ਪੰਜਾਬ

ਆਸਟ੍ਰੇਲੀਆ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਪੜਾਉਣੀ ਸਵਾਗਤਯੋਗ- ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 25 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੰਜਾਬੀ ਭਾਸ਼ਾ ਸਬੰਧੀ ਅਸਟ੍ਰੇਲੀਆਂ ਦੇਸ਼ ਦੇ ਪ੍ਰੀ-ਪ੍ਰਾਇਮਰੀ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਪੜਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪੱਛਮੀ ਆਸਟਰੇਲੀਆ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਵੀ ਪੜ੍ਹਾਈ ਜਾਵੇਗੀ ਬਾਰੇ ਚੰਗਾ ਫੈਸਲਾ ਹੈ। ਉਥੇ 2021 ਦੀ ਮਰਦਮਸ਼ੁਮਾਰੀ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਹ ਗਿਣਤੀ 2,39,000 ਸੀ।ਏਸੇ ਨਾਲ ਤਾਮਿਲ, ਹਿੰਦੀ ਅਤੇ ਕੋਰੀਅਨ ਭਾਸ਼ਾਵਾਂ ਨੂੰ ਸਕੂਲਾਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਪੰਜਾਬੀ ਨੂੰ ਕੀਤਾ ਜਾਵੇਗਾ। ਆਸਟਰੇਲੀਅਨ ਸਰਕਾਰ ਅਨੁਸਾਰ ਦੇਸ਼ ਵਿਚ 190 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੈਨੇਡਾ ਵਿਚ ਪੰਜਾਬੀ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਓਂਟਾਰੀਓ ਤੇ ਕਈ ਹੋਰ ਖੇਤਰਾਂ ਦੇ ਸਕੂਲਾਂ ਵਿਚ ਪੜ੍ਹਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿਸੇ ਵੀ ਭੂਗੋਲਿਕ ਖਿੱਤੇ ਦੇ ਲੋਕ ਉਸ ਖ਼ਿੱਤੇ ਨਾਲ ਕਈ ਤਰੀਕਿਆਂ ਅਤੇ ਪ੍ਰਕਿਰਿਆਵਾਂ ਰਾਹੀਂ ਜੁੜੇ ਹੁੰਦੇ ਹਨ; ਇਨ੍ਹਾਂ ਵਿਚੋਂ ਭਾਸ਼ਾ ਪ੍ਰਮੁੱਖ ਹੈ। ਪੰਜਾਬੀ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਇਟਲੀ ਤੇ ਕਈ ਹੋਰ ਦੇਸ਼ਾਂ ਵਿਚ ਵੀ ਵਸਦਾ ਹੈ। ਪਰਵਾਸ ਕਰਦੇ ਪੰਜਾਬੀ ਆਪਣੇ ਸਭਿਆਚਾਰ ਤੇ ਭੋਇੰ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਪਰਵਾਸ ਵਿਚ ਉਨ੍ਹਾਂ ਨੂੰ ਵੱਖਰੀ ਜੀਵਨ-ਜਾਚ ਅਪਣਾਉਣੀ ਪੈਂਦੀ ਹੈ ਪਰ ਨਾਲ ਨਾਲ ਉਨ੍ਹਾਂ ਦੇ ਮਨਾਂ ਵਿਚ ਪੰਜਾਬ ਅਤੇ ਪੰਜਾਬੀ ਪ੍ਰਤੀ ਪਿਆਰ ਵੀ ਪਨਪਦਾ ਰਹਿੰਦਾ ਹੈ। ਕੈਨੇਡਾ, ਆਸਟਰੇਲੀਆ, ਇੰਗਲੈਂਡ, ਅਮਰੀਕਾ ਤੇ ਹੋਰ ਦੇਸ਼ਾਂ ਵਿਚ ਪੰਜਾਬੀ ਪੜ੍ਹਾਉਣ ਦੇ ਪ੍ਰਬੰਧ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਹਿੰਮਤ ਸਦਕਾ ਹੀ ਸੰਭਵ ਹੋਏ ਹਨ। ਉਨ੍ਹਾਂ ਕਿਹਾ ਵੱਖ ਵੱਖ ਅਨੁਮਾਨ ਤੇ ਮਾਹਿਰ ਸਾਰੀ ਦੁਨੀਆ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 10ਵੇਂ ਤੇ 12ਵੇਂ ਦਰਜੇ ਵਿਚਕਾਰ ਰੱਖਦੇ ਹਨ। ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲੇ ਲਹਿੰਦੇ ਪੰਜਾਬ ਵਿਚ ਰਹਿੰਦੇ ਹਨ ਪਰ ਦੁਖਾਂਤ ਇਹ ਹੈ ਕਿ ਉੱਥੇ ਪੰਜਾਬੀ ਨੂੰ ਨਾ ਤਾਂ ਸਰਕਾਰੀ ਭਾਸ਼ਾ ਦਾ ਦਰਜਾ ਹਾਸਲ ਹੈ ਅਤੇ ਨਾ ਹੀ ਬੱਚਿਆਂ ਦੀ ਮੁੱਢਲੀ ਪੜ੍ਹਾਈ ਪੰਜਾਬੀ ਵਿਚ ਕਰਵਾਈ ਜਾਂਦੀ ਹੈ। ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਪੰਜਾਬੀ ਸਦੀਆਂ ਤੋਂ ਜਿਊਂਦੀ ਆਈ ਹੈ ਅਤੇ ਪੰਜਾਬੀਆਂ ਦੇ ਮਨੋਭਾਵਾਂ ਦੇ ਪ੍ਰਗਟਾਵੇ ਦਾ ਮਾਧਿਅਮ ਬਣੀ ਹੈ। ਪੱਛਮੀ ਆਸਟਰੇਲੀਆ ਦੇ ਪ੍ਰੀ-ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਪੜ੍ਹਾਏ ਜਾਣ ਦੀ ਖ਼ਬਰ ਸਵਾਗਤਯੋਗ ਹੈ।

 

"ਕਿਵੇਂ ਬਣਿਆ ਭਾਰਤੀ ਸੰਵਿਧਾਨ"✍️ ਕੁਲਦੀਪ ਸਿੰਘ ਰਾਮਨਗਰ

 

ਭਾਰਤ ਵਿੱਚ 26 ਜਨਵਰੀ ਨੂੰ ਗਣਤੰਤਰਤਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਹ ਦਿਨ ਬਹੁਤ ਮਹੱਤਵਪੂਰਨ ਹੈ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਭਾਰਤ ਦੇ ਸੰਵਿਧਾਨ ਦਾ ਬਣਨਾ ਅਤੇ ਇਸ ਦਾ ਲਾਗੂ ਹੋਣਾ, ਇਸਦੇ ਪਿੱਛੇ ਬਹੁਤ ਲੰਬਾ ਇਤਿਹਾਸ ਹੈ। ਡਾਕਟਰ ਭੀਮ ਰਾਓ ਅੰਬੇਡਕਰ ਦਾ ਸੰਵਿਧਾਨ ਘੜਨੀ ਸਭਾ (Constituent Assembly) ਦਾ ਮੈਂਬਰ ਬਣਨਾ ਅਤੇ ਦੇਸ਼ ਦਾ ਪਹਿਲਾ ਕਾਨੂੰਨ ਮੰਤਰੀ ਬਣਨਾ, ਇਸਦਾ ਵੀ ਇੱਕ ਰੌਚਕ ਇਤਿਹਾਸ ਹੈ। ਡਾਕਟਰ ਅੰਬੇਡਕਰ ਅਤੇ ਕਾਂਗਰਸ ਵਿਚਕਾਰ ਖਾਸਕਰ ਗਾਂਧੀ ਜੀ ਨਾਲ ਉਹਨਾਂ ਦੇ ਹਮੇਸ਼ਾ ਮੱਤ-ਭੇਦ ਰਹੇ। ਇਸ ਲਈ ਸੀਨੀਅਰ ਕਾਂਗਰਸ ਲੀਡਰ ਡਾਕਟਰ ਅੰਬੇਡਕਰ ਨੂੰ ਦਿਲੋਂ ਨਹੀਂ ਸਨ ਚਾਹੁੰਦੇ ਕਿ ਉਹ ਸੰਵਿਧਾਨ ਘੜਨੀ ਸਭਾ ਦੇ ਮੈਂਬਰ ਵੀ ਬਣਨ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਉੱਘੇ ਕਾਂਗਰਸੀ ਲੀਡਰ ਸ੍ਰੀ ਪਟੇਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਂ ਸੰਵਿਧਾਨ ਘੜਨੀ ਸਭਾ ਦੇ ਸਾਰੇ ਦਰਵਾਜ਼ੇ, ਤਾਕੀਆਂ ਅਤੇ ਰੌਸ਼ਨਦਾਨ ਬੰਦ ਕਰ ਦਿੱਤੇ ਹਨ, ਦੇਖਦਾ ਹਾਂ ਕਿ ਅੰਬੇਡਕਰ ਕਿਵੇਂ ਦਾਖਲ ਹੁੰਦਾ ਹੈ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਡਾਕਟਰ ਅੰਬੇਡਕਰ ਪਹਿਲਾ ਕਾਨੂੰਨ ਮੰਤਰੀ ਵੀ ਬਣਿਆ ਅਤੇ ਦੇਸ਼ ਦਾ ਸੰਵਿਧਾਨ ਲਿਖਣ ਦਾ ਸੁਭਾਗ ਵੀ ਉਹਨਾਂ ਨੂੰ ਹੀ ਪ੍ਰਾਪਤ ਹੋਇਆ।
1885 ਤੋਂ ਕਾਂਗਰਸ ਨੇ ਅਜ਼ਾਦੀ ਦੀ ਲੜਾਈ ਆਰੰਭੀ ਰਾਸ਼ਟਰੀ ਅੰਦੋਲਨ ਦੇ ਨੇਤਾਵਾਂ ਨੇ 1890 ਤੋਂ ਬਾਅਦ ਇੱਕ ਜ਼ਿੰਮੇਵਾਰ ਸਰਕਾਰ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਅਤੇ ਅੰਗਰੇਜ਼ ਸਰਕਾਰ ਵੱਲੋਂ 1909, 1919 ਅਤੇ 1935 ਦੇ ਐਕਟਾਂ ਰਾਹੀਂ ਹੌਲੀ-ਹੌਲੀ ਭਾਰਤੀਆਂ ਨੂੰ ਥੋੜ੍ਹੀਆਂ-ਥੋੜ੍ਹੀਆਂ ਰਿਆਇਤਾਂ ਦਿੱਤੀਆਂ। 1916 ਤੋਂ ਸ਼ੁਰੂ ਹੋ ਕੇ ਅਜ਼ਾਦੀ ਘੁਲਾਟੀਆਂ ਨੇ ‘ਦੇਸ਼ ਦਾ ਆਪਣਾ ਸੰਵਿਧਾਨ’ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ। ਇਸ ਲਈ ਸਵੈ-ਨਿਰਣੇ (self determination) ਦੇ ਆਧਾਰ ’ਤੇ ਭਾਰਤੀ ਸੰਵਿਧਾਨ ਦੀ ਇੱਛਾ ਦਾ ਜਨਮ 1916 ਵਿੱਚ ਹੋ ਚੁੱਕਾ ਸੀ। ਸੰਵਿਧਾਨਿਕ ਅਧਿਕਾਰ ਦੇਣ ਲਈ ਅੰਗਰੇਜ਼ ਸਰਕਾਰ ਨੇ 1927 ਵਿੱਚ ਸਾਇਮਨ ਕਮਿਸ਼ਨ ਦੀ ਸਥਾਪਨਾ ਕੀਤੀ। ਲਾਰਡ ਬੋਰਕਨਹੈੱਡ ਜੋ ਕਿ ਭਾਰਤ ਦਾ ਇੰਚਾਰਜ (Secretary of state) ਸੀ ਨੇ 1925 ਵਿੱਚ ਭਾਰਤੀਆਂ ਨੂੰ ਵੰਗਾਰਦੇ ਹੋਏ ਕਿਹਾ, “ਭਾਰਤੀਆਂ ਨੂੰ ਆਪਣਾ ਅਜਿਹਾ ਸੰਵਿਧਾਨ ਲਿਖ ਕੇ ਪੇਸ਼ ਕਰਨ ਦਿਓ ਜੋ ਭਾਰਤ ਦੇ ਵੱਖ-ਵੱਖ ਵਰਗਾਂ ਦੇ ਮਹਾਨ ਲੋਕਾਂ ਦੀ ਤਰਜਮਾਨੀ ਕਰੇ।” 1927 ਵਿੱਚ ਉਹਨਾਂ ਨੇ ਆਪਣੀ ਇਸ ਵੰਗਾਰ ਨੂੰ ਫਿਰ ਦੁਹਰਾਇਆ ਅਤੇ ਸਾਇਮਨ ਕਮਿਸ਼ਨ ਦੀ ਨਿਯੁਕਤੀ ਦਾ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ। ਰਾਸ਼ਟਰੀ ਅੰਦੋਲਨ ਦੇ ਨੇਤਾਵਾਂ ਅਤੇ ਖਾਸ ਕਰ ਕਾਂਗਰਸ ਨੇ ਸਾਇਮਨ ਕਮਿਸ਼ਨ ਦਾ ਬਾਈਕਾਟ ਕੀਤਾ ਅਤੇ ਮੋਤੀ ਲਾਲ ਨਹਿਰੂ ਨੂੰ ਭਾਰਤ ਦਾ ਸੰਵਿਧਾਨ ਲਿਖਣ ਦੀ ਜ਼ਿੰਮੇਵਾਰੀ ਸੌਂਪੀਂ। 1928 ਵਿੱਚ ਮੋਤੀ ਲਾਲ ਨਹਿਰੂ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਬਾਅਦ ਵਿੱਚ ਨਹਿਰੂ ਰਿਪੋਰਟ ਕਿਹਾ ਗਿਆ। 1936-37 ਦੌਰਾਨ ਭਾਰਤ ਵਿੱਚ ਪਹਿਲੀ ਵਾਰ ਚੋਣਾਂ ਹੋਈਆਂ। ਇਹਨਾਂ ਚੋਣਾਂ ਦੌਰਾਨ ਕਾਂਗਰਸ ਮੈਨੀਫੈਸਟੋ ਦਾ ਇੱਕ ਅਹਿਮ ਹਿੱਸਾ ਸੰਵਿਧਾਨ ਘੜਨੀ ਸਭਾ (Constituent Assembly) ਦੀ ਸਿਰਜਣਾ ਬਾਰੇ ਸੀ। 1939 ਵਿੱਚ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਅਤੇ ਅੰਗਰੇਜ਼ ਸਰਕਾਰ ਨੇ ਭਾਰਤੀ ਲੋਕਾਂ ਦਾ ਸਹਿਯੋਗ ਲੈਣ ਲਈ ਪਹਿਲੀ ਵਾਰ ਅਗਸਤ 1940 ਵਿੱਚ ਇਹ ਘੋਸ਼ਣਾ ਕੀਤੀ ਕਿ ਭਾਰਤ ਦਾ ਸੰਵਿਧਾਨ ਬਣਾਉਣ ਦੀ ਜ਼ਿੰਮੇਵਾਰੀ ਨਿਰੋਲ ਭਾਰਤੀਆਂ ਦੀ ਹੋਵੇਗੀ। ਅੰਗਰੇਜ਼ ਸਰਕਾਰ ਨੇ ਇਹ ਵੀ ਘੋਸ਼ਣਾ ਕੀਤੀ ਕਿ ਵਿਸ਼ਵ ਯੁੱਧ ਤੋਂ ਬਾਅਦ ਨਵਾਂ ਸੰਵਿਧਾਨ ਬਣਾਉਣ ਲਈ ਭਾਰਤ ਦੇ ਮੁੱਖ ਵਰਗਾਂ ਦੇ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਜਾਵੇਗੀ। ਇਸ ਕਮੇਟੀ ਦੀ ਰੂਪ ਰੇਖਾ ਕੀ ਹੋਵੇਗੀ, ਇਹ ਕੰਮ ਕਿਵੇਂ ਕਰੇਗੀ, ਇਸ ਬਾਰੇ ਕੁੱਝ ਵੀ ਸਪਸ਼ਟ ਨਾ ਕੀਤਾ ਗਿਆ। ਇਸ ਲਈ ਅੰਗਰੇਜ਼ ਸਰਕਾਰ ਦੀ ਇਹ ਪੇਸ਼ਕਸ਼ ਅੰਦੋਲਨਕਾਰੀਆਂ ਵੱਲੋਂ ਠੁਕਰਾ ਦਿੱਤੀ ਗਈ। 1942 ਵਿੱਚ ਕਰਿਪਸ ਮਿਸ਼ਨ ਹੋਂਦ ਵਿੱਚ ਆਇਆ ਜਿਸ ਨੇ ਭਾਰਤੀਆਂ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਭਾਰਤ ਦਾ ਸੰਵਿਧਾਨ ਲਿਖਣਾ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਵੇਗੀ। ਸੰਵਿਧਾਨ ਘੜਨੀ ਸਭਾ ਬਾਰੇ ਡੂੰਘੀਆਂ ਵਿਚਾਰਾਂ ਹੋਈਆਂ ਪਰ ਗੱਲ ਕਿਸੇ ਸਿਰੇ ਨਾ ਲੱਗੀ। ਅੰਗਰੇਜ਼ ਸਰਕਾਰ ਅਤੇ ਕਾਂਗਰਸ ਵਿਚਕਾਰ ਮਤਭੇਦ ਜਾਰੀ ਰਹੇ ਅਤੇ ਇਸ ਦਾ ਨਤੀਜਾ “ਭਾਰਤ ਛੱਡੋ ਅੰਦੋਲਨ” ਵਿੱਚ ਨਿਕਲਿਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇੰਗਲੈਂਡ ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣ ਗਈ ਅਤੇ ਨਵੀਂ ਬਣੀ ਸਰਕਾਰ ਨੇ 1946 ਵਿੱਚ ਕੈਬਨਿਟ ਮਿਸ਼ਨ ਦੀ ਸਥਾਪਨਾ ਕੀਤੀ। ਕੈਬਨਿਟ ਮਿਸ਼ਨ 24 ਮਾਰਚ 1946 ਨੂੰ ਭਾਰਤ ਆਇਆ ਜਿਸ ਨੇ ਕਾਂਗਰਸ ਅਤੇ ਮੁਸਲਿਮ ਲੀਗ ਨਾਲ ਗੱਲ-ਬਾਤ ਕਰ ਕੇ ਸੰਵਿਧਾਨ ਘੜਨੀ ਸਭਾ ਦੀ ਨੀਂਹ ਰੱਖੀ। ਸੰਵਿਧਾਨ ਘੜਨੀ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ। ਇਸ ਸਭਾ ਦੇ ਕੁੱਲ 389 ਮੈਂਬਰ ਸਨ। 11 ਦਸੰਬਰ 1946 ਨੂੰ ਡਾਕਟਰ ਰਜਿੰਦਰ ਪ੍ਰਸਾਦ ਨੂੰ ਸੰਵਿਧਾਨ ਘੜਨੀ ਸਭਾ ਦਾ ਪੱਕਾ ਚੇਅਰਮੈਨ ਨਿਯੁਕਤ ਕੀਤਾ ਗਿਆ। 15 ਅਗਸਤ 1947 ਨੂੰ ਦੇਸ਼ ਜਿੱਥੇ ਅਜ਼ਾਦ ਹੋਇਆ, ਉੱਥੇ ਦੋ ਭਾਗਾਂ ਵਿੱਚ ਵੰਡਿਆ ਗਿਆ। ਨਵੇਂ ਭਾਰਤ ਵਾਸਤੇ ਸੰਵਿਧਾਨ ਘੜਨੀ ਸਭਾ ਦਾ ਰੋਲ ਵੀ ਦੁੱਗਣਾ ਹੋ ਗਿਆ। ਜਿੱਥੇ ਇਸ ਸਭਾ ਨੇ ਨਵੇਂ ਸੰਵਿਧਾਨ ਦੀ ਸਿਰਜਨਾ ਕਰਨੀ ਸੀ ਉੱਥੇ ਨਵੇਂ ਦੇਸ਼ ਵਾਸਤੇ ਨਵੇਂ ਕਾਨੂੰਨ ਬਣਾਉਣਾ ਵੀ ਇਸੇ ਦੀ ਜ਼ਿੰਮੇਵਾਰੀ ਸੀ। ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ। ਇੱਕ ਕਮੇਟੀ, ਜਿਸ ਦੀ ਜ਼ਿੰਮੇਵਾਰੀ ਸੰਵਿਧਾਨ ਦਾ ਖਰੜਾ ਤਿਆਰ ਕਰਨਾ ਸੀ ਉਸ ਦਾ ਚੇਅਰਮੈਨ ਡਾਕਟਰ ਬੀ.ਆਰ ਅੰਬੇਡਕਰ ਨੂੰ ਲਗਾਇਆ ਗਿਆ। ਇਸ ਤੋਂ ਪਹਿਲਾਂ 1946 ਵਿੱਚ ਸੰਵਿਧਾਨ ਲਿਖਣ ਲਈ ਇੱਕ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਜਵਾਹਰ ਲਾਲ ਨਹਿਰੂ ਇਸ ਕਮੇਟੀ ਦੇ ਚੇਅਰਮੈਨ ਸਨ, ਆਸਿਫ ਅਲੀ, ਕੇ.ਟੀ ਸਿੰਘ, ਡਾਕਟਰ ਗਡਗਿੱਲ, ਕੇ.ਐੱਮ ਮੁਨਸ਼ੀ, ਹੁਮਾਯੂੰ ਕਬੀਰ, ਆਰ ਸੰਥਾਨਮ ਅਤੇ ਐੱਨ ਗੋਪਾਲਾਸਵਾਮੀ ਆਇੰਗਰ ਇਸ ਕਮੇਟੀ ਦੇ ਮੈਂਬਰ ਸਨ। ਭਾਰਤ ਦੇ ਸੰਵਿਧਾਨ ਨੂੰ ਬਣਾਉਣਾ ਅਤੇ ਪਾਰਲੀਮੈਂਟ ਤੋਂ ਪ੍ਰਵਾਨ ਕਰਵਾਉਣਾ, ਇਸਦਾ ਸਿਹਰਾ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਾਂਦਾ ਹੈ। ਭਾਰਤ ਵਿੱਚ ਇੰਗਲੈਂਡ ਅਤੇ ਅਮਰੀਕਾ ਤੋਂ ਵੱਖਰੀ ਕਿਸਮ ਦਾ ਜਮਹੂਰੀਅਤ ਦਾ ਢਾਂਚਾ ਬਣਾਉਣਾ ਅਤੇ ਲਾਗੂ ਕਰਨਾ ਡਾਕਟਰ ਅੰਬੇਡਕਰ ਦੀ ਦੇਣ ਹੈ। ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਵੋਟ ਦਾ ਅਧਿਕਾਰ, ਛੂਆ-ਛਾਤ ਦਾ ਖਾਤਮਾ, ਧਰਮ ਦੀ ਅਜ਼ਾਦੀ, ਕਾਨੂੰਨੀ ਬਰਾਬਰਤਾ (ਵਰਣ ਵਿਵਸਥਾ ਅਧਾਰਤ ਭੇਦ-ਭਾਵ ਦਾ ਖਾਤਮਾ), ਔਰਤਾਂ ਨੂੰ ਬਰਾਬਰ ਹੱਕ, ਅਛੂਤਾਂ ਨੂੰ ਨੌਕਰੀਆਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਰਾਖਵਾਂਕਰਣ ਅਜਿਹੀਆਂ ਵਿਵਸਥਾਵਾਂ ਸਨ ਜੋ ਭਾਰਤ ਵਿੱਚ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਪਰੀ ਦੇਸ਼ ਦੀਆਂ ਗੱਲਾਂ ਸਨ। ਡਾਕਟਰ ਅੰਬੇਡਕਰ ਨੇ ਸੰਵਿਧਾਨ ਨੂੰ ਇੰਨਾ ਲਚਕੀਲਾ ਵੀ ਰੱਖਿਆ ਕਿ ਲੋੜ ਅਨੁਸਾਰ ਜਦੋਂ ਵੀ ਜ਼ਰੂਰਤ ਹੋਵੇ ਸੰਵਿਧਾਨ ਵਿੱਚ ਸੋਧ ਕੀਤੀ ਜਾ ਸਕਦੀ ਹੈ। ਸੰਵਿਧਾਨ ਦਾ ਮੁੱਖ ਮਕਸਦ ਭਾਰਤ ਦੇ ਹਰ ਨਾਗਰਿਕ ਨੂੰ ਸਮਾਜਿਕ, ਆਰਥਿਕ, ਰਾਜਨੀਤਿਕ ਅਜ਼ਾਦੀ ਦੇ ਨਾਲ-ਨਾਲ ਬਰਾਬਰਤਾ ਅਤੇ ਭਾਈਚਾਰੇ ਨੂੰ ਸੁਦ੍ਰਿੜ੍ਹ ਕਰਨਾ ਹੈ। ਸੰਵਿਧਾਨ ਵਿੱਚ ਨਾਗਰਿਕ ਦੇ ਮੌਲਿਕ ਅਧਿਕਾਰਾਂ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਘੱਟ ਗਿਣਤੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ-ਪੂਰਾ ਖਿਆਲ ਰੱਖਿਆ ਗਿਆ ਹੈ। ਹਰ ਨਾਗਰਿਕ ਨੂੰ ਕੋਈ ਵੀ ਧਰਮ ਮੰਨਣ ਦੀ ਅਜ਼ਾਦੀ ਹੈ। ਕਿਸੇ ਨਾਲ ਵੀ ਧਰਮ ਅਧਾਰਤ, ਜਾਤ-ਪਾਤ ਅਧਾਰਤ ਜਾਂ ਲਿੰਗ ਅਧਾਰਤ ਵਿਤਕਰਾ ਕਾਨੂੰਨਨ ਮਨਾਹੀ ਹੈ। ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਕੋਈ ਵੀ ਨਾਗਰਿਕ ਸੁਪਰੀਮ ਕੋਰਟ ਤੱਕ ਜਾ ਸਕਦਾ ਹੈ।ਡਾਕਟਰ ਅੰਬੇਡਕਰ ਨੇ ਰਾਜਾਂ ਦੀ ਖ਼ੁਦ ਮੁਖ਼ਤਿਆਰੀ ਅਤੇ ਤਾਕਤਵਰ ਕੇਂਦਰ ਸਰਕਾਰ ਦੀ ਵਕਾਲਤ ਕੀਤੀ। ਭਾਰਤ ਦੇਸ਼ ਦੀ ਇੱਕਜੁੱਟਤਾ ਅਤੇ ਤਾਕਤ ਨੂੰ ਮਜ਼ਬੂਤ ਕਰਨ ਲਈ ਪੂਰੇ ਦੇਸ਼ ਦਾ ਜੁਡੀਸ਼ੀਅਲ ਢਾਂਚਾ ਅਤੇ ਸਰਵ-ਭਾਰਤੀ ਸੇਵਾਵਾਂ (All India Services) ਦੀ ਨੀਂਹ ਰੱਖੀ। ਡਾਕਟਰ ਅੰਬੇਡਕਰ ਦੇ ਹੇਠ ਲਿਖੇ ਮਾਅਰਕੇ ਦੇ ਕੰਮ ਉਹਨਾਂ ਇਕੱਲਿਆਂ ਦੀ ਲਿਆਕਤ ਦਾ ਸਿੱਟਾ ਹਨ:
ਭਾਰਤੀ ਨਾਗਰਿਕਾਂ ਨੂੰ ਮੌਲਿਕ ਅਧਿਕਾਰਾਂ ਦੀ ਅਜ਼ਾਦੀ ਦੀ ਗਰੰਟੀ।
ਹਰ ਤਰ੍ਹਾਂ ਦੇ ਧਰਮ ਅਤੇ ਜਾਤ-ਪਾਤ ਦੇ ਭੇਦ-ਭਾਵ ਨੂੰ ਨਸ਼ਟ ਕਰਨਾ, ਧਰਮ ਦੀ ਅਜ਼ਾਦੀ ਅਤੇ ਛੂਆ-ਛਾਤ ਦਾ ਖਾਤਮਾ।
ਭਾਰਤੀ ਔਰਤਾਂ ਲਈ ਸਮਾਜਿਕ ਅਤੇ ਆਰਥਿਕ ਅਜ਼ਾਦੀ ਦੇ ਪੂਰੇ ਅਧਿਕਾਰ।
ਅਨੁਸੂਚਿਤ ਜਾਤੀ/ਜਨ-ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਲਈ ਨੌਕਰੀਆਂ ਵਿੱਚ ਰਾਖਵਾਂਕਰਣ ਅਤੇ ਉਹਨਾਂ ਦਾ ਪਛੜਿਆਪਣ ਦੂਰ ਕਰਨ ਲਈ ਸੰਵਿਧਾਨ ਵਿੱਚ ਪ੍ਰਬੰਧ।
ਇਹ ਕੋਈ ਛੋਟੀਆਂ ਪ੍ਰਾਪਤੀਆਂ ਨਹੀਂ ਸਨ ਅਤੇ ਇਹਨਾਂ ਨੂੰ 26 ਨਵੰਬਰ 1949 ਨੂੰ ਪਾਰਲੀਮੈਂਟ ਵਿੱਚ ਪਾਸ ਕਰਾਉਣ ਦਾ ਸਿਹਰਾ ਵੀ ਡਾਕਟਰ ਅੰਬੇਡਕਰ ਨੂੰ ਜਾਂਦਾ ਹੈ। ਭਾਰਤੀ ਸੰਵਿਧਾਨ ਦੁਨੀਆਂ ਦੇ ਬਿਹਤਰੀਨ ਸੰਵਿਧਾਨਾਂ ਵਿੱਚੋਂ ਲਈਆਂ ਗਈਆਂ ਵਿਸ਼ੇਸ਼ਤਾਵਾਂ ਦਾ ਸਮੂਹ ਹੈ। ਇਸ ਵਿੱਚ ਅਮਰੀਕਾ ਦੇ ਸੰਵਿਧਾਨ ਦੀ ਸਿਆਣਪ, ਆਇਰਿਸ਼ ਸੰਵਿਧਾਨ ਦਾ ਨਵਾਂਪਣ, ਇੰਗਲੈਂਡ ਦੇ ਸੰਵਿਧਾਨ ਦੀਆਂ ਸਮੇਂ ਦੀ ਕਸੌਟੀ ’ਤੇ ਖਰੀਆਂ ਉੱਤਰੀਆਂ ਵਿਸ਼ੇਸ਼ਤਾਈਆਂ ਅਤੇ ਭਾਰਤ ਦੇ 1935 ਦੇ ਐਕਟ ਵਿੱਚੋਂ ਲਈਆਂ ਗਈਆਂ ਖਾਸ-ਖਾਸ ਗੱਲਾਂ ਦੀ ਝਲਕ ਸਾਫ਼ ਅਤੇ ਸਪਸ਼ਟ ਮਿਲਦੀ ਹੈ। ਸਭ ਤੋਂ ਜ਼ਿਆਦਾ ਭਾਰਤ ਦਾ ਸੰਵਿਧਾਨ ਭਾਰਤ ਦੇ ਲੋਕਾਂ ਦਾ ਅਜ਼ਾਦੀ ਦੇ ਘੋਲ ਦਾ ਅਤੇ ਉਹਨਾਂ ਦੀਆਂ ਖੁਆਹਿਸ਼ਾਂ ਅਤੇ ਉਮੀਦਾਂ ਦਾ ਪ੍ਰਤੀਬਿੰਬ ਹੈ। ਡਾਕਟਰ ਅੰਬੇਡਕਰ ਦੀ ਮੋਹਰ ਹੇਠ ਲਿਖੇ ਸ਼ਬਦਾਂ ਤੋਂ ਸਾਫ਼-ਸਾਫ਼ ਝਲਕਦੀ ਹੈ:ਇਸ ਤਰ੍ਹਾਂ ਸਦੀਆਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਦੇ ਹੋਏ ਭਾਰਤ ਨੂੰ ਜੋ ਕਾਨੂੰਨਨ ਸੰਵਿਧਾਨ ਮਿਲਿਆ ਅਤੇ ਜਿਸ ਨੂੰ ਲਾਗੂ ਕਰ ਕੇ ਭਾਰਤ ਦੇਸ਼ ਅੱਜ ਦੁਨੀਆਂ ਵਿੱਚ ਇੱਕ ਮਾਣ ਵਾਲਾ ਮੁਕਾਮ ਹਾਸਲ ਕਰਦਾ ਜਾ ਰਿਹਾ ਹੈ, ਉਸ ਦਾ ਸਿਹਰਾ ਯੁੱਗ ਪੁਰਸ਼ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਾਂਦਾ ਹੈ। ਸੰਵਿਧਾਨ ਨੂੰ ਅੰਤਿਮ ਰੂਪ ਦੇਣ ਲਈ ਦੋ ਸਾਲ ਗਿਆਰਾਂ ਮਹੀਨੇ ਅਤੇ ਸੱਤ ਦਿਨ ਦਾ ਸਮਾਂ ਲੱਗਿਆ। ਇਸ ਸੰਵਿਧਾਨ ਵਿੱਚ 7600 ਸੋਧਾਂ ਵਿਚਾਰਨ ਲਈ ਪੇਸ਼ ਹੋਈਆਂ ਜਿਸ ਵਿੱਚੋਂ 2473 ਮਤਿਆਂ ਅਤੇ ਬਹਿਸ ਹੋਣ ਉਪਰੰਤ ਨਿਪਟਾਰਾ ਹੋਇਆ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸ਼ਾਦ ਨੇ 26 ਨਵੰਬਰ 1949 ਨੂੰ ਪਾਰਲੀਮੈਂਟ ਵਿੱਚ ਡਾਕਟਰ ਅੰਬੇਡਕਰ ਦੀ ਤਾਰੀਫ਼ ਕਰਦਿਆਂ ਕਿਹਾ ਸੀ, “ਮੈਂ ਸੰਵਿਧਾਨ ਬਣਦਿਆਂ ਦੇਖਿਆ ਹੈ, ਜਿਸ ਲਗਨ ਅਤੇ ਮਿਹਨਤ ਨਾਲ ਸੰਵਿਧਾਨ ਖਰੜਾ ਕਮੇਟੀ ਦੇ ਮੈਂਬਰਾਂ ਨੇ ਅਤੇ ਖਾਸ ਕਰ ਡਾਕਟਰ ਅੰਬੇਡਕਰ ਨੇ ਆਪਣੀ ਮਾੜੀ ਸਿਹਤ ਦੇ ਬਾਵਜੂਦ ਕੰਮ ਕੀਤਾ, ਮੈਂ ਸਮਝਦਾ ਹਾਂ ਕਿ ਡਾਕਟਰ ਅੰਬੇਡਕਰ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਉਣ ਤੋਂ ਹੋਰ ਕੋਈ ਚੰਗਾ ਕੰਮ ਅਸੀਂ ਨਹੀਂ ਕੀਤਾ। ਉਸਨੇ ਨਾ ਸਿਰਫ਼ ਆਪਣੀ ਚੋਣ ਨੂੰ ਸਹੀ ਸਾਬਤ ਕੀਤਾ ਹੈ ਬਲਕਿ ਆਪਣੇ ਕੀਤੇ ਕੰਮ ਨੂੰ ਵੀ ਚਾਰ ਚੰਨ ਲਾ ਦਿੱਤੇ ਹਨ।”

ਇੰਜ ਕੁਲਦੀਪ ਸਿੰਘ ਰਾਮਨਗਰ
9417990040

ਕਹਾਣੀ  - ਮੌਜਾਂ ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ    

                                   "ਬਾਬਾ ਜੀ! ਬਾਬਾ ਜੀ!! ਲਓ ਮੈਂ ਸਾਰਾ ਸਾਮਾਨ ਲੈ ਆਇਆ ਜਿਹੜਾ- ਜਿਹੜਾ ਤੁਸਾਂ ਕਿਹਾ ਸੀ", ਜਗਤਾਰ ਨੇ ਡੇਰੇ ਚ ਵੜਦਿਆਂ ਬਾਬੇ ਦੇ ਸਾਹਮਣੇ ਜਾਂਦੀਆਂ   ਹੀ ਕਿਹਾ। "ਹੁਣ ਤਾਂ ਮੇਰੀ ਧੀ ਦਾ ਸਾਕ ਹੋ ਜੂ ਗਾ ਨਾ ਬਾਬਾ ਜੀ ?"                 

      "ਬਹਿ ਜਾ ਪੁੱਤਰ..... ਸਮਾਨ ਤਾ ਤੂੰ  ਲੈ ਆਇਆ। ਹੁਣ ਥੋੜ੍ਹੀ ਹੋਰ ਮਿਹਨਤ ਕਰ।" "ਦੱਸੋ ਬਾਬਾ ਜੀ ਮੈਂ ਤਾਂ ਸਭ ਕੁਝ ਕਰਨ ਨੂੰ ਤਿਆਰ।"                                                                          "ਚੰਗਾ, ਪਹਿਲਾਂ ਤਾਂ ਇੱਕੀ ਸੌ ਰੁਪਈਏ ਦੀ ਡੇਰੇ ਦੇ ਨਾਂਅ ਤੇ ਪਰਚੀ ਕਟਾ ,ਪਾਠ ਕਰਾਂਗੇ ।ਤੇਰੀ ਧੀ ਦਾ ਸਾਕ ਝੱਟ ਹੋ ਜਾਣਾ। ਦੂਜਾ ਇਸ ਰਸਦ ਚੋਂ ਜੋ ਤੂੰ ਲਿਆਇਆ ਦੇਸੀ ਘਿਉ ਡੇਰੇ ਚੜ੍ਹਾ ਦੇ ਤੇ ਬਾਕੀ ਦਰਿਆ ਚ ਤਾਰ ਆ ਤੇ .......।"                 

    "ਚੰਗਾ ਬਾਬਾ ਜੀ " ਤੇ ਜਗਤਾਰ ਨੇ ਉਵੇਂ ਹੀ  ਕੀਤਾ ।ਡੇਰੇ ਤੋਂ ਬਾਹਰ ਨਿਕਲ ਉਹ ਦਰਿਆ ਤੱਕ ਜਾਣ ਲਈ ਰਿਕਸ਼ਾ ਦੇਖਣ ਲੱਗਾ । ਅੱਤ ਦੀ ਗਰਮੀ ਨੇ ਉਸ ਦਾ ਬੁਰਾ ਹਾਲ ਕੀਤਾ ਹੋਇਆ ਸੀ। ਅਚਾਨਕ ਹੀ ਇੱਕ ਰਿਕਸ਼ੇ ਵਾਲੇ ਨੂੰ ਦੇਖ ਉਹ ਖੁਸ਼ ਹੋ ਗਿਆ।                                                                        "ਹਾਂ ਬਾਈ ......ਦਰਿਆ ਤੱਕ ਚੱਲੇਗਾ ?" "ਚਲੋ .......ਪਰ ਸੌ ਰੁਪਈਏ ਲੱਗੂ।"       "ਹੈ ਸੋ ..... ਮੱਤ ਮਾਰੀ ਗਈ ਹੈ ਤੇਰੀ ਜੋ ਤਿੰਨ ਗੁਣਾਂ ਪੈਸੇ ਮੰਗੀ ਜਾਨੇ ।"            "ਚਲੋ ਥੋਡੀ ਮਰਜ਼ੀ.......।" ਤੇ ਉਸ ਨੇ ਰਿਕਸ਼ਾ ਮੋੜ ਲਈ।                         "ਉਹ ਠਹਿਰ ।ਚੰਗਾ ਚੱਲ ਫੇਰ ......ਜਗਤਾਰ ਘਬਰਾ ਗਿਆ ਕਿ ਕਿਧਰੇ ਕੋਈ ਅਪਸ਼ਗਨ ਹੀ ਨਾ ਹੋ ਜਾਏ। ਦਰਿਆ ਦੇ ਕੰਢੇ ਪਹੁੰਚ ਕੇ ਉਸ ਨੇ ਰਿਕਸ਼ੇ ਵਾਲੇ ਨੂੰ ਉੱਥੇ ਹੀ ਰੁਕਣ ਦਾ ਕਿਹਾ ਤੇ ਆਪ ਬਾਬੇ ਦੇ  ਦੱਸੇ ਅਨੁਸਾਰ ਦਰਿਆ ਦੇ ਕੰਢੇ ਜਾ ਕੇ ਨਾਰੀਅਲ ਲਾਲ ਧਾਗਾ ਬੰਨ੍ਹ ਕੇ   ਪਾਣੀ 'ਚ ਵਹਾ ਦਿੱਤਾ ਤੇ ਨਾਲ ਕੁਝ ਹੋਰ ਸਾਮਾਨ ਵੀ ......ਤੇ ਕੁਝ ਚੀਜ਼ਾਂ ਦਰਿਆ ਦੇ ਕੰਢੇ ਤੇ ਹੀ ਰੱਖ ਵਾਪਸ ਰਿਕਸ਼ਾ ਤੇ ਆ ਬੈਠਾ ।                                       

     'ਹੁਣ ਜਿਹੜਾ ਕਿਸੇ ਬੰਨ੍ਹ ਪਾਇਆ ਛੇਤੀ ਟੁੱਟ ਜੂ ......ਮੇਰੀ ਧੀ ਦੇ ਸੰਯੋਗ ਖੁੱਲ੍ਹ ਜੂ ਹੁਣ। ਬੱਸ ਹੁਣ ਤਾਂ ਰਿਸ਼ਤਾ ਵੱਟ ਤੇ ਪਿਐ..... ਉਹ ਮਨ ਹੀ ਮਨ ਸੋਚਦਾ  ਅੰਤਾਂ ਦਾ ਖ਼ੁਸ਼ ਹੋ ਗਿਆ।                     ਰਿਕਸ਼ਾ ਵਾਲਾ ਉਸ ਨੂੰ ਛੇਤੀ -ਛੇਤੀ ਬੱਸ ਸਟੈਂਡ ਤੇ ਛੱਡ ਦੁਬਾਰਾ ਦਰਿਆ ਦੇ ਕੰਢੇ ਤੇ ਆ ਗਿਆ। ਉਸ ਨੇ ਖੁਸ਼ੀ ਚ ਜਿਵੇਂ ਉਛਲਦਿਆਂ ਝੱਟ ਪੱਟ ਸਾਰਾ ਸਾਮਾਨ ਨਵਾਂ ਨਕੋਰ ਸੂਟ ,ਸ਼ੀਸ਼ਾ , ਚਾਂਦੀ ਦੀ ਮੁੰਦਰੀ, ਸੁਰਖੀ ,ਬਿੰਦੀ ,ਨੇਲਪਾਲਿਸ਼ ,ਮਠਿਆਈ ਦਾ ਡੱਬਾ..... ਕੁਝ ਸਿੱਕੇ  ਜਲਦੀ ਨਾਲ ਲਿਫਾਫੇ ਚ ਪਾਏ...... ਤੇ ਦੂਰ ਪਾਣੀ  'ਚ ਤਰਦੇ ਜਾਂਦੇ ਨਾਰੀਅਲ  ਨੂੰ ਦੇਖ ਗੁੱਸੇ 'ਚ  ਬੁੜਬੁੜਾਇਆ "ਉਹ ਸ਼ੁਦਾਈ ਬਾਬਾ ਇਹਨੂੰ ਵੀ ਕਿਨਾਰੇ ਦੇ ਰੱਖਣ ਲਈ ਨਹੀਂ ਸੀ ਕਹਿ ਸਕਦਾ। ਬੱਚੇ ਖਾ ਲੈਂਦੇ ....ਤੇ ਫਿਰ ਲਿਫ਼ਾਫ਼ੇ ਵੱਲ ਦੇਖਦੇ ਹੀ ਮੁਸਕੁਰਾਇਆ, "ਆਹਾ! ਅੱਜ ਵੀ ਮੌਜਾਂ...... ਤੇ ਉਹ ਕਾਹਲੀ- ਕਾਹਲੀ  ਰਿਕਸ਼ਾ ਚਲਾ ਘਰ ਆਇਆ। ਗਲੀ 'ਚ ਖੇਡਦੇ ਬੱਚਿਆਂ ਨੂੰ ਉਸ ਨੇ ਮਠਿਆਈ ਵੰਡੀ ਤੇ ਘਰ ਅੰਦਰ ਵੜ ਪਤਨੀ ਨੂੰ ਆਵਾਜ਼ਾਂ ਮਾਰਨ ਲੱਗਾ। "ਭਾਪਾ .....ਬੜੇ ਖੁਸ਼ ਜੇ  ਨਾਲੇ ਮੰਮੀ ਤਾਂ ਮੰਦਿਰ ਗਈ ਹੈ ।" "ਲੈ ਪੁੱਤ ਮਠਿਆਈ ਖਾ।" " ਵਾਹ ਪਾਪਾ ! ਇੰਨਾ ਸਾਮਾਨ .....ਉਸ ਨੇ ਮਠਿਆਈ ਖਾਂਦੇ  ਕਿਹਾ।                                      "ਆਹੋ ਕਾਕਾ ਜਦ ਤਕ ਲੋਕ ਇਨ੍ਹਾਂ ਅਖੌਤੀ ਬਾਬਿਆਂ ਮਗਰ ਲੱਗ ਆਪਣਾ ਧਨ ਉਜਾੜਨੇ ਤਦ ਤਕ ਸਾਡੀ ਗਰੀਬਾਂ ਦੀ ਵੀ  ਚਾਂਦੀ ਆ।  ਉਂਝ ਤਾਂ ਦਸ ਰੁਪਏ ਨਹੀਂ ਦਿੰਦੇ ਆ ਲੋਕ ਸਾਨੂੰ ਗਰੀਬਾਂ ਨੂੰ।" "  ਲੈ ਫੜ ਸਾਂਭ ਸਾਮਾਨ ਮੰਮੀ ਨੂੰ ਦੇਈਂ।"       

   "ਪਾਪਾ ਤੁਸੀਂ ਕਿੱਥੇ ਚੱਲੇ ?" " ਪੁੱਤ ਡੇਰੇ ਦੇ ਬਾਹਰ ਖੜ੍ਹਦਾ ਜਾ ਕੇ ......ਅਗਲੀ ਅਸਾਮੀ ਲਈ....... ਤੇ ਦੋਵੇਂ ਪਿਓ- ਪੁੱਤ ਖਿੜ ਖਿੜਾ ਕੇ ਹੱਸ ਪਏ।                                       

 ਮਨਪ੍ਰੀਤ ਕੌਰ ਭਾਟੀਆ 

ਐਮ ਏ, ਬੀਐੱਡ  

 ਫਿਰੋਜ਼ਪੁਰ ਸ਼ਹਿਰ।

ਆਪਣਾ ਕੌਣ ✍️ ਹਰਪ੍ਰੀਤ ਕੌਰ ਸੰਧੂ

ਚੀਕੂ ਨੇ ਦਸਵੀਂ ਵਿਚ ਪੜ੍ਹਦਿਆਂ ਹੀ ਕੈਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕਰ ਲਿਆ ਸੀ। ਮੰਮੀ ਡੈਡੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਉਹ ਤਾਂ ਬਸ ਚੀਕੂ ਨੂੰ ਖੁਸ਼ ਦੇਖਣਾ ਚਾਹੁੰਦੇ ਸੀ। ਬਾਰ੍ਹਵੀਂ ਦਾ ਨਤੀਜਾ ਆਉਂਦੇ ਹੀ ਚੀਕੂ ਦੀ ਟੋਰੰਟੋ ਦੀ ਯੂਨੀਵਰਸਿਟੀ ਵਿੱਚ ਏਡਮਿਸ਼ਨ ਹੋ ਗਈ। ਮੰਮੀ ਨੇ ਕਾਲਜ ਤੋ ਛੁੱਟੀਆਂ ਲੈ ਕੇ ਉਸਦੀ ਸ਼ੌਪਿੰਗ ਕਰਵਾ ਦਿੱਤੀ। ਡੈਡੀ ਨੇ ਵੀ ਆਪਣੀ ਲਾਡਲੀ ਨਾਲ ਸਮਾਂ ਬਿਤਾਉਣ ਲਈ ਬੈਂਕ ਤੋਂ ਛੁੱਟੀ ਲੈ ਲਈ।ਸਾਰੇ ਬਹੁਤ ਖੁਸ਼ ਸਨ, ਉਦਾਸ ਸੀ ਤਾਂ ਸਿਰਫ ਬੀਜੀ। ਬੀਜੀ ਨੂੰ ਆਪਣੀ ਪੋਤੀ ਦੇ ਦੂਰ ਜਾਣ ਦਾ ਗਮ ਸੀਂ ਤੇ ਕਿਤੇ ਅੰਦੇਸ਼ਾ ਵੀ ਦੀ ਕਿ ਉਸਦਾ ਬੁਢਾਪਾ ਇਕੱਲੇਪਨ ਵਿਚ ਰੁਲੇਗਾ।ਬੀਜੀ ਨੂੰ ਪਤਾ ਸੀ ਕਿ ਚੀਕੂ ਨੇ ਮੁੜਨਾ ਨਹੀਂ ਤੇ ਉਸਦੇ ਨੂੰਹ ਪੁੱਤ ਨੇ ਇਕੱਲੇ ਰਹਿਣਾ ਨਹੀਂ। ਇੱਕ ਨਾ ਇਕ ਦਿਨ ਉਹ ਵੀ ਚੀਕੂ ਕੋਲ ਚਲੇ ਜਾਣਗੇ। ਪਰ ਚੀਕੂ ਨੂੰ ਖੁਸ਼ ਦੇਖ ਬੀਜੀ ਖੁਸ਼ ਸੀ। ਬੁਢਾਪੇ ਵਿੱਚ ਪੋਤੇ ਪੋਤੀਆ ਦਾ ਪਿਆਰ ਸਾਰਾ ਖਾਲੀਪਨ ਭਰ ਦਿੰਦਾ ਹੈ। ਚੀਕੂ ਦੇ ਕੈਨੇਡਾ ਜਾਣ ਤੋਂ ਬਾਅਦ ਘਰ ਸੁੰਨ ਪਰ ਗਈ। ਜਿਵੇਂ ਘਰ ਦੀ ਰੌਣਕ ਹੀ ਚਲੀ ਗਈ। ਚੀਕੂ ਜਦੋਂ ਵੀ ਵੀਡਿਓ ਕਾਲ ਕਰਦੀ ਤਾਂ ਮੰਮੀ ਡੈਡੀ ਦੇ ਨਾਲ ਨਾਲ ਬੀਜੀ ਨਾਲ ਵੀ ਗੱਲ ਕਰਦੀ। ਘਰ ਵਿੱਚ ਇਕ ਮੁੰਡਾ ਕੰਮ ਕਰਨ ਤੇ ਬੀਜੀ ਦੀ ਦੇਖਭਾਲ ਕਰਨ ਲਈ ਰੱਖਿਆ ਸੀ। ਮਹੇਸ਼ ਸਾਰਾ ਦਿਨ ਬੀਜੀ ਨਾਲ ਗੱਲਾਂ ਕਰਦਾ ਰਹਿੰਦਾ। ਆਪਣੇ ਪਿੰਡ ਦੀਆਂ ਗੱਲਾਂ ਸੁਣਾਉਂਦਾ। ਬੀਜੀ ਦਾ ਉਸ ਨਾਲ ਪਿਆਰ ਪੈ ਗਿਆ। ਕੁਛ ਸਾਲ ਬਾਅਦ ਜਦੋਂ ਚੀਕੂ ਨੂੰ ਪੀ ਆਰ ਮਿਲ ਗਈ ਤਾਂ ਉਸਨੇ ਮੰਮੀ ਡੈਡੀ ਨੂੰ ਆਪਣੇ ਕੋਲ ਆਉਣ ਲਈ ਕਿਹਾ। ਪਰ ਦੋਵੇਂ ਜੀਅ ਬੀਜੀ ਕਰਕੇ ਨਾ ਗਏ। ਚੀਕੂ ਨੇ ਕੈਨੇਡਾ ਵਿੱਚ ਹੀ ਮੁੰਡਾ ਪਸੰਦ ਕਰ ਲਿਆ। ਮੁੰਡਾ ਬੰਗਾਲੀ ਸੀ। ਦੋਹਾਂ ਦੇ ਘਰਦਿਆਂ ਨੂੰ ਕੋਈ ਇਤਰਾਜ਼ ਨਹੀਂ ਸੀ।ਕੈਨੇਡਾ ਵਿੱਚ ਹੀ ਵਿਆਹ ਹੋਇਆ ਜੋ ਬੀਜੀ ਤੇ ਮਹੇਸ਼ ਨੇ ਆਨਲਾਈਨ ਦੇਖਿਆ। ਮੰਮੀ ਡੈਡੀ ਨੂੰ ਚੀਕੂ ਕੋਲ ਰੱਖਣਾ ਚਾਹੁੰਦੀ ਸੀ। ਬੀਜੀ ਨੇ ਵੀ ਬੱਚਿਆਂ ਦੀ ਖੁਸ਼ੀ ਦੇਖ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਦ ਜਾਂ ਲਈ ਕਿਹਾ। ਪੁੱਤ ਨੂੰ ਬੀਜੀ ਦਾ ਫ਼ਿਕਰ ਸੀ।ਓਹ ਪਿੱਛੇ ਬੀਜੀ ਕੋਲ ਰਿਹਾ। ਪਰ ਕੁਛ ਡਰ ਬਾਅਦ ਚੀਕੂ ਦੇ ਘਰ ਆਏ ਨਿੱਕੇ ਆਰਵ ਦੀ ਖਿੱਚ ਉਸਨੂੰ ਵੀ ਕੈਨੇਡਾ ਲੈ ਗਈ। ਬੀਜੀ ਦੀ ਸਾਂਭ ਸੰਭਾਲ ਲਈ ਮਹੇਸ਼ ਆਪਣੀ ਪਤਨੀ ਮੀਰਾ ਨੂੰ ਪਿੰਡੋ ਲੈ ਆਇਆ। ਬੀਜੀ ਨੂੰ ਬੇਸ਼ਕ ਮੁਸ਼ਕਿਲ ਲੱਗਾ ਪ੍ਰ ਕੋਈ ਚਾਰਾ ਨਹੀਂ ਸੀ। ਬਿਹਾਰ ਦੇ ਵਾਸੀ ਮਹੇਸ਼ ਤੇ ਮੀਰਾ ਹੀ ਹੁਣ ਉਹਨਾਂ ਦਾ ਪਰਿਵਾਰ ਸਨ।ਅਕਸਰ ਬੀਜੀ ਆਪਣੇ ਆਪ ਨੂੰ ਗੁਵਾਚਿਆ ਮਹਿਸੂਸ ਕਰਦੇ। ਸਾਰਾ ਘਰ ਮਹੇਸ਼ ਤੇ ਮੀਰਾ ਹੀ ਸੰਭਾਲਦੇ। ਬੀਜੀ ਤੋਂ ਹੁਣ ਜ਼ਿਆਦਾ ਤੁਰ ਫਿਰ ਨਾ ਹੋਣ ਕਰਕੇ ਉਹ ਆਪਣੇ ਕਮਰੇ ਚੋਣ ਬੀਜੀ ਦੇ ਨਾਲ ਵਾਲੇ ਕਮਰੇ ਵਿਚ ਆ ਗਏ। ਬੀਜੀ ਦੇ ਨੂੰਹ ਪੁੱਤ ਵੀਡਿਓ ਕਾਲ ਕਰ ਲੈਂਦੇ ਤੇ ਬੀਜੀ ਨੂੰ ਦੇਖ ਨਿਸਚਿੰਤ ਹੋ ਜਾਂਦੇ। ਬੀਜੀ ਦਾ ਅੰਦਰ ਖਾਲੀ ਹੋ ਗਿਆ ਸੀ। ਉਹ ਅਕਸਰ ਸੋਚਦੇ ਕਿਵੇਂ ਓਹਨਾਂ ਆਪਨੇ ਪਤੀ ਨਾਲ ਮਿਲ ਕੇ ਘਰ ਬਣਾਇਆ ਸੀ। ਉਦਾਸ ਹੋ ਜਾਂਦੇ ਸੋਚ ਦੇ ਕਿ ਇਸ ਵਿਚ ਕੌਣ ਰਹੇਗਾ? ਕਈ ਵਾਰ ਜਾਪਦਾ ਜਿਵੇਂ ਹੁਣ ਮਹੇਸ਼ ਤੇ ਮੀਰਾ ਹੀ ਓਹਨਾਂ ਦਾ ਪਰਿਵਾਰ ਹੋਵੇ। ਆਪਣੇ ਪਰਿਵਾਰ ਤੋਂ ਦੂਰੀ ਤੇ ਇਕੱਲੇਪਨ ਦਾ ਸੰਤਾਪ ਭੋਗਣਾ ਸੌਖਾ ਨਹੀਂ।ਇਕ ਦਿਨ ਪਤਾ ਨਹੀਂ ਕੀ ਸੋਚ ਬੀਜੀ ਨੇ ਮਹੇਸ਼ ਨੂੰ ਕਿਹਾ ਕਿ ਮੇਰੇ ਬਾਦ ਤੁਸੀਂ ਇਸੇ ਘਰ ਵਿਚ ਰਹਿਣਾ।ਮਹੇਸ਼ ਉਦਾਸ ਹੋ ਗਿਆ। ਉਸਨੂੰ ਬੀਜੀ ਵਿੱਚ ਹੀ ਆਪਣੀ ਮਾਂ ਦਿਸਦੀ ਸੀ। ਓਹ ਵੀ ਨਿੱਕਾ ਹੁੰਦਾ ਘਰੋ ਆ ਗਿਆ ਸੀ।ਉਸਨੇ ਬੀਜੀ ਦੀ ਸੇਵਾ ਆਪਣਿਆ ਤੋ ਵੀ ਵੱਧ ਕੀਤੀ ਸੀ। ਬੀਜੀ ਨੇ ਆਪਣੇ ਪੁੱਤ ਨੂੰ ਫ਼ੋਨ ਕਰਕੇ ਤਾਕੀਦ ਕੀਤੀ ਕਿ ਮੇਰੇ ਬਾਦ ਮਹੇਸ਼ ਇਸੇ ਘਰ ਵਿਚ ਰਹੇਗਾ। ਪੁੱਤ ਨੇ ਕਿਹਾ ਇੰਝ ਹੀ ਹੋਵੇਗਾ। ਇਸ ਗੱਲ ਤੋਂ ਕੁਝ ਦਿਨ ਬਾਅਦ ਬੀਜੀ ਤੇ ਆਪਣੇ ਕੋਲ ਜੀ ਪੈਸੇ ਸਨ ਮਹੇਸ਼ ਨੂੰ ਦੇ ਦਿੱਤੇ ਤੇ ਕਿਹਾ,"ਜੇਕਰ ਮੈਨੂੰ ਕੁਝ ਹੋ ਗਿਆ ਤਾਂ ਕਿਸੇ ਦਾ ਇੰਤਜ਼ਾਰ ਨਾ ਕਰੀਂ। ਤੂੰ ਮੇਰਾ ਪੁੱਤ ਹੈ। ਤੂੰ ਹੀ ਮੇਰਾ ਅੰਤਿਮ ਸੰਸਕਾਰ ਕਰਨਾ ਹੈ" ਮਹੇਸ਼ ਉਦਾਸ ਹੋ ਗਿਆ। ਓਹ ਸਾਰਾ ਦਿਨ ਬੀਜੀ ਦੇ ਨੇੜੇ ਹੀ ਰਹਿੰਦਾ।ਆਪਣੀ ਮਾਂ ਦੇ ਅਖੀਰਲੇ ਸਮੇਂ ਉਹ ਮਾਂ ਦੇ ਕੋਲ ਨਹੀਂ ਸੀ। ਪਰ ਬੀਜੀ ਨੂੰ ਓਹ ਆਖਰੀ ਸਮੇਂ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ। ਦੋ ਦਿਨ ਬਾਅਦ ਬੀਜੀ ਸਵਰਗਵਾਸ ਹੋ ਗਏ।ਬੀਜੀ ਦੀਆਂ ਅੰਤਿਮ ਰਸਮਾਂ ਮਹੇਸ਼ ਨੇ ਨਿਭਾਈਆਂ। ਬੀਜੀ ਦੇ ਨੂੰਹ ਪੁੱਤ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ।ਕੈਨੇਡਾ ਵਾਪਿਸ ਜਾਂ ਤੋਂ ਪਹਿਲਾਂ ਓਹਨਾਂ ਘਰ ਦੇ ਜ਼ਿੰਮੇਵਾਰੀ ਮਹੇਸ਼ ਤੇ ਮੀਰਾ ਨੂੰ ਸੌਂਪ ਦਿੱਤੀ।ਬੀਜੀ ਦੀ ਅੰਤਿਮ ਇੱਛਾ ਦਾ ਓਹਨਾਂ ਮਾਣ ਰੱਖਿਆ ਤੇ ਬੀਜੀ ਦਾ ਘਰ ਹਮੇਸ਼ਾ ਵੱਸਦਾ ਰਿਹਾ।

 

ਹਰਪ੍ਰੀਤ ਕੌਰ ਸੰਧੂ

ਬਸੰਤ ਰੁੱਤ ✍️ ਮਹਿੰਦਰ ਸਿੰਘ ਮਾਨ

ਸਰਦ ਰੁੱਤ ਹੈ ਚੱਲੀ, ਬਸੰਤ ਰੁੱਤ ਹੈ ਆਈ।

ਰੁੱਖਾਂ ਤੇ ਪੌਦਿਆਂ ਤੇ ਨਵਾਂ ਜੋਬਨ ਹੈ ਲਿਆਈ।

ਮਨੁੱਖੀ ਸਰੀਰ 'ਚ ਖੂਨ ਦਾ ਵਹਾਅ ਹੈ ਤੇਜ ਹੋਇਆ,

ਏਸੇ ਲਈ ਮਨੁੱਖਾਂ 'ਚ ਨਵੀਂ ਫੁਰਤੀ ਹੈ ਆਈ।

ਖਿੜੇ ਫੁੱਲਾਂ ਤੇ ਬੈਠਣ ਭੌਰੇ ਤੇ ਮਧੂ ਮੱਖੀਆਂ।

ਰੰਗ ਬਰੰਗੀਆਂ ਤਿਤਲੀਆਂ ਵੀ ਉਡਾਰੀ ਨੇ ਭਰਦੀਆਂ।

ਬੱਚੇ ਉਡਾਂਦੇ ਰੰਗ ਬਰੰਗੇ ਪਤੰਗ ਛੱਤਾਂ ਤੇ ਚੜ੍ਹ ਕੇ,

ਕੱਢੀਆਂ ਉਨ੍ਹਾਂ ਨੇ ਦਿਲਾਂ ਚੋਂ ਚਿੰਤਾਵਾਂ ਸਾਰੀਆਂ।

ਚਾਈਨਾ ਡੋਰ ਨੇ ਅੱਜ ਕੱਲ੍ਹ ਪੁਆੜੇ ਨੇ ਪਾਏ।

ਕਈ ਉੱਡਦੇ ਪੰਛੀ ਇਸ ਨੇ ਮਾਰ ਮੁਕਾਏ।

ਇਸ ਨੂੰ ਛੱਡ ਕੇ ਸਾਰੇ ਭਾਰਤੀ ਡੋਰ ਵਰਤੋ,

ਇਹ ਕਿਸੇ ਨੂੰ ਵੀ ਯਾਰੋ ਨੁਕਸਾਨ ਨਾ ਪੁਚਾਏ।

ਬਸੰਤ ਪੰਚਮੀ ਨੂੰ ਲੱਗਦੇ ਪਿੰਡਾਂ ਤੇ ਸ਼ਹਿਰਾਂ 'ਚ ਮੇਲੇ।

ਲੋਕ ਸਰ੍ਹੋਂ ਦੇ ਫੁੱਲਾਂ ਵਾਂਗ ਖਿੜ ਕੇ ਵੇਖਣ ਜਾਂਦੇ ਮੇਲੇ।

ਇਸ ਦਿਨ ਤੀਵੀਆਂ ਬਸੰਤੀ ਰੰਗ ਦੇ ਕਪੜੇ ਪਾ ਕੇ,

ਗਿੱਧਾ ਪਾਣ ਤੇ ਗੀਤ ਗਾਣ ਛੱਡ ਕੇ ਸਭ ਝਮੇਲੇ।

ਮਹਿੰਦਰ ਸਿੰਘ ਮਾਨ

ਸਲੋਹ ਰੋਡ

ਚੈਨਲਾਂ ਵਾਲੀ ਕੋਠੀ

ਨਵਾਂ ਸ਼ਹਿਰ-9915803554

 

ਛੱਬੀ ਜਨਵਰੀ ‘ਤੇ ਵਿਸ਼ੇਸ਼ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।ਭਾਰਤ ਵਾਸੀਆਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਸਕੂਲਾਂ ਕਾਲਜਾਂ ਵਿੱਚ ਹਰ 26 ਜਨਵਰੀ ਨੂੰ ਇਹ ਦਿਵਸ ਧੂਮ-ਧਾਮ ਨਾਲ ਮਨਾਇਆਂ ਜਾਂਦਾ ਹੈ।ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ ਇਕ ਗਣਤੰਤਰਵਾਦੀ ਦੇਸ਼ ਬਣ ਗਿਆ ਸੀ। ਭਾਰਤ ਦੀ ਸਾਰੀ ਸੱਤਾ ਦੇਸ਼ਵਾਸੀਆਂ ਦੇ ਹੱਥ ਵਿਚ ਦੇ ਦਿੱਤੀ ਗਈ ।ਸਾਰੀ ਜਨਤਾ ਇਸ ਸ਼ਕਤੀ ਨੂੰ ਪ੍ਰਾਪਤ ਕਰਕੇ ਦੇਸ਼ ਦੀ ਅਸਲੀ ਸ਼ਾਸਕ ਬਣ ਗਈ। ਇਸ ਦਿਨ ਕਾਨੂੰਨ ਦੇ ਰਾਜ ਦੀ ਸ਼ੁਰੂਆਤ ਹੋਈ। 26 ਜਨਵਰੀ ਨੂੰ ਰਾਸ਼ਟਰੀ ਦਿਨ ਦਾ ਦਰਜਾ ਵੀ ਹਾਸਲ ਹੈ। ਹਰ ਸਾਲ ਇਸ ਦਿਨ ਨੂੰ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ।ਗਵਰਨਰ ਜਨਰਲ ਦੀ ਥਾਂ ਰਾਸ਼ਟਰਪਤੀ ਦੇਸ਼ ਦਾ ਮੁੱਖ ਨੇਤਾ ਚੁਣਿਆ ਗਿਆ। 26 ਜਨਵਰੀ ਦਾ ਦਿਨ ਹਰ ਸਾਲ ਸਾਨੂੰ ਆਪਣੇ ਕਰੱਤਵ ਦੀ ਯਾਦ ਦਿਵਾਉਂਦਾ ਹੈ। ਭਾਰਤ ਵਾਸੀ ਇਸ ਦਿਨ ਖੁਸ਼ੀ ਨਾਲ ਨੱਚ ਉੱਠਦੇ ਹਨ। ਇਸ ਮਹਾਨ ਰਾਸ਼ਟਰੀ ਤਿਉਹਾਰ ਨੂੰ ਬੜੇ ਸਮਾਰੋਹ ਨਾਲ ਮਨਾਇਆ ਜਾਂਦਾ ਹੈ।
ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ ਹੈ।ਇਹ ਤਿਉਹਾਰ ਹਿੰਦੂ ,ਮੁਸਲਿਮ ,ਸਿੱਖ ,ਇਸਾਈ ਰਲ ਕੇ ਮਨਾਉਂਦੇ ਹਨ ।
ਭਾਰਤ ਨੂੰ ਸੁਤੰਤਰ ਕਰਾਉਣ ਲਈ ਦੇਸ਼ ਵਾਸੀਆਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ।ਕਿੰਨੇ ਦੇਸ ਭਗਤਾਂ ਨੇ ਫਾਂਸੀਆਂ ਤੇ ਤਖ਼ਤੇ ਚੁੰਮੇ, ਕਿੰਨਿਆਂ ਨੇ ਜੇਲ੍ਹਾਂ ਵਿੱਚ ਦਮ ਤੋੜ ਦਿੱਤਾ ।ਬਹੁਤ ਲੋਕ ਲਾਠੀਆਂ ਦੇ ਸ਼ਿਕਾਰ ਹੋਏ।ਇਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਕਰਕੇ ਹੀ ਭਾਰਤ ਦੇਸ਼ ਅਜ਼ਾਦ ਹੋਇਆ।
26 ਜਨਵਰੀ, 1930 ਨੂੰ ਹੀ ਦੇਸ਼ ਦੇ ਨੇਤਾ ਸ੍ਰੀ ਜਵਾਹਰ ਲਾਲ ਨਹਿਰੂ ਜੀ ਨੇ ਰਾਵੀ ਦੇ ਕਿਨਾਰੇ ਕੌਮੀ ਝੰਡਾ ਲਹਿਰਾਉਂਦੇ ਹੋਏ ਘੋਸ਼ਣਾ ਕੀਤੀ ਸੀ ਕਿ ਅਸੀਂ ਪੂਰਨ ਸਵਾਰਾਜ ਦੀ ਮੰਗ ਕਰਦੇ ਹਾਂ। ਇਸ ਮੰਗ ਦੀ ਪੂਰਤੀ ਲਈ ਸਾਨੂੰ ਲਗਾਤਾਰ ਸਤਾਰਾਂ ਵਰ੍ਹੇ ਅੰਗਰੇਜ਼ੀ ਸਰਕਾਰ ਨਾਲ ਲੜਨਾ ਪਿਆ। ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।ਇਹ ਸੰਵਿਧਾਨ ਦੇਸ਼ ਵਿਚ ਲਾਗੂ ਕਰ ਕੇ ਡਾਕਟਰ ਰਾਜਿੰਦਰ ਪ੍ਰਸ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ।
ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਸੂਬਿਆਂ ਦੀਆਂ ਸਭਾਵਾਂ ਦੇ ਚੁਣੇ ਗਏ ਮੈਂਬਰਾਂ ਵਲੋਂ ਚੁਣੇ ਗਏ ਸਨ। ਡਾ. ਭੀਮ ਰਾਓ ਅੰਬੇਡਕਰ, ਜਵਾਹਰ ਲਾਲ ਨਹਿਰੂ, ਡਾ. ਰਜਿੰਦਰ ਪ੍ਰਸਾਦ, ਸਰਦਾਰ ਵਲੱਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਇਸ ਸਭਾ ਦੇ ਮੁੱਖ ਮੈਂਬਰ ਸਨ। ਸੰਵਿਧਾਨ ਨਿਰਮਾਣ 'ਚ ਕੁੱਲ 22 ਕਮੇਟੀਆਂ ਸਨ, ਜਿਸ 'ਚ ਡਰਾਫਟਿੰਗ ਕਮੇਟੀ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਣ ਕਮੇਟੀ ਸੀ ਅਤੇ ਇਸ ਕਮੇਟੀ ਦਾ ਕਾਰਜ ਸੰਪੂਰਣ ਸੰਵਿਧਾਨ ਲਿਖਣਾ ਤੇ ਨਿਰਮਾਣ ਕਰਨਾ ਸੀ। ਡਰਾਫਟਿੰਗ ਕਮੇਟੀ ਦੇ ਪ੍ਰਧਾਨ ਡਾ. ਭੀਮਰਾਓ ਅੰਬੇਡਕਰ ਸਨ। ਡਾ. ਅੰਬੇਡਕਰ ਨੂੰ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ।ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ 2 ਸਾਲ, 11 ਮਹੀਨੇ 18 ਦਿਨ 'ਚ ਤਿਆਰ ਹੋਇਆ। ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਜਿੰਦਰ ਪ੍ਰਸਾਦ ਨੂੰ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਸੌਂਪਿਆ ਗਿਆ, ਇਸ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ 'ਚ ਹਰ ਸਾਲ ਮਨਾਇਆ ਜਾਂਦਾ ਹੈ। ਸੰਵਿਧਾਨ ਸਭਾ ਨੇ ਸੰਵਿਧਾਨ ਨਿਰਮਾਣ ਦੇ ਸਮੇਂ ਕੁੱਲ 114 ਦਿਨ ਬੈਠਕ ਕੀਤੀ ਸੀ। 308 ਮੈਂਬਰਾਂ ਨੇ 24 ਜਨਵਰੀ 1950 ਨੂੰ ਸੰਵਿਧਾਨ ਦੀਆਂ ਦੋ ਹੱਥਲਿਖਤ ਕਾਪੀਆਂ 'ਤੇ ਦਸਤਖਤ ਕੀਤੇ। ਇਸ ਦੇ ਦੋ ਦਿਨ ਬਾਅਦ ਸੰਵਿਧਾਨ 26 ਜਨਵਰੀ ਨੂੰ ਇਹ ਦੇਸ਼ ਭਰ 'ਚ ਲਾਗੂ ਹੋ ਗਿਆ। 26 ਜਨਵਰੀ ਦਾ ਮਹੱਤਵ ਬਣਾਏ ਰੱਖਣ ਲਈ ਇਸ ਦਿਨ ਸੰਵਿਧਾਨ ਸਭਾ ਦੁਆਰਾ ਪ੍ਰਵਾਨਿਤ ਸੰਵਿਧਾਨ 'ਚ ਭਾਰਤ ਦੇ ਗਣਤੰਤਰ ਰੂਪ ਨੂੰ ਮਾਨਤਾ ਦਿੱਤੀ ਗਈ।
ਇਹ ਤਿਉਹਾਰ ਆਪਸੀ ਏਕਤਾ ਦਾ ਪ੍ਰਤੀਤ ਹੋਣ ਦੇ ਨਾਲ ਨਾਲ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ।
ਦਿੱਲੀ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਜਲ, ਥਲ ਅਤੇ ਹਵਾਈ ਤਿੰਨਾਂ ਸੈਨਾਵਾਂ ਤੋਂ ਸਲਾਮੀ ਲੈਂਦੇ ਹਨ। ਇਸ ਸਮਾਰੋਹ ਵਿਚ ਤਿੰਨਾਂ ਸੈਨਾਵਾਂ ਦੀ ਪਰੇਡ ਦੇ ਇਲਾਵਾ ਸੰਸਕ੍ਰਿਤੀ ਦੇ ਪ੍ਰੋਗਰਾਮ ਵੀ ਹੁੰਦੇ ਹਨ। ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਕੌਮੀ ਝੰਡੇ ਲਹਿਰਾਏ ਜਾਂਦੇ ਹਨ।

ਪ੍ਰੋ.ਗਗਨਦੀਪ ਕੌਰ ਧਾਲੀਵਾਲ ।

ਸਰਕਾਰੀ ਗੋਦਾਮ ਤੋਂ ਸਰਕਾਰੀ ਚੌਲਾਂ ਦੀਆਂ ਵੱਡੀ ਚੋਰੀ ਦਾ ਪਰਦਾਫਾਸ਼

ਸੀਆਈਏ ਸਟਾਫ਼ ਜਗਰਾਉਂ ਵੱਲੋਂ ਚੋਰੀ ਦੇ ਚੋਲ਼ਾ ਦੇ 150 ਗੱਟੂਆਂ ਸਮੇਤ ਇੱਕ ਕਾਬੂ 
ਜਗਰਾਉਂ 24 ਜਨਵਰੀ (ਰਣਜੀਤ ਸਿੱਧਵਾਂ) : ਜਗਰਾਉਂ ਸੀਆਈਏ ਸਟਾਫ਼ ਦੀ ਪੁਲਿਸ ਨੇ ਸਰਕਾਰੀ ਖ਼ਰੀਦੇ ਚੌਲ ਦੇ ਗੁਦਾਮ 'ਚੋਂ ਟਰੱਕਾਂ ਦੇ ਟਰੱਕ ਚੋਰੀ ਕਰਕੇ ਲੈ ਕੇ ਜਾਣ ਦੇ ਵੱਡੇ ਗੜਬੜ ਘੁਟਾਲੇ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਫਿਲਹਾਲ ਪੁਲਿਸ ਹੱਥ 150 ਬੋਰੀ ਚੌਲਾਂ ਨਾਲ ਭਰਿਆ ਇੱਕ ਟਰੱਕ ਹੱਥ ਲੱਗਾ ਹੈ। ਜਿਸ 'ਤੇ ਪੁਲਿਸ ਨੇ ਟਰੱਕ ਦੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਤੇ ਗੁਦਾਮ ਦੇ ਫਰਾਰ ਸੁਪਰਵਾਈਜਰ ਦੀ ਭਾਲ ਕੀਤੀ ਜਾ ਰਹੀ ਹੈ। ਇਸ ਪੂਰੇ ਮਾਮਲੇ 'ਚ ਜਗਰਾਉਂ ਦੇ ਇੱਕ ਚਰਚਿਤ ਸ਼ੈਲਰ ਮਾਲਕ ਦਾ ਨਾਂ ਸਾਹਮਣੇ ਆ ਰਿਹਾ ਹੈ ਜੋ ਪਰਚਾ ਦਰਜ ਹੋਣ ਤਕ ਖੁਦ ਨੂੰ ਬਚਾਉਣ 'ਚ ਲੱਗਾ ਰਿਹਾ।  ਇਸ ਸਬੰਧੀ ਜਗਰਾਉਂ ਸੀਆਈਏ ਸਟਾਫ਼ ਦੇ ਮੁਖੀ ਡੀਐੱਸਪੀ ਦਿਲਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੀਆਈਏ ਸਟਾਫ਼ ਦੀ ਪੁਲਿਸ ਨਾਕਾਬੰਦੀ ਦੌਰਾਨ ਪਿੰਡ ਮਲਕ ਤਾਇਨਾਤ ਸੀ। ਜਿੱਥੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪਿੰਡ ਚੀਮਨਾ ਤੋਂ ਬੁਜਗਰ ਵਾਲੇ ਰਾਹ 'ਤੇ ਰੀਗੋ ਕੰਪਨੀ ਦੇ ਗੁਦਾਮ ਹਨ, ਜਿੱਥੇ ਸੁਪਰਵਾਈਜ਼ਰ ਦੀ ਮਿਲੀਭੁਗਤ ਨਾਲ ਟਰੱਕ 'ਚ ਚੌਲ ਚੋਰੀ ਕੀਤੇ ਜਾ ਰਹੇ ਹਨ। ਇਸ 'ਤੇ ਪੁਲਿਸ ਪਾਰਟੀ ਨੇ ਕਾਰਵਾਈ ਕੀਤੀ ਤਾਂ 150 ਬੋਰੀ ਚੌਲਾਂ ਨਾਲ ਭਰਿਆ ਟਰੱਕ ਬਰਾਮਦ ਕਰਦਿਆਂ ਉਸ ਦੇ ਡਰਾਈਵਰ ਸੁਰਿੰਦਰ ਸਿੰਘ ਉਰਫ ਛਿੰਦਾ ਪੁੱਤਰ ਮਨਜੀਤ ਸਿੰਘ ਵਾਸੀ ਬਜੁਰਗ, ਥਾਣਾ ਸਦਰ ਜਗਰਾਂਉ, ਜਿਲ੍ਹਾ ਲੁਧਿਆਣਾ ਵਾਸੀ ਬਜ਼ੁਰਗ ਨੂੰ ਗਿ੍ਫ਼ਤਾਰ ਕਰ ਲਿਆ। ਮਾਮਲੇ 'ਚ ਗੁਦਾਮ ਦੇ ਸੁਪਰਵਾਈਜ਼ਰ ਨਰਿੰਦਰ ਸਿੰਘ ਵਾਸੀ ਪੰਡੋਰੀ ਖ਼ਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਸੁਪਰਵਾਈਜ਼ਰ ਫ਼ਰਾਰ ਹੈ, ਜਿਸ ਦੀ ਗਿ੍ਫ਼ਤਾਰੀ ਤੋਂ ਬਾਅਦ ਚੌਲ ਚੋਰੀ ਦੇ ਪੂਰੇ ਵੱਡੇ ਮਾਮਲੇ ਦਾ ਖੁਲਾਸਾ ਤੇ ਇਸ ਦੇ ਪੂਰੇ ਗੈਂਗ ਦੇ ਨਾਂ ਸਾਹਮਣੇ ਆਉਣਗੇ। ਜ਼ਿਕਰਯੋਗ ਹੈ ਕਿ ਪਨਗ੍ਰੇਨ ਨੇ 31 ਜਨਵਰੀ ਨੂੰ ਚਾਰਜ ਲੈਣਾ ਸੀ ਰੀਗੋ ਕੰਪਨੀ ਹਵਾਲੇ ਕੀਤੇ ਉਕਤ ਚੌਲਾਂ ਦੇ ਗੁਦਾਮ ਦਾ ਠੇਕਾ ਖ਼ਤਮ ਹੋਣ 'ਤੇ ਸਰਕਾਰੀ ਖ਼ਰੀਦ ਏਜੰਸੀ ਪਨਗ੍ਰੇਨ ਵੱਲੋਂ 31 ਜਨਵਰੀ ਨੂੰ ਮੁੜ ਇਸ ਦਾ ਚਾਰਜ ਲੈਣਾ ਸੀ ਪਰ ਉਸ ਤੋਂ ਪਹਿਲਾਂ ਹੀ ਸ਼ਹਿਰ ਦੇ ਚਰਚਿਤ ਮਾਲਕ ਤੇ ਗੁਦਾਮ ਸੁਪਰਵਾਈਜ਼ਰ ਦੀ ਮਿਲੀਭੁਗਤ ਨਾਲ ਲੱਖਾਂ ਰੁਪਏ ਦੇ ਚੌਲ ਚੋਰੀ ਦੀ ਗੇਮ ਖੇਡੀ ਗਈ। ਸੂਤਰਾਂ ਅਨੁਸਾਰ ਤਾਂ ਇਹ ਖੇਡ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀ। ਇਸ ਸਬੰਧੀ ਪਨਗ੍ਰੇਨ ਦੇ ਏਐੱਫਐੱਸਓ ਜਸਪਾਲ ਸਿੰਘ ਨੇ ਕਥਿਤ ਤੌਰ ਤੇ ਮੰਨਿਆ ਕਿ ਇੱਕ ਸ਼ੈਲਰ ਮਾਲਕ ਦੀ ਇਸ 'ਚ ਸ਼ਮੂਲੀਅਤ ਹੈ ਅਤੇ ਇਹ ਸਾਰਾ ਚੋਰੀ ਦਾ ਚੌਲ ਸ਼ੈਲਰ ਮਾਲਕ ਦੇ ਸ਼ੈਲਰ 'ਤੇ ਜਾ ਰਿਹਾ ਸੀ।

ਆਓ ਜਾਣਦੇ ਹਾਂ ਫ਼ਾਹਿਯਾਨ ਬਾਰੇ ✍️ ਪੂਜਾ ਰਤੀਆ

ਫ਼ਾਹਿਯਾਨ ਇਕ ਚੀਨੀ ਯਾਤਰੀ ਸੀ। ਉਹ ਪਿੰਗਯਾਂਗ ਦਾ ਵਸਨੀਕ ਸੀ, ਜੋ ਅਜੋਕੇ ਸ਼ਾਂਸੀ ਸੂਬੇ ਵਿੱਚ ਹੈ। ਉਸ ਨੇ ਛੋਟੀ ਉਮਰ ਵਿਚ ਹੀ ਸੰਨਿਆਸ ਲੈ ਲਿਆ ਸੀ। ਉਸਨੇ ਆਪਣਾ ਜੀਵਨ ਬੁੱਧ ਧਰਮ ਦੇ ਆਦਰਸ਼ਾਂ ਦਾ ਪਾਲਣ ਅਤੇ ਪ੍ਰਚਾਰ ਕਰਨ ਵਿੱਚ ਬਿਤਾਇਆ। ਚੰਦਰਗੁਪਤ ਦੂਜੇ ਦੇ ਰਾਜ ਵਿੱਚ ਵਿੱਚ ਉਹ ਭਾਰਤ ਆਇਆ। ਜਦੋਂ ਉਹ ਯਾਤਰਾ ਲਈ ਤੁਰਿਆ ਤਾਂ ਕਾਫ਼ੀ ਸਾਥੀ ਉਸ ਨਾਲ ਸਨ ਪਰ ਕਠਿਨ ਰਸਤਿਆਂ ਅਤੇ ਪਰਬਤਾਂ ਨੂੰ ਪਾਰ ਕਰਨ ਵਿੱਚ ਕਈ ਸਾਥੀ ਉਸ ਨੂੰ ਛੱਡ ਕੇ ਵਾਪਸ ਚਲੇ ਗਏ।ਫ਼ਾਹਿਯਾਨ ਨਾਲ ਸਿਰਫ਼ ਇਕ ਸਾਥੀ ਤਾਓ ਚੇਂਗ ਰਹਿ ਗਿਆ। 
  ਉਸਨੇ ਭਾਰਤ ਦੇ ਵੱਖ ਵੱਖ ਨਗਰਾਂ ਅਤੇ ਬੋਧੀ ਤੀਰਥ ਅਸਥਾਨਾਂ ਦੀ ਯਾਤਰਾ ਕੀਤੀ। ਯਾਤਰਾ ਲਈ ਉਸਨੂੰ 15 ਸਾਲ ਲੱਗੇ। ਭਾਵੇਂ ਉਹ ਬੋਧੀ ਗਿਆਨ ਇਕੱਠਾ ਕਰਨ ਆਇਆ ਸੀ ਪਰ ਉਸਨੇ ਉਸ ਸਮੇਂ ਦੇ ਰਾਜੇ ਚੰਦਰਗੁਪਤ ਦੂਜੇ  ਦੇ ਰਾਜ, ਧਾਰਮਿਕ, ਰਾਜਨੀਤਿਕ, ਸਮਾਜਿਕ ਅਵਸਥਾ ਬਾਰੇ ਜਾਣਕਾਰੀ ਦਿੱਤੀ।
    ਫ਼ਾਹਿਯਾਨ ਨੂੰ ਯਾਤਰਾ ਦੌਰਾਨ ਪਾਟਲੀਪੁੱਤਰ ਵਿੱਚ ਜੋਂ ਵਧੀਆ ਲੱਗਿਆ ਅੱਖੀਂ ਡਿੱਠਾ ਉਸਦਾ ਵਿਰਤਾਂਤ ਦਿੱਤਾ ਜਿਵੇਂ - ਪਾਟਲੀਪੁੱਤਰ ਦੇ ਦੋ ਮੱਠ, ਅਸ਼ੋਕ ਦਾ ਮਹਿਲ, ਬੋਧੀਆ ਵਲੋਂ ਕੱਢਿਆ ਜਾਂਦਾ ਜਲੂਸ ਆਦਿ। ਉਸਨੇ ਲਿਖਿਆ ਹੈ ਕਿ ਇਥੋਂ ਦੇ ਲੋਕ ਧਨੀ ਅਤੇ ਦਾਨੀ ਸਨ।
ਉਸਨੇ ਰਾਜੇ ਦੁਆਰਾ ਕੀਤੇ ਯੋਗ ਪ੍ਰਬੰਧ ਦੀ ਸ਼ਲਾਘਾ ਕੀਤੀ।
ਅੰਤ ਬੁੱਢਾ ਹੋ ਕੇ ਵੀ ਉਹ ਆਪਣੇ ਪਵਿੱਤਰ ਨਿਸ਼ਾਨੇ ਵੱਲ ਵਧਦਾ ਰਿਹਾ। ਚਿਏਨ ਕਾਂਗ (ਨਾਨਕਿੰਗ) ਪਹੁੰਚ ਕੇ ਉਹ ਬੋਧੀ ਗ੍ਰੰਥਾਂ ਦੇ ਅਨੁਵਾਦ ਦੇ ਕੰਮ ਵਿਚ ਜੁਟ ਗਿਆ। ਹੋਰ ਵਿਦਵਾਨਾਂ ਦੇ ਨਾਲ ਮਿਲ ਕੇ, ਉਸਨੇ ਬਹੁਤ ਸਾਰੇ ਗ੍ਰੰਥਾਂ ਦਾ ਅਨੁਵਾਦ ਕੀਤਾ, ਜਿਵੇਂ ਪਰਿਨਿਰਵਾਨਸੂਤਰ ਅਤੇ ਮਹਾਸੰਗਿਕਾ ਵਿਨਯਾ ਦਾ ਚੀਨੀ ਅਨੁਵਾਦ। ਉਸ ਨੇ ‘ਫਾਉ-ਕੂਓ ਥੀ’ ਭਾਵ ‘ਬੌਧ ਦੇਸ਼ਾਂ ਦਾ ਲੇਖਾ ਜੋਖਾ’ ਸਿਰਲੇਖ ਨਾਲ ਲਿਖੀ ਸਵੈ-ਜੀਵਨੀ ਏਸ਼ੀਆਈ ਦੇਸ਼ਾਂ ਦੇ ਇਤਿਹਾਸ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ। ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਹੋਇਆ ਹੈ।
ਫ਼ਾਹਿਯਾਨ ਦੁਆਰਾ ਲਿਖੇ ਗਏ ਬਿਰਤਾਂਤ ਸਮਕਾਲੀ ਸਨ।ਜੋਂ   
ਇਤਿਹਾਸਕਾਰ ਲਈ ਭਰੋਸੇਯੋਗ ਸਰੋਤ ਵੀ ਸਨ।

ਪੂਜਾ ਰਤੀਆ
9815591967

ਗਦਰ ਪਾਰਟੀ ਸੂਰਮਿਆਂ ਅਤੇ ਬੱਬਰ ਅਕਾਲੀ ਯੋਧਿਆਂ ਦੇ ਨਾਂ ’ਤੇ ਪੰਜਾਬ ਵਿੱਚ ਯੂਨੀਵਰਸਿਟੀ ਖੋਲ੍ਹ ਦੀ ਮੰਗ

ਇਨਕਲਾਬੀ ਵਿਰਾਸਤ ਅੱਗੇ ਤੋਰਨ ਲਈ ਗਦਰ ਪਾਰਟੀ ਸੂਰਮਿਆਂ ਅਤੇ ਬੱਬਰ ਅਕਾਲੀ ਯੋਧਿਆਂ ਦੇ ਨਾਂ ’ਤੇ ਪੰਜਾਬ ਵਿੱਚ ਯੂਨੀਵਰਸਿਟੀ ਖੋਲ੍ਹੀ ਜਾਵੇ  -ਸਾਹਿਬ ਥਿੰਦ 

ਦੇਸ਼ ਭਗਤ ਪਰਿਵਾਰਾਂ ਦੇ ਪ੍ਰਤੀਨਿਧ ਡਾਃ ਜਸਬੀਰ ਕੌਰ ਗਿੱਲ ਤੇ ਦਿਲਬਾਗ ਸਿੰਘ ਖਤਰਾਏ ਕਲਾਂ ਵੀ ਇਸ ਮੌਕੇ ਹਾਜਰ ਸਨ 

ਚੰਡੀਗੜ੍ਹ, 24 ਜਨਵਰੀ ,(ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਗਦਰੀਆਂ ਅਤੇ ਬੱਬਰ ਦੇਸ਼ ਭਗਤਾਂ ਦੇ ਨਾਂ ’ਤੇ ਸੂਬੇ ਵਿੱਚ ਯੂਨੀਵਰਸਿਟੀ ਖੋਲ੍ਹੀ ਜਾਵੇ। ਅੱਜ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਜਥੇਬੰਦੀ ਦੇ ਪ੍ਰਧਾਨ ਸਾਹਿਬ ਥਿੰਦ ਨੇ ਗਦਰੀ ਦੇਸ਼ ਭਗਤਾਂ ਅਤੇ ਬੱਬਰ ਅਕਾਲੀ ਦੇਸ਼ ਭਗਤਾਂ ਦੇ ਪਰਿਵਾਰਾਂ ਵਿੱਚੋਂ ਬਾਬਾ ਬੰਤਾ ਸਿੰਘ ਸੰਘਵਾਲ(ਜਲੰਧਰ) ਦੀ ਪੋਤਰੀ ਪ੍ਰਿੰਸੀਪਲ ਡਾਃ ਜਸਬੀਰ ਕੌਰ ਗਿੱਲ ਅਤੇ ਇਨਕਲਾਬੀ ਯੋਧੇ ਕਾਮਰੇਡ ਉਜਾਗਰ ਸਿੰਘ ਖਤਰਾਏ ਕਲਾਂ (ਅੰਮ੍ਰਿਤਸਰ)ਦੇ ਪੋਤਰੇ ਸਃ ਦਿਲਬਾਗ ਸਿੰਘ ਭੱਟੀ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਜੀਵਨੀਆਂ ਦੇ ਰੂਪ ਵਿੱਚ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। 
ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਮੁੱਖ ਮੰਤਰੀ ਤੋਂ ਸੂਬੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਦੇ ਨਾਮ ਵੀ ਸ਼ਹੀਦਾਂ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਰਖਿਆ ਗਿਆ। ਉਨ੍ਹਾਂ ਆਖਿਆ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸੜਕਾਂ, ਇਮਾਰਤਾਂ ਆਦਿ ਅੱਜ ਵੀ ਅੰਗਰੇਜ਼ਾਂ ਦੇ ਨਾਵਾਂ ‘ਤੇ ਚੱਲ ਰਹੀਆਂ ਹਨ, ਇਨ੍ਹਾਂ ਦੇ ਨਾਂ ਬਦਲ ਕੇ ਗਦਰੀਆਂ ਅਤੇ ਬੱਬਰ ਅਕਾਲੀ ਦੇਸ਼ ਭਗਤਾਂ ਦੇ ਨਾਂ 'ਤੇ ਰੱਖੇ ਜਾਣੇ ਚਾਹੀਦੇ ਹਨ। 
ਉਨ੍ਹਾਂ ਹੋਰ ਮੰਗ ਕੀਤੀ ਕਿ ਗਦਰੀ ਦੇਸ਼ ਭਗਤਾਂ ਅਤੇ ਬੱਬਰ ਅਕਾਲੀ ਦੇਸ਼ ਭਗਤਾਂ ਦੇ ਸ਼ਹੀਦਾਂ ਦੇ ਘਰਾਂ, ਸੜਕਾਂ ਅਤੇ ਇਮਾਰਤਾਂ ਨੂੰ ਕੌਮੀ ਵਿਰਾਸਤ ਐਲਾਨਿਆ ਜਾਵੇ।
ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਦੇਸ਼-ਭਗਤਾਂ ਦੀ ਵਿਰਾਸਤ, ਪੰਜਾਬੀ ਸਭਿਆਚਾਰ ਤੋਂ ਮਾਂ-ਬੋਲੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਇਹ ਸੰਸਥਾ ਉੱਤਰੀ ਅਮਰੀਕਾ, ਯੂਰਪ ਤੇ ਦੱਖਣੀ ਏਸ਼ੀਆ ਸਮੇਤ ਕਈ ਦੇਸ਼ਾਂ ਵਿੱਚ ਸਰਗਰਮ ਹੈ। ਇਸ ਵਲੋਂ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ ਤੇ ਆਜ਼ਾਦੀ ਸੰਗਰਾਮ ਦੇ ਯੋਧਿਆਂ ਦੀ ਯਾਦ ਵਿੱਚ ਹਰ ਸਾਲ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਮੇਲਾ ਸਰੀ (ਬੀ.ਸੀ., ਕੈਨੇਡਾ) ਵਿੱਚ ਲਾਇਆ ਜਾਂਦਾ ਹੈ। ਇਹ ਸੰਸਥਾ ਬਰਤਾਨਵੀ ਸਾਮਰਾਜ ਵਲੋਂ ਕੀਤੀਆਂ ਬੇਇਨਸਾਫ਼ੀਆਂ ਦੇ ਖਿਲਾਫ਼ ਇਨਸਾਫ਼ ਦਿਵਾਉਣ ਲਈ ਲਗਾਤਾਰ ਸੰਘਰਸ਼ਸ਼ੀਲ ਹੈ।

 

ਕਵਿਤਾ "ਸੜਕਨਾਮਾ" ✍️ ਕੁਲਦੀਪ ਸਿੰਘ ਰਾਮਨਗਰ

ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਖੁਸ਼ ਹੁੰਦੀ ਹਾਂ ਕਿਸੇ ਨੂੰ ਮੰਜ਼ਿਲ ਤੱਕ
ਛੱਡਣ ਅਤੇ ਕਿਸੇ ਨੂੰ ਘਰ ਤੱਕ,
ਚੰਗਾ ਲਗਦਾ ਆਪਣੇ ਸੀਨੇ ਤੇ ਲੋਕਾਂ ਦਾ ਦੌੜਨਾ, 
ਜਦੋਂ ਲਾਲ ਰੰਗ ਦੇ ਲਹੁ ਦੇ ਛਿਟੇ 
ਛਿੜਕ ਜਾਂਦਾ ਹੈ ਮੇਰੇ ਤਨ ਤੇ,
ਮੈ ਉਦਾਸ ਹੋ ਜਾਂਦੀ ਹਾਂ, ਚੀਕ ਨਹੀਂ ਸਕਦੀ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ, ਉਦਾਸ ਜਿਹੀ ਹੋ ਜਾਂਦੀ ਹਾਂ ਜਦੋਂ
ਰੋਕ ਦਿੱਤੀ ਜਾਂਦੀ ਹੈ ਮੇਰੇ ਸੀਨੇ ਤੇ
ਚੱਲਣ ਵਾਲੀ ਲੋਕਾਂ ਦੀ ਰਫ਼ਤਾਰ,
ਮੈਂ ਤੜਫ ਉਠਦੀ ਹਾਂ ਲੋਕਾਂ ਨੂੰ ਅਣਦੇਖੇ ਰਾਹਾਂ ਚ ਭੜਕਦਾ ਦੇਖ ਪਰ ਬੋਲ ਨਹੀਂ ਸਕਦੀ ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
 ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਮੈਂ ਸੁਣ ਨਹੀ ਸਕਦੀ ਉਹ ਚੀਕਾਂ,
ਜੋਂ ਸ਼ਾਇਦ ਰਾਤ ਦੇ ਹਨੇਰੇ ਚ ਮੇਰੇ ਸੀਨੇ
ਤੇ ਖੜੇ ਕਿਸੇ ਵਾਹਨ ਦੀ ਵਜ੍ਹਾ ਸੀ।
ਪਰ ਮੈਂ ਕਿੰਝ ਸਮਝਾਉਂਦੀ ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ, ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਖੁਸ਼ ਹੁੰਦੀ ਹਾਂ ਜਦੋਂ ਕੋਈ ਭੱਦਰ ਪੁਰਸ਼,
ਸਾਫ਼ ਕਰ ਜਾਂਦਾ ਹੈ ਮੇਰੇ ਲੀੜੇ,
ਫਿਰ ਉਦਾਸ ਹੋ ਜਾਂਦੀ ਹੈ ਜਦੋਂ ਕੋਈ
ਰੂੜੀ ਸਮਝਕੇ ਖਰਾਬ ਕਰ ਜਾਂਦਾ,
 ਪਰ ਮੈਂ ਬੋਲ ਨਹੀਂ ਸਕਦੀ
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਕਦੇ ਕਦੇ ਮੈਨੂੰ ਸਵਾਰ ਜਾਂਦੇ,
ਭ੍ਰਿਸ਼ਟਾਚਾਰ ਦੇ ਠੇਕੇਦਾਰ, ਲੁਕ ਨਹੀਂ
ਥੁਕ ਜਿਹਾ ਲਾਕੇ, ਮੈਂ ਫਿਰ ਚਲਦੀ ਰਹਿੰਦੀ ਹਾਂ
ਖਮੋਸ਼ ਜਿਹੀ ਰਹਿਕੇ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
 ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,
ਮੇਰੇ ਸੀਨੇ ਤੇ ਚੱਲ ਕੇ ਅਤੇ ਸਿਆਸਤ ਕਰਕੇ,
ਬਣੇ ਮੰਤਰੀ ਅਤੇ ਸੰਤਰੀਆਂ ਦੇ ਲੰਘਣ ਲਈ,
ਖਮੋਸ਼ ਕਰ ਦਿੱਤਾ ਜਾਂਦਾ ਕਈ ਵਾਰ,
ਡਰ ਜਾਂਦੀ ਹਾਂ ਹੂਟਰ ਦੀ ਅਵਾਜ਼ ਸੁਣਕੇ,
ਪਰ ਬੋਲ ਨਹੀਂ ਸਕਦੀ ,
ਕਿਉਂ ਕਿ ਮੈਂ ਗੂੰਗੀ ਤੇ ਬਹਿਰੀ, ਪੈਂਡੂ ਤੇ ਸ਼ਹਿਰੀ,
ਸਰਕਾਰੀ ਸੜਕ ਹਾਂ, ਕਿਤੇ ਕੱਚੀ ਤੇ ਪੱਕੀ ਕੜਕ ਹਾਂ,

ਇੰਜ.ਕੁਲਦੀਪ ਸਿੰਘ ਰਾਮਨਗਰ
9417990040

ਕਾਂਗਰਸੀ ਵਿਧਾਇਕ ਦੇ ਘਰ ਪਹੁੰਚੀ ਅੰਮ੍ਰਿਤਸਰ ਵਿਜੀਲੈਂਸ

ਚੰਡੀਗੜ੍ਹ, 23 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾਦੇ ਘਰ ਅਤੇ ਸ਼ਾਪਿੰਗ ਕੰਪਲੈਕਸ ਉਤੇ ਅੰਮ੍ਰਿਤਸਰ ਵਿਜੀਲੈਂਸ ਪਹੁੰਚੀ ਹੈ। ਭਾਸਕਰ ਦੀ ਖਬਰ ਅਨੁਸਾਰ ਵਿਜੀਲੈਂਸ ਟੀਮ ਵੱਲੋਂ ਸੰਪਤੀ ਦਾ ਜਾਇਜ਼ਾ ਲਿਆ ਅਤੇ ਕੁਝ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਜ਼ਿਕਰਯੋਗ ਹੈ ਕਿ ਵਿਧਾਇਕ ਬਰਿੰਦਰਮੀਤ ਖਿਲਾਫ ਆਮਦਨ ਤੋਂ ਜ਼ਿਆਦਾ ਸੰਪਤੀ ਬਣਾਉਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।   ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜਾਂਚ ਦੇ ਸਿਲਸਿਲੇ ਵਿੱਚ ਵਿਧਾਇਕ ਪਾਹੜਾ ਨੂੰ ਡੀਐਸਪੀ ਵਿਜੀਲੈਂਸ ਗੁਦਰਾਸਪੁਰ ਦਫ਼ਤਰ ਬੁਲਾਇਆ ਗਿਆ ਸੀ।

ਜਲ ਸਰੋਤ ਮੰਤਰੀ ਵੱਲੋਂ ਪੇਂਡੂ ਖੇਤਰਾਂ ਨੂੰ ਜੋਗਾ ਡਿਸਟ੍ਰੀਬਿਊਟਰੀ ਦੇ 26.91 ਕਰੋੜ ਦੇ ਪ੍ਰਾਜੈਕਟ ਦਾ ਤੋਹਫਾ

ਕੰਕਰੀਟ ਲਾਈਨਿੰਗ ਤੋਂ ਇਲਾਵਾ 20 ਫੀਸਦੀ ਸਮਰੱਥਾ ਵਧਾਈ, ਕਰੀਬ 108000 ਏਕੜ ਰਕਰੇ ਨੂੰ ਮਿਲੇਗਾ ਲਾਹਾ

ਦਾਨਗੜ੍ਹ ਮਾਈਨਰ ਦਾ 85 ਲੱਖ ਦਾ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ

ਕੋਠੇ ਰਜਿੰਦਰਪੁਰਾ ਵਿਖੇ ਅੰਡਰ ਗਰਾਊਂਡ ਪਾਈਪਲਾਈਨ ਦਾ, ਖ਼ਾਲ ਪੱਕੇ ਕਰਨ ਦਾ ਰੱਖਿਆ ਨੀਂਹ ਪੱਥਰ

ਬਰਨਾਲਾ, 22 ਜਨਵਰੀ (ਗੁਰਸੇਵਕ ਸੋਹੀ ) ਜਲ ਸਰੋਤ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਜ਼ਿਲ੍ਹਾ ਬਰਨਾਲਾ ਅੰਦਰ ਕਰੋੜਾਂ ਦੇ ਨਹਿਰੀ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਿੰਜਾਈ ਪ੍ਰਾਜੈਕਟਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਵਚਨਬੱਧ ਹੈ ਅਤੇ ਕਿਸਾਨੀ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਮੰਤਰੀ ਮੀਤ ਹੇਅਰ ਨੇ ਪਿੰਡ ਕੋਠੇ ਰਾਜਿੰਦਰ ਪੁਰਾ ਵਿਖੇ ਜ਼ਮੀਨਦੋਜ ਪਾਈਪਲਾਈਨ ਵਿਛਾਉਣ ਦੇ ਕੰਮ ਅਤੇ ਖ਼ਾਲ ਪੱਕੇ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਲਾਗਤ  ਕਰੀਬ 43 ਲੱਖ ਰੁਪਏ ਹੈ ਅਤੇ ਇਸ ਦੇ ਮੁਕੰਮਲ ਹੋਣ ਨਾਲ 174 ਹੈਕਟੇਅਰ ਰਕਬੇ ਨੂੰ ਖੇਤੀ ਲਈ ਨਹਿਰੀ ਪਾਣੀ ਮਿਲੇਗਾ। ਇਸ 2511 ਮੀਟਰ ਲੰਬੇ ਪਾਈਪਲਾਈਨ ਨੈਟਵਰਕ ਦੀ ਲਾਈਨਿੰਗ ਕਰਨ ਨਾਲ ਟੇਲਾਂ 'ਤੇ ਪਾਣੀ ਨਾਲ ਇਨ੍ਹਾਂ ਪਿੰਡਾਂ ਨੂੰ ਵੱਡੀ ਸਹੂਲਤ ਦਿੱਤੀ ਗਈ ਹੈ।

ਇਸ ਮਗਰੋਂ ਜਲ ਸਰੋਤ ਮੰਤਰੀ ਵੱਲੋਂ ਪਿੰਡ ਉੱਪਲੀ ਨੇੜੇ ਦਾਨਗੜ੍ਹ ਮਾਈਨਰ ਦੇ 85 ਲੱਖ ਦੀ ਲਾਗਤ ਵਾਲੇ ਪ੍ਰਾਜੈਕਟ (7.70 ਕਿਲੋਮੀਟਰ ਲਾਈਨਿੰਗ) ਦਾ ਉਦਘਾਟਨ ਕੀਤਾ ਗਿਆ, ਜਿਸ ਦੀ 20 ਫੀਸਦੀ ਸਮਰੱਥਾ ਵਧਾਉਣ ਦੇ ਨਾਲ ਨਾਲ ਕੰਕਰੀਟ ਲਾਈਨਿੰਗ ਕੀਤੀ ਗਈ ਹੈ। ਇਸ ਮੌਕੇ ਸ੍ਰੀ ਮੀਤ ਹੇਅਰ ਨੇ ਆਖਿਆ ਕਿ ਇਸ ਪ੍ਰਾਜੈਕਟ ਨਾਲ ਪਿੰਡ ਕੱਟੂ, ਦਾਨਗੜ੍ਹ, ਉਪਲੀ ਤੇ ਧਨੌਲਾ ਆਦਿ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਹੋਵੇਗਾ। ਇਸ ਮਾਈਨਰ ਦੀ 7.70 ਤੋਂ 8.43 ਕਿਊਸਕ ਪਾਣੀ ਦੀ ਸਮਰੱਥਾ ਹੈ, ਜੋ ਕਰੀਬ 2800 ਏਕੜ ਰਕਬੇ ਨੂੰ ਸਿੰਜੇਗਾ। 

ਉਨ੍ਹਾਂ ਅੱਜ ਪਿੰਡ ਹਰੀਗੜ੍ਹ ਨੇੜੇ ਧਨੌਲਾ-ਬਡਬਰ ਮੁੱਖ ਸੜਕ ’ਤੇ ਜੋਗਾ ਡਿਸਟ੍ਰੀਬਿਊਟਰੀ ਦੇ 26.91 ਕਰੋੜ ਦੇ ਨਵੀਨੀਕਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ, ਜਿਸ ਦੀ 4.75 ਕਿਲੋਮੀਟਰ ਕੰਕਰੀਟ ਲਾਈਨਿੰਗ ਦਾ ਕੰਮ ਮੁਕੰਮਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਡਿਸਟ੍ਰੀਬਿਊਟਰੀ ਦੀ ਸਮਰੱਥਾ 301.32 ਕਿਊਕਿ ਤੋਂ 327.74 ਕਿਊਸਕ ਦੀ ਹੈ, ਜਿਸ ਨਾਲ ਕਰੀਬ 108000 ਏਕੜ ਰਕਬੇ ਨੂੰ ਨਹਿਰੀ ਪਾਣੀ ਮੁਹੱਈਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਡਿਸਟ੍ਰੀਬਿਊਟਰੀ ਨਾਲ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ, ਅਤਰ ਸਿੰਘ ਵਾਲਾ, ਧਨੌਲਾ ਕਲਾਂ , ਭੂਰੇ, ਕੁੱਬੇ, ਅਸਪਾਲ ਕਲਾਂ, ਅਸਪਾਲ ਖੁਰਦ, ਬਦਰਾ, ਭੈਣੀ ਫੱਤਾ ਤੇ ਧੂਰਕੋਟ ਆਦਿ ਪਿੰਡਾਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿੱਥੇ ਕੰਕਰੀਟ ਲਾਈਨਿੰਗ ਨਾਲ ਸੀਪੇਜ ਘਟਣ ਨਾਲ ਪਿੰਡਾਂ ਨੂੰ ਵੱਧ ਪਾਣੀ ਸਿੰਜਾਈ ਲਈ ਮਿਲੇਗਾ, ਉਥੇ ਇਸ ਡਿਸਟ੍ਰੀਬਿਊਟਰੀ ਦੀ 20 ਫੀਸਦੀ ਸਮਰੱਥਾ ਵੀ ਵਧਾਈ ਗਈ ਹੈ। 

ਇਸ ਮਗਰੋਂ ਜਲ ਸਰੋਤ ਮੰਤਰੀ ਸ੍ਰੀ ਮੀਤ ਹੇਅਰ ਵੱਲੋਂ ਪਿੰਡ ਭੂਰੇ ਵਿਖੇ ਨਹਿਰੀ ਮੋਘੇ ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ 1104 ਏਕੜ ਰਕਬੇ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਹ ਮੋਗਾ ਭੂਰੇ ਪਿੰਡ ਦੇ ਖੇਤਾਂ 'ਚ ਸਿੰਜਾਈ ਲਈ ਪਾਣੀ ਪਹੁੰਚਾਉਣ ਦਾ ਕੰਮ ਕਰੇਗਾ। 

ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਨਿਯੁਕਤ ਸ੍ਰੀ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਿਯੁਕਤ ਰਾਮ ਤੀਰਥ ਮੰਨਾ, ਪੀਜੀਓ ਸੁਖਪਾਲ ਸਿੰਘ, ਓ. ਐੱਸ. ਡੀ ਹਸਨਪ੍ਰੀਤ, ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਆਊਟਸੋਰਸਿੰਗ ਕਰਮਚਾਰੀ ਯੂਨੀਅਨ,ਦਫਤਰ ਡਿਪਟੀ ਕਮਿਸ਼ਨਰ(ਪੰਜਾਬ)

ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਦਿੱਤੇ ਭਰੋਸੇ ਮਗਰੋ ਅਤੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਬਰਨਾਲੇ ਸ.ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਹਸਨਪਰੀਤ ਭਾਰਦਵਾਜ ਜੀ ਵੱਲੋ ਵਿਸਵਾਸ ਦਵਾਉਣ ਤੇ 4 ਫਰਵਰੀ ਤੱਕ ਸੰਘਰਸ ਮੁਲਤਵੀ

ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 5 ਫਰਵਰੀ ਤੋਂ ਮੁੜ ਸੰਘਰਸ ਸ਼ੁਰੂ ਕਰਨ ਦਾ ਐਲਾਨ

ਬਰਨਾਲਾ 22 ਜਨਵਰੀ (ਗੁਰਸੇਵਕ ਸੋਹੀ) ਆਊਟਸੋਰਸਿੰਗ ਕਰਮਚਾਰੀ ਯੂਨੀਅਨ,ਦਫਤਰ ਡਿਪਟੀ ਕਮਿਸ਼ਨਰ (ਪੰਜਾਬ) ਦੇ ਬੈਨਰ ਹੇਠ ਡੀ ਸੀ ਦਫਤਰ ਬਰਨਾਲਾ ਦੇ ਆਊਟਸੋਰਸਿੰਗ ਮੁਲਾਜਮਾਂ ਵੱਲੋਂ ਮਿਤੀ 30.12.2022 ਤੋਂ ਆਪਣੇ ਰੁਜਗਾਰ ਨੂੰ ਬਚਾਉਣ ਲਈ ਸ਼ੁਰੂ ਕੀਤਾ ਗਿਆ ਮੋਰਚਾ ਅੱਜ 24ਵੇਂ  ਦਿਨ ਚ ਸ਼ਾਮਲ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਵਜੋ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ 14 ਦਿਨ ਚ ਪਹੁੰਚ ਗਈ ਅੱਜ ਭੁੱਖ ਹੜਤਾਲ ਤੇ ਆਊਟਸੋਰਸਿੰਗ ਦੇ ਦੋ ਸਾਥੀ ਰਵਿੰਦਰ ਕੌਰ ਅਤੇ ਮਨਜੀਤ ਕੌਰ ਬੈਠੇ। ਅੱਜ ਦੇ ਧਰਨੇ ਚ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਸ੍ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਪਹੁੰਚੇ ਅਤੇ ਉਹਨਾਂ ਨੇ ਇਹ ਧਰਨਾ ਅੱਜ 24ਵੇ ਦਿਨ ਸਮਾਪਤ ਕਰਵਾਇਆ, ਉਹਨਾਂ ਨੇ  ਕਿਹਾ ਕਿ ਮਿਤੀ 19 ਜਨਵਰੀ 2023 ਨੂੰ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਜੀ ਦੀ ਬਰਸੀ ਮੌਕੇ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਜੀ ਨੇ ਉਥੇ ਹਾਜਰ ਹਲਕੇ ਦੇ ਤਿੰਨੇ ਵਿਧਾਇਕਾ ਅਤੇ ਬਰਨਾਲੇ ਦੇ ਸਮੁੱਚੇ ਪ੍ਸ਼ਾਸ਼ਨਿਕ ਅਧਿਕਾਰੀਆਂ ਦੀ ਹਾਜਰੀ ਅਤੇ ਮੀਡੀਆਂ ਦੀ ਹਾਜਰੀ ਚ ਜੋ ਐਲਾਨ ਕੀਤਾ ਹੈ ਕਿ ਤੁਹਾਨੂੰ ਫਾਰਗ ਨਹੀ ਕੀਤਾ ਜਾਵੇਗਾ, ਪੰਜਾਬ ਸਰਕਾਰ ਅਤੇ ਅਸੀ ਸਭ ਉਸ ਐਲਾਨ ਤੇ ਪੂਰਾ ਉਤਰਾਂਗੇਤਮ ਤੁਹਾਡਾ ਰੁਜਗਾਰ ਬਿਲਕੁੱਲ ਸੁਰੱਖਿਅਤ ਹੈ ਅਤੇ ਤੁਸੀਂ ਆਪਣੀ ਨੌਕਰੀ ਤੇ ਬਣੇ ਰਹੋਗੇ।ਓਐਸ ਡੀ ਵੱਲੋ ਭੁੱਖ ਹੜਤਾਲ ਤੇ ਬੈਠੇ ਕਰਮਚਾਰੀਆਂ ਦੀ ਹੜਤਾਲ ਸਮਾਪਤ ਕਰਵਾਈ ਗਈ ਅਤੇ ਇਹ ਸੰਘਰਸ ਸਮਾਪਤ ਕਰਵਾਇਆ ਗਿਆ ਪਰ ਉਥੇ ਹੀ ਆਉਟਸੋਰਸਿੰਗ ਕਰਮਚਾਰੀਆਂ ਵੱਲੋਂ ਇਹ ਸੰਘਰਸ 15 ਦਿਨ ਭਾਵ ਕੇ 4 ਫਰਵਰੀ ਤੱਕ ਮੁਲਤਵੀ ਕੀਤਾ ਗਿਆ ਅਤੇ ਇਹ ਕਿਹਾ ਗਿਆ ਕਿ ਅਤੇ ਓਐਸ ਡੀ ਹਸਨਪਰੀਤ ਭਾਰਦਵਾਜ ਨੂੰ ਲਿਖਤੀ ਪੱਤਰ ਸੋਪਿਆਂ ਜਿਸ ਵਿੱਚ 4 ਫਰਵਰੀ ਤੱਕ ਮੰਗਾਂ ਦਾ ਹੱਲ ਕਰਨ ਦਾ ਸਮਾਂ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਜਿਲਾ ਪਰਸ਼ਾਸਨ ਨੂੰ ਵੀ 4 ਫਰਵਰੀ ਤੱਕ ਮੰਗਾਂ ਦਾ ਹੱਲ ਕਰਨ ਦਾ ਸਮਾਂ ਦਿੱਤਾ ਗਿਆ। ਅੱਜ ਦਾ ਇਹ ਧਰਨਾ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਦੇ ਜਿਲਾ ਜਰਨਲ ਸਕੱਤਰ ਸ.ਨਿਰਮਲਜੀਤ ਸਿੰਘ ਚਾਨੇ,ਵਿੱਕੀ ਡਾਬਲਾ,ਆਮ ਆਦਮੀ ਪਾਰਟੀ ਦੇ ਜਿਲਾ ਪ੍ਧਾਨ ਸ.ਗੁਰਦੀਪ ਸਿੰਘ ਬਾਠ ਦੀ ਹਾਜਰੀ ਚ ਮੁਲਤਵੀ ਕੀਤਾ ਗਿਆ। ਆਉਟਸੋਰਸਿੰਗ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਸਟੇਟ  ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਧਾਨ ਸ.ਵਾਸਵੀਰ ਸਿੰਘ ਭੁੱਲਰ, ਡੀ ਸੀ ਦਫਤਰ ਕਰਮਚਾਰੀ ਯੂਨੀਅਨ ਦੇ ਸੂਬੇ ਪ੍ਧਾਨ ਸ.ਤੇਜਿੰਦਰ ਸਿੰਘ ਨੰਗਲ,ਮੁਲਾਜਮ ਡਿਫੈਂਸ ਕਮੇਟੀ ਬਰਨਾਲਾ,ਸਮੂਹ ਭਰਾਤਰੀ ਜਥੇਬੰਦੀਆਂ,ਪੈਨਸ਼ਨਰ ਮੁਲਾਜਮ ਐਸੋੲਈਏਸ਼ਨ ਬਰਨਾਲਾ,ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ,ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਚ ਸ਼ਾਮਲ ਜਥੈਬੰਦੀਆਂ,ਟੈਕਨੀਕਲ ਸਰਵਿਸ ਯੂਨੀਅਨ,ਪੰਜਾਬ ਸੋਬਾਡੀਨੇਟ ਸਰਵਿਸ ਫੈਡਰੇਸ਼ਨ,ਦੀ ਕਲਾਸਫੋਰ ਯੂਨੀਅਨ ਬਰਨਾਲਾ,ਡੀ,ਟੀ ਐਫ,ਪੁਰਾਣੀ ਪੈਨਸ਼ਨ ਬਹਾਲੀ ਕਮੇਟੀ,ਕੰਪਿਊਟਰ ਅਧਿਆਪਕ ਯੂਨੀਅਨ,ਇੰਨਕਲਾਬੀ ਕੇਂਦਰ ਪੰਜਾਬ ਅਤੇ ਸਮੂਹ ਪ੍ਰੈਸ ਦੇ ਨੁਮਾਇੰਦਿਆਂ ਦਾ ਜਿਨਾਂ ਨੇ ਸਾਡੀ ਇਸ ਸੰਘਰਸ਼ ਵਿਚ ਤਨ ਮਨ ਨਾਲ ਸਚੇ ਦਿਲੋ ਸਾਡੀ ਅਤੇ ਸਾਡੇ ਸੰਘਰਘ ਦੀ ਮੱਦਦ ਕੀਤੀ ਸਭ ਦਾ ਧੰਨਵਾਦ ਕੀਤਾ।

" ਪੈਸਾ ਅਤੇ ਯਾਰ" ਪੰਜਾਬੀ ਗੀਤ ਹੋਇਆ ਰਿਲੀਜ਼

ਚੰਡੀਗੜ੍ਹ, 22  ਜਨਵਰੀ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ)ਸ ਚਮਕੌਰ ਸਿੰਘ ਖਹਿਰਾ (UK) ਵਾਲੇ ਦਾ ਲਿਖਿਆ ਅਤੇ ਸਤਨਾਮ ਸਹੋਤਾ ਦੀ ਬਹੁਤ ਹੀ ਖ਼ੂਬਸੂਰਤ ਆਵਾਜ਼ ਪੰਜਾਬ ਦੀ ਅਜੋਕੀ ਸਥਿਤੀ ਤੇ ਬਹੁਤ ਹੀ ਖੂਬਸੂਰਤ ਗੀਤ " ਪੈਸਾ ਅਤੇ ਯਾਰ" ਰਿਲੀਜ਼ ਹੋ ਚੁੱਕਾ ਹੈ ਤੁਸੀਂ ਵੀ ਸੁਣੋ ਤੇ ਹੋਰਾਂ ਨੂੰ ਸੁਣਾਉ।

Facebook Link ; https://fb.watch/ic_y3N6x4j/

ਜਵੱਦੀ ਟਕਸਾਲ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਖਤ ਮੁਹਿੰਮ ‘ਚ ਪਾਇਆ ਜਾ ਰਿਹਾ ਹੈ ਵੱਡਾ ਯੋਗਦਾਨ

ਬੰਦੀ ਸਿੰਘਾਂ ਨਾਲ ਬੇਗਾਨਗੀ ਦਾ ਅਹਿਸਾਸ ਕਿਉਂ ਕਰਵਾਇਆ ਜਾ ਰਿਹਾ ਹੈ-ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 22 ਜਨਵਰੀ (ਕਰਨੈਲ ਸਿੰਘ ਐੱਮ.ਏ.)- ਗੁਰਮਤਿ ਪ੍ਰਚਾਰ-ਪਸਾਰ ਲਈ ਕਾਰਜ਼ਸ਼ੀਲ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ ਜਵੱਦੀ ਟਕਸਾਲ ਵਿਖੇ ਹਫਤਵਾਰੀ ਨਾਮ ਸਿਮਰਨ ਸਮਾਗਮ ਹੋਏ। ਸਮਾਗਮਾਂ ਦੌਰਾਨ ਦੀ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਨਾਮ ਸਿਮਰਨ ਕਰਵਾਇਆ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਊਦਿਆਂ ਮਾਘ ਮਹੀਨੇ ਦੇ ਮਹੱਤਵ ਅਤੇ ਗੁਰਮਤਿ ਦੀ ਰੌਸ਼ਨੀ ਵਿਚ ਗੁਰਬਾਣੀ ਨਾਮ ਸਿਮਰਨ ਦੇ ਉੱਤਮ ਮਹੱਤਵ ਨੁੰ ਸਮਝਦਿਆਂ ਜੋਰ ਦਿੱਤਾ ਕਿ “ਆਤਮਾ ਨੂੰ ਲੱਗੀ ਵਿਕਾਰਾਂ ਦੀ ਰੂਪੀ ਮੈਲ”ਵਿਸ਼ੇ ਤੇ ਗੁਰਬਾਣੀ ਦੇ ਹਵਾਲਿਆਂ ਰਾਹੀ ਸਮਝਾਇਆ ਕਿ ਪ੍ਰਭੂ-ਨਾਮ ਦੇ ਸਿਮਰਨ ਦੁਆਰਾ ਮਹਾ-ਰਸ ਪੀਣ ਦਾ ਜੋ ਉਪਦੇਸ਼ ਗੁਰਬਾਣੀ ਸਾਨੂੰ ਸਮਝਾਉਦੀ ਹੈ, ਉਸ ਅਨੁਸਾਰ ਹੀ ਜੀਵਨ ਨੂੰ ਸਫਲਾ ਕਰੀਏ, ਨਾ ਕਿ ਫੋਕਟ ਕਰਮ-ਕਾਂਢਾਂ ਵਿਚ ਉਲਝੀਏ। ਉਨ੍ਹਾਂ ਜੋਰ ਦਿੱਤਾ ਕਿ ਜਿਨ੍ਹਾਂ ਜੀਵਾਂ ਨੂੰ ਯੁੱਗਾਂ ਤੋਂ ਵਿਆਪਕ ਸਰਵ-ਵਿਆਪੀ ਪ੍ਰਮਾਤਮਾਂ ਦੀ ਹੋਂਦ ਦੇ ਕਣ-ਕਣ ਵਿਚ ਭਰਪੂਰ ਹੋਣ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ, ਉਹ ਜੀਵ ਪ੍ਰਭੂ ਪ੍ਰੇਮ ਦੇ ਪਾਤਰ ਬਣ ਜਾਂਦੇ ਹਨ, ਜੋ ਕਿ ਸਰਵ ਉਤਮ ਇਸ਼ਨਾਨ ਹੈ। ਮਾਘ ਮਹੀਨੇ ਦੇ ਨਾਮ ਸਿਮਰਨ ਸਮਾਗਮ ਦੌਰਾਨ ਟਕਸਾਲ ਦਾ ਕੇਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ  ਜੁਗਿਆਸੂਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦੱਸ ਦੇਈਏ ਕਿ ਨਾਮ ਸਿਮਰਨ ਸਮਾਗਮ ਦੌਰਾਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਗਰਬਾਣੀ ਦੀ ਰੋਸ਼ਨੀ ਚ ਗੁਰਮਤਿ ਵਿਚਾਰਾਂ ਦੀ ਸਾਝ ਪਾਉਦੇ ਹਨ। ਅੱਜ ਦੇ ਸਮਾਗਮ ਦੌਰਾਨ ਮਹਾਂਪੁਰਸ਼ਾਂ ਨੇ ਅਜੋਕੇ ਸਿੱਖ ਸਘਰਸ਼ ਦੌਰਾਨ ਸਜਾਵਾਂ ਰੂਰੀਆਂ ਕਰਨ ਦੇ ਬਾਵਜ਼ੂਦ ਵੀ ਸਰਕਾਰਾਂ ਦੀ ਬਦ-ਨੀਅਤੀ ਕਾਰਨ ਵਰਿ?ਹਆਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੀਆਂ ਸਿਲਾਖਾ ਪਿੱਛੇ ਜੀਵਨ ਦੇ ਬਚਦੇ ਦਿਨ ਗੁਜਾਰਦੇ ਸਿੰਘਾਂ ਦੀ ਰਿਹਾਈ ਲਈ ਸਰਕਾਰਾਂ ਦੀ ਬਦ-ਨੀਅਤੀ ‘ਤੇ ਵਰਦਿਆਂ ਕਿਹਾ ਕੀ ਉਨ੍ਹਾਂ ਨਾਲ ਬੇਗਾਨਗੀ ਦਾ ਅਹਿਸਾਸ ਕਿਉਂ ਕਰਵਾਇਆ ਜਾ ਰਿਹਾ ਹੈ। ਜਦਕਿ ਇਨ੍ਹਾਂ ਤੋਂ ਵੱਡੇ ਜੁਰਮਾਂ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਜਾਂਦੀਆਂ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ। ਮਹਾਂਪੁਰਸ਼ਾਂ ਨੇ ਖੁਦ ਦਸਖਤ ਕਰਕੇ  ਸ਼?ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰੰਭੀ ਦਸਖ਼ਤ ਮੁਹਿੰਮ ਵਿਚ ਆਪੋ-ਆਪਣੇ ਦਸਖਤ ਕਰਨ ਲਈ ਪ੍ਰੇਰਿਆ ਤਾਂ ਜੋ ਸਰਕਾਰ ‘ਤੇ ਦਬਾਅ ਪਾਇਆ ਜਾ ਸਕੇ। ਜਿਕਰ ਕਰਨਯੋਗ ਹੈ ਕਿ ਜਵੱਦੀ ਟਕਸਾਲ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਹਸਤਾਖਰ ਮੁਹਿੰਮ ਵਾਸਤੇ ਇਕ ਵਿਸ਼ੇਸ਼ ਕਾਉਟਰ ਵੀ ਲਗਾਇਆ ਗਿਆ। ਜਿਸ ਵਿਚ ਸੰਗਤਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਹਸਤਾਖਰ ਕੀਤੇ।

 

ਕਲਮਾਂ ਦੇ ਰੰਗ ਸਾਹਿਤ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ 50ਵੀਂ ਵਾਰ ਖ਼ੂਨਦਾਨ ਕੀਤਾ

ਜਨਰਲ ਸਕੱਤਰ ਜਸਵਿੰਦਰ ਸਿੰਘ ਅਤੇ ਮੈਂਬਰ ਬਲਜਿੰਦਰ ਬਰਾੜ ਨੇ ਵੀ ਖ਼ੂਨਦਾਨ ਕੀਤਾ

ਫ਼ਰੀਦਕੋਟ, 22 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਪ੍ਰਧਾਨ ਅਤੇ ਉੱਘੇ ਲੇਖਕ ਸ਼ਿਵਨਾਥ ਦਰਦੀ ਆਪਣੇ ਜਨਮ ਦਿਨ ਮੌਕੇ ਬਲੱਡ ਬੈਂਕ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ 50ਵੀਂ ਵਾਰ ਖ਼ੂਨਦਾਨ ਕਰਕੇ ਲੋਕਾਂ ਲਈ ਪ੍ਰੇਰਨਾਸ੍ਰੋਤ ਬਣੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ 'ਖ਼ੂਨਦਾਨ ਮਹਾਂਦਾਨ' ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਪਲੀਤ ਹੋ ਰਹੇ ਪਾਣੀ, ਹਵਾ ਕਾਰਨ ਲੋਕਾਂ ਨੂੰ ਲਾਇਲਾਜ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਿੱਤ ਵਾਪਰਦੇ ਹਾਦਸਿਆਂ ਕਾਰਨ ਇਲਾਜ ਦੌਰਾਨ ਖੂਨ ਦੀ ਜ਼ਰੂਰਤ ਰਹਿੰਦੀ ਹੈ। ਇਸ ਲਈ ਨੌਜਵਾਨ ਪੀੜ੍ਹੀ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਖੂਨਦਾਨ ਮਹਾਂਦਾਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ‌।
ਪ੍ਰਧਾਨ ਜੀ ਦੀ ਪ੍ਰੇਰਨਾ ਸਦਕਾ ਸਭਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਪਹਿਲੀ ਵਾਰ ਖ਼ੂਨਦਾਨ ਕੀਤਾ ਅਤੇ ਮੈਂਬਰ ਬਲਜਿੰਦਰ ਬਰਾੜ ਨੇ ਵੀ ਖ਼ੂਨਦਾਨ ਕੀਤਾ। 
ਇਸ ਮੌਕੇ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ, ਸੀਨੀਅਰ ਮੀਤ ਪ੍ਰਧਾਨ ਸਰਬਰਿੰਦਰ ਸਿੰਘ ਬੇਦੀ, ਜਨਰਲ ਸਕੱਤਰ ਜਸਵਿੰਦਰ ਸਿੰਘ, ਸਹਾਇਕ ਸਕੱਤਰ ਸੁਖਵੀਰ ਬਾਬਾ, ਸਮਾਜਿਕ ਖੇਤਰ ਦੇ ਇੰਚਾਰਜ ਗੁਰਜੀਤ ਸਿੰਘ ਹੈਰੀ ਢਿੱਲੋਂ, ਬਲਜਿੰਦਰ ਸਿੰਘ ਬਰਾੜ , ਅੰਗਰੇਜ਼ ਸਿੰਘ ਅਤੇ ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨ ਨੇ ਪ੍ਰਧਾਨ ਸ਼ਿਵਨਾਥ ਦਰਦੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਸਭਾ ਵੱਲੋਂ ਪ੍ਰਧਾਨ ਸ਼ਿਵਨਾਥ ਦਰਦੀ, ਜਨਰਲ ਸਕੱਤਰ ਜਸਵਿੰਦਰ ਸਿੰਘ, ਮੈਂਬਰ ਬਲਜਿੰਦਰ ਬਰਾੜ ਅਤੇ ਬਲੱਡ ਬੈਂਕ ਦੇ ਡਿਊਟੀ ਸਟਾਫ਼ ਵਿੱਚੋਂ ਡਾ. ਮੋਨਿਕਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

21 ਜਨਵਰੀ,1925 ਸਿੱਖ ਗੁਰਦੁਆਰਾ ਬਿੱਲ ਦੇ ਖਰੜੇ ਨੂੰ ਛਾਪ ਕੇ ਪ੍ਰਕਾਸ਼ਤ ਕਰ ਦਿੱਤਾ ਗਿਆ 

9 ਜੁਲਾਈ 1925 ਵਾਲੇ ਦਿਨ, ਸਿੱਖ ਗੁਰਦੁਆਰਾ ਐਕਟ, ਸ਼ਿਮਲਾ ਇਜਲਾਸ ਵਿੱਚ ਪਾਸ ਕਰ ਦਿਤਾ ਗਿਆ ਸੀ।
ਇਸ ਦਿਨ ਸਿੱਖ ਗੁਰਦੁਆਰਾ ਐਕਟ ਅਸੈਂਬਲੀ ‘ਚ ਪੇਸ਼ ਕੀਤਾ ਗਿਆ ਸੀ।ਬਰਤਾਨਵੀਂ ਸਰਕਾਰ ਵੱਲੋ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਦੇ ਲਈ ਜਿਹੜਾ ਐਕਟ ਬਣਾਇਆ ਗਿਆ ਉਸ ਨੂੰ ਸਿੱਖ ਗੁਰਦੁਆਰਾ ਐਕਟ 1925 ਵਜੋਂ ਜਾਣਿਆਂ ਜਾਂਦਾ ਹੈ ਜਿਸ ਰਾਹੀ  ਭਾਰਤ ਦੇ ਕਾਨੂੰਨ ਮੁਤਾਬਿਕ ਭਾਰਤ ਵਿਚਲੇ ਸਾਰੇ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਸਿੱਖ ਸੰਗਤ ਵਲੋਂ ਚੁਣੀ ਹੋਈ ਕਮੇਟੀ ਸੰਭਾਲੇਗੀ।

20 ਫ਼ਰਵਰੀ 1921 ਵਾਲੇ ਦਿਨ , ਨਨਕਾਣਾ ਸਾਹਿਬ ਵਿਖੇ ਮਹੰਤ ਨਰੈਣੂ ਵੱਲੋਂ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਸਿਖਾਂ ਦੀ ਇਹ ਮੰਗ ਜੋਰ ਪਕੜ ਚੁੱਕੀ ਸੀ, ਕੇ ਹੁਣ ਇੰਨ੍ਹਾਂ ਮਹੰਤਾਂ ਦੀ ਜਗ੍ਹਾ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਸਿੱਖਾਂ ਵੱਲੋਂ ਸੰਭਾਲਿਆ ਜਾਵੇ ਗਾ।
ਸੋ 14 ਮਾਰਚ 1921 ਵਾਲੇ ਦਿਨ ਮੀਆਂ ਫ਼ਜ਼ਲ ਹੁਸੈਨ ਨੇ ਬਰਤਾਨਵੀਂ ਹਕੂਮਤ ਵਲੋਂ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਦੇ ਲਈ  ਇਕ ਪ੍ਰਬੰਧਕ ਕਮੇਟੀ ਬਣਾਉਣ ਸਬੰਧੀ, ਪੰਜਾਬ ਕੌਂਸਲ ਵਿਚ ਇਕ ਮਤਾ ਪੇਸ਼ ਕੀਤਾ।ਇਸ ਮਤੇ ਰਾਹੀਂ  ਧਰਮ ਅਸਥਾਨਾਂ ਦੇ ਪ੍ਰਬੰਧ ਲਈ ਸਰਕਾਰ ਨੂੰ ਇਕ ਬਿਲ ਦਾ ਖਰੜਾ ਤਿਆਰ ਕਰਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਗਵਰਨਰ ਜਨਰਲ ਵਿਲੀਅਮ ਮੈਲਕਮ ਹੈੱਲੇ ਨੂੰ ਬੇਨਤੀ ਕੀਤੀ ਗਈ ਕਿ ਉਨ੍ਹਾਂ ਵਲੋਂ  ਇਕ ਆਰਡੀਨੈਂਸ ਜਾਰੀ ਕੀਤਾ ਜਾਵੇ ਜਿਸ ਰਾਹੀਂ ਧਰਮ ਅਸਥਾਨਾਂ ਦੇ ਪ੍ਰਬੰਧ ਦੇ ਸਿਸਟਮ ਨੂੰ ਠੀਕ ਕੀਤਾ ਜਾ ਸਕੇ।
ਪਰ ਕੌਂਸਲ ਵਿਚ ਹਿੰਦੂ ਅਤੇ ਮੁਸਲਿਮ ਮੈਂਬਰਾਂ ਨੂੰ ਵੀ ਇਸ ਕਮਿਸ਼ਨ ਦਾ ਮੈਂਬਰ ਬਣਾਏ ਜਾਣ ਦੀ ਮੰਗ ਰੱਖ ਦਿੱਤੀ ਗਈ ਜਿਸ ਕਾਰਣ ਸਿੱਖ ਮੈਂਬਰਾਂ ਨੇ ਇਸ ਮਤੇ ਦੇ ਲਫ਼ਜ਼ਾਂ ਨੂੰ ਪ੍ਰਵਾਨਗੀ ਨਾ ਦੇਂਦਿਆਂ ਹੋਇਆ ਇਸ ਮਤੇ ਦਾ ਵਿਰੋਧ ਕੀਤਾ ਅਤੇ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ। ਪਰ ਫੇਰ ਵੀ ਗ਼ੈਰ-ਸਿੱਖਾਂ ਦੀਆਂ ਬਹੁਗਿਣਤੀ ਵੋਟਾਂ ਕਾਰਣ ਮਤਾ ਪਾਸ ਹੋ ਗਿਆ ਅਤੇ ਇੰਜ ਅਪ੍ਰੈਲ, 1921 ਵਿਚ ਫ਼ਜ਼ਲ ਹੁਸੈਨ ਨੇ ਗੁਰਦੁਆਰਾ ਬਿਲ ਨੂੰ ਪੰਜਾਬ ਕੌਂਸਲ ਵਿਚ ਪੇਸ਼ ਕਰ ਦਿੱਤਾ।
ਇਸ ਬਿਲ ਦੇ ਮੁਤਾਬਕ ਜਿਸ ਗੁਰਦੁਆਰਾ ਅਸਥਾਨ ਦੇ ਪੁਜਾਰੀ ਜਾਂ ਜਾਇਦਾਦ ਸਬੰਧੀ ਪੜਤਾਲ ਕਰਨ ਤੋਂ ਬਾਅਦ ਸਰਕਾਰ ਆਪਣੇ ਵਲੋਂ ਨਿਸ਼ਚਿਤ ਤਸੱਲੀ ਵਿੱਚ ਹੋਵੇਗੀ, ਉਸ ਨੂੰ ਗੁਰਦੁਆਰਾ ਕਰਾਰ ਦਿਤਾ ਜਾਵੇਗਾ, ਅਤੇ ਜੇ ਸਰਕਾਰ ਦੀ ਤਸੱਲੀ ਨਹੀਂ ਹੋਵੇ ਗੀ ਤਾਂ ਝਗੜੇ ਵਾਲੀ ਥਾਂ ਮੰਨ ਲਿਆ ਜਾਵੇਗਾ, ਪਰ ਕਿਉਂਕਿ  ਸਿੱਖ ਮੈਂਬਰਾਂ ਨੇ ਇਸ ਮਤੇ ਅਤੇ ਬਿਲ ਦਾ ਵਿਰੋਧ ਕੀਤਾ ਸੀ ਇਸ ਕਾਰਣ ਆਖਰ ਇਹ ਬਿਲ ਸਿਲੈਕਟ ਕਮੇਟੀ ਨੂੰ ਭੇਜ ਦਿਤਾ ਗਿਆ। ਇਸ ਵਿੱਚ ਕਮੇਟੀ ਮੈਂਬਰਾਂ ਨੇ ਇੱਕ ਨੋਟ ਲਿਖ ਦਿੱਤਾ ਕੇ  ‘ਸਿੱਖ ਗੁਰਦੁਆਰੇ ਉਹ ਅਸਥਾਨ ਹਨ ਜਿਥੇ ਸਿੱਖਾਂ ਦਾ ਕਬਜ਼ਾ ਹੈ ਜਾਂ ਗੁਰੂ ਸਾਹਿਬਾਨਾਂ ਦਾ ਅਸਥਾਨ ਹੈ ਨਾਕਿ ਉਹ ਜਿਸ ਨੂੰ ਕਿ ਸਰਕਾਰੀ ਕਮਿਸ਼ਨ ਮਨਜ਼ੂਰ ਕਰੇ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਗੁਰਦੁਆਰਾ ਬੋਰਡ, ਸਿੱਖ ਮੈਂਬਰਾਂ ਦੀ ਮਰਜ਼ੀ ਨਾਲ ਚੁਣਿਆ ਜਾਵੇ ਗਾ ਅਤੇ ਖ਼ਰਚ ਗੁਰਦੁਆਰਾ ਫ਼ੰਡ ਵਿੱਚੋਂ ਨਹੀਂ ਹੋਵੇ ਗਾ।
ਪਰ ਅਪ੍ਰੈਲ 1921 ਨੂੰ ਸ਼੍ਰੋਮਣੀ ਕਮੇਟੀ ਨੇ ਇਸ ਬਿਲ ਨੂੰ ਵੀ ਨਾ-ਤਸੱਲੀਬਖ਼ਸ਼ ਕਰਾਰ ਦੇ ਕੇ ਇੱਕ ਕਿਸਮ ਦੇ ਨਾਲ ਨਾਮਨਜੂਰ ਕਰ ਦਿਤਾ।
ਫੇਰ 16 ਅਪ੍ਰੈਲ 1921 ਵਾਲੇ ਦਿਨ ਇਸ ਬਿਲ ਦਾ ਖਰੜਾ ਮੁੜ ਦੁਬਾਰਾ ਪੇਸ਼ ਕੀਤਾ ਗਿਆ ਜੋ ਕੇ 9 ਮਈ 1921 ਤਕ ਮੁਲਤਵੀ ਹੋ ਗਿਆ।
23 ਅਪ੍ਰੈਲ 1921 ਵਾਲੇ ਦਿਨ ਸਰਕਾਰ ਵਲੋਂ ਇਕ ਕਾਨਫ਼ਰੰਸ ਸੱਦੀ ਗਈ ਜਿਸ ਵਿਚ ਲਾਲਾ ਗਨਪਤ ਰਾਏ ਅਤੇ ਰਾਜਾ ਨਰਿੰਦਰ ਨਾਥ, ਮਹੰਤਾਂ ਦੇ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਵਕੀਲਾਂ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਇਸ ਕਾਨਫਰੰਸ ਵਿੱਚ ਕੁਝ ਕੌਂਸਲਰ ਅਤੇ ਕੁਝ ਵਜ਼ੀਰਾਂ ਤੋਂ ਇਲਾਵਾ ਹੋਰ ਮੁਖੀ ਸਖਸ਼ੀਅਤਾਂ ਵੀ ਹਾਜ਼ਰ ਸਨ। ਇਸ ਕਾਨਫਰੰਸ ਵਿੱਚ ਸਿੱਖ ਮੁਖੀਆਂ ਦੇ ਨਾਲ ਤਿੰਨ ਗੱਲਾਂ ‘ਤੇ ਸਹਿਮਤੀ ਬਣ ਗਈ।
ਜਿਸ ਮੁਤਾਬਿਕ ਚੰਗੇ ਇਖ਼ਲਾਕ ਤੇ ਚੰਗੇ ਕਿਰਦਾਰ ਵਾਲੇ ਮਹੰਤ ਹੀ ਗੁਰਦੁਆਰਾ ਅਸਥਾਨਾਂ' ਤੇ ਰਹਿ ਸਕਣਗੇ। ਗੁਰੂਦੁਆਰਾ ਸਾਹਿਬਾਨਾਂ ਦਾ ਪ੍ਰਬੰਧ, ਪੰਥਕ ਕਮੇਟੀ ਹੀ ਕਰੇਗ਼ੀ।
ਆਮਦਨ ਅਤੇ ਖ਼ਰਚ ਦਾ ਹਿਸਾਬ ਸੰਗਤ ਨੂੰ ਜਨਤਕ ਤੌਰ ਤੇ ਦਸਣਾ ਲਾਜ਼ਮੀਂ ਹੋਵੇਗਾ।
26 ਅਪ੍ਰੈਲ 1921 ਵਾਲੇ ਦਿਨ ਇਸ ਬਿੱਲ ਸਬੰਧੀ ਮੁੜ ਦੁਬਾਰਾ ਮੀਟਿੰਗ ਹੋਈ ਅਤੇ ਇਸ ਵਿਚ ਮਹੰਤਾਂ ਦੇ ਨੁਮਾਇੰਦਿਆਂ ਲਾਲਾ ਗਨਪਤ ਰਾਏ ਅਤੇ ਰਾਜਾ ਨਰਿੰਦਰ ਨਾਥ ਨੇ 1920 ਵਾਲੀ ਮਰਿਆਦਾ ਹੀ ਜਾਰੀ ਰੱਖਣ ਦੀ ਮੰਗ ਕਰ ਦਿੱਤੀ,ਜਿਸ ਨੂੰ ਸਿੱਖਾਂ ਵੱਲੋਂ ਪਹਿਲਾਂ ਹੀ ਨਾਮਨਜੂਰ ਕਰ ਦਿੱਤਾ ਗਿਆ ਸੀ।ਇਸ ਵਿੱਚ, ਗੁਰਦੁਆਰਾ ਬੋਰਡ ਦੇ ਦੋ-ਤਿਹਾਈ ਮੈਂਬਰ ਸਿੱਖ ਹੋਣ ਗੇ ਅਤੇ ਬਾਕੀ ਦੇ ਮੈਂਬਰ ਦੂਜੇ ਧਰਮਾਂ ਦੇ ਵਿੱਚੋਂ ਲਏ ਜਾਣ ਦੀ ਗਲ ਸੀ ਅਤੇ ਨਾਲ ਹੀ ਇਸ ਵਿੱਚ ਇਹ ਵੀ ਧਾਰਾ ਸੀ, ਕੇ ਕਮੇਟੀ ਦਾ ਪ੍ਰਧਾਨ ਵੀ ਸਰਕਾਰ ਹੀ ਬਣਾਵੇਗੀ। ਸਿੱਖਾਂ ਨੂੰ ਇਹ ਮਨਜੂਰ ਨਹੀਂ ਸੀ ਅਤੇ ਇਨ੍ਹਾਂ ਕਾਰਨਾਂ ਕਰ ਕੇ ਇਹ ਮੀਟਿੰਗ ਵੀ ਬਿਨਾਂ ਨਤੀਜੇ ਦੇ ਅਸਫ਼ਲ ਹੋ ਗਈ।
7 ਨਵੰਬਰ,1922 ਵਾਲੇ ਦਿਨ ਫ਼ਜ਼ਲ ਹੁਸੈਨ ਨੇ ਸੋਧਿਆ ਹੋਇਆ ਨਵਾਂ ਗੁਰਦੁਆਰਾ ਬਿਲ ਪੰਜਾਬ ਕੌਂਸਲ ਅੱਗੇ ਪੇਸ਼ ਕੀਤਾ। ਹੁਣ ਇਸ ਬਿਲ ਨੂੰ ਬਣਾਉਣ ਵਾਲੀ ਕਮੇਟੀ ਵਿਚ ਪੰਜ ਸਿੱਖ ਮੈਂਬਰ ਵੀ ਸ਼ਾਮਲ ਸਨ ਪਰ ਇਨ੍ਹਾ ਵਿਚੋਂ ਚਾਰ ਕਮੇਟੀ ਮੈਂਬਰਾਂ ਦੇ ਨਾਵਾਂ ਦਾ ਜਿਉਂ ਹੀ ਐਲਾਨ ਹੋਇਆ ਉਸੇ ਵੇਲੇ ਪੰਜਵੇਂ ਮੈਬਰ ਸਰਦਾਰ ਹਰਦਿਤ ਸਿੰਘ ਬੇਦੀ, ਨੇ ਅਸਤੀਫ਼ਾ ਦੇ ਦਿਤਾ ਸੀ। ਇਹ ਅਸਤੀਫ਼ਾ ਦੋ ਦਿਨ ਪਹਿਲਾਂ ਹੀ 5 ਨਵੰਬਰ 1922 ਵਾਲੇ ਦਿਨ ਦੇ ਦਿੱਤਾ ਗਿਅਾ ਸੀ,ਇੰਜ ਇਹ ਬਿਲ ਅਪਣੇ ਜਨਮ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ।
25 ਨਵੰਬਰ 1924 ਵਾਲੇ ਦਿਨ ਇਸ ਐਕਟ ਨੂੰ ਬਣਾਉਣ ਦੇ ਲਈ ਪੰਜਾਬ ਕੌਂਸਲ ਦੇ ਸਿੱਖ ਮੈਂਬਰਾਂ ਦੀ ਇਕ ਕਮੇਟੀ ਬਣਾਈ ਗਈ, ਜਿਸ ਵਿਚ, ਸਰਬ ਸਰਦਾਰ ਜੋਧ ਸਿੰਘ, ਨਾਰਾਇਣ ਸਿੰਘ ਵਕੀਲ, ਤਾਰਾ ਸਿੰਘ ਮੋਗਾ, ਮੰਗਲ ਸਿੰਘ ਅਤੇ ਗੁਰਬਖ਼ਸ਼ ਸਿੰਘ ਅੰਬਾਲਾ, ਮੈਂਬਰ ਲਏ ਗਏ।
ਤਜ਼ਵੀਜ ਇਹ ਹੋਈ ਕਿ ਇਹ ਮੈਂਬਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤਤਕਾਲੀ ਡਿਪਟੀ ਕਮਿਸ਼ਨਰ ਅਤੇ ਲਾਹੌਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਦੇ ਨਾਲ ਮਿਲ ਕੇ ਗੁਰਦੁਆਰਾ ਐਕਟ ਬਣਾਉਣ ਦੇ ਲਈ ਆਪਸੀ ਸਹਿਮਤੀ ਬਨਾਉਣ ਗੇ ਜੋ ਸਭ ਨੂੰ ਪ੍ਰਵਾਨ ਹੋਵੇ।
ਦੋ ਕਾਨੂੰਨਦਾਨ ਕੰਵਰ ਦਲੀਪ ਸਿੰਘ ਬੈਰਿਸਟਰ ਅਤੇ ਬੈਰਿਸਟਰ ਮਿਸਟਰ ਬੀਜ਼ਲੇ ਇੰਨ੍ਹਾਂ ਨੂੰ, ਬਿਲ ਦੇ ਸੋਧ ਦੇ ਲਈ ਕਾਨੂੰਨੀ ਮਦਦ ਦੇਣ ਗੇ।ਗੁਰਦੁਆਰਾ ਬਿਲ ਦੇ ਇਸ ਅਹਿਮ ਨੁਕਤੇ 'ਤੇ ਵਿਚਾਰ ਹੋਣੀ ਸੀ, ਕੇ ਸਿੱਖ ਗੁਰਦੁਆਰਾ ਸਾਹਿਬਾਨ ਕਿਹੜੇ ਹਨ ਅਤੇ ਇਨ੍ਹਾਂ ਗੁਰਦੁਆਰਾ ਸਾਹਿਬਾਨਾਂ ਦਾ ਇੰਤਜ਼ਾਮ ਕਿਵੇਂ ਅਤੇ ਕੌਣ ਕਰੇਗਾ?
ਆਖਰ ਇਸ ਕਮੇਟੀ ਦੀਆਂ 29 ਨਵੰਬਰ 1924 ਤੋਂ ਲੈਕੇ  21 ਜਨਵਰੀ*1925 ਤੱਕ ਹੋਈਆਂ ਮੀਟਿੰਗਾਂ ਤੋਂ ਬਾਅਦ,ਬਿਲ ਦਾ ਬਿਕਾਇਦਾ ਖਰੜਾ ਛਾਪ ਦਿਤਾ ਗਿਆ। ਇਸ ਬਿਲ ਸਬੰਧੀ ਖਰੜੇ ਦੀਆਂ ਕਾਪੀਆਂ ਨਾਲੋ ਨਾਲ ਲਾਹੌਰ ਕਿਲ੍ਹੇ ਵਿਚ ਨਜਰਬੰਦ ਅਕਾਲੀ ਆਗੂਆਂ ਨੂੰ ਪੁੱਜਦੀਆਂ ਕੀਤੀਆਂ ਜਾਂਦੀਆਂ ਸਨ।
21 ਜਨਵਰੀ 1925 ਵਾਲੇ ਦਿਨ ਇਸ ਬਿਲ ਦੇ ਖਰੜੇ ਨੂੰ ਛਾਪ ਕੇ ਪ੍ਰਕਾਸ਼ਤ ਕਰ ਦਿੱਤਾ ਗਿਆ।27 ਅਪ੍ਰੈਲ, 1925 ਵਾਲੇ ਦਿਨ ਇਹ ਬਿਲ ਜਨਰਲ ਹਾਊਸ ਵਿਚ ਰਖਿਆ ਗਿਆ।ਜਿਸ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੇ ਵਲੋਂ ਕੁਝ ਤਰਮੀਮਾਂ ਪੇਸ਼ ਕੀਤੀਆਂ, ਜਿਵੇਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ  ਅਤੇ ਸ੍ਰੀ ਕੇਸਗੜ੍ਹ ਸਾਹਿਬ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਕੋਲ ਹੀ ਹੋਵੇਗਾ।
ਦੂਸਰਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਿੱਚ ਸਿੱਖ ਬੀਬੀਆਂ ਨੂੰ ਵੀ ਵੋਟ ਪਾਉਣ ਦਾ ਪੂਰਾ ਹੱਕ ਹੋਵੇਗਾ।

ਇਝ 7 ਮਈ,1925  ਵਾਲੇ ਦਿਨ ਇਸ ਬਿਲ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਲੋਂ ਮਨਜ਼ੂਰ ਕਰਕੇ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਗਿਆ ਅਤੇ 2 ਮਹੀਨੇ ਮਗਰੋਂ, 9 ਜੁਲਾਈ 1925 ਵਾਲੇ ਦਿਨ ਇਹ ਬਿਲ ਸ਼ਿਮਲਾ ਇਜਲਾਸ ਵਿਚ ਪਾਸ ਕਰ ਦਿਤਾ ਗਿਆ।
28 ਜੁਲਾਈ 1925 ਵਾਲੇ ਦਿਨ ਪੰਜਾਬ ਦੇ ਰਾਜਪਾਲ ਨੇ ਸਿੱਖ ਗੁਰਦੁਆਰਾ ਐਕਟ ਨੂੰ ਆਪਣੀ ਸਹਿਮਤੀ ਦੇ ਦਿੱਤੀ।
 ਇੰਝ " ਸਿੱਖ ਗੁਰਦਵਾਰਾ ਐਕਟ 1925" ਤੇ ਗਵਰਨਰ ਸਰ ਵਿਲੀਅਮ ਮੈਲਕਮ ਹੈੱਲੇ ਵਲੋਂ ਦਸਤਖ਼ਤ ਕਰਨ ਦੇ ਨਾਲ ਇਹ ਬਿੱਲ, ਐਕਟ ਬਣ ਗਿਆ।
ਭੁੱਲਾਂ ਦੀ ਖਿਮਾ ਬਖਸ਼ੋ ਜੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।

ਪੱਤਰਕਾਰ ਕੁਲਦੀਪ ਸਿੰਘ ਕੋਕੀ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ  ਸ਼ਖਸ਼ੀਅਤਾਂ ਨੇ ਸ਼ਰਧਾਜਲੀ ਦਿੱਤੀਆਂ 

ਲੁਧਿਆਣਾ 22 ਜਨਵਰੀ(ਸਤਵਿੰਦਰ ਸਿੰਘ ਗਿੱਲ) ਸ਼ੰਘਰਸ਼ੀ ਜੀਵਨ ਜਿਉਦਿਆਂ ਕੁਝ ਦਿਨ ਪਹਿਲਾਂ ਗੁਰੂ-ਚਰਨਾਂ ਵਿਚ ਜਾ ਬਿਰਾਜੇ ਭਾਈ ਕੁਲਦੀਪ ਸਿੰਘ ‘ਕੋਕੀ’ ਦੀ ਆਤਮਿਕ ਸ਼ਾਂਤੀ ਪ੍ਰਵਾਰ ਵਲੋਂ ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਅਰਦਾਸ ਸਮਾਗਮ ਕਰਵਾਇਆ। ਜਿਸ ਵਿਚ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸ਼ਖਸ਼ੀਅਤਾਂ ਨੇ ਸਮੂਲੀਅਤ ਕੀਤੀ। ਅਰਦਾਸ-ਹੁਕਮਨਾਮਾ ਸਾਹਿਬ ਉਪ੍ਰੰਤ ਜੁੜੀਆਂ ਸੰਗਤਾਂ ਨੂੰ ਸੰਬੋਧਨ ਹੋਣ ਵਾਲਿਆਂ ਨੇ ਪੱਤਰਕਾਰ ਕੁਲਦੀਪ ਸਿੰਘ ‘ਕੋਕੀ’ ਦੀ ਸ਼ਖਸ਼ੀਅਤ, ਉਸਦੇ ਕਾਰਜ਼ਾਂ ਦਾ ਪੜਚੋਲ ਕਰਦਿਆਂ ਉਸ ਵਿਚਲੇ ਗੁਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ੰਗਰਸ਼ੀ ਕਾਰਨਾਮਿਆਂ ਦੀ ਹਕੀਕਤ ਉਸਦੀਆਂ ਨੀਹਾਂ ‘ਚ ਖੜ੍ਹੇ ਬੰਦਿਆਂ ਆਸਰੇ ਹੁੰਦੀਆਂ ਹਨ।ਪਰ ਇਤਿਹਾਸ ਉਨ੍ਹਾਂ ਬਾਬਤ ਬਹੁਤੀ ਗੌਰ ਨਹੀਂ ਕਰਦਾ, ਇਤਿਹਾਸ ਕੇਵਲ ਕਾਰਨਾਮਿਆਂ ਦੀ ਟੀਸੀ ‘ਤੇ ਪੁੱਜੇ ਨਾਵਾਂ ਨੂੰ ਹੀ ਵੇਖਦਾ ਤੇ ਉਨ੍ਹਾਂ ਦਾ ਜਿਕਰ ਕਰਦਾ-ਕਰਦਾ ਲੰਘ ਜਾਂਦਾ ਹੈ।ਜਦਕਿ ‘ਕੋਕੀ’ ਵਰਗਿਆਂ ਵਲੋਂ ਵੀ ਇਤਿਹਾਸ ਦੀ ਘਾੜਤ ਵਿਚ ਕੰਧਾਂ ਵਾਂਗ ਲੱਗ ਕੇ ਕੁਰਬਾਨੀ ਕੀਤੀ ਹੁੰਦੀ ਹੈ। ਉਸਨੂੰ ਵੀ ਨਤਮਸਤਕ ਕਰਨਾ ਬਣਦਾ ਹੈ ਕਿਉਕਿ ਇਨ੍ਹਾਂ ਵਰਗਿਆਂ ਨੇ ਵੀ ਮਾਨਸਿਕ ਪੀੜਾ ਝੱਲੀਆਂ ਹੁੰਦੀ ਹੈ। ਇਸ ਤੋਂ ਪਹਿਲਾਂ ਭਾਈ ਬਲਕਾਰ ਸਿੰਘ ਦੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਜਦਕਿ ਗਿਆਨੀ ਜਸਵੀਰ ਸਿੰਘ ਚਾਕਰ ਨੇ ਗੁਰਮਤਿ ਵਿਚਾਰਾਂ ਦੀ ਸਾਝ ਪਾਉਦਿਆਂ ਜੀਵਨ ਤੇ ਮੌਤ ਵਿਸ਼ੇ ‘ਤੇ ਜਾਣਕਾਰੀ ਸਾਝੀ ਕੀਤੀ। ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ, ਭਾਈ ਪਰਮਜੀਤ ਸਿੰਘ ਖਾਲਸਾ, ਮੇਜਰ ਸਿੰਘ ਖਾਲਸਾ, ਪ੍ਰਬੰਧਕ ਕਮੇਟੀ ਗੁ: ਕਲਗੀਧਰ ਸਿੰਘ ਸਭਾ ਵਲੋਂ ਹਰਮੀਤ ਸਿੰਘ ਅਮਰੀਕ ਸਿੰਘ ਬਲਜੀਤ ਸਿੰਘ ਬੀਤਾ ਪ੍ਰੈਸ ਸਕੱਤਰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨਾਲ ਦੁੱਖ ਸਾਝਾਤ ਕੀਤਾ ਅਤੇ ਸਪੁੱਤਰ ਦਮਨਪ੍ਰੀਤ ਸਿੰਘ ਅਤੇ ਤਰਨਪ੍ਰੀਤ ਸਿੰਘ ਅਤੇ ਬੇਟੀ ਇਸ਼ਮੀਤ ਕੌਰ ਦਮਾਦ ਜਤਿਨ ਮੱਕੜ ਨੂੰ ਭਾਈ ਕੋਕੀ ਦੇ ਪ੍ਰਵਾਰ ਦੀ ਜਿਮੇਵਾਰੀ ਦਾ ਸਿਰੋਪਾਓ ਦਿੱਤਾ ਅਤੇ ਪ੍ਰਵਾਰ ਨੂੰ ਵਿਛੋੜੇ ਦਾ ਧਰਵਾਸ ਦਿੱਤਾ। ਜਦਕਿ ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚੇ ਦੇ ਆਗੂ ਭਾਈ ਬਲਦੇਵ ਸਿੰਘ "ਦੇਵ ਸਰਾਭਾ", ਗਿਆਨੀ ਬਲਵੰਤ ਸਿੰਘ ਮੁੱਖ ਗ੍ਰੰਥੀ ਡੇਰਾ ਬਾਬਾ ਨਾਨਕ, ਸ੍ਰ.ਰਜਿੰਦਰ ਸਿੰਘ ਸਰਾਓ ਚੀਫ ਇਜੀ: ਬਿਜਲੀ ਬੋਰਡ,ਇਲਬਾਲ ਸਿੰਘ ਇਸਲਾਮਗੰਜ,ਗੁਰਦੀਪ ਸਿੰਘ ਕੌਸਲਰ, ਹਰਪਾਲ ਸਿੰਘ ਨਿਮਾਣਾ, ਪ੍ਰਿਸੀਪਲ ਕੁਲਦੀਪ ਕੌਰ ਧਾਲੀਵਾਲ ਅਤੇ ਸਮੂੰਹ ਸਟਾਫ ਮਾਤਾ ਗੰਗਾ ਜੀ ਖਾਲਸਾ ਕਾਲਜ ਕੋਟਾਂ, ਇਸ ਮੌਕੇ ਜੀ.ਐਸ ਵਿਰਕ, ਵਿਸਾਲ ਡੁਗਲਚ, ਐਡਵੋਕੇਟ ਹਰਜੀਤ ਸਿੰਘ, ਅਸ਼ਵਨੀ ਜੇਤਲੀ, ਜਗਰੂਪ ਸਿੰਘ ਜਰਖੜ, ਬਲਵੀਰ ਸਿੰਘ ਸਿੱਧੂ,ਕ੍ਰਿਸ਼ਨ ਕੁਮਾਰ ਬਾਵਾ,ਗੁਰਦੀਪ ਸਿੰਘ ਨੀਟੂ,ਸਤਪਾਲ ਸੋਨੀ ਆਦਿ ਸ਼ਖਸ਼ੀਅਤਾਂ ਨੇ ਰੰਗੁਲੇ ਸੱਜਣ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾ ਬੇਟ ਦੀ ਅਹਿਮ ਮੀਟਿੰਗ

ਜਗਰਾਉਂ, 22 ਜਨਵਰੀ ( ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂਬੇਟ ਦੀ ਮੀਟਿੰਗ ਸ਼ੇਰਪੁਰ ਕਲਾਂ ਦੇ ਗੁਰੂਦੁਆਰਾ ਸਾਹਿਬ ਵਿਖੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਬਲਾਕ ਦੇ ਡੇਢ ਦਰਜਨ ਪਿੰਡਾਂ ਦੇ ਨੁਮਾਇੰਦੇ ਮੀਟਿੰਗ ਵਿੱਚ ਸ਼ਾਮਲ ਹੋਏ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 26 ਜਨਵਰੀ ਦੇ ਕਿਸਾਨ ਅੰਦੋਲਨ ਦੇ  ਇਤਿਹਾਸਕ ਦਿਨ ਤੇ ਜਿਥੇ ਪੰਜ ਰਾਜਾਂ ਦੇ ਕਿਸਾਨ ਜੀਂਦ ਰੈਲੀ ਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਤੋਂ ਸਾਰੀਆਂ ਫਸਲਾਂ ਲਈ ਘਟੋ ਘਟ ਸਮਰਥਨ ਮੁੱਲ , ਬਿਜਲੀ ਐਕਟ 2020 ਰੱਦ ਕਰਨ,  ਪਰਦੂਸ਼ਨ ਐਕਟ ਚੋਂ ਕਿਸਾਨੀ ਮਦ ਕੱਢਣ,  ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਮੁਆਵਜਾ ਅਤੇ ਨੌਕਰੀ ਦੇਣ, ਸੰਸਾਰ ਵਪਾਰ ਸੰਸਥਾਂ  ਚੋਂ ਬਾਹਰ ਨਿਕਲਣ,  ਕਿਸਾਨੀ ਸਿਰ ਸਾਰੇ ਕਰਜੇ ਰੱਦ ਕਰਾਉਣ,  ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਜਾਣਗੇ ਉਥੇ ਪੰਜਾਬ ਦੇ ਕੁਝ ਜਿਲਿਆਂ ਚ ਕਿਸਾਨ ਟਰੈਕਟਰ ਮਾਰਚ ਕਰਕੇ ਅਗਲੇਰੀ ਸੰਘਰਸ਼ ਦੀ ਲਾਮਬੰਦੀ ਕਰਨਗੇ। ਇਸ ਸਬੰਧੀ ਬਲਾਕ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ ਨੇ ਦਸਿਆ ਕਿ ਬਲਾਕ ਦੇ ਪਿੰਡਾਂ ਦੇ ਕਿਸਾਨ 26 ਜਨਵਰੀ ਨੂੰ ਪਿੰਡ ਲੀਲਾਂ ਮੇਘ ਸਿੰਘ ਦੀ ਅਨਾਜ ਮੰਡੀ ਚ ਇਕਠੇ ਹੋ ਕੇ ਇਲਾਕੇ ਦੇ ਪਿੰਡਾਂ ਚ ਜਬਰਦਸਤ ਲਾਮਬੰਦੀ ਟਰੈਕਟਰ ਮਾਰਚ ਕਰਨਗੇ।ਕਿਸਾਨੀ ਦੀਆਂ ਸਥਾਨਕ ਮੰਗਾਂ ਵਿਸ਼ੇਸ਼ਕਰ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜਾ ਅਤੇ ਨੌਕਰੀਆਂ ਦੇਣ ਦੀ ਮੰਗ ਨੂੰ ਲੈ ਕੇ ਜਥੇਬੰਦੀ ਅਜ 23 ਜਨਵਰੀ ਨੂੰ ਡੀ ਸੀ ਲੁਧਿਆਣਾ ਨੂੰ ਵਿਸ਼ਾਲ ਵਫਦ ਦੇ ਰੂਪ ਚ ਮਿਲਣਗੇ। ਅਜ ਦੀ ਮੀਟਿੰਗ ਵਿਚ 20 ਫਰਵਰੀ ਨੂੰ ਪਿੰਡ ਗਾਲਬ ਕਲਾਂ ਵਿਖੇ ਸ਼ਹੀਦ ਪਿਆਰਾ ਸਿੰਘ ਗਾਲਬ ਦੀ ਬਰਸੀ ਮਨਾਏ ਜਾਣ ਸਬੰਧੀ ਵੀ ਵਿਉਂਤ ਬੰਦੀ ਤੈਅ ਕੀਤੀ ਗਈ।  ਮੀਟਿੰਗ ਵਿੱਚ ਪੇੰਡੂ ਮਜਦੂਰਾਂ ਨੂੰ ਜਥੇਬੰਦ ਕਰਨ ਲਈ ਕਿਸਾਨ ਜਥੇਬੰਦੀ ਪਿੰਡਾਂ ਚ ਮੁਹਿੰਮ ਚਲਾਏਗੀ,ਬਾਰੇ ਵੀ  ਵਿਚਾਰ ਚਰਚਾ ਹੋਈ। ਮੀਟਿੰਗ ਚ  ਚੰਡੀਗੜ੍ਹ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਚਲ ਰਹੇ ਧਰਨੇ ਚ ਵੀ ਸ਼ਾਮਲ ਹੋਣ ਦਾ ਮਤਾ ਪਾਸ ਕੀਤਾ ਗਿਆ।

ਪੀ ਏ ਯੂ ਦੇ ਸਾਬਕਾ ਡੀਨ ਡਾਃ ਦਲੀਪ ਸਿੰਘ ਸਿੱਧੂ ਲੁਧਿਆਣਾ ਚ ਸੁਰਗਵਾਸ

ਅੰਤਿਮ ਸੰਸਕਾਰ ਕੱਲ੍ਹ 22 ਜਨਵਰੀ 2023 ਨੂੰ

ਲੁਧਿਆਣਾ, 21 ਜਨਵਰੀ (ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ)ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਡੀਨ ਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਡਾਃ ਦਲੀਪ ਸਿੰਘ ਸਿੱਧੂ ਅੱਜ ਸ਼ਾਮੀਂ ਨੌਂ ਵਜੇ ਲੁਧਿਆਣਾ ਵਿਖੇ ਸੁਰਗਵਾਸ ਹੋ ਗਏ ਹਨ।  ਡਾਃ ਦਲੀਪ ਸਿੰਘ ਸਿੱਧੂ ਵਿਸ਼ਵ ਬੈਂਕ ਸਲਾਹਕਾਰ ਵਜੋਂ ਵੀ ਲੰਮਾ ਸਮਾਂ ਨਿਯੁਕਤ ਰਹੇ। ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਬਣਨ ਉਪਰੰਤ ਉਹ ਡੀਨ ਪੋਸਟਗਰੈਜੂਏਟ ਸਟਡੀਜ਼, ਬੋਰਡ ਆਫ਼ ਮੈਨੇਜਮੈਂਟ ਪੀ ਏ ਯੂ ਦੇ ਮੈਂਬਰ ਤੇ ਕਈ ਹੋਰ ਸਰਕਾਰੀ ਗੈਰਸਕਾਰੀ ਅਦਾਰਿਆਂ  ਦੇ ਸਲਾਹਕਾਰ ਰਹੇ।  ਡਾਃ ਦਲੀਪ ਸਿੰਘ ਸਿੱਧੂ ਜੀ ਆਪਣੇ ਪਿੱਛੇ ਪੁੱਤਰ ਹਰਪ੍ਰੀਤ ਸਿੰਘ ਸਿੱਧੂ(ਸਾਬਕਾ ਜਨਰਲ ਮੈਨੇਜਰ, ਮੰਡੀਕਰਨ ਬੋਰਡ) ਦਾ ਵੱਡਾ ਪਰਿਵਾਰ ਛੱਡ ਗਏ ਹਨ।  ਪਰਿਵਾਰਕ ਸਨੇਹੀ ਸਃ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਡਾਃ ਦਲੀਪ ਸਿੰਘ ਸਿੱਧੂ ਜੀ ਦਾ ਅੰਤਿਮ ਸੰਸਕਾਰ ਪਿੰਡ ਬਾੜੇਵਾਲ ਅਵਾਣਾ(ਨੇੜੇ ਸਿੱਧਵਾਂ ਨਹਿਰ) ਲੁਧਿਆਣਾ ਵਿਖੇ ਦੁਪਹਿਰ 12 ਵਜੇ ਹੋਵੇਗਾ। 

ਹੋਰ ਜਾਣਕਾਰੀ ਲਈ ਸੰਪਰਕਃ 98158 00405 ਜਾਂ  97800 03232 ਨਾਲ ਸੰਪਰਕ ਕਰ ਸਕਦੇ ਹੋ।