅਤੇ ਇਸ ਰਿਸ਼ਤੇ ਬਾਰੇ ਭਾਨੀ ਮਾਰਨ ਲੱਗ ਪਈਆਂ ਕਿਉਂਕਿ ਟਹਿਲ ਸਿੰਘ ਦੀ ਜ਼ਮੀਨ  ਉਹਨਾਂ ਦੇ ਹੱਥੋਂ ਖਿਸਕਦੀ ਨਜ਼ਰ ਆ ਰਹੀ ਸੀ। ਹੁਣ ਟਹਿਲ ਸਿੰਘ ਨੂੰ ਵੀ ਸਮਝ ਆ ਰਹੀ ਸੀ ਅਤੇ ਉਹ ਆਪਣੇ ਚਾਰ ਪੰਜ ਰਿਸ਼ਤੇਦਾਰਾਂ ਨੂੰ ਨਾਲ ਉੱਤਰ ਪ੍ਰਦੇਸ ਲਿਜਾ ਕੇ ਆਨੰਦ ਕਾਰਜ ਕਰਵਾ ਕੇ ਆਪਣੀ ਪਤਨੀ ਜਗਮੋਹਣ ਕੌਰ ਨੂੰ ਨਾਲ ਆਪਣੇ ਘਰ ਲੈ  ਆਇਆ।

ਇਧਰ ਟਹਿਲ ਸਿੰਘ ਦੋਸਤਾਂ ਨੇ ਉਸਦੇ ਵਿਆਹ ਦੀ ਖੁਸ਼ੀ ਵਿੱਚ ਟਹਿਲ ਸਿੰਘ ਦੇ ਘਰ ਇਕ ਰਾਤ ਦੀ ਪਾਰਟੀ ਰੱਖੀ ਸੀ ਜਿਸ ਵਿੱਚ ਟਹਿਲ ਸਿੰਘ ਦੇ ਸਾਕ-ਸੰਬੰਧੀ, ਰਿਸ਼ਤੇਦਾਰ ਅਤੇ ਪਿੰਡ ਵਾਲੇ ਸੱਦੇ ਗਏ। ਟਹਿਲ ਸਿੰਘ ਆਪਣੀ ਵਹੁਟੀ ਨਾਲ ਘਰੇ ਵਾਪਸ ਆਉਂਦਾ ਹੈ ਅਤੇ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਹੈ । ਸਟੇਜ ਤੇ ਡੀ.ਜੇ. ਵਾਲਾ ਬਦਲ ਬਦਲ ਕੇ ਗੀਤ ਲਗਾਉਂਦਾ ਹੈ ਪਰ ਨੱਚਣ ਲਈ ਕੋਈ ਅੱਗੇ ਨਹੀਂ ਆ ਰਿਹਾ ਸੀ । ਡੀ.ਜੇ. ਵਾਲੇ ਨੇ ਅਨਾਊਸਮੈਂਟ ਕੀਤੀ ਕਿ ਮੁੰਡੇ ਦੇ ਯਾਰ-ਦੋਸਤ ਹੀ ਆ ਕੇ ਭੰਗੜਾ ਪਾ ਲੈਣ। ਬਸ ਫੇਰ ਟਹਿਲ ਸਿੰਘ ਦੇ ਜੁੰਡੀ ਦੇ ਯਾਰ ਭੰਗੜਾ ਪਾਉਣ ਲਈ ਸਟੇਜ ਦੇ ਅੱਗੇ ਆ ਗਏ, ਉਹਨਾਂ ਨੂੰ ਵੇਖ ਕੇ ਡੀ.ਜੇ.  ਵਾਲੇ ਨੇ ਸੋਚਿਆ ਕਿ ਮੁੰਡੇ ਦੇ ਦੋਸਤ ਤਾਂ ਬਾਅਦ ਵਿਚ ਨੱਚਣਗੇ ਪਹਿਲਾ ਇਨਾਮ ਬਜੁਰਗਾਂ ਤੋਂ ਹੇ ਸਰੂਆਤ ਕੀਤੀ ਜਾਵੇ ਅਤੇ ਗੁਰਦਾਸ ਮਾਨ ਦਾ ਗੀਤ ਲਗਇਆ ਗਿਆ "ਆ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ", ਦੋਸਤਾਂ ਨੇ ਖਾਧੀ ਪੀਤੀ ਦੇ ਵਿੱਚ ਵਿਆਹ ਦੇ ਵਿੱਚ ਭੰਗੜਾ ਪਾ ਕੇ ਚਾਰ ਚੰਨ ਲਗਾ ਦਿੱਤੇ। 52-53 ਸਾਲਾਂ ਦੇ ਭੰਗੜਾ ਪਾਉਂਦੇ ਲੰਮੀਆਂ ਦਾੜੀਆਂ ਵਾਲੇ ਦੋਸਤ ਬਹੁਤ ਸੋਹਣੇ ਲੱਗ ਰਹੇ ਸਨ  ਆਪਣੇ ਯਾਰ ਦੇ ਵਿਆਹ ਦੇ ਵਿੱਚ ਖੁਸ਼ੀ ਮਨਾ ਰਹੇ ਸਨ ਅਤੇ ਬਾਰ ਬਾਰ ਡੀ.ਜੇ.  ਵਾਲੇ  ਤੋਂ ਇਹੀ ਗਾਣਾ ਲਗਵਾ ਰਹੇ ਸੀ ਕੀ ਬਾਬੇ ਭੰਗੜਾ ਪਾਉਂਦੇ ਨੇ ਅਤੇ ਆਪਣੇ ਯਾਰ ਦੇ ਬਿਆਹ ਦੇ ਵਿਚ ਖੁਸ਼ੀ ਮਨਾਉਂਦੇ ਨੇ। ਇਸੇ ਤਰ੍ਹਾਂ ਟਹਿਲ ਸਿੰਘ ਤੇ ਭਰਾ ਭਰਜਾਈ ਅਤੇ ਭਤੀਜੇ ਵਿਆਹ ਤੋਂ ਨਾਖੁਸ਼ ਹੋ ਕੇ ਚੁੱਪ-ਚੁਪੀਤੇ ਬੈਠੇ ਸਨ। ਟਹਿਲ ਸਿੰਘ ਦੇ ਘਰ ਨੂੰ ਸਾਂਭਣ ਲਈ ਆ ਕੇ ਰੋਟੀ ਟੁੱਕ ਕਰਨ ਲਈ ਉਸ ਦੀ ਪਤਨੀ ਜਗਮੋਹਣ ਕੌਰ ਆ ਗਈ, ਉਸ ਦੀ ਬੇਟੀ ਨੂੰ ਸਕੂਲ ਵਿੱਚ ਪੜ੍ਹਨ ਲਾ ਦਿੱਤਾ ਅਤੇ ਇੱਕ ਸਾਲ ਬਾਅਦ ਟਹਿਲ ਸਿੰਘ ਦੇ ਘਰੇ ਇੱਕ ਪੁੱਤਰ ਨੇ ਜਨਮ ਲਿਆ। ਇਸ ਤਰ੍ਹਾਂ ਟਹਿਲ ਸਿੰਘ ਵੀ ਘਰ ਗਰਿਸਤੀ ਵਾਲਾ ਹੋ ਗਿਆ ਅਤੇ ਇੱਕ ਆਮ ਇਨਸਾਨ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਨ ਲੱਗਿਆ।

ਜਸਪਾਲ ਸਿੰਘ  ਸਨੌਰ (ਪਟਿਆਲਾ) ਮੋਬਾਈਲ 6284347188

ਪੀ.ਐਚ.ਡੀ. ਵਾਲਿਆਂ ਨੂੰ ਪੜ੍ਹਨੇ ਪਾਉਣ ਵਾਲਾ ਬੁੱਧ  ਸਿੰਘ ਨੀਲੋਂ ✍️ ਰਮੇਸ਼ਵਰ ਸਿੰਘ

ਪੰਜਾਬੀ ਸਾਹਿਤ ਤੇ ਪੱਤਰਕਾਰੀ ਦੇ ਵਿੱਚ  ਬਹੁਤ  ਲੋਕ ਕਲਮਾਂ ਘਸਾ ਰਹੇ ਹਨ, ਤੇ ਕਿਤਾਬਾਂ  ਛਪਵਾ ਰਹੇ ਹਨ। ਪੱਲਿਓ ਪੈਸੇ ਦੇ ਕੇ ਕਿਤਾਬਾਂ ਛਪਵਾ ਕੇ ਆਪਣੀ ਆਪੇ ਹੀ ਚਰਚਾ ਕਰਵਾਉਂਦੇ ਹਨ। ਸ਼ਾਇਦ ਇਹ  ਪਹਿਲਾ ਲੇਖਕ ਹੈ ਜਿਸ ਦੀ ਅਜੇਂ ਕਿਤਾਬ ਵੀ ਨਹੀਂ  ਛਪੀ ਪਰ ਚਰਚਾ ਏਨੀ ਹੈ ਕਿ ਜਿਥੇ ਵੀ ਚਾਰ ਪੰਜਾਬੀ ਜੁੜਦੇ ਹਨ ਤਾਂ  ਬੁੱਧ  ਬੋਲ,  ਬੁੱਧ  ਚਿੰਤਨ  ਤੇ ਇਲਤੀ ਬਾਬਾ  ਦੀ ਗੱਲ ਹੁੰਦੀ  ਹੈ। ਉਹ  ਨਾ ਕਾਲਜ ਪੜ੍ਹਿਆ ਹੈ ਤੇ ਨਾ ਯੂਨੀਵਰਸਿਟੀ ਪੜ੍ਹਿਆ ਹੈ ਪਰ ਉਹ  ਸਾਹਿਤ  ਤੇ ਸਮਾਜ  ਨੂੰ ਏਨਾ ਪੜ੍ਹ ਗਿਆ  ਹੈ ਕਿ ਹਰ ਵਿਸ਼ੇ 'ਤੇ ਖੋਜ ਕਰਕੇ  ਲਿਖਣ ਦਾ ਮਾਹਿਰ ਬਣ ਗਿਆ  ਹੈ।  
ਪੰਜਾਬੀ ਭਾਸ਼ਾ , ਸਾਹਿਤ  ਤੇ ਸੱਭਿਆਚਾਰ  ਦੇ ਵਿੱਚ ਹੁੰਦੀਆਂ ਤੇ ਹੋਈਆਂ  ਜਾਅਲੀ ਡਿਗਰੀਆਂ ਦਾ ਪਰਦਾ  ਜਦੋਂ  ਉਸ  ਨੇ ਚੁੱਕਿਆ ਸੀ ਤੇ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਵਿੱਚ  ਭੁਚਾਲ  ਆ ਗਿਆ  ਸੀ। ਉਸ ਨੇ ਪੰਜਾਬੀ ਸਿੱਖਿਆ ਦੇ ਤੇ ਪੰਜਾਬੀ ਸਾਹਿਤ ਦੇ ਅਖੌਤੀ  ਬਣੇ ਡਾਕਟਰਾਂ ਦਾ ਅੰਦਰਲਾ ਸੱਚ ਲੋਕਾਂ ਦੇ ਸਾਹਮਣੇ ਰੱਖਿਆ । 


 ਇਹ  ਸ਼ਖਸ ਬਹੁਤ ਹੀ ਸਧਾਰਨ ਪਰਵਾਰ ਦੇ ਵਿੱਚ  ਜੰਮਿਆ  ਪਲਿਆ। ਅੱਠਵੀਂ ਵਿੱਚ  ਪੜ੍ਹਦੇ ਨੂੰ  ਸਕੂਲੋੰ ਹਟਾ ਕੇ ਸੀਰੀ ਰਲਾ ਦਿੱਤਾ ।  ਪਰ ਪ੍ਰਾਈਵੇਟ ਪੇਪਰ ਦੇ ਕੇ ਅੱਠਵੀਂ ਕਰਕੇ  ਫੇਰ ਸਕੂਲ ਪੜ੍ਹਨ  ਲੱਗ ਗਿਆ ।  ਦਸਵੀਂ ਦੇ ਵਿੱਚ  ਪੜ੍ਹਦਾ ਲੁਧਿਆਣੇ ਹਰ ਛੁੱਟੀ ਨੂੰ  ਰਾਜ ਮਿਸਤਰੀ ਦੇ ਨਾਲ ਦਿਹਾੜੀ ਕਰਦਾ।  ਉਹ ਹਾਇਰ ਸੈਕੰਡਰੀ ਤੱਕ ਹੀ ਪੜ੍ਹ  ਸਕਿਆ । ਘਰ ਦੀ ਆਰਥਿਕ  ਤੰਗੀ ਨੇ ਉਸ ਦੇ ਪੜ੍ਹਨ ਦੇ ਚਾਅ ਪੂਰੇ ਨਾ ਹੋਣ ਦਿੱਤੇ। ਫੈਕਟਰੀਆਂ ਦੇ ਵਿੱਚ  ਕੰਮ ਕੀਤਾ  ਤੇ ਫੇਰ ਅਖਬਾਰ ਦੇ ਵਿੱਚ  ਬਤੌਰ ਪਰੂਫ ਰੀਡਰ ਲੱਗ ਗਿਆ । ਰੋਜ਼ਾਨਾ ਅੱਜ ਦੀ ਆਵਾਜ਼ ,  ਨਵਾਂ ਜਮਾਨਾ, ਅਕਾਲੀ ਪੱਤ੍ਰਿਕਾ  ਦੇ ਵਿੱਚ  ਕਈ ਵਰੇ ਸੰਪਾਦਕੀ ਬੋਰਡ ਵਿੱਚ  ਸੇਵਾਵਾਂ  ਨਿਭਾਉਂਦਾ ਰਿਹਾ।
ਪਿੰਡ ਨੀਲੋੰ ਕਲਾਂ ਜਿਲ੍ਹਾ  ਲੁਧਿਆਣਾ ਦਾ ਜੰਮਿਆ  ਬੁੱਧ  ਸਿੰਘ  ਨੀਲੋੰ ਹੁਣ ਲੁਧਿਆਣਾ ਵਿੱਚ  ਪੰਜਾਬੀ ਭਵਨ  ਦੇ ਰਹਿੰਦਾ ਹੈ।
ਪੰਜਾਬੀ ਦੀ ਕੋਈ  ਅਖਬਾਰ ਤੇ ਸਾਹਿਤਕ  ਮੈਗਜੀਨ  ਅਜਿਹਾ ਨਹੀ ਜਿਥੇ ਉਸ ਦੇ ਲੇਖ ਤੇ ਕਵਿਤਾਵਾਂ ਨਾ ਛਪੀਆਂ ਹੋਣ।  1983 ਦੇ ਵਿੱਚ  ਪੰਜਾਬੀ ਟ੍ਰਿਬਿਊਨ ਦੇ ਵਿੱਚ  ਲਗਾਤਾਰ ਛਪਣ ਲੱਗਿਆ । ਇਲਾਕੇ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਨਾਲ ਜੁੜਿਆ ਹੀ ਨਹੀਂ  ਰਿਹਾ ਸਗੋ ਪਿੰਡ  ਵਿੱਚ  ਹਰ ਸਾਲ ਸਾਹਿਤਕ  ਸਮਾਗਮ ਤੇ ਨਾਟਕ ਕਰਵਾਉਂਦਾ ਰਿਹਾ। ਅਨੇਕ ਨੌਜਵਾਨਾਂ ਨੂੰ  ਪੱਤਰਕਾਰਤਾ ਦੇ ਨਾਲ ਜੋੜਿਆ । ਖਬਰ ਲਿਖਣ ਦੇ ਗੁਰ ਦੱਸੇ।
 ਉਸ ਦੇ ਕੋਲ ਕੋਈ ਡਿਗਰੀ ਨਾ ਹੋਣ ਕਰਕੇ  ਸਰਕਾਰੀ  ਨੌਕਰੀ ਨਹੀਂ  ਕਰ ਸਕਿਆ ।  ਪੰਜਾਬੀ ਦੇ ਅਨੇਕ ਸਾਹਿਤਕ ਤੇ ਰਾਜਨੀਤਿਕ  ਮੈਗਜ਼ੀਨ ਦਾ ਕਾਲਮ ਨਵੀਸ ਰਿਹਾ। 
ਹੁਣ ਪਿਛਲੇ ਤੇਈ ਵਰਿਆਂ ਤੋਂ  ਪੰਜਾਬੀ ਸਾਹਿਤ  ਅਕਾਦਮੀ ਪੰਜਾਬੀ ਭਵਨ ਲੁਧਿਆਣਾ ਦੀ ਲਾਇਬ੍ਰੇਰੀ ਦੇ ਵਿੱਚ  ਸਹਾਇਕ ਵਜੋਂ  ਸੇਵਾਵਾਂ ਨਿਭਾਉਂਦਾ ਰਿਹਾ।  ਲਾਇਬ੍ਰੇਰੀ ਦੀਆਂ ਸੇਵਾਵਾਂ ਵੇਲੇ  ਉਸ  ਨੇ ਕਿਤਾਬਾਂ ਤੇ  ਅੈਮ.ਏ. ਅੈਮ.ਫਿਲ.ਪੀ.ਐਚ.ਡੀ ਤੇ ਡੀ. ਲਿਟ ਦੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਤੇ ਹਰ ਵਿਧਾ ਦੀਆਂ  ਕਿਤਾਬਾਂ  ਨੂੰ ਘੋਲ ਕੇ ਪੀ ਗਿਆ ।  
ਜਦੋਂ  ਉਸ ਨੇ ਪੀ.ਐਚ.ਡੀ. ਦੇ ਥੀਸਿਸ  ਪੜ੍ਹਨੇ ਸ਼ੁਰੂ ਕੀਤੇ ਤਾਂ  ਇਹਨਾਂ ਦੇ ਵਿੱਚ  ਹੋਈਆਂ  ਗੜਬੜਾਂ ਤੋਂ  ਪਰਦੇ ਚੁੱਕਿਆ  ਤੇ ਉਹ  ਦੀ ਚਰਚਾ  ਯੂਨੀਵਰਸਿਟੀਆਂ ਤੇ ਖੋਜਾਰਥੀਆਂ ਦੇ ਵਿੱਚ  ਹੋਣ ਲੱਗੀ ।ਉਸ ਨੇ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਹੋਏ ਥੀਸਿਸਾਂ ਦੀਆਂ  ਨਕਲਾਂ ਨੂੰ  ਸਬੂਤਾਂ ਸਮੇਤ ਅਖਬਾਰਾਂ ਦੇ ਵਿੱਚ  ਛਾਪਣ ਦਾ ਹੌਸਲਾ  ਕੀਤਾ । ਇਸ ਦੇ ਨਾਲ  ਉਸ ਦੀ ਚਰਚਾ ਤਾਂ  ਬਹੁਤ  ਹੋ ਗਈ ਪਰ ਉਸ ਨੂੰ  ਧਮਕੀਆਂ ਤੇ ਫਾਕੇ ਝੱਲਣੇ ਪਏ।  ਨੌਕਰੀ ਵੀ ਗਵਾਈ  ਪਰ ਉਸ ਨੇ ਆਪਣਾ ਖੋਜ ਦਾ ਕੰਮ ਨਾ ਛੱਡਿਆ। ਉਸ ਨੇ ਹੁਣ ਤੱਕ  ਪੰਜਾਬ , ਹਰਿਆਣਾ , ਦਿੱਲੀ  , ਚੰਡੀਗੜ੍ਹ  ਤੇ ਜੰਮੂ ਦੀਆਂ  ਯੂਨੀਵਰਸਿਟੀਆਂ ਦੇ ਵਿੱਚ ਹੋਏ ਸਾਰੇ ਨਹੀਂ  ਵੱਡੀ ਗਿਣਤੀ ਦੇ ਵਿੱਚ  ਥੀਸਿਸ ਪੜ੍ਹ  ਕੇ ਉਸਦਾ ਪਰਦਾ ਚਾਕ ਕੀਤਾ ।
ਉਸਨੇ ਪੰਜਾਬੀ ਦੇ ਲੋਕ ਕਵੀ ਤੇ ਕਵੀਸ਼ਰ ਬਾਬੂ ਰਜਬ ਅਲੀ ਦੀ ਪੁਸਤਕ  "" ਕਲਾਮ  ਬਾਬੂ  ਰਜਬ ਅਲੀ " 2009 ਦੇ ਵਿੱਚ  ਸੰਪਾਦਿਤ ਕੀਤੀ ।  ਜਿਸ ਦੇ ਹੁਣ ਤੱਕ ਪੰਜ ਅੈਡੀਸ਼ਨ ਆ ਚੁੱਕੇ ਹਨ। ਇਸ ਤੋਂ  ਬਿਨਾਂ ਸੱਤ ਕਿਤਾਬਾਂ  ਅਨੁਵਾਦ  ਕੀਤੀਆਂ  ਹਨ।  ਉਸ ਨੇ ਪੰਜਾਬ ਦੇ ਬਾਰੇ ਖੋਜ ਪੁਸਤਕ  " ਪੰਜਾਬ ਦੀ ਤਸਵੀਰ "  ਹੈ ਜਿਸ ਦੇ ਵੀ ਹੁਣ ਤਿੰਨ  ਅੈਡੀਸ਼ਨ ਆ ਚੁੱਕੇ ਹਨ। ਉਸਦੀ ਪੰਜਾਬੀ ਸਾਹਿਤ  ਤੇ ਯੂਨੀਵਰਸਿਟੀਆਂ ਦੇ ਵਿੱਚ  ਹੁੰਦੀ  ਘਪਲੇਬਾਜ਼ੀ ਦਾ ਪਰਦਾ ਚੁੱਕਦੀ ਪੁਸਤਕ  " ਪੰਜਾਬੀ ਸਾਹਿਤ ਦਾ ਮਾਫੀਆ " ਛਪ ਰਹੀ ਹੈ।  ਇਸ  ਕਿਤਾਬ ਦੀ ਹਰ ਕੋਈ ਬੇਸਬਰੀ ਦੇ ਨਾਲ ਉਡੀਕ  ਕਰ ਰਿਹਾ ਹੈ।
  ਉਸ ਦੇ ਕੋਲ ਕੋਈ  ਡਿਗਰੀ ਨਹੀਂ  ਪਰ ਉਸ ਨੇ ਅਨੇਕਾਂ  ਨੂੰ  ਡਿਗਰੀਆਂ ਤੇ ਨੌਕਰੀਆਂ  ਦਿਵਾਈਆਂ ਹਨ। 
ਹੁਣ ਵੀ ਉਹ  ਸੋਸ਼ਲ ਮੀਡੀਆ ਤੇ ਸਭ ਤੋਂ  ਵੱਧ ਲਿਖ ਰਿਹਾ ਹੈ। ਉਸਦੇ  ਨਾਲ ਟੀਵੀ  ਤੇ ਰੇਡੀਓ ਵਾਲੇ ਅਨੇਕਾਂ ਵਾਰ ਪੀਅੈਚ.ਡੀ. ਦੇ ਬਾਰੇ ਗੱਲਬਾਤ ਕਰ ਚੁੱਕੇ ਹਨ ਤੇ ਹੁਣ ਵੀ ਉਹ ਦੇਸ਼ ਵਿਦੇਸ਼ ਦੇ ਕਿਸੇ ਰੇਡੀਓ ਤੇ ਇਹਨਾਂ ਨਕਲੀ ਡਾਕਟਰਾਂ ਦੇ ਬੱਖੀਏ ਉਧੇੜਦਾ ਹੈ। 
ਉਸ ਨੂੰ  ਲਾਇਬ੍ਰੇਰੀ ਦੇ ਨਾਲ ਏਨਾ ਪਿਆਰ  ਹੋ ਗਿਆ ਸੀ ਕਿ ਉਹ ਲਾਇਬ੍ਰੇਰੀ ਦੀਆਂ  ਕਿਤਾਬਾਂ ਤੇ ਥੀਸਿਸ ਦੇ ਬਾਰੇ ਏਨਾ ਜਾਣਦਾ ਸੀ ਕਿ ਘਰੇ ਬੈਠਾ ਵੀ ਕਿਸੇ ਨੂੰ  ਲਾਇਬ੍ਰੇਰੀ ਦੇ ਵਿੱਚ  ਪਈਆਂ ਕਿਤਾਬਾਂ  ਬਾਰੇ ਦੱਸ ਸਕਦਾ ਸੀ।  ਹੁਣ ਉਸ  ਨੂੰ  ਨਿੱਤ ਖੋਜ ਕਰਨ ਵਾਲਿਆਂ ਦੇ ਹੀ ਨਹੀਂ  ਸਗੋਂ  ਉਸ ਦੀਆਂ  ਲਿਖਤਾਂ ਦੇ ਪਾਠਕਾਂ ਦੇ ਤੇ ਪੰਜਾਬੀ ਨੂੰ  ਪਿਆਰ ਕਰਨ ਵਾਲਿਆਂ ਦੇ ਫੋਨ ਆਉਦੇ ਹਨ। 
ਉਸ ਦੇ ਹੁਣ ਤੱਕ ਕੀਤੇ ਖੋਜ ਕਾਰਜ ਦਾ ਕਿਸੇ ਸੰਸਥਾ ਨੇ ਮੁੱਲ  ਨਹੀਂ  ਪਾਇਆ । ਇਹ ਖੋਜੀ ਲੇਖਕ  ਹਰ ਲੇਖ ਦੇ ਵਿੱਚ  ਹਰ ਦਿਨ ਨਵੀਆਂ  ਗੱਲਾਂ ਕਰਦਾ ਹੈ। ਪੰਜਾਬੀ ਦੇ ਕਈ ਅਖਬਾਰਾਂ ਦੀਆਂ ਸੰਪਾਦਕੀਆਂ ਵੀ ਲਿਖਦਾ ਹੈ।  ਉਸਦੇ ਕੋਲ ਬਹੁਤ ਲੋਕਾਂ ਦੀਆਂ  ਚਲਾਕੀਆਂ ਦੇ ਕਿੱਸੇ ਹਨ। ਕਿਸ ਨੇ ਕਿਸ ਦੇ ਥੀਸਿਸ ਤੇ ਕਿਤਾਬ  ਦੀ ਨਕਲ ਮਾਰੀ ਹੈ ਸਭ ਦਾ ਪਤਾ ਹੈ।
 ਹੁਣ ਲੁਧਿਆਣਾ ਤੋਂ  ਛਪਦੇ ਰੋਜ਼ਾਨਾ  ਪਹਿਰੇਦਾਰ ਤੇ ਰੋਜ਼ਾਨਾ  ਜੁਝਾਰ ਟਾਈਮਜ਼  ਦਾ ਸੀਨੀਅਰ ਸਬ ਅੈਡੀਟਰ ਵਜੋਂ  ਸੇਵਾਵਾਂ  ਨਿਭਾਉਂਦਾ ਰਿਹਾ  ਤੇ ਅੱਜਕੱਲ੍ਹ  ਰੋਜ਼ਾਨਾ  ਪ੍ਰਾਈਮ ਉਦੇ ਦਾ ਸਮਾਚਾਰ  ਸੰਪਾਦਕ  ਹੈ।  ਰੋਜ਼ਾਨਾ  ਸੰਪਾਦਕੀ ਤੇ ਬੁੱਧ  ਬੋਲ ,  ਤਾਇਆ ਬਿਸ਼ਨਾ,  ਪਿਆਜ ਦੇ ਛਿਲਕੇ, ਇਲਤੀਨਾਮਾ ਤੇ ਬੁੱਧ  ਚਿੰਤਨ  ਅਜਿਹੇ ਕਾਲਮ ਲਿਖਦਾ ਹੈ।
  ਆਪਣੀ  ਪਤਨੀ ਬਲਜੀਤ ਕੌਰ  ਤੇ ਬੇਟੇ ਗੌਰਵਦੀਪ ਸਿੰਘ  (ਦੀਪ ਸਾਹਨੀ) ਦੇ ਨਾਲ  ਬਹੁਤ ਹੀ ਸਧਾਰਨ  ਜ਼ਿੰਦਗੀ  ਜੀਅ ਰਿਹਾ ਹੈ। 
ਇਹ  ਸੱਚ ਮੁੱਚ ਦਾ ਪ੍ਰਲੋਤਾਰੀ ਹੈ।  ਜਿਹੜਾ  ਸਮਾਜ ਦੇ ਵਿੱਚ  ਵੱਧ ਰਹੇ ਸਾਹਿਤਕ ਪ੍ਰਦੂਸ਼ਣ ਨੂੰ  ਸਾਫ ਕਰਨ ਦਾ ਯਤਨ ਕਰਦਾ ਹੈ।  ਉਹ ਹੈ ਕੀ ਹੈ , ਉਸਦਾ ਪਤਾ ਨਹੀਂ ...?  
ਬਹੁਤੇ  ਲੋਕਾਂ ਨੂੰ  ਇਹ  ਭੁਲੇਖਾ ਹੈ ਕਿ ਉਹ  ਕਿਸੇ ਯੂਨੀਵਰਸਿਟੀ  ਜਾਂ  ਕਾਲਜ ਦੇ ਵਿੱਚ  ਪ੍ਰੋਫੈਸਰ  ਹੈ ਪਰ ਉਹ  ਤੇ ਇਕ ਕਲਮ ਦਾ ਮਜ਼ਦੂਰ  ਹੈ।ਮਜ਼ਦੂਰੀ ਕਰਦਾ ਹੈ ਤੇ ਲਿਖਣ  ਪੜ੍ਹਨ  ਦਾ ਫਰਜ਼ ਹੈ  ਜੋ ਆਪਣੇ  ਹਿੱਸੇ ਦਾ ਫਰਜ਼  ਨਿਭਾ ਰਿਹਾ ਹੈ।  ਉਸਨੂੰ  ਪਤਾ ਹੈ ਕੀ ਲਿਖਣਾ, ਹੈ ਤੇ ਕਿਵੇਂ  ਲਿਖਣਾ ਹੈ ਕੀਹਨਾ ਦੇ ਲਈ  ਲਿਖਣਾ ਤੇ ਉਸ ਨੂੰ  ਲਿਖਣ ਦੀ ਕਿਉਂ  ਲੋੜ  ਹੈ? ਦਾ ਗਿਆਨ  ਹੈ।
 ਜਿਵੇਂ  ਪਹਾੜਾਂ ਤੋਂ  ਟੁੱਟ ਕੇ ਧਰਤੀ  ਤੱਕ ਪੁਜਦਾ ਪੱਥਰ  ਗੋਲ ਹੋ ਜਾਂਦਾ  ਹੈ।  ਬਸ ਏਹੀ ਉਸਦੇ ਨਾਲ ਹੋਇਆ ਹੈ । ਸਮਾਜ ਦੇ ਵਿੱਚ  ਵਿਚਰਦਿਆਂ ਉਹ  ਗੋਲ ਨਹੀਂ  ਸਗੋਂ  ਤਿਕੋਣਾ ਬਣ ਗਿਆ  ਹੈ ਜਿਸ ਦੀਆਂ  ਲਿਖਤਾਂ  ਅਖੌਤੀ  ਵਿਦਵਾਨਾਂ  ਤੇ ਅਲੇਖਕਾਂ ਨੂੰ  ਤਾਂ  ਚੁੱਭਦੀਆਂ ਪਰ ਪੰਜਾਬੀ  ਮਾਂ ਬੋਲੀ ਨੂੰ  ਪਿਆਰ  ਕਰਨ ਵਾਲਿਆਂ  ਨੂੰ  ਬਹੁਤ  ਚੰਗੀਆਂ ਲੱਗਦੀਆਂ  ਹਨ। ਉਸ ਦੇ ਬਹੁਤ ਦੁਸ਼ਮਣ  ਹਨ, ਤੇ ਬਹੁਤ  ਪ੍ਰਸੰਸਕ ਹਨ।
  ਉਸ ਦੀਆਂ  ਲਿਖਤਾਂ ਨੂੰ  ਸੋਸ਼ਲ ਮੀਡੀਆ ਤੇ ਪਾਠਕ ਹਰ ਰੋਜ਼  ਉਡੀਕ ਦੇ ਹਨ। 
 ਉਸਦੇ ਬਾਰੇ ਮੈਨੂੰ ਏਨਾ ਕੁ ਪਤਾ  ਲੱਗਿਆ  ਹੈ ਪਰ ਉਹ  ਹੈ ? ਕੀ ਕਦੋਂ  ਪੜ੍ਹਦਾ ਤੇ ਲਿਖਦਾ..ਉਸ ਨੂੰ  ਹੀ ਪਤਾ ਹੈ  ਕਿ ਉਹ ਕੀ ਹੈ?...ਪਰ ਉਹ ਕਹਿੰਦਾ  ਮੈਂ  ਕੀ ਹਾਂ  ਤੇ ਕਿਉਂ  ਹਾਂ ਮੈਨੂੰ  ਵੀ ਪਤਾ ਨਹੀਂ ।  ਪਰ ਇਹ  ਸੱਚਮੁੱਚ ਦਾ ਪੰਜਾਬੀ ਸਾਹਿਤ  ਤੇ ਸਮਾਜ ਨੂੰ  ਮੁਹੱਬਤ ਕਰਨ ਵਾਲਾ ਉਹ ਕਲਮ ਦਾ ਯੋਧਾ  ਹੈ ਜਿਹੜਾ  ਬਿਨਾਂ  ਕਿਸੇ ਡਰ ਦੇ ਪੰਜਾਬੀ ਸਾਹਿਤ  ਦੇ ਨਿਵੇਕਲੀਆਂ ਉਹ ਪੈੜਾਂ  ਪਾ ਰਿਹਾ ਹੈ ਜੋ ਸਦਾ ਰਹਿਣਗੀਆਂ।
  ਉਸਦੇ ਨਾਲ ਕਿਸੇ ਵੀ ਵਿਸ਼ੇ ਤੇ ਤੁਸੀਂ  ਗੱਲ  ਕਰ ਸਕਦੇ ਹੋ...ਸੰਪਰਕ ਨੂੰ  94643 70823  ਹੈ। 

ਰਮੇਸ਼ਵਰ ਸਿੰਘ ਸੰਪਰਕ- 9914880392

14 ਜਨਵਰੀ,1760 - ਜਨਮ ਦਿਨ ਮਹਾਨ ਅਕਾਲੀ ਬਾਬਾ ਫੂਲਾ ਸਿੰਘ ਜੀ 

 

ਫੂਲਾ ਸਿੰਘ ਅਕਾਲੀ ਇਕ ਖੁੱਦਾਰ, ਸੂਰਵੀਰ ਅਤੇ ਨਿਧੜਕ ਨਿਹੰਗ ਜੱਥੇਦਾਰ ਸਨ, ਜਿਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਵਿਸਤਾਰ ਵਿਚ ਅਦੁੱਤੀ ਸਹਿਯੋਗ ਦਿੱਤਾ।
ਆਪ ਜੀ ਦਾ ਜਨਮ 14 ਜਨਵਰੀ ਜਾਂ 1 ਜਨਵਰੀ,1760 ਨੂੰ ਸੰਗਰੂਰ ਜ਼ਿਲ੍ਹੇ ਦੇ ਮੂਣਕ ਕਸਬੇ ਤੋਂ ਪੰਜ ਕਿ.ਮੀ. ਪੱਛਮ ਵਾਲੇ ਪਾਸੇ ਸਥਿਤ ਸੀਹਾਂ ਪਿੰਡ ਦੇ ਨਿਵਾਸੀ ਸ. ਈਸ਼ਰ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ।
ਈਸ਼ਰ ਸਿੰਘ ਨਿਸ਼ਾਨਾਂ ਵਾਲੀ ਮਿਸਲ ਦਾ ਇਕ ਬਹਾਦਰ ਯੋਧਾ ਸੀ। ਕਹਿੰਦੇ ਹਨ ਜਦੋਂ ਅਹਿਮਦ ਸ਼ਾਹ ਦੁਰਾਨੀ ਨੇ 5 ਫਰਵਰੀ,1762 ਈ. ਨੂੰ ਕੁੱਪ ਰਹੀੜੇ ਦੇ ਮੁਕਾਮ’ਤੇ ਵੱਡੇ ਘੱਲੂਘਾਰੇ ਵਿਚ ਹਜ਼ਾਰਾਂ ਸਿੰਘ ਸ਼ਹੀਦ ਕੀਤੇ, ਉਦੋਂ ਈਸ਼ਰ ਸਿੰਘ ਵੀ ਘਾਇਲ ਹੋਇਆ ਅਤੇ ਜ਼ਖ਼ਮ ਠੀਕ ਨ ਹੋਣ ਕਾਰਣ ਕੁਝ ਸਮੇਂ ਬਾਦ ਗੁਜ਼ਰ ਗਿਆ। ਉਦੋਂ ਫੂਲਾ ਸਿੰਘ ਜੀ ਦੀ ਉਮਰ ਦੋ ਵਰ੍ਹਿਆਂ ਦੇ ਨੇੜੇ ਸੀ। ਮਰਨ ਤੋਂ ਪਹਿਲਾਂ ਈਸ਼ਰ ਸਿੰਘ ਨੇ ਆਪਣੇ ਦੋਹਾਂ ਪੁੱਤਰਾਂ—ਫੂਲਾ ਸਿੰਘ ਅਤੇ ਸੰਤ ਸਿੰਘ ਨੂੰ ਆਪਣੇ ਮਿੱਤਰ ਬਾਬਾ ਨਰੈਣ ਸਿੰਘ (ਨੈਣਾ ਸਿੰਘ) ਦੇ ਸਪੁਰਦ ਕੀਤਾ।
ਧਰਮ ਗ੍ਰੰਥਾਂ ਦੇ ਅਧਿਐਨ ਤੋਂ ਬਾਦ ਫੂਲਾ ਸਿੰਘ ਨੂੰ ਸ਼ਸਤ੍ਰ ਵਿਦਿਆ , ਘੋੜ ਸਵਾਰੀ ਅਤੇ ਜੰਗੀ ਕਰਤਬਾਂ ਦੀ ਸਿਖਲਾਈ ਕਰਾਈ ਗਈ। 14 ਵਰ੍ਹਿਆਂ ਦੀ ਉਮਰ ਵਿਚ ਹੀ ਫੂਲਾ ਸਿੰਘ ਦੀ ਮਾਤਾ ਦਾ ਦੇਹਾਂਤ ਹੋ ਗਿਆ। ਆਪ ਨੇ ਆਪਣੀ ਸਾਰੀ ਜਾਇਦਾਦ ਅਤੇ ਘਰ ਬਾਰ ਛੋਟੇ ਭਰਾ ਸੰਤ ਸਿੰਘ ਨੂੰ ਦੇ ਕੇ ਖ਼ੁਦ ਨਿਹੰਗ ਬਣ ਕੇ ਸ਼ਹੀਦਾਂ ਦੀ ਮਿਸਲ ਵਿਚ ਜਾ ਰਲੇ। ਬਾਬਾ ਨਰੈਣ ਸਿੰਘ ਤੋਂ ਅੰਮ੍ਰਿਤ ਪਾਨ ਕਰਕੇ ਅਤੇ ਉਸ ਦੇ ਜੱਥੇ ਵਿਚ ਰਹਿ ਕੇ ਕਈ ਗੁਰਦੁਆਰਿਆਂ ਦੀ ਸੇਵਾ ਕੀਤੀ ਅਤੇ ਜਦੋਂ ਕੋਈ ਅਵਸਰ ਬਣਿਆ, ਲੜਾਈਆਂ ਵਿਚ ਆਪਣੀ ਸੂਰਵੀਰਤਾ ਵੀ ਵਿਖਾਈ।
ਸੰਨ 1800 ਵਿਚ ਬਾਬਾ ਨਰੈਣ ਸਿੰਘ ਦੀ ਮੌਤ ਤੋਂ ਬਾਦ ਆਪਣੇ ਜਥੇ ਦਾ ਜੱਥੇਦਾਰ ਥਾਪਿਆ ਗਿਆ। ਜੱਥੇਦਾਰ ਬਣਨ ਉਪਰੰਤ ਇਹ ਸ੍ਰੀ ਦਰਬਾਰ ਸਾਹਿਬ , ਸ੍ਰੀ ਅਕਾਲ -ਤਖ਼ਤ ਅਤੇ ਪਾਵਨ ਸਰੋਵਰ ਦੀ ਕਾਰ-ਸੇਵਾ ਲਈ ਅੰਮ੍ਰਿਤਸਰ ਪਹੁੰਚੇ ਅਤੇ ਸਥਾਈ ਤੌਰ ’ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਨਿਵਾਸ ਬਣਾ ਲਿਆ। ਇਸ ਦੇ ਡੇਰੇ ਵਾਲੀ ਥਾਂ ਉਤੇ ਹੁਣ ‘ਬੁਰਜ ਬਾਬਾ ਫੂਲਾ ਸਿੰਘ ਅਕਾਲੀ’ (ਛਾਓਣੀ ਨਿਹੰਗਾਂ) ਬਣਿਆ ਹੋਇਆ ਹੈ।
ਜਨਵਰੀ 1802 ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ਦੇ ਭੰਗੀ ਸਰਦਾਰ ਉਤੇ ਕੀਤੇ ਹਮਲੇ ਵੇਲੇ ਆਪ ਜੀ ਨੇ ਵਿਚ ਪੈ ਕੇ ਖ਼ੂਨ ਖ਼ਰਾਬਾ ਹੋਣੋਂ ਬਚਾ ਲਿਆ ਅਤੇ ਮਹਾਰਾਜੇ ਦਾ ਅੰਮ੍ਰਿਤਸਰ ਉਪਰ ਸਹਿਜ ਢੰਗ ਨਾਲ ਅਧਿਕਾਰ ਹੋ ਗਿਆ। ਇਸ ਘਟਨਾ ਦੇ ਫਲਸਰੂਪ ਆਪ ਜੀ ਦਾ ਮਾਣ ਸਤਿਕਾਰ ਬਹੁਤ ਵਧਿਆ। ਮਹਾਰਾਜੇ ਦੇ ਕਹੇ ’ਤੇ ਆਪ ਜੀ ਨੇ ਅੰਗ੍ਰੇਜ਼ ਸਫ਼ੀਰ ਮਿ. ਮੈਟਕਾਫ਼ ਦੇ ਨਾਲ ਆਏ ਮੁਸਲਮਾਨ ਸੈਨਿਕਾਂ ਦੁਆਰਾ ਦਰਬਾਰ ਸਾਹਿਬ ਦੇ ਨੇੜਿਓਂ ਮੁਹੱਰਮ ਦੇ ਅਵਸਰ ’ਤੇ ਤਾਜ਼ੀਆ ਕਢਣ ਨਾਲ ਹੋਈ ਅਮਰਯਾਦਾ ਕਾਰਣ ਦੰਡ ਦੇਣਾ ਰੋਕ ਦਿੱਤਾ। ਸ੍ਰੀ ਅੰਮ੍ਰਿਤਸਰ ਦੇ ਨਿਵਾਸ ਦੌਰਾਨ ਆਪ ਜੀ ਨੇ ਹੋਰ ਵੀ ਕਈ ਗੁਰੂ-ਧਾਮਾਂ ਦੀ ਸੇਵਾ ਕੀਤੀ।
ਅਕਾਲੀ ਫ਼ੌਜ ਦੇ ਕਮਾਂਡਰ ਵਜੋਂ ਆਪ ਜੀ  ਨੇ ਮਹਾਰਾਜੇ ਦੀ ਫ਼ੌਜ ਦੀ ਸਹਾਇਤਾ ਕਰਕੇ ਕਸੂਰ , ਮੁਲਤਾਨ , ਕਸ਼ਮੀਰ ਵਿਚ ਅਦੁੱਤੀ ਵੀਰਤਾ ਦਿਖਾਈ ਅਤੇ ਇਨ੍ਹਾਂ ਇਲਾਕਿਆਂ ਨੂੰ ਸਿੱਖ ਰਾਜ ਵਿਚ ਸ਼ਾਮਲ ਕੀਤਾ। ਆਪ ਸਿੱਖ- ਰਾਜ ਦੇ ਸੱਚੇ ਹਿਤੈਸ਼ੀ ਸਨ। ਆਮ ਤੌਰ ’ਤੇ ਆਪ ਜੀ ਫਰੰਗੀਆਂ, ਅਫ਼ਗ਼ਾਨਾਂ, ਡੋਗਰਿਆਂ ਅਤੇ ਵਿਦੇਸ਼ੀ ਕਾਰਿੰਦਿਆਂ ਉਤੇ ਵਿਸ਼ਵਾਸ ਨਹੀਂ ਕਰਦਾ ਸੀ।
ਇਕ ਵਾਰ ਕਿਸੇ ਕਾਰਣ ਮਹਾਰਾਜੇ ਨਾਲ ਨਾਰਾਜ਼ ਹੋ ਕੇ ਆਨੰਦਪੁਰ ਚਲੇ ਗਏ, ਪਰ ਜਦੋਂ ਕੌਮੀ ਕਰਤੱਵ ਨਿਭਾਉਣ ਲਈ ਮਹਾਰਾਜੇ ਨੇ ਸੁਨੇਹਾ ਭੇਜਿਆ, ਤਾਂ ਸਾਰੀ ਨਾਰਾਜ਼ਗੀ ਛਡ ਕੇ ਅੰਮ੍ਰਿਤਸਰ ਸਾਹਿਬ ਪਰਤ ਆਏ।

ਖ਼ਾਲਸਾਈ ਨਿਯਮਾਂ ਦੀ ਰਾਖੀ ਕਰਨ ਵੇਲੇ ਆਪ ਮਹਾਰਾਜੇ ਨੂੰ ਵੀ ਭਰੇ ਦੀਵਾਨ ਵਿਚ ਤਨਖ਼ਾਹ ਲਾਉਣ ਤੋਂ ਸੰਕੋਚ ਨਹੀਂ ਕਰਦੇ ਸੀ। ਆਪ ਨੇ ਆਖ਼ਰੀ ਲੜਾਈ ਨੌਸ਼ਹਿਰੇ ਵਿਚ ਲੜੀ ਅਤੇ ਆਪਣੀ ਅਦੁੱਤੀ ਬਹਾਦਰੀ ਨਾਲ ਹਾਰ ਨੂੰ ਜਿਤ ਵਿਚ ਬਦਲ ਕੇ 14 ਮਾਰਚ, 1823 ਨੂੰ ਇਹ ਮਹਾਨ ਸਿੱਖ ਯੋਧਾ ਵੀਰਗਤੀ ਪ੍ਰਾਪਤ ਕਰਗਿਆ।
ਆਪ ਜੀ ਦੀ ਸਮਾਧ ਨੌਸ਼ਹਿਰੇ ਤੋਂ 6 ਕਿ.ਮੀ. ਦੀ ਵਿਥ ’ਤੇ ਲੁੰਡੇ ਦਰਿਆ (ਕਾਬੁਲ ਨਦੀ) ਦੇ ਕੰਢੇ ਮੌਜੂਦ ਹੈ। ਦੇਸ਼ ਵੰਡ ਤੋਂ ਬਾਦ ਇਹ ਧਰਮ-ਧਾਮ ਪਾਕਿਸਤਾਨ ਵਿਚ ਰਹਿ ਗਿਆ ਹੈ।
ਅਕਾਲੀ ਜੀ ਦੀ ਯਾਦ ਵਿਚ ਪੂਸਾ ਰੋਡ ਦਿੱਲੀ ਵਿਚ ਇਕ ਗੁਰਦੁਆਰਾ ਅਤੇ ਸਕੂਲ ਬਣਾਇਆ ਗਿਆ ਹੈ। ਬਾਬਾ ਜੀ ਦੀ ਬਾਣੀ ਅਤੇ ਬਾਣੇ ਨਾਲ ਬਹੁਤ ਪਿਆਰ ਕਰਦੇ ਸਨ। ਇਹ ਸਚੇ ਅਰਥਾਂ ਵਿਚ ਸੰਤ ਸਿਪਾਹੀ ਸਨ।

“ਲੋਹੜੀ ਦੇ ਪਵਿੱਤਰ ਤਿਉਹਾਰ ਤੇ ਨਗਰ ਕੌਂਸਲ ਕਰਮਚਾਰੀਆਂ ਵਲੋਂ “ਮੇਰਾ ਸ਼ਹਿਰ-ਮੇਰਾ ਮਾਨ” ਮੁਹਿੰਮ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪ੍ਰਣ ਲਿਆ”

ਜਗਰਾਉਂ ,13 ਜਨਵਰੀ ( ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ )ਪੰਜਾਬ ਸਰਕਾਰ ਵਲੋਂ ਚਲਾਈ ਗਈ “ਮੇਰਾ ਸ਼ਹਿਰ-ਮੇਰਾ ਮਾਣ” ਮੁਹਿੰਮ ਤਹਿਤ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ  ਜਤਿੰਦਰ ਪਾਲ ਅਤੇ ਕਾਰਜ ਸਾਧਕ ਅਫਸਰ  ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 13/01/2023 ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਤੇ ਨਗਰ ਕੌਂਸਲ ਜਗਰਾਉਂ ਦੇ ਸਮੂਹ ਕਰਮਚਾਰੀਆਂ ਵਲੋਂ ਇੱਕਠੇ ਹੋ ਕੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰਣ ਲਿਆ ਗਿਆ ਅਤੇ ਦਫਤਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਾਰਜ ਸਾਧਕ ਅਫਸਰ  ਮਨੋਹਰ ਸਿੰਘ ਬਾਘਾ ਵਲੋਂ ਸਾਰੇ ਸਟਾਫ, ਖਾਸ ਕਰਕੇ ਸਫਾਈ ਯੋਧਿਆਂ ਸੀਵਰਮੈਨਾਂ ਅਤੇ ਸਫਾਈ ਸੇਵਕਾਂ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ। ਕਾਰਜ ਸਾਧਕ ਅਫਸਰ ਵਲੋਂ ਸਾਰੇ ਸੀਵਰਮੈਨਾਂ ਅਤੇ ਸਫਾਈ ਸੇਵਕਾਂ ਵਲੋਂ ਸ਼ਹਿਰ ਅੰਦਰ ਨਿਰੰਤਰ ਕੀਤੇ ਜਾ ਰਹੇ ਸਫਾਈ ਦੇ ਕੰਮ ਦੀ ਸ਼ਲਾਘਾ ਕੀਤੀ ਗਈ। ਉਹਨਾਂ ਵਲੋਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਨਗਰ ਕੌਂਸਲ ਦਾ ਸਹਿਯੋਗ ਕੀਤਾ ਜਾਵੇ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਿਆ ਜਾਵੇ। ਉਹਨਾਂ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਅਤੇ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਦੇਣ ਦੀ ਬੇਨਤੀ ਵੀ ਕੀਤੀ ਗਈ।ਇਸ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਫਾਈ ਅਤੇ ਸਟਰੀਟ ਲਾਈਟ ਰਿਪੇਅਰ ਦਾ ਕੰਮ ਵੀ ਕੀਤਾ ਗਿਆ। ਇਸ ਮੌਕੇ ਤੇ ਉਕਤ ਤੋਂ ਇਲਾਵਾ ਸ੍ਰੀਮਤੀ ਸ਼ਿਖਾ ਬਿਲਡਿੰਗ ਇੰਸਪੈਕਟਰ, ਅਭੈ ਜੋਸ਼ੀ ਲੇਖਾਕਾਰ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਸ੍ਰੀਮਤੀ ਨਵਜੀਤ ਕੌਰ ਕਲਰਕ, ਅਮਰਪਾਲ ਸਿੰਘ ਕਲਰਕ, ਤਾਰਕ ਕਲਰਕ, ਹਰਦੀਪ ਢੋਲਣ, ਬੇਅੰਤ ਸਿੰਘ, ਸ੍ਰੀਮਤੀ ਸੀਮਾ ਸੀ.ਐਫ., ਅਰੁਣ ਕੁਮਾਰ, ਸ਼ਾਮ ਲਾਲ, ਰਾਜ ਕੁਮਾਰ, ਸਤੀਸ਼ ਕੁਮਾਰ, ਬ੍ਰਹਮਪਾਲ, ਸੰਤ ਰਾਮ, ਜਗਮੋਹਨ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਦਵਿੰਦਰ ਸਿੰਘ ਗਰਚਾ, ਮੁਨੀਸ਼ ਕੁਮਾਰ, ਗੁਰਜੰਟ ਸਿੰਘ, ਨਰਿੰਦਰ ਕੁਮਾਰ, ਗੁਰਮੀਤ ਸਿੰਘ, ਮੁਕੇਸ਼ ਕੁਮਾਰ, ਵਿੱਕੀ, ਰਵੀ ਰੰਜਨ, ਵਿਸ਼ਾਲ ਟੰਡਨ, ਧਰਮਵੀਰ ਸਿੰਘ, ਪਰਮਜੀਤ ਸਿੰਘ, ਤੀਰਥ ਸਿੰਘ, ਅਮਨਦੀਪ ਸਿੰਘ, ਮੰਗਲ ਸਿੰਘ, ਬਲਵਿੰਦਰ ਸਿੰਘ ਗੋਪੀ, ਜਸਪ੍ਰੀਤ ਸਿੰਘ ਵਿੱਕੀ, ਡਿੰਪਲ, ਸੰਦੀਪ, ਰਾਜੇਸ਼ ਕੁਮਾਰ, ਸੰਜੇ ਕੁਮਾਰ, ਗੁਰਇਕਬਾਲ ਸਿੰਘ ਢਿੱਲੋਂ, ਬਲਵੀਰ ਸਿੰਘ, ਗੁਰਸੇਵਕ ਸਿੰਘ, ਸੋਨੂੰ ਆਦਿ ਹਾਜਰ ਸਨ।

ਪੀ ਸੀ ਐਸ ਅਧਿਕਾਰੀ ਇਸ ਵਾਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੀ ਕਰਨਗੇ ਕੰਮ

ਚੰਡੀਗੜ੍ਹ੍, 13 ਜਨਵਰੀ ( ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ) ਪੀ ਸੀ ਐਸ ਅਧਿਕਾਰੀਆਂ ਵੱਲੋਂ ਪਿਛਲੇ ਦਿਨੀਂ ਕੀਤੀ ਸਮੂਹਿਕ ਛੁੱਟੀ ਤੋਂ ਬਾਅਦ ਆਮ ਪਬਲਿਕ ਦੇ ਕੰਮ ਪ੍ਰਭਾਵਿਤ ਹੋਏ ਸਨ। ਸੋ ਹੁਣ ਪੀ ਸੀ ਐਸ ਅਧਿਕਾਰੀ ਸਮੂਹਿਕ ਛੁੱਟੀ ਦੌਰਾਨ ਦੇ ਪੈਂਡਿੰਗ ਕੰਮਾਂ ਨੂੰ ਪੂਰੇ ਕਰਨ ਲਈ ਇਸ ਵਾਰ ਸ਼ਨਿੱਚਰਵਾਰ ਅਤੇ ਐਤਵਾਰ ਵੀ ਆਪਣੀ ਡਿਊਟੀ ‘ਤੇ ਕੰਮ ਕਰਨਗੇ। ਅਧਿਕਾਰੀਆਂ ਵੱਲੋਂ ਇਹ ਫੈਸਲਾ ਮੀਟਿੰਗ ਕਰਕੇ ਲਿਆ ਗਿਆ ਹੈ। ਜ਼ਿਕਰਯੋਗ ਹੈ ਪਿਛਲੇ ਦਿਨੀ ਪੰਜਾਬ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਵਿਚ ਪੀ ਸੀ ਐਸ ਅਧਿਕਾਰੀਆਂ ਨੇ ਕਿਹਾ ਸੀ ਕਿ ਬਕਾਇਆ ਕੰਮ ਨੂੰ ਪੂਰਾ ਕਰਨ ਲਈ ਉਹ ਸ਼ਨੀਵਾਰ ਅਤੇ ਐਤਵਾਰ ਵੀ ਕੰਮ ਕਰ ਕੇ ਪੂਰਾ ਕਰਨਗੇ।

ਲੋਹੜੀ ਦਾ ਤਿਉਹਾਰ ਪੰਜਾਬ ਵਾਸੀਆਂ  ਲਈ ਪਰਵਾਰਿਕ ਸਾਝਾ ਪਉਣ ਵਾਲਾ ਪਵਿਤਰ ਦਿਹਾੜਾ -ਕੁਲਦੀਪ ਮੱਕੜ

ਲੁਧਿਆਣਾ ,13 ਜਨਵਰੀ (ਰਾਣਾ ਮੱਲ ਤੇਜੀ ) ਵਿਧਾਨ ਸਭਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਆਪਣੇ ਪਰਵਾਰ ਅਤੇ ਸਮੂਹ ਪਾਰਟੀ ਵਰਕਰਾਂ ਨਾਲ ਲੋਹੜੀ ਦਾ ਤਿਉਹਾਰ ਆਪਣੇ ਨਿਵਾਸ ਸਥਾਨ ਸਲੇਮ ਟਾਬਰੀ ਵਿਖੇ ਧੂਮ ਧਾਮ ਨਾਲ ਮਨਾਇਆ  । ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਮੱਕੜ ਨੇ ਆਪਣੇ ਸਾਥੀਆਂ ਨਾਲ ਵਿਧਾਇਕ ਬੱਗਾ ਦੇ ਨਿਵਾਸ ਸਥਾਨ ਤੇ ਜਾ ਕੇ ਲੋਹੜੀ ਦੇ ਇਸ ਪਵਿੱਤਰ ਤਿਉਹਾਰ ਦੀ ਖੁਸ਼ੀ ਸਾਝੀ ਕਰਕੇ ਵਿਧਾਇਕ ਬੱਗਾ ਅਤੇ ਉਨ੍ਹਾਂ ਦੇ ਪਰਵਾਰ ਨੂੰ ਮੁਬਾਰਕਬਾਦ ਦਿੰਦਿਆਂ  ਦੱਸਿਆ ਕਿ ਲੋਹੜੀ ਤੇ ਮਾਘੀ ਦੇ ਤਿਉਹਾਰ ਦਾ ਪੰਜਾਬ 'ਚ ਬਹੁਤ ਮਹੱਤਵ ਹੈ । ਕਿਉਂਕਿ ਲੋਹੜੀ ਦਾ ਤਿਉਹਾਰ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਦੇਸ਼ ਦਾ ਰਵਾਇਤੀ ਤਿਉਹਾਰ ਹੈ। ਅਤੇ ਅੱਜ ਸਾਡੇ ਦੇਸ਼ ਅੰਦਰ ਵੱਧ ਰਹੇ ਪੱਛਮੀ ਸਭਿਆਚਾਰ ਕਾਰਨ ਇਹ ਅਲੋਪ ਹੋ ਰਿਹਾ ਹੈ ।ਜਿਸ ਕਰਕੇ ਇਸ ਤਿਉਹਾਰ ਨੂੰ ਆਪਣੇ ਸਭਿਆਚਾਰਾਂ ਨਾਲ ਹੀ ਬਚਾਉਣ ਵੱਡੀ ਲੋੜ ਹੈ ।ਉਨ੍ਹਾਂ ਕਿਹਾ ਕਿ ਲੋਹੜੀ ਨੂੰ ਅਪਣੇ ਪਰਵਾਰਾਂ ਅਤੇ ਆਢ ਗੁਆਂਢ ਨਾਲ ਬੈਠ ਸਾਝ ਬਣਾਕੇ ਮਨਾਉਣਾ ਚਾਹੀਦਾ ਹੈ। ਜਿਸ ਕਾਰਨ ਆਪਸੀ ਪਿਆਰ ਅਤੇ ਪਰਵਾਰਿਕ ਸਾਝਾ ਕਾਇਮ ਰਹਿ ਸਕਦੀਆਂ ਹਨ  ਉਨ੍ਹਾਂ ਲੋਕਾਂ ਨੂੰ ਆਪੀਲ ਕਰਦਿਆਂ  ਕਿਹਾ ਕਿ ਲੋਹੜੀ ਤੇ ਪਤੰਗਾ ਨੂੰ ਚੜਾਉਣ ਲਈ ਜੋ ਲੋਕ ਚਾਇਨਾ ਡੋਰ ਨਾ ਵਰਤੋ ਤੋਂ ਗੁਰੇਜ ਕਰਨ ।ਕਿਉਂਕਿ ਇਸ ਡੋਰ ਨਾਲ ਬਹੁਤ ਸਾਰੀਆਂ ਪਸ਼ੂ ਪੰਛੀਆਂ ਤੇ ਇਨਸਾਨਾਂ ਦੀਆਂ ਕੀਮਤੀ ਜਾਨਾ ਦਾ ਨੁਕਸਾਨ ਹੋ ਚੁੱਕਾ। ਇਸ ਮੌਕੇ ਮੱਕੜ ਨਾਲ ਬੱਬੂ , ਸੁਰਜੀਤ ਵਰਤਿਆ , ਹਰੀ ਸਿੰਘ ਮੱਕੜ,ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਵਰਕਰ ਅਤੇ  ਆਗੂ ਹਾਜ਼ਰ ਸਨ।

ਸਮਾਜ ਭਲਾਈ ਕਲੱਬ (ਪੰਜਾਬ) ਦੀ ਸਲਾਨਾ ਚੋਣ ਹੋਈ

ਪਰਮਿੰਦਰ ਸਿੰਘ ਗਰੇਵਾਲ (ਠੱਕਰਵਾਲ) ਪ੍ਰਧਾਨ, ਜਗਤਾਰ ਸਿੰਘ ਪੰਡੋਰੀ ਖਜਾਨਚੀ ਅਤੇ ਗੁਰਸੇਵਕ ਸਹੋਤਾ ਜਨਰਲ ਸਕੱਤਰ ਚੁਣੇ
ਮਹਿਲ ਕਲਾਂ 13 ਜਨਵਰੀ (ਗੁਰਸੇਵਕ ਸੋਹੀ) ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਿਹਾ ਸਮਾਜ ਭਲਾਈ ਕਲੱਬ (ਪੰਜਾਬ) ਸਮਾਜ ਭਲਾਈ ਕੰਮਾਂ ਵਿੱਚ ਹਮੇਸ਼ਾ ਮੋਹਰੀ ਰੋਲ ਅਦਾ ਕਰਦਾ ਆ ਰਿਹਾ ਹੈ। ਅੱਜ ਸਥਾਨਕ ਕਸਬਾ ਮਹਿਲ ਕਲਾਂ ਵਿਖੇ ਕਲੱਬ ਆਗੂਆਂ ਦੀ ਮੀਟਿੰਗ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ ਠੱਕਰਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਨਵੇ ਵਰੇ ਦੀ ਆਮਦ ਤੇ ਕਲੱਬ ਆਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਸਮੂਹ ਆਗੂਆਂ ਵੱਲੋਂ ਸਰਬ ਸੰਮਤੀ ਨਾਲ ਸਮਾਜ ਭਲਾਈ ਕਲੱਬ (ਪੰਜਾਬ) ਦੇ ਫਿਰ ਤੋਂ ਪ੍ਰਧਾਨ ਲਈ ਸ੍ਰ ਪਰਮਿੰਦਰ ਗਰੇਵਾਲ( ਠੱਕਰਵਾਲ) ਚੁਣਿਆ ਗਿਆ। ਇਸ ਮੌਕੇ ਡਾਇਰੈਕਟਰ ਹਰਪਾਲ ਸਿੰਘ ਪਾਲੀ ਵਜੀਦਕੇ ਨੂੰ ਸਮਾਜ ਭਲਾਈ ਕਲੱਬ (ਪੰਜਾਬ) ਚੇਅਰਮੈਨ, ਸ੍ਰ ਜਗਤਾਰ ਸਿੰਘ ਪੰਡੋਰੀ ਨੂੰ ਖਜਾਨਚੀ, ਪੱਤਰਕਾਰ ਗੁਰਸੇਵਕ ਸਿੰਘ ਸਹੋਤਾ (ਮਹਿਲ ਕਲਾਂ) ਨੂੰ ਜਨਰਲ ਸਕੱਤਰ, ਅੰਬੀ ਗਿੱਲ ਲੁਧਿਆਣਾ ਨੂੰ ਸੀਨੀਅਰ ਮੀਤ ਪ੍ਰਧਾਨ,ਏਕਮ ਸਿੰਘ ਚਹਿਲ (ਖਿਆਲੀ) ਨੂੰ ਮੀਤ ਪ੍ਰਧਾਨ,ਸਨੀ ਗਰੇਵਾਲ ਨੂੰ ਮੀਤ ਪ੍ਰਧਾਨ, ਫੌਜੀ ਸਰਬਜੀਤ ਸਿੰਘ ਨੂੰ ਤਾਲਮੇਲ ਸਕੱਤਰ ਅਤੇ ਮਨੀ ਗਰੇਵਾਲ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ, ਚੇਅਰਮੈਨ ਹਰਪਾਲ ਸਿੰਘ ਪਾਲੀ ਵਜੀਦਕੇ, ਖਜਾਨਚੀ ਸ੍ਰ ਜਗਤਾਰ ਸਿੰਘ ਪੰਡੋਰੀ ਅਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ ਨੇ ਦੱਸਿਆ ਕਿ ਸਮਾਜ ਭਲਾਈ ਕਲੱਬ (ਪੰਜਾਬ) ਲੋਕਾਂ ਦੇ ਦੁੱਖ ਦਰਦ ਨੂੰ ਸਮਝਦਾ ਹੈ। ਹਮੇਸ਼ਾ ਅੱਗੇ ਹੋ ਕੇ ਬੱਚਿਆਂ ਨੂੰ ਵਰਦੀਆਂ, ਬੂਟ, ਕਿਤਾਬਾਂ, ਲੋੜਬੰਦ ਭੈਣ ਭਰਾਵਾਂ ਨੂੰ ਰਾਸਨ ਅਤੇ ਹੋਰ ਅਨੇਕਾਂ ਸਮਾਜ ਭਲਾਈ ਕੰਮ ਨਿਰੰਤਰ ਕੀਤੇ ਜਾ ਰਹੇ ਹਨ। ਅੱਗੇ ਤੋਂ ਵੀ ਹੋਰ ਉਤਸਾਹ ਨਾਲ ਕੰਮ ਹੋਣਗੇ। ਜਿਆਦਾਤਰ ਆਹੁਦੇਦਾਰ ਕੈਨੇਡਾ ਜਾਂ ਵੱਖ ਵੱਖ ਦੇਸਾਂ ਵਿੱਚ ਜਾਣ ਕਰਕੇ ਉਹਨਾਂ ਨਵੇ ਚੁਣੇ ਆਹੁਦੇਦਾਰਾਂ ਨੂੰ ਵੀਡੀਓ ਕਾਨਫਰੰਸ ਰਾਹੀ ਵਧਾਈ ਦਿੱਤੀ। ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਲੋੜਬੰਦ ਪਰਿਵਾਰ ਨੂੰ ਰਾਸਨ, ਬੱਚਿਆਂ ਲਈ ਵਰਦੀਆ ਜਾ ਬੂਟਾ ਦੀ ਲੋੜ ਹੈ ਤਾਂ ਕਲੱਬ ਆਗੂਆਂ ਨਾਲ ਸੰਪਰਕ ਕਰ ਸਕਦਾ ਹੈ। ਜਲਦ ਹੀ ਪੂਰੇ ਪੰਜਾਬ ਵਿੱਚੋਂ ਹੋਰ ਆਹੁਦੇਦਾਰ ਸਮਾਜ ਭਲਾਈ ਕਲੱਬ ਵਿੱਚ ਸਾਮਲ ਹੋਣਗੇ। ਆਹੁਦੇਦਾਰਾਂ ਨੇ ਕਲੱਬ ਨੂੰ ਸਮੁੱਚੇ ਢੰਗ ਨਾਲ ਚਲਾਉਣ ਅਤੇ ਤਨਦੇਹੀ ਨਾਲ ਸੇਵਾ ਕਰਨ ਦਾ ਪ੍ਰਣ ਗਿਆ। ਅਖੀਰ ਕਲੱਬ ਆਹੁਦੇਦਾਰਾ ਵੱਲੋਂ ਨਵ ਨਿਯੁਕਤ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਭਾਰਤੀਯ ਅੰਬੇਡਕਰ ਮਿਸ਼ਨ ਦੀ 2023 ਲਈ ਚੌਥੀ ਸੂਚੀ ਜਾਰੀ

ਕੌਮੀ ਪ੍ਰਧਾਨ ਵੱਲੋਂ ਮਹਿਲਾ ਵਿੰਗ ਦੀ ਸੂਬਾ ਕਮੇਟੀ ਤੇ 18 ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ 

ਮਿਸ਼ਨ ਦਾ ਹਿੱਸਾ ਬਣਨ ਲਈ ਸੂਬੇ ਭਰ ਚ ਭਾਰੀ ਉਤਸ਼ਾਹ: ਦਰਸ਼ਨ ਕਾਂਗੜਾ 

 ਸੰਗਰੂਰ 13 ਜਨਵਰੀ (ਗੁਰਸੇਵਕ ਸਿੰਘ ਸੋਹੀ) ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਦੀ ਅਨੁਮਤੀ ਨਾਲ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਸਾਲ 2023 ਲਈ ਭਾਰਤੀਯ ਅੰਬੇਡਕਰ ਮਿਸ਼ਨ ਦੀ ਤੀਸਰੀ ਸੂਚੀ ਜਾਰੀ ਕਰਦਿਆਂ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਚੱਬੇਵਾਲ ਤੋਂ ਬਾਅਦ ਮਹਿਲਾ ਵਿੰਗ ਦੇ 13 ਸੂਬਾ ਜਨਰਲ ਸਕੱਤਰ,14 ਸੂਬਾ ਸਕੱਤਰ ਅਤੇ 18 ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ ਕੀਤੀ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਸੂਬਾ ਜਨਰਲ ਸਕੱਤਰਾਂ ਚ 1) ਜਸਵਿੰਦਰ ਕੌਰ ਬਾਗੜੀਆਂ ਚੇਅਰਪ੍ਰਸਨ ਬਲਾਕ ਸੰਮਤੀ ਮਾਲੇਰਕੋਟਲਾ, 2) ਸਰਬਜੀਤ ਕੌਰ ਸਾਬਕਾ ਚੇਅਰਪ੍ਰਸਨ ਬਲਾਕ ਸੰਮਤੀ ਬਰਨਾਲਾ, 3) ਪ੍ਰਿਯੰਕਾ ਅਨੰਦ ਲੁਧਿਆਣਾ,4) ਬੇਅੰਤ ਕੌਰ ਸੁਪਰਡੈਂਟ ਸੰਗਰੂਰ, 5) ਰਾਣੀ ਕੌਰ ਠੀਕਰੀਵਾਲ, 6) ਸੱਤਪਾਲ ਕੌਰ ਬਹਾਦਰਪੁਰ,7)  ਜਸਵਿੰਦਰ ਕੌਰ ਸੰਗਤੀਵਾਲਾ (ਦੋਵੇਂ ਮੈਂਬਰ ਬਲਾਕ ਸੰਮਤੀ)  8) ਸ਼ਾਲੂ ਭੱਟੀ ਕੌਂਸਲਰ ਪਠਾਨਕੋਟ, 9) ਚਰਨਜੀਤ ਕੌਰ ਭਦੋੜ, 10) ਜਸਵਿੰਦਰ ਕੌਰ ਰਾਮਗੜ੍ਹ ਬਰਨਾਲਾ, 11) ਬਲਵਿੰਦਰ ਕੌਰ ਸਰਪੰਚ ਝੰਜੋਵਾਲ ਹੁਸ਼ਿਆਰਪੁਰ, 12) ਹਰਵਿੰਦਰ ਕੌਰ ਕੌਂਸਲਰ ਭਵਾਨੀਗੜ੍ਹ, 13) ਪੰਮੀ ਕੌਰ ਬਾਹਮਣੀਵਾਲਾ ਸੰਗਰੂਰ ਅਤੇ ਸਕੱਤਰਾਂ ਚ 1) ਅਮਨਦੀਪ ਕੌਰ ਚੱਕ ਭਾਈ ਕਾ ਲੁਧਿਆਣਾ,2) ਗਗਨਦੀਪ ਕੌਰ ਕੋਟਭਾਰਾ ਬਠਿੰਡਾ, 3) ਸੁਖਵਿੰਦਰ ਕੌਰ ਧੂਰੀ, 4 ਹਰਜੀਤ ਕੌਰ ਪਟਿਆਲਾ, 5) ਬਬਲੀ ਸੱਭਰਵਾਲ ਸ਼੍ਰੀ ਅੰਮ੍ਰਿਤਸਰ ਸਾਹਿਬ, 6) ਬਿੰਦੋ ਕੌਰ ਮਲਵਾਲਾ ਬਠਿੰਡਾ, 7) ਜਸਮੇਲ ਕੌਰ ਬਠਿੰਡਾ, 8) ਪਿੰਕੀ ਰਾਨੀ ਸੁਨਾਮ, 9) ਪਰਮਜੀਤ ਕੌਰ ਤਾਜੋਕੇ, 10)  ਅਮਰਜੀਤ ਕੌਰ ਘੁੰਨਸ ਬਰਨਾਲਾ, 11) ਮਨਜੀਤ ਕੌਰ ਕੱਟੂ, 12) ਅੰਜੂ ਰਾਣੀ ਫ਼ਰੀਦਕੋਟ, 13 ਰਫੀਆ ਬੇਗਮ ਮਾਲੇਰਕੋਟਲਾ, 14) ਸੁਰਜੀਤ ਕੌਰ ਜੌਹਲ ਜਲੰਧਰ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨਾਂ ਵਿੱਚ 1) ਸੁਰਿੰਦਰ ਕੌਰ ਬੁਗਰਾ (ਸੰਗਰੂਰ) 2) ਸੁਨੈਨਾ ਗਿੱਲ (ਮਾਲੇਰਕੋਟਲਾ) 3) ਪਰਮਜੀਤ ਕੌਰ ਧੌਲਾ (ਬਰਨਾਲਾ) 4) ਰਾਣੀ ਕੌਰ (ਬਠਿੰਡਾ ਸ਼ਹਿਰੀ) 5) ਗੁਰਮੇਲ ਕੌਰ  (ਬਠਿੰਡਾ ਦਿਹਾਤੀ) 6) ਰਾਣੀ ਦੇਵੀ (ਫਿਰੋਜ਼ਪੁਰ) 7) ਮਨਦੀਪ ਕੌਰ (ਮੋਗਾ) 8) ਬਲਵੀਰ ਕੌਰ (ਲੁਧਿਆਣਾ ਸ਼ਹਿਰੀ) 9) ਜੌਤੀ ਲੋਹਾਰਾ (ਲੁਧਿਆਣਾ) 10) ਰੁਪਿੰਦਰ ਕੌਰ (ਨਵਾਂ ਸ਼ਹਿਰ) 11) ਹਰਪਾਲ ਕੌਰ ਸਰਪੰਚ ਮੋਤੀਆਂ (ਹੁਸ਼ਿਆਰਪੁਰ ਦਿਹਾਤੀ) 12 ਨਵਿਤਾ ਕੁਮਾਰੀ (ਗੁਰਦਾਸਪੁਰ) 13) ਕਮਲਜੀਤ ਕੌਰ (ਐਸ ਏ ਐਸ ਨਗਰ, ਮੁਹਾਲੀ)  14) ਜਸਬੀਰ ਕੌਰ  (ਖੰਨਾ) 15) ਮਨਪ੍ਰੀਤ ਕੌਰ ਸਰਪੰਚ ਲਚਕਾਣੀ (ਪਟਿਆਲਾ ਦਿਹਾਤੀ) 16) ਰੀਨਾ ਕੁਮਾਰੀ  (ਹੁਸ਼ਿਆਰਪੁਰ ਸ਼ਹਿਰੀ) 17) ਰਾਜ ਕੁਮਾਰੀ ਦੌਲਤਪੁਰ (ਪਠਾਨਕੋਟ) ਅਤੇ 18)ਮਨਦੀਪ ਕੌਰ ਸਰਪੰਚ ਤੁਰਾਂ ਨੂੰ ਜ਼ਿਲ੍ਹਾ ਪ੍ਰਧਾਨ (ਸ਼੍ਰੀ ਫ਼ਤਹਿਗੜ੍ਹ ਸਾਹਿਬ) ਨਿਯੁਕਤ ਕੀਤਾ ਗਿਆ ।

ਧੀਆਂ ਨੂੰ ਮਿਲੇ ਵਧੀਆ ਮਾਹੌਲ ਤਾਂ ਧੀਆਂ ਸਮਾਜਿਕ ਪ੍ਰੀਵਾਰਕ ਰਾਜਨੀਤਕ ਤੌਰ ਤੇ ਕਰ ਸਕਦੀਆਂ ਹਨ ਤਰੱਕੀ - ਅਰੁਣ ਗਿਲ 

ਸਫਾਈ ਸੇਵਕ ਯੂਨੀਅਨ ਜਗਰਾਉਂ ਵੱਲੋਂ ਲੋਹੜੀ ਦਾ  ਪਵਿਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ 
    ਜਗਰਾਉਂ ,13 ਜਨਵਰੀ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ )ਸਫਾਈ ਸੇਵਕ ਯੂਨੀਅਨ ਪੰਜਾਬ ਬਰਾਂਚ ਨਗਰ ਕੌਂਸਲ ਜਗਰਾਉਂ ਵੱਲੋਂ ਲੋਹੜੀ ਦਾ ਪਵਿਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅੱਜ ਦੇ ਪਵਿੱਤਰ ਤਿਉਹਾਰ ਸਬੰਧੀ ਜਾਣਕਾਰੀ ਦਿੰਦਿਆਂ ਸਫਾਈ ਸੇਵਕ ਯੂਨੀਅਨ ਜ਼ਿਲ੍ਹਾ ਪ੍ਰਧਾਨ ਅਰੁਣ ਗਿਲ ਨੇ ਦੱਸਿਆ ਕਿ ਅੱਜ ਦੇ ਇਸ ਪਵਿੱਤਰ ਤਿਉਹਾਰ ਨੂੰ ਮਨਾਉਣ ਦਾ ਮੁੱਖ ਕਾਰਨ ਧੀਆਂ ਪ੍ਰਤੀ ਸ਼ਰਧਾ ਤੇ ਸਤਿਕਾਰ ਪੈਦਾ ਕਰਨਾ ਹੈ ਕਿਉਂਕਿ ਅੱਜ ਸਾਡੇ ਸਮਾਜ ਵਿੱਚ ਧੀਆਂ ਪ੍ਰਤੀ ਅੱਤਿਆਚਾਰ ਵੱਧ ਰਹੇ ਹਨ ਜਿਸ ਕਾਰਨ ਧੀਆਂ ਦੇ ਪੈਦਾ ਹੋਣ ਤੇ ਬਹੁਤ ਸਾਰੇ ਪ੍ਰੀਵਾਰ ਨਿਰਾਸ਼ਾ ਦੇ ਆਲਮ ਵਿੱਚ ਚਲੇ ਜਾਂਦੇ ਹਨ ਜੇਕਰ ਧੀਆਂ ਪ੍ਰਤੀ ਸਮਾਜ ਉਨਾਂ ਨੂੰ ਬਣਦਾ ਮਾਣ ਸਤਿਕਾਰ ਤੇ ਸੁਰੱਖਿਅਤ ਮਹੌਲ ਦੇਵੇਗਾ ਤਾਂ ਹਰ ਧੀ ਸਮਾਜਿਕ, ਪ੍ਰੀਵਾਰਕ ਤੇ ਰਾਜਨੀਤਕ ਤੌਰ ਤੇ ਅਹਿਮ ਰੋਲ ਅਦਾ ਕਰ ਸਕਦੀ ਹੈ ਇਸ ਲਈ ਅੱਜ ਸਮੇਂ ਦੀ ਲੋੜ ਹੈ ਧੀਆਂ ਨੂੰ ਉਤਸਾਹਿਤ ਕਰਨ ਵਾਲੇ ਪ੍ਰੋਗਰਾਮ ਤਿਉਹਾਰ ਮਨਾਏ ਜਾਣ ਉਨਾਂ ਵਲੋਂ ਸਮੂਚੇ ਸਮੂਹ ਸਟਾਫ ਨੂੰ ਨਾਲ ਲੈਕੇ ਇਸ ਪਵਿੱਤਰ ਤਿਉਹਾਰ ਨੂੰ ਇਕ ਮੰਚ ਤੇ ਇਕੱਠੇ ਹੋ ਮਨਾਉਣ ਨਾਲ ਸ਼ਹਿਰ ਅੰਦਰ ਧੀਆਂ ਪ੍ਰਤੀ ਉੱਚੀ ਤੇ ਸੁੱਚੀ ਸੋਚ ਰੱਖਣ ਵਾਲੇ ਹਰ ਇਨਸਾਨ ਨੂੰ ਧੀਆਂ ਪ੍ਰਤੀ ਅੱਗੇ ਹੋ ਕੇ ਕੰਮ ਕਰਨ ਲਈ ਉਤਸ਼ਾਹ ਮਿਲੇਗਾ ਅੱਜ ਦੇ ਲੋਹੜੀ ਦੇ ਪ੍ਰੋਗਰਾਮ ਅੰਦਰ ਕਾਰਜ ਸਾਧਕ ਅਫਸਰ ਸ਼੍ਰੀ ਮਨੋਹਰ ਸਿੰਘ ਬਾਘਾ ਜੀ ਨਗਰ ਕੌਂਸਲ ਜਗਰਾਉਂ ਅਕਾਊਟੈਂਟ ਅਭੇ ਜੋਸ਼ੀ, ਕਲਰਕ ਦਵਿੰਦਰ ਸਿੰਘ, ਨਵਦੀਪ ਕੌਰ, ਅਮਰ ਪਾਲ, ਹਰਦੀਪ ਸਿੰਘ, ਜਿਮੀ ਗਰਚਾ,, ਫਾਇਰ ਬ੍ਰਿਗੇਡ, ਇਲੈਟ੍ਰੀਸ਼ੀਅਨ, ਸੀਵਰਮੈਨ, ਸ਼ਾਮ ਲਾਲ, ਸਫਾਈ ਯੂਨੀਅਨ ਸੈਕਟਰੀ ਰਜਿੰਦਰ ਕੁਮਾਰ, ਰਾਜ ਕੁਮਾਰ, ਸਨਦੀਪ ਕੁਮਾਰ ਬਿਕਰਮ ਕੁਮਾਰ, ਆਸ਼ਾ ਰਾਣੀ, ਨੀਨਾ ਰਾਣੀ, ਕਮਲੇਸ਼, ਕੰਚਨ, ਸੁਮਨ ਰਾਣੀ ਰਾਜ ਰਾਣੀ, ਸਮੂਹ ਕਰਮਚਾਰੀ ਹਾਜਰ ਸਨ

"ਪੈਸਾ" ✍️ ਨਰਪਿੰਦਰ ਸਿੰਘ ਮੁਸਾਫ਼ਿਰ,

ਹਰ ਥਾਂ ਉਤੇ ਬਣਿਆ ਇਹ ਪ੍ਰਧਾਨ ਦੇਖਿਆ

ਮੈਂ ਪੈਸਾ ਯਾਰੋ ਬਾਹਲਾ ਹੀ ਬਲਵਾਨ ਦੇਖਿਆ

 

ਲੋੜ ਮੁਤਾਬਕ ਰਿਸ਼ਤੇ ਅੱਜਕਲ ਨਿਭਦੇ ਨੇ

ਹੋਇਆ ਮੈਂ ਖੁਦ-ਗਰਜ਼ ਬੜਾ ਇਨਸਾਨ ਦੇਖਿਆ

 

ਬੱਸ ਚਿੱਟੇ ਕੱਪੜੇ ਦੇਖ ਸਲਾਮਾਂ ਕਰਦੇ ਨੇ ਲੋਕੀ

ਨਾ ਕੱਪੜਿਆਂ ਓਹਲੇ ਬੈਠਾ ਕਿਸੇ ਹੈਵਾਨ ਦੇਖਿਆ

 

ਇਹ ਜਾਤ ਮਜ਼ਹਬ ਦੇ ਰੌਲੇ ਬਸ ਗਰੀਬਾਂ ਖਾਤਰ

ਮੈਂ ਜਾਇਦਾਦਾਂ ਨੂੰ ਹੁੰਦਾ ਕੰਨਿਆਦਾਨ ਦੇਖਿਆ

 

ਨਿੱਤ ਧਰਮ ਦਾ ਹੌਕਾ ਦਿੰਦਾ ਹੈ ਜੋ ਖਲਕਤ ਨੂੰ

ਸਿੱਕਿਆਂ ਪਿੱਛੇ ਹੁੰਦਾ ਉਹ ਬੇ-ਈਮਾਨ ਦੇਖਿਆ

 

ਢਿੱਡ ਬੰਨ ਬੰਨ ਕੇ ਪੁੱਤ ਪੜ੍ਹਾਇਆ ਮਾਪਿਆਂ ਨੇ

ਝੱਟ ਦੌਲਤ ਪਿੱਛੇ ਭੁਲਿਆ ਹਰ ਅਹਿਸਾਨ ਦੇਖਿਆ

 

ਅੰਤ ਬੇਵੱਸ ਹੋ ਕੇ ਚੇਤੇ ਕਰਦੇ ਰੱਬ ਨੂੰ ਮੇਰੇ ਵਰਗੇ

ਉਂਝ ਜੀਭ ਤੇ ਬੈਠਾ ਸੁਬਹ ਸ਼ਾਮ ਸ਼ੈਤਾਨ ਦੇਖਿਆ

 

ਇਹ ਕੋਠੀਆਂ ਕਾਰਾਂ ਛੱਡ ਕੇ "ਮੁਸਾਫ਼ਿਰ" ਤੁਰ ਜਾਣਾ

ਕੁੱਝ ਨਾਲ ਲੈ ਜਾਂਦਾ ਕੋਈ ਨਾ ਖੱਬੀਖਾਨ ਦੇਖਿਆ

 

ਨਰਪਿੰਦਰ ਸਿੰਘ ਮੁਸਾਫ਼ਿਰ,ਖਰੜ

ਨੌਜਵਾਨ ਵਰਗ ਬਦਲ ਸਕਦਾ ਹੈ ਦੇਸ਼ ਦੀ ਦਿਸ਼ਾ ਅਤੇ ਦਸ਼ਾ "✍️ ਕੁਲਦੀਪ ਸਿੰਘ ਰਾਮਨਗਰ

 

ਦੇਸ਼ ਭਰ 'ਚ ਹਰ ਸਾਲ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਦੇਸ਼ ਦੀ ਅਜ਼ਾਦੀ ਦੀ ਲੜਾਈ ਤੋਂ ਲੈ ਕੇ ਹੋਰ ਬਹੁਤ ਸਾਰੇ ਸੰਘਰਸ਼ਾਂ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਰਿਹਾ ਹੈ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਉਥੋ ਦੇ ਨੌਜਵਾਨਾਂ ਦੇ ਚਿਹਰਿਆ ਤੋਂ ਸਹਿਜੇ ਹੀ ਪੜੀ ਜਾ ਸਕਦੀ ਹੈ। ਨੌਜਵਾਨ ਇਕ ਇਹੋ ਜਿਹਾ ਵਰਗ ਹੈ, ਜਿਸ ਤੋਂ ਬਿਨਾਂ ਕਿਸੇ ਦੇਸ਼ ਜਾਂ ਸੂਬੇ ਦੀ ਸੱਤਾ ਤਬਦੀਲੀ ਨਹੀਂ ਹੋ ਸਕਦੀ ਪਰ ਅੱਜ ਜੇ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਇਥੋਂ ਦਾ ਨੌਜਵਾਨ ਦੂਜੇ ਦੇਸ਼ਾਂ ਵੱਲ ਜਾਣ ਲਈ ਜਦੋ ਜਹਿਦ ਕਰ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚ ਸਿਸਟਮ ਦਾ ਸਹੀ ਨਾ ਹੋਣਾ, ਨੌਜਵਾਨਾਂ ਨੂੰ ਰੁਜ਼ਗਾਰ ਦੀ ਸਮੱਸਿਆ, ਭ੍ਰਿਸ਼ਟਾਚਾਰ ਆਦਿ। ਪਾਰਟੀਆਂ ਵਲੋਂ ਕਈ ਤਰ੍ਹਾਂ ਦੇ ਵਾਅਦੇ ਜ਼ਰੂਰ ਕੀਤੇ ਜਾਂਦੇ ਹਨ ਪਰ ਕੋਈ ਠੋਸ ਨੀਤੀ ਨਹੀਂ ਬਣਾਈ ਜਾਂਦੀ। ਜਦੋਂਕਿ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਹੁਣ ਵੀ ਹੈ ਪਰ ਸੋਨੇ ਦੀ ਖਾਣ ਵਿੱਚੋ ਕਿਸੇ ਸਰਕਾਰ ਨੇ ਸੋਨਾ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਸਿਆਸਤ ਹਮੇਸ਼ਾ ਸਿਰਫ਼ ਧਨਾਢ ਲੋਕਾਂ ਤੱਕ ਹੀ ਸੀਮਤ ਰਹੀ ਹੈ। ਪਾਰਟੀਆਂ ਅਤੇ ਰਾਜਨੀਤਕ ਲੋਕਾਂ ਵਲੋਂ ਵੱਡੇ-ਵੱਡੇ ਲੋਕਾਂ ਅਤੇ ਕੰਪਨੀਆਂ ਤੋਂ ਪਾਰਟੀ ਫੰਡ ਲੈਕੇ ਚੋਣਾਂ ਜਿੱਤੀਆਂ ਜਾਦੀਆ ਹਨ ਅਤੇ ਬਾਅਦ ’ਚ ਉਨ੍ਹਾਂ ਮੁਤਾਬਕ ਕੰਮ ਕੀਤੇ ਜਾਂਦੇ ਹਨ ਜਿਸ ਕਰਕੇ ਰਾਜਨੀਤੀ ਸਮਾਜ ਸੇਵਾ ਦੀ ਬਜਾਏ ਇੱਕ ਬਿਜਿਨਸ ਬਣ ਚੁੱਕਾ ਹੈ ਇਥੋਂ ਤੱਕ ਕਿ ਲੋਕਾਂ ਵਲੋਂ ਚੁਣੇ ਗਏ ਨੁਮਾਇੰਦੇ ਵੀ ਵੇਚੇ ਤੇ ਖਰੀਦੇ ਜਾਂਦੇ ਹਨ ਰਾਜਨੀਤੀ ਪੈਸੇ ਅਤੇ ਧਨਾਢ ਲੋਕਾਂ ਦੇ ਦੁਆਲੇ ਘੁੰਮਦੀ ਘੁੰਮਦੀ ਗਰੀਬਾ, ਨੌਜਵਾਨਾਂ ਅਤੇ ਦੇਸ਼ ਦੀਆਂ ਹੋਰ ਸਮੱਸਿਆਵਾਂ ਤੱਕ ਪਹੁੰਚਦੇ ਪਹੁੰਚਦੇ ਦਮ ਤੋੜ ਜਾਂਦੀ ਹੈ। ਜਿਨ੍ਹਾਂ ’ਚੋਂ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਵੀ ਸਮੱਸਿਆ ਹੈ। ਲੇਬਰ ਬਿਊਰੋ ਅੰਕੜਿਆਂ ਅਨੁਸਾਰ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਬੇਰੁਜ਼ਗਾਰਾਂ ਦਾ ਦੇਸ਼ ਬਣ ਚੁੱਕਿਆ ਹੈ। ਦੇਸ਼ ਵਿੱਚ ਨੌਕਰੀਆਂ ਦਿਨ-ਬ-ਦਿਨ ਘੱਟ ਰਹੀਆਂ ਹਨ, ਸਵੈ-ਰੁਜ਼ਗਾਰ ਦੇ ਮੌਕੇ ਦੇਸ਼ ਦੇ ਨੌਜਵਾਨਾਂ ਨੂੰ ਮਿਲ ਨਹੀਂ ਰਹੇ। ਭਾਰਤ ਦੁਨੀਆਂ ’ਚ ਅਬਾਦੀ ’ਚ ਦੂਜਾ ਵੱਡਾ ਦੇਸ਼ ਹੈ। ਦੇਸ਼ ਦੀ 65 ਫ਼ੀਸਦੀ ਅਬਾਦੀ ਦੀ ਔਸਤ ਉਮਰ 35 ਸਾਲ ਹੈ। ਭਾਵ ਭਾਰਤ ’ਚ ਨੌਜਵਾਨ ਕਾਮਾ ਸ਼ਕਤੀ, ਦੁਨੀਆ ਦੇ ਕਿਸੇ ਦੇਸ਼ ਨਾਲੋਂ ਵੱਡੀ ਹੈ ਪਰ ਇਸ ਕਾਮਾ ਸ਼ਕਤੀ ਕੋਲ ਰੁਜ਼ਗਾਰ ਜਾਂ ਇੱਛਤ ਰੁਜ਼ਗਾਰ ਜਾਂ ਸਵੈ ਰੁਜ਼ਗਾਰ ਦੀ ਘਾਟ ਹੈ, ਜੋ ਵੱਡੀ ਨਿਰਾਸ਼ਾ ਦਾ ਕਾਰਨ ਹੈ। ਕਈ ਹਾਲਤਾਂ ਵਿੱਚ ਉਸਨੂੰ ਪ੍ਰਵਾਸ ਹੰਢਾਉਣ ਲਈ ਮਜ਼ਬੂਰ ਕਰ ਰਹੀ ਹੈ ਜਾਂ ਫਿਰ ਉਸਨੂੰ ਅੱਤਵਾਦੀ ਸਰਗਰਮੀਆਂ, ਸਮਾਜ ਵਿਰੋਧੀ ਅਨਸਰਾਂ ਵੱਲ ਪ੍ਰੇਰਿਤ ਕਰਦੀ ਹੈ। ਦੇਸ਼ ਦਾ ਨੌਜਵਾਨ ਇਸ ਸਮੇਂ ਨਿਰਾਸ਼ ਹੈ। ਇਸ ਨਿਰਾਸ਼ਤਾ ਕਾਰਨ ਉਹ ਆਪਣੇ ਸਰਵਜਨਕ ਜੀਵਨ ਵਿੱਚ ਸੁਤੰਤਰ ਫ਼ੈਸਲੇ ਨਹੀਂ ਲੈ ਪਾ ਰਿਹਾ। ਉਸਦੇ ਜੀਵਨ ਵਿੱਚ ਭਟਕਾਅ ਅਤੇ ਅਸੰਤੁਲਿਨ ਵੇਖਿਆ ਜਾਣ ਲੱਗਾ ਹੈ। ਉਸਦੇ ਮਨ ‘ਚ ਪੈਦਾ ਹੋ ਰਹੇ ਨਾਕਾਰਤਮਕ ਵਿਚਾਰ, ਕ੍ਰੋਧ ਅਤੇ ਤਨਾਅ ਉਸਦੇ ਵਿਅਕਤੀਤਵ ’ਤੇ ਬੁਰਾ ਪ੍ਰਭਾਵ ਛੱਡ ਰਹੇ ਹਨ। ਉਹ ਆਪਣੇ ਸਭਿਆਚਾਰ, ਸਮਾਜਿਕ ਮੁਲਾਂ ਅਤੇ ਪ੍ਰੰਪਰਾਵਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਸਮੇਂ ਵਿਗੜੀ ਅਰਥ ਵਿਵਸਥਾ ਨੂੰ ਥਾਂ-ਸਿਰ ਲਿਆਉਣ ਲਈ ਵੱਡੇ ਕਦਮ ਪੁੱਟਣ ਦੀ ਲੋੜ ਹੈ ਪਰ ਇਸ ਤੋਂ ਵੀ ਵੱਡੀ ਲੋੜ ਸਥਾਨਕ ਪੱਧਰ ‘ਤੇ ਅਸਥਾਈ ਅਤੇ ਸਥਾਈ ਰੁਜ਼ਗਾਰ ਸਿਰਜਨ ਦੀ ਹੈ। ਇਸ ਵਾਸਤੇ ਭਾਰਤ ਨੂੰ ਆਪਣੀਆਂ ਨੀਤੀਆਂ ਵਿੱਚ ਵੱਡਾ ਬਦਲਾਅ ਕਰਨਾ ਹੋਏਗਾ ਅਤੇ ਨਾ-ਬਰਾਬਰੀ ਵਾਲੇ, ਲੋਕਾਂ ਦੀ ਲੁੱਟ-ਖਸੁੱਟ ਵਾਲੇ ਅਰਥਚਾਰੇ ਨੂੰ ਕਾਬੂ ਕਰਨਾ ਹੋਵੇਗਾ। ਸਰਕਾਰਾਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਠੋਸ ਨੀਤੀਆਂ ਲਿਆਉਣ ਦੀ ਲੋੜ ਹੈ, ਕਿਉਂਕਿ ਜਿਸ ਦੇਸ਼ ਦਾ ਨੌਜਵਾਨ ਵਰਗ ਨਿਰਾਸ਼ ਹੈ ਤਾਂ ਉਸ ਦੇਸ਼ ਦੇ ਵਿਕਾਸ ਵਿਚ ਤੇਜ਼ੀ ਆਉਣੀ ਨਾ ਮੁਮਕਿਨ ਹੈ।  ਜੇੇਕਰ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਬਾਹਰਲੇ ਮੁਲਕਾਂ ਦੇ ਵਿਕਾਸ ਕਰਨ ਦੀ ਵਜਾਏ ਉਨ੍ਹਾਂ ਦੀ ਉਰਜਾ ਆਪਣੇ ਦੇਸ਼ ਵਿਚ ਲਾਉਣਾ ਚਾਹੁੰਦੇ ਹਾਂ ਤਾਂ ਸਰਕਾਰਾਂ ਨੂੰ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਸਾਧਨਾ ਤੇ ਗੰਭੀਰ ਚਰਚਾ ਕਰਨ ਦੀ ਲੋੜ ਹੈ ਤਾਂ ਹੀ ਸਾਨੂੰ ਨੌਜਵਾਨ ਦਿਵਸ ਮਨਾਉਣ ਦਾ ਫ਼ਾਇਦਾ ਹੈ ਇਸ ਦੇ ਨਾਲ ਹੀ ਨੌਜਵਾਨ ਵਰਗ ਨੂੰ ਚੰਗੀ ਰਾਜਨੀਤੀ ਵਿੱਚ ਰੁਚੀ ਵਧਾਉਣ ਦੀ ਲੋੜ ਹੈ ਜਿਸ ਦਿਨ ਸਾਡੇ ਨੌਜਵਾਨ ਰਾਜਨੀਤੀ ਸਮਝਣ ਸਮਝਣ ਲੱਗ ਪਏ ਤਾਂ ਅਖੌਤੀ, ਅਤੇ ਭ੍ਰਿਸ਼ਟ ਲੀਡਰਾ ਨੂੰ ਰਾਜਨੀਤੀ ਕਰਨੀ ਇਨੀ ਆਸਾਨ ਨਹੀਂ ਹੋਵੇਗੀ। ਸ਼ਹੀਦਾਂ ਦੇ ਸੁਪਨਿਆਂ ਦੇ ਲੋਕਤੰਤਰ ਦੀ ਬਹਾਲੀ, ਦੇਸ਼ ਦੇ ਨਿਰਮਾਣ, ਵਿਕਾਸ, ਅਤੇ ਸਾਫ ਸੁਥਰੀ ਰਾਜਨੀਤੀ ਲਈ ਨੌਜਵਾਨ ਪੀੜ੍ਹੀ ਦਾ ਯੋਗਦਾਨ ਬੜੀ ਅਹਿਮੀਅਤ ਰੱਖਦਾ ਹੈ।

ਕੁਲਦੀਪ ਸਿੰਘ ਰਾਮਨਗਰ
9417990040

 ਗ਼ਜ਼ਲ ✍️ ਅੰਜੂ ਸਾਨਿਆਲ

   

 

ਮਨ੍ਹਾਂ  ਹੋ ਰਹੀ ਹੈ ਵਹੀ ਆਰਜ਼ੂ ।

ਤਮਾਂ ਹੋ ਰਹੀ ਹੈ, ਵਹੀ ਆਰਜ਼ੂ ।

 

ਮੁਹੱਬਤ ਜਵਾਂ ਹੈ ਜਵਾਂ ਬੇਖ਼ੁਦੀ, 

ਬਿਆਂ ਹੋ ਰਹੀ ਹੈ, ਵਹੀ ਆਰਜ਼ੂ।

 

ਹੈ ਤੇਰੀ ਵੀ ਖਾਹਿਸ਼ ਜੋ ਚਾਹਤ ਮੇਰੀ ,

ਰਵਾਂ ਹੋ ਰਹੀ ਹੈ, ਵਹੀ ਆਰਜ਼ੂ।

 

ਕਹਾਂ ਥੀ ਕਹਾਂ ਹੈ ਵੋ ਉਲਫ਼ਤ ਤੇਰੀ,

ਕਹਾਂ ਹੋ ਰਹੀ ਹੈ, ਵਹੀ ਆਰਜ਼ੂ।

 

ਪਿਘਲਤੇ ਪਿਘਲਤੇ ਖ਼ਤਮ ਹੋ ਰਹੀ, 

ਸ਼ਮਾਂ ਹੋ ਰਹੀ ਹੈ, ਵਹੀ ਆਰਜ਼ੂ।

 

ਯੇ ਗਾਓਂ ਕੀ ਗੁਡੀਆ ਕੋ ਦੇਖੋ ਜ਼ਰਾ, 

ਜਹਾਂ ਹੋ ਰਹੀ ਹੈ, ਵਹੀ ਆਰਜ਼ੂ।

 

ਐ 'ਅੰਜੂ' ਤੇਰੀ ਭੀ ਕਹਾਨੀ ਅਜਬ,

ਅਯਾਂ ਹੋ ਰਹੀ ਹੈ, ਵਹੀ ਆਰਜ਼ੂ।

 

ਅੰਜੂ ਸਾਨਿਆਲ 

ਹਿਆਉਂ ਨ ਕੈਹੀ ਠਾਹਿ ✍️ ਮਨਜੀਤ ਕੌਰ ਧੀਮਾਨ

ਮਹਾਨ ਸੂਫ਼ੀ ਸੰਤ ਕਵੀ ਸ਼ੇਖ ਫ਼ਰੀਦ ਜੀ ਉਪਰੋਕਤ ਕਥਨ ਰਾਹੀਂ ਇਹ ਸੁਨੇਹਾ ਦਿੰਦੇ ਹਨ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਫ਼ਰੀਦ ਜੀ ਅਨੁਸਾਰ ਸੱਭਨਾਂ ਦੇ ਦਿਲਾਂ ਵਿੱਚ ਉਹ ਸੱਚਾ ਪਰਮਾਤਮਾ ਵਾਸ ਕਰਦਾ ਹੈ ਤੇ ਜੇਕਰ ਅਸੀਂ ਕਿਸੇ ਦਾ ਵੀ ਦਿਲ ਦੁਖਾਉਂਦੇ ਹਾਂ ਤਾਂ ਅਸੀਂ ਉਸ ਪਰਮਾਤਮਾ ਦਾ ਦਿਲ ਦੁਖਾਉਂਦੇ ਹਾਂ।

                 ਜੇਕਰ ਅਸੀਂ ਇਹਨਾਂ ਮਹਾਨ ਸੰਤਾਂ ਦੀਆਂ ਗੱਲਾਂ ਤੇ ਅਮਲ ਕਰੀਏ ਤਾਂ ਸਾਡੀ ਜ਼ਿਦੰਗੀ ਵਿੱਚ ਕੋਈ ਕਮੀ ਨਹੀਂ ਰਹਿ ਜਾਏਗੀ। ਪਰ ਨਹੀਂ, ਅਸੀਂ ਤਾਂ ਸਿਰਫ਼ ਇਹਨਾਂ ਨੂੰ ਮੱਥੇ ਟੇਕਣੇ ਹਨ। ਇਹਨਾਂ ਦੀਆਂ ਫੋਟੋਆਂ ਤੇ ਹਾਰ ਪਾ ਕੇ ਬੱਸ ਇਹਨਾਂ ਨੂੰ ਪੂਜੀ ਜਾਣਾ ਹੈ। ਇਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਅਸੀਂ ਜ਼ਰੂਰੀ ਨਹੀਂ ਸਮਝਦੇ। ਸਾਡਾ ਫ਼ਰਜ਼ ਤਾਂ ਮੱਥੇ ਟੇਕਣ ਨਾਲ਼ ਹੀ ਪੂਰਾ ਹੋ ਜਾਂਦਾ ਹੈ।

                ਹੁਣ ਗੱਲ ਕਰਦੇ ਹਾਂ ਬਾਬਾ ਫ਼ਰੀਦ ਜੀ ਦੇ ਕਹੇ ਸ਼ਬਦ ਦੀ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਅਕਸਰ ਅਸੀਂ ਜਾਣੇ ਅਣਜਾਣੇ ਵਿੱਚ ਬਹੁਤ ਲੋਕਾਂ ਦਾ ਦਿਲ ਦੁੱਖਾ ਦਿੰਦੇ ਹਾਂ। ਅਨਜਾਣੇ ਵਿੱਚ ਤਾਂ ਮੰਨਿਆ ਪਰ ਜੇਕਰ ਜਾਣ ਬੁੱਝ ਕੇ ਅਸੀਂ ਕਿਸੇ ਦਾ ਦਿਲ ਦੁਖਾਉਂਦੇ ਹਾਂ ਤਾਂ ਇਹ ਬਹੁਤ ਬੁਰੀ ਗੱਲ ਹੈ। ਅਸੀਂ ਜਿੰਨੇ ਮਰਜ਼ੀ ਧਰਮ-ਕਰਮ ਕਰ ਲਈਏ ਪਰ ਜੇ ਕਿਸੇ ਦਾ ਦਿਲ ਦੁੱਖਾ ਦਿੱਤਾ ਤਾਂ ਸੱਭ ਵਿਅਰਥ ਹੈ।

                ਪਤੀ-ਪਤਨੀ ਵਿੱਚ ਵੀ ਅਕਸਰ ਕਿਹਾ-ਸੁਣੀ ਹੁੰਦੀ ਰਹਿੰਦੀ ਹੈ। ਪਰ ਦੋਵਾਂ ਵਿੱਚ ਇੱਕ ਪਿਆਰ ਵਾਲ਼ੀ ਸਾਂਝ ਬਣੀ ਹੁੰਦੀ ਹੈ ਜਿਸ ਕਰਕੇ ਉਹ ਇੱਕ- ਦੂਜੇ ਨਾਲ ਜੁੜੇ ਰਹਿੰਦੇ ਹਨ। ਪਰ ਕਈ ਵਾਰ ਪਤੀ-ਪਤਨੀ ਇੱਕ-ਦੂਜੇ ਨੂੰ ਇਹੋ ਜਿਹੇ ਮਿਹਣੇ- ਤਾਹਨੇ ਮਾਰਦੇ ਹਨ ਕਿ ਦਿਲੋਂ ਉੱਤਰ ਜਾਂਦੇ ਹਨ। ਫ਼ੇਰ ਚਾਹੇ 'ਕੱਠੇ ਰਹਿਣ ਦੀ ਮਜ਼ਬੂਰੀ ਹੋਵੇ ਪਰ ਅੰਦਰੋਂ ਪਿਆਰ ਖਤਮ ਹੋ ਜਾਂਦਾ ਹੈ। ਇਸ ਤੋਂ ਚੰਗਾ ਕਿ ਗ਼ੁੱਸੇ ਦੇ ਵਕਤ ਥੋੜਾ ਰੁੱਕ ਜਾਓ। ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਆਪਣੇ ਰਿਸ਼ਤੇ ਨਾ ਵਿਗਾੜੋ।

                 ਇਸੇ ਤਰ੍ਹਾਂ ਕਦੇ- ਕਦੇ ਭੈਣ-ਭਰਾਵਾਂ ਵਿੱਚ ਵੀ ਅਣਬਣ ਹੋ ਜਾਂਦੀ ਹੈ। ਛੋਟੀਆਂ- ਛੋਟੀਆਂ ਗੱਲਾਂ ਤੋਂ ਵੱਡਾ ਬਤੰਗੜ ਬਣ ਜਾਂਦਾ ਹੈ। ਫ਼ੇਰ ਸ਼ੁਰੂ ਹੁੰਦਾ ਹੈ ਇੱਕ-ਦੂਜੇ ਦੇ ਦਿਲਾਂ ਨੂੰ ਦੁਖਾਉਣ ਦਾ ਸਿਲਸਿਲਾ।ਹਰ ਕੋਈ ਇਹੋ ਜਿਹੀਆ ਚੁੱਭਵੀਆਂ ਗੱਲਾਂ ਕਰਦਾ ਹੈ ਕਿ ਅਗਲੇ ਦੇ ਅੰਦਰ ਬੱਸ ਭਾਂਬੜ ਮਚ ਜਾਣ। ਫਿਰ ਉਹ ਆਪਣੀ ਤੱਸਲੀ ਲਈ ਚੰਗੀ ਤਰ੍ਹਾਂ ਬਦਲਾ ਲੈਂਦਾ ਹੈ। ਬੱਸ ਇੰਝ ਹੀ ਚੱਲਦਾ ਰਹਿੰਦਾ ਹੈ ਤੇ ਅਸੀਂ ਭੁੱਲੇ ਰਹਿੰਦੇ ਹਾਂ।

                   ਹੁਣ ਇਸੇ ਤਰ੍ਹਾਂ ਹੁੰਦਾ ਹੈ ਦਫ਼ਤਰਾਂ ਜਾਂ ਕੰਮ ਕਾਜ਼ ਵਾਲੀਆਂ ਥਾਵਾਂ ਤੇ। ਜੇ ਕੋਈ ਮਜ਼ਦੂਰ ਜਾਂ ਵਰਕਰ ਰਤਾਂ ਕੁ ਦੇਰ ਨਾਲ ਪਹੁੰਚੇ ਤਾਂ ਬੌਸ ਨੂੰ ਗੱਲਾਂ ਸੁਣਾਉਣ ਦਾ ਮੌਕਾ ਮਿਲ ਜਾਂਦਾ ਹੈ। ਫਿਰ ਵਰਕਰ ਵੀ ਮੌਕੇ ਦੀ ਤਾੜ ਵਿੱਚ ਰਹਿੰਦਾ ਹੈ ਕਿ ਕਦੋਂ ਉਹ ਬਦਲਾ ਲਵੇ।

                ਸਿਆਣੇ ਲੋਕ ਕਹਿੰਦੇ ਹਨ ਕਿ ਕਿਸੇ ਨੂੰ ਮਾਫ਼ ਕਰ ਦਿਓ ਜਾਂ ਕਿਸੇ ਤੋਂ ਮਾਫ਼ੀ ਮੰਗ ਲਓ। ਪਰ ਅੱਜਕਲ੍ਹ ਇਸ ਗੱਲ ਤੇ ਹੁਣ ਬਹੁਤ ਘੱਟ ਲੋਕ ਹੀ ਅਮਲ ਕਰਦੇ ਹਨ। ਬਾਕੀ ਤਾਂ ਮਰਨ ਮਰਾਉਣ ਵਿੱਚ ਹੀ ਵਿਸ਼ਵਾਸ ਰੱਖਦੇ ਹਨ।

                 ਆਓ ਜ਼ਰਾ ਸੋਚ ਕੇ ਦੇਖੀਏ ਕਿ ਨਫ਼ਰਤ ਦੀ ਇਸ ਦੁਨੀਆਂ ਵਿੱਚ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਕਿੱਥੇ ਗਈ ਉਹ ਪਿਆਰ ਮੁਹੱਬਤ ਜਿਹੜੀ ਜਾਨ ਦੇਣ ਤੱਕ ਜਾਂਦੀ ਸੀ। ਕਿੱਥੋਂ ਆ ਗਈ ਇਹ ਨਫ਼ਰਤ,ਬੇਯਕੀਨੀ ਤੇ ਤੰਗਦਿਲੀ? 

                 ਆਧੁਨਿਕਤਾ ਆਪਣੀ ਥਾਂ ਜ਼ਰੂਰੀ ਹੈ ਪਰ ਪੁਰਾਣਾ ਪਿਆਰ ਤੇ ਸਾਂਝ ਵਾਲ਼ਾ ਸੱਭਿਆਚਾਰ ਬਹੁਤ ਸੋਹਣਾ ਹੈ। ਚਲੋ ਮੁੜ ਚਲੀਏ! ਉਸ ਰਿਸ਼ਤਿਆਂ ਦੀ ਮਿਠਾਸ ਵੱਲ ਤੇ ਸਾਂਭ ਲਈਏ ਆਪਣੇ ਗੁਰੂਆਂ ਤੇ ਪੀਰਾਂ ਦੀਆਂ ਕਹੀਆਂ ਮਹਾਨ ਗੱਲਾਂ ਨੂੰ। ਫ਼ੇਰ ਅਸਲ ਵਿੱਚ ਅਸੀਂ ਉਹਨਾਂ ਦੇ ਅਨੁਯਾਈ ਕਹਾਂਵਾਗੇ। ਛੱਡੋ ਜਿੱਦਾਂ ਵਾਲੀਆਂ ਅੜੀਆਂ ਤੇ ਖੋਲੋ ਮੁੱਹਬਤ ਦੀਆਂ ਕੜੀਆਂ। ਤੇ ਫੇਰ ਇੰਝ ਹੋਵੇ...

 

ਦੁਨੀਆਂ ਦੇ ਵਿੱਚ ਰੱਖ ਫਰੀਦਾ

ਕੁਝ ਐਸਾ ਬਹਿਣ ਖਲੋਣ,

 ਕੋਲ ਹੋਈਏ ਤਾਂ ਹੱਸਣ ਲੋਕੀ

ਤੁਰ ਜਾਈਏ ਤਾਂ ਰੋਣ ।

 

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ , ਸੰ:9464633059