ਪੰਜਾਬ

ਵਿਜੀਲੈਂਸ ਬਿਊਰੋ ਨੇ ਬੀ ਡੀ ਪੀ ਓ ਸੁਧਾਰ (ਲੁਧਿਆਣਾ) 25,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਲੁਧਿਆਣਾ, 30 ਜਨਵਰੀ ( ਦਲਜੀਤ ਸਿੰਘ ਰੰਧਾਵਾ/ ਗੁਰਕਿਰਤ ਜਗਰਾਓਂ ) ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਸੁਧਾਰ ਵਿਖੇ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਅਸ਼ੋਕ ਕੁਮਾਰ ਨੂੰ 25, 000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਬੀ.ਡੀ.ਪੀ.ਓ. ਨੂੰ ਸਰਪੰਚ ਲਖਵੀਰ ਸਿੰਘ ਵਾਸੀ ਪਿੰਡ ਬੋਪਾਰਾਏ ਕਲਾਂ, ਲੁਧਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਅਧਿਕਾਰੀ ਗ੍ਰਾਮ ਪੰਚਾਇਤ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਵਰਤੋਂ ਸਰਟੀਫਿਕੇਟ ਜਾਰੀ ਕਰਨ ਅਤੇ ਗ੍ਰਾਂਟਾਂ ਦੀ ਅਦਾਇਗੀ ਲਈ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਹ ਉਕਤ ਅਧਿਕਾਰੀ ਨੂੰ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਪਰ ਉਸ ਦੇ ਵਾਰ-ਵਾਰ ਕਹਿਣ ‘ਤੇ ਬੀਡੀਪੀਓ ਨਾਲ 25,000 ਰੁਪਏ ਵਿੱਚ ਸੌਦਾ ਤੈਅ ਹੋ ਗਿਆ ਹੈ। ਉਸਦੀ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਲੁਧਿਆਣਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਬੀ.ਡੀ.ਪੀ.ਓ. ਨੂੰ ਦੋ ਸਰਕਾਰੀ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਬੁਲਾਰੇ ਨੇ ਦੱਸਿਆ ਕਿ ਦੋਸ਼ੀ ਅਧਿਕਾਰੀ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

 

ਜਿੱਥੇ ਜਿੱਥੇ ਘਟੀਆ ਸਾਮਾਨ ਨਾਲ ਡਿਸਪੈਂਸਰੀਆਂ ਬਣਾਈਆਂ ਹੁਣ ਉਨ੍ਹਾਂ ਦਾ ਹਿਸਾਬ ਲਿਆ ਜਾਵੇਗਾ - ਭਗਵੰਤ ਮਾਨ

ਕਿਹਾ, ਬਾਦਲ ਕੇ ਨੇ ਚਲਾਈ ਤਾਂ ਪਾਣੀ ਵਾਲੀ ਬੱਸ ਵੀ ਸੀ, ਹੁਣ ਕਿੱਥੇ ਹੈ ?  

ਚੰਡੀਗੜ੍ਹ,30 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ )ਮੁੱਖ ਮੰਤਰੀ ਭਗਵੰਤ ਮਾਨ ਨੇ PWD ਵਿਭਾਗ ‘’ਚ ਨਵ ਨਿਯੁਕਤ ਜੇਈਜ਼ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਆਪਣੇ ਭਾਸ਼ਨ ਵਿਚ ਪੰਜਾਬੀਆਂ ਨੂੰ ਸੰਬੋਧਨ ਕਰਦਿਆ ਆਖਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਗਰੰਟੀਆਂ ਦਿੱਤੀਆਂ ਗਈਆਂ ਸਨ, ਜੋ ਹੁਣ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 26 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਿਭਾਗਾਂ ਵਿੱਚ ਵੀ ਅਸਾਮੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਨਿਯੁਕਤੀ ਪੱਤਰ ਦੇ ਰਹੇ ਹਾਂ ਤਾਂ ਜੋ ਕਿਸੇ ਨੂੰ ਮਾਣਯੋਗ ਅਦਾਲਤਾਂ ਦਾ ਸਾਹਮਣਾ ਨਾ ਕਰਨਾ ਪਵੇ।

ਮੁੱਖ ਮੰਤਰੀ ਨੇ ਬੋਲਦਿਆਂ ਕਿਹਾ ਕਿ ਹੁਣ ਅਕਾਲੀ ਦਲ ਵਾਲੇ ਆਮ ਆਦਮੀ ਕਲੀਨਿਕ ਬਣਾਉਣ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਅਕਾਲੀ ਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਗੱਲ ਉਨ੍ਹਾਂ ਨਿੱਜੀ ਪੈਸੇ ਨਾਲ ਬਣਾਈਆਂ ਸੀ, ਲੋਕਾਂ ਦੇ ਪੈਸੇ ਨਾਲ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਚੀਜ਼ਾਂ ਉਨ੍ਹਾਂ ਬਣਾਈਆਂ ਸੀ ਉਹ ਚਲਦੀਆਂ ਹੀ ਨਹੀਂ, ਜੇਕਰ ਉਹ ਚਲਦੀਆਂ ਹੋਣ ਤਾਂ ਵੀ ਦੁੱਖ ਹੁੰਦਾ। ਉਨ੍ਹਾਂ ਕਿਹਾ ਕਿ ਬਾਦਲ ਕਿਆ ਨੇ ਤਾਂ ਪਾਣੀ ਵਾਲੀ ਬੱਸ ਵੀ ਚਲਾਈ ਸੀ, ਹੁਣ ਕਿੱਥੇ ਹੈ ਪਾਣੀ ਤਾਂ ਉਥੇ ਹੀ ਹੈ। ਉਨ੍ਹਾਂ ਕਿਹਾ ਕਿ ਮੈਂ ਵਿਰੋਧੀਆਂ ਦੀ ਕੋਈ ਪ੍ਰਵਾਹ ਨਹੀਂ ਕਰਦਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੇ ਨਾਲ ਪੁਰਾਣਾ ਹਿਸਾਬ ਵੀ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਯਾਦ ਕਰਵਾ ਦਿੱਤਾ ਡਿਸਪੈਂਸਰੀਆਂ ਦਾ ਹਿਸਾਬ ਵੀ ਲਿਆ ਜਾਵੇਗਾ, ਅਜਿਹਾ ਕਿਹੜਾ ਸਮਾਨ ਲਗਾਇਆ ਸੀ ਜੋ 10 ਸਾਲਾਂ ਵਿੱਚ ਹੀ ਖਰਾਬ ਹੋ ਗਈਆਂ।  ਉਨ੍ਹਾਂ ਕਿਹਾ ਕਿ ਇਹ ਪਹਿਲਾਂ ਆਖਰੀ ਸਾਲ ਵਿੱਚ ਨੌਕਰੀਆਂ ਦੇਣ ਦਾ ਕੰਮ ਕਰਦੇ ਸੀ, ਪਰ ਸਾਡੀ ਸਰਕਾਰ ਨੇ ਆਉਂਦਿਆਂ ਹੀ ਸ਼ੁਰੂ ਕਰ ਦਿੱਤੇ ਹਨ।  ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਉਦਯੋਗ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਖੇਤੀਬਾੜੀ ਯੂਨੀਵਰਸਿਟੀ ਨੂੰ ਦੁਬਾਰਾ ਤੋਂ ਪੈਰਾਂ ਸਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਹੜਾ ਕੋਲੋ ਤਨਖਾਹ ਦੇਣੀ ਹੈ, ਲੋਕਾਂ ਤੋਂ ਟੈਕਸ ਇਕੱਠਾ ਕਰਨਾ ਹੈ, ਤੁਹਾਨੂੰ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਰਿਟ ਦੇ ਆਧਾਰ ਉਤੇ ਹੀ ਭਰਤੀ ਕੀਤੀ ਜਾਵੇਗੀ, ਕਿਸੇ ਵੀ ਤਰ੍ਹਾਂ ਦੀ ਸਿਫਾਰਸ ਨਹੀਂ ਚੱਲੇਗੀ।  ਉਨ੍ਹਾਂ ਨਵ ਨਿਯੁਕਤੀ ਮੁਲਾਜ਼ਮਾਂ ਨੂੰ ਕਿਹਾ ਕਿ ਜਿੱਥੇ ਵੀ ਤੁਹਾਨੂੰ ਡਿਊਟੀ ਮਿਲੇਗੀ ਉਥੇ ਇਮਾਨਦਾਰੀ ਨਾਲ ਕੰਮ ਕਰਨਾ।

ਖੇਤੀਬਾੜੀ ਅਤੇ ਘਰੇਲੂ ਪੀਣ ਵਾਲੇ ਪਾਣੀ ਦੀ ਸਪਲਾਈ 'ਤੇ ਕੋਈ ਖਰਚਾ ਨਹੀਂ ਲਿਆ ਜਾਵੇਗਾ

ਚੰਡੀਗੜ੍ਹ, 30 ਜਨਵਰੀ,(ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੰਜਾਬ ਰਾਜ ਦੇ ਧਰਤੀ ਹੇਠਲੇ ਪਾਣੀ ਨੂੰ ਨਿਯਮਤ ਕਰਨ ਲਈ, ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਨੇ 27 ਜਨਵਰੀ 2023 ਨੂੰ “ਪੰਜਾਬ ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਨਿਰਦੇਸ਼, 2023” ਨੂੰ ਨੋਟੀਫਾਈ ਕੀਤਾ ਹੈ।  ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਨੇ ਇਸ ਸਬੰਸੀ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਅਥਾਰਟੀ ਨੇ ਖੇਤੀਬਾੜੀ ਅਤੇ ਪੀਣ ਅਤੇ ਘਰੇਲੂ ਵਰਤੋਂ ਲਈ ਜ਼ਮੀਨੀ ਪਾਣੀ ਕੱਢਣ ਲਈ ਕੋਈ ਚਾਰਜ ਨਹੀਂ ਦੇਣਾ ਪਵੇਗਾ। ਇਸ ਤੋਂ ਇਲਾਵਾ ਕਿਸੇ ਵੀ ਉਪਭੋਗਤਾ ਨੂੰ ਪ੍ਰਤੀ ਮਹੀਨਾ 300 ਕਿਊਬਿਕ ਮੀਟਰ ਤੱਕ ਪਾਣੀ ਕੱਢਣ ਦੀ ਛੋਟ ਦਿੱਤੀ ਹੈ। ਖੇਤੀਬਾੜੀ, ਪੀਣ ਅਤੇ ਘਰੇਲੂ ਉਦੇਸ਼ਾਂ ਲਈ ਭੂਮੀਗਤ ਪਾਣੀ ਦੀ ਵਰਤੋਂ ਵਾਲਿਆਂ ਨੂੰ ਛੋਟ ਦਿੰਦਿਆਂ ਚਾਰਜ ਵਾਲੀ ਸ਼੍ਰੇਣੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।  ਇਸੇ ਤਰ੍ਹਾਂ ਜਾਰੀ ਨਿਰਦੇਸ਼ਾਂ ਵਿੱਚ ਸਰਕਾਰੀ ਜਲ ਸਪਲਾਈ ਸਕੀਮਾਂ, ਫੌਜੀ ਅਤੇ ਕੇਂਦਰੀ ਨੀਮ ਫੌਜੀ ਅਦਾਰਿਆਂ, ਸ਼ਹਿਰੀ ਸਥਾਨਕ ਸੰਸਥਾਵਾਂ, ਪੰਚਾਇਤੀ ਰਾਜ ਸੰਸਥਾਵਾਂ, ਕੈਂਟ ਬੋਰਡਾਂ, ਨਗਰ ਸੁਧਾਰ ਟਰੱਸਟ, ਏਰੀਆ ਡਿਵੈਵਪਮੈਂਟ ਅਥਾਰਟੀਆਂ ਅਤੇ ਧਾਰਮਿਕ ਸਥਾਨਾਂ ਨੂੰ ਵੀ ਛੋਟ ਦਿੱਤੀ ਗਈ ਹੈ। ਇਸ ਵਿੱਚ 300 ਕਿਊਬਿਕ ਮੀਟਰ ਪ੍ਰਤੀ ਮਹੀਨਾ ਤੋਂ ਘੱਟ ਜ਼ਮੀਨੀ ਪਾਣੀ ਕੱਢਣ ਵਾਲੇ ਸਾਰੇ ਉਪਭੋਗਤਾਵਾਂ ਨੂੰ ਵੀ ਛੋਟ ਦਿੱਤੀ ਗਈ ਹੈ।  ਇਨ੍ਹਾਂ ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਹਰੇਕ ਵਪਾਰਕ ਅਤੇ ਉਦਯੋਗਿਕ ਉਪਭੋਗਤਾ ਲਈ ਧਰਤੀ ਹੇਠਲੇ ਪਾਣੀ ਨੂੰ ਕੱਢਣ ਲਈ ਅਥਾਰਟੀ ਦੀ ਇਜਾਜ਼ਤ ਲਾਜ਼ਮੀ ਹੋਵੇਗੀ।

ਸੁਪਰਵਾਈਜ਼ਰ ਦੀਆਂ ਵਧੀਆ ਸੇਵਾਵਾਂ ਕਰਕੇ ਮਾਸਟਰ ਮੋਤੀ ਰਾਮ ਨੂੰ ਜ਼ਿਲ੍ਹਾ ਲੈਵਲ ਤੇ ਕੀਤਾ ਸਨਮਾਨਿਤ

ਤਲਵੰਡੀ ਸਾਬੋ, 29 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਾਰੇ ਭਾਰਤ ਵਿੱਚ ਹਰ ਸਾਲ 25 ਜਨਵਰੀ ਨੂੰ ਨੈਸ਼ਨਲ ਲੈਵਲ ਤੋਂ ਲੈ ਕੇ ਬੂਥ ਲੈਵਲ ਤੱਕ ਵੋਟਰ ਦਿਵਸ਼ ਮਨਾਇਆ ਜਾਂਦਾ ਹੈ।ਇਸ ਵਾਰ ਬਠਿੰਡਾ ਦਾ ਜ਼ਿਲ੍ਹੇ ਲੈਵਲ ਦਾ ਪ੍ਰੋਗਰਾਮ 25 ਜਨਵਰੀ ਨੂੰ ਵੋਟਰ ਦਿਵਸ ਪ੍ਰੋਗਰਾਮ ਸਰਕਾਰੀ ਰਾਜਿੰਦਰ ਕਾਲਜ਼ ਬਠਿੰਡਾ ਦੇ ਆਡਟੋਰੀਅਮ ਵਿੱਚ ਮਨਾਇਆ ਗਿਆ। ਇਸ ਵਾਰ ਵੀ ਜ਼ਿਲ੍ਹੇ ਭਰ ਚੋਂ ਇਲੈਕਸ਼ਨ ਕਮਿਸ਼ਨ ਦਾ ਕੰਮ ਵਧੀਆ ਅਤੇ ਮਿਹਨਤ ਨਾਲ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਵਾਰ ਸੁਪਰਵਾਈਜ਼ਰ ਦੀਆਂ ਵਧੀਆ ਸੇਵਾਵਾਂ ਲਈ ਮਾਸਟਰ ਮੋਤੀ ਰਾਮ ਨੂੰ ਤਹਿਸੀਲ ਲੈਵਲ ਤੇ 26 ਜਨਵਰੀ ਦੇ ਗਣਤੰਤਰਤਾ ਦਿਵਸ ਅਤੇ ਜ਼ਿਲ੍ਹਾ ਲੈਵਲ ਦੋਵਾਂ ਥਾਂਵਾਂ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪੱਧਰ ਦੇ ਮਨਾਏ ਗਏ ਫੰਕਸ਼ਨ ਵਿੱਚ ਦੱਸਿਆ ਗਿਆ ਕਿ ਮੋਤੀ ਰਾਮ, ਤਲਵੰਡੀ ਸਾਬੋ (ਬਠਿਡਾ) ਦੇ ਸੈਕਟਰ ਨੰਬਰ 08 ਦੀਆਂ ਬਤੌਰ ਸੁਪਰਵਾਈਜ਼ਰ ਦੀਆਂ ਸੇਵਾਵਾਂ ਨਿਭਾ ਰਿਹਾ ਹੈ, ਇਹਨਾਂ ਦੇ ਵੋਟਰਜ਼ ਜਾਗਰੂਕਤਾ ਦੇ ਵੀਡੀਓ ਅਕਸਰ ਹੀ ਸੋਸ਼ਲ ਮੀਡੀਆ ਤੇ ਚੱਲਦੇ ਰਹਿੰਦੇ ਹਨ ਅਤੇ ਸਮੇਂ-ਸਮੇਂ ਤੇ ਵੋਟਰਜ਼ ਜਾਗਰੂਕਤਾ ਦੇ ਆਰਟੀਕਲ ਵੀ ਵੱਖ-ਵੱਖ ਅਖ਼ਬਾਰਾਂ ਵਿੱਚ ਛਪਦੇ ਰਹਿੰਦੇ ਹਨ। ਇਸ ਮੌਕੇ ਜ਼ਿਲ੍ਹਾ ਪੱਧਰ ਦੇ ਮਨਾਏ ਗਏ ਪ੍ਰੋਗਰਾਮ ਵਿੱਚ ਜ਼ਿਲ੍ਹਾ ਚੋਣ ਦਫ਼ਤਰ ਦੇ ਇਲੈਕਸ਼ਨ ਤਹਿਸੀਦਾਰ ਸ੍ਰ. ਗੁਰਚਰਨ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਸੁਰੇਸ਼ ਗੌਡ, ਸੁਰੇਸ਼ ਕੁਮਾਰ, ਐਂਕਰ ਸ੍ਰ. ਗੁਰਦੀਪ ਸਿੰਘ ਮਾਨ ਤੋਂ ਇਲਾਵਾ ਇਲੈਕਸ਼ਨ ਦਫ਼ਤਰ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।

ਥਾਣਾ ਸਿਟੀ ਵਿੱਚ ਹੋਏ ਪਰਚੇ ਦੇ ਵਿਰੋਧ ਵਿੱਚ ਪੇਂਡੂ ਮਜ਼ਦੂਰ ਜਥੇਬੰਦੀਆਂ ਹੋਈਆਂ ਇਕੱਠੀਆਂ

ਜਥੇਬੰਦੀਆਂ ਦੇ ਆਗੂਆਂ ਸਾਹਮਣੇ ਪੀੜਤ ਪਰਿਵਾਰ ਵੱਲੋਂ ਕਈ ਤਰ੍ਹਾਂ ਦੇ ਦੋਸ਼

ਜਗਰਾਉਂ,29  ਜਨਵਰੀ ( ਗੁਰਕੀਰਤ ਜਗਰਾਉ/ ਮਨਜਿੰਦਰ ਗਿੱਲ)ਜਗਰਾਉਂ ਸ਼ਹਿਰ ਦੇ ਅਗਵਾੜ ਡਾਲਾ ਵਿੱਚ ਸ਼ਹਿਰ ਦੇ ਇਕ ਗੁੰਡਾ ਗਰੋਹ ਵੱਲੋਂ ਮਜਦੂਰ ਪਰਿਵਾਰਾਂ ਊਪਰ ਹਮਲੇ ਕੀਤੇ ਅਤੇ ਉਲਟਾ ਥਾਣਾ ਸਿਟੀ ਜਗਰਾਉਂ ਵੱਲੋਂ ਮਜਦੂਰਾਂ ਤੇ ਕੀਤੇ ਝੂਠੇ ਪਰਚੇ ਦੇ ਵਿਰੋਧ ਵਿੱਚ ਅੱਜ ਅਗਵਾੜ ਡਾਲਾ ਦੇ ਮਜ਼ਦੂਰਾਂ ਦੀ ਮੀਟਿੰਗ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈਸ ਹੇਠ ਹੋਈ। ਇਸ ਮੌਕੇ ਗੁੰਡਾਂਗਰਦੀ ਤੋਂ ਪੀੜ੍ਹਤ ਪਰਿਵਾਰਾਂ ਨੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਦੀ ਹਾਜ਼ਰੀ ਵਿੱਚ ਦੱਸਿਆ ਕਿ ਅਸੀਂ ਆਪਣੇ ਲੜਕੇ ਦੀ ਲੋਹੜੀ ਦਾ ਸਮਗਾਮ ਮਨਾ ਰਹੇ ਸੀ ਜਿਸ ਵਿੱਚ ਸਾਡੇ ਰਿਸ਼ਤੇਦਾਰ ਤੇ ਆਂਢ-ਗੁਆਂਢ ਵੀ ਸਾਮਿਲ ਸਨ। ਸਾਡੇ ਸਮਗਾਮ ਨੂੰ ਖਰਾਬ ਕਰਨ ਦੇ ਮਨਸ਼ੇ ਤਹਿਤ ਸਾਡੇ ਅਗਵਾੜ ਡਾਲਾ ਦੇ ਇੱਕ ਪਰਿਵਾਰ ਦੇ ਲੜਕਿਆਂ ਨੇ ਬਾਹਰਲੇ ਕੁਝ ਲੜਕੇ ਬੁਲਾਕੇ   ਇੱਕ ਟਰੈਕਟਰ ਉਪਰ ਉੱਚੀ ਅਵਾਜ਼ 'ਚ ਡੈਕ ਲਾਕੇ ਤਿੰਨ-ਚਾਰ ਗੇੜੇ ਤੇਜ ਸਪੀਡ ਵਿੱਚ ਲਾਏ ਇਸ ਦੌਰਾਨ ਉਨ੍ਹਾਂ ਇੱਕ ਮੋਟਰਸਾਈਕਲ ਵਿੱਚ ਟਰੈਕਟਰ ਵੀ ਮਾਰਿਆ ਇਸ ਕਾਰਨ ਪਏ ਰੌਲੇ ਨੂੰ ਕੁਝ ਸਿਆਣੇ ਵਿਆਕਤੀਆਂ ਨੇ ਵਿੱਚ ਪੈਕੇ ਟਿਕਾਅ ਦਿੱਤਾ ਪਰ ਬਾਅਦ ਵਿੱਚ ਟਰੈਕਟਰ ਤੇ ਸਵਾਰ ਲੜਕਿਆ ਨੇ ਬਾਹਰੋਂ ਹੋਰ ਕੋਈ ਚਾਲੀ-ਪੰਜਾਹ ਗੁੰਡਾ ਅਨਸਰ ਸੱਦ ਲਏ ਜੋ ਮਜ਼ਦੂਰ ਪਰਿਵਾਰਾਂ ਉਪਰ ਹਮਲਾ ਕਰਨ ਲਈ ਰੋੜੇ ਟਰਾਲੀ ਵਿਚ ਲੱਦ ਕੇ ਲੈ ਆਏ। ਮੋਟਰਸਾਇਕਲਾਂ ਅਤੇ ਟਰਾਲੀ ਤੇ ਸਵਾਰ ਹਮਲਾਵਰ ਗੁੰਡਾ-ਅਨਸਰਾਂ ਨੇ ਮਜਦੂਰ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਉਪਰ ਚੜ੍ਹਕੇ ਰੋੜਿਆਂ ਦਾ ਮੀਂਹ ਵਰ੍ਹਾ ਦਿੱਤਾ ਇਸ ਘਟਨਾ ਦਾ ਪਤਾ ਲੱਗਣ ਸਾਰ ਥਾਣਾ ਸਿਟੀ ਪੁਲਸ ਇੰਨਚਾਰਜ ਪੁਲਸ ਪਾਰਟੀ ਸਮੇਤ ਘਟਨਾ-ਸਥਾਨ ਤੇ ਪੁੱਜੇ।ਉਨ੍ਹਾ ਰੋੜੀਆਂ ਨਾਲ ਲੱਦਿਆ ਟਰੈਕਟਰ-ਟਰਾਲੀ ਕੁਝ ਹਮਲਾਵਰ ਅਤੇ ਉਨ੍ਹਾਂ ਦੇ ਮੋਟਰਸਾਈਕਲ ਆਪਣੇ ਕਬਜੇ ਲਏ ਜਿਸ ਕਾਰਨ ਜਾਨੀ-ਮਾਲੀ ਨੁਕਸਾਨ ਹੋਣੋ ਬਚਾਅ ਹੋ ਗਿਆ ਇਸ ਕੰਮ ਲਈ ਪੁਲਿਸ ਪ੍ਰਸ਼ਾਸਨ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਪਰ ਪੁਲਿਸ ਵੱਲੋਂ ਪੀੜ੍ਹਤ ਧਿਰ ਉਪਰ ਹੀ ਹਮਲਾਵਰ ਬਣਕੇ  ਆਈ ਧਿਰ ਦੇ ਬਿਆਨਾਂ ਤੇ ਅਧਾਰਿਤ ਝੂਠਾ 452 ਦੀ ਧਾਰਾ ਤਹਿਤ ਪਰਚਾ ਦਰਜ ਕਰਨਾ ਬੇਇਨਸਾਫ਼ੀ ਤੇ ਧੱਕਾ ਹੈ। ਮੀਟਿੰਗ ਵਿੱਚ ਮਜਦੂਰ ਪਰਿਵਾਰਾਂ ਉਪਰ ਦਰਜ ਪੁਲਿਸ ਕੇਸ ਵਾਪਿਸ ਲੈਣ ਦੀ ਮੰਗ ਕੀਤੀ ਗਈ। ਗੁੰਡਾਂ ਅਨਸਰਾਂ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਕੱਲ੍ਹ 30 ਜਨਵਰੀ ਨੂੰ ਜਗਰਾਂਓ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਝੰਡਾ-ਮਾਰਚ ਕੀਤਾ ਜਾਵੇਗਾ ਇਸੇ ਤਰ੍ਹਾਂ ਨਿਰਦੋਸ਼ ਮਜ਼ਦੂਰਾਂ ਨੂੰ ਉਲਝਾਉਣ ਲਈ ਪਾਏ ਝੂਠੇ ਕੇਸ ਵਾਪਿਸ ਕਰਵਾਉਣ ਲਈ ਡੀਐਸਪੀ ਦਫ਼ਤਰ ਜਗਰਾਂਓ ਅੱਗੇ 2 ਫਰਵਰੀ ਨੂੰ ਰੋਸ਼ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸਮੂਹ ਕਿਸਾਨ-ਮਜ਼ਦੂਰ ਜੱਥੇਬੰਦੀਆਂ ਨੂੰ ਹਿਮਾਇਤ ਕਰਨ ਦੀ ਵੀ ਅਪੀਲ ਕੀਤੀ।

ਪਿੰਡ ਰਾਮਗੜ੍ਹ ਸਿਵੀਆਂ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸੰੰਬੰਧੀ ਨਗਰ ਕੀਰਤਨ ਸਜਾਇਆ ਗਿਆ

ਰਾਏਕੋਟ, 29 ਜਨਵਰੀ -(ਗੁਰਭਿੰਦਰ ਗੁਰੀ) ਸ਼ੋ੍ਰਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਸਾਲਾਨਾ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਰਾਮਗੜ੍ਹ ਸਿਵੀਆਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਤੇ  ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪ੍ਰਸਿੱਧ ਅੰਤਰਰਾਸ਼ਟਰੀ ਢਾਡੀ ਜੰਸਵੰਤ ਕੌਰ ਜੋਗੇ ਵਾਲੀਆਂ ਬੀਬੀਆਂ ਦੇ ਜੱਥੇ ਵੱਲੋਂ ਸੰਗਤ ਨੂੰ ਪੂਰਾ ਦਿਨ ਗੁਰੂ ਇਤਿਹਾਸ ਨਾਲ ਜਾਣੂ ਕਰਵਾਇਆ ਗਿਆ । ਇਸ ਮੌਕੇ ਜਸਵੀਰ ਸਿੰਘ ਜਲਾਲਦੀਵਾਲ ਕੀਰਤਨੀ ਜੱਥੇ ਵੱਲੋਂ ਸ਼ਬਦ ਕੀਰਤਨ ਨਾਲ ਹਾਜ਼ਰੀ ਲਗਵਾਈ ਗਈ।

ਨਗਰ ਕੀਰਤਨ ਮੌਕੇ ਵੱਖ ਵੱਖ ਪੜ੍ਹਾਵਾਂ ਤੇ ਸੰਗਤਾਂ ਦੁਆਰਾ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ। ਇਸ ਮੌਕੇ ਗ੍ਰੰਥੀ ਪ੍ਰਕਾਸ਼ ਸਿੰਘ, ਸੁਖਦੇਵ ਸਿੰਘ , ਐਡਵੋਕੇਟ ਰਵਿੰਦਰਪਾਲ ਸਿੰਘ ਕੁੱਕੂ, ਬਲਵਿੰਦਰ ਸਿੰਘ ਗੋਪੀ , ਜਗਪਾਲ ਸਿੰਘ ਸਿਵੀਆਂ, ਸੁਰਜੀਤ ਸਿੰਘ ਬਿੱਲੂ, ਸੈਕਟਰੀ ਗੁਰਦੇਵ ਸਿੰਘ,ਹਰਕ੍ਰਿਸ਼ਨ ਸਿੰਘ, ਸੂਬੇਦਾਰ ਹਾਕਮ ਸਿੰਘ, ਵੀਰਪਾਲ ਸਿੰਘ,ਸਿੰਗਾਰਾ ਸਿੰਘ, ਪਰਮਜੀਤ ਸਿੰਘ,ਆਤਮਾ ਸਿੰਘ, ਨੰਬਰਦਾਰ ਸੁਰਿੰਦਰਪਾਲ ਸਿੰਘ, ਸੂਬੇਦਾਰ ਚਮਕੌਰ ਸਿੰਘ,ਮੇਜਰ ਸਿੰਘ ਪੰਚ, ਤਾਰਾ ਸਿੰਘ, ਰਮਨਦੀਪ ਸਿੰਘ, ਮਨਜੀਤ ਸਿੰਘ ਮੰਗਾ, ਸਤਨਾਮ ਸਿੰਘ ਬੱਬਾ ਆਦਿ ਹਾਜ਼ਿਰ ਸਨ।

ਸਰਾਭਾ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆਂ ਨਗਰ ਕੀਰਤਨ ਸਜਾਇਆ ਗਿਆ

 ਸਰਾਭਾ/ਜੋਧਾਂ 29 ਜਨਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ,ਚਾਰ ਸਾਹਿਬਜ਼ਾਦਿਆਂ ਦੀ ਅਗਵਾਹੀ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਗੁਰੂ ਰਵਿਦਾਸ ਸਰਾਭਾ ਤੋਂ ਸ਼ੁਰੂ ਕਰਕੇ ਪੂਰੇ ਪਿੰਡ ਦੀ ਪਰਿਕਿਰਿਆ ਕਰਦੇ ਹੋਏ ਦੇਰ ਰਾਤ ਸ਼ਾਮ ਨੂੰ ਗੁਰੂ ਘਰ ਵਿਚ ਜਾ ਕੇ ਸਮਾਪਤ ਹੋਇਆ ।ਇਸ ਮੌਕੇ ਇੰਟਰਨੈਸ਼ਨਲ ਢਾਡੀ ਜਥੇਦਾਰ ਹਰਦੀਪ ਸਿੰਘ ਬੱਲੋਵਾਲ ਅਤੇ ਸਾਥੀਆਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਨਕਲਾਬੀ ਜੀਵਨ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ।ਇਸ ਸਮੇਂ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਤੇ ਭਾਈ ਬਲਜਿੰਦਰ ਸਿੰਘ ਸਰਾਭਾ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਨਗਰ ਕੀਰਤਨ 'ਚ ਸਿੱਖ ਇਤਿਹਾਸ ਦੀਆਂ ਝਲਕੀਆਂ ਖਿੱਚ ਦਾ ਕੇਂਦਰ ਸਨ। ਉਥੇ ਹੀ ਗਤਕਾ ਪਾਰਟੀ ਦੇ ਸਿੱਖ ਨੌਜਵਾਨਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ। ਵੱਖ ਵੱਖ ਪੜਾਵਾਂ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਗੁਰੂ ਕੇ ਲੰਗਰ ਵੀ ਸਜਾਏ ਗਏ।

ਸੂਫ਼ੀ ਮਹਿਫ਼ਲ ਤੇ ਭੰਡਾਰਾ 2 ਫਰਵਰੀ ਨੂੰ

ਬਰਨਾਲਾ, 29 ਜਨਵਰੀ  ( ਅਵਤਾਰ ਸਿੰਘ ਰਾਏਸਰ  )ਪਿੰਡ ਰਾਏਸਰ ਵਿਖੇ ਪੀਰ ਗਿਆਰਵੀਂ ਵਾਲੇ ਦੇ ਦਰਬਾਰ ਤੇ ਸਮੂਹ ਨਗਰ -ਨਿਵਾਸ਼ੀਆਂ ਵੱਲੋਂ ਸੂਫ਼ੀ ਮਹਿਫ਼ਲ ਤੇ ਭੰਡਾਰਾ 2 ਫਰਵਰੀ ਦਿਨ ਵੀਰਵਾਰ ਨੂੰ ਸ਼ਰਧਾ ਤੇ ਧੂਮ -ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਪ੍ਰਬੰਧਕ ਕਮੇਟੀ ਸਤਨਾਮ ਸਿੰਘ ਗਿੱਲ, ਕਾਕਾ ਧਾਲੀਵਾਲ, ਬਲਬੀਰ ਗਿੱਲ, ਦੁੱਲਾ ਮੈਂਬਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸੂਫ਼ੀ ਮਹਿਫ਼ਲ  ਤੇ ਭੰਡਾਰਾ 2 ਫਰਵਰੀ ਨੂੰ ਪਿੰਡ  ਰਾਏਸਰ ਵਿਖੇ ਕਾਲਸਾਂ ਪੱਤੀ ਪੀਰ ਬਾਬਾ ਗਿਆਰਵੀਂ ਵਾਲੇ ਦੇ ਦਰਬਾਰ ਤੇ ਹੋਵੇਗਾ ਇਸ ਮੌਕੇ ਪੰਜਾਬ ਦੇ ਮਸ਼ਹੂਰ ਕੱਵਾਲ ਅਨੀਸ ਮੁਹੰਮਦ ਐਂਡ ਪਾਰਟੀ ਮੁਬਾਰਕਪੁਰ ਚੂੰਘਾਂ ਵਾਲੇ ,ਗਾਇਕ ਚੰਨੀ ਚੱਕ ਵਾਲਾ, ਸਮਰਾਟ ਰਾਏਕੋਟੀ ਪੀਰਾਂ ਦਾ ਗੁਣਗਾਣ ਕਰਨਗੇ । ਇਸ ਮੌਕੇ ਜਲੇਬੀਆਂ ਦਾ ਭੰਡਾਰਾ ਤੇ ਲੰਗਰ ਅਤੁੱਟ ਵਰਤੇਗਾ ।

83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ ਕਿਲ੍ਹਾ ਰਾਏਪੁਰ 3 ਤੋਂ 5 ਫਰਵਰੀ ਤੱਕ

ਲੁਧਿਆਣਾ, 29 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੰਜਾਬ ਦੇ ਖੇਡ ਇਤਿਹਾਸ ਤੇ ਸੱਭਿਆਚਾਰ ‘ਚ ਸੁਨਹਿਰੀ ਅੱਖਰਾਂ ਵਾਂਗ ਚਮਕਦੇ ਪਿੰਡ ਕਿਲ੍ਹਾ ਰਾਏਪੁਰ ਦਾ 83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ 3 ਤੋਂ 5 ਫਰਵਰੀ ਤੱਕ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਵੱਲੋਂ ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਵ. ਮਾਤਾ ਕੁਲਦੀਪ ਕੌਰ ਗਰੇਵਾਲ ਅਤੇ ਸਵ. ਕਮਲਜੀਤ ਸਿੰਘ ਗਰੇਵਾਲ (ਕਮਲ) ਨੂੰ ਸਮਰਪਿਤ ਇਸ ਖੇਡ ਉਤਸਵ ਸਬੰਧੀ ਅੱਜ ਇੱਥੇ ਪ੍ਰੈਸ ਮਿਲਣੀ ਦੌਰਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਗੁਰਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਸਰਪੰਚ ਗਿਆਨ ਸਿੰਘ, ਬਲਜੀਤ ਸਿੰਘ ਤੇ ਦਵਿੰਦਰ ਸਿੰਘ ਪੂਨੀਆ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਹੋਰ ਅਮੀਰੀ ਪ੍ਰਦਾਨ ਕਰਨ ਦੇ ਯਤਨਾਂ ਵਜੋਂ ਉਕਤ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਇੰਨ੍ਹਾਂ ਖੇਡਾਂ ਦੌਰਾਨ ਹਰ ਤਰ੍ਹਾਂ ਦੀਆਂ ਖੇਡ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿੰਨ੍ਹਾਂ ‘ਚ ਵਿਰਾਸਤੀ ਖੇਡਾਂ, ਉਲੰਪਿਕ ਲਹਿਰ ਨਾਲ ਜੁੜੀਆਂ ਖੇਡਾਂ ਅਤੇ ਪੰਜਾਬ ਦੀਆਂ ਮਾਰਸ਼ਲ ਖੇਡਾਂ ਸ਼ਾਮਲ ਹਨ। 
ਪ੍ਰਬੰਧਕਾਂ ਨੇ ਦੱਸਿਆ ਕਿ ਰੂਰਲ ਫੈਸਟੀਵਲ ਦੇ ਪਹਿਲੇ ਦਿਨ ਭੰਗੜਾ, ਗਿੱਧਾ, ਗਤਕਾ, ਬਾਜੀਗਰਾਂ ਦੇ ਕਰਤੱਵ, ਹਾਕੀ ਓਪਨ (ਲੜਕੇ ਤੇ ਲੜਕੀਆਂ), ਪ੍ਰਾਇਮਰੀ ਸਕੂਲ ਨੈਸ਼ਨਲ ਸਟਾਈਲ ਕਬੱਡੀ (ਲੜਕੀਆਂ) ਤੇ ਦੌੜਾਂ (ਦੋਨੋਂ ਵਰਗ ਹੀਟਸ), ਦੌੜਾਂ 100, 200, 400 ਤੇ 1500 ਮੀਟਰ, ਲੰਬੀ ਛਾਲ ਤੇ ਉੱਚੀ ਛਾਲ ਫਾਈਨਲ (ਲੜਕੇ ਤੇ ਲੜਕੀਆਂ) ਤੇ ਰੱਸਾਕਸੀ, 65 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਦੀਆਂ ਦੌੜਾਂ, ਪੈਰਾਗਲਾਈਡਿੰਗ ਸ਼ੋਅ  ਹੋਣਗੀਆਂ। 
ਦੂਸਰੇ ਦਿਨ 4 ਫਰਵਰੀ ਨੂੰ ਬਾਜੀਗਰਾਂ ਦੇ ਕਰਤੱਵ, ਹਾਕੀ ਦੋਨੋਂ ਵਰਗ ਸੈਮੀਫਾਈਨਲ, 70 ਸਾਲ ਦੇ ਬਜੁਰਗਾਂ ਦੀਆਂ ਦੌੜਾਂ, 200 ਤੇ 800 ਮੀਟਰ ਦੌੜਾਂ (ਦੋਨੋਂ ਵਰਗ) ਫਾਈਨਲ, ਕਬੱਡੀ ਲੜਕੀਆਂ (ਪੰਜਾਬ ਤੇ ਹਰਿਆਣਾ) ਦਾ ਸ਼ੋਅ ਮੈਚ, ਰੱਸਾਕਸੀ ਸੈਮੀਫਾਈਨਲਜ਼, ਸਾਈਕਲ ਦੌੜ 3200 ਮੀਟਰ ਲੜਕੀਆਂ ਲਈ ਤੇ 4800 ਮੀਟਰ ਲੜਕਿਆਂ ਲਈ, ਪ੍ਰਾਇਮਰੀ ਸਕੂਲ ਦੌੜਾਂ ਫਾਈਨਲ (ਲੜਕੇ ਤੇ ਲੜਕੀਆਂ), ਪ੍ਰਾਇਮਰੀ ਸਕੂਲ ਲੜਕੀਆਂ ਦੀ ਕਬੱਡੀ ਨੈਸ਼ਨਲ ਸਟਾਈਲ ਸੈਮੀਫਾਈਨਲਜ਼, ਵਿਰਾਸਤੀ ਖੇਡਾਂ ਨਾਲ ਸਬੰਧਤ ਵਿਅਕਤੀਗਤ ਕਰਤੱਬ ਅਤੇ ਗੁਰੂ ਕੀਆਂ ਲਾਡਲੀਆਂ ਫੌਜਾਂ (ਨਿਹੰਗ ਸਿੰਘਾਂ) ਦੇ ਕਰਤੱਬ ਮੁੱਖ ਅਕਾਰਸ਼ਨ ਹੋਣਗੇ। ਪੰਜ ਫਰਵਰੀ ਨੂੰ ਹਾਕੀ ਆਲ ਓਪਨ ਫਾਈਨਲ (ਲੜਕੇ ਤੇ ਲੜਕੀਆਂ), 70 ਸਾਲ ਤੋਂ ਜਿਆਦਾ ਉਮਰ ਵਰਗ ਦੇ ਬਾਬਿਆਂ ਦੀਆਂ ਦੌੜਾਂ ਦੇ ਫਾਈਨਲ, 100, 400 ਤੇ 800 ਮੀਟਰ ਦੌੜਾਂ (ਲੜਕੇ ਤੇ ਲੜਕੀਆਂ) ਦੇ ਫਾਈਨਲ, ਪ੍ਰਾਇਮਰੀ ਸਕੂਲ ਨੈਸ਼ਨਲ ਸਟਾਈਲ ਕਬੱਡੀ ਫਾਈਨਲ, ਰੱਸਾਕਸੀ ਫਾਈਨਲ, ਵਿਰਾਸਤੀ ਖੇਡਾਂ ਦੇ ਵਿਅਕਤੀਗਤ ਕਰਤੱਬ ਮੁਕਾਬਲੇ ਹੋਣਗੇ। ਆਖਰੀ ਦਿਨ ਆਲ ਓਪਨ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।
ਹਰ ਰੋਜ਼ ਸ਼ਾਮ ਨੂੰ ਨਾਮਵਰ ਗਾਇਕਾਂ ਦੇ ਅਖਾੜੇ ਸਜਣਗੇ। ਹਾਕੀ ਟੀਮਾਂ ਦਾ ਇਨਾਮ ਮਹਿੰਦਰ ਪ੍ਰਤਾਪ ਸਿੰਘ ਯਾਦਗਾਰੀ ਟਰੱਸਟ ਵੱਲੋਂ ਦਿੱਤਾ ਜਾਵੇਗਾ। ਖਿਡਾਰੀਆਂ ਲਈ ਤਿੰਨੇ ਦਿਨ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ।
ਤਸਵੀਰ- ਕਿਲ੍ਹਾ ਰਾਏਪੁਰ ਦੀਆਂ ਖੇਡਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਰਨਲ ਸੁਰਿੰਦਰ ਸਿੰਘ ਗਰੇਵਾਲ ਤੇ ਸਾਥੀ। ਦੂਸਰੀ ਤਸਵੀਰ ਕਿਲ੍ਹਾ ਰਾਏਪੁਰ ਖੇਡਾਂ ਦਾ ਪੋਸਟਰ ਜਾਰੀ ਕਰਦੇ ਹੋਏ ਕਰਨਲ ਸੁਰਿੰਦਰ ਸਿੰਘ ਗਰੇਵਾਲ ਤੇ ਸਾਥੀ। ਸੰਪਰਕ ਨੰਬਰ: 9779590575

ਸੀ੍ ਮਤੀ ਰਾਮ ਪ੍ਰਕਾਸ਼ ਕੌਰ ਜੀ ਨੂੰ ਦਿੱਤੀ ਜਾਵੇਗੀ 31 ਜਨਵਰੀ ਨੂੰ ਵਿਦਾਇਗੀ ਪਾਰਟੀ

ਸੀ੍ ਮਤੀ ਰਾਮ ਪ੍ਰਕਾਸ਼ ਕੌਰ ਜੀ (ਐਸ ਐਸ ਮਿਸਟੈ੍ਸ)ਜੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ ਤੋਂ ਵਿਦਾਇਗੀ ਸਮੇਂ ਤੇ ਵਿਸ਼ੇਸ਼

 ਜਗਰਾਉਂ - 29 ਜਨਵਰੀ(ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ )ਸੀ੍ ਮਤੀ ਰਾਮ ਪ੍ਰਕਾਸ਼ ਕੌਰ ਜੀ (ਐਸ ਐਸ ਮਿਸਟੈ੍ਸ)ਜੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ ਤੋਂ ਆਪਣੀਆਂ 28 ਸਾਲ 3 ਮਹੀਨੇ ਦੀਆਂ ਸ਼ਾਨਦਾਰ, ਬੇਮਿਸਾਲ ਸੇਵਾਵਾਂ ਨਿਭਾਉਂਦਿਆ 31 ਜਨਵਰੀ ਨੂੰ ਰਿਟਾਇਰ ਹੋ ਰਹੇ ਹਨ।

ਸੀ੍ ਮਤੀ ਰਾਮ ਪ੍ਰਕਾਸ਼ ਕੌਰ ਜੀ ਦਾ ਜਨਮ ਗੋਬਿੰਦਗੜ੍ਹ (ਲੁਧਿਆਣਾ) ਵਿਖੇ ਸਰਦਾਰ ਅਜੀਤ ਸਿੰਘ ਜੀ ਦੇ ਘਰ ਮਾਤਾ ਸੁਰਜੀਤ ਕੌਰ ਜੀ ਦੀ ਕੁੱਖੋਂ 8 ਜਨਵਰੀ 1965 ਈਸਵੀ ਨੂੰ ਹੋਇਆ। ਸਰਕਾਰੀ ਪਾ੍ਇਮਰੀ ਸਕੂਲ ਗੋਬਿੰਦਗੜ੍ਹ ਤੋਂ ਪੰਜਵੀਂ ਜਮਾਤ ਤੱਕ ਅਤੇ ਫਿਰ 6 ਵੀਂ ਤੋਂ ਦਸਵੀਂ ਤੱਕ ਦੀ ਵਿਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਢੰਡਾਰੀ ਖ਼ੁਰਦ ਤੋਂ ਪ੍ਰਾਪਤ ਕੀਤੀ, । ਗੁਰੂ ਨਾਨਕ ਗਰਲਜ ਕਾਲਜ ਲੁਧਿਆਣਾ ਤੋਂ ਬੀ,ਏ,ਪਾਸ ਕੀਤੀ, ਬੀ,ਐਡ ਮਾਲਵਾ ਖਾਲਸਾ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ। ਫ਼ਿਰ ਐਮ ਏ ਪੰਜਾਬੀ  ਦੀ ਡਿਗਰੀ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ )ਤੋਂ ਪ੍ਰਾਪਤ ਕੀਤੀ ।

ਫਿਰ ਸੁਭਾਗੇ ਦਿਨ 28/02/1994 ਨੂੰ ਬਤੌਰ ਐਸ ਐਸ ਮਿਸਟੈ੍ਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਆਪਣਾ ਅਧਿਆਪਨ ਦਾ ਪਹਿਲਾ ਕਦਮ ਰੱਖਦਿਆਂ, ਸਿੱਖਿਆ ਵਿਭਾਗ ਵਿਚ ਆਪਣੀ ਹਾਜ਼ਰੀ ਲਵਾਈ।ਇਸ ਉਪਰੰਤ 30/07/1998 ਨੂੰ ਸਰਕਾਰੀ ਹਾਈ ਸਕੂਲ ਰਾਮਗੜ੍ਹ ਭੁੱਲਰ ਵਿਖੇ ਸੇਵਾਵਾਂ ਨਿਭਾਈਆਂ, ਫਿਰ ਸਰਕਾਰੀ ਹਾਈ ਸਕੂਲ ਅਮਰਗੜ੍ਹ ਕਲੇਰ ਵਿਖੇ 03/09/2009 ਨੂੰ , ਫ਼ਿਰ 30/08/2013 ਨੂੰ ਫਿਰ ਦੁਬਾਰਾ ਬਾਬਾ ਨੰਦ ਸਿੰਘ ਜੀ ਦੇ ਨਗਰ ਸ਼ੇਰਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਆ ਕੇ ਆਪਣੀ ਹਾਜ਼ਰੀ ਲਵਾਈ , ਜਿਨ੍ਹਾਂ ਨੇ ਲੰਬਾ ਸਫ਼ਰ ਤਹਿ ਕਰਕੇ, 31 ਜਨਵਰੀ 2023 ਨੂੰ ਰਿਟਾਇਰ ਹੋਣਾ ਹੈ। ਬੱਚਿਆਂ ਦੀ ਹਰਮਨ ਪਿਆਰੀ, ਖੁਸ਼ਦਿਲ ਅਧਿਆਪਕਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ  ਦੇ ਸਮੂਹ ਸਟਾਫ਼ ਵੱਲੋਂ ਬਾਅਦ ਦੁਪਹਿਰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਜਾਵੇਗੀ।

ਲੁਧਿਆਣਾ 'ਚ 1700 ਏਕੜ 'ਚ ਬਣੇਗੀ ਨਵੀਂ ਟਾਊਨਸ਼ਿਪ - ਅਮਨ ਅਰੋੜਾ

 ਮਕਾਨ ਉਸਾਰੀ, ਸ਼ਹਿਰੀ ਵਿਕਾਸ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਵਲੋਂ ਜਰਖੜ ਸਪੋਰਟਸ ਫੈਸਟੀਵਲ 'ਚ ਮੁੱਖ ਮਹਿਮਾਨ ਵਜੋ ਸ਼ਿਰਕਤ
ਪੰਜਾਬ 'ਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਮਾਨ ਸਰਕਾਰ ਵਚਨਬੱਧ - ਅਮਨ ਅਰੋੜਾ
ਜਰਖੜ (ਲੁਧਿਆਣਾ), 29 ਜਨਵਰੀ (ਦਲਜੀਤ ਸਿੰਘ ਰੰਧਾਵਾ ) - ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਖੁਲਾਸਾ ਕੀਤਾ ਕਿ ਲੋਕਾਂ ਨੂੰ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਲਈ, ਲੁਧਿਆਣਾ ਵਿੱਚ 1700 ਏਕੜ ਜ਼ਮੀਨ ਵਿੱਚ ਫੈਲੀ ਇੱਕ ਨਵੀਂ ਟਾਊਨਸ਼ਿਪ ਦੀ ਸਥਾਪਨਾ ਕੀਤੀ ਜਾਵੇਗੀ ਜਦਕਿ ਪੰਜਾਬ ਭਰ ਵਿੱਚ ਆਰਥਿਕ ਪੱਖੋਂ ਕਮਜ਼ੋਰ ਵਰਗ (ਈ.ਡਬਲਿਊ.ਐਸ.) ਨਾਲ ਸਬੰਧਤ ਲੋਕਾਂ ਲਈ 25000 ਫਲੈਟ ਬਣਾਏ ਜਾਣਗੇ।
ਕੈਬਨਿਟ ਮੰਤਰੀ ਵਲੋਂ ਲੁਧਿਆਣਾ ਦੇ ਪਿੰਡ ਜਰਖੜ ਵਿਖੇ ਕਰਵਾਏ ਜਾ ਰਹੇ ਖੇਡ ਮੇਲੇ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਜਰਖੜ ਖੇਡ ਮੇਲੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਿਛਲੇ 10-15 ਸਾਲਾਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੁਝ ਵੀ ਸਾਕਾਰਾਤਮਕ ਨਹੀਂ ਕੀਤਾ ਗਿਆ। ਇਹ ਪਹਿਲੀ ਵਾਰ ਹੈ ਕਿ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਇੱਕ ਮੈਗਾ ਸਪੋਰਟਸ 'ਖੇਡਾ ਵਤਨ ਪੰਜਾਬ ਦੀਆਂ' ਦਾ ਆਯੋਜਨ ਕੀਤਾ ਗਿਆ ਹੈ ਅਤੇ ਇਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਖੇਡ ਹੁਨਰ ਨੂੰ ਨਿਖਾਰਨ ਲਈ ਵੱਡਾ ਪਲੇਟਫਾਰਮ ਮਿਲਿਆ ਹੈ। ਇਨ੍ਹਾਂ ਖੇਡਾਂ ਵਿੱਚ ਬਲਾਕ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ 3 ਲੱਖ ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਅਤੇ ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਮੈਡਲ ਜੇਤੂਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ਵੀ ਖੇਡ ਪ੍ਰੇਮੀ ਹਨ ਅਤੇ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਖੇਡਾਂ ਦਾ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਅਤੇ ਲੋਕ ਪੱਖੀ ਉਪਰਾਲੇ ਕਰਨ ਲਈ ਵਚਨਬੱਧ ਹੈ।
ਕੈਬਨਿਟ ਮੰਤਰੀ ਨੇ ਸੂਬੇ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਣ ਬਾਰੇ ਕੀਤੀਆਂ ਬੇਬੁਨਿਆਦ ਟਿੱਪਣੀਆਂ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਵੀ ਆਲੋਚਨਾ ਕੀਤੀ।
ਉਨ੍ਹਾਂ ਜਰਖੜ ਖੇਡ ਮੇਲੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਖੇਡਾਂ ਕਰਵਾਉਣ ਲਈ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਸਟੇਡੀਅਮ ਵਿੱਚ ਐਸਟ੍ਰੋਟਰਫ ਸਥਾਪਤ ਕਰਨ ਦੇ ਪ੍ਰਸਤਾਵ ਬਾਰੇ ਮੁੱਖ ਮੰਤਰੀ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਵਿੱਚ ਲਗਾਇਆ ਗਿਆ ਮੁਫਤ ਮੈਡੀਕਲ ਚੈੱਕਖ਼ਅੱਪ

ਭੀਖੀ, 29 ਜਨਵਰੀ ( ਜਿੰਦਲ) ਸਥਾਨਿਕ ਡੇਰਾ ਬਾਬਾ ਗੁੱਦੜਸ਼ਾਹ ਵੱਲੋਂ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਵਿੱਚ ਬੱਚਿਆਂ ਦਾ ਮੁਫਤ ਚੈੱਕ-ਅੱਪ ਕੈਂਪ ਲਗਾਇਆਂ ਗਿਆ। ਇਸ ਕੈਂਪ ਵਿੱਚ ਬੱਚਿਆਂ ਦੇ ਮਾਹਿਰ ਡਾ: ਰਜਨੀਸ਼ ਸਿੰਘ ਸਿੰਧੂ (ਐਮ.ਬੀ.ਬੀ.ਐਸ), ਐਮ.ਡੀ. (ਪੈਡਐਟਰਿਸਕ) ਨੇ ਬੱਚਿਆਂ ਦਾ ਚੈੱਕ ਅੱਪ ਕੀਤਾ।ਜਿਸ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਅਤੇ ਸਥਾਨਕ ਨਗਰ ਦੇ ਬੱਚਿਆਂ ਨੇ ਭਾਗ ਲਿਆ। ਇਸ ਵਿੱਚ 100 ਦੇ ਲੱਗਭੱਗ ਬੱਚਿਆਂ ਦਾ ਚੈੱਕ-ਅੱਪ ਕੀਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਅਤੇ ਵਾਇਸ ਪ੍ਰਧਾਨ ਵਿਸ਼ੇਸ ਰੂਪ ਵਿੱਚ ਹਾਜਿਰ ਸਨ। ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਡੇਰਾ ਬਾਬਾ ਗੁੱਦੜਸ਼ਾਹ ਕਮੇਟੀ, ਡਾ: ਰਜਨੀਸ਼ ਸਿੰਧੂ ਅਤੇ ਪਹੁੰਚੇ ਹੋਏ ਮਾਪਿਆ ਦਾ ਧੰਨਵਾਦ ਕੀਤਾ।

ਗੁੱਜਰਵਾਲ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ 

ਭਗਤ ਰਵਿਦਾਸ ਜੀ ਨੇ ਸਾਡੇ ਸਮਾਜ ਚੋਂ ਜਾਤ ਪਾਤ ਖਤਮ ਕਰਨ ਲਈ ਅਵਾਜ ਉਠਾਈ - ਵਿਧਾਇਕ ਇਆਲੀ

ਜੋਧਾਂ / ਸਰਾਭਾ 29 ਜਨਵਰੀ (ਦਲਜੀਤ ਸਿੰਘ ਰੰਧਾਵਾ) ਭਗਤ ਰਵਿਦਾਸ ਜੀ ਨੌਜਵਾਨ ਸਭਾ ਗੁੱਜਰਵਾਲ ਵਲੋਂ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਦੇ ਸਹਿਯੋਗ ਨਾਲ ਗੁਰਦਵਾਰਾ ਭਾਈ ਕਾ ਡੇਰਾ ਸਾਹਿਬ ਗੁੱਜਰਵਾਲ ਵਿਖੇ ਮਨਾਇਆ ਗਿਆ।ਇਸ ਵਿਸ਼ੇਸ਼ ਮੌਕੇ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਹਲਕਾ ਦਾਖਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਮਹਾਨ ਗੁਰੂਆਂ, ਯੋਧਿਆਂ, ਸ਼ਹੀਦਾਂ ਅਤੇ ਪੈਗੰਬਰਾਂ ਦੀ ਧਰਤੀ ਹੈ, ਇਹਨਾਂ ਮਹਾਨ ਗੁਰੂਆਂ ਸਾਹਿਬਾਨਾਂ ਨੇ ਮਨੁੱਖਤਾ ਨੂੰ ਕਿਰਤ ਕਰਨ, ਨਾਮ ਸੇਵਾ ਸਿਮਰਨ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਦੇ ਕੇ ਇਸ ਸੰਸਾਰ ਚ ਵਿਚਰਣ ਦਾ ਸੰਦੇਸ਼ ਦਿੱਤਾ।ਸ਼੍ਰੀ ਗੁਰੂ ਰਵਿਦਾਸ ਜੀ ਦਾ ਵੀ ਸਿੱਖ ਇਤਿਹਾਸ ਚ ਵਿਸ਼ੇਸ਼ ਸਥਾਨ ਹੈ।ਗੁਰੂ ਸਾਹਿਬ ਨੇ ਸਾਡੇ ਸਮਾਜ ਚ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੁਕਣ ਲਈ ਅਵਾਜ ਉਠਾਈ।ਉਹਨਾਂ ਨੇ ਸਾਡੇ ਸਮਾਜ ਚੋਂ ਜਾਤ ਪਾਤ ਅਤੇ ਭਰਮਾਂ ਦੀ ਸਮਾਪਤੀ ਲਈ ਲੋਕਾਂ ਨੂੰ ਜਾਗਰੂਕ ਕੀਤਾ।ਸੰਤ ਰਣਜੀਤ ਸਿੰਘ ਭੈਣੀ ਰੋੜਾ ਵਾਲਿਆਂ ਨੇ ਕਥਾ, ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮਲਕੀਤ ਸਿੰਘ ਨਹਿਰੂ, ਜਗਰੂਪ ਸਿੰਘ ਪੰਚਾਇਤ ਸਕੱਤਰ, ਸਤਨਾਮ ਸਿੰਘ, ਲਖਵੀਰ ਸਿੰਘ ਧਾਲੀਵਾਲ, ਮਾ. ਜਗਤਾਰ ਸਿੰਘ ਤਾਰੀ ਆਦਿ ਨੇ ਵਿਧਾਇਕ ਇਆਲੀ ਦਾ ਸਨਮਾਨ ਕੀਤਾ।ਇਸ ਪ੍ਰਕਾਸ਼ ਪੁਰਬ ਸਮਾਗਮ ਤੇ ਰਾਹਤ ਹਸਪਤਾਲ ਜੋਧਾਂ ਵਲੋਂ ਡਾ, ਨਿਤੀ ਰਾਣਾ ਅਤੇ ਟੀਮ ਮੈਂਬਰਾਂ ਪਰਮਿੰਦਰ ਕੌਰ, ਹਰਪ੍ਰੀਤ ਕੌਰ, ਰਾਜਿੰਦਰ ਕੁਮਾਰ, ਸੁਨੀਲ ਕੁਮਾਰ (ਵਸ਼ੂ ਫਰਮਾ ਅਤੇ ਧਨਵੰਤਰੀ ਫਰਮਾ) ਵਲੋਂ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਇਸ ਮੌਕੇ ਰਣਧੀਰ ਸਿੰਘ ਭੋਲਾ, ਪੰਚ ਰਾਜਿੰਦਰ ਸਿੰਘ, ਮਾ. ਰਮਨਦੀਪ ਸਿੰਘ, ਮਾ. ਬਲਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ ਦੁਲੇਅ, ਹਰਮੇਲ ਸਿੰਘ ਟੀਟੂ, ਗੁਰਜੀਤ ਸਿੰਘ, ਨਿਰਮਲ ਸਿੰਘ ਨਿੰਮੋ, ਗੁਰਦੀਪ ਸਿੰਘ, ਹਰਮਨ ਗਰੇਵਾਲ, ਗੁਰਿੰਦਰਜੀਤ ਸਿੰਘ ਗੋਲਡੀ ਸਰਕਲ ਪ੍ਰਧਾਨ, ਸਤਪ੍ਰੀਤ ਸਿੰਘ, ਕੁਲਦੀਪ ਸਿੰਘ, ਭਰਪੂਰ ਸਿੰਘ ਭੂਰੀ, ਰਾਗੀ ਨਿਰਮਲ ਸਿੰਘ, ਰਾਗੀ ਗਗਨਦੀਪ ਸਿੰਘ, ਯਮਲਾ ਸਿੰਘ, ਲਖਵੀਰ ਲਾਲੀ, ਪਵਨਦੀਪ ਸਿੰਘ ਆਦਿ ਹਾਜਰ ਸਨ।

ਨਰਸਿੰਗ ਕਾਲਜ ਸਰਾਭਾ ਵਿਖੇ 'ਹੈਪੇਟਾਈਟਸ ਅੱਪਡੇਟ ਪ੍ਰੋਗਰਾਮ" ਤਹਿਤ 2 ਦਿਨਾਂ ਵਰਕਸ਼ਾਪ ਲਗਾਈ ਗਈ 

ਜੋਧਾਂ / ਸਰਾਭਾ 29 ਜਨਵਰੀ (ਦਲਜੀਤ ਸਿੰਘ ਰੰਧਾਵਾ) ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ਆਫ਼ ਨਰਸਿੰਗ, ਪਿੰਡ ਸਰਾਭਾ  ਵਿਖੇ ਇੰਡੀਅਨ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸ, ਨਵੀਂ ਦਿੱਲੀ ਦੇ ਪ੍ਰੋਜੈਕਟ ਪ੍ਰਕਾਸ਼ ਦੇ ਸਹਿਯੋਗ ਨਾਲ "ਹੈਪੇਟਾਈਟਸ ਅੱਪਡੇਟ ਪ੍ਰੋਗਰਾਮ" ਬਾਰੇ 2 ਦਿਨਾਂ ਵਰਕਸ਼ਾਪ ਲਗਾਈ ਗਈ । ਨਰਸਿੰਗ ਦੇ ਵਿਦਿਆਰਥੀਆਂ ਲਈ "ਵਾਇਰਲ ਹੈਪੇਟਾਈਟਸ ਅਤੇ ਇਸ ਦੀਆਂ ਪੇਚੀਦਗੀਆਂ" ਵਿਸ਼ੇ 'ਤੇ ਵਰਕਸ਼ਾਪ ਮੌਕੇ ਸਮੁੱਚੇ ਪ੍ਰੋਗਰਾਮ ਦਾ ਆਯੋਜਨ ਡਾ: ਪ੍ਰਭਜੋਤ ਸੈਣੀ, ਪ੍ਰਿੰਸੀਪਲ  ਐਸ.ਕੇ.ਐਸ.ਐਸ. ਕਾਲਜ ਆਫ਼ ਨਰਸਿੰਗ, ਸਰਾਭਾ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਹੈਪੇਟਾਈਟਸ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਡਾ. ਪ੍ਰਭਜੋਤ ਸੈਣੀ, ਪ੍ਰਿੰਸੀਪਲ ਕਾਲਜ ਆਫ਼ ਨਰਸਿੰਗ ਨੇ WHO ਦੇ ਸਹਿਯੋਗ ਨਾਲ ਜਾਗਰੂਕਤਾ ਪ੍ਰੋਗਰਾਮ ਦੇ ਉਦੇਸ਼ ਦੀ ਸ਼ੁਰੂਆਤ ਕੀਤੀ ਜਿਸ ਦਾ ਟੀਚਾ 2030 ਤੱਕ ਹੈਪੇਟਾਈਟਸ ਨੂੰ ਖਤਮ ਕਰਨਾ ਹੈ l ਇਸ ਮੌਕੇ  ਵਿਦਿਆਰਥੀਆਂ ਅਤੇ ਅਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ । 

ਗੁ: ਗੁਰ ਗਿਆਨ ਪ੍ਰਕਾਸ਼ ਜੱਵਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆ

ਮਨੁੱਖੀ ਮਨ ਅੰਦਰ ਸੱਚ ਦਾ ਪ੍ਰਕਾਸ਼ ਕਰ ਦੇਣ ਦੀ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜੀ ਕੋਲ ਹੈ- ਸੰਤ ਅਮੀਰ ਸਿੰਘ
ਲੁਧਿਆਣਾ, 29 ਜਨਵਰੀ (ਕਰਨੈਲ ਸਿੰਘ ਐੱਮ.ਏ.)-ਮਨੁੱਖ ਆਪਣੇ ਮੰਦੇ ਅਮਲਾਂ ਕਾਰਨ ਦੁਨੀਆਂ ‘ਤੇ ਆਕੇ ਸਭ ਕੁਝ ਭੁੱਲ ਜਾਂਦਾ ਕਿ ਉਹ ਕਿੱਥੋਂ ਆਇਆ ਤੇ ਕਿੱਥੇ ਜਾਣਾ। ਸਭ ਕੁੱਝ ਆਪਣਾ ਸਮਝ “ਮੈਂ”ਕੀਤਾ, “ਮੈਂ”ਲਿਆ, “ਮੇਰਾ”ਏਹ-ਓਹ ਵਗੈਰਾ, ਵਗੈਰਾ ਕਰਦਾ ਹੈ। ਇਸੇ ਤਰ੍ਹਾਂ ਹਾਉਮੈ ਆਉਦੀ ਹੈ। ਉਹ “ਨਾਮ”ਤਾਂ ਕੀ ਧਿਆ ਸਕਦਾ, ਜੇਕਰ ਹਾਉਮੈਂ ਤੋਂ ਮੁਕਤੀ ਪਾਵੇ। ਜਦੋਂ ਮਨੁੱਖ ਆਪਣੇ ਮਨ ਵਿਚੋਂ ਹਉਮੈਂ ਕੱਢ ਕੇ ਆਪਣਾ ਮਨ ਸਾਫ ਕਰ ਲਵੇਗਾ ਤਾਂ ਉਸਦੇ ਦੁੱਖ-ਦਰ ਹੋ ਜਾਣਗੇ। ਉਪ੍ਰੋਕਤ ਪ੍ਰਵਚਨ ‘ਜਵੱਦੀ ਟਕਸਾਲ’ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਟਕਸਾਲ ਦੇ ਮੁੱਖ ਅਸਥਾਨ ਗੁਰਦੁਆਰਾ ‘ਗੁਰਗਿਆਨ ਪ੍ਰਕਾਸ਼’ ਜਵੱਦੀ ਕਲਾਂ ਵਿਖੇ ਹਫਤਾਵਾਰੀ “ਨਾਮ ਸਿਮਰਨ”ਸਮਾਗਮ ਦੌਰਾਨ ਜੁੜੀਆਂ ਸੰਗਤਾਂ ਵਿਚ “ਆਤਮ-ਵਿਸ਼ਲੇਸ਼ਣ”ਕਰਨ ਵਿਸ਼ੇ ‘ਤੇ ਗੁਰਮਤਿ ਦੀ ਰੋਸ਼ਨੀ ‘ਚ ਪ੍ਰਗਟਾਉਦਿਆਂ ਜੋਰ ਦਿੱਤਾ ਕਿ ਦੁਨਿਆਵੀ ਪਦਾਰਥ ਵੀ ਸੀਮਾ ਦੇ ਦਾਇਰੇ ‘ਚ ਸਹੀ ਹਨ, ਪਰ “ਨਾਮ ਧਨ”ਤੋਂ ਬਿਨਾ ਬਾਕੀ ਧਨ ਦੌਲਤ ਵਿਅਰਥ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਮਨੁੱਖੀ ਮਨ ਅੰਦਰ ਸੱਚ ਦਾ ਪ੍ਰਕਾਸ਼ ਕਰ ਦੇਣ ਦੀ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜੀ ਕੋਲ ਹੈ। ਉਹ ਸਭ ਦੇ ਮਨ ਦੀਆਂ ਜਾਣਦਾ ਹੈ। ਇਸ ਲਈ ਆਤਮਾ ਨੂੰ ਸ਼ੁੱਧ ਕਰਨ ਲਈ ਨਾਮ ਰੰਗ, ਪ੍ਰੇਮ-ਭਗਤੀ, ਪ੍ਰਭੂ-ਚਿੰਤਨ ਕਰਨਾ ਚਾਹੀਦਾ ਹੈ। ਜਿਕਰ ਕਰਨਾ ਬਣਦਾ ਹੈ ਕਿ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਆਪਣੇ ਵੱਡੇ ਮਹਾਪੁਰਸ਼ਾਂ ਵਾਂਗੂੰ ਨਾਮ ਸਿਮਰਨ ਸਮਾਗਮ ਦੌਰਾਨ ਦੌਰਾਨ ਜੁੜਦੀਆਂ ਸੰਗਤਾਂ ਨੂੰ ਸਮਝ ਤੇ ਸਮਝਾਉਣ ਦੇ ਸੰਕਲਪ ‘ਚ ਸਹਿਜਮਈ ਪੱਖ ਕੌਮੀ ਫਰਜ਼ ਨੂੰ ਸਮਝਦਿਆਂ ਨਿਰੰਤਰ ਕਾਰਜ਼ਸ਼ੀਲ ਹਨ।

 

ਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ

ਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਹੋਏ

ਡੋਗਰਿਆਂ ਦੇ ਵਿਸਵਾਸਘਾਤ ਕਾਰਨ ਸਿੱਖ ਰਾਜ ਗੁਆਚਾ- ਜਥੇਦਾਰ ਗਿਆਨੀ ਰਘੂਬੀਰ ਸਿੰਘ
ਪਟਨਾ ਸਾਹਿਬ/ ਅੰਮ੍ਰਿਤਸਰ, 29 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਖਾਲਸਾ ਰਾਜ ਦੇ ਸਿਪਾ ਸਲਾਰ, ਧਰਮਵੀਰ ਅਰਦਾਸੇ ਦੇ ਪਹਿਰੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਮਿਸਾਲੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ ਬੁੱਢਾ ਦਲ ਵਲੋਂ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਮਤਿ ਦੇ ਵਿਦਵਾਨਾਂ ਨੇ ਅਕਾਲੀ ਜੀ ਦੇ ਜੀਵਨ ਬਾਰੇ ਭਾਵਪੂਰਤ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸੁਝਵਾਨ ਆਗੂ ਕੰਨਾਂ ਦਾ ਕੱਚਾ ਤੇ ਲਾਈਲੱਗ ਨਹੀਂ ਹੋਣਾ ਚਾਹੀਦਾ।ਉਨ੍ਹਾਂ ਕਿਹਾ ਮਹਾਰਾਜਾ ਰਣਜੀਤ ਸਿੰਂਘ ਵਾਲਾ ਖ਼ਾਲਸਾ ਰਾਜ ਕਦੀ ਨਾ ਗੁਆਚਦਾ ਜੇ ਉਹ ਖ਼ਾਲਸਾ ਰਾਜ ਦੇ ਉਸਰੱਈਏ ਜਥੇਦਾਰ ਅਕਾਲੀ ਬਾਬਾ ਫੁਲਾ ਸਿੰਘ ਦੀ ਡੋਗਰੀਆਂ ਤੋਂ ਦੁਰ ਰਹਿਣ ਦੀ ਗੱਲ ਮਨ ਲੈਂਦਾ।ਉਨ੍ਹਾਂ ਆਪਣੇ ਭਾਸ਼ਨ ‘ਚ ਕਿਹਾ ਕਿ ਚੁਗਲਖੋਰਾ ਤੇ ਖ਼ਾਲਸਾ ਰਾਜ ਦੇ ਵਿਰੋਧਿਆਂ ਉਪਰ ਭਰੋਸਾ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਲਸਾ ਰਾਜ ਦਾ ਨੁਕਸਾਨ ਕਰਾ ਲਿਆ। ਪਰ ਅਕਾਲੀ ਬਾਬਾ ਫੂਲਾ ਸਿੰਘ ਅਖੀਰ ਤੱਕ ਖ਼ਾਲਸਾ ਰਾਜ ਦੇ ਵਿਸਤਾਰ ਤੇ ਸਥਾਪਤੀ ਲਈ ਲੜਦੇ ਸ਼ਹੀਦ ਹੋ ਗਏ। ਇਹੋ ਜਹੇ ਮਹਾਨ ਜਰਨੈਲ ਦੀ ਸ਼ਹੀਦੀ ਸ਼ਤਾਬਦੀ ਮਨਾਉਣੀ ਬੁੱਢਾ ਦਲ ਦਾ ਸਾਰਥਕ ਕਦਮ ਹੈ।ਸਭ ਸੰਸਥਾਂਵਾਂ ਨੂੰ ਬੁੱਢਾ ਦਲ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸ਼ਤਾਬਦੀ ਨੂੰ ਸਮਰਪਿਤ ਦਸ਼ਮ ਪਾਤਸਾਹ ਦੇ ਪ੍ਰਕਾਸ਼ ਸਥਾਨ ਤੇ ਰਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਵਿੰਦਰ ਸਿੰਘ, ਭਾਈ ਜੋਗਿੰਦਰ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਸਿੰਘ ਸਾਹਿਬ ਭਾਈ ਬਲਦੇਵ ਸਿੰਘ ਕਾਰਜਕਾਰੀ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਗਿਆਨੀ ਪ੍ਰਿਤਪਾਲ ਸਿੰਘ ਪਟਿਆਲਾ, ਸਿੰਘ ਸਾਹਿਬ ਭਾਈ ਸੁਖਦੇਵ ਸਿੰਘ, ਸੰਤ ਜੋਗਾ ਸਿੰਘ ਕਰਨਾਲ ਵਾਲੇ, ਬੁੱਢਾ ਦਲ ਦੇ ਸਕੱਤਰ ਸਰਦਾਰ ਦਿਲਜੀਤ ਸਿੰਘ ਬੇਦੀ, ਸਰਦਾਰ ਲਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਤਖ਼ਤ ਸ੍ਰੀ ਪਟਨਾ ਸਾਹਿਬ ਨੇ ਸਿੱਖੀ ਸਿਧਾਂਤਾ ਤੇ ਪਹਿਰਾ ਦੇਣ ਵਾਲੇ ਸਿੱਖ ਰਾਜ ਦੇ ਮਹਾਨ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਦੇ ਜੀਵਨ ਸਬੰਧੀ ਇਤਿਹਾਸ ਦੇ ਨਜ਼ਰੀਏ ਤੋਂ ਸਾਂਝ ਪਾਈ। ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਮਨਾਉਣ ਦਾ ਮਨੋਰਥ ਦਸਦਿਆਂ ਪੁਜੀਆਂ ਧਾਰਮਿਕ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ। ਮੰਚ ਸੰਚਾਲਣ ਗਿਆਨੀ ਭਗਵਾਨ ਸਿੰਘ ਜੌਹਲ ਨੇ ਬਾਖੂਬੀ ਕੀਤਾ ਅਤੇ ਦੀਵਾਨ ਦੀ ਸਮਾਪਤੀ ਸਮੇਂ ਅਰਦਾਸ, ਹੁਕਮ ਆਦਿ ਦੀ ਸੇਵਾ ਸਿੰਘ ਸਾਹਿਬ ਭਾਈ ਦਲੀਪ ਸਿੰਘ ਸੀਨੀਅਰ ਗ੍ਰੰਥੀ ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਨਿਭਾਈ ਗਈ।ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਸਿੰਘ ਸਾਹਿਬ ਬਾਬਾ ਬਲਬੀਰ  ਸਿੰਘ ਮੁੱਖੀ ਬੁੱਢਾ ਦਲ, ਜਥੇਦਾਰ ਗਿਆਨੀ ਰਘਬੀਰ ਸਿੰਘ, ਸਰਦਾਰ ਦਿਲਜੀਤ ਸਿੰਘ ਬੇਦੀ, ਸੰਤ ਜੋਗਾ ਸਿੰਘ ਕਰਨਾਲ ਵਾਲੇ, ਗਿਆਨੀ ਭਗਵਾਨ ਸਿੰਘ ਜੌਹਲ, ਗਿਆਨੀ ਪ੍ਰਿਤਪਾਲ ਸਿੰਘ, ਸਰਦਾਰ ਜੱਸਾ ਸਿੰਘ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਸ ਸਮਾਗਮ ਵਿੱਚ ਸਰਦਾਰ ਜਗਜੋਤ ਸਿੰਘ ਸੋਹੀ ਪ੍ਰਧਾਨ, ਸਰਦਾਰ ਗੁਰੂਵਿੰਦਰ ਸਿੰਘ ਮੀਤ ਪ੍ਰਧਾਨ ਤਖ਼ਤ ਸ੍ਰੀ ਪਟਨਾ ਸਾਹਿਬ, ਬਾਬਾ ਜੱਸਾ ਸਿੰਘ, ਬਾਬਾ ਕਰਮ ਸਿੰਘ, ਬਾਬਾ ਖੜਕ ਸਿੰਘ, ਬਾਬਾ ਗੁਰਮੁੱਖ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਬਲਵਿੰਦਰ ਸਿੰਘ ਬਿੱਟੂ, ਨਿਹੰਗ ਜਸਬੀਰ ਸਿੰਘ, ਬਾਬਾ ਮਲੂਕ ਸਿੰਘ, ਬਾਬਾ ਸੁਖਦੇਵ ਸਿੰਘ ਸੱਖਾ, ਸੰਤ ਬਾਬਾ ਅਰਜਨ ਸਿੰਘ ਆਲਮਪੁਰਕੌਲੀ ਪਟਿਆਲਾ, ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਮਹਿੰਦਰ ਸਿੰਘ ਅਯੋਧਆ ਵਾਲੇ, ਬਾਬਾ ਜਗਦੇਵ ਸਿੰਘ ਮਾਨਸਾ, ਬਾਬਾ ਸ਼ਿਵ ਸਿੰਘ ਸ਼ਿਵਿਆਂ ਵਾਲੇ, ਬਾਬਾ ਬੂਟਾ ਸਿੰਘ ਲੰਬ ਵਾਲੀ, ਬਾਬਾ ਜੋਗਾ ਸਿੰਘ ਹੰਨੂਮਾਨਗੜ, ਬਾਬਾ ਗਗਨਦੀਪ ਸਿੰਘ, ਬਾਬਾ ਸ਼ੇਰ ਸਿੰਘ ਜੱਸੀ, ਬਾਬਾ ਦਲੇਰ ਸਿੰਘ, ਬਾਬਾ ਮਲੂਕ ਸਿੰਘ, ਬਾਬਾ ਰਨਜੋਧ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਭਾਈ ਲਛਮਣ ਸਿੰਘ, ਬਾਬਾ ਮੇਜਰ ਸਿੰਘ ਮੁਖਤਾਰੇਆਮ, ਬਾਬਾ ਗੁਰਮੁਖ ਸਿੰਘ, ਬਾਬਾ ਸਤਿਨਾਮ ਸਿੰਘ ਮਠਿਆਈਸਰ, ਬਾਬਾ ਕਾਲਾ ਸਿੰਘ ਗੁਰੂਸਰ, ਬਾਬਾ ਥੱਮਨ ਸਿੰਘ ਮਾਨਸਾ, ਬਾਬਾ ਬਿੰਦਰ ਸਿੰਘ, ਬਾਬਾ ਕਰਮ ਸਿੰਘ, ਬਾਬਾ ਮਾਨ ਸਿੰਘ, ਬਾਬਾ ਸਰਬਜੀਤ ਸਿੰਘ, ਬਾਬਾ ਬੱਚੀ ਸਿੰਘ, ਬਾਬਾ ਹਰਪ੍ਰੀਤ ਸਿੰਘ, ਸ. ਇੰਦਰਪਾਲ ਸਿੰਘ ਫੌਜੀ, ਸਰਦਾਰ ਦਲਜੀਤ ਸਿੰਘ ਸੁਪਰਟੈਂਡੇਂਟ, ਸਰਦਾਰ ਦਲੀਪ ਸਿੰਘ, ਸਰਦਾਰ ਹਰਜੀਤ ਸਿੰਘ ਪ੍ਰਬੰਧਕ ਤਖ਼ਤ ਸ੍ਰੀ ਪਟਨਾ ਸਾਹਿਬ ਆਦਿ ਹਾਜ਼ਰ ਸਨ।

ਪ੍ਰਿੰਸੀਪਲ ਹਰਪਾਲ ਸਿੰਘ ਸਿਵੀਆ ਦੀ ਕੈਨੇਡਾ ਵਿਚ ਹੋਈ ਮੌਤ

ਹਠੂਰ,29 ਜਨਵਰੀ (ਕੌਸ਼ਲ ਮੱਲ੍ਹਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਤੋ ਸੇਵਾ ਮੁਕਤ ਹੋਏ ਪ੍ਰਿੰਸੀਪਲ ਹਰਪਾਲ ਸਿੰਘ ਸਿਵੀਆ (70) ਦੀ ਕੈਨੇਡਾ ਵਿਚ ਮੌਤ ਹੋਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਉਨ੍ਹਾ ਦੇ ਤਾਇਆ ਜੀ ਦੇ ਲੜਕੇ ਸੂਬੇਦਾਰ ਜਸਵੰਤ ਸਿੰਘ ਸਿਵੀਆ ਨੇ ਦੱਸਿਆ ਕਿ ਪ੍ਰਿੰਸੀਪਲ ਹਰਪਾਲ ਸਿੰਘ ਸਿਵੀਆ ਪਿਛਲੇ ਕੁਝ ਸਾਲਾ ਤੋ ਕੈਸਰ ਵਰਗੀ ਭਿਆਨਿਕ ਬਿਮਾਰੀ ਤੋ ਪੀੜ੍ਹਤ ਸਨ।ਉਨ੍ਹਾ ਨੇ ਆਪਣੀ ਜਿੰਦਗੀ ਦਾ ਆਖਰੀ ਸਾਹ ਕੈਨੇਡਾ ਦੇ ਸਹਿਰ ਬਰਿੰਮਟਨ ਵਿਖੇ ਲਿਆ ਅਤੇ ਉਨ੍ਹਾ ਦੀ ਅੰਤਿਮ ਅਰਦਾਸ ਚਾਰ ਫਰਵਰੀ ਦਿਨ ਸਨਿਚਰਵਾਰ ਨੂੰ ਦੁਪਹਿਰ 1:30 ਵਜੇ ਤੋ ਲੈ ਕੇ 3:30 ਵਜੇ ਤੱਕ ਬਰਿੰਮਟਨ,ਓਟਾਰੀਓ ਕੈਨੇਡਾ ਵਿਖੇ ਹੋਵੇਗੀ,ਪ੍ਰਿੰਸੀਪਲ ਹਰਪਾਲ ਸਿੰਘ ਸਿਵੀਆ ਦੀ ਹੋਈ ਬੇਵਕਤੀ ਮੌਤ ਤੇ ਉਨ੍ਹਾ ਦੀ ਧਰਮਪਤਨੀ ਸੇਵਾ ਮੁਕਤ ਮੈਥ ਅਧਿਆਪਕਾ ਗੁਰਜੀਤ ਕੌਰ ਸਿਵੀਆ,ਲੜਕੀ ਪ੍ਰਭਜੋਤ ਕੌਰ,ਲੜਕੀ ਚਰਨਪ੍ਰੀਤ ਕੌਰ,ਅਤੇ ਸਪੁੱਤਰ ਅਮਰਿੰਦਰ ਸਿੰਘ ਸਿਵੀਆ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਸਾਬਕਾ ਸਰਪੰਚ ਗੁਰਮੇਲ ਸਿੰਘ,ਸੋ੍ਰਮਣੀ ਅਕਾਲੀ ਦਲ (ਬਾਦਲ)ਵਰਜੀਨੀਆ ਸਟੇਟ ਦੇ ਪ੍ਰਧਾਨ ਕੁਲਦੀਪ ਸਿੰਘ ਯੂ ਐਸ ਏ,ਗੁਰਦੀਪ ਸਿੰਘ ਸਿੱਧੂ ਯੂ ਕੇ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਪ੍ਰਿਤਪਾਲ ਸਿੰਘ ਯੂ ਕੇ, ਮਾਸਟਰ ਪ੍ਰਿਤਪਾਲ ਸਿੰਘ ਮੱਲ੍ਹਾ,ਮਾਸਟਰ ਸਰਬਜੀਤ ਸਿੰਘ ਮੱਲ੍ਹਾ,ਉੱਘੇ ਸਮਾਜ ਸੇਵੀ ਨਛੱਤਰ ਸਿੰਘ ਸਰਾਂ ਕੈਨੇਡਾ,ਜੋਰਾ ਸਿੰਘ ਯੂ ਐਸ ਏ,ਕੁੰਢਾ ਸਿੰਘ ਯੂ ਐਸ ਏ,ਧਰਮ ਸਿੰਘ ਯੂ ਐਸ ਏ,ਰਾਜਵੰਤ ਸਿੰਘ ਕਾਕਾ ਯੂ ਐਸ ਏ, ਪੰਚ ਜਗਜੀਤ ਸਿੰਘ ਖੇਲਾ,ਪ੍ਰਧਾਨ ਕੁਲਦੀਪ ਸਿੰਘ ਗੋਗਾ,ਪ੍ਰਧਾਨ ਇਕਬਾਲ ਸਿੰਘ ਸਿੱਧੂ,ਯੂਥ ਆਗੂ ਰਾਮ ਸਿੰਘ ਸਰਾਂ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਪਿੰਡ ਮੱਲ੍ਹਾ ਦੇ ਚਾਰੇ ਸਰਕਾਰੀ ਸਕੂਲਾ ਦੇ ਸਮੂਹ ਸਟਾਫ ਨੇ ਸਿਵੀਆ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਪ੍ਰਿੰਸੀਪਲ ਹਰਪਾਲ ਸਿੰਘ ਸਿਵੀਆ ਦੀ ਮੌਤ ਨਾਲ ਜਿਥੇ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਹੈ।ਉਥੇ ਉਨ੍ਹਾ ਦੀ ਮੌਤ ਨਾਲ ਸਾਡੇ ਸਮਾਜ ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਕਿ ਪ੍ਰਿੰਸੀਪਲ ਹਰਪਾਲ ਸਿੰਘ ਸਿਵੀਆ ਨੇ ਸਕੂਲੀ ਵਿਿਦਆਰਥੀਆ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਕੇ ਦੇਸਾ-ਵਿਦੇਸਾ ਵਿਚ ਰੋਜੀ ਰੋਟੀ ਕਮਾਉਣ ਦੇ ਯੋਗ ਬਣਾਇਆ।ਉਥੇ ਉਨ੍ਹਾ ਪਿੰਡ ਦੇ ਸਾਝੇ ਕੰਮਾ ਵਿਚ ਵੀ ਵੱਡਾ ਯੋਗਦਾਨ ਪਾਇਆ,ਇਸ ਕਰਕੇ ਉਨ੍ਹਾ ਨੂੰ ਹਮੇਸਾ ਅਦਮ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ ਅਤੇ ਉਨ੍ਹਾ ਦੀ ਘਾਟ ਹਮੇਸਾ ਰੜਕਦੀ ਰਹੇਗੀ।

 ਫੋਟੋ ਕੈਪਸ਼ਨ:- ਪ੍ਰਿੰਸੀਪਲ ਹਰਪਾਲ ਸਿੰਘ ਸਿਵੀਆ ਦੀ ਪੁਰਾਣੀ ਤਸਵੀਰ।

ਬਰਸੀ ਸੰਤ ਅਤਰ ਸਿੰਘ ਮਸਤੂਆਣਾ 30 ਜਨਵਰੀ ਤੋਂ 1 ਫ਼ਰਵਰੀ ਤੱਕ

ਬਰਸੀ ’ਤੇ ਵਿਸ਼ੇਸ਼ ਸੇਵਾ ਤੇ ਸਿਮਰਨ ਦੇ ਪੁੰਜ-ਸੰਤ ਅਤਰ ਸਿੰਘ ਮਸਤੂਆਣਾ
ਪੰਜਾਬ ਦੀ ਧਰਤੀ ਰਿਸ਼ੀਆਂ-ਮੁਨੀਆਂ, ਪੀਰਾਂ-ਫ਼ਕੀਰਾਂ, ਗੁਰੂਆਂ-ਅਵਤਾਰਾਂ ਦੀ ਧਰਤੀ ਹੈ। ਇੱਥੇ ਕਈ ਨਾਮਵਰ ਮਹਾਂਪੁਰਸ਼ ਹੋਏ ਹਨ। ਜਿਨ੍ਹਾਂ ਨੇ ਸਿੱਖ ਕੌਮ ਨੂੰ ਗੁਰਮਤਿ ਦਾ ਗਿਆਨ ਦੇ ਕੇ ਜੋਤ ਜਗਾਈ। ਅਜਿਹੇ ਮਹਾਂਪੁਰਸ਼ਾਂ ਵਿੱਚੋਂ ਹੀ ਸਨ ਸੰਤ ਅਤਰ ਸਿੰਘ ਮਸਤੂਆਣਾ ਵਾਲੇ।
ਸੰਤ ਅਤਰ ਸਿੰਘ ਦਾ ਜਨਮ ਪਿੰਡ ਚੀਮਾ ਤਹਿਸੀਲ ਸੁਨਾਮ, ਰਿਆਸਤ ਪਟਿਆਲਾ ਹੁਣ ਜ਼ਿਲ੍ਹਾ ਸੰਗਰੂਰ ਵਿਖੇ ਪਿਤਾ ਸ੍ਰ: ਕਰਮ ਸਿੰਘ ਦੇ ਘਰ ਮਾਤਾ ਭੋਲੀ ਜੀ ਦੀ ਕੁੱਖ ਤੋਂ ਸੰਮਤ 1923 ਬਿਕਰਮੀ ਦਿਨ ਬੁੱਧਵਾਰ ਚੇਤ ਸੁਦੀ ਏਕਮ 28 ਮਾਰਚ 1866 ਈ: ਨੂੰ ਹੋਇਆ। ਬਚਪਨ ਆਪ ਨੇ ਪਿੰਡ ਵਿੱਚ ਹੀ ਗੁਜ਼ਾਰਿਆ। ਬਾਲ ਅਵਸਥਾ ਵਿੱਚ ਸੰਤ ਜੀ ਦੀਆਂ ਰੁਚੀਆਂ ਆਪਣੀ ਉਮਰ ਦੇ ਬੱਚਿਆਂ ਨਾਲੋਂ ਵਿਲੱਖਣ ਹੁੰਦੀਆਂ ਸਨ। ਸੰਤ ਜੀ ਟਾਕੀਆਂ (ਲੀਰਾਂ) ਦੀ ਮਾਲਾ ਬਣਾ ਕੇ ਸਿਮਰਨ ਕਰਦੇ ਸਨ। ਸੱਤ ਸਾਲ ਦੀ ਉਮਰ ਵਿੱਚ ਪਿਤਾ ਨੇ ਸ਼੍ਰੀਮਾਨ ਭਾਈ ਰਾਮ ਸਿੰਘ ਨਿਰਮਲੇ ਦੇ ਡੇਰੇ ਰਾਮ ਸਿੰਘ ਕੋਲ ਪੜ੍ਹਨੇ ਪਾਇਆ। ਆਪ ਨੇ ਸੰਤ ਬੂਟਾ ਸਿੰਘ, ਭਾਈ ਰਾਮ ਸਿੰਘ, ਭਾਈ ਗੁਲਾਬ ਸਿੰਘ ਕੋਲੋਂ ਗੁਰਮੁਖੀ ਵਿੱਦਿਆ ਹਾਸਲ ਕੀਤੀ।
ਕੁਝ ਚਿਰ ਮਗਰੋਂ ਪਿਤਾ ਨੇ ਪਸ਼ੂ ਚਾਰਨ ਤੇ ਲਾ ਦਿੱਤਾ। ਸੰਤ ਜੀ ਜਦ ਪਸ਼ੂ ਬਾਹਰ ਲਿਜਾਂਦੇ ਤਾਂ ਚੁੰਨੀ ਦੇ ਪੱਲੇ ਨਾਲ ਹੱਕਦੇ, ਸੋਟੀ ਕਦੇ ਵੀ ਨਾ ਆਪ ਮਾਰਦੇ ਤੇ ਨਾ ਮੁੰਡਿਆਂ ਨੂੰ ਮਾਰਨ ਦਿੰਦੇ। ਸੰਮਤ 1940 ਬਿਕਰਮੀ ਸੰਨ 1883 ਈ: ਵਿੱਚ ਸੰਤ ਜੀ ਧਰਮਕੋਟ ਵਿੱਚ ਭਰਤੀ ਹੋ ਕੇ ਕੋਹਾਟ ਤੋਪਖਾਨੇ ਵਿੱਚ ਚਲੇ ਗਏ। ਇਸ ਸਮੇਂ ਸੰਤ ਜੀ ਦੀ ਉਮਰ 17 ਸਾਲ ਦੀ ਸੀ। ਤੋਪਖਾਨੇ ਵਿੱਚ ਸੰਤ ਜੀ ਨੇ ਇੱਕ ਸਾਲ ਟਰੇਨਿੰਗ ਤਾਂ ਕੀਤੀ ਪਰ ਗੁਰਮੁਖੀ ਪੜ੍ਹਨ ਤੇ ਭਜਨ-ਪਾਠ ਕਰਨ ਲਈ ਸਮਾਂ ਨਹੀਂ ਸੀ ਮਿਲਦਾ।
ਸੰਤ ਅਤਰ ਸਿੰਘ ਨੇ ਪਿੰਡ ਦੇ ਸੂਬੇਦਾਰ ਦਲੇਲ ਸਿੰਘ ਨੂੰ ਇੱਕ ਦਿਨ ਕਿਹਾ ਕਿ ਅਸੀਂ ਤਾਂ ਫ਼ੌਜ ਵਿੱਚ ਇਸ ਖ਼ਿਆਲ ਨਾਲ ਭਰਤੀ ਹੋਏ ਸੀ ਕਿ ਧਰਮ ਦੀ ਕਮਾਈ ਦਾ ਅੰਨ ਛਕ ਕੇ ਬੰਦਗੀ ਕਰਾਂਗੇ ਅਤੇ ਨਾਲ-ਨਾਲ ਵਿੱਦਿਆ ਵਿੱਚ ਵਾਧਾ ਕਰਾਂਗੇ ਪਰ ਤੋਪਖਾਨੇ ਵਿੱਚ ਤਾਂ ਇੰਨਾ ਕੰਮ ਹੁੰਦਾ ਹੈ ਕਿ ਪੜ੍ਹਨ ਲਈ ਸਮਾਂ ਹੀ ਨਹੀਂ ਮਿਲਦਾ। ਸੰਤ ਜੀ ਦੀ ਗੱਲ ਸੁਣ ਕੇ ਸੂਬੇਦਾਰ ਦਲੇਲ ਸਿੰਘ ਨੇ ਉਹਨਾਂ ਦੀ ਬਦਲੀ ਪਲਟਨ ਕੰਪਨੀ ਨੰਬਰ 7 ਵਿੱਚ ਕਰਵਾ ਦਿੱਤੀ। ਇੱਥੇ ਆਪ ਸੰਤ ਠਾਕੁਰ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕਰਕੇ ਸਿੰਘ ਸਜ ਗਏ। ਪਰੇਡ ਮਗਰੋਂ ਸੰਤ ਜੀ ਸਾਰਾ ਦਿਨ ਹੀ ਗੁਰਦੁਆਰੇ ਦੀ ਸੇਵਾ ਕਰਦੇ। ਝਾੜੂ ਨਾਲ ਸਫ਼ਾਈ ਕਰਕੇ ਦਰੀਆਂ ਝਾੜ ਕੇ ਵਿਛਾਉਂਦੇ। ਇੱਥੇ ਗੁਰਬਾਣੀ ਪੜ੍ਹਨ ਤੇ ਸੁਣਨ ਦਾ ਅਭਿਆਸ ਲਗਾਤਾਰ ਕੀਤਾ। ਜਦ ਮਾਪਿਆਂ ਨੇ ਆਪ ਦਾ ਵਿਆਹ ਕਰਨ ਲਈ ਕਿਹਾ ਤਾਂ ਆਪ ਨੇ ਪੂਰਾ ਠੋਕ ਕੇ ਜਵਾਬ ਦੇ ਦਿੱਤਾ। ਸੰਮਤ 1944 ਬਿਕਰਮੀ ਸੰਨ 1887 ਈ: ਵਿੱਚ ਪਿਤਾ ਜੀ ਦੇ ਸੁਰਗਵਾਸ ਹੋਣ ਤੋਂ ਬਾਅਦ ਫ਼ੌਜ ਵਿੱਚੋਂ ਵਾਪਸ ਘਰ ਆਉਣ ਦੀ ਬਜਾਏ ਗੁਰਦੁਆਰਾ ਸੱਚ-ਖੰਡ ਸ੍ਰੀ ਹਜ਼ੂਰ ਸਾਹਿਬ, ਰਿਸ਼ੀਕੇਸ਼, ਹਰਿਦੁਆਰ, ਪੰਜਾ ਸਾਹਿਬ, ਤਪਿਆਣਾ ਸਾਹਿਬ ਕਨੋਹਾ (ਪਾਕਿਸਤਾਨ) ਆਦਿ ਥਾਵਾਂ ਤੇ ਲੰਮੀ ਘਾਲਣਾ ਵਾਲੇ ਆਸਣ ਜਮਾਏ, ਤਪ ਸਾਧੇ ਅਤੇ ਨਾਮ-ਬਾਣੀ ਦਾ ਸਿਮਰਨ ਕੀਤਾ।
ਕੁਝ ਸਮੇਂ ਬਾਅਦ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਆ ਗਏ। ਇੱਥੇ ਰੋਜ਼ਾਨਾ ਦੀਵਾਨ ਸਜਦੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਦਾ। ਸੰਤ ਜੀ ਉੱਚੀ ਲੈਅ ਵਿੱਚ ਸਿੱਧੀਆਂ ਧਾਰਨਾਵਾਂ ਪੜ੍ਹਦੇ ਤਾਂ ਸੰਗਤ ਨਿਹਾਲ ਹੋ ਜਾਂਦੀ। ਮਾਲਵੇ ਦੇ ਇਸ ਪੱਛੜੇ ਇਲਾਕੇ ਵਿੱਚ ਇਹ ਅੱਜ ਦਾ ਮਸਤੂਆਣਾ ਉਸ ਸਮੇਂ ਸੰਘਣੇ ਜੰਗਲ ਦੀ ਨਿਆਈ ਸੀ, ਜਿੱਥੇ ਇੱਕ ਮਸਤੂ ਨਾਂ ਦਾ ਜੱਟ ਇੱਕ ਝਿੜੀ ਵਿੱਚ ਰਿਹਾ ਕਰਦਾ ਸੀ। ਉਸ ਦੇ ਨਾਂ ਤੇ ਸੰਤਾਂ ਨੇ ਇਸ ਸਥਾਨ ਦਾ ਨਾਂ ‘ਮਸਤੂਆਣਾ’ ਰੱਖਿਆ। ਸੰਤ ਜੀ ਨੇ ਗੁਰਦੁਆਰੇ ਦੀ ਨੀਂਹ ਆਪਣੇ ਕਰ ਕਮਲਾਂ ਨਾਲ ਰੱਖੀ। ਸੰਤ ਅਤਰ ਸਿੰਘ ਜੀ ਨੇ ਕਨੋਹੇ ਦੀ ਇੱਕ ਝਿੜੀ ਵਿੱਚ ਇਕੱਲਿਆਂ ਹੀ ਅਖੰਡ-ਪਾਠ ਕੀਤਾ। ਉੱਥੇ ਉਹਨਾਂ ਪਹਿਲੀ ਵਾਰ 40 ਦਿਨ, ਦੂਜੀ ਵਾਰ 6 ਮਹੀਨੇ ਤੇ ਤੀਜੀ ਵਾਰ ਪੂਰਾ ਇੱਕ ਸਾਲ ਤਪ ਕੀਤਾ। ਸੰਤ ਅਤਰ ਸਿੰਘ ਜੀ ਅੰਮ੍ਰਿਤ ਵੇਲੇ 12 ਵਜੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰਦੇ। ਨਿੱਤ-ਨੇਮ ਕਰਨ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਆਪ ਪੜ੍ਹਦੇ ਤੇ ਫਿਰ ਸੰਗਤਾਂ ਤੋਂ ਪੜ੍ਹਾਉਂਦੇ ।  
ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਦੇ ਸਨ ਤਾਂ ਕਿ ਸਿੱਖ ਸੰਗਤਾਂ ਪੈਰੀਂ ਹੱਥ ਨਾ ਲਾਉਣ। ਸੰਤ ਜੀ ਨੇ ਰਾਵਲਪਿੰਡੀ, ਪੋਠੋਹਾਰ, ਲਾਹੌਰ, ਅੰਮ੍ਰਿਤਸਰ, ਮੁੰਬਈ, ਕਰਾਚੀ, ਕਸ਼ਮੀਰ ਤੇ ਹੋਰ ਕਈ ਥਾਵਾਂ ਤੇ ਜਾ ਕੇ ਲੱਖਾਂ ਸੰਗਤਾਂ ਨੂੰ ਨਾਮ-ਬਾਣੀ ਨਾਲ ਜੋੜਿਆ। ਸੰਤ ਅਤਰ ਸਿੰਘ ਜੀ ਵਹਿਮਾਂ-ਭਰਮਾਂ, ਭੂਤਾਂ-ਪੇ੍ਰਤਾਂ, ਮੰਨਤਾਂ-ਮਨੌਤਾਂ, ਇੱਧਰ-ਉਧਰ ਭਟਕਣ ਵਾਲੀਆਂ ਕੁਰੀਤੀਆਂ ਤੋਂ ਮੋੜ ਕੇ ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ, ਅੰਮ੍ਰਿਤ ਛਕ ਕੇ ਤੇ ਸਿੰਘ ਸਜਾ ਕੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਨ ਖ਼ਾਲਸਾ ਬਣਾਉਣ ਦਾ ਹਰ ਸਮੇਂ ਪ੍ਰਚਾਰ ਕਰਦੇ।
ਸੰਤ ਅਤਰ ਸਿੰਘ ਜੀ ਪੂਰਨ ਬ੍ਰਹਮ-ਗਿਆਨੀ ਤੇ ਵਿੱਦਿਆ ਦੇ ਧਨੀ ਸਨ। ਆਪ ਦੇ ਮਨ ਵਿੱਚ ਵਿੱਦਿਆ ਦੀ ਬਹੁਤ ਕਦਰ ਸੀ। ਉਹ ਚਾਹੁੰਦੇ ਸਨ ਕਿ ਸਿੱਖ ਕੌਮ ਪੜਿ੍ਹਆਂ-ਲਿਖਿਆਂ ਦੀ ਕੌਮ ਬਣ ਜਾਵੇ ਤੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਕਬਿੱਤ, ਸਵੱਈਏ, ਸਿੱਖ ਇਤਿਹਾਸ ਦਾ ਪੂਰਨ ਗਿਆਨ ਹੋਵੇ। ਹਰ ਸਿੱਖ ਨੂੰ ਉਹ ਪੜਿ੍ਹਆ-ਲਿਖਿਆ ਸਿੱਖ ਬਣਾਉਣਾ ਚਾਹੁੰਦੇ ਸਨ। ਉਹਨਾਂ ਨੇ ਪੋਠੇਹਾਰ ਦੇ ਇਲਾਕੇ ਵਿੱਚ ਵੀ ਅਨੇਕਾਂ ਸਕੂਲ ਤੇ ਕਾਲਜ ਹੋਂਦ ਵਿੱਚ ਲਿਆਂਦੇ। ਸੰਤ ਅਤਰ ਸਿੰਘ ਨੇ 1907 ਵਿੱਚ ਉਪਦੇਸ਼ਕ ਕਾਲਜ ਗੁਜ਼ਰਾਂਵਾਲਾ, 1908 ਵਿੱਚ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੇ ਚੱਕਵਾਲ ਦਾ ਨੀਂਹ-ਪੱਥਰ ਖ਼ੁਦ ਰੱਖਿਆ। ਸੰਤ ਜੀ ਨੇ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ 6 ਸਾਵਣ (ਨਾਨਕਸ਼ਾਹੀ ਸੰਮਤ 450) ਨੂੰ ਆਪਣੇ ਕਰ-ਕਮਲਾਂ ਨਾਲ ਨੀਂਹ ਵਿੱਚ ਪੰਜ ਇੱਟਾਂ ਰੱਖ ਕੇ ਅਕਾਲ ਕਾਲਜ ਦੀ ਇਮਾਰਤ ਦੀ ਨੀਂਹ ਰੱਖੀ। ਇਮਾਰਤ ਦੀ ਉਸਾਰੀ ਲਈ 140 ਰਾਜ ਮਿਸਤਰੀ ਅਤੇ 200 ਮਜ਼ਦੂਰ ਪੱਕੇ ਤੌਰ ’ਤੇ ਰੱਖੇ ਗਏ। ਕਾਲਜ ਦਾ ਸਮੁੱਚਾ ਪ੍ਰਬੰਧ ਅਕਾਲ ਕਾਲਜ ਕੌਂਸਲ ਨੂੰ ਸੌਂਪ ਕੇ ਪ੍ਰਧਾਨ ਸ੍ਰ: ਸੇਵਾ ਸਿੰਘ ਠੀਕਰੀਵਾਲਾ ਨੂੰ ਥਾਪਿਆ ਗਿਆ। 1920-21 ਵਿੱਚ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਕਾਲਜ ਚਾਲੂ ਕਰਨ ਦੀ ਰਸਮ ਅਦਾ ਕੀਤੀ।
1911 ਈ: ਨੂੰ ਜਾਰਜ ਪੰਚਮ ਦਾ ਜਲੂਸ ਦਿੱਲੀ ਨਿਕਲਿਆ। ਸੰਤ ਅਤਰ ਸਿੰਘ ਜੀ ਨੂੰ ਸਿੱਖ ਰਾਜੇ ਨਾਲ ਲੈ ਕੇ ਗਏ। ਇੱਕ ਹਾਥੀ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸੰਤ ਜੀ ਨੂੰ ਗੁਰੂ ਮਹਾਰਾਜ ਦੀ ਤਾਬਿਆ ਬਿਠਾਇਆ ਗਿਆ। ਜਾਰਜ ਪੰਚਮ ਦੀ ਨਿਗ੍ਹਾ ਸੰਤ ਜੀ ਦੇ ਤੇਜੱਸਵੀ ਚਿਹਰੇ ਤੇ ਪਈ। ਉਸ ਨੇ ਪੁੱਛਿਆ ਕਿ ਇਹ ਕੌਣ ਹਨ? ਮਹਾਰਾਜਾ ਹੀਰਾ ਸਿੰਘ ਨਾਭਾ ਨੇ ਉੱਤਰ ਦਿੱਤਾ ਕਿ ਇਹ ਸਿੱਖ ਕੌਮ ਦੇ ਸ਼੍ਰੋਮਣੀ ਸੰਤ ਹਨ। ਉਸ ਨੇ ਕਿਹਾ ਕਿ ਇਹੋ ਜਿਹਾ ਚਿਹਰਾ ਮੈਂ ਅੱਜ ਤੱਕ ਕਿਧਰੇ ਨਹੀਂ ਦੇਖਿਆ। ਜਾਰਜ ਪੰਚਮ ਅਤੇ ਵਾਇਸਰਾਏ ਖ਼ੁਦ ਹੈਰਾਨ ਅਤੇ ਪ੍ਰੇਸ਼ਾਨ ਸਨ। ਸੰਤ ਜੀ ਦਾ ਜਲੂਸ ਅਤੇ ਦਰਬਾਰ ਵਿੱਚ ਜੋ ਸਨਮਾਨ ਹੋਇਆ, ਉਹ ਬਹੁਤ ਹੀ ਸਲਾਹੁਣਯੋਗ ਸੀ। 1914 ਈ: ਸੰਮਤ 1971 ਬਿਕਰਮੀ ਵਿੱਚ ਸੰਤ ਅਤਰ ਸਿੰਘ ਜੀ ਨੇ ਪੰਡਤ ਮਦਨ ਮੋਹਨ ਮਾਲਵੀਆ ਦੇ ਕਹਿਣ ’ਤੇ ਪੰਜ ਸ਼੍ਰੀ ਅਖੰਡ-ਪਾਠਾਂ ਦੀ ਸਮਾਪਤੀ ਉਪਰੰਤ ਇੱਕ ਸੋਨੇ ਦੀ ਕਰੰਡੀ ਅਤੇ 11 ਸੋਨੇ ਦੀਆਂ ਇੱਟਾਂ ਨਾਲ ‘ਬਨਾਰਸ ਹਿੰਦੂ ਯੂਨੀਵਰਸਿਟੀ’ ਦਾ ਨੀਂਹ-ਪੱਥਰ ਰੱਖਿਆ। ਆਪ ਨੂੰ ਚੀਫ਼ ਖ਼ਾਲਸਾ ਦੀਵਾਨ ਵੱਲੋਂ ਆਯੋਜਿਤ ਸਰਬ-ਹਿੰਦ ਸਿੱਖ ਵਿੱਦਿਅਕ ਕਾਨਫਰੰਸਾਂ ਦਾ ਪ੍ਰਧਾਨ ਬਣਾਇਆ ਜਾਂਦਾ ਸੀ। ਸੰਤ ਅਤਰ ਸਿੰਘ ਜੀ ਵਿੱਦਿਆਦਾਨੀ, ਪਰ-ਉਪਕਾਰੀ, ਗੁਰਮਤਿ ਦੇ ਧਾਰਨੀ ਸਨ। ਆਪ ਨੇ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਅਕਾਲ ਪੁਰਖ ਦੇ ਹੁਕਮ ਅਨੁਸਾਰ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ 31 ਜਨਵਰੀ 1927 ਈ: ਸੰਮਤ 1984 ਬਿਕਰਮੀ ਦੀ ਰਾਤ ਨੂੰ ਭਾਈ ਗੋਬਿੰਦਰ ਸਿੰਘ ਦੀ ਕੋਠੀ ਸੰਗਰੂਰ ਵਿਖੇ ਸੱਚ-ਖੰਡ ਜਾ ਬਿਰਾਜੇ।
ਸੰਤ ਅਤਰ ਸਿੰਘ ਜੀ ਦੀ 96ਵੀਂ ਬਰਸੀ 30, 31 ਜਨਵਰੀ ਤੇ 1 ਫ਼ਰਵਰੀ ਦਿਨ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਮਸਤੂਆਣਾ (ਸੰਗਰੂਰ) ਵਿਖੇ ਬੜੇ ਪੇ੍ਰਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ, ਕਵੀ, ਸੰਤ ਮਹਾਂਪੁਰਸ਼ ਅੰਮ੍ਰਿਤਮਈ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ। 

 

ਜਲੰਧਰ ਦੇ ਇੰਪਰੂਵਮੈਂਟ ਟਰੱਸਟ 'ਚ ਹੋਏ ਗਬਨ ਦੇ ਮਾਮਲੇ 'ਚ ਇਕ ਹੋਰ ਭਗੌੜਾ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 28 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਵਿਜੀਲੈਂਸ ਬਿਓਰੋ ਵਲੋਂ ਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਵਿਚ ਹੋਏ ਗਬਨ ਦੇ ਕੇਸ ਵਿਚ ਕਰੀਬ 3 ਸਾਲ 5 ਮਹੀਨੇ ਤੋਂ ਫਰਾਰ ਚੱਲ ਰਹੇ ਭਗੌੜੇ ਦੋਸ਼ੀ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮੁਕੱਦਮੇ ਵਿੱਚ ਹੁਣ ਤੱਕ ਕੁੱਲ 12 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਤੇ ਬਾਕੀਆਂ ਦੀ ਭਾਲ ਜਾਰੀ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੀ 158ਵੀਂ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀ ਭੇਟ

ਅਜੀਤਵਾਲ, 28 ਜਨਵਰੀ(ਕੁਲਦੀਪ ਸਿੰਘ ਦੌਧਰ ) ਪੰਜਾਬ ਕੇਸਰੀ ਦੇ ਨਾਮ ਨਾਲ ਜਾਣੇ ਜਾਂਦੇ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦਾ 158ਵਾਂ ਜਨਮ ਦਿਵਸ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ।  ਇਸ ਮੌਕੇ ਮੁੱਖ ਮਹਿਮਾਨ ਵਜੋਂ ਅਮਨ ਅਰੋੜਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਸਰਕਾਰ ਨੇ ਸ਼ਿਰਕਤ ਕੀਤੀ। ਜਦਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ, ਡੀਸੀ ਕੁਲਵੰਤ ਸਿੰਘ, ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਦੀਪ ਸਿੰਘ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ ਅਤੇ ਹੋਰ ਲੋਕ ਵੀ ਹਾਜ਼ਰ ਸਨ।  ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਅਜ਼ਾਦੀ ਦਾ ਸੰਘਰਸ਼ ਵਿੱਢਣ ਵਿਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਵਿਸ਼ੇਸ਼ ਯੋਗਦਾਨ ਰਿਹਾ। ਹਰੇਕ ਭਾਰਤ ਵਾਸੀ ਨੂੰ ਲਾਲਾ ਲਾਜਪਤ ਰਾਏ ਅਤੇ ਸਮੁੱਚੇ ਆਜ਼ਾਦੀ ਘੁਲਾਟੀਆਂ ਦੀਆਂ ਸ਼ਹਾਦਤਾਂ ਅਤੇ ਘਾਲਣਾਵਾਂ 'ਤੇ ਮਾਣ ਹੈ, ਜਿਨ੍ਹਾਂ ਦੇ ਸਿਰ 'ਤੇ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ।ਕੈਬਨਿਟ ਮੰਤਰੀ ਨੇ ਪਿੰਡ ਵਾਸੀਆਂ ਦੀ ਮੰਗ 'ਤੇ 12 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਸਮੂਹ ਹਾਜ਼ਰੀਨ ਨੇ ਲਾਲਾ ਜੀ ਦੇ ਬੁੱਤ 'ਤੇ ਉਨ੍ਹਾਂ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ।